੨ ਸਾਵਣ ੨੦੧੬ ਬਿਕ੍ਰਮੀ ਕੇਹਰ ਸਿੰਘ ਦੇ ਘਰ ਪਿੰਡ ਰਜੀਵਾਲਾ ਜ਼ਿਲਾ ਫ਼ਿਰੋਜ਼ਪੁਰ
ਤਾਰਨਹਾਰਾ ਪੁਰਖ ਸਮਰਾਥਾ, ਹਰਿਜਨ ਸਾਚੇ ਆਪ ਤਰਾਇੰਦਾ। ਨਾਮ ਜਣਾਈ ਸਾਚੀ ਗਾਥਾ, ਏਕਾ ਏਕ ਅਲ੍ਹਾਇੰਦਾ। ਹਰਿਜਨ ਚੜ੍ਹਾਏ ਸਾਚਾ ਰਾਥਾ, ਸਤਿਗੁਰ ਸਾਚਾ ਰਥ ਚਲਾਇੰਦਾ। ਲੇਖਾ ਜਾਣੇ ਤ੍ਰਲੋਕੀ ਨਾਥਾ, ਲੋਆਂ ਪੁਰੀਆਂ ਵੇਖ ਵਖਾਇੰਦਾ। ਲਹਿਣਾ ਦੇਣ ਚੁਕਾਏ ਮਸਤਕ ਮਾਥਾ, ਪੂਰਬ ਲਹਿਣਾ ਝੋਲੀ ਪਾਇੰਦਾ। ਸਾਚਾ ਮੰਤਰ ਪੂਜਾ ਪਾਠਾ, ਏਕਾ ਹਰਿ ਹਰਿ ਨਾਮ ਦ੍ਰਿੜਾਇੰਦਾ। ਸਰ ਸਰੋਵਰ ਤੀਰਥ ਤਾਟਾ, ਚਰਨ ਦੁਵਾਰਾ ਤਾਲ ਸੁਹਾਇੰਦਾ। ਆਪੇ ਜਾਣੇ ਆਪਣੀ ਵਾਟਾ, ਜੁਗ ਜੁਗ ਪੰਧ ਮੁਕਾਇੰਦਾ। ਦੀਪਕ ਜੋਤੀ ਜੋਤ ਲਲਾਟਾ, ਘਰ ਮੰਦਰ ਆਪ ਟਿਕਾਇੰਦਾ। ਆਦਿ ਜੁਗਾਦੀ ਸ਼ਬਦ ਬ੍ਰਹਿਮਾਦੀ ਫਿਰੇ ਨਾਠਾ, ਹਰਿ ਹਰਿ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਵੇਖ ਵਖਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁਤ, ਏਕਾ ਏਕ ਏਕੰਕਾਰਿਆ। ਆਪ ਸੁਹਾਏ ਆਪਣੀ ਰੁੱਤ, ਰੁੱਤ ਮਾਹ ਵਰਖ ਵੇਖ ਵਖਾ ਰਿਹਾ। ਜੁਗ ਜੁਗ ਉਪਜਾਏ ਸਾਚੇ ਸੁੱਤ, ਹਰਿ ਭਗਤੀ ਨਾਮ ਦ੍ਰਿੜਾ ਰਿਹਾ। ਅੰਮ੍ਰਿਤ ਆਤਮ ਬਖ਼ਸ਼ੇ ਸਾਚਾ ਘੁਟ, ਸਤਿ ਸਰੋਵਰ ਸੀਰ ਮੁਖ ਚੁਆ ਰਿਹਾ। ਹਉਮੇ ਕੱਢੇ ਵਾਸਨਾ ਖੋਟ, ਏਕਾ ਅੰਤਰ ਰੰਗ ਰੰਗਾ ਰਿਹਾ। ਤਨ ਨਗਾਰੇ ਲਾਏ ਚੋਟ, ਧੁਨ ਅਨਾਦੀ ਸ਼ਬਦ ਵਜਾ ਰਿਹਾ। ਲੱਭਦੇ ਫਿਰਦੇ ਕੋਟੀ ਕੋਟ, ਤੀਰਥ ਤੱਟਾਂ ਹੱਥ ਨਾ ਆ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਸਤਿਗੁਰ ਪੂਰਾ ਪਾਰਬ੍ਰਹਮ, ਪਰਮ ਪੁਰਖ ਅਖਵਾਇੰਦਾ। ਹਰਿਜਨ ਲੇਖੇ ਲਾਏ ਦਮ, ਜੋ ਜਨ ਰਸਨਾ ਹਰਿ ਹਰਿ ਗਾਇੰਦਾ। ਆਪੇ ਜਾਣੇ ਆਪਣਾ ਕੰਮ, ਨਿਹਕਰਮੀ ਕਰਮ ਕਮਾਇੰਦਾ। ਗਗਨ ਪਤਾਲ ਰਹਾਏ ਬਿਨ ਬਿਨ ਥੰਮ, ਮੰਡਲ ਮੰਡਪ ਆਪ ਸੁਹਾਇੰਦਾ। ਸੇਵਾ ਲਾਏ ਸੂਰਜ ਚੰਨ, ਰਵ ਸਸ ਆਪ ਫਿਰਾਇੰਦਾ। ਲੋਆਂ ਪੁਰੀਆਂ ਬੇੜਾ ਬੰਨ੍ਹ, ਆਦਿ ਨਿਰੰਜਣ ਆਪ ਉਠਾਇੰਦਾ। ਬ੍ਰਹਮ ਬ੍ਰਹਿਮਾਦੀ ਸੁਣਾਏ ਰਾਗ ਕੰਨ, ਸ਼ਬਦ ਅਨਾਦੀ ਆਪ ਸੁਣਾਇੰਦਾ। ਆਪੇ ਜਾਣੇ ਜਨਨੀ ਜਨ, ਹਰਿਜਨ ਸਾਚੇ ਮਾਤ ਉਪਜਾਇੰਦਾ। ਏਕਾ ਰਾਗ ਸੁਣਾਏ ਕੰਨ, ਆਪ ਆਪਣਾ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਉਠਾਇੰਦਾ। ਸਤਿਗੁਰ ਸੱਚਾ ਪਾਤਸ਼ਾਹ, ਪਰਮ ਪੁਰਖ ਕਰਤਾਰਾ। ਆਦਿ ਜੁਗਾਦੀ ਏਕਾ ਸ਼ਹਿਨਸ਼ਾਹ, ਨਿਤ ਨਵਿਤ ਲਏ ਅਵਤਾਰਾ। ਦੋ ਜਹਾਨਾਂ ਚਲਾਏ ਸਾਚਾ ਰਾਹ, ਖੇਲੇ ਖੇਲ ਅਗੰਮ ਅਪਾਰਾ। ਸ਼ਬਦ ਸਰੂਪੀ ਬਣ ਮਲਾਹ, ਆਪੇ ਵੇਖੇ ਆਰ ਪਾਰ ਕਿਨਾਰਾ। ਜਨ ਭਗਤਾਂ ਦੇਵੇ ਸਚ ਸਲਾਹ, ਏਕਾ ਬਖ਼ਸ਼ੇ ਨਾਮ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਉਪਜਾਏ ਸਾਚਾ ਸੁੱਤ ਦੁਲਾਰਾ। ਹਰਿ ਭਗਵੰਤ ਆਦਿ ਅੰਤ, ਸੰਤਨ ਸੰਗ ਸਮਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਮੇਲ ਮਿਲਾਵਾ ਨਾਰੀ ਕੰਤ, ਨਰ ਨਰਾਇਣ ਵੇਖ ਵਖਾਇੰਦਾ। ਆਪ ਸੁਹਾਏ ਰੁੱਤ ਬਸੰਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਹਰਿ ਹਰਿ ਮਹਿਮਾ ਗਣਤ ਅਗਣਤ, ਭੇਵ ਕੋਈ ਨਾ ਪਾਇੰਦਾ। ਵੇਖਣਹਾਰ ਜੀਵ ਜੰਤ, ਜਾਗਰਤ ਜੋੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਹਰਿ ਹਰੀ ਹਰਿ ਨਰਾਇਣ, ਹਰੀ ਹਰਿ ਰੂਪ ਵਟਾਈਆ। ਆਪੇ ਪੇਖੇ ਆਪਣੇ ਨੈਣ, ਨੇਤਰ ਲੋਚਣ ਇਕ ਦਰਸਾਈਆ। ਆਪ ਚੁਕਾਏ ਲਹਿਣ ਦੇਣ, ਜੁਗ ਜੁਗ ਆਪਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਏਕਾ ਘਰ, ਘਰ ਸੁਹੰਜਣਾ ਜੋਤ ਰੁਸ਼ਨਾਈਆ। ਘਰ ਸੁਹੰਜਣਾ ਹਰਿ ਗੋਪਾਲ, ਨਰ ਹਰਿ ਆਪ ਉਪਜਾਇੰਦਾ। ਦੀਪ ਅਗੰਮਾ ਆਪੇ ਬਾਲ, ਜੋਤੀ ਬਾਤੀ ਵਿਚ ਟਿਕਾਇੰਦਾ। ਆਪੇ ਰੱਖੇ ਆਪਣੇ ਥਾਲ, ਆਪ ਆਪਣਾ ਦਰ ਸੁਹਾਇੰਦਾ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਆਪ ਰਖਾਇੰਦਾ। ਵਸਣਹਾਰਾ ਧਰਮ ਧਰਮ ਸੱਚੀ ਧਰਮਸਾਲ, ਥਿਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਨਿਰਗੁਣ ਜੋਤ ਜਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਏਕਾ ਏਕੰਕਾਰਾ ਬੈਠਾ ਇਕ ਇਕੱਲਾ, ਅਕਲ ਕਲਾ ਵਰਤਾਈਆ। ਸਤਿ ਸਰੂਪੀ ਨੇਹਚਲ ਧਾਮ ਅਟੱਲਾ, ਦਰ ਮੰਦਰ ਏਕਾ ਸੋਭਾ ਪਾਈਆ। ਆਪਣੀ ਜੋਤੀ ਆਪੇ ਰਲਾ, ਆਪ ਆਪਣੀ ਕਰ ਰੁਸ਼ਨਾਈਆ। ਸਚ ਸਨੇਹੁੜਾ ਆਪੇ ਘੱਲਾ, ਸ਼ਬਦ ਅਨਾਦੀ ਢੋਲਾ ਗਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਣ ਏਕਾ ਮੱਲਾ, ਆਪ ਆਪਣਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਆਪਣੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਹਰਿ ਹਰਿ ਖੋਲ੍ਹ, ਆਪਣੀ ਦਇਆ ਕਮਾਇੰਦਾ। ਅੱਖਰ ਵੱਖਰ ਆਪੇ ਬੋਲ, ਆਪੇ ਰਾਗ ਸੁਣਾਇੰਦਾ। ਜੁਗਾ ਜੁਗੰਤਰ ਲੱਖ ਚੁਰਾਸੀ ਤ਼ੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਭਗਤ ਵਛਲ ਹਰਿਜਨ ਸਾਚੇ ਲਏ ਵਿਰੋਲ, ਆਪ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਰਹੇ ਅਡੋਲ, ਗੁਰਮੁਖ ਸੱਜਣ ਆਪ ਤਰਾਇੰਦਾ। ਦੇਵੇ ਵਸਤ ਨਾਮ ਅਨਮੋਲ, ਆਪ ਆਪਣਾ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਨਾਮ ਵਸਤ ਹਰਿ ਕਰਤਾਰ, ਆਪਣੇ ਹੱਥ ਰਖਾਈਆ। ਜੁਗਾ ਜੁਗੰਤਰ ਲਏ ਅਵਤਾਰ, ਜੁਗ ਜੁਗ ਵੇਸ ਵਟਾਈਆ। ਨਿਰਗੁਣ ਸਰਗੁਣ ਇਕ ਪਿਆਰ, ਏਕਾ ਰੰਗ ਰੰਗਾਈਆ। ਸੰਤ ਸਾਜਣ ਪਾਏ ਸਾਰ, ਸਤਿ ਪੁਰਖ ਨਿਰੰਜਣ ਵੇਖ ਵਖਾਈਆ। ਬੋਧ ਅਗਾਧੀ ਸ਼ਬਦ ਜੈਕਾਰ, ਏਕਾ ਨਾਅਰਾ ਲਾਈਆ। ਬ੍ਰਹਮ ਬ੍ਰਹਿਮਾਦੀ ਪਾਵੇ ਸਾਰ, ਲੋਕਮਾਤ ਵੇਖ ਵਖਾਈਆ। ਕਲਜੁਗ ਅੰਤਮ ਹੋ ਤਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਥਾਉਂ ਥਾਈਂਆ। ਵੇਖਣਹਾਰਾ ਹਰਿ ਭਗਵਾਨਾ, ਏਕਾ ਏਕੰਕਾਰਿਆ। ਸ਼ਬਦ ਸਰੂਪੀ ਸਤਿ ਤਰਾਨਾ, ਸਤਿਗੁਰ ਪੂਰਾ ਨਾਉਂ ਉਪਜਾ ਰਿਹਾ। ਸਾਚੇ ਮੰਦਰ ਏਕਾ ਗਾਣਾ, ਏਕਾ ਰਾਗ ਸੁਣਾ ਰਿਹਾ। ਇਕ ਵਖਾਏ ਪਦ ਨਿਰਬਾਣਾ, ਨਿਰਭੈ ਰੂਪ ਵਟਾ ਲਿਆ। ਅਕਾਲ ਮੂਰਤ ਖੇਲ ਮਹਾਨਾ, ਸਾਚੀ ਤੂਰਤ ਨਾਦ ਵਜਾ ਲਿਆ। ਜੂਨੀ ਰਹਿਤ ਹੋ ਪਰਧਾਨਾ, ਆਪ ਆਪਣੀ ਕਲ ਵਰਤਾ ਰਿਹਾ। ਸੋਹੰ ਸ਼ਬਦ ਧੁਰ ਫ਼ਰਮਾਣਾ, ਆਪਣਾ ਗਾਣਾ ਆਪੇ ਗਾ ਲਿਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਗੁਰਮੁਖ ਵਿਰਲੇ ਝੋਲੀ ਪਾ ਰਿਹਾ। ਜਗਤ ਝੁਲਾਏ ਸਚ ਨਿਸ਼ਾਨਾ, ਸਤਿ ਸਤਿਵਾਦੀ ਆਪ ਅਖਵਾ ਰਿਹਾ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਸਾਚਾ ਸਗਨ ਮਨਾ ਲਿਆ। ਸੰਮਤ ਸੋਲਾਂ ਕਰ ਪ੍ਰਵਾਨਾ, ਬੀਸ ਬੀਸਾ ਰੰਗ ਰੰਗਾ ਲਿਆ। ਵਿਛੜ ਨਾ ਜਾਏ ਦੋ ਜਹਾਨਾਂ, ਜਿਸ ਜਨ ਨੇਤਰ ਲੋਚਣ ਦਰਸ਼ਨ ਪਾ ਲਿਆ। ਆਵਣ ਜਾਵਣ ਚੁਕੀ ਕਾਨਾ, ਲੱਖ ਚੁਰਾਸੀ ਫੰਦ ਕਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾ ਲਿਆ। ਘਰ ਸੁਹੰਜਣਾ ਆਦਿ ਨਿਰੰਜਣ, ਚਾਰ ਕੁੰਟ ਰੁਸ਼ਨਾਈਆ। ਸਤਿਗੁਰ ਦਾਤਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਨੇਤਰ ਨਾਮ ਨਿਧਾਨਾ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਸਖਾ ਸਖਾਈ ਸਾਚਾ ਸੱਜਣ, ਸੱਜਣ ਮੀਤ ਸਤਿਗੁਰ ਅਤੀਤ ਇਕ ਅਖਵਾਈਆ। ਕਲਜੁਗ ਅੰਤਮ ਆਇਆ ਪਰਦੇ ਕੱਜਣ, ਹਰਿਜਨ ਸਾਚੇ ਵੇਖ ਵਖਾਈਆ। ਚਾਰੋਂ ਕੁੰਟ ਝੂਠ ਨਗਾਰੇ ਵੱਜਣ, ਕੂੜੀ ਕਿਰਿਆ ਕਰੇ ਕੁੜਮਾਈਆ। ਗੁਰਮੁਖ ਵਿਰਲੇ ਮਦਿਰਾ ਮਾਸ ਤਜਣ, ਰਸਨਾ ਜਿਹਵਾ ਸੋਹੰ ਢੋਲਾ ਗਾਈਆ। ਸਤਿਗੁਰ ਪਾਇਆ ਸਾਚਾ ਸੱਜਣ, ਨਿਰਗੁਣ ਮੀਤਾ ਵਡ ਵਡਿਆਈਆ। ਅੰਤਮ ਵੇਲੇ ਰੱਖੇ ਲੱਜਣ, ਕਲਜੁਗ ਕੂਕੇ ਦਏ ਦੁਹਾਈਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਦਰ ਦਰਬਾਨ ਤਜਣ, ਸੀਸ ਤਾਜ ਨਾ ਕੋਈ ਟਿਕਾਈਆ। ਘਰ ਸਾਚਾ ਸੋਹੇ ਬੰਕ ਦੁਆਰ, ਬੰਕ ਦੁਆਰੀ ਹਰਿ ਹਰਿ ਆਇਆ। ਆਤਮ ਅੰਤਰ ਕਰ ਪਿਆਰ, ਗੁਰ ਮੰਤਰ ਨਾਮ ਦ੍ਰਿੜਾਇਆ। ਜਗਤ ਤ੍ਰਿਸ਼ਨਾ ਦਏ ਨਿਵਾਰ, ਆਤਮ ਸਾਚਾ ਜਾਮ ਪਿਆਇਆ। ਦਿਵਸ ਰੈਣ ਇਕ ਖ਼ੁਮਾਰ, ਏਕਾ ਰੰਗ ਰੰਗਾਇਆ। ਬੰਸ ਸਰਬੰਸਾ ਕਰੇ ਵਿਚਾਰ, ਸੋਹੰ ਹੰਸਾ ਰੂਪ ਵਟਾਇਆ। ਕਲਜੁਗ ਗੁਣ ਕਰ ਖ਼ਵਾਰ, ਰਾਵਣ ਹੰਕਾਰੀ ਮੇਟ ਮਿਟਾਇਆ। ਸਹਿੰਸਾ ਵਿਚੋਂ ਕਰ ਉਜਿਆਰ, ਗੁਰਮੁਖ ਸਾਚਾ ਇਕ ਜਗਾਇਆ। ਕੋਟਨ ਕੋਟੀ ਕੋਟ ਕੋਟ ਰਹੇ ਵਿਚਾਰ, ਦਿਵਸ ਰੈਣ ਰਹੇ ਬਿਲਲਾਇਆ। ਕਲਜੁਗ ਚਾਰੋਂ ਕੁੰਟ ਅੰਧ ਅੰਧਿਆਰ, ਸਾਚਾ ਚੰਨ ਨਾ ਕੋਈ ਚੜ੍ਹਾਇਆ। ਭਰਮੇ ਭਰਮ ਭੁੱਲਾ ਸੰਸਾਰ, ਭਰਮ ਗੜ੍ਹ ਨਾ ਕੋਈ ਤੁੜਾਇਆ। ਨਿਹਕਰਮੀ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਵਰਨੀ ਬਰਨੀ ਵਸਿਆ ਬਾਹਿਰ, ਜ਼ਾਤ ਪਾਤ ਨਾ ਕੋਈ ਰਖਾਇਆ। ਸਾਚੀ ਕਰਨੀ ਕਰੇ ਵਿਚ ਸੰਸਾਰ, ਕਰਨੇਹਾਰ ਆਪ ਅਖਵਾਇਆ। ਗੁਰਮੁਖ ਸਾਚੇ ਲਏ ਉਭਾਰ, ਗੁਰ ਗੋਬਿੰਦ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲ ਸਾਚੇ ਘਰ, ਘਰ ਸਾਚਾ ਇਕ ਦਰਸਾਇਆ। ਘਰ ਸਾਚਾ ਵੇਖੇ ਉਚ ਮੁਨਾਰਾ, ਨਿਰਗੁਣ ਜੋਤ ਜੋਤ ਜਗਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਨਿਰਗੁਣ ਵੇਖੇ ਬੇਪਰਵਾਹੀਆ। ਸਰਗੁਣ ਮੇਲਾ ਵਿਚ ਸੰਸਾਰਾ, ਸਾਚੇ ਸ਼ਬਦ ਕਰੀ ਕੁੜਮਾਈਆ। ਏਕਾ ਸ਼ਬਦ ਧੁਨੀ ਧੁਨਕਾਰਾ, ਨਾਦ ਅਨਾਦੀ ਨਾਦ ਵਜਾਈਆ। ਰਾਗੀ ਨਾਦੀ ਵਸੇ ਬਾਹਿਰਾ, ਭੇਵ ਕੋਈ ਨਾ ਪਾਈਆ। ਆਦਿ ਜੁਗਾਦੀ ਖੇਲ ਅਪਾਰਾ, ਖੇਲੇ ਖੇਲ ਬੇਪਰਵਾਹੀਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਮੰਤਰ ਏਕਾ ਨਾਮ ਇਕ ਜੈਕਾਰਾ, ਏਕਾ ਨਾਅਰਾ ਰਿਹਾ ਸੁਣਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਲੋਕਮਾਤ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਵਿਚ ਬ੍ਰਹਿਮੰਡ ਲੇਖਾ ਜਾਣੇ ਜੇਰਜ ਅੰਡ, ਵਰਭੰਡੀ ਵੇਖ ਵਖਾਈਆ। ਸਤਿਗੁਰ ਪੂਰਾ ਦੀਨ ਦਿਆਲ, ਅਕਲ ਕਲ ਕਲ ਧਾਰੀਆ। ਹਰਿਜਨ ਵੇਖੇ ਸਾਚੇ ਲਾਲ, ਘਰ ਸਾਚੇ ਮੇਲ ਮਿਲਾ ਰਿਹਾ। ਦਿਵਸ ਰੈਣ ਕਰੇ ਪ੍ਰਿਤਪਾਲ, ਆਪ ਆਪਣੀ ਸੇਵ ਕਮਾ ਲਿਆ। ਜੋ ਜਨ ਘਾਲਣ ਰਹੇ ਘਾਲ, ਆਪਣੇ ਲੇਖੇ ਆਪ ਲਗਾ ਰਿਹਾ। ਦੇਵਣਹਾਰ ਸੱਚਾ ਧਨ ਮਾਲ, ਨਾਮ ਖ਼ਜ਼ਾਨਾ ਇਕ ਲੁਟਾ ਰਿਹਾ। ਲਹਿਣਾ ਦੇਣ ਚੁਕਾਏ ਕਾਲ ਮਹਾਂਕਾਲ, ਮਹਾਂਕਾਲ ਰੂਪ ਆਪ ਅਖਵਾ ਰਿਹਾ। ਏਥੇ ਓਥੇ ਚਲੇ ਨਾਲ ਨਾਲ, ਦੋ ਜਹਾਨਾਂ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਆਪ ਉਠਾ ਰਿਹਾ। ਗੁਰਮੁਖ ਸਾਚੇ ਆਪ ਉਠਾਏ, ਆਪ ਆਪਣੀ ਦਇਆ ਕਮਾਈਆ। ਕਲਜੁਗ ਲੇਖਾ ਲੇਖ ਲਿਖਾਏ, ਲਿਖਣਹਾਰ ਬੇਪਰਵਾਹੀਆ। ਸਚ ਸੰਦੇਸ਼ਾ ਇਕ ਸੁਣਾਏ, ਚਾਰ ਕੁੰਟ ਫੇਰੀ ਪਾਈਆ। ਨਰ ਨਰੇਸ਼ਾ ਆਪ ਅਖਵਾਏ, ਨਰ ਨਰਾਇਣ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਣ ਲਏ ਵਰ, ਰਾਜਨ ਰਾਜ ਆਪ ਹੋ ਜਾਈਆ। ਰਾਜਨ ਰਾਜ ਸ਼ਾਹੋ ਭੂਪ, ਸਤਿ ਪੁਰਖ ਅਖਵਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜਨ ਭਗਤਾਂ ਉਪਰ ਜਾਏ ਤੁਠ, ਆਪ ਆਪਣਾ ਸੰਗ ਨਿਭਾਇੰਦਾ। ਦੇਵੇ ਨਾਮ ਸਾਚਾ ਘੁੱਟ, ਅੰਮ੍ਰਿਤ ਨਾਮ ਪਿਆਇੰਦਾ। ਲੱਖ ਚੁਰਾਸੀ ਜਾਏ ਛੁੱਟ, ਆਵਣ ਜਾਵਣ ਪੰਧ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲਾ ਸਾਚੇ ਘਰ, ਘਰ ਸਾਚਾ ਇਕ ਸੁਹਾਇੰਦਾ। ਘਰ ਸਾਚਾ ਸੋਹੇ ਸਤਿਗੁਰ ਪਾਇਆ, ਮਿਲਿਆ ਪੁਰਖ ਕਰਤਾਰਾ। ਸਾਚੇ ਮੰਦਰ ਢੋਲਾ ਗਾਇਆ, ਰਾਮ ਨਾਮ ਇਕ ਜੈਕਾਰਾ ਏਕੰਕਾਰਾ ਤੋਲਾ ਬਣ ਕੇ ਆਇਆ, ਤੋਲਣਹਾਰ ਸਰਬ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਗੁਰਸਿਖਾਂ ਏਕਾ ਭਰੇ ਨਾਮ ਭੰਡਾਰਾ।
