੨੬ ਜੇਠ ੨੦੧੬ ਬਿਕ੍ਰਮੀ ਭਾਗ ਸਿੰਘ ਦੇ ਘਰ ਝੰਡੇ ਜੰਮੂ
ਸੱਚ ਘਰ ਸਚ ਦਵਾਰ, ਗੁਰ ਸਤਿਗੁਰ ਵੇਖ ਵਖਾਈਆ। ਕਿਰਪਾ ਕਰ ਅਪਰ ਅਪਾਰ, ਆਪਣੀ ਦ੍ਰਿਸ਼ਟ ਆਪੇ ਪਾਈਆ। ਜਗਤ ਤ੍ਰਿਸਨਾ ਦਏ ਨਿਵਾਰ, ਸਾਚਾ ਸੁਖ ਇਕ ਉਪਜਾਈਆ। ਭਗਤੀ ਨਾਮ ਭਰੇ ਭੰਡਾਰ, ਭਵਸਾਗਰ ਪਾਰ ਕਰਾਈਆ। ਵਣਜ ਕਰਾਏ ਇਕ ਵਪਾਰ, ਨਾਮ ਨਾਮੇ ਹੱਟ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਬਾਲਾਂ ਲਏ ਤਰਾਈਆ। ਉਤਰੇ ਪਾਰ ਸਰਬ ਪਰਵਾਰ, ਜਿਨ ਹਰਿ ਹਰਿ ਮੇਲ ਮਿਲਾਇਆ। ਕਿਰਪਾ ਕਰੇ ਸੱਚੀ ਸਰਕਾਰ, ਨਿਰਗੁਣ ਸਰਗੁਣ ਵੇਖ ਵਖਾਇਆ। ਸੋਹੇ ਬੰਕ ਸੱਚਾ ਦਰਬਾਰ, ਦਰ ਘਰ ਸਾਚੇ ਮੰਗਲ ਗਾਇਆ। ਪਾਇਆ ਪਰਮ ਪੁਰਖ ਕਰਤਾਰ, ਜਗਤ ਜੰਜਾਲਾ ਸੰਗਲ ਕੱਟ ਵਖਾਇਆ। ਦਾਤਾ ਦਾਨੀ ਦੇਵਣਹਾਰ, ਦਰਦ ਦੁੱਖ ਭੈ ਭੰਜਣ ਨੇਤਰ ਅੰਜਨ ਗਿਆਨ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲ ਗੁਰਮੁਖ ਲਾਲ, ਘਰ ਮੰਦਰ ਇਕ ਸੁਹਾਇਆ। ਘਰ ਮੰਦਰ ਸਚ ਮੁਨਾਰ, ਹਰਿ ਸਾਚਾ ਸਚ ਸੁਹਾਈਆ। ਨਿਰਗੁਣ ਜੋਤੀ ਕਰ ਉਜਿਆਰ, ਅੰਧ ਅੰਧੇਰ ਮਿਟਾਈਆ। ਅੰਮ੍ਰਿਤ ਬੂੰਦ ਸਵਾਂਤੀ ਠੰਡੀ ਠਾਰ, ਚਰਨ ਚਰਨੋਦਕ ਗੁਰਮੁਖਾਂ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖੇ ਲਾਏ ਆਪਣੇ ਦਰ, ਘਰ ਸੱਚਾ ਇਕ ਵਡਿਆਈਆ।
