Granth 08 Likhat 124: 5 Savan 2016 Bikarmi Jora Singh de Ghar Sadda Singh wala Jila Ferozepur

੫ ਸਾਵਣ ੨੦੧੬ ਬਿਕ੍ਰਮੀ ਜੋਰਾ ਸਿੰਘ ਦੇ ਘਰ ਸਦਾ ਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ

ਨਿਰਗੁਣ ਧਾਰ ਸ਼ਬਦ ਸਾਰ, ਹਰੀ ਹਰਿ ਆਪ ਉਪਜਾਈਆ। ਆਪੇ ਵੇਖੇ ਕਰੇ ਵਿਚਾਰ, ਆਪ ਆਪਣੀ ਦਇਆ ਕਮਾਈਆ। ਤਿਖੀਆਂ ਰੱਖੇ ਦੋਵਾਂ ਧਾਰ, ਨਾਮ ਨਿਧਾਨਾ ਆਪ ਉਪਜਾਈਆ। ਥਿਰ ਘਰ ਸਾਚੇ ਬੈਠ ਦੁਵਾਰ, ਧੁਰ ਦਰਬਾਰਾ ਇਕ ਸੁਹਾਈਆ। ਇਕ ਇਕੱਲਾ ਅਕਲ ਕਲ ਧਾਰ, ਅਕਾਲ ਮੂਰਤ ਖੇਲ ਖਲਾਈਆ। ਅਜੂਨੀ ਰਹਿਤ ਸੱਚੀ ਸਰਕਾਰ, ਸਚ ਸਿੰਘਾਸਣ ਆਸਣ ਲਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਰੂਪ ਅਨੂਪ ਆਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਈਆ। ਸਾਰ ਸ਼ਬਦ ਸ਼ਬਦ ਅਪਾਰਾ, ਹਰਿ ਹਰਿ ਆਪ ਉਪਜਾਇੰਦਾ। ਜੋਤੀ ਮਾਤਾ ਕਰ ਪਿਆਰਾ, ਪੂਤ ਸਪੂਤਾ ਝੋਲੀ ਪਾਇੰਦਾ। ਪੁਰਖ ਅਬਿਨਾਸ਼ੀ ਸੁੱਤ ਦੁਲਾਰਾ, ਏਕਾ ਏਕ ਆਪਣਾ ਆਪ ਉਪਜਾਇੰਦਾ। ਆਦਿ ਨਿਰੰਜਣ ਕਰ ਪਿਆਰਾ, ਆਪ ਆਪਣਾ ਅੰਗ ਲਗਾਇੰਦਾ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਸਾਚਾ ਸੰਗ ਨਿਭਾਇੰਦਾ। ਥਿਰ ਘਰ ਸਾਚੇ ਕਰ ਉਜਿਆਰਾ, ਏਕਾ ਹੁਕਮ ਸੁਣਾਇੰਦਾ। ਕਰੇ ਕਰਾਏ ਕਰਨੇਹਾਰਾ, ਕਾਦਰ ਕਰਤਾ ਆਪ ਅਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਆਪ ਉਪਜਾਇੰਦਾ। ਸਾਰ ਸ਼ਬਦ ਹਰਿ ਕਾ ਰੂਪ, ਹਰਿ ਹਰਿ ਆਪ ਉਪਜਾਈਆ। ਆਪ ਵਸਾਏ ਚਾਰੇ ਕੂਟ, ਦਹਿ ਦਿਸ਼ਾ ਆਪ ਟਿਕਾਈਆ। ਆਪ ਸੁਹਾਏ ਆਪਣੀ ਰੁੱਤ, ਆਪੇ ਵੇਖ ਵਖਾਈਆ। ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਅਚੁਤ, ਜਾਗਰਤ ਜੋਤ ਕਰੇ ਰੁਸ਼ਨਾਈਆ । ਏਕਾ ਏਕ ਦੁਲਾਰਾ ਸੁੱਤ, ਸਤਿਗੁਰ ਆਪਣਾ ਨਾਉਂ ਧਰਾਈਆ। ਪੰਜ ਤੱਤ ਨਾ ਦਿਸੇ ਬੁੱਤ, ਕਾਇਆ ਗੜ੍ਹ ਨਾ ਕੋਈ ਵਖਾਈਆ। ਨਾ ਕੋਈ ਕਿਲਾ ਨਾ ਕੋਈ ਕੋਟ, ਮੰਦਰ ਮਹੱਲ ਨਾ ਕੋਈ ਵਖਾਈਆ। ਨਾ ਕੋਈ ਨਗਾਰਾ ਨਾ ਕੋਈ ਚੋਟ, ਡੰਕਾ ਡੌਰੂ ਕੋਈ ਨਾ ਵਾਹੀਆ। ਇਕ ਰਖਾਈ ਆਪਣੀ ਓਟ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਤੱਤ ਏਕਾ ਸਾਰ, ਏਕਾ ਰੂਪ ਇਕ ਕਰਤਾਰ, ਏਕਾ ਨੂਰ ਕਰੇ ਰੁਸ਼ਨਾਈਆ। ਸਾਰ ਸ਼ਬਦ ਸ਼ਬਦ ਉਜਾਲਾ, ਹਰਿ ਸਤਿਗੁਰ ਆਪ ਉਪਜਾਇੰਦਾ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਗੋਬਿੰਦ ਆਪਣਾ ਨਾਉਂ ਧਰਾਇੰਦਾ। ਆਪੇ ਖੇਲੇ ਖੇਲ ਨਿਰਾਲਾ, ਆਪ ਆਪਣੀ ਕਲ ਵਰਤਾਇੰਦਾ। ਸ਼ਬਦੀ ਸ਼ਬਦ ਅਵੱਲੜੀ ਚਾਲਾ, ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਰ ਵੰਡੀ ਵੰਡ, ਆਪ ਉਪਜਾਏ ਕੋਟ ਬ੍ਰਹਿਮੰਡ, ਕੋਟਨ ਕੋਟਾਂ ਵਿਚ ਮਿਲਾਈਆ। ਸਾਰ ਸ਼ਬਦ ਕਰ ਤਿਆਰ, ਹਰਿ ਹਰਿ ਖੇਲ ਖਲਾਇੰਦਾ। ਲੋਆਂ ਪੁਰੀਆਂ ਮਹੱਲ ਉਸਾਰ, ਸ਼ਬਦੀ ਬੰਧਨ ਪਾਇੰਦਾ। ਰਵ ਸਸ ਕਰ ਉਜਿਆਰ, ਏਕਾ ਹੁਕਮ ਸੁਣਾਇੰਦਾ। ਮੰਡਲ ਮੰਡਪ ਦਏ ਸਹਾਰ, ਆਪ ਆਪਣਾ ਸੰਗ ਨਿਭਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਖ਼ਬਰਦਾਰ, ਆਪ ਆਪਣੀ ਅੰਸ ਉਪਜਾਇੰਦਾ। ਬੰਸ ਸਰਬੰਸਾ ਹੋ ਤਿਆਰ, ਰਸਨਾ ਸਹਿਸਾ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦੀ ਸਾਰ, ਸਤਿਗੁਰ ਸਾਚਾ ਆਪ ਹੋ ਜਾਇੰਦਾ। ਸਾਰ ਸ਼ਬਦ ਹਰਿ ਮੀਤ, ਸਤਿਗੁਰ ਰੂਪ ਵਟਾਇਆ। ਆਦਿ ਜੁਗਾਦੀ ਇਕ ਅਤੀਤ, ਸਚ ਘਰ ਬੈਠਾ ਆਸਣ ਲਾਇਆ। ਪੁਰਖ ਅਬਿਨਾਸ਼ੀ ਪਤਿਤ ਪੁਨੀਤ ਪਤਿਤ ਪਾਵਣ ਨਾਉਂ ਧਰਾਇਆ। ਸਦਾ ਸੁਹੇਲਾ ਠੰਡਾ ਸੀਤ, ਅਗਨੀ ਤੱਤ ਨਾ ਕੋਈ ਰਖਾਇਆ। ਏਕਾ ਭਾਣਾ ਜਾਣੇ ਮੀਠ, ਆਪਣੇ ਭਾਣੇ ਵਿਚ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ, ਆਪਣਾ ਮਾਰਗ ਆਪੇ ਲਾਇਆ, ਸ਼ਬਦ ਸਾਰ ਸਚ ਘਰ, ਘਰ ਸਾਚੇ ਵੱਜੀ ਵਧਾਈਆ। ਪਾਰਬ੍ਰਹਮ ਪ੍ਰਭ ਕਿਰਪਾ ਕਰ, ਪ੍ਰਭ ਆਪਣਾ ਨਾਉਂ ਧਰਾਈਆ। ਆਪੇ ਦੇਵਣਹਾਰਾ ਵਰ, ਆਪੇ ਕਰੇ ਕੁੜਮਾਈਆ। ਆਪ ਨੁਹਾਏ ਸਾਚੇ ਸਰ, ਸਰ ਸਰੋਵਰ ਇਕ ਸੁਹਾਈਆ। ਆਪੇ ਅੰਦਰ ਜਾਏ ਵੜ, ਆਪੇ ਬੈਠਾ ਡੇਰਾ ਲਾਈਆ। ਆਪੇ ਵਿਦਿਆ ਰਿਹਾ ਪੜ੍ਹ, ਆਪੇ ਕਰੇ ਪੜ੍ਹਾਈਆ। ਆਪਣਾ ਲੜ ਆਪੇ ਫੜ, ਆਪੇ ਵੇਖ ਵਖਾਈਆ। ਨਾ ਕੋਈ ਸੀਸ ਨਾ ਕੋਈ ਧੜ, ਮੂਰਤ ਅਕਾਲ ਇਕ ਉਪਜਾਈਆ। ਨਾ ਕੋਈ ਚੋਟੀ ਨਾ ਕੋਈ ਜੜ੍ਹ, ਨਾ ਕੋਈ ਬੀਜ ਰਿਹਾ ਬਿਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਸ਼ਬਦੀ ਧਾਰ, ਸਤਿ ਸਰੂਪ ਆਪ ਉਪਜਾਈਆ। ਸਾਰ ਸ਼ਬਦ ਹਰਿ ਕਾ ਰੰਗ, ਹਰਿ ਹਰਿ ਆਪ ਉਪਨਿਆ। ਆਪੇ ਮੰਗੇ ਆਪਣੀ ਮੰਗ, ਆਪੇ ਦੇਵੇ ਮਾਲ ਨਾਮ ਧਨ ਧਨਿਆ। ਆਪੇ ਹੋਏ ਸਦਾ ਸੰਗ, ਸਤਿਗੁਰ ਪੂਰਾ ਆਪੇ ਮੰਨਿਆ। ਆਪੇ ਸਚ ਸਿੰਘਾਸਣ ਬੈਠ ਪਲੰਘ, ਥਿਰ ਘਰ ਸਾਚਾ ਇਕ ਸੁਹੰਨਿਆ। ਆਪ ਵਜਾਏ ਇਕ ਮਰਦੰਗ, ਨਾਮ ਮਰਦੰਗਾ ਇਕ ਰਖੰਨਿਆ। ਲੋਆਂ ਪੁਰੀਆਂ ਆਪੇ ਲੰਘ, ਬ੍ਰਹਿਮੰਡਾਂ ਖੰਡਾਂ ਫਿਰੇ ਭੰਨਿਆ। ਆਪੇ ਵੇਖੇ ਸੂਰਜ ਚੰਨ, ਰਵ ਸਸ ਆਪੇ ਬੇੜਾ ਬੰਨਿਆ। ਆਪੇ ਵਸੇ ਪੰਜ ਤੱਤ ਤਨ, ਆਪ ਸੁਣਾਏ ਆਪਣਾ ਰਾਗ ਕੰਨਿਆ। ਆਪੇ ਦੇਵਣਹਾਰਾ ਡੰਨ, ਜੁਗਾ ਜੁਗੰਤਰ ਦੇਵੇ ਡੰਨਿਆ। ਆਪੇ ਜਨਨੀ ਜਨ ਲਏ ਜਨ, ਭਗਤ ਵਛਲ ਆਪ ਅਖਵੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਏਕਾ ਵਰ, ਏਕਾ ਘਰ ਸੁਹੰਨਿਆ। ਸਾਰ ਸ਼ਬਦ ਗ਼ਰੀਬ ਨਿਵਾਜਾ, ਆਪਣਾ ਆਪ ਉਪਜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਏਕਾ ਹੁਕਮ ਸੁਣਾਇੰਦਾ। ਏਕਾ ਅਸਵ ਏਕਾ ਤਾਜਾ, ਏਕਾ ਹਰਿ ਦੌੜਾਇੰਦਾ। ਏਕਾ ਪੁਰਖ ਆਤਮ ਵਜਾਏ ਵਾਜਾ, ਅਨਹਦ ਏਕਾ ਤਾਲ ਵਜਾਇੰਦਾ। ਏਕਾ ਆਦਿ ਜੁਗਾਦੀ ਰਚੇ ਕਾਜਾ, ਜੁਗਾ ਜੁਗੰਤਰ ਵੇਖ ਵਖਾਇੰਦਾ। ਏਕਾ ਲੱਖ ਚੁਰਾਸੀ ਸਾਜਣ ਸਾਜਾ, ਏਕਾ ਤ੍ਰੈਗੁਣ ਮੇਲ ਮਿਲਾਇੰਦਾ। ਏਕਾ ਪੰਚਮ ਖੋਲ੍ਹੇ ਪਾਜਾ, ਏਕਾ ਪੰਚਮ ਮੋਹ ਚੁਕਾਇੰਦਾ। ਏਕਾ ਮੱਕਾ ਕਾਅਬਾ ਹਾਜੀ ਹਾਜਾ, ਸ਼ਰਅ ਸ਼ਰੀਅਤ ਇਕ ਵਖਾਇੰਦਾ। ਏਕਾ ਪੰਡਤ ਪਾਂਧਾ ਦੇਵੇ ਦਾਜਾ, ਗਿਆਨ ਧਿਆਨ ਇਕ ਦ੍ਰਿੜਾਇੰਦਾ। ਏਕਾ ਮਾਰਨਹਾਰਾ ਵਾਜਾ, ਗੁਰਮੁਖ ਸੋਏ ਆਪ ਉਠਾਇੰਦਾ । ਸਾਰ ਸ਼ਬਦ ਜੁਗ ਰੱਖੇ ਲਾਜਾ, ਆਦਿ ਜੁਗਾਦੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸ਼ਬਦ ਅਗੰਮਾ ਨਾ ਮਰੇ ਨਾ ਕਦੇ ਜੰਮਾ, ਮਾਤ ਗਰਭ ਨਾ ਫੇਰਾ ਪਾਇੰਦਾ। ਸਾਰ ਸ਼ਬਦ ਸ਼ਬਦ ਅਨਮੋਲ, ਹਰਿ ਸਤਿਗੁਰ ਹਰਿ ਉਪਜਾਈਆ। ਆਪਣੇ ਅੰਦਰ ਆਪੇ ਮੌਲ, ਫੁੱਲ ਫੁਲਵਾੜੀ ਆਪ ਖਿਲਾਈਆ। ਆਪੇ ਭਰਿਆ ਅੰਮ੍ਰਿਤ ਕਵਲ, ਕਵਲ ਨਾਭੀ ਮੁਖ ਭੁਵਾਈਆ। ਆਪੇ ਲੇਖਾ ਜਾਣੇ ਧਰਤ ਧਵਲ, ਧਵਲ ਧਰਨੀ ਧਰਤ ਆਪ ਸੁਹਾਈਆ। ਆਪੇ ਰਹੇ ਆਦਿ ਜੁਗਾਦਿ ਸਦਾ ਅਡੋਲ, ਲੱਖ ਚੁਰਾਸੀ ਰਿਹਾ ਡੁਲਾਈਆ। ਗੁਰਮੁਖ ਸਾਜਣ ਤੋਲੇ ਆਪਣੇ ਤੋਲ, ਨਾਮ ਕੰਡਾ ਹੱਥ ਉਠਾਈਆ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਈਆ। ਗੁਰਮੁਖਾਂ ਪਰਦਾ ਦੇਵੇ ਖੋਲ੍ਹ, ਅੰਤਰ ਆਤਮ ਇਕ ਜਣਾਈਆ। ਸਤਿਗੁਰ ਪੂਰਾ ਵਸੇ ਕੋਲ, ਅੰਦਰ ਮੰਦਰ ਬੇਪਰਵਾਹੀਆ। ਅਨਹਦ ਵਜਾਏ ਸਾਚਾ ਢੋਲ, ਇਕ ਮਰਦੰਗਾ ਨਾਉਂ ਵਜਾਈਆ। ਸਦਾ ਸੁਹੇਲਾ ਇਕ ਅਕੇਲਾ ਜਨ ਭਗਤਾਂ ਕਰੇ ਸਦਾ ਚੋਲ੍ਹ, ਆਪ ਆਪਣੀ ਗੋਦ ਉਠਾਈਆ। ਅੱਖਰ ਵੱਖਰ ਸ਼ਬਦ ਅਨਾਦੀ ਆਪੇ ਬੋਲ, ਸਾਰ ਸ਼ਬਦ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਰੇ ਵਡਿਆਈਆ। ਸਾਰ ਸ਼ਬਦ ਹਰਿ ਵਡਿਆਈ, ਹਰਿ ਹਰਿ ਹਰਿ ਗੁਣ ਗਾਇੰਦਾ। ਲੱਖ ਚੁਰਾਸੀ ਕਰ ਕੁੜਮਾਈ, ਘਟ ਘਟ ਡੇਰਾ ਲਾਇੰਦਾ। ਗੁਰਮੁਖ ਸਾਜਣ ਵੇਖੇ ਚਾਈਂ ਚਾਈਂ, ਜੁਗ ਜੁਗ ਵੇਖ ਵਖਾਇੰਦਾ। ਸੰਤ ਸੁਹੇਲੇ ਆਪ ਉਠਾਏ ਫੜ ਫੜ ਬਾਹੀਂ, ਆਪ ਆਪਣਾ ਦਰ ਸੁਹਾਇੰਦਾ। ਦੇਵਣਹਾਰ ਠੰਡੀਆਂ ਛਾਈਂ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੀਰ ਨਿਰਾਲਾ ਸੇਵਾ ਲਾਏ ਕਾਲ ਮਹਾਂਕਾਲਾ, ਕਾਲ ਰੂਪ ਆਪ ਹੋ ਜਾਇੰਦਾ। ਸਾਰ ਸ਼ਬਦ ਹਰਿ ਫ਼ਰਮਾਣ, ਆਪਣਾ ਆਪ ਜਣਾਈਆ । ਆਦਿ ਜੁਗਾਦੀ ਹੋ ਮਿਹਰਵਾਨ, ਜੁਗ ਜੁਗ ਖੇਲ ਖਲਾਈਆ। ਏਕੰਕਾਰਾ ਕਰ ਧਿਆਨ, ਨਰ ਨਿਰੰਕਾਰਾ ਵੇਖ ਵਖਾਈਆ। ਖੇਲੇ ਖੇਲ ਦੋ ਜਹਾਨ, ਚੌਦਾਂ ਲੋਕਾਂ ਫੋਲ ਫੁਲਾਈਆ। ਲੋਆਂ ਪੁਰੀਆਂ ਇਕ ਗਿਆਨ, ਲੋਕਮਾਤ ਵੱਜੇ ਵਧਾਈਆ। ਗੁਰਮੁਖਾਂ ਕਰੇ ਆਪ ਪਛਾਣ, ਆਪਣੀ ਸਿਖਿਆ ਆਪ ਸਮਝਾਈਆ। ਮਨਮੁਖ ਜੀਵ ਬਾਲ ਅਞਾਣ, ਨੇਤਰ ਨੈਣ ਨਾ ਕੋਈ ਖੁਲ੍ਹਾਈਆ। ਵੇਲੇ ਅੰਤ ਸਰਬ ਪਛਤਾਣ, ਨਾ ਦਿਸੇ ਕੋਈ ਸਹਾਈਆ। ਗੁਰਮੁਖ ਸਾਚੇ ਚਤੁਰ ਸੁਜਾਣ, ਹਰਿਜਨ ਮੇਲਾ ਮੇਲ ਮਿਲਾਈਆ। ਰਸਨਾ ਜਿਹਵਾ ਹਰਿ ਗੁਣ ਗਾਣ, ਬੱਤੀ ਦੰਦ ਸਲਾਹੀਆ। ਮਿਲੇ ਪਦ ਪਦ ਨਿਰਬਾਣ, ਨਿਰਗੁਣ ਨਿਰਭੈ ਵਿਚ ਰਖਾਈਆ। ਆਵਣ ਜਾਵਣ ਚੁਕੇ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਪਾਇਆ ਪੁਰਖ ਪੁਰਖ ਸੁਲਤਾਨ, ਘਰ ਸਾਚੇ ਵੱਜੀ ਵਧਾਈਆ। ਰਲ ਮਿਲ ਸਖੀਆਂ ਮੰਗਲ ਗਾਣ, ਸੋਹੰ ਢੋਲਾ ਏਕਾ ਗਾਈਆ। ਜਗਤ ਵਿਚੋਲਾ ਸ੍ਰੀ ਭਗਵਾਨ, ਦੂਸਰ ਕੋਈ ਨਾ ਸੰਗ ਰਖਾਈਆ। ਹਰਿਜਨ ਦੇਵੇ ਜੀਆ ਦਾਨ, ਦਾਤਾ ਦਾਨੀ ਦਾਨ ਝੋਲੀ ਪਾਈਆ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਈਆ। ਅੰਮ੍ਰਿਤ ਆਤਮ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਤਿਗੁਰ ਪੂਰੇ ਚਰਨ ਧਿਆਨ, ਦਰ ਦੁਵਾਰਾ ਇਕ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤਿਖੀ ਧਾਰ, ਵਿਚ ਸੰਸਾਰ ਆਪ ਚਲਾਈਆ। ਤਿਖੀ ਧਾਰ ਪੁਰਖ ਕਰਤਾਰ, ਸ਼ਬਦੀ ਸ਼ਬਦ ਰਖਾਇੰਦਾ। ਗੁਰਮੁਖਾਂ ਕਰੇ ਮਾਤ ਪਿਆਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਮਨਮੁਖਾਂ ਕਰੇ ਅੰਤ ਖੁਵਾਰ, ਧੀਰਜ ਧੀਰ ਨਾ ਕੋਈ ਰਖਾਇੰਦਾ। ਖੇਲੇ ਖੇਲ ਅਗੰਮ ਅਪਾਰ, ਬੋਧ ਅਗਾਧੀ ਸ਼ਬਦ ਜਣਾਇੰਦਾ। ਅਲੱਖ ਨਿਰੰਜਣ ਹੋ ਤਿਆਰ, ਜੁਗ ਜੁਗ ਆਪਣੀ ਅਲੱਖ ਜਗਾਇੰਦਾ। ਸਚਖੰਡ ਦੁਵਾਰਾ ਖੇਲ ਅਪਾਰ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਵੰਡੇ ਵੰਡ ਸਰਬ ਸੰਸਾਰ, ਵੰਡਣਹਾਰਾ ਆਪ ਹੋ ਜਾਇੰਦਾ। ਵਰਭੰਡੀ ਪਾਵਣਹਾਰਾ ਸਾਰ, ਬ੍ਰਹਿਮੰਡੀ ਖੋਜ ਖੁਜਾਇੰਦਾ। ਸ਼ਬਦ ਖੰਡੀ ਤੇਜ ਕਟਾਰ, ਆਪਣੇ ਹੱਥ ਉਠਾਇੰਦਾ। ਜੁਗਾ ਜੁਗੰਤਰ ਲਏ ਅਵਤਾਰ, ਆਦਿ ਜੁਗਾਦੀ ਗੁਰ ਅਖਵਾਇੰਦਾ। ਨਾਮ ਤੋੜਾ ਸੀਸ ਦਸਤਾਰ, ਏਕਾ ਕਲਗੀ ਜੋਤ ਚਮਕਾਇੰਦਾ। ਅਸਵ ਘੋੜਾ ਕਰ ਤਿਆਰ, ਸ਼ਾਹ ਅਸਵਾਰ ਆਪ ਅਖਵਾਇੰਦਾ। ਗੁਰਮੁਖਾਂ ਪਾਵਣਹਾਰ ਸਾਰ, ਜੁਗ ਜੁਗ ਵਿਛੜੇ ਮੇਲ ਮਿਲਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਜਗਤ ਨਾਤਾ ਤੋੜ ਤੁੜਾਇੰਦਾ। ਦਰਸ ਦਿਖਾਏ ਅਗੰਮ ਅਪਾਰ, ਆਪ ਆਪਣੀ ਦਇਆ ਕਮਾਇੰਦਾ। ਖ਼ੁਸ਼ੀ ਗ਼ਮੀ ਨਾ ਕੋਈ ਵਿਚਾਰ, ਏਕਾ ਰੰਗ ਰੰਗਾਇੰਦਾ। ਤੋੜਣਹਾਰਾ ਗੜ੍ਹ ਹੰਕਾਰ, ਦੂਈ ਦਵੈਤੀ ਮੇਟ ਮਿਟਾਇੰਦਾ। ਅੰਮ੍ਰਿਤ ਭਰੇ ਨਾਮ ਭੰਡਾਰ, ਨਾਮ ਪਿਆਲਾ ਭਰ ਪਿਆਇੰਦਾ। ਜੋ ਜਨ ਮੰਗੇ ਬਣ ਭਿਖਾਰ, ਸਾਚੀ ਭਿਛਿਆ ਝੋਲੀ ਪਾਇੰਦਾ। ਗ਼ਰੀਬ ਨਿਮਾਣੇ ਲਾਏ ਪਾਰ, ਜੋ ਜਨ ਸਰਨਾਈ ਆਇੰਦਾ। ਰੋਗ ਸੋਗ ਚਿੰਤਾ ਦੁੱਖ ਦਏ ਨਿਵਾਰ, ਜੋ ਜਨ ਰਸਨਾ ਸੋਹੰ ਗਾਇੰਦਾ। ਕਰੇ ਕਰਾਏ ਸਚ ਪਿਆਰ, ਗੁਰਸਿਖ ਬਾਲ ਅੰਞਾਣੇ ਆਪ ਆਪਣੀ ਗੋਦ ਉਠਾਇੰਦਾ । ਮਾਵਾਂ ਪੁੱਤਰਾਂ ਇਕ ਪਿਆਰ, ਇਕ ਸੁਹਾਏ ਬੰਕ ਦੁਵਾਰ, ਸਤਿਗੁਰ ਪੂਰਾ ਹਰਿ ਅਖਵਾਇੰਦਾ। ਏਥੇ ਓਥੇ ਦਏ ਸਹਾਰ, ਦੋ ਜਹਾਨਾਂ ਮੀਤ ਮੁਰਾਰ, ਕਲਜੁਗ ਤੇਰੀ ਅੰਤਮ ਵਾਰ, ਫੜ ਫੜ ਬਾਹੋਂ ਪਾਰ ਕਰਾਇੰਦਾ। ਸਾਰ ਸ਼ਬਦ ਤੇਜ਼ ਕਟਾਰ, ਮਾਰੀ ਜਾਏ ਵਾਰੋ ਵਾਰ, ਗੁਰਮੁਖ ਸਾਜਣ ਲਾਏ ਪਾਰ, ਮਨਮੁੱਖ ਸ਼ੌਹ ਦਰਿਯਾਏ ਆਪ ਰੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਏਕਾ ਨਾਮ ਏਕਾ ਜੋਤ ਸ੍ਰੀ ਭਗਵਾਨ, ਏਕਾ ਦੇਵਣਹਾਰਾ ਦਾਨ, ਏਕਾ ਬਖ਼ਸ਼ੇ ਬ੍ਰਹਮ ਗਿਆਨ, ਆਤਮ ਪ੍ਰੇਮ ਇਕ ਜਣਾਇੰਦਾ। ਆਤਮ ਬ੍ਰਹਮ ਬ੍ਰਹਮ ਜਣਾਈ, ਜਨ ਹਰਿ ਬੂਝ ਬੁਝਾਇੰਦਾ। ਪੁਰਖ ਅਬਿਨਾਸ਼ੀ ਦਇਆ ਕਮਾਈ, ਗੁਰਮੁਖ ਸੱਜਣ ਵੇਖ ਵਖਾਇੰਦਾ। ਦਰ ਘਰ ਸਾਚੇ ਹੋਈ ਕੁੜਮਾਈ, ਸਾਚਾ ਸਗਨ ਮਨਾਇੰਦਾ। ਦਿਵਸ ਰੈਣ ਵੱਜੇ ਵਧਾਈ, ਏਕਾ ਰੰਗ ਸਮਾਇੰਦਾ। ਅੰਤ ਵਿਛੋੜਾ ਹੋਏ ਨਾਹੀ, ਜਿਸ ਜਨ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਪੂਰਾ ਬਣ ਮਲਾਹ, ਗੁਰਮੁਖਾਂ ਕਲਜੁਗ ਪਕੜੇ ਬਾਂਹ, ਦੋ ਜਹਾਨੀ ਕਰੇ ਸਚ ਨਿਆਂ, ਦਰਗਹਿ ਸਾਚੀ ਦੇਵੇ ਥਾਂ, ਏਕਾ ਧਾਮ ਸੁਹਾਇੰਦਾ। ਧਾਮ ਅਵੱਲਾ ਹਰਿ ਨਿਰੰਕਾਰ, ਗੁਰਮੁਖਾਂ ਆਪ ਵਖਾਈਆ। ਇਕ ਇਕੱਲਾ ਬੈਠ ਸੱਚੀ ਸਰਕਾਰ, ਸਾਚਾ ਹੁਕਮ ਸੁਣਾਈਆ। ਜਲਾਂ ਥਲਾਂ ਪਾਵੇ ਸਾਰ, ਲੱਖ ਚੁਰਾਸੀ ਮੰਦਰ ਅੰਦਰ ਡੇਰਾ ਲਾਈਆ। ਗੁਰਮੁਖਾਂ ਗੁਰਸਿਖਾਂ ਪੂਰਬ ਲਹਿਣਾ ਕਰ ਵਿਚਾਰ, ਨੇਤਰ ਨੈਣਾਂ ਦਰਸ ਦਿਖਾਈਆ। ਜੁਗਾਂ ਜੁਗਾਂ ਦੇ ਵਿਛੜੇ ਯਾਰ, ਕਲਜੁਗ ਅੰਤਮ ਮੇਲ ਮਿਲਾਈਆ। ਬਾਵਨ ਰਾਮਾ ਹੋ ਅਵਤਾਰ, ਕ੍ਰਿਸ਼ਨਾ ਕਾਹਨ ਆਪ ਅਖਵਾਈਆ। ਈਸਾ ਮੂਸਾ ਬੰਨ੍ਹੇ ਧਾਰ, ਸੰਗ ਮੁਹੰਮਦ ਸੇਵਾ ਰਿਹਾ ਕਮਾਈਆ। ਨਾਨਕ ਗੋਬਿੰਦ ਇਕ ਪਿਆਰ, ਏਕਾ ਸ਼ਬਦ ਕਰੀ ਕੁੜਮਾਈਆ। ਨਾਮ ਡੰਕਾ ਵਿਚ ਸੰਸਾਰ, ਨਾਮ ਸਤਿ ਰਿਹਾ ਵਜਾਈਆ। ਵਾਸੀ ਪੁਰੀ ਘਨਕਾ ਹੋ ਤਿਆਰ, ਕਲਜੁਗ ਅੰਤਮ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਹਕਲੰਕਾ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਈਆ। ਗੁਰਮੁਖਾਂ ਕਰੇ ਸਚ ਪਿਆਰ, ਗੁਰ ਗੋਬਿੰਦ ਦਏ ਗਵਾਹੀਆ। ਸਰਬ ਜੀਆਂ ਦਾ ਸਾਂਝਾ ਯਾਰ, ਸਤਿਗੁਰ ਪੂਰਾ ਇਕ ਅਖਵਾਈਆ। ਹਿੰਦੂ ਮੁਸਲਮ ਸਿਖ ਈਸਾਈ ਊਚ ਨੀਚ ਨਾ ਕੋਈ ਵਿਚਾਰ, ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਆਪੇ ਸਭ ਤੋਂ ਵਸਿਆ ਬਾਹਰ, ਦਿਸ ਕਿਸੇ ਨਾ ਆਈਆ। ਜਿਸ ਜਨ ਆਪਣੀ ਕਿਰਪਾ ਦੇਵੇ ਧਾਰ, ਆਪ ਆਪਣਾ ਦਰਸ ਦਿਖਾਈਆ। ਭਵ ਜਲ ਸਾਗਰ ਉਤਰੇ ਪਾਰ, ਜੋ ਜਨ ਆਏ ਚਲ ਸਰਨਾਈਆ। ਕਾਗ ਨਾ ਉਡੇ ਕਾਗਾਂ ਡਾਰ, ਕਾਗੋਂ ਹੰਸ ਉਡਾਈਆ। ਮਾਣਕ ਮੋਤੀ ਭਰੇ ਭੰਡਾਰ, ਸੋਹੰ ਚੋਗ ਚੁਗਾਈਆ। ਨਿਰਗੁਣ ਜੋਤੀ ਕਰ ਉਜਿਆਰ, ਦਿਵਸ ਰੈਣ ਡਗਮਗਾਈਆ। ਗੁਰਸਿਖ ਵਰਨ ਗੋਤੀ ਵਸਿਆ ਬਾਹਰ, ਏਕਾ ਵਰਨ ਪਾਰਬ੍ਰਹਮ ਕਰੀ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤ ਸੁਹੇਲੇ ਗੁਰੂ ਗੁਰ ਚੇਲੇ ਕਾਇਆ ਮੰਦਰ ਅੰਦਰ ਉਚ ਮਿਨਾਰ, ਹਰਿ ਨਿਰੰਕਾਰ ਜੋਤੀ ਨੂਰ ਨੂਰ ਉਜਿਆਰ, ਸ਼ਬਦੀ ਸ਼ਬਦ ਸ਼ਬਦ ਧੁਨਕਾਰ, ਹਰਿਜਨ ਸਾਚੇ ਮੇਲ ਮਿਲਾਈਆ।