੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਹਰਬੰਸ ਸਿੰਘ ਦੇ ਘਰ
ਗੁਰ ਚਰਨ ਦਵਾਰ ਠਾਂਡਾ ਘਰ, ਸਾਂਤਕ ਸਤਿ ਸਤਿ ਵਰਤਾਈਆ। ਗੁਰ ਚਰਨ ਦਵਾਰਾ ਮਿਲੇ ਸਾਚਾ ਵਰ, ਨਾਮ ਦਾਨ ਝੋਲੀ ਪਾਈਆ। ਗੁਰ ਚਰਨ ਦਵਾਰਾ ਚੁੱਕੇ ਡਰ, ਭੈ ਭਿਆਨਕ ਨਾ ਕੋਇ ਵਖਾਈਆ। ਗੁਰ ਚਰਨ ਦਵਾਰਾ ਹਰਿਜਨ ਜਾਏ ਤਰ, ਸਤਿਗੁਰ ਪੂਰਾ ਆਪ ਤਰਾਈਆ। ਗੁਰ ਚਰਨ ਦਵਾਰਾ ਸਾਚਾ ਸਰ, ਗੁਰਮੁਖ ਵਿਰਲਾ ਤਾਰੀਆ ਲਾਈਆ। ਗੁਰ ਚਰਨ ਦਵਾਰਾ ਸਾਚਾ ਗੜ, ਗੁਰਮੁਖ ਵਿਰਲੇ ਲਏ ਚੜ੍ਹਾਈਆ। ਗੁਰ ਚਰਨ ਦਵਾਰਾ ਏਕਾ ਅੱਖਰ ਲੈਣਾ ਪੜ੍ਹ, ਨਾਤਾ ਤੁੱਟੇ ਜਗਤ ਪੜ੍ਹਾਈਆ। ਗੁਰ ਚਰਨ ਦਵਾਰਾ ਗੁਰ ਦਰਸਨ ਕਰਨਾ ਅਗੇ ਖੜ, ਗੁਰ ਗੋਬਿੰਦ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਸਿਖ ਸਿਖ ਮਤ ਸਮਝਾਈਆ। ਗੁਰ ਚਰਨ ਦਵਾਰਾ ਸਚਖੰਡ, ਘਰ ਸਾਚਾ ਆਪ ਸੁਹਾਇੰਦਾ। ਗੁਰ ਚਰਨ ਦਵਾਰਾ ਉਚ ਬ੍ਰਹਿਮੰਡ, ਪਾਰਬ੍ਰਹਮ ਪ੍ਰਭ ਆਪ ਉਪਾਇੰਦਾ। ਗੁਰ ਚਰਨ ਦਵਾਰਾ ਜਨ ਭਗਤਾਂ ਵੰਡੀ ਵੰਡ, ਮਨਮੁਖ ਹਿੱਸਾ ਨਾ ਕੋਏ ਰਖਾਇੰਦਾ। ਗੁਰ ਚਰਨ ਦਵਾਰ ਜਗਤ ਵਕਾਰਾ ਕਰੇ ਖੰਡ ਖੰਡ, ਨਾਮ ਖੰਡਾ ਹੱਥ ਉਠਾਇੰਦਾ। ਗੁਰ ਚਰਨ ਦਵਾਰਾ ਨਾਤਾ ਤੋੜੇ ਜੇਰਜ ਅੰਡ, ਚਾਰੇ ਖਾਣੀ ਪਾਰ ਕਰਾਇੰਦਾ। ਗੁਰ ਚਰਨ ਦਵਾਰਾ ਖੁਸ਼ੀ ਕਰੇ ਬੰਦ ਬੰਦ, ਜਗਤ ਰੋਗ ਸੋਗ ਚਿੰਤਾ ਦੁੱਖ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਲੇਖੇ ਲਾਇੰਦਾ। ਗੁਰ ਚਰਨ ਦਵਾਰਾ ਹਰਿ ਹਰਿ ਓਟ, ਗੁਰਮੁਖ ਵਿਰਲੇ ਮਾਤ ਤਕਾਈਆ। ਗੁਰ ਚਰਨ ਦਵਾਰਾ ਕੱਢੇ ਵਾਸਨਾ ਖੋਟ, ਮਾਇਆ ਮਮਤਾ ਮੋਹ ਮਿਟਾਈਆ। ਗੁਰ ਚਰਨ ਦਵਾਰਾ ਤਨ ਲਗਾਏ ਸਾਚੀ ਚੋਟ, ਨਾਮ ਨਗਾਰਾ ਇਕ ਵਜਾਈਆ। ਗੁਰ ਚਰਨ ਦਵਾਰਾ ਪਾਰ ਕਰਾਏ ਓਤ ਪੋਤ, ਜੋ ਜਨ ਰਹੇ ਸਰਨਾਈਆ। ਗੁਰ ਚਰਨ ਦਵਾਰਾ ਨਿਰਮਲ ਜਗਾਏ ਬਿਮਲ ਜੋਤ, ਦੀਵਾ ਬਾਤੀ ਆਪ ਟਿਕਾਈਆ। ਗੁਰ ਚਰਨ ਦਵਾਰਾ ਨਾ ਕੋਈ ਵਰਨ ਨਾ ਕੋਈ ਗੋਤ, ਏਕਾ ਰੰਗ ਸਮਾਈਆ। ਗੁਰ ਚਰਨ ਦਵਾਰਾ ਖੋਲੇ ਨੇਤਰ ਸੋਤ, ਸੁਰਤ ਸ਼ਬਦ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਗੁਰ ਚਰਨ ਦਵਾਰਾ ਚਾਰ ਜੁਗ ਹਰਿਜਨ ਨਾਤਾ, ਨਾ ਕੋਈ ਤੋੜੇ ਤੋੜ ਤੁੜਾਇੰਦਾ। ਜੁਗਾ ਜੁਗੰਤਰ ਖੇਲੇ ਖੇਲ ਪੁਰਖ ਬਿਧਾਤਾ, ਵਡਿਆ ਰਿਖਵ ਨਾਮ ਧਰਾਇੰਦਾ। ਮੇਟਣਹਾਰ ਅੰਧੇਰੀ ਰਾਤਾ, ਸਾਚਾ ਹਰਿਜਨ ਚੰਦ ਚੜ੍ਹਾਇੰਦਾ। ਜਨ ਭਗਤਾਂ ਪੁੱਛੇ ਅੰਤਮ ਵਾਤਾ, ਆਪ ਆਪਣਾ ਰੂਪ ਵਟਾਇੰਦਾ। ਉਚੇ ਮੰਦਰ ਬਹਿ ਬਹਿ ਮਾਰੇ ਝਾਤਾ, ਆਪਣੀ ਤਾਕੀ ਆਪ ਖੁਲਾਇੰਦਾ। ਕਲਜੁਗ ਅੰਤਮ ਸਾਚਾ ਸਾਕੀ ਬਣਿਆ ਸਾਕਾ, ਨਾਮ ਪਿਆਲਾ ਇਕ ਪਿਆਇੰਦਾ। ਜਗਤ ਜਣਾਈ ਭਗਤ ਵਡਿਆਈ ਭਵਿਖਤ ਵਾਕਾ, ਅਗਲਾ ਪਿਛਲਾ ਲੇਖਾ ਲੇਖੇ ਲਾਇੰਦਾ। ਗੁਰ ਚਰਨ ਗੁਰਸਿਖ ਨਾ ਹੋਵੇ ਕਦੇ ਜੁਦਾਈ, ਜੁੜਿਆ ਜੋੜ ਨਾ ਕੋਇ ਤੁੜਾਇੰਦਾ। ਗੁਰਸਿਖ ਘਰ ਵਜਦੀ ਰਹੇ ਵਧਾਈ, ਸਤਿਗੁਰ ਪੂਰਾ ਸਗਨ ਮਨਾਇੰਦਾ। ਪਾਰਬ੍ਰਹਮ ਕਰੀ ਕੁੜਮਾਈ, ਜਗਤ ਜੁਦਾਈ ਆਪ ਚੁਕਾਇੰਦਾ। ਵੇਖਣਹਾਰਾ ਥਾਉਂ ਥਾਈਂ, ਦੀਪਾਂ ਲੋਆਂ ਬ੍ਰਹਿਮੰਡਾਂ ਖੰਡਾਂ ਲੋਆਂ ਪੁਰੀਆਂ ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਅੰਦਰ ਵੜ ਕੋਟਨ ਵਿਚੋਂ ਗੁਰਮੁਖ ਵਿਰਲਾ ਲਏ ਫੜ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਗੁਰੂ ਗੁਰ ਚੇਲੇ, ਗੁਰਮੁਖ ਪੜਦਾ ਲਾਹਿੰਦਾ।
