੬ ਸਾਵਣ ੨੦੧੬ ਬਿਕ੍ਰਮੀ ਬੂੜ ਸਿੰਘ ਦੇ ਘਰ ਨਾਥੇ ਵਾਲ ਜ਼ਿਲਾ ਫ਼ਿਰੋਜ਼ਪੁਰ
ਬ੍ਰਹਮਾ ਵਿਸ਼ਨ ਸ਼ਿਵ ਅਧਾਰ, ਇਕ ਇਕੱਲਾ ਏਕਾ ਏਕੰਕਾਰਿਆ। ਲੱਖ ਚੁਰਾਸੀ ਕਰ ਪਸਾਰ, ਆਪ ਆਪਣੀ ਜੋਤ ਟਿਕਾ ਲਿਆ। ਗੁਰਮੁਖ ਵੰਡੀ ਵੰਡ ਅਪਾਰ, ਮਨ ਮਤ ਬੁੱਧ ਰੂਪ ਵਟਾ ਲਿਆ। ਪੰਜ ਤੱਤ ਕਰੇ ਪਿਆਰ, ਪੰਚਮ ਨਾਤਾ ਜੋੜ ਜੁੜਾ ਲਿਆ। ਪੰਚਮ ਭਰੇ ਜਗਤ ਭੰਡਾਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਵਸਾ ਲਿਆ। ਪੰਚਮ ਮੀਤਾ ਕਰ ਪਿਆਰ, ਹਰਿ ਸ਼ਬਦ ਧੁਨ ਉਪਜਾ ਲਿਆ। ਸਾਚਾ ਮੰਦਰ ਕਰ ਉਜਿਆਰ, ਦੀਵਾ ਬਾਤੀ ਇਕ ਜਗਾ ਲਿਆ। ਸਾਚਾ ਸ਼ਬਦ ਸੱਚੀ ਧੁਨਕਾਰ, ਅਨਹਦ ਸਾਚਾ ਤਾਲ ਵਜਾ ਲਿਆ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਡੇਰਾ ਲਾ ਲਿਆ। ਇਕ ਇਕੱਲਾ ਕਰ ਅਕਾਰ, ਨਿਰਗੁਣ ਸਰਗੁਣ ਵੇਖ ਵਖਾ ਲਿਆ। ਬ੍ਰਹਮ ਬ੍ਰਹਮ ਪ੍ਰਭ ਪਾਵੇ ਸਾਰ, ਪਾਰਬ੍ਰਹਮ ਸੰਗ ਨਿਭਾ ਲਿਆ। ਏਕਾ ਜੋਤੀ ਨੂਰ ਪਸਾਰ, ਘਟ ਘਟ ਅੰਦਰ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪ੍ਰਵਾਨ, ਹਰਿ ਸਾਚੇ ਸਚ ਸਮਾ ਲਿਆ। ਤ੍ਰੈਗੁਣ ਮਾਇਆ ਕਰ ਪ੍ਰਧਾਨ, ਆਪੇ ਖੇਲ ਖਿਲਾ ਰਿਹਾ। ਆਪੇ ਪੰਚਮ ਕਰੇ ਨਿਸ਼ਾਨ, ਆਪੇ ਹਰਿ ਵੇਖ ਵਖਾ ਰਿਹਾ। ਆਪੇ ਵਸੇ ਦੋ ਜਹਾਨ, ਲੋਕਮਾਤ ਆਪੇ ਵੇਸ ਵਟਾ ਲਿਆ। ਆਪੇ ਜੋਤ ਸ੍ਰੀ ਭਗਵਾਨ, ਆਪੇ ਪੰਜ ਤੱਤ ਡੇਰਾ ਲਾ ਲਿਆ। ਆਪੇ ਰਾਜ ਭੂਪ ਸੁਲਤਾਨ, ਰਾਓ ਰੰਕ ਆਪ ਅਖਵਾ ਰਿਹਾ। ਆਪੇ ਮੰਦਰ ਵਸੇ ਸਚ ਮਕਾਨ, ਆਪੇ ਖ਼ਾਕੀ ਖ਼ਾਕ ਡੇਰਾ ਲਾ ਲਿਆ। ਆਪੇ ਬੰਧਨ ਜ਼ਿਮੀ ਅਸਮਾਨ, ਗਗਨ ਪਤਾਲਾਂ ਆਪੇ ਡੋਰੀ ਪਾ ਲਿਆ। ਆਪੇ ਆਪ ਉਪਾਏ ਰਵ ਸਸ ਭਾਨ, ਆਪੇ ਆਪਣਾ ਮਾਣ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾ ਲਿਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਆਪਣੀ ਦਇਆ ਕਮਾਈਆ। ਆਪੇ ਬਖ਼ਸ਼ੇ ਸਚ ਭੰਡਾਰਾ, ਆਪੇ ਰਿਹਾ ਵਰਤਾਈਆ। ਆਪੇ ਕਰਨੀ ਕਰਾਏ ਕਰਨੇਹਾਰਾ, ਏਕਾ ਹੁਕਮ ਜਣਾਈਆ। ਆਪੇ ਆਦਿ ਲੈ ਅਵਤਾਰਾ, ਅੰਤ ਰੂਪ ਆਪ ਵਟਾਈਆ। ਆਪੇ ਵਸੇ ਸਚ ਮੁਨਾਰਾ, ਉਚ ਅਟੱਲ ਇਕ ਅਖਵਾਈਆ। ਆਪੇ ਜੋਤ ਨਿਰਗੁਣ ਧਾਰਾ, ਆਪੇ ਸਰਗੁਣ ਨਾਉਂ ਧਰਾਈਆ। ਆਪੇ ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੀ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਸਿਕਦਾਰ, ਤ੍ਰੈ ਤ੍ਰੈ ਲੋਕ ਉਪਜਾਇੰਦਾ। ਆਪੇ ਵੇਖੇ ਵਿਗਸੇ ਕਰੇ ਵਿਚਾਰ, ਆਪੇ ਆਪਣਾ ਹੁਕਮ ਚਲਾਇੰਦਾ। ਆਪੇ ਪਾਵਣਹਾਰ ਸਾਰ, ਆਪੇ ਲੇਖ ਲਿਖਾਇੰਦਾ। ਆਪੇ ਉਤਪਤ ਕਰੇ ਸਰਬ ਸੰਸਾਰ, ਆਪੇ ਮੇਟ ਮਿਟਾਇੰਦਾ। ਆਪੇ ਲੱਖ ਚੁਰਾਸੀ ਦਏ ਅਧਾਰ, ਨਿਰਗੁਣ ਬਾਤੀ ਆਪ ਜਗਾਇੰਦਾ। ਆਪੇ ਕਮਲਾਪਾਤੀ ਮੀਤ ਮੁਰਾਰ, ਨਾਰੀ ਕੰਤ ਆਪ ਹੋ ਜਾਇੰਦਾ। ਆਪੇ ਰਾਕੀ ਸ਼ਾਹ ਅਸਵਾਰ, ਆਪਣਾ ਘੋੜਾ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਬ੍ਰਹਮਾ ਵਿਸ਼ਨ ਸਿਵ ਕਰ ਧਿਆਨ, ਆਪਣੀ ਸੇਵਾ ਲਾਈਆ। ਆਪੇ ਪਾਏ ਆਪਣੀ ਆਣ, ਆਪਣੇ ਭਾਣੇ ਵਿਚ ਰਖਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਨ ਰੰਗ ਰੰਗਾਈਆ। ਬ੍ਰਹਮਾ ਵਿਸ਼ਨ ਸ਼ਿਵ ਮੀਤ ਮੁਰਾਰ, ਏਕਾ ਏਕ ਏਕੰਕਾਰਿਆ । ਆਪੇ ਕਰੇ ਆਪਣਾ ਆਪ ਪਸਾਰ, ਆਪੇ ਵੇਖ ਵਖਾ ਰਿਹਾ। ਆਪ ਉਪਾਏ ਬ੍ਰਹਿਮੰਡ ਖੰਡ ਕਿਨਾਰਾ, ਲੋਆਂ ਪੁਰੀਆਂ ਰਚਨ ਰਚਾ ਲਿਆ। ਆਪ ਰਚਾਏ ਰਵ ਸਸ ਸਤਾਰਾ, ਮੰਡਲ ਮੰਡਪ ਆਪ ਸੁਹਾ ਲਿਆ। ਆਪੇ ਜ਼ਿਮੀ ਅਸਮਾਨਾਂ ਰੱਖੇ ਪਾੜਾ, ਆਪ ਆਪਣਾ ਗੁਣ ਵਖਾ ਲਿਆ। ਆਪੇ ਵਜਾਏ ਆਪਣਾ ਨਗਾਰਾ, ਆਪੇ ਢੋਲ ਵਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾ ਲਿਆ। ਬ੍ਰਹਮਾ ਵਿਸ਼ਨ ਸ਼ਿਵ ਸੁੱਤ ਹਰਿ ਸੁੱਤ ਦੁਲਾਰ, ਆਪਣੇ ਆਪ ਉਪਜਾਇੰਦਾ। ਆਪੇ ਖੇਲੇ ਖੇਲ ਅਪਰ ਅਪਾਰ, ਪਾਰਬ੍ਰਹਮ ਆਪ ਅਖਵਾਇੰਦਾ। ਆਪੇ ਲੱਖ ਚੁਰਾਸੀ ਦਏ ਅਧਾਰ, ਆਪ ਆਪਣਾ ਮੇਲ ਮਿਲਾਇੰਦਾ। ਬ੍ਰਹਮਾ ਵੇਤਾ ਕਰ ਪਿਆਰ, ਏਕਾ ਬ੍ਰਹਮ ਜਣਾਇੰਦਾ। ਵਿਸ਼ਨੂੰ ਭਰਿਆ ਸਚ ਭੰਡਾਰ, ਆਦਿ ਜੁਗਾਦਿ ਵਰਤਾਇੰਦਾ। ਸ਼ਿਵ ਸ਼ੰਕਰ ਮਾਰਨਹਾਰਾ ਮਾਰ, ਪੰਚਮ ਲੇਖਾ ਲੇਖ ਚੁਕਾਇੰਦਾ। ਪੁਰਖ ਅਬਿਨਾਸ਼ੀ ਸਾਚੀ ਕਾਰ, ਜੁਗ ਜੁਗ ਆਪਣੀ ਆਪ ਕਰਾਇੰਦਾ। ਤਿੰਨਾਂ ਲੋਕਾਂ ਵਸਿਆ ਬਾਹਰ, ਤ੍ਰੈਗੁਣ ਵਿਚ ਨਾ ਆਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਵਣ ਵਾਰੋ ਵਾਰ, ਰਸਨਾ ਜਿਹਵਾ ਆਪ ਹਿਲਾਇੰਦਾ। ਦੇਵੀ ਦੇਵ ਵਡ ਬਲਕਾਰ, ਜੋਧਾ ਸੂਰਬੀਰ ਆਪ ਅਖਵਾਇੰਦਾ। ਨਾਮ ਖੰਡਾ ਤੇਜ ਕਟਾਰ, ਬ੍ਰਹਿਮੰਡਾਂ ਆਪ ਚਮਕਾਇੰਦਾ। ਜੋਤੀ ਨੂਰ ਕਰ ਉਜਿਆਰ, ਚਾਰੋਂ ਕੁੰਟ ਵੇਖ ਵਖਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਆਪ ਆਪਣਾ ਮਤਾ ਪਕਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਵਖਾਇੰਦਾ। ਇਕ ਇਕੱਲਾ ਏਕੰਕਾਰ, ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਜੁਗਾ ਜੁਗੰਤਰ ਮਾਰੇ ਮਾਰ, ਲੱਖ ਚੁਰਾਸੀ ਮੇਟ ਮਿਟਾਇੰਦਾ। ਨਿਰਗੁਣ ਜੋਤੀ ਨੂਰ ਉਜਿਆਰ, ਸਰਗੁਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲੱਖ ਨਿਰੰਜਣ ਆਪਣੀ ਅਲੱਖ ਜਗਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾਮ ਸੌਦਾਗਰ, ਏਕਾ ਵਣਜ ਕਰਾਇੰਦਾ। ਲੱਖ ਚੁਰਾਸੀ ਵਸੇ ਕਾਇਆ ਗਾਗਰ, ਆਪਣਾ ਮੁਖ ਛੁਪਾਇੰਦਾ। ਜਨ ਭਗਤਾਂ ਕਰੇ ਕਰਮ ਉਜਾਗਰ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ ਆਪਣਾ ਵੇਸ ਵਟਾਇੰਦਾ । ਆਦਿਨ ਅੰਤਾ ਹਰਿ ਭਗਵੰਤਾ, ਜੁਗ ਜੁਗ ਧਾਰ ਚਲਾਈਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੱਡੀ ਵਡਿਆਈਆ। ਕਲਜੁਗ ਬਣਾਏ ਸਾਚੀ ਬਣਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਚਾ ਧਾਮ ਇਕ ਸੁਹੰਤਾ, ਘਰ ਸਾਚੇ ਵੱਜੀ ਵਧਾਈਆ। ਤੋੜੇ ਗੜ੍ਹ ਹਉਮੇ ਹੰਗਤਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤ੍ਰੈਗੁਣ ਵੇਖੇ ਥਾਉਂ ਥਾਈਂਆ। ਤ੍ਰੈਗੁਣ ਤੇਰਾ ਤੱਤ ਮੁਨਾਰਾ, ਹਰਿ ਹਰਿ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਮਾਨਸ ਮਨੁੱਖ ਦਏ ਹੁਲਾਰਾ, ਇਕ ਹੁਲਾਰਾ ਨਾਮ ਰਖਾਇੰਦਾ। ਅੰਦਰ ਮੰਦਰ ਪਾਵੇ ਸਾਰਾ, ਡੂੰਘੀ ਕੰਦਰ ਫੋਲ ਫੁਲਾਇੰਦਾ। ਨਿਰਗੁਣ ਵਣਜ ਕਰੇ ਵਣਜਾਰਾ, ਮਨ ਮਤ ਬੁੱਧ ਨਾਲ ਰਲਾਇੰਦਾ। ਮਨ ਪੰਖੀ ਉਡੇ ਦਹਿ ਦਿਸ਼ ਧਾਰਾ, ਚਾਰੋਂ ਕੁੰਟ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਮਨ ਸਿਕਦਾਰ ਕਾਇਆ ਮੰਦਰ, ਹਰਿ ਹਰਿ ਆਪ ਬਹਾਇਆ। ਕਰੇ ਰਾਜ ਡੂੰਘੀ ਕੰਦਰ, ਆਪਣਾ ਹੁਕਮ ਚਲਾਇਆ। ਚਾਰ ਕੁੰਟ ਦਹਿ ਦਿਸ਼ਾ ਫਿਰੇ ਬੰਦਰ, ਦਿਵਸ ਰੈਣ ਏਕਾ ਰੰਗ ਰੰਗਾਇਆ। ਨੇਤਰ ਨੈਣ ਮਮਤਾ ਅੰਧੜ, ਮੋਹ ਵਿਕਾਰਾ ਜਾਲ ਫਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਸੁਹਾਇਆ। ਮਨ ਸ਼ਾਹ ਭੂਪ ਸੁਲਤਾਨ, ਪੰਜ ਤੱਤ ਵਡਿਆਈਆ। ਆਪਣਾ ਦੇਵੇ ਇਕ ਫ਼ਰਮਾਣ, ਏਕਾ ਕਰਮ ਕਮਾਈਆ। ਨੌ ਦਰ ਵੇਖੇ ਜਗਤ ਦੁਕਾਨ, ਦਿਵਸ ਰੈਣ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪਣੀ ਅੰਸ ਆਪ ਉਪਜਾਈਆ। ਮਨ ਮਨੂਆ ਬ੍ਰਹਮ ਅੰਸ, ਜੋਤੀ ਨੂਰ ਸੁਬਾਇਆ। ਆਪੇ ਜਾਣੇ ਆਪਣੀ ਅੰਸ, ਆਪੇ ਲੇਖ ਲਿਖਾਇਆ। ਬਾਸ਼ਕ ਗਾਏ ਨਾ ਮੁਖ ਸਹੰਸ, ਦੋਏ ਸਹੰਸਰ ਜਿਹਵਾ ਨਾ ਕੋਇ ਹਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਨਿਭਾਇਆ। ਮਤ ਮਤਵਾਲੀ ਦਿਸੇ ਖ਼ਾਲੀ, ਤਨ ਮੰਦਰ ਦਰ ਸੁਹਾਇੰਦਾ। ਚਾਰੋਂ ਕੁੰਟ ਘਟਾ ਕਾਲੀ, ਸਾਚਾ ਚੰਦ ਨਾ ਕੋਈ ਚੜ੍ਹਾਇੰਦਾ। ਫਲ ਨਾ ਦਿਸੇ ਕਿਸੇ ਡਾਲ੍ਹੀ, ਫੁੱਲ ਫੁਲਵਾੜੀ ਨਾ ਵੇਖ ਵਖਾਇੰਦਾ। ਮਨ ਮਨੂਆ ਬਣਿਆ ਜਗਤ ਵਾਲੀ, ਆਪਣਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਤ ਏਕਾ ਤੱਤ, ਏਕਾ ਰੱਤ ਰਖਾਇੰਦਾ। ਬੁੱਧ ਬਬੇਕੀ ਲੱਗਾ ਸੇਕ, ਤੱਤਵ ਤੱਤ ਜਲਾਇਆ। ਤ੍ਰੈਗੁਣ ਮੀਤਾ ਰਿਹਾ ਵੇਖ, ਆਪ ਆਪਣੀ ਦਇਆ ਕਮਾਇਆ। ਆਪੇ ਲਿਖਣਹਾਰਾ ਲੇਖ, ਆਪੇ ਮੇਟ ਮਿਟਾਇਆ। ਆਪੇ ਹੋਏ ਦਰ ਦਰਵੇਸ਼, ਆਪ ਆਪਣਾ ਵੇਸ ਧਰਾਇਆ। ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼, ਸੇਵਕ ਸੇਵਾਦਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈਗੁਣ ਵੰਡੀ ਵੰਡ, ਨਿਰਗੁਣ ਵਸਿਆ ਜੇਰਜ ਅੰਡ, ਸਰਗੁਣ ਮੇਲਾ ਸਹਿਜ ਸੁਬਾਇਆ। ਪੰਜ ਤੱਤ ਤੱਤ ਪ੍ਰਕਾਸ਼, ਆਪਣਾ ਆਪ ਕਰਾਇੰਦਾ। ਆਪੇ ਪਾਏ ਸਾਚੀ ਰਾਸ, ਆਪਣਾ ਮੰਡਲ ਆਪ ਸੁਹਾਇੰਦਾ। ਆਪੇ ਰੱਖੇ ਅੰਦਰ ਵਾਸ, ਆਪੇ ਮੁਖ ਛੁਪਾਇੰਦਾ। ਆਪੇ ਹੋਏ ਦਾਸੀ ਦਾਸ, ਆਪੇ ਹੁਕਮ ਚਲਾਇੰਦਾ। ਆਪੇ ਦਾਤਾ ਸ਼ਾਹੋ ਸ਼ਾਬਾਸ਼, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਨਿਰਗੁਣ ਜੋਤ ਕਰੇ ਪ੍ਰਕਾਸ਼, ਸਰਗੁਣ ਰੂਪ ਆਪ ਵਟਾਇੰਦਾ। ਆਪੇ ਵਾਸਾ ਰੱਖੇ ਦਸ ਦਸ ਮਾਸ, ਅਜੂਨੀ ਰਹਿਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਅਜੂਨੀ ਰਹਿਤ ਪੁਰਖ ਕਰਤਾਰ, ਪੰਜ ਤੱਤ ਡੇਰਾ ਲਾਇੰਦਾ। ਸਾਚਾ ਦੀਪਕ ਇਕ ਉਜਿਆਰ, ਏਕਾ ਡਗਮਗਾਇੰਦਾ। ਦਿਸ ਨਾ ਆਏ ਵਿਚ ਸੰਸਾਰ, ਨੈਣ ਨੇਤਰ ਨਾ ਕੋਇ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਆਪੇ ਵਰ, ਆਪਣੀ ਆਪ ਕਰੀ ਕੁੜਮਾਈਆ। ਤ੍ਰੈਗੁਣ ਮਾਇਆ ਅੱਗੇ ਧਰ, ਤਿੰਨਾਂ ਵੰਡ ਵੰਡਾਈਆ। ਏਕਾ ਝੋਲੀ ਰਿਹਾ ਭਰ, ਏਕਾ ਵਸਤ ਵਖਾਈਆ। ਏਕਾ ਹੁਕਮ ਦੇਵੇ ਦਰ, ਏਕਾ ਰਿਹਾ ਸਮਝਾਈਆ। ਏਕਾ ਘਾੜਣ ਰਿਹਾ ਘੜ, ਏਕਾ ਭਾਂਡੇ ਰਿਹਾ ਉਪਜਾਈਆ। ਏਕਾ ਅੰਦਰ ਗਿਆ ਵੜ, ਏਕਾ ਰਿਹਾ ਉਠਾਈਆ। ਏਕਾ ਵਿਦਿਆ ਗਿਆ ਪੜ੍ਹ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾ ਸਚ ਕਮਾਈਆ। ਬ੍ਰਹਮੇ ਸੇਵਾ ਕਰ ਪਰਵਾਨ, ਹਰਿ ਅੰਤਮ ਅੰਤ ਵਡਿਆਇਆ। ਚੌਥੇ ਜੁਗ ਕਰੇ ਪਰਵਾਨ, ਨੌ ਨੌ ਚਾਰ ਲੇਖਾ ਆਪ ਚੁਕਾਇਆ। ਆਪੇ ਦੇਵੇ ਧੁਰ ਫ਼ਰਮਾਣ, ਸ਼ਬਦ ਸੁਨੇਹੜਾ ਇਕ ਘਲਾਇਆ। ਅੰਤਮ ਵੇਲਾ ਪੁਜਿਆ ਆਣ, ਥਿਰ ਕੋਇ ਰਹਿਣ ਨਾ ਪਾਇਆ। ਪ੍ਰਗਟ ਹੋਏ ਸ੍ਰੀ ਭਗਵਾਨ, ਨਿਹਕਲੰਕਾ ਨਾਉਂ ਧਰਾਇਆ। ਪਿਛਲਾ ਮੇਟੇ ਸਰਬ ਨਿਸ਼ਾਨ, ਅਗਲਾ ਲੇਖਾ ਆਪਣੇ ਹੱਥ ਰਖਾਇਆ। ਛੱਡਣਾ ਪਏ ਬ੍ਰਹਮ ਮਕਾਨ, ਪੁਰੀ ਬ੍ਰਹਮ ਨਾ ਕੋਈ ਵਸਾਇਆ। ਜੋਤੀ ਮੇਲ ਸ੍ਰੀ ਭਗਵਾਨ, ਅੰਤਮ ਮੇਲਾ ਦਏ ਕਰਾਇਆ। ਗੁਰਮੁਖ ਸਾਚਾ ਚਤੁਰ ਸੁਜਾਣ, ਤੇਰਾ ਰੂਪ ਲਏ ਵਟਾਇਆ। ਆਪੇ ਜਾਣੇ ਜਾਣੀ ਜਾਣ, ਦੂਸਰ ਭੇਵ ਕਿਸੇ ਨਾ ਪਾਇਆ। ਖਾਣੀ ਬਾਣੀ ਹੋਈ ਹੈਰਾਨ, ਲੇਖਾ ਲੇਖ ਨਾ ਕੋਈ ਜਣਾਇਆ। ਵੇਦ ਪੁਰਾਨ ਸਰਬ ਕੁਰਲਾਣ, ਅੰਜੀਲ ਕੁਰਾਨ ਦੇਣ ਦੁਹਾਇਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਕਲਜੁਗ ਅੰਤਮ ਵੇਖੇ ਮਾਰ ਧਿਆਨ, ਲੋਕਮਾਤ ਫੇਰਾ ਪਾਇਆ। ਰਵ ਸਸ ਸਰਬ ਮਿਟ ਜਾਣ, ਲੇਖਾ ਚੁੱਕੇ ਜ਼ਿਮੀ ਅਸਮਾਨ, ਅੰਧ ਅੰਧੇਰ ਸੰਞ ਸਵੇਰ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਇਆ। ਸ਼ਿਵ ਜੀ ਤੇਰਾ ਅੰਤ ਕਿਨਾਰਾ, ਹਰਿ ਹਰਿ ਆਪ ਸੁਣਾਇੰਦਾ। ਕਲਜੁਗ ਦੇਵੇ ਅੰਤ ਹੁਲਾਰਾ, ਬੇੜਾ ਪਾਰ ਵਖਾਇੰਦਾ। ਨਾਤਾ ਤੁਟੇ ਤ੍ਰੈਗੁਣ ਧਾਰਾ, ਆਪਣੇ ਤੱਤ ਮਿਲਾਇੰਦਾ। ਬਾਸ਼ਕ ਤਸ਼ਕ ਨਾ ਕੋਈ ਸਹਾਰਾ, ਨਾ ਕੋਈ ਦਰ ਸੁਹਾਇੰਦਾ। ਭੋਲੇ ਨਾਥ ਕਰੇ ਖ਼ਬਰਦਾਰਾ, ਭੋਲਾ ਭਾਓ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਭੋਲੇ ਨਾਥ ਉਠ ਕਰ ਤਿਆਰੀ, ਹਰਿ ਸਾਚੇ ਸ਼ਬਦ ਜਣਾਈਆ। ਕਲਜੁਗ ਤੇਰੀ ਆਈ ਵਾਰੀ, ਚੌਥੇ ਜੁਗ ਵੱਜੇ ਵਧਾਈਆ। ਪ੍ਰਗਟ ਹੋਇਆ ਨਿਹਕਲੰਕ ਨਰਾਇਣ ਨਰ ਅਵਤਾਰੀ, ਪੰਜ ਤੱਤ ਨਾ ਕੋਈ ਵਖਾਈਆ। ਦੋ ਜਹਾਨਾਂ ਕਰੇ ਸੱਚੀ ਸਿਕਦਾਰੀ, ਸ਼ਾਹ ਸੁਲਤਾਨਾਂ ਵਡ ਵਡਿਆਈਆ। ਲੇਖ ਚੁਕਾਏ ਵਾਰੋ ਵਾਰੀ, ਥਿਰ ਕੋਇ ਰਹਿਣ ਨਾ ਪਾਈਆ। ਗੁਰਸਿਖਾਂ ਦੇਵੇ ਨਾਮ ਅਧਾਰੀ, ਆਪ ਆਪਣੀ ਬੂਝ ਬੁਝਾਈਆ। ਕਰੇ ਖੇਲ ਵਡ ਸੰਸਾਰੀ, ਸਹਿੰਸਾ ਕੋਈ ਰਹਿਣ ਨਾ ਪਾਈਆ। ਜਗਤ ਜਗਦੀਸ਼ਾ ਖੇਲ ਅਪਾਰੀ, ਆਪ ਆਪਣੀ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਆਪਣਾ ਘਰ, ਆਪੇ ਵੇਖ ਵਖਾਈਆ। ਸ਼ਿਵ ਸ਼ੰਕਰ ਨਾਤਾ ਤੋੜ ਤੁੜੌਣਾ, ਕਲਜੁਗ ਅੰਤਮ ਲੇਖ ਲਿਖਾਇੰਦਾ। ਗੁਰਮੁਖ ਸਾਚੇ ਸਾਚਾ ਮਾਣ ਦਵੌਣਾ, ਆਪ ਆਪਣਾ ਮਾਣ ਧਰਾਇੰਦਾ। ਆਪਣੀ ਵੰਡ ਆਪ ਵੰਡੌਣਾ, ਆਪਣਾ ਨਾਉਂ ਉਪਜਾਇੰਦਾ। ਬ੍ਰਹਿਮੰਡ ਖੰਡ ਸਰਬ ਉਠੌਣਾ, ਧਰੂ ਪ੍ਰਹਿਲਾਦ ਆਪ ਸਮਝਾਇੰਦਾ। ਜੇਰਜ ਅੰਡ ਪੰਧ ਮੁਕੌਣਾ, ਉਤਭੁਜ ਸੇਹਤਜ ਵੇਖ ਵਖਾਇੰਦਾ। ਨਿਰਗੁਣ ਸਾਚਾ ਚੰਦ ਚੜ੍ਹੌਣਾ, ਰਵ ਸਸ ਮੁਖ ਸ਼ਰਮਾਇੰਦਾ। ਪੁਰਖ ਅਬਿਨਾਸ਼ੀ ਖੇਲ ਖਲੌਣਾ, ਬ੍ਰਹਮਾ ਸ਼ਿਵ ਮੂਲ ਚੁਕਾਇੰਦਾ। ਵਿਸ਼ਨੂੰ ਮੇਲਾ ਮਾਤ ਕਰੌਣਾ, ਭਗਵਨ ਜੋਤੀ ਜੋਤ ਜਗਾਇੰਦਾ। ਦੋਹਾਂ ਰੰਗ ਇਕ ਚੜੌ੍ਹਣਾ, ਏਕਾ ਰੰਗ ਰੰਗਾਇੰਦਾ। ਕਲਜੁਗ ਅੰਤਮ ਫੇਰਾ ਪੌਣਾ, ਸਾਚਾ ਸਗਨ ਮਨਾਇੰਦਾ। ਗੁਰ ਗੋਬਿੰਦ ਨਾਲ ਰਲੌਣਾ, ਗੋਬਿੰਦ ਗੜ੍ਹ ਸੁਹਾਇੰਦਾ। ਸੰਬਲ ਨਗਰੀ ਡੇਰਾ ਲੌਣਾ, ਤ੍ਰੈਗੁਣ ਤੇਰਾ ਘਰ ਵਖਾਇੰਦਾ। ਤੇਰਾ ਅੰਤਮ ਮੰਦਰ ਢੌਣਾ, ਆਪ ਆਪਣਾ ਮੇਟ ਮਿਟਾਇੰਦਾ। ਦੀਪਕ ਜੋਤੀ ਇਕ ਜਗੌਣਾ, ਦਿਵਸ ਰੈਣ ਡਗਮਗਾਇੰਦਾ। ਸ਼ਬਦ ਸਰੂਪੀ ਸ਼ਬਦ ਚਲੌਣਾ, ਸ਼ਬਦ ਗੁਰ ਇਕ ਅਖਵਾਇੰਦਾ। ਨਾ ਕੋਈ ਦੂਸਰ ਸੰਗ ਉਪੌਣਾ, ਆਪਣਾ ਹੁਕਮ ਆਪ ਸੁਣਾਇੰਦਾ। ਬ੍ਰਹਮਾ ਸ਼ਿਵ ਤਖ਼ਤੋਂ ਲਾਹੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਰ ਨਰੇਸ਼ ਨਿਰਾਕਾਰ, ਤ੍ਰੈਗੁਣ ਮਾਰਨਹਾਰਾ ਮਾਰ, ਪੰਜ ਤੱਤ ਕਰੇ ਖ਼ੁਵਾਰ, ਨੌ ਦਰ ਖੋਜ ਖੁਜਾਇੰਦਾ। ਨੌ ਦਰ ਜਗਤ ਰਾਹ, ਕਲਜੁਗ ਅੰਤ ਦਏ ਦੁਹਾਈਆ। ਨਿਰਗੁਣ ਸਤਿਗੁਰ ਬਣ ਮਲਾਹ, ਏਕਾ ਜੋਤ ਕਰੇ ਰੁਸ਼ਨਾਈਆ। ਗੋਬਿੰਦ ਗੁਰ ਪਕੜੇ ਬਾਂਹ, ਆਪਣਾ ਮੇਲ ਮਿਲਾਈਆ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਮਤ ਸਮਝਾਈਆ। ਸੋ ਪੁਰਖ ਨਿਰੰਜਣ ਲੈਣਾ ਗਾ, ਹੰ ਬ੍ਰਹਮ ਰੂਪ ਸਮਾਈਆ। ਨਾਤਾ ਤੁੱਟੇ ਭੈਣ ਭਰਾ, ਮਾਤ ਪਿਤ ਨਾ ਕੋਈ ਅਖਵਾਈਆ। ਨਰ ਨਿਰੰਕਾਰਾ ਦੇਵੇ ਠੰਡੀ ਛਾਂ, ਸਮਰਥ ਹੱਥ ਵਡਿਆਈਆ। ਕਲਜੁਗ ਅੰਤਮ ਕਰੇ ਸਚ ਨਿਆਂ, ਬ੍ਰਹਮਾ ਵਿਸ਼ਨ ਸ਼ਿਵ ਦੇਣ ਦੁਹਾਈਆ। ਹਰਿ ਕਾ ਭੇਵ ਕੋਈ ਜਾਣੇ ਨਾ, ਆਦਿ ਅੰਤ ਆਪੇ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦਾਤਾ ਸੂਰਾ ਸਰਬੰਗ, ਆਪੇ ਖ਼ਾਲਕ ਖ਼ਲਕ ਵਸਣਹਾਰਾ, ਜੁਗ ਜਗਤ ਜੁਗਤ ਜੋਤ ਆਪਣੀ ਆਪ ਕਰੇ ਰੁਸ਼ਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਾਕਾਰ, ਦੋ ਜਹਾਨਾਂ ਖੇਲ ਅਪਾਰ, ਲੋਕਮਾਤ ਖੇਲ ਖਲਾਈਆ।
