Granth 08 Likhat 096: 24 Jeth 2016 Bikarmi Deva Singh de Ghar Dhangali Jammu

੨੪ ਜੇਠ ੨੦੧੬ ਬਿਕ੍ਰਮੀ ਦੇਵਾ ਸਿੰਘ ਦੇ ਘਰ ਧੰਗਾਲੀ ਜੰਮੂ

ਹਰਿ ਜੋਤ ਨੂਰ ਨਿਰੰਕਾਰ, ਆਦਿ ਜੁਗਾਦਿ ਏਕਉਂਕਾਰਿਆ। ਪੁਰਖ ਅਗੰਮ ਅਗੰਮੜੀ ਕਾਰ, ਆਪਣੀ ਆਪ ਆਪ ਚਲਾ ਰਿਹਾ। ਅਬਿਨਾਸ਼ੀ ਕਰਤਾ ਭੇਵ ਨਿਆਰ, ਭੇਵ ਅਭੇਦਾ ਭੇਵ ਛੁਪਾ ਰਿਹਾ। ਆਦਿ ਨਿਰੰਜਣ ਨੂਰ ਉਜਿਆਰ, ਏਕਾ ਏਕ ਡਗਮਗਾ ਰਿਹਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰ, ਆਪਣਾ ਆਪ ਆਪ ਉਪਾ ਰਿਹਾ। ਆਪੇ ਵਸੇ ਹਰਿ ਦਵਾਰ, ਹਰਿ ਮੰਦਰ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾ ਲਿਆ। ਨਿਰਗੁਣ ਨਾਉਂ ਹਰਿ ਦਾਤਾਰ, ਆਪਣਾ ਆਪ ਧਰਾਇਆ। ਨਾ ਕੋਈ ਦੀਸੇ ਹੋਰ ਪਸਾਰ, ਨਾ ਕੋਈ ਬਣਤ ਬਣਾਇਆ। ਮਹੱਲ ਅਟੱਲ ਨਾ ਕੋਇ ਮਨਾਰ, ਗਗਨ ਮੰਡਲ ਨਾ ਕੋਇ ਰਖਾਇਆ। ਰਵ ਸਸ ਨਾ ਕੋਇ ਸਤਾਰ, ਸੂਰਜ ਚੰਨ ਨਾ ਕੋਇ ਚੜ੍ਹਾਇਆ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਅਧਾਰ, ਸਾਕਾਰ ਰੂਪ ਨਾ ਕੋਇ ਵਟਾਇਆ। ਤ੍ਰੈਗੁਣ ਦੇਵੇ ਨਾ ਕੋਇ ਆਧਾਰ, ਪੰਜ ਤੱਤ ਨਾ ਕੋਇ ਰਖਾਇਆ। ਖੇਲੇ ਖੇਲ ਆਪ ਨਿਰੰਕਾਰ, ਆਪ ਆਪਣੀ ਕਲ ਵਰਤਾਇਆ। ਸੁਹਾਏ ਸਚ ਸੱਚਾ ਘਰ ਬਾਰ, ਸਚ ਸਿੰਘਾਸਣ ਆਸਣ ਲਾਇਆ। ਪੁਰਖ ਅਬਿਨਾਸ਼ੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤੇ ਖੇਲ ਖਲਾਇਆ। ਅਬਿਨਾਸ਼ੀ ਕਰਤਾ ਹਰਿ ਭਗਵੰਤ, ਏਕਾ ਏਕ ਅਖਵਾਇੰਦਾ। ਨਾ ਕੋਈ ਸਾਧ ਨਾ ਕੋਈ ਸੰਤ, ਦੂਸਰ ਕੋਇ ਨਾ ਸੰਗ ਰਲਾਇੰਦਾ। ਆਪ ਬਣਾਏ ਆਪਣੀ ਬਣਤ, ਤੱਤਵ ਤੱਤ ਨਾ ਕੋਇ ਉਪਾਇੰਦਾ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਰਿ ਨਿਰੰਕਾਰ, ਆਦਿ ਜੁਗਾਦੀ ਏਕਾ ਕਾਰ, ਅਕਲ ਕਲ ਧਾਰੀ ਆਪ ਅਖਵਾਇੰਦਾ। ਅਕਲ ਕਲ ਕਲ ਹਰਿ ਭਗਵਾਨਾ, ਨਾ ਕੋਈ ਦੂਸਰ ਚਲੇ ਹੋਰ ਨਿਸ਼ਾਨਾ, ਨਾ ਕੋਈ ਰਚਨ ਰਚਾਈਆ। ਆਦਿ ਜੁਗਾਦੀ ਨੌਜਵਾਨਾ, ਬਾਲ ਬਿਰਧ ਨਾ ਕੋਇ ਵਖਾਈਆ। ਅਪਣਾ ਭਾਣਾ ਆਪ ਪਛਾਨਾ, ਆਪਣੇ ਭਾਣੇ ਵਿਚ ਸਮਾਈਆ। ਨਾ ਕੋਈ ਰਾਜਾ ਨਾ ਕੋਈ ਰਾਣਾ, ਰਾਓ ਰੰਕ ਨਾ ਕੋਇ ਅਖਵਾਈਆ। ਨਾ ਕੋਈ ਮਰਦ ਨਾ ਮਰਦਾਨਾ, ਪੂਤ ਸਪੂਤ ਨਾ ਦਏ ਉਪਾਈਆ। ਨਾ ਕੋਈ ਰਾਗ ਨਾ ਕੋਈ ਗਾਣਾ, ਤਾਲ ਤਲਵਾੜਾ, ਨਾ ਕੋਇ ਵਜਾਈਆ। ਨਾ ਕੋਈ ਪੀਣਾ ਨਾ ਕੋਈ ਖਾਣਾ, ਤ੍ਰਿਸਨਾ ਭੁੱਖ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਥਾਨ ਸੁਹਾਈਆ। ਥਾਨ ਥਨੰਤਰ ਹਰਿ ਨਿਰੰਕਾਰ, ਆਪਣਾ ਆਪ ਸੁਹਾਇੰਦਾ। ਖੇਲੇ ਖੇਲ ਅਪਰ ਅਪਾਰ, ਅਕਲ ਕਲ ਧਾਰੀ ਕਲ ਵਰਤਾਇੰਦਾ। ਸਚ ਦਵਾਰਾ ਕਰ ਤਿਆਰ, ਸਚਖੰਡ ਵਾਸੀ ਡੇਰਾ ਲਾਇੰਦਾ। ਥਿਰ ਘਰ ਸੋਹੇ ਬੰਕ ਦਵਾਰ, ਬੰਕ ਦਵਾਰੀ ਵੇਖ ਵਖਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਆਪ ਆਪਣੀ ਜੋਤ ਡਗਮਗਾਇੰਦਾ। ਦੂਸਰ ਨਾ ਕੋਈ ਦੀਸੇ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਖੇਲੇ ਖੇਲ ਸਤਿ ਸਤਿਵਾਦ, ਸਤਿ ਪੁਰਖ ਵੱਡੀ ਵਡਿਆਈਆ। ਆਪੇ ਜਾਣੇ ਆਦਿ ਜੁਗਾਦਿ, ਜੁਗ ਕਰਤਾ ਨਾਉਂ ਰਖਾਈਆ। ਕੋਟਨ ਕੋਟ ਉਪਾਏ ਸੰਤ ਸਾਧ, ਲੋਕਮਾਤ ਵੇਖ ਵਖਾਈਆ। ਸ਼ਬਦ ਅਨਾਦੀ ਦੇਵੇ ਦਾਦ, ਧੁਨ ਆਤਮਕ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਅਗੰਮ ਅਥਾਹ, ਪਾਰਬ੍ਰਹਮ ਅਖਵਾਇੰਦਾ। ਆਪੇ ਜਾਣੇ ਆਪਣਾ ਰਾਹ, ਆਪਣਾ ਮਾਰਗ ਆਪੇ ਲਾਇੰਦਾ। ਆਪ ਆਪਣੀ ਰਚਨ ਰਚਾ, ਆਪੇ ਅੰਤਮ ਢਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਲਏ ਉਪਾ, ਸਾਚੀ ਸੇਵਾ ਸੇਵਕ ਲਾਇੰਦਾ। ਨਾਮ ਨਿਧਾਨਾ ਏਕਾ ਗਾ, ਏਕਾ ਝੋਲੀ ਪਾਇੰਦਾ। ਸ਼ਬਦ ਤਰਾਨਾ ਆਪ ਸੁਣਾ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਅਕੱਲਾ, ਏਕਾ ਏਕ ਅਖਵਾਇਆ। ਵਸਣਹਾਰਾ ਉਚ ਮਹੱਲਾ, ਦਿਸ ਕਿਸੇ ਨਾ ਆਇਆ। ਜੋਤੀ ਸ਼ਬਦੀ ਆਪੇ ਰੱਲਾ, ਆਪ ਆਪਣਾ ਹੁਕਮ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਰੁਸ਼ਨਾਇਆ। ਨਿਰਗੁਣ ਨੂਰ ਪੁਰਖ ਅਗੰਮ, ਵਡ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਕੋਇ ਟਕਾਈਆ। ਜੁਗਾ ਜੁਗੰਤਰ ਜਾਣੇ ਆਪਣਾ ਕੰਮ, ਜਾਗਰਤ ਜੋਤ ਕਰੇ ਰੁਸ਼ਨਾਈਆ। ਗਗਨ ਪਤਾਲ ਰਹਾਏ ਬਿਨ ਬਿਨ ਥੰਮ, ਮੰਡਲ ਮੰਡਪ ਡੇਰਾ ਲਾਈਆ। ਹੱਡ ਮਾਸ ਨਾੜੀ ਨਾ ਦੀਸੇ ਚੰਮ, ਪੰਚਮ ਨਾਤਾ ਨਾ ਜੋੜ ਜੁੜਾਈਆ। ਪਵਣ ਸਵਾਸੀ ਨਾ ਲਏ ਦਮ, ਰਸਨਾ ਜੇਹਵਾ ਨਾ ਕੋਇ ਹਿਲਾਈਆ। ਨਾ ਕੋਈ ਤ੍ਰਿਸਨਾ ਨਾ ਕੋਈ ਤਮ, ਆਲਸ ਨਿੰਦਰਾ ਵਿਚ ਨਾ ਆਈਆ। ਆਪਣਾ ਬੇੜਾ ਆਪੇ ਬੰਨ, ਆਪਣੇ ਕੰਧ ਉਠਾਈਆ। ਸੇਵਾ ਲਾਏ ਸੂਰਜ ਚੰਨ, ਦੇਵੇ ਜੋਤ ਰੁਸ਼ਨਾਈਆ। ਆਪੇ ਕਰੇ ਖੰਨ ਖੰਨ, ਖੰਡਣਹਾਰਾ ਆਪ ਹੋ ਜਾਈਆ। ਲੱਖ ਚੁਰਾਸੀ ਆਪੇ ਘੜੇ ਆਪੇ ਦੇਵੇ ਭੰਨ, ਭੰਨਣਹਾਰ ਵਡ ਵਡਿਆਈਆ। ਦੇਵਣਹਾਰਾ ਆਪੇ ਡੰਨ, ਹਰ ਘਟ ਬੈਠਾ ਡੇਰਾ ਲਾਈਆ। ਨਾ ਕੋਈ ਛੱਪਰ ਨਾ ਕੋਈ ਛੰਨ, ਮੰਦਰ ਮੰਦਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਈਆ। ਨਿਰਗੁਣ ਧਾਰ ਅਲੱਖਣਾ ਅਲੱਖ, ਆਪਣੀ ਆਪ ਚਲਾਇੰਦਾ। ਤ੍ਰੈ ਤ੍ਰੈ ਵੇਤਾ ਕਰ ਪਰਤੱਖ, ਤ੍ਰੈ ਤ੍ਰੈ ਸੇਵ ਲਗਾਇੰਦਾ। ਨਿਰਗੁਣ ਸਰਗੁਣ ਕਰਿਆ ਵੱਖ, ਬ੍ਰਹਮ ਪਾਰਬ੍ਰਹਮ ਅਖਵਾਇੰਦਾ। ਆਪਣੀ ਵਸਤੂ ਅੰਦਰ ਰੱਖ, ਆਪੇ ਵੇਖ ਵਖਾਇੰਦਾ। ਦੂਸਰ ਨਾ ਕੋਈ ਸਕੇ ਦੱਸ, ਭੇਵ ਕੋਇ ਨਾ ਪਾਇੰਦਾ। ਸ਼ਬਦ ਅਨਾਦੀ ਬ੍ਰਹਮਾ ਵੇਤਾ ਕਰਿਆ ਵਸ, ਆਪਣਾ ਰਾਗ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਾਜ਼ਰ ਹਜ਼ੂਰ ਜੋਤੀ ਜੋਤ ਡਗਮਗਾਇੰਦਾ। ਜੋਤੀ ਨੂਰ ਹਰਿ ਉਜਾਲਾ, ਹਰਿ ਹਰਿ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਦੀਨ ਦਿਆਲਾ, ਦਇਆਨਿਧ ਨਾਮ ਧਰਾਇਆ। ਆਦਿ ਸ਼ਕਤੀ ਖੇਲ ਨਿਰਾਲਾ, ਖੇਲਣਹਾਰ ਭੇਵ ਨਾ ਪਾਇਆ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਆਪੇ ਪਾਵੇ ਤ੍ਰੈਗੁਣ ਮਾਇਆ ਜਗਤ ਜੰਜਾਲਾ, ਤੋੜਨਹਾਰ ਆਪ ਅਖਵਾਇਆ। ਆਪ ਉਠਾਏ ਕਾਲ ਮਹਾਂਕਾਲਾ, ਮਹਾਂਕਾਲ ਆਪ ਹੋ ਜਾਇਆ। ਆਪੇ ਬਣੇ ਹਰਿ ਦਲਾਲਾ, ਆਪ ਆਪਣੀ ਸੇਵਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ, ਸਚ ਸੁਲਤਾਨ ਹਰਿ ਮਿਹਰਵਾਨ, ਏਕਾ ਏਕ ਅਖਵਾਇਆ। ਸਚ ਤਖ਼ਤ ਹਰਿ ਸਚ ਸੁਲਤਾਨ, ਘਰ ਸਾਚੇ ਆਸਣ ਲਾਈਆ। ਪਰਮ ਪੁਰਖ ਪ੍ਰਭ ਮਿਹਰਵਾਨ, ਆਪ ਆਪਣੀ ਖੇਲ ਖਿਲਾਈਆ। ਆਪੇ ਜਾਣੇ ਧੁਰ ਫ਼ਰਮਾਨ, ਆਪੇ ਰਿਹਾ ਸੁਣਾਈਆ। ਬ੍ਰਹਮੇ ਦੇਵੇ ਇਕ ਗਿਆਨ, ਏਕਾ ਬੂਝ ਬੁਝਾਈਆ। ਚਾਰ ਵੇਦਾਂ ਵੇਖੇ ਮਾਰ ਧਿਆਨ, ਲੋਕਮਾਤ ਵੱਡੀ ਵਡਿਆਈਆ। ਹਰਿ ਕਾ ਰੂਪ ਨਾ ਸਕੇ ਪਛਾਨ, ਬੇਅੰਤ ਬੇਪਰਵਾਹੀਆ। ਪੰਜ ਤੱਤ ਕਰ ਪਰਧਾਨ, ਪੰਚਮ ਮੇਲ ਮਿਲਾਈਆ। ਮਨ ਮਤ ਬੁਧ ਨਿਧਾਨ, ਨਿਰਗੁਣ ਆਪਣੀ ਵਸਤ ਟਿਕਾਈਆ। ਬ੍ਰਹਿਮੰਡਾਂ ਮਾਰੇ ਆਪ ਧਿਆਨ, ਹਰਿ ਸਾਚਾ ਵੇਖ ਵਖਾਈਆ। ਕਰੋੜ ਤੇਤੀਸਾ ਬਾਲ ਨਿਧਾਨ, ਗੁਣਵੰਤਾ ਕਰੇ ਜਣਾਈਆ। ਅੰਮ੍ਰਿਤ ਆਤਮ ਪੀਣ ਖਾਣ, ਸੁਰਪਤ ਮੰਗ ਮੰਗਾਈਆ। ਅੱਠੇ ਨੇਤਰ ਇਕ ਧਿਆਨ, ਬ੍ਰਹਮਾ ਬੈਠਾ ਰਾਹ ਤਕਾਈਆ। ਹੱਥ ਤ੍ਰਿਸੂਲ ਇਕ ਨਿਸ਼ਾਨ, ਸ਼ੰਕਰ ਲਏ ਅੰਗੜਾਈਆ। ਵਿਸ਼ਨੂੰ ਦੇਵੇ ਜੀਆ ਦਾਨ, ਦਾਤਾ ਰਿਜ਼ਕ ਸਬਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੱਡਾ ਵਡ ਵਡਿਆਈਆ। ਵੱਡਾ ਦਾਤਾ ਬੇਪਰਵਾਹ, ਨਿਰਗੁਣ ਹਰਿ ਅਖਵਾਇਆ। ਸ਼ਬਦ ਸਰੂਪੀ ਬਣ ਮਲਾਹ, ਲੋਕਮਾਤ ਵੇਖ ਵਖਾਇਆ। ਦੇਵਣਹਾਰਾ ਸਚ ਸਲਾਹ, ਏਕਾ ਮੰਤਰ ਨਾਮ ਦ੍ਰਿੜਾਇਆ। ਜੀਵਾਂ ਜੰਤਾਂ ਆਪ ਬਣਾ, ਆਪ ਆਪਣਾ ਵਿਚ ਰਖਾਇਆ। ਘਰ ਵਿਚ ਘਰ ਆਪ ਸੁਹਾ, ਘਰ ਬੈਠਾ ਮੁਖ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸਤਿ ਸਤਿਵਾਦੀ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਵੇਖ ਵਖਾਇਆ। ਵੇਖ ਵਖਾਏ ਹਰ ਘਟ ਅੰਤਰ, ਹਰਿ ਸਾਚੇ ਵਡ ਵਡਿਆਈਆ। ਆਦਿ ਜੁਗਾਦੀ ਸਾਚਾ ਮੰਤਰ, ਆਪ ਆਪਣਾ ਨਾਉਂ ਉਪਜਾਈਆ। ਖੇਲੇ ਖੇਲ ਜੁਗਾ ਜੁਗੰਤਰ, ਜੁਗ ਜੁਗ ਵੇਖੇ ਖੇਲ ਸਬਾਈਆ। ਆਪ ਲਗਾਏ ਪੰਜ ਤੱਤ ਬਸੰਤਰ, ਆਪੇ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਆਪ ਵਰਤਾਈਆ। ਕਲ ਵਰਤੰਤਾ ਮੀਤ ਮੁਰਾਰਾ, ਪਰਮ ਪੁਰਖ ਅਖਵਾਇੰਦਾ। ਨਿਰਗੁਣ ਨੂਰ ਨੂਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਗਗਨ ਪਾਤਾਲਾਂ ਵੇਖ ਵਖਾਇੰਦਾ। ਆਕਾਸ਼ ਪਰਕਾਸ਼ ਹੋ ਉਜਿਆਰਾ, ਧਰਤ ਧਵਲ ਡੇਰਾ ਲਾਇੰਦਾ। ਲੱਖ ਚੁਰਾਸੀ ਦਏ ਸਹਾਰਾ, ਧੀਰਜ ਧੀਰ ਧਰਾਇੰਦਾ। ਸਰਗੁਣ ਨਿਰਗੁਣ ਕਰ ਪਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਸਤਿਗੁਰ ਹੋ ਅਵਤਾਰਾ, ਆਪ ਆਪਣੀ ਜੋਤ ਜਗਾਇੰਦਾ। ਭਗਤੀ ਦੇਵੇ ਸਚ ਭੰਡਾਰਾ, ਲੋਕਮਾਤ ਵਰਤਾਇੰਦਾ। ਸਾਧਾਂ ਸੰਤਾਂ ਖਿਚ ਬਹਾਏ ਚਰਨ ਦਵਾਰਾ, ਆਪ ਆਪਣੀ ਬੂਝ ਬੁਝਾਇੰਦਾ। ਸੰਤ ਸਤਿਗੁਰ ਹੋਏ ਵਣਜਾਰਾ, ਨਾਮ ਭਿਛਿਆ ਮੰਗ ਮੰਗਾਇੰਦਾ। ਸਤਿਗੁਰ ਪੂਰਾ ਭਰਨਹਾਰਾ ਭੰਡਾਰਾ, ਪੁਰਖ ਅਕਾਲ ਇਕ ਅਖਵਾਇੰਦਾ। ਕੋਟਨ ਕੋਟ ਮੰਗਦੇ ਰਹਿਣ ਦਵਾਰਾ, ਅਤੋਟ ਅਤੁਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਜੋਤ ਧਰ, ਸਤਿਗੁਰ ਪੂਰਾ ਆਪ ਅਖਵਾਇੰਦਾ। ਸਤਿਗੁਰ ਪੂਰਾ ਸਤਿ ਹੈ, ਸਤਿਪੁਰਖ ਸੁਲਤਾਨ। ਸਾਧਾਂ ਸੰਤਾਂ ਦੇਵੇ ਬ੍ਰਹਮ ਮਤ ਹੈ, ਏਕਾ ਬ੍ਰਹਮ ਗਿਆਨ। ਸਤਿ ਸੰਤੋਖੀ ਦੇਵੇ ਧੀਰਜ ਜਤ ਹੈ, ਮੇਟ ਮਿਟਾਏ ਪੰਜ ਸ਼ੈਤਾਨ। ਬਹੱਤਰ ਨਾੜ ਨਾ ਉਬਲੇ ਰਤ ਹੈ, ਆਸਾ ਤ੍ਰਿਸਨਾ ਨਾ ਕਰੇ ਵੈਰਾਨ। ਹਉਮੇ ਹੰਗਤਾ ਬੁਰਜ ਜਾਏ ਢੱਠ ਹੈ, ਮਾਰੇ ਸ਼ਬਦ ਤੀਰ ਨਿਸ਼ਾਨ। ਚਰਨ ਦਵਾਰ ਵਖਾਏ ਤੀਰਥ ਅਠਸਠ ਹੈ, ਗੰਗਾ ਗੋਦਾਵਰੀ ਸੁਰਸਤੀ ਜਮਨਾ ਵੇਖ ਵਖਾਨ। ਜੋਤੀ ਨੂਰ ਉਜਾਲਾ ਦੀਨ ਦਿਆਲਾ ਹਰਿ ਗੋਪਾਲਾ ਆਪ ਮਹਿਕਾਏ ਲਟ ਲਟ ਹੈ, ਦੇਵੇ ਦਾਤਾ ਗੁਣ ਨਿਧਾਨ। ਚੌਦਾਂ ਲੋਕ ਵਖਾਏ ਸਾਚਾ ਹੱਟ ਹੈ, ਆਪੇ ਹੋਏ ਨਿਗਹਬਾਨ। ਤ੍ਰਿਲੋਕੀ ਨੰਦਨ ਮੇਟੇ ਫਟ ਹੈ, ਤਿੰਨਾਂ ਲੋਕਾਂ ਪਾਰ ਕਰਾਨ। ਸਚਖੰਡ ਦਵਾਰਾ ਇਕਉਂਕਾਰਾ ਹਰਿ ਨਿਰੰਕਾਰਾ, ਏਕਾ ਸੁੱਤਾ ਖਾਟ ਹੈ, ਜੋਤੀ ਨੂਰ ਨੂਰ ਉਜਿਆਰਾ। ਆਪੇ ਜਾਣੇ ਆਪਣੀ ਵਾਟ ਹੈ, ਨਾ ਕੋਈ ਚੜ੍ਹੇ ਜੀਵ ਸੰਸਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਏਕਾ ਏਕ ਆਦਿ ਅਵਤਾਰਾ। ਆਦਿ ਜੁਗਾਦੀ ਹਰਿ ਅਵਤਾਰ, ਇਕਉਂਕਾਰ ਅਖਵਾਈਆ। ਜੁਗਾ ਜੁਗੰਤਰ ਪੈਜ ਸਵਾਰ, ਜਨ ਭਗਤਾਂ ਲਏ ਤਰਾਈਆ। ਸਾਧਾਂ ਸੰਤਾਂ ਦਏ ਪਿਆਰ, ਚਰਨ ਕਵਲ ਸੱਚੀ ਸਰਨਾਈਆ। ਸੰਤ ਸਾਜਣ ਮੰਗੀ ਭਿਖ ਬਣ ਭਿਖਾਰ, ਅੱਗੇ ਆਪਣੀ ਝੋਲੀ ਡਾਹੀਆ। ਦੇਵਣਹਾਰਾ ਵਾਰੋ ਵਾਰ, ਆਪਣੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਅਬਿਨਾਸ਼ੀ ਕਰਤਾ ਇਕ ਅਖਵਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ, ਕਰਨੀ ਕਰਮ ਕਮਾਇੰਦਾ। ਆਦਿ ਜੁਗਾਦਿ ਕਦੇ ਨਾ ਡਰਦਾ, ਮਰਨ ਜਨਮ ਨਾ ਕੋਇ ਰਖਾਇੰਦਾ। ਆਪਣੀ ਤਰਨੀ ਆਪੇ ਤਰਦਾ, ਤਾਰਨਹਾਰ ਵਡ ਵਡਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਸਦਾ ਸੁਹੇਲਾ ਵਸੇ ਸੰਗ, ਵਿਛੜ ਕਦੇ ਨਾ ਜਾਇੰਦਾ। ਸਦਾ ਸੁਹੇਲਾ ਸੱਜਣ ਮੀਤ, ਹਰਿ ਸਤਿਗੁਰ ਪੁਰਖ ਅਖਵਾਇਆ। ਸੰਤਾਂ ਸੁਣਾਏ ਸਾਚਾ ਗੀਤ, ਸ਼ਬਦ ਅਨਾਦੀ ਆਪ ਅਲਾਇਆ। ਜੁਗਾ ਜੁਗੰਤਰ ਸਾਚੀ ਰੀਤ, ਸਾਚਾ ਮਾਰਗ ਦਏ ਵਖਾਇਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਲਏ ਤਰਾਇਆ। ਕਾਇਆ ਕਰੇ ਠੰਡੀ ਸੀਤ, ਜਿਸ ਜਨ ਬਖ਼ਸ਼ੇ ਸਚ ਸਰਨਾਇਆ। ਏਕਾ ਏਕ ਵਸੇ ਚੀਤ, ਦੂਜਾ ਭੌ ਰਹੇ ਨਾ ਰਾਇਆ। ਤੀਜੇ ਨੇਤਰ ਇਕ ਪ੍ਰੀਤ, ਸਵੱਛ ਸਰੂਪੀ ਦਰਸ ਵਖਾਇਆ। ਚੌਥਾ ਪਦ ਜਾਏ ਜੀਤ, ਜਿਸ ਜਨ ਸਿਰ ਆਪਣਾ ਹੱਥ ਟਿਕਾਇਆ। ਪੰਚਮ ਮੇਲਾ ਹਸਤ ਕੀਟ, ਹਰਿ ਸਾਚਾ ਘਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਧਾਰ ਨਿਰਾਕਾਰ, ਨਿਰਵੈਰ ਆਪ ਹੋ ਜਾਇਆ। ਨਿਰਵੈਰ ਅਕਾਲ ਮੂਰਤ, ਜੂਨੀ ਰਹਿਤ ਅਖਵਾਈਆ। ਸ਼ਬਦ ਅਨਾਦੀ ਸਾਚੀ ਤੂਰਤ, ਆਪਣੀ ਆਪ ਵਜਾਈਆ। ਆਪੇ ਵਸੇ ਨੇੜੇ ਦੂਰਤ, ਦੂਰ ਨੇੜੇ ਆਪ ਹੋ ਜਾਈਆ। ਸੰਤਾਂ ਭਗਤਾਂ ਆਪੇ ਕਰੇ ਆਸਾ ਪੂਰਤ, ਨਾਮ ਵਸਤ ਝੋਲੀ ਪਾਈਆ। ਨਾਤਾ ਤੋੜੇ ਕੂੜੋ ਕੂੜਤ, ਸਚ ਸੁੱਚ ਕਰੇ ਕੁੜਮਾਈਆ। ਏਕਾ ਬਖ਼ਸ਼ੇ ਚਰਨ ਧੂੜਤ, ਮਸਤਕ ਟਿੱਕਾ ਮੇਟੇ ਝੂਠੀ ਸ਼ਾਹੀਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਤ, ਹਰਿ ਸਤਿਗੁਰ ਹੱਥ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਧਾਰ ਇਕ ਅਖਵਾਈਆ। ਨਿਰਾਧਾਰ ਪੁਰਖ ਅਕਾਲਾ, ਲੋਕਮਾਤ ਵੇਖ ਵਖਾਇੰਦਾ। ਆਪੇ ਚਲੇ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਜਨ ਭਗਤਾਂ ਦੱਸੇ ਰਾਹ ਸੁਖਾਲਾ, ਸਾਚੇ ਮਾਰਗ ਆਪੇ ਲਾਇੰਦਾ। ਸ਼ਬਦ ਸਰੂਪੀ ਬਣ ਦਲਾਲਾ, ਏਕਾ ਵਣਜ ਕਰਾਇੰਦਾ। ਫਲ ਲਗਾਏ ਕਾਇਆ ਡਾਲ੍ਹਾ, ਅੰਮ੍ਰਿਤ ਫਲ ਇਕ ਖੁਵਾਇੰਦਾ। ਵੇਖੇ ਮੰਦਰ ਸੱਚੀ ਧਰਮਸਾਲਾ, ਜੋਤ ਨਿਰੰਜਣ ਡਗਮਗਾਇੰਦਾ। ਸ਼ਬਦ ਅਨਾਦੀ ਵੱਜੇ ਤਾਲਾ, ਅਨਹਦ ਰਾਗ ਸੁਣਾਇੰਦਾ । ਸਰ ਸਰੋਵਰ ਮਾਰੇ ਉਛਾਲਾ, ਅੰਮ੍ਰਿਤ ਆਤਮ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸੰਤ ਸਾਜਣ ਮੀਤ ਮੁਰਾਰ, ਆਪ ਆਪਣੀ ਕਿਰਪਾ ਧਾਰ, ਦੇਵੇ ਨਾਮ ਇਕ ਅਧਾਰ, ਏਕਾ ਬੂਝ ਬੁਝਾਇੰਦਾ। ਸੰਤਨ ਮੀਤਾ ਹਰਿ ਭਗਵਾਨਾ, ਭਗਤੀ ਭਗਤ ਤਰਾਇੰਦਾ। ਅਗੰਮ ਅਗੰਮੜਾ ਇਕ ਤਰਾਨਾ, ਅਲੱਖਣਾ ਅਲੱਖ ਸੁਣਾਇੰਦਾ। ਸਚਖੰਡ ਦਵਾਰੇ ਖੇਲ ਮਹਾਨਾ, ਜੋਤੀ ਜੋਤ ਡਗਮਗਾਇੰਦਾ। ਸੁਨ ਅਗੰਮੀ ਵੇਖ ਵਖਾਨਾ, ਆਪ ਆਪਣੀ ਧਾਰ ਬੰਧਾਇੰਦਾ। ਆਪੇ ਵਸੇ ਪੰਜ ਤੱਤ ਮਕਾਨਾ, ਦਸਮ ਦਵਾਰੀ ਡੇਰਾ ਲਾਇੰਦਾ। ਆਤਮ ਸੇਜਾ ਰੰਗ ਰੰਗਾਨਾ, ਸਚ ਸਿੰਘਾਸਣ ਆਪ ਵਿਛਾਇੰਦਾ। ਨਾਰੀ ਸੁਰਤੀ ਮੇਲ ਮਿਲਾਨਾ, ਸ਼ਬਦੀ ਕੰਤ ਹੰਢਾਇੰਦਾ। ਪੰਚਮ ਸਖੀਆਂ ਗਾਇਣ ਗਾਣਾ, ਸਾਚਾ ਮੰਗਲ ਆਪ ਅਲਾਇੰਦਾ। ਸਰ ਸਰੋਵਰ ਇਕ ਵਖਾਨਾ, ਕਾਗੋਂ ਹੰਸ ਬਣਾਇੰਦਾ। ਰਾਗ ਅਨਾਦੀ ਇਕ ਸੁਨਾਣਾ, ਏਕਾ ਤਾਲ ਵਜਾਇੰਦਾ। ਡੂੰਘੀ ਭਵਰੀ ਪਾਰ ਕਰਾਣਾ, ਜੋਤ ਨਿਰੰਜਣ ਡਗਮਗਾਇੰਦਾ। ਨੌ ਦਵਾਰੇ ਛੁੱਟੇ ਆਵਣ ਜਾਣਾ, ਹਰਿਜਨ ਸਾਚੇ ਵੇਖ ਵਖਾਇੰਦਾ। ਅੱਖਰ ਵੱਖਰ ਇਕ ਪੜ੍ਹਾਨਾ, ਜਗਤ ਵਿਦਿਆ ਨਾ ਕੋਇ ਸਿਖਾਇੰਦਾ। ਪੁਰਖ ਅਗੰਮਾ ਏਕਾ ਦੇਵੇ ਧੁਰ ਫ਼ਰਮਾਨਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਹਰਿ ਕਾ ਰੂਪ ਨਾ ਕਿਸੇ ਪਛਾਨਾ, ਰਸਨਾ ਜੇਹਵਾ ਲੱਖ ਚੁਰਾਸੀ ਗਾਇੰਦਾ। ਸਾਧਾਂ ਸੰਤਾਂ ਬਖ਼ਸ਼ੇ ਚਰਨ ਧਿਆਨਾ, ਸਿਰ ਆਪਣਾ ਹੱਥ ਟਿਕਾਇੰਦਾ। ਆਤਮ ਅੰਤਰ ਇਕ ਗਿਆਨਾ, ਏਕਾ ਬ੍ਰਹਮ ਵਖਾਇੰਦਾ। ਏਕਾ ਗੋਪੀ ਏਕਾ ਕਾਹਨਾ, ਏਕਾ ਨਾਚ ਨਚਾਇੰਦਾ। ਏਕਾ ਸੀਤਾ ਏਕਾ ਰਾਮਾ, ਤੀਰ ਕਮਾਨਾ ਇਕ ਉਠਾਇੰਦਾ। ਏਕਾ ਨਾਨਕ ਗਾਏ ਪਦ ਨਿਰਬਾਨਾ, ਨਿਰਭੈ ਰੂਪ ਆਪ ਹੋ ਜਾਇੰਦਾ। ਗੋਬਿੰਦ ਮਾਰੇ ਸਚ ਨਿਸ਼ਾਨਾ, ਬਜਰ ਕਪਾਟੀ ਤੋੜ ਤੁੜਾਇੰਦਾ। ਪੁਰਖ ਅਬਿਨਾਸ਼ੀ ਦੇਵੇ ਮਾਣਾ, ਹਰਿ ਸੰਤਾਂ ਆਪ ਉਠਾਇੰਦਾ। ਸਤਿ ਪੁਰਖ ਨਿਰੰਜਣ ਗੁਣ ਨਿਧਾਨਾ, ਗੁਣਵੰਤਾ ਆਪ ਅਖਵਾਇੰਦਾ। ਜੁਗਾ ਜੁਗੰਤਰ ਲੋਕਮਾਤ ਵੇਖੇ ਮਾਰ ਧਿਆਨਾ, ਗੁਰ ਅਵਤਾਰ ਆਪ ਹੋ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕਉਂਕਾਰ, ਆਦਿ ਜੁਗਾਦੀ ਕਰ ਪਸਾਰ, ਨਿਰਮਲ ਜੋਤੀ ਕਰ ਉਜਿਆਰ, ਆਦਿ ਨਿਰੰਜਣ ਸੇਵਾਦਾਰ, ਜੋਤ ਨਿਰੰਜਣ ਡਗਮਗਾਇੰਦਾ। ਜੋਤ ਨਿਰੰਜਣ ਸਾਚੀ ਰਾਣੀ, ਹਰਿ ਆਪਣੀ ਆਪ ਉਠਾਇੰਦਾ। ਅੰਮ੍ਰਿਤ ਆਤਮ ਠੰਡਾ ਪਾਣੀ, ਭਰ ਪਿਆਲਾ ਰਹੀ ਪਿਆਈਆ। ਗੁਰ ਕਾ ਸ਼ਬਦ ਸੱਚਾ ਹਾਣੀ, ਰਾਹ ਤੱਕੇ ਨੈਣ ਉਠਾਈਆ। ਸਾਚੇ ਮੰਦਰ ਸਾਚੀ ਬਾਣੀ, ਹਰਿ ਸਾਚਾ ਰਿਹਾ ਸੁਣਾਈਆ। ਸੰਤਾਂ ਪਾਇਆ ਏਕਾ ਪਦ ਨਿਰਬਾਣੀ, ਗੁਰ ਪੂਰੇ ਬੂਝ ਬੁਝਾਈਆ। ਭਰਮੇ ਭੁੱਲੀ ਚਾਰੇ ਖਾਣੀ, ਚਾਰ ਵਰਨ ਕਰੇ ਲੜਾਈਆ। ਹਰਿ ਕੀ ਜੋਤ ਨਾ ਕਿਸੇ ਪਛਾਨੀ, ਨੇਤਰ ਨੈਣ ਨਾ ਕਿਸੇ ਖੁਲ੍ਹਾਈਆ। ਫਲ ਨਾ ਦਿਸੇ ਕਿਸੇ ਡਾਲ੍ਹੀ, ਫਲ ਫੁਲਵਾੜੀ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪ ਚਲਾਏ ਆਪਣਾ ਮੰਤਰ, ਆਪਣੇ ਸ਼ਬਦ ਦਏ ਵਡਿਆਈਆ। ਸਤਿਜੁਗ ਸਾਚੇ ਸਾਚੀ ਧਾਰ, ਸਤਿਪੁਰਖ ਨਿਰੰਜਣ ਆਪ ਚਲਾਈਆ। ਭਗਤ ਭਗਵੰਤਾ ਮੇਲ ਸੰਸਾਰ, ਦੂਤਾਂ ਦੁਸ਼ਟਾਂ ਦਏ ਖਪਾਈਆ। ਵਰਨਾਂ ਬਰਨਾਂ ਵਸਿਆ ਬਾਹਰ, ਆਪ ਆਪਣਾ ਮੁਖ ਛੁਪਾਈਆ। ਤ੍ਰੇਤੇ ਤੇਰੀ ਪਾਵੇ ਸਾਰ, ਤੇਰਾ ਰੰਗ ਰੰਗਾਈਆ। ਹਰਿ ਕਾ ਰੂਪ ਅਪਰ ਅਪਾਰ, ਛੇ ਸ਼ਾਸਤਰ ਚਾਰ ਵੇਦ ਭੇਵ ਨਾ ਰਾਈਆ। ਦੁਆਪਰ ਤੇਰਾ ਵੇਖ ਕਿਨਾਰ, ਆਪ ਆਪਣੀ ਕਲ ਵਰਤਾਈਆ। ਆਪੇ ਵਸਿਆ ਸਭ ਤੋਂ ਬਾਹਰ, ਅਛਲ ਅਛੱਲ ਖੇਲ ਖਿਲਾਈਆ। ਏਕਾ ਮੀਤਾ ਉਧਰਿਆ ਪਾਰ, ਇਕ ਗਿਆਨ ਦ੍ਰਿੜਾਈਆ। ਕਲਜੁਗ ਤੇਰੀ ਕਾਲੀ ਧਾਰ, ਹਰਿ ਸਾਚੇ ਵਡ ਵਡਿਆਈਆ। ਚਾਰੋਂ ਕੁੰਟ ਅੰਧ  ਅੰਧਿਆਰ, ਰੈਣ ਅੰਧੇਰੀ ਰਹੀ ਛਾਈਆ। ਨੌ ਖੰਡ ਪ੍ਰਿਥਮੀ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣੀ ਬਣਤ ਬਣਾਈਆ। ਬਣਤ ਬਣਾਏ ਹਰਿ ਬਨਵਾਰੀ, ਹਰ ਘਟ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਜੋਤ ਨਿਰੰਕਾਰੀ, ਨਿਰਗੁਣ ਆਪ ਜਣਾਇੰਦਾ। ਈਸਾ ਮੂਸਾ ਵਣਜ ਵਾਪਾਰੀ, ਏਕਾ ਕਲਮਾ ਆਪ ਪੜ੍ਹਾਇੰਦਾ। ਸੰਗ ਮੁਹੰਮਦ ਲਾਈ ਯਾਰੀ, ਸਾਚਾ ਹੁਕਮ ਸੁਣਾਇੰਦਾ। ਨਾਨਕ ਨਿਰਗੁਣ ਕਰੇ ਕਾਰੀ, ਤ੍ਰੈਗੁਣ ਬੰਧਨ ਤੋੜ ਤੁੜਾਇੰਦਾ। ਗੁਰ ਗੋਬਿੰਦ ਖੇਲ ਅਪਾਰੀ, ਸ਼ਬਦ ਖੰਡਾ ਹੱਥ ਉਠਾਇੰਦਾ। ਸਾਧਾਂ ਸੰਤਾਂ ਜੀਆਂ ਜੰਤਾਂ ਰਿਹਾ ਵੇਖ ਵਿਚਾਰੀ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਲਾਹੀ ਬੇਪਰਵਾਹ ਏਕਾ ਨਾਮ ਸੱਚਾ ਜਾਮ, ਜਨ ਸੰਤਾਂ ਆਪ ਪਿਆਇੰਦਾ। ਹਰਿ ਸੰਤ ਭਗਤ ਵਡਿਆਈ, ਹਰਿ ਵਡਿਆਇੰਦਾ। ਕਬੀਰੇ ਦੇਵੇ ਇਕ ਰੁਸ਼ਨਾਈ, ਏਕਾ ਨੈਣ ਖੁਲ੍ਹਾਇੰਦਾ। ਏਕਾ ਘਰ ਧੀ ਜਵਾਈ, ਸੌਹਰੇ ਪੇਕੇ ਇਕ ਸੁਹਾਇੰਦਾ। ਏਕਾ ਘਰ ਵੱਜੀ ਵਧਾਈ, ਏਕ ਮੰਗਲ ਢੋਲਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪਣਾ ਨਾਮ ਆਪ ਜਪਾਇੰਦਾ। ਕਬੀਰੇ ਜਪਿਆ ਹਰਿ ਹਰਿ ਨਾਉਂ, ਹਰਿ ਸਾਚੇ ਵੇਖ ਵਖੰਨਿਆ। ਆਪੇ ਬਣਿਆ ਪਿਤਾ ਮਾਉਂ, ਲੋਕਮਾਤ ਆਇਆ ਭੰਨਿਆਂ। ਗੰਗਾ ਨੀਰ ਕਰੇ ਸਚ ਨਿਆਂ, ਖੇਲੇ ਖੇਲ ਅਛਲ ਅਛੰਨਿਆ। ਦੇਵਣਹਾਰਾ ਸਾਚਾ ਥਾਂ, ਪੁਰਖ ਅਬਿਨਾਸ਼ੀ ਏਕਾ ਮੰਨਿਆ। ਨਗਰ ਖੇੜਾ ਸਚ ਗਰਾਂ, ਸਚਖੰਡ ਦਵਾਰਾ ਇਕ ਵਖੰਨਿਆ। ਪਾਰ ਕਰਾਇਆ ਫੜ ਕੇ ਬਾਂਹ, ਹਰਿ ਜੋਤੀ ਜੋਤ ਮਿਲੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੰਗ ਸਦਾ ਸੰਗ, ਹਰਿ ਸਾਚਾ ਸਚ ਵਖੰਨਿਆ। ਸਚ ਧਾਮ ਹਰਿ ਸੁਹੰਦੜਾ, ਅਗੰਮ ਅਥਾਹ ਅਖਵਾਇੰਦਾ। ਭਗਤ ਭਗਵੰਤ ਮੇਲ ਮਿਲੰਦੜਾ, ਦਿਸ ਕਿਸੇ ਨਾ ਆਇੰਦਾ। ਸਰਗੁਣ ਜੋਤੀ ਨਿਰਗੁਣ ਜਗੰਦੜਾ, ਬ੍ਰਹਮ ਪਾਰਬ੍ਰਹਮ ਮਿਲਾਇੰਦਾ। ਸੰਤਾਂ ਮਾਰਗ ਇਕ ਵਖੰਦੜਾ, ਸਾਚਾ ਮਾਰਗ ਇਕ ਜਣਾਇੰਦਾ। ਭਰਮ ਭੁਲੇਖੇ ਦੂਰ ਕਰੰਦੜਾ, ਅੰਧ ਅੰਧੇਰ ਗਵਾਇੰਦਾ। ਸਤਿਗੁਰ ਪੂਰਾ ਹਰਿ ਬਖ਼ਸ਼ਿੰਦੜਾ, ਬਖ਼ਸ਼ਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਸਾਚੇ ਘਰ, ਹਰਿ ਸਾਚਾ ਮੇਲ ਮਿਲਾਇੰਦਾ। ਹਰਿ ਸੰਤ ਵਡਿਆਈ ਧੰਨ, ਹਰਿ ਹਰਿ ਮੰਗਲ ਗਾਇਆ। ਹਰਿ ਭਗਤ ਵਡਿਆਈ ਧੰਨ, ਸਤਿਗੁਰ ਪੁਰਖ ਇਕ ਮਨਾਇਆ। ਹਰਿ ਸੰਤ ਵਡਿਆਈ ਧਨ, ਹਉਮੇ ਰੋਗ ਗਵਾਇਆ। ਹਰਿ ਭਗਤ ਵਡਿਆਈ ਧਨ, ਏਕਾ ਓਟ ਰਖਾਇਆ। ਹਰਿ ਸੰਤ ਵਡਿਆਈ ਧਨ, ਮਾਇਆ ਮਮਤਾ ਮੋਹ ਤਜਾਇਆ। ਹਰਿ ਭਗਤ ਵਡਿਆਈ ਧੰਨ, ਕਾਇਆ ਰੰਗਣ ਇਕ ਚੜ੍ਹਾਇਆ। ਦੋਹਾਂ ਬੇੜਾ ਦੇਵੇ ਬੰਨ, ਸਤਿਗੁਰ ਪੂਰਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਗੁਰ ਅਵਤਾਰ ਹਰਿ ਨਿਰੰਕਾਰ ਇਕ ਅਖਵਾਇਆ। ਆਦਿ ਜੁਗਾਦੀ ਹਰਿ ਅਵਤਾਰਾ, ਜੁਗ ਜੁਗ ਵੇਸ ਵਟਾਇਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰਾ, ਕਲਜੁਗ ਵੇਲਾ ਅੰਤਮ ਆਇਆ। ਚਾਰ ਵਰਨਾਂ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇਆ। ਬਰਨ ਅਠਾਰਾਂ ਰਹੇ ਪੁਕਾਰਾ, ਨੇਤਰ ਰੋ ਰੋ ਨੀਰ ਵਹਾਇਆ। ਧਰਤ ਮਾਤ ਮਾਰੇ ਨਾਅਰਾ, ਖੁਲੜੇ ਕੇਸ ਗਲ ਵਿਚ ਪਾਇਆ। ਸਾਧਾਂ ਸੰਤਾਂ ਕਾਮ ਕਰੋਧ ਲੋਭ ਮੋਹ ਵਧਿਆ ਹੰਕਾਰਾ, ਜਗਤ ਤ੍ਰਿਸਨਾ ਨਾ ਕੋਇ ਬੁਝਾਇਆ। ਪੜ੍ਹ ਪੜ੍ਹ ਵੇਦ ਨਾ ਕਿਸੇ ਵਿਚਾਰਾ, ਗਾ ਗਾ ਰਸਨ ਕਰੇ ਹਲਕਾਇਆ। ਅਠਾਰਾਂ ਪੁਰਾਨ ਨਾ ਬੰਨੀ ਧਾਰਾ, ਲੱਖ ਚਾਰ ਹਜ਼ਾਰ ਸਤਾਰਾਂ ਸਲੋਕ ਨਾ ਕਿਸੇ ਗਣਾਇਆ। ਅਠਾਰਾਂ ਧਿਆਏ ਨਾ ਪਾਇਣ ਸਾਰਾ, ਅਰਜਨ ਰੂਪ ਨਾ ਕਿਸੇ ਵਖਾਇਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਕੁਤਬ ਗੌਂਸ ਮਾਰਨ ਨਾਅਰਾ, ਐਨਲਹੱਕ ਨਾ ਕੋਇ ਅਖਵਾਇਆ। ਚਾਰੋਂ ਕੁੰਟ  ਚਾਰ ਯਾਰਾ, ਮੁਕਾਮੇ ਹੱਕ ਨਾ ਮੇਲਾ ਇਕ ਖ਼ੁਦਾਇਆ। ਪੰਡਤ ਪਾਂਧੇ ਤਿਲਕ ਮਸਤਕ ਲਾਇਆ ਭਾਰਾ, ਜੋਤ ਲਲਾਟ ਨਾ ਕੋਇ ਜਗਾਇਆ। ਗੁਰ ਗੱਦੀ ਬਣ ਬਣ ਬੈਠੇ ਵਿਚ ਸੰਸਾਰਾ, ਗੁਰ ਕਾ ਰੂਪ ਨਜ਼ਰ ਨਾ ਆਇਆ। ਆਪੇ ਵੇਖੇ ਆਰ ਪਾਰ, ਕਿਨਾਰਾ, ਬੇਆਸ ਧਾਰਾ ਆਪ ਰੁੜ੍ਹਾਇਆ। ਸ਼ਬਦ ਖੰਡਾ ਤੇਜ਼ ਕਟਾਰਾ, ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪਣੇ ਹੱਥ ਉਠਾਇਆ। ਕਲਜੁਗ ਅੰਤਮ ਲੈ ਅਵਤਾਰਾ, ਨਿਹਕਲੰਕਾ ਨਾਉਂ ਰਖਾਇਆ। ਸਾਧਾਂ ਸੰਤਾਂ ਕਰੇ ਵਿਚਾਰਾ, ਜੂਠ ਝੂਠ ਰਹਿਣ ਨਾ ਪਾਇਆ। ਅੰਦਰ ਵੜ ਵੜ ਮਾਰੇ ਮਾਰਾ, ਦਿਸ ਕਿਸੇ ਨਾ ਆਇਆ। ਦਸਮ ਦਵਾਰੀ ਨਾ ਕੀਆ ਕੋਇ ਉਜਿਆਰਾ, ਅਗੰਮ ਅਗੰਮ ਰਹੇ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਆਪੇ ਫੋਲੇ, ਸਾਧਾਂ ਸੰਤਾਂ ਨਾਮ ਕੰਡੇ ਤੋਲੇ, ਸਾਚਾ ਤੋਲਾ ਇਕ ਅਖਵਾਇਆ। ਤੋਲਣਹਾਰਾ ਸਾਚੇ ਕੰਡੇ, ਹਰਿ ਕੰਡਾ ਹੱਥ ਉਠਾਇੰਦਾ। ਵੇਖ ਵਖਾਏ ਵਿਚ ਬ੍ਰਹਿਮੰਡੇ, ਉਤਭੁਜ ਸੇਤਜ ਫੋਲ ਫੋਲਾਇੰਦਾ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪੇ ਵੰਡੇ, ਲੱਖਣ ਪੁਸ਼ਕਰ ਕਰੋਚ ਫੇਰਾ ਪਾਇੰਦਾ। ਜੰਬੂ ਤੇਰਾ ਤੋੜ ਘਮੰਡੇ, ਖ਼ਾਕੀ ਖ਼ਾਕ ਮਿਲਾਇੰਦਾ। ਸਲਮਲ ਸਾਨ ਮਾਰੇ ਡੰਡੇ, ਸ਼ਬਦ ਡੰਡਾ ਹੱਥ ਰਖਾਇੰਦਾ। ਕੁਸ਼ਾ ਆਤਮ ਹੋਏ ਰੰਡੇ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਪੁਰਖ ਅਬਿਨਾਸ਼ੀ ਕਲਜੁਗ ਅੰਤਮ ਜੂਠੀ ਝੂਠੀ ਕੰਡ ਆਪੇ ਵੱਢੇ, ਭੇਖ ਪਾਖੰਡ ਮਿਟਾਇੰਦਾ। ਸਾਧਾਂ ਸੰਤਾਂ ਆਪ ਲਡਾਏ ਆਪਣੇ ਲਡੇ, ਆਪ ਆਪਣੀ ਗੋਦ ਉਠਾਇੰਦਾ। ਦੂਰ ਦੁਰਾਡੇ ਕੋਈ ਨਾ ਛੱਡੇ, ਅਨਭਵ ਪਰਕਾਸ਼ ਕਰਾਇੰਦਾ। ਕਲਜੁਗ ਤੇਰੀਆਂ ਸੀਆਂ ਹੇਠ ਗੱਡੇ, ਉਪਰ ਭਾਰ ਆਪਣਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਹਰਿ ਨਿਰੰਕਾਰ ਆਪਣੀ ਆਪ ਚਲਾਇੰਦਾ। ਕਲਜੁਗ ਤੇਰਾ ਕਾਲਾ ਰੂਪ, ਚਾਰੋਂ ਕੁੰਟ ਲਏ ਅੰਗੜਾਈਆ। ਮੰਦਰ ਗੁਰੂਦਵਾਰ ਧੁਖਦੇ ਧੂਪ, ਸਾਚਾ ਹਵਨ ਨਾ ਕੋਈ ਕਰਾਈਆ। ਗਿਆਨ ਧਿਆਨ ਬੋਲਤ ਝੂਠ, ਪੰਡਤ ਪਾਂਧੇ ਦੇਣ ਦੁਹਾਈਆ। ਸਚ ਧਰਮ ਗਿਆ ਰੂਠ, ਸਚ ਨਾਮ ਨਾ ਕੋਈ ਜਣਾਈਆ। ਖਾਲੀ ਦਿਸਨ ਸਭ ਦੇ ਠੂਠ, ਨਾਮ ਵਸਤ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣ ਆਇਆ ਤੇਰੀ ਸ਼ਾਹੀਆ। ਕਲਜੁਗ ਕੂੜਾ ਸ਼ਾਹ ਸੁਲਤਾਨ, ਕੂੜਾ ਕੂੜ ਕਰੇ ਵਿਹਾਰਿਆ। ਸਿਕਦਾਰ ਬਣਾਏ ਪੰਜ ਸ਼ੈਤਾਨ, ਚਾਰੋਂ ਕੁੰਟ ਫਿਰੇ ਲਲਕਾਰਿਆ। ਸਾਧਾਂ ਸੰਤਾਂ ਭੁੱਲਾ ਗਿਆਨ, ਮਾਇਆ ਮਮਤਾ ਕਰਨ ਪਿਆਰਿਆ। ਧੀਆਂ ਭੈਣਾਂ ਪਏ ਤਕਾਣ, ਏਕਾ ਭੁੱਲਾ ਹਰਿ ਨਿਰੰਕਾਰਿਆ। ਮਦਿਰਾ ਮਾਸ ਪੀਣ ਖਾਣ, ਬੈਠੇ ਵਿਚ ਗੁਰੂਦਵਾਰਿਆ। ਨਾਨਕ ਗੋਬਿੰਦ ਕਰੇ ਪਛਾਨ, ਕਲਜੁਗ ਅੰਤਮ ਵੇਖ ਵਖਾ ਰਿਹਾ। ਰਾਮ ਰਮਈਆ ਜਾਣੀ ਜਾਣ, ਜਾਨਣਹਾਰਾ ਭੇਵ ਖੁਲ੍ਹਾ ਰਿਹਾ। ਸੰਤ ਭਗਤ ਸਰਬ ਕੁਰਲਾਣ, ਕਲਜੁਗ ਧੀਰ ਨਾ ਕੋਇ ਧਰਾ ਰਿਹਾ। ਚਾਰੋਂ ਕੁੰਟ ਗੁਰੂ ਅਖਵਾਣ, ਸਿਰ ਛਤਰ ਨਾ ਕੋਇ ਰਖਾ ਲਿਆ। ਜੀਵਾਂ ਜੰਤਾਂ ਭਰਮ ਭੁਲਾਣ, ਹਰਿ ਰੰਗ ਨਾ ਕੋਈ ਰੰਗ ਰਿਹਾ। ਗੁਰੂ ਗ੍ਰੰਥ ਸਰਬ ਮਨਾਣ, ਗੁਰੂ ਟੇਕ ਨਾ ਕੋਇ ਧਰਾ ਲਿਆ। ਸਤਿ ਪੁਰਸ਼ ਬਣ ਬਣ ਸੇਵਾ ਕਰਾਣ, ਸਤਿ ਪੁਰਸ਼ ਨਜ਼ਰ ਕਿਸੇ ਨਾ ਪਾ ਲਿਆ। ਪ੍ਰਭ ਅਬਿਨਾਸ਼ੀ ਘਟ ਘਟ ਵਾਸੀ ਖੇਲੇ ਖੇਲ ਦੋ ਜਹਾਨ, ਕਲਜੁਗ ਅੰਤਮ ਜੋਤੀ ਜਾਮਾ ਭੇਸ ਵਟਾ ਲਿਆ। ਖਾਲੀ ਕਰੇ ਸਰਬ ਦੁਕਾਨ, ਏਕਾ ਡੰਕਾ ਹੱਥ ਉਠਾ ਲਿਆ। ਰਾਜ ਰਾਜਾਨ ਸ਼ਾਹ ਸੁਲਤਾਨ ਸਰਬ ਕੁਰਲਾਣ, ਸੀਸ ਤਾਜ ਨਾ ਕਿਸੇ ਟਿਕਾ ਲਿਆ। ਸਾਧ ਸੰਤ ਸਰਬ ਪਛਤਾਨ, ਨਿਹਕਲੰਕ ਵੇਖਣ ਆ ਗਿਆ। ਕਲਜੁਗ ਸੋਇਆਂ ਆਪ  ਜਗਾਣ, ਨਾਮ ਖੰਡਾ ਇਕ ਚਮਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਾਧ ਸੰਤ ਆਪਣੀ ਸੇਵਾ ਲਾ ਲਿਆ। ਸੰਤ ਸਾਧ ਮੰਗਣ ਪੂਜਾ, ਪ੍ਰਭ, ਚਰਨ ਇਕ ਧਿਆਨਿਆ। ਹਰਿ ਬਿਨ ਔਰ ਨਾ ਕੋਈ ਦੂਜਾ, ਦਿਸੇ ਵਿਚ ਜਹਾਨਿਆ। ਬਿਨ ਸਤਿਗੁਰ ਖੋਲ੍ਹੇ ਨਾ ਕੋਇ ਨੈਣ ਤੀਜਾ, ਨਾ ਦੇਵੇ ਬ੍ਰਹਮ ਗਿਆਨਿਆ। ਚੌਥੇ ਪਦ ਨਾ ਕੋਇ ਭੀਜਾ, ਮਨ ਕਾ ਮੋਹ ਨਾ ਕੋਇ ਚੁਕਾਨਿਆ। ਪੰਚਮ ਕਰੇ ਨਾ ਕੋਇ ਸਾਚੀ ਰੀਝਾ, ਸਿਰ ਸ਼ਿੰਗਾਰ ਨਾ ਕੋਇ ਰਖਾਨਿਆ। ਛੇਵੇਂ ਦਿਸੇ ਨਾ ਕੋਇ ਕਿਸੇ ਵਿਚ ਦਹਿਲੀਜ਼ਾ, ਨਿਰਗੁਣ ਰੂਪ ਸ੍ਰੀ ਭਗਵਾਨਿਆ। ਸਤਿ ਪੁਰਖ ਨਿਰੰਜਣ ਆਪਣੇ ਅੰਤਰ ਆਪੇ ਭੀਜਾ, ਆਪ ਆਪਣੇ ਰੂਪ ਸਮਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਸਤ ਵੇਖੇ ਮਾਰ ਧਿਆਨਿਆ। ਨੌ ਸਤ ਹਰਿ ਹਰਿ ਕਾਰ, ਹਰਿ ਹਰਿ ਆਪ ਕਰਾਇੰਦਾ। ਵਰਭੰਡੀ ਵੇਖੇ ਕਰ ਵਿਚਾਰ, ਬ੍ਰਹਿਮੰਡੀ ਖੋਜ ਖੋਜਾਇੰਦਾ। ਭੇਖ ਪਖੰਡਾ ਦਏ ਨਿਵਾਰ, ਏਕਾ ਡੰਡਾ ਮਗਰ ਲਾਇੰਦਾ। ਚਾਰ ਵਰਨਾਂ ਇਕ ਅਧਾਰ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸ਼ਾਹ ਸੁਲਤਾਨ ਸੋਹਣ ਇਕ ਦਰਬਾਰ, ਊਚਾਂ ਨੀਚਾਂ ਏਕਾ ਰੰਗ ਰੰਗਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਈ ਮਿਟਾਇੰਦਾ। ਇਕ ਸੁਹਾਏ ਬੰਕ ਦਵਾਰ, ਗੁਰੂਦਵਾਰ ਇਕ ਵਖਾਇੰਦਾ। ਏਕਾ ਪੁਰਖ ਏਕਾ ਨਾਰ, ਏਕਾ ਕੰਤ ਹੰਢਾਇੰਦਾ। ਏਕਾ ਮੰਦਰ ਹੋ ਉਜਿਆਰ, ਦੀਪਕ ਇਕ ਜਗਾਇੰਦਾ। ਸ਼ਾਹੋ ਭੂਪ ਇਕ ਸੁਲਤਾਨ, ਏਕਾ ਰਈਅਤ ਸਚ ਬਣਾਇੰਦਾ । ਸਾਚੀ ਸ਼ਖ਼ਸ਼ੀਅਤ ਵਿਚ ਸੰਸਾਰ, ਹਰਿ ਆਪਣੀ ਆਪ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਖੰਡਾ ਵਿਚ ਬਹਿਮੰਡਾਂ ਤੇਜ਼ ਪਰਚੰਡਾ ਆਪ ਚਮਕਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਸਮਰਥ ਹੱਥ ਉਠਾਈਆ। ਸ਼ਾਹ ਈਰਾਨਾ ਕਰੇ ਖ਼ਬਰਦਾਰ, ਪੰਦਰਾਂ ਕੱਤਕ ਆਪ ਜਗਾਈਆ। ਲਹਿੰਦੀ ਦਿਸ਼ਾ ਵੇਖ ਵਿਚਾਰ, ਮੱਕਾ ਕਾਅਬਾ ਫੋਲ ਫੋਲਾਈਆ। ਬਗਦਾਦ ਪੈਕਟ ਨਾ ਕੋਈ ਧਾਰ, ਹਿੰਦੀ ਸਾਰ ਨਾ ਕੋਇ ਵਖਾਈਆ। ਪ੍ਰਭ ਕਾ ਹੁਕਮ ਮਾਰੇ ਮਾਰ, ਦੂਜੀ ਓਟ ਨਾ ਕੋਇ ਰਖਾਈਆ। ਕਛ ਕਸ਼ਮੀਰ ਰਿਹਾ ਲਲਕਾਰ, ਭੇਵ ਕੋਈ ਨਾ ਪਾਈਆ। ਰੂਸਾ ਚੀਨਾ ਦਏ ਹੁਲਾਰ, ਅਫ਼ਗਾਨ ਸੰਗ ਲੜਾਈਆ। ਆਪੇ ਰੱਖੇ ਸਭ ਤੋਂ ਬਾਹਰ, ਪ੍ਰਭ ਸਾਚੇ ਵਡ ਵਡਿਆਈਆ। ਗੁਰਮੁਖਾਂ ਕਰੇ ਖ਼ਬਰਦਾਰ, ਏਕਾ ਸ਼ਬਦ ਸ਼ਬਦ ਜਣਾਈਆ। ਫੜ ਫੜ ਬਾਂਹੋਂ ਜਾਏ ਤਾਰ, ਜਗਤ ਛੰਬ ਨਾ ਕੋਇ ਰੁੜ੍ਹਾਈਆ। ਮੇਲ ਮਿਲਾਵਾ ਮੀਤ ਮੁਰਾਰ, ਆਪਣੇ ਲੱਭ ਲੱਭ ਲਏ ਕਰਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਹਿੰਦੂ ਮੁਸਲਮ ਸਿਖ ਈਸਾਈ ਬਖ਼ਸ਼ੇ ਸਚ ਸਰਨਾਈਆ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਵੇਖ ਵਿਚਾਰ, ਦਹਿ ਦਿਸ਼ ਫੇਰਾ ਪਾਈਆ। ਕਲਜੁਗ ਤੇਰੀ ਕੂੜੀ ਧਾਰ, ਕੂੜੀ ਰੇਖ ਮਿਟਾਈਆ। ਪੰਜਾਂ ਮੰਗੀ ਇਕ ਵਿਚਾਰ, ਪ੍ਰਭ ਪੂਰੀ ਦਏ ਕਰਾਈਆ। ਸਰਦਾਰੀ ਕੀਨਾ ਆਪ ਵਿਹਾਰ, ਧਿੰਗਾਲੀ ਖੇਲ ਖਿਲਾਈਆ। ਭੂਤ ਪ੍ਰੇਤਾਂ ਮਾਰੇ ਮਾਰ, ਗੁਰਸਿਖ ਤੇਰੀ ਪਾਹਨੀ ਸਿਰ ਲਗਾਈਆ। ਦੇਵੇ ਵਰ ਸੱਚੀ ਸਰਕਾਰ, ਬਾਰਾਂ ਬਾਰਾਂ ਕੋਸ ਕੋਈ ਨੇੜ ਨਾ ਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦਰ ਵੱਡਾ ਸਿਕਦਾਰ, ਸਾਧ ਸੰਤ ਆਪਣੇ ਹੁਕਮ ਸੁਣਾਈਆ। ਘੜੇ ਭੰਨੇ ਭੰਨਣਹਾਰ, ਸਮਰਥ ਪੁਰਖ ਵਡਿਆਈਆ। ਗੁਰਸਿਖ ਸਾਜਣ ਰਿਹਾ ਵਿਚਾਰ, ਹਰਿ ਸੰਗਤ ਮੇਲ ਮਿਲਾਈਆ। ਆਪੇ ਹੋਇਆ ਸੇਵਾਦਾਰ, ਸੇਵਕ ਰਿਹਾ ਕਮਾਈਆ। ਨਿਰਗੁਣ ਨੂਰ ਇਕ ਉਜਿਆਰ, ਸ੍ਰਿਸ਼ਟ ਸਬਾਈ ਕਰੇ ਰੁਸ਼ਨਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਫੋਲ ਫੋਲਾਈਆ। ਪਾਵੇ ਸਾਰ ਡੂੰਘੀ ਗਾਰ, ਸਤਿ ਸਾਗਰ ਆਪ ਫੁਲਾਈਆ। ਨਾਮ ਨਿਧਾਨਾ ਅਧਵਿਚਕਾਰ, ਬਾਸ਼ਕ ਤਸ਼ਕਾ ਸੇਵਾ ਲਾਈਆ। ਆਪੇ ਸੁੱਤਾ ਪੈਰ ਪਸਾਰ, ਆਪਣਾ ਪੜਦਾ ਉਤੇ ਪਾਈਆ। ਕਲਜੁਗ ਜੀਵ ਉਠ ਨਿਧਾਨ, ਪੁਰਖ ਅਬਿਨਾਸ਼ੀ ਆਇਆ ਲੋਕਮਾਤ ਵਿਚ ਮੈਦਾਨ, ਆਦਿ ਜੁਗਾਦੀ ਨੌਜਵਾਨ, ਮੇਟਣ ਆਇਆ ਬੇਈਮਾਨ, ਰਹਿਣ ਨਾ ਦੇਵੇ ਕੋਈ ਸ਼ੈਤਾਨ, ਸਾਚਾ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਧਾਰ ਸ਼ਬਦ ਕਟਾਰ, ਗੁਰਮੁਖਾਂ ਲਾਏ ਪਾਰ, ਬੇਮੁੱਖਾਂ ਕਰੇ ਖੁਵਾਰ, ਜਗਤ ਖਵਾਰੀ ਆਪ ਵਖਾਈਆ। ਹਰਿਜਨ ਦੇਵੇ ਜੀਆ ਦਾਨ, ਦਰਦ ਦੁੱਖ ਵੰਡਾਇਆ। ਆਪੇ ਤੋੜੇ ਮਾਣ ਅਭਿਮਾਨ, ਆਪ ਆਪਣੀ ਬੂਝ ਬੁਝਾਇਆ। ਮੇਟ ਮਿਟਾਏ ਪੰਜ ਸ਼ੈਤਾਨ, ਸਚ ਗਿਆਨ ਇਕ ਦ੍ਰਿੜਾਇਆ। ਨਾਮ ਨਿਧਾਨਾ ਪੀਣ ਖਾਣ, ਸਾਚੀ ਵਸਤੂ ਝੋਲੀ ਪਾਇਆ। ਸਤਿ ਸਰੂਪੀ ਇਕ ਬਿਬਾਣ, ਹਰਿਜਨ ਸਾਚੇ ਦਏ ਵਖਾਇਆ। ਜਿਸ ਜਨ ਕਰੇ ਦਰ ਪਰਵਾਨ, ਦਰ ਦਵਾਰਾ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਾਤਾ ਦਾਨੀ ਇਕ ਅਖਵਾਇਆ। ਦੇਵਣਹਾਰਾ ਗੁਣਵੰਤਾ, ਗੁਣ ਗਹਿਰ ਗੰਭੀਰ ਸਮਾਇੰਦਾ। ਆਦਿ ਜੁਗਾਦਿ ਬਣਾਏ ਬਣਤਾ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਆਪੇ ਤੋੜੇ ਹਉਮੇ ਹੰਗਤਾ, ਗੜ੍ਹ ਹੰਕਾਰੀ ਆਪ ਮਿਟਾਇੰਦਾ। ਮੇਲ ਮਿਲਾਏ ਸਾਚੀ ਸੰਗਤਾ, ਸਾਚੇ ਸੱਜਣ ਵੇਖ ਵਖਾਇੰਦਾ। ਦਰ ਦਰਵੇਸ਼ ਬਣੇ ਮੰਗਤਾ, ਘਰ ਘਰ ਅਲੱਖ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਦਰਦ ਦੁੱਖ ਭੈ ਭੰਜਣ, ਕਲਜੁਗ ਸਾਗਰ ਵੇਖ ਵਖਾਇੰਦਾ। ਕਲਜੁਗ ਸਾਗਰ ਡੂੰਘੀ ਗਾਰ, ਲੱਖ ਚੁਰਾਸੀ ਰਿਹਾ ਡੁਬਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰਮੁਖ ਸਾਚੇ ਲਏ ਕਢਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਚਰਨ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਆ ਦਾਤਾ ਇਕ ਰਘੁਰਾਈਆ। ਜੀਆ ਦਾਤਾ ਸ਼ਬਦ ਭੰਡਾਰਨ, ਹਰਿ ਹਰਿ ਆਪ ਅਖਵਾਇਆ। ਦਰ ਦਰ ਘਰ ਘਰ ਆਏ ਪੈਜ ਸਵਾਰਨ, ਦਿਸ ਕਿਸੇ ਨਾ ਆਇਆ। ਆਪੇ ਜਾਣੇ ਆਪਣੀ ਕਾਰਨ, ਕਰਨੀ ਕਰਤਾ ਰਿਹਾ ਕਰਾਇਆ। ਖੇਲੇ ਖੇਲ ਤਰਨੀ ਤਾਰਨ, ਤਾਰਨਹਾਰ ਵਡ ਵਡਿਆਇਆ। ਗ਼ਰੀਬ ਨਿਮਾਣਿਆਂ ਕਰੇ ਸ਼ਿੰਗਾਰਨ, ਬਸਤਰ ਗਹਿਣਾ ਤਨ ਸਜਾਇਆ। ਆਪੇ ਬਣੇ ਜਗਤ ਕਹਾਰਨ, ਗੁਰਮੁਖ ਡੋਲਾ ਆਪ ਉਠਾਇਆ। ਸੰਤ ਸੁਹੇਲੇ ਇਕ ਅਕੇਲੇ ਵਾਜਾ ਮਾਰਨ, ਹਰਿਜਨ ਸਾਚੇ ਸੰਗ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਦਾਤਾ ਦਾਨੀ ਏਕਾ ਵਸਤ ਝੋਲੀ ਪਾਇਆ। ਵਡ ਦਾਤਾ ਬੇਪਰਵਾਹ ਹਰਿ ਨਿਰੰਕਾਰ, ਹਰਿਜਨ ਲਏ ਤਰਾਈਆ। ਆਦਿ ਸ਼ਕ਼ਤੀ ਖੇਲ ਅਪਾਰ, ਆਪ ਆਪਣਾ ਨੂਰ ਕਰੇ ਰੁਸ਼ਨਾਈਆ। ਸ਼ਿਵ ਸ਼ੰਕਰ ਮੀ਼ਤਾ ਹੋ ਉਜਿਆਰ, ਬ੍ਰਹਮ ਪਾਰਬ੍ਰਹਮ ਖੇਲ ਖਿਲਾਈਆ। ਵਿਸ਼ਨੂੰ ਵੰਸੀ ਖ਼ਬਰ ਦਾਰ, ਬਾਸ਼ਕ ਸੇਜਾ ਰਿਹਾ ਸੁਹਾਈਆ। ਭਗਵਨ ਜੋਤੀ ਕਰ ਉਜਿਆਰ, ਨੂਰੋ ਨੂਰ ਡਗਮਗਾਈਆ। ਕਲਜੁਗ ਅੰਤਮ ਡੂੰਘੀ ਗਾਰ, ਚਾਰੋਂ ਕੁੰਟ ਅੰਧੇਰਾ ਛਾਈਆ। ਲੱਖ ਚੁਰਾਸੀ ਆਈ ਹਾਰ, ਨਾ ਸਕੇ ਕੋਈ ਬਚਾਈਆ। ਭਰਮੇ ਭੁੱਲੇ ਭਰਮ ਗਵਾਰ, ਭਰਮ ਗੜ੍ਹ ਨਾ ਕੋਈ ਤੁੜਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਮੀਤ ਮੁਰਾਰ, ਹਰਿ ਬੈਠੇ ਰਾਹ ਤਕਾਈਆ। ਇਕ ਅਕੱਲਾ ਪਾਵੇ ਸਾਰ, ਨਿਰਗੁਣ ਨਿਝ ਘਰ ਬੈਠਾ ਵੇਖ ਵਖਾਈਆ। ਜੋਤੀ ਜਾਮਾ ਭੇਖ ਅਪਾਰ, ਕਲਜੁਗ ਆਪਣਾ ਵੇਸ ਵਟਾਈਆ। ਹਰਿਜਨ ਸਾਚੇ ਕਰੇ ਪਿਆਰ, ਸੋਏ ਲੋਕਮਾਤ ਉਠਾਈਆ। ਹਰਿ ਸੰਗਤ ਬਖ਼ਸ਼ੇ ਹਰਿ ਦਿਦਾਰ, ਨਿਰਧਨ ਸਰਧਨ ਏਕਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਦੇਵੇ ਵਰ, ਜੀਵ ਜੰਤ ਜੰਤ ਜੀਵ ਜੀਵ ਆਪਣਾ ਆਪ ਉਪਾਈਆ। ਹਰਿ ਅੰਮ੍ਰਿਤ ਸ਼ਬਦ ਭੰਡਾਰ, ਗੁਰ ਸਤਿਗੁਰ ਹੱਥ ਰਖਾਇਆ। ਤੀਰਥ ਤਟ ਪਾਵੇ ਸਾਰ, ਅਠਸਠ ਵੇਖ ਵਖਾਇਆ। ਲੱਖ ਚੁਰਾਸੀ ਅੰਦਰ ਬਾਹਰ, ਆਪ ਆਪਣਾ ਤਾਲ ਸੁਹਾਇਆ। ਸਾਧਾਂ ਸੰਤਾਂ ਕਰ ਪਿਆਰ, ਏਕਾ ਜਾਮ ਪਿਆਇਆ। ਆਦਿ ਜੁਗਾਦੀ ਠੰਡਾ ਠਾਰ, ਸਾਂਤਕ ਸਤਿ ਕਰਾਇਆ। ਰਾਜਸ ਕਰੇ ਕਰਾਏ ਖ਼ਵਾਰ, ਤਮੋ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਆਪਣਾ ਆਪ ਉਪਾਇਆ। ਅੰਮ੍ਰਿਤ ਹਰਿ ਹਰਿ ਸਾਚੀ ਧਾਰ, ਆਪਣੇ ਘਰ ਵਹਾਈਆ। ਦੂਸਰ ਨਾ ਕੋਈ ਸਕੇ ਵਿਚਾਰ, ਨਾ ਕੋਈ ਬਣਤ ਬਣਾਈਆ। ਇਕ ਅਕੱਲਾ ਖੇਲ ਅਪਾਰ, ਨਿਰਗੁਣ ਰਿਹਾ ਕਰਾਈਆ। ਸਾਚੇ ਦਰ ਸਚ ਵਿਹਾਰ, ਹਰਿ ਸਾਚਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਅੰਮ੍ਰਿਤ ਆਪ ਉਪਾਈਆ। ਸਾਚਾ ਅੰਮ੍ਰਿਤ ਚਰਨ ਗੁਰ ਦੇਵ, ਹਰਿ ਸਾਚਾ ਸਚ ਉਪਜਾਇੰਦਾ। ਪਾਰਬ੍ਰਹਮ ਪ੍ਰਭ ਅਲੱਖ ਅਭੇਵ, ਵੇਦ ਕਤੇਬ ਨਾ ਕੋਈ ਗਾਇੰਦਾ। ਆਪੇ ਲਾਏ ਸਾਚੀ ਜੇਹਵ, ਆਪੇ ਰਸ ਚਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਆਪ ਉਪਜਾਇੰਦਾ। ਅੰਮ੍ਰਿਤ ਸਾਚਾ ਰਸ ਮਿਠਾ, ਹਰਿ ਸਾਚੇ ਆਪ ਉਪਾਇਆ। ਆਪੇ ਰੱਖੇ ਧਾਮ ਅਨਡੀਠਾ, ਧਾਮ ਅਵੱਲਾ ਆਪ ਬਣਾਇਆ। ਆਪਣੀ ਕਰਨੀ ਆਪੇ ਦਿਤਾ, ਆਪ ਆਪਣਾ ਬਿਰਧ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਅਮਰ ਰਖਾਇਆ। ਅੰਮ੍ਰਿਤ ਅਮਰ ਪਰਮ ਰਸ, ਹਰਿ ਰਮਕ ਰਮਕ ਭਰਾਈਆ। ਆਪੇ ਅੰਦਰ ਰਿਹਾ ਵਸ, ਆਪ ਆਪਣਾ ਵਿਚ ਟਿਕਾਈਆ। ਆਪ ਨੁਹਾਏ ਹੱਸ ਹੱਸ, ਨਾ ਦੂਸਰ ਸੰਗ ਰਲਾਈਆ। ਆਪੇ ਵਰੋਲਣਹਾਰਾ ਛਾਛ, ਨਾਮ ਮਧਾਣਾ ਏਕਾ ਪਾਈਆ। ਸਚ ਦਵਾਰੇ ਬੈਠਾ ਆਇਆ ਹੱਸ, ਖ਼ੁਸ਼ੀ ਗਮੀ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਪਣਾ ਆਪ ਉਪਜਾਈਆ। ਅੰਮ੍ਰਿਤ ਹਰਿ ਹਰਿ ਕਰ ਤਿਆਰ, ਚਰਨ ਕਵਲ ਛੁਹਾਇਆ। ਝਿਰਨਾ ਝਿਰਿਆ ਅਪਰ ਅਪਾਰ, ਆਪਣਾ ਰੂਪ ਵਟਾਇਆ। ਵਿਸ਼ਨੂੰ ਵਿਸ਼ਵ ਕਰ ਤਿਆਰ, ਸਾਕਾਰ ਆਪ ਅਖਵਾਇਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਏਕਾ ਮੁਖ ਲਗਾਇਆ। ਅੰਦਰ ਮੰਦਰ ਹੋ ਉਜਿਆਰ, ਸਾਚਾ ਧਾਮ ਸੁਹਾਇਆ। ਨਾਭੀ ਫੁੱਟੀ ਆਇਆ ਬਾਹਰ, ਕਵਲ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਏਕਾ ਏਕ ਸੁਹਾਇਆ। ਅੰਮ੍ਰਿਤ ਏਕਾ ਅਨਮੋਲ ਹਰਿ ਸਾਚੇ ਆਪ ਉਪਾਇਆ। ਆਪਣੇ ਅੰਦਰ ਆਪੇ ਗਿਆ ਮੌਲ, ਆਪਣਾ ਖੇਲ ਆਪ ਖਿਲਾਇਆ। ਆਪੇ ਭਰਿਆ ਆਪਣਾ ਕਵਲ, ਕਵਲ ਕਵਲਾ ਨਾਮ ਉਪਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੰਮ੍ਰਿਤ ਵੇਖ ਵਖਾਇਆ। ਸਾਚੇ ਅੰਮ੍ਰਿਤ ਕਰ ਪਿਆਰ, ਦੇਵੇ ਸਚ ਵਡਿਆਈਆ। ਕਵਲ ਨਾਭੀ ਮੀਤ ਮੁਰਾਰ, ਏਕਾ ਫੁਲ ਖੁਲ੍ਹਾਈਆ। ਖਿੜੇ ਫੁਲ ਸੱਚੀ ਗੁਲਜ਼ਾਰ, ਹਰਿ ਸਾਚਾ ਆਪ ਮਹਿਕਾਈਆ। ਪਾਰਬ੍ਰਹਮ ਪ੍ਰਭ ਰੂਪ ਅਪਾਰ, ਅਨਭਵ ਪਰਕਾਸ਼ ਰਖਾਈਆ। ਅਜੂਨੀ ਰਹਿਤ ਨਾ ਕੋਈ ਵਿਚਾਰ, ਪੁਰਖ ਅਕਾਲ ਅਕਾਲ ਅਖਵਾਈਆ। ਆਪਣੀ ਜਾਣੇ ਆਪੇ ਸਾਰ, ਆਪੇ ਭੇਵ ਖੁਲ੍ਹਾਈਆ। ਆਪਣੀ ਇਛਿਆ ਆਪਣੀ ਭਿਛਿਆ ਭਰ ਭੰਡਾਰ, ਅੰਮ੍ਰਿਤ ਆਪ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਅੰਮ੍ਰਿਤ ਸਾਚਾ ਹਰਿ ਹਰਿ ਜੀਆ, ਏਕਾ ਆਪ ਉਪਾਇਆ। ਅੰਮ੍ਰਿਤ ਅੰਮ੍ਰਿਤ ਬੀਜੇ ਬੀਆ, ਅੰਮ੍ਰਿਤ ਅੰਮ੍ਰਿਤ ਫਲ ਲਗਾਇਆ। ਅੰਮ੍ਰਿਤ ਅੰਮ੍ਰਿਤ ਪੀਆ, ਅੰਮ੍ਰਿਤ ਸੁੱਤ ਦੁਲਾਰਾ ਜਾਇਆ। ਅੰਮ੍ਰਿਤ ਵੇਤਾ ਬ੍ਰਹਮਾ ਥੀਆ, ਹਰਿ ਸਾਚੇ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਏਕਾ ਏਕ ਸੁਹਾਇਆ। ਏਕਾ ਅੰਮ੍ਰਿਤ ਸਾਚੀ ਧਾਰ, ਸਾਚੇ ਸਚ ਵਹਾਈਆ। ਚਰਨ ਕਵਲ ਕਵਲ ਚਰਨ ਪਿਆਰ, ਸਿਰ ਚੋਟੀ ਆਪ ਲਗਾਈਆ। ਬ੍ਰਹਮਾ ਢਹਿ ਢਹਿ ਪਏ  ਦਵਾਰ, ਨਿਝਰ ਮੰਗੇ ਮੁਖ ਸਲਾਹੀਆ। ਦੇਵਣਹਾਰ ਆਪ ਨਿਰੰਕਾਰ, ਭਰ ਪਿਆਲਾ ਜਾਮ ਪਿਆਈਆ। ਦੀਨ ਦਿਆਲਾ ਸਾਚਾ ਯਾਰ, ਆਪਣੀ ਵਸਤ ਇਕ ਵਖਾਈਆ। ਮਹਾਂਕਾਲਾ ਵੇਖ ਵਿਚਾਰ, ਅੰਮ੍ਰਿਤ ਕਟੋਰਾ ਹੱਥ ਫੜਾਈਆ। ਕਾਲ ਦਵਾਰੇ ਬਣੇ ਭਿਖਾਰ, ਨੇਤਰ ਰੋ ਰੋ ਨੀਰ ਵਹਾਈਆ। ਪੁਰਖ ਅਬਿਨਾਸ਼ੀ ਧੱਕਾ ਦੇਵੇ ਮਾਰ, ਲੋਕਮਾਤ ਰਾਹ ਵਖਾਈਆ। ਲੱਖ ਚੁਰਾਸੀ ਤੇਰਾ ਪਿਆਰ, ਤੇਰਾ ਨਾਤਾ ਦਏ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਪਣਾ ਆਪ ਛੁਪਾਈਆ। ਅੰਮ੍ਰਿਤ ਆਪਣਾ ਅੰਦਰ ਰੱਖ, ਆਪੇ ਵੇਖ ਵਖਾਇੰਦਾ। ਦੂਸਰ ਕਿਸੇ ਨਾ ਆਏ ਹੱਥ, ਬ੍ਰਹਿਮੰਡ ਖੰਡ ਸਰਬ ਤਰਸਾਇੰਦਾ। ਜਿਸ ਜਨ ਆਪਣੀ ਹੱਥੀਂ ਦੇਵੇ ਵੰਡ, ਏਕਾ ਮੁਖ ਭਰਾਇੰਦਾ। ਪਾਵਣਹਾਰਾ ਸਾਚੀ ਠੰਡ, ਸਾਚੇ ਪਰਬਤ ਡੇਰਾ ਲਾਇੰਦਾ। ਹੋਈ ਸੁਹਾਗਣ ਗੰਗਾ ਰੰਡ, ਸਾਚਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਸਾਚਾ ਸਾਚੇ ਦਰ ਸੁਹਾਇੰਦਾ। ਸਾਚਾ ਅੰਮ੍ਰਿਤ ਹਰਿ ਨਿਰੰਕਾਰ, ਸਾਚਾ ਸੰਗ ਰਖਾਈਆ। ਆਦਿ ਜੁਗਾਦੀ ਕਰ ਤਿਆਰ, ਜੁਗ ਜੁਗ ਆਪ ਵਰਤਾਈਆ। ਜਨ ਭਗਤਾਂ ਦੇਵੇ ਕਰ ਪਿਆਰ, ਆਪਣੀ ਹੱਥੀਂ ਮੁਖ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਕੁਰਲਾਏ ਲੋਕਮਾਤ ਆਏ, ਨੇਤਰ ਨੀਰ ਵਹੰਨਿਆ। ਚਾਰੋਂ ਕੁੰਟ ਫੇਰਾ ਪਾਏ, ਚਾਰੇ ਕੁੰਟਾਂ ਫਿਰੇ ਭੰਨਿਆ। ਲੱਖ ਚੁਰਾਸੀ ਆਪੇ ਖਾਏ, ਘਰ ਘਰ ਦੇਵੇ ਡੰਨਿਆ। ਜੀਵ ਜੰਤ ਕੋਈ ਰਹਿਣ ਨਾ ਪਾਏ, ਸਾਧ ਸੰਤ ਨਾ ਬੇੜਾ ਬੰਨਿਆ। ਜੋ ਉਪਜੇ ਸੋ ਲਏ ਖਪਾਏ, ਰਹਿਣ ਦੇਵੇ ਨਾ ਸੂਰਜ ਚੰਨਿਆ। ਬ੍ਰਹਮਾ ਵੇਤਾ ਪੰਧ ਮੁਕਾਏ ਮਨਵੰਤਰ ਡੇਰਾ ਭੰਨਿਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਗਲੋਂ ਲਾਹੇ, ਹੱਥ ਤ੍ਰਿਸੂਲ ਸੁਟੰਨਿਆ। ਵਿਸ਼ਨੂੰ ਵੰਸੀ ਆਪਣਾ ਖੇਲ ਖਿਲਾਏ, ਖੇਲੇ ਖੇਲ ਸ੍ਰੀ ਭਗਵੰਨਿਆ। ਕਰੋੜ ਤੇਤੀਸਾ ਮੇਟ ਮਿਟਾਏ, ਸੁਰਪਤ ਰਾਜਾ ਇੰਦ ਨਾ ਦਿਸੇ ਛੱਪਰ ਛੰਨਿਆ। ਅਪੱਛਰਾਂ ਨਾਚ ਨਾ ਕੋਈ ਕਰਾਏ, ਗਣ ਗੰਧਰਬ ਨਾ ਸਾਜ ਵਜੰਨਿਆ। ਕਿ਼ਨਰ ਯਛਪ ਨਾ ਮਰਦੰਗ ਵਜਾਏ, ਪ੍ਰਭ ਵੇਖੇ ਦੋ ਜਹਾਨਿਆ। ਚੌਦਾਂ ਲੋਕਾਂ ਫੋਲ ਫੁਲਾਏ, ਤਿੰਨਾਂ ਲੋਕਾਂ ਫਿਰੇ ਭੰਨਿਆ। ਪੁਰੀਆਂ ਲੋਆਂ ਫੇਰਾ ਪਾਏ, ਖੇਲੇ ਖੇਲ ਦੋ ਜਹਾਨਿਆ। ਬਿਨ ਹਰਿ ਭਗਤਾਂ ਕਿਸੇ ਹੱਥ ਨਾ ਆਏ, ਸ੍ਰਿਸ਼ਟ ਸਬਾਈ ਵੇਖ ਵਖੰਨਿਆ। ਲੱਖ ਚੁਰਾਸੀ ਸਰਬ ਕੁਰਲਾਏ, ਜੀਵ ਜੰਤ ਹੋਏ ਅੰਨਿਆ। ਕਾਲ ਨਗਾਰਾ ਸਿਰ ਵਜਾਏ, ਹਰਿ ਸਾਚਾ ਸੇਵ ਕਮੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰ ਹਰਿ ਨਿਰੰਕਾਰ ਆਪਣੀ ਆਪਣੇ ਹੱਥ ਰਖਾਈਆ। ਕਲ ਕੁਲਵੰਤਾ ਰਿਹਾ ਕੂਕ, ਚਾਰੋਂ ਕੁੰਟ ਲਏ ਅੰਗੜਾਈਆ। ਲੱਖ ਚੁਰਾਸੀ ਰਿਹਾ ਫੂਕ, ਬਚਿਆ ਕੋਈ ਰਹਿਣ ਨਾ ਪਾਈਆ। ਆਪਣੀ ਹੱਥੀਂ ਦੇਵੇ ਝੋਕ, ਪੰਜ ਤੱਤ ਅਗਨੀ ਰਹੀ ਜਲਾਈਆ। ਹਰਿ ਹਰਿ ਭਾਣਾ ਕੋਈ ਨਾ ਸਕੇ ਰੋਕ, ਗੁਰ ਪੀਰ ਦੇਣ ਗਵਾਹੀਆ। ਗੁਰ ਸ਼ਬਦ ਗੌਣਾ ਸਚ ਸਲੋਕ, ਗੁਰ ਸਤਿਗੁਰ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਪਣੇ ਹੱਥ ਰਖਾਈਆ। ਕਲਜੁਗ ਤੇਰਾ ਵੇਖ ਨਗਾਰਾ, ਧਰਤ ਧਵਲ ਰਹੀ ਕੁਰਲਾਈਆ। ਖੁਲ੍ਹੜੇ ਕੇਸ ਹਾਹਾਕਾਰਾ, ਨੇਤਰ ਨੈਣਾਂ ਨੀਰ ਵਹਾਈਆ। ਨਾ ਕੋਈ ਸਹਾਈ ਸੁੱਤ ਦੁਲਾਰਾ, ਨਾ ਸਕੇ ਕੋਈ ਬਚਾਈਆ। ਚਾਰੋਂ ਕੁੰਟ ਨਾ ਕੋਈ ਦੇਵੇ ਪਹਿਰਾ, ਸੁੰਞ ਮਸਾਣ ਪਈ ਲੋਕਾਈਆ। ਸ੍ਰਿਸ਼ਟ ਸਬਾਈ ਸਮੁੰਦਰ ਖਾਰਾ, ਰਾਮ ਨਾਮ ਨਾ ਕੋਈ ਦੁਹਾਈਆ। ਜੂਠ ਝੂਠ ਚੁਕਿਆ ਜਾਏ ਨਾ ਭਾਰਾ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਮਾਨਸ ਮਾਨੁਖ ਨਾ ਕੋਈ ਕਰੇ ਵਿਚਾਰਾ, ਪਸੂ ਪ੍ਰੇਤ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਧਾਰਾ ਵੇਖੇ ਸਹਿਜ ਸੁਭਾਈਆ। ਕਲਜੁਗ ਨਗਾਰਾ ਵੱਜਿਆ, ਚਾਰ ਕੁੰਟ ਉਠ ਧਾਏ। ਰਾਜਾ ਰਾਣਾ ਫਿਰੇ ਭੱਜਿਆ, ਮਹੱਲ ਅਟੱਲ ਨਾ ਕੋਈ ਸੁਹਾਏ। ਨਾ ਕੋਈ ਰੱਖੇ ਕਿਸੇ ਦੀ ਲੱਜਿਆ, ਲੱਜ ਪਤ ਨਾ ਕੋਈ ਧਰਾਏ। ਕਲਜੁਗ ਤੇਰਾ ਪੜਦਾ ਕਿਸੇ ਨਾ ਕੱਜਿਆ, ਕਾਲਾ ਸੂਸਾ ਰਿਹਾ ਵਖਾਏ। ਬਣ ਕਲੰਦਰ ਘਰ ਘਰ ਨੱਚਿਆ, ਡੰਕਾ ਡੌਰੂ ਏਕਾ ਵਜਾਏ। ਤੈਥੋਂ ਕੋਈ ਨਾ ਰਿਹਾ ਬਚਿਆ, ਧੀਰਜ ਜਤ ਨਾ ਕੋਈ ਧਰਾਏ। ਪ੍ਰਭ ਖੇਲੇ ਖੇਲ ਸੱਚੋ ਸੱਚਿਆ, ਸਚ ਵਰਤਾਰਾ ਆਪ ਵਰਤਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਕੂੜੀ ਕਿਰਿਆ ਵੇਖ ਵਖਾਏ। ਅੰਮ੍ਰਿਤ ਹਰਿ ਹਰਿ ਪਿਆਲਾ, ਗੁਰਮੁਖਾਂ ਮੁਖ ਚੁਆਈਆ। ਸਤਿਗੁਰ ਪੂਰਾ ਦੀਨ ਦਿਆਲਾ, ਆਪਣੀ ਦਇਆ ਆਪ ਕਮਾਈਆ। ਗ਼ਰੀਬ ਨਿਮਾਣੇ ਸਾਚੇ ਲਾਲਾ, ਹਰਿ ਆਪਣੀ ਗੋਦ ਉਠਾਈਆ। ਸ਼ਬਦ ਸਰੂਪੀ ਦਏ ਦੋਸ਼ਾਲਾ, ਢਾਕਨ ਕੋ ਪਤ ਆਪ ਅਖਵਾਈਆ। ਤੋੜਨਹਾਰਾ ਜਗਤ ਜੰਜਾਲਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਖੇਲ ਖਿਲਾਏ ਕਾਲ ਮਹਾਂਕਾਲਾ, ਕਾਲ ਕਰਤਾ ਆਪ ਹੋ ਜਾਈਆ। ਦੇਵਣਹਾਰਾ ਨਾਮ ਸੱਚਾ ਧਨ ਮਾਲਾ, ਸਚ ਖ਼ਜ਼ਾਨਾ ਇਕ ਵਖਾਈਆ। ਫਲ ਲਗਾਏ ਲੱਖ ਚੁਰਾਸੀ ਕਾਇਆ ਡਾਲ੍ਹਾ, ਫਲ ਫੁਲਵਾੜੀ ਆਪ ਉਪਾਈਆ। ਸੱਚਾ ਮੰਦਰ ਸੱਚੀ ਧਰਮਸਾਲਾ, ਗੁਰਸਿਖ ਕਾਇਆ ਘਰ ਵਖਾਈਆ। ਦੀਪਕ ਜੋਤੀ ਏਕਾ ਬਾਲਾ, ਦਿਵਸ ਰੈਣ ਕਰੇ ਰੁਸ਼ਨਾਈਆ। ਮੇਟੇ ਰੈਣ ਅੰਧੇਰੀ ਕਾਲਾ, ਆਪਣੀ ਕਲ ਵਰਤਾਈਆ। ਗੁਰਸਿਖ ਸਾਚੇ ਕਲਜੁਗ ਅੰਤਮ ਮਾਰਨ ਛਾਲਾ, ਲੱਖ ਚੁਰਾਸੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਮਾਲਾ ਤਨ ਪਹਿਨਾਈਆ। ਸਾਚੀ ਮਾਲਾ ਮਨ ਮਨ ਮਨਕਾ, ਹਰਿ ਸ਼ਬਦੀ ਡੋਰ ਬੰਧਾਏ। ਲੇਖਾ ਜਾਣੇ ਜਨਣੀ ਜਨ ਕਾ, ਪੰਜੇ ਚੋਰ ਵੇਖ ਵਖਾਏ। ਲਹਿਣਾ ਦੇਣ ਚੁਕਾਏ ਪੰਜ ਤੱਤ ਤਨ ਕਾ, ਅੰਧੇਰਾ ਘੋਰ ਕਰੇ ਰੁਸ਼ਨਾਏ। ਏਥੇ ਓਥੇ ਦੋ ਜਹਾਨ ਹਰਿ ਭਗਵਾਨ ਆਪ ਮਿਟਾਏ ਹਉਮੇ ਸ਼ੰਕਾ, ਸਹਿੰਸਾ ਰੋਗ ਰਹਿਣ ਨਾ ਪਾਏ। ਗੁਰਸਿਖ ਸਾਚੇ ਆਪ ਉਠਾਏ ਜਿਉਂ ਜਨ ਜਨਕਾ, ਆਪ ਆਪਣੇ ਲੜ ਬੰਧਾਏ। ਖੇਲੇ ਖੇਲ ਬਾਰ ਅਨਕਾ, ਅਕਲ ਕਲ ਧਾਰੀ ਵੇਸ ਵਟਾਏ। ਪਰਗਟ ਹੋਏ ਵਾਸੀ ਪੁਰੀ ਘਨਕਾ, ਕਲ ਕਲਕੀ ਨਾਉਂ ਰਖਾਏ। ਨੌ ਖੰਡ ਪ੍ਰਿਥਮੀ ਵਜਾਏ ਡੰਕਾ, ਨਿਰਗੁਣ ਸੇਵਾ ਆਪ ਕਮਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਸਾਚਾ ਰਸ, ਗੁਰਮੁਖ ਨਿਝਰ ਆਪ ਝਿਰਾਏ। ਨਿਝਰ ਝਿਰਨਾ ਮਿਲੇ ਸੀਰ, ਸਤਿਗੁਰ ਪੂਰਾ ਆਪ ਝਿਰਾਇੰਦਾ। ਦੂਈ ਦਵੈਤੀ ਹਉਮੇ ਹੰਗਤਾ ਦੇਵੇ ਚੀਰ, ਬਜਰ ਕਪਾਟੀ ਤੋੜ ਤੁੜਾਇੰਦਾ। ਕਿਸੇ ਹੱਥ ਨਾ ਆਏ ਪੀਰ ਫਕੀਰ, ਸ਼ਾਹ ਹਕੀਰ ਦਸਤਗੀਰ ਸਰਬ ਕੁਰਲਾਇੰਦਾ। ਨਾ ਕੋਈ ਚੋਟੀ ਚੜ੍ਹੇ ਅਖ਼ੀਰ, ਅੱਧ ਵਿਚਕਾਰੇ ਸਰਬ ਫਸਾਇੰਦਾ। ਹੱਥ ਕਿਸੇ ਨਾ ਆਏ ਤੀਰ, ਨਾਮ ਕਮਾਨਾ ਨਾ ਕੋਈ ਉਠਾਇੰਦਾ। ਕੂੜੀ ਕਿਰਿਆ ਵੱਜਾ ਜ਼ੰਜੀਰ, ਲੋਕਮਾਤ ਨਾ ਕੋਈ ਤੁੜਾਇੰਦਾ। ਸਤਿਗੁਰ ਪੂਰਾ ਬੰਨ੍ਹੇ ਬੀੜ, ਗੁਰਮੁਖਾਂ ਭਾਰ ਆਪ ਉਠਾਇੰਦਾ। ਆਪੇ ਮੀਰ ਆਪੇ ਪੀਰ, ਪੀਰ ਪੀਰਾਂ ਆਪ ਅਖਵਾਇੰਦਾ। ਆਪੇ ਦਾਤਾ ਜੋਧਾ ਸੂਰਬੀਰ, ਸ਼ਸਤਰ ਧਾਰੀ ਵੇਸ ਵਟਾਇੰਦਾ। ਆਪੇ ਮੇਟੇ ਆਪਣੀ ਖਿਚੀ ਲਕੀਰ, ਤਕਸੀਰ ਤਕਦੀਰ ਬੇਨਜ਼ੀਰ ਆਪ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਨਾਮ ਸਚ ਕਟੋਰਾ, ਗੁਰਮੁਖਾਂ ਹੱਥ ਫੜਾਇੰਦਾ। ਗੁਰਸਿਖ ਅੰਮ੍ਰਿਤ ਆਤਮ ਪੀਓ, ਹਰਿ ਸਾਚਾ ਆਪ ਪਿਆਇੰਦਾ। ਨਿਰਮਲ ਕਰਨਾ ਆਪਣਾ ਜੀਓ, ਜੀਵਣ ਜੁਗਤ ਸਿਖਾਇੰਦਾ। ਸਾਚਾ ਬੀਜ ਏਕਾ ਬੀਓ, ਅੰਮ੍ਰਿਤ ਫਲ ਖਵਾਇੰਦਾ। ਲਹਿਣਾ ਦੇਣਾ ਚੁੱਕੇ ਸਾਢੇ ਤਿੰਨ ਹੱਥ ਸੀਓ, ਸਾਚੀ ਵੰਡਨ ਆਪ ਵੰਡਾਇੰਦਾ। ਆਪੇ ਮਾਤਾ ਆਪੇ ਪਿਓ, ਬਾਲ ਅੰਞਾਣੇ ਗੋਦ ਉਠਾਇੰਦਾ। ਆਦਿ ਨਿਰੰਜਣ ਜੋਤ ਨਿਰੰਜਣ ਦੋਤਰਵਾਨ ਲਾਏ ਨੇਹੋਂ, ਪੁੱਤ ਪੋਤਰੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਆਤਮ ਗੁਣ ਵਖਾਇੰਦਾ। ਅੰਮ੍ਰਿਤ ਗੁਣ ਆਤਮ ਰਸ, ਹਰਿਜਨ ਵੇਖ ਵਖਾਈਆ। ਸਤਿਗੁਰ ਪੂਰਾ ਹੋਏ ਵਸ, ਦੇਵੇ ਵਡ ਵਡਿਆਈਆ। ਤੀਰ ਨਿਰਾਲਾ ਮਾਰੇ ਕਸ, ਅਣਿਆਲੀ ਮੁੱਖੀ ਇਕ ਰਖਾਈਆ। ਗੁਰਮੁਖਾਂ ਮੇਲਾ ਹੱਸ ਹੱਸ, ਘਰ ਘਰ ਵਿਚ ਆਪ ਕਰਾਈਆ। ਦਰਸ ਦਿਖਾਏ ਨੱਸ ਨੱਸ, ਨਿਰਗੁਣ ਸਰਗੁਣ ਵੇਸ ਵਟਾਈਆ। ਜਗਤ ਵਿਕਾਰਾ ਦੇਵੇ ਝੱਸ, ਚਰਨਾ ਹੇਠ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਵਡ ਵਡਿਆਈਆ। ਰਸਨਾ ਹਰਿ ਹਰਿ ਸਾਚਾ ਗੌਣਾ, ਅੰਤਰ ਹਰਿ ਲਿਵ ਲਾਈਆ। ਆਤਮ ਸੇਜਾ ਪਲੰਘ ਵਿਛੌਣਾ, ਰਾਹ ਤੱਕੇ ਬੇਪਰਵਾਹੀਆ। ਸੁਰਤ ਸਵਾਣੀ ਸ਼ਿੰਗਾਰ ਕਰੌਣਾ, ਨੈਣਾਂ ਕੱਜਲ ਧਾਰ ਵਹਾਈਆ। ਸੋਲਾਂ ਕਲੀਆਂ ਵੇਖ ਵਖੌਣਾ, ਸੋਲਾਂ ਇਛਿਆ ਪੂਰ ਕਰਾਈਆ। ਸਚ ਸਵਾਣੀ ਸੰਗ ਹੰਢੌਣਾ, ਪੀਆ ਪ੍ਰੀਤਮ ਏਕਾ ਪਾਈਆ। ਪੁਰਖ ਅਬਿਨਾਸ਼ੀ ਮੇਲ ਮਿਲੌਣਾ, ਗੁਰ ਸ਼ਬਦ ਕਰੇ ਕੁੜਮਾਈਆ। ਨਿਰਗੁਣ ਜੋਤ ਅੰਮ੍ਰਿਤ ਪਾਣੀ ਵਾਰ ਵਖੌਣਾ, ਆਪ ਆਪਣਾ ਸੰਗ ਨਿਭਾਈਆ। ਦਸਮ ਦਵਾਰੀ ਬਹਿ ਬਹਿ ਆਪਣੀ ਹੱਥੀਂ ਆਪ ਪਿਔਣਾ, ਆਪ ਆਪਣਾ ਰੰਗ ਰੰਗਾਈਆ। ਨਾਰੀ ਕੰਤ ਏਕਾ ਧਾਮ ਸੁਹੌਣਾ, ਗੁਰ ਚੇਲਾ ਰੂਪ ਵਟਾਈਆ। ਚੇਲਾ ਗੁਰ ਗੁਰ ਗੋਬਿੰਦ ਆਪ ਅਖਵੌਣਾ, ਗੁਰਮੁਖਾਂ ਢਹਿ ਢਹਿ ਪਰਨਾਈਆ। ਪੰਚਮ ਮੀਤਾ ਖੇਲ ਖਿਲੌਣਾ, ਪੰਚਮ ਜੋਤ ਕਰੇ ਰੁਸ਼ਨਾਈਆ। ਸਾਚਾ ਤਾਜ ਸੀਸ ਟਿਕੌਣਾ, ਸਿਰ ਚਵਰਾ ਚਵਰ ਕਰਾਈਆ। ਨਾਮ ਕਲਗੀ ਤੋੜਾ ਆਪ ਚਮਕੌਣਾ, ਨਾਮ ਨਾਮਾ ਤੇਜ ਵਖਾਈਆ। ਚਿੱਟਾ ਅਸਵ ਘੋੜਾ ਆਪ ਦੜੌਣਾ, ਸ਼ਾਹ ਅਸਵਾਰਾ ਆਸਣ ਲਾਈਆ। ਪੁਰਖ ਅਬਿਨਾਸ਼ੀ ਖੇਲ ਖਿਲੌਣਾ, ਬ੍ਰਹਿਮੰਡਾਂ ਵੱਜੇ ਵਧਾਈਆ। ਨੀਲੀ ਧਾਰ ਪੜਦਾ ਲੌਹਣਾ, ਨੀਲੇ ਵਾਲਾ ਸਾਚਾ ਮਾਹੀਆ। ਚੌਥੇ ਜੁਗ ਚੌਥਾ ਪੌੜਾ ਆਪ ਉਠੌਣਾ, ਲਹਿੰਦੀ ਦਿਸ਼ਾ ਕਰੇ ਸਫਾਈਆ। ਗੁਰਸਿਖ ਦੇ ਬਾਂਹ ਸਰਹਾਣੇ ਲੋਕਮਾਤ ਸੌਣਾ, ਸਤਿਗੁਰ ਪੂਰਾ ਸੇਵ ਕਮਾਈਆ। ਚੋਬਦਾਰ ਪ੍ਰਭ ਆਪ ਅਖਵੌਣਾ, ਪਹਿਰਾ ਦੇਵੇ ਦਿਵਸ ਰੈਣ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਅੰਮ੍ਰਿਤ ਹਰਿ, ਜੁਗ ਜੁਗ ਹਰਿਆ ਆਪ ਕਰਾਈਆ। ਹਰਿ ਹਰਿਆ ਹਰਿਆਵਲਾ, ਹਰਿ ਹਰਿ ਰੂਪ ਅਪਾਰ। ਹਰਿ ਸੁੰਦਰ ਸਾਵਲ ਸਾਵਲਾ, ਰੂਪ ਅਨੂਪ ਹਰਿ ਕਰਤਾਰ। ਹਰਿ ਖੇਲੇ ਖੇਲ ਜਗਤ ਬੇਤਾਲਾ, ਤਾਲ ਜਾਣੇ ਨਾ ਕੋਈ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌ ਸਤ ਵੇਖੇ ਘਰ, ਹਰਿਜਨ ਹਰਿ ਹਰਿ ਲਏ ਫੜ, ਬੇੜਾ ਆਪਣਾ ਆਪ ਚਲਾਵਣਾ। ਨਦਰੀ ਨਦਰ ਨਿਹਾਲ, ਨਦਰ ਕਰਮ ਕਮਾਇੰਦਾ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਰੰਗ ਰੰਗੀਲਾ ਇਕ ਚੜ੍ਹਾਇੰਦਾ। ਤੋੜਣਹਾਰਾ ਜਗਤ ਜੰਜਾਲ, ਜਗਤ ਜੰਜਾਲਾ ਤੋੜ ਤੁੜਾਇੰਦਾ। ਹਰਿਜਨ ਸਾਚੇ ਆਪੇ ਭਾਲ, ਸਾਚੀ ਸਿਖਿਆ ਇਕ ਸਮਝਾਇੰਦਾ। ਸੱਜਣ ਮੀਤਾ ਏਕਾ ਲਾਲ, ਅਨਮੁਲੜੇ ਹੱਟ ਵਿਕਾਇੰਦਾ। ਭਾਗ ਲਗਾਏ ਕਾਇਆ ਮਾਟੀ ਖਾਲ, ਪੰਜ ਤੱਤ ਮੰਦਰ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਕਰਮ ਨਦਰ ਤਰਾਇੰਦਾ। ਨਦਰੀ ਹਰਿ ਹਰਿ ਜਾਣਿਆ, ਜਾਨਣਹਾਰ ਕਰਤਾਰ। ਸਤਿਗੁਰ ਪੁਰਖ ਪਛਾਨਿਆ, ਮੇਲਾ ਵਿਚ ਸੰਸਾਰ। ਚੁਕੇ ਆਵਣ ਜਾਣਿਆ, ਦੇਵੇ ਨਾਮ ਅਧਾਰ। ਮੇਲ ਮਿਲਾਵਾ ਦੋ ਜਹਾਨਿਆ, ਏਥੇ ਓਥੇ ਪਾਵੇ ਸਾਰ। ਏਕਾ ਦੇਵੇ ਧੁਰ ਮਾਣਿਆ, ਸੋਹੰ ਸ਼ਬਦ ਸੱਚੀ ਧੁਨਕਾਰ। ਗਾਵਣਹਾਰਾ ਸਾਚਾ ਗਾਣਿਆ, ਗਾਵੇ ਨਾਮ ਅਪਰ ਅਪਾਰ। ਦੇਵੇ ਦਰਸ ਨੈਣ ਮੂੰਧਾਨਿਆ, ਆਤਮ ਅੰਤਰ ਖੋਲ੍ਹ ਕਿਵਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਦਰ ਕਰਮ ਦੇਵੇ ਕਰ, ਹਰਿਜਨ ਵੇਖੇ ਸਾਚੇ ਲਾੜ। ਨਦਰ ਕਰਮ ਹਰਿ ਭਗਵਾਨ, ਆਪਣੀ ਆਪ ਕਰਾਈਆ। ਦੇਵਣਹਾਰਾ ਸਚ ਨਿਸ਼ਾਨ, ਏਕਾ ਪੱਲਾ ਨਾਮ ਫੜਾਈਆ। ਚਰਨ ਕਵਲ ਸਚ ਧਿਆਨ, ਘਰ ਸਾਚੇ ਇਕ ਲਿਵ ਲਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਸਾਚੀ ਇਕ ਸਮਝਾਈਆ। ਗੁਰਮਤ ਸਾਚੀ ਸਾਚਾ ਰਾਹ, ਗੁਰਮੁਖਾਂ ਬੂਝ ਬੁਝਾਇੰਦਾ। ਏਕਾ ਜਾਪ ਦਏ ਜਪਾ, ਅੱਖਰ ਵੱਖਰ ਨਾਮ ਪੜ੍ਹਾਇੰਦਾ। ਨਾਤਾ ਬਿਧਾਤਾ ਜਗਤ ਤੁੜਾ, ਚਰਨ ਕਵਲ ਇਕ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸਚ ਗਿਆਨ ਇਕ ਸਮਝਾਇੰਦਾ। ਸਚ ਗਿਆਨਾ ਹਰਿ ਭਗਵਾਨਾ, ਆਪਣੀ ਬੂਝ ਬੁਝਾਇੰਦਾ। ਸੋਹੰ ਬੰਨ੍ਹੇ ਹੱਥੀਂ ਗਾਨਾ, ਤੰਦਨ ਤੰਦ ਪਾਇੰਦਾ। ਮਦਿਰਾ ਮਾਸ ਨਾ ਰਸਨ ਲਗਾਨਾ, ਰਸ ਜੇਹਵਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਟੁੱਟੀ ਗੰਢਣਹਾਰ ਗੋਪਾਲ, ਆਪਣਾ ਬੰਧਨ ਆਪੇ ਪਾਇੰਦਾ। ਤੁਠਾ ਸਤਿਗੁਰ ਦੀਨ ਦਿਆਲ, ਧੁਰ ਮਸਤਕ ਵੇਖ ਵਖਾਇਆ। ਹਰਿਜਨ ਦੇਵੇ ਜੀਆ ਦਾਨ, ਯਾਚਕ ਮੰਗਣ ਜੋ ਜਨ ਆਇਆ। ਏਕਾ ਰਾਗ ਸੁਣਾਏ ਕਾਨ, ਸੋਹੰ ਢੋਲਾ ਸਾਚਾ ਗਾਇਆ। ਦੀਪਕ ਜੋਤ ਜਗੇ ਮਹਾਨ, ਅੰਧ ਅੰਧੇਰਾ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਆਪਣਾ ਆਪ ਵਖਾਇਆ। ਘਰ ਵਖਾਏ ਹਰਿ ਭਗਵਾਨ, ਆਪਣੀ ਬੂਝ ਬੁਝਾਈਆ। ਜਗਤ ਤ੍ਰਿਸਨਾ ਛੁੱਟੇ ਪੀਣ ਖਾਣ, ਮਦਿਰਾ ਮਾਸ ਨਾ ਰਸਨ ਲਗਾਈਆ। ਸਿਗਰਟ ਬੀੜਾ ਨਾ ਕੋਈ ਪਾਨ, ਜੇਹਵਾ ਜੇਹਵ ਨਾ ਹੋਏ ਹਲਕਾਈਆ। ਏਕਾ ਏਕ ਏਕ ਗਾਨ, ਚਰਨ ਕਵਲ ਇਕ ਸਰਨਾਈਆ। ਧੂੰਆਂਧਾਰ ਮਿਟੇ ਮਕਾਨ, ਦੋ ਜਹਾਨ ਹੋਏ ਰੁਸ਼ਨਾਈਆ । ਪਾਇਆ ਸ਼ਾਹ ਸੱਚਾ ਸੁਲਤਾਨ, ਦੁੱਖ ਭੁੱਖ ਦਏ ਮਿਟਾਈਆ। ਸਦਾ ਸੁਹੇਲਾ ਨਿਗਹਬਾਨ, ਦਿਵਸ ਰੈਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਤੱਤ ਸਮਝਾਈਆ। ਸਾਚੀ ਮਤ ਹਰਿ ਕਾ ਨਾਮ, ਨਾਮੇ ਹਰਿ ਚਿਤ ਲਾਈਆ। ਰਾਮ ਵਡਿਆਈ ਦਿਸੇ ਨਗਰ ਗਰਾਮ, ਕਾਇਆ ਖੇੜਾ ਵੇਖ ਵਖਾਈਆ। ਲੱਗੇ ਭਾਗ ਕਾਇਆ ਮਾਟੀ ਚਾਮ, ਰਵ ਸਸ ਰਹੇ ਸਰਨਾਈਆ। ਜਿਸ ਜਨ ਫੜਾਏ ਆਪਣਾ ਦਾਮ, ਨਾ ਪੱਲੂ ਕੋਇ ਛੁਡਾਈਆ। ਪੂਰਨ ਕਰੇ ਆਪੇ ਕਾਮ, ਗੁਰਸਿਖ ਸਾਚੇ ਲਏ ਤਰਾਈਆ। ਅੰਮ੍ਰਿਤ ਪਿਆਏ ਏਕਾ ਜਾਮ, ਮਸਤਕ ਧੂੜੀ ਟਿੱਕਾ ਚਰਨ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਸੋਹੰ ਸ਼ਬਦ ਵਸਤ ਦਸਤ ਬਦਸਤ ਆਪ ਫੜਾਈਆ। ਘਰ ਗ੍ਰਹਿ ਮੰਦਰ ਹੋਇਆ ਪਵਿਤ, ਪਾਪੀ ਪਤਿਤ ਤਰਾਈਆ। ਸਚ ਸੁਹੰਜਣੀ ਸੁਹਾਈ ਥਿਤ, ਗੁਰ ਸਤਿਗੁਰ ਵਡ ਵਡਿਆਈਆ। ਲੇਖੇ ਲਾਏ ਕਾਇਆ ਰਿਤ, ਰੱਤੀ ਰੱਤ ਤੁਲਾਈਆ। ਸ਼ਬਦ ਸ਼ਬਦੀ ਕਰ ਕਰ ਹਿਤ, ਲੇਖਾ ਲੇਖ ਮਿਟਾਈਆ। ਮਾਨਸ ਜਨਮ ਜਨ ਜਾਏ ਜਿਤ, ਜਿਸ ਬਖ਼ਸ਼ੇ ਸਚ ਸਰਨਾਈਆ। ਦਰਸ ਦਿਖਾਏ ਨਿਤ ਨਵਿਤ, ਰਸਨਾ ਜੋ ਜਨ ਗਾਈਆ। ਸਰਬ ਜੀਆਂ ਪ੍ਰਭ ਸਾਚਾ ਪਿਤ, ਪਿਤਾ ਪੂਤ ਵੇਖ ਵਖਾਈਆ। ਅਬਿਨਾਸ਼ੀ ਏਕ ਅਚੁਤ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਨਿਤ ਨਵਿਤ, ਖੇਲਣਹਾਰਾ ਬੇਪਰਵਾਹੀਆ। ਖੇਲਣਹਾਰ ਪੁਰਖ ਸਮਰਥ, ਹਰਿ ਸੱਜਣ ਮੀਤ ਮੁਰਾਰਾ। ਜਿਸ ਜਨ ਰੱਖੇ ਦੇ ਕਰ ਹੱਥ, ਉਤਰੇ ਪਾਰ ਕਿਨਾਰਾ। ਨਾਮ ਨਿਧਾਨਾ ਦੇਵੇ ਸਾਚੀ ਵਥ, ਸੋਹੰ ਸ਼ਬਦ ਅਨਾਦੀ ਨਾਦ ਜੈਕਾਰਾ। ਸਗਲ ਵਿਸੂਰੇ ਜਾਇਣ ਲੱਥ, ਦਰਸ ਦਿਖਾਏ ਅਗੰਮ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਵਸੇ ਏਕ ਏਕੰਕਾਰਾ। ਘਰ ਮੰਦਰ ਮਹੱਲ ਉਚ ਅਟੱਲ, ਦੀਵਾ ਬਾਤੀ ਹਰਿ ਰੁਸ਼ਨਾਈਆ। ਵੇਖਣਹਾਰਾ ਜਲ ਥਲ, ਜਲ ਥਲ ਮਹੀਅਲ ਰਿਹਾ ਸਮਾਈਆ। ਜੋਤ ਜਗਾਏ ਘੜੀ ਘੜੀ ਪਲ ਪਲ, ਆਪ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਏਕਾ ਦੀਪਕ ਰਿਹਾ ਬਲ, ਅਗਿਆਨ ਅੰਧੇਰ ਮਿਟਾਈਆ। ਘਰ ਮੰਦਰ ਹਰਿ ਸੁਹਾਇਆ, ਸੋਹੇ ਬੰਕ ਦਵਾਰ। ਗੁਰਮੁਖ ਮਾਰਗ ਸਚ ਲਾਇਆ, ਦੇਵੇ ਨਾਮ ਸੱਚਾ ਆਧਾਰ। ਭਾਂਡੇ ਕਾਚੇ ਸਾਚੇ ਤੱਤ ਪਕਾਇਆ, ਅਗਨੀ ਜੋਤੀ ਆਪੇ ਡਾਰ। ਆਪਣੇ ਹੱਟ ਆਪ ਵਿਕਾਇਆ, ਆਪੇ ਕਰੇ ਵਣਜ ਵਾਪਾਰ। ਘਟ ਘਟ ਅੰਦਰ ਵੇਖ ਵਖਾਇਆ, ਗ੍ਰਹਿ ਮੰਦਰ ਹੋ ਉਜਿਆਰ। ਧੰਨ ਧੰਨ ਜਣੇਂਦੀ ਮਾਇਆ, ਉਪਜਿਆ, ਪੂਤ ਸੁੱਤ ਦੁਲਾਰ। ਗੁਰ ਸਤਿਗੁਰ ਮੇਲ ਮਿਲਾਇਆ, ਨਾਤਾ ਤੁੱਟਾ ਸਰਬ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਖਾਲੀ ਭਰੇ ਭੰਡਾਰ। ਜਿਸ ਮਿਲਿਆ ਗੁਰ ਪਾਰਬ੍ਰਹਮ, ਉਤਰੇ ਰੋਗ ਸੰਤਾਪ। ਪੂਰਨ ਕਾਜ ਕਰੇ ਕੰਮ, ਪੁਰਖ ਅਬਿਨਾਸ਼ੀ ਸਾਚਾ ਬਾਪ। ਲੇਖੇ ਲਾਏ ਦਮਾ ਦਮ, ਜੋ ਜਨ ਗਾਏ ਰਸਨਾ ਜਾਪ। ਜਗਤ ਬੁਝਾਏ ਤ੍ਰਿਸਨਾ ਤਮ, ਦਰਸ ਦਿਖਾਏ ਆਪਣਾ ਆਪ। ਜਗਤ ਦਵਾਰਾ ਦੇਵੇ ਡੰਨ, ਵਡ ਵੱਡਾ ਘਰ ਪਰਤਾਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਤ ਰੱਖੇ ਕਮਲਾਪਾਤ। ਬਿਰਧ ਅਵਸਥਾ ਹਰਿ ਹਰਿ ਰੰਗ, ਹਰਿ ਹਰਿ ਨਾਮ ਚੜ੍ਹਾਇਆ। ਸਾਚੀ ਮੰਗ ਲਈ ਮੰਗ, ਘਰ ਪਰਮੇਸ਼ਵਰ ਆਇਆ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਦੇਵੇ ਫੰਦ ਕਟਾਇਆ। ਅੰਗੀਕਾਰ ਲਾਏ ਅੰਗ, ਆਪ ਆਪਣੀ ਦਇਆ ਕਮਾਇਆ। ਕੂੜੀ ਕਿਰਿਆ ਮੇਟੇ ਭੁੱਖ ਨੰਗ, ਸਚ ਭੰਡਾਰਾ ਨਾਮ ਭਰਾਇਆ। ਲੋਕ ਲਾਜ ਵਿਚ ਨਾ ਜਾਣਾ ਸੰਗ, ਸਗਲਾ ਸੰਗੀ ਵੇਖ ਵਖਾਇਆ। ਸ਼ਬਦ ਡੋਰੀ ਬੰਨ੍ਹੇ ਪਤੰਗ, ਆਕਾਸ਼ ਆਕਾਸ਼ਾਂ ਪਾਰ ਕਰਾਇਆ। ਸ਼ਬਦ ਖੰਡਾ ਦਰ ਦਰ ਆਪੇ ਵੇਖੇ ਲੰਘ, ਆਪਣਾ ਮੰਦਰ ਆਪ ਸੁਹਾਇਆ। ਗੁਰਮੁਖਾਂ ਵਖਾਏ ਇਕ ਪਲੰਘ, ਆਪਣੀ ਹੱਥੀਂ ਆਪ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਲੇਖਾ ਲੇਖੇ ਰਿਹਾ ਲਗਾਇਆ। ਮੰਗੇ ਮੰਗ ਨਾਮ ਅਨਮੋਲ, ਅਨਮੁਲਾ ਲਾਲ ਬਣਾਈਆ। ਦਰਸ ਦਿਖਾਏ ਸੁਤਿਆਂ ਅਨਭੋਲ, ਭੋਲੇ ਭਾਓ ਵੇਖ ਵਖਾਈਆ। ਇਕ ਪ੍ਰੀਤੀ ਦੇਵੇ ਕੋਲ, ਸਚ ਵਸਤ ਹੱਥ ਫੜਾਈਆ। ਆਪਣੇ ਕੰਡੇ ਲਏ ਤੋਲ, ਤੋਲਣਹਾਰਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਨਮ ਜਨਮਾ ਲੇਖੇ ਲਾਈਆ। ਮਾਨਸ ਜਨਮ ਲੇਖੇ ਜਾਏ ਲੱਗ, ਬਿਰਧਾਂ ਬਿਰਧ ਤਰਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਕਾਰਜ ਸਿਧ ਆਪ ਕਰਾਇੰਦਾ। ਚਰਨ ਦਾਸ ਕਰਾਏ ਨੌ ਨਿਧ, ਅਠਾਰਾਂ ਸਿਧ ਸੇਵਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਵਣ ਗਵਣ ਤ੍ਰੈਭਵਣ ਸਗਲਾ ਫੰਦ ਕਟਾਇੰਦਾ। ਕੱਟੇ ਫੰਦ ਜਮ ਕੀ ਫਾਸ, ਫਾਸੀ ਗਲ ਰਹਿਣ ਨਾ ਪਾਈਆ। ਦੇਵਣਹਾਰਾ ਧੁਰ ਧਰਵਾਸ, ਦਰਗਹਿ ਸਾਚੀ ਹੋਏ ਸਹਾਈਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਈਆ। ਪਰਮ ਪੁਰਖ ਪਤਿਪਰਮੇਸ਼ਵਰ ਵਸੇ ਸਦਾ ਪਾਸ, ਪੁਰਖ ਪੁਰਖੋਤਮ ਵਡ ਵਡਿਆਈਆ। ਵਾਸ ਨਿਵਾਸਾ ਘਰ ਘਰ ਰੱਖੇ ਵਾਸ, ਆਸ ਨਿਰਾਸਾ ਲੇਖੇ ਲਾਈਆ। ਦਾਤਾ ਦਾਨੀ ਸਰਬ ਗੁਣ ਤਾਸ, ਗੁਣਵੰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਣਾਏ ਸਾਚੀ ਬਣਤਾ, ਮੂਰਖ ਮੂੜ੍ਹ ਮੁਗਧ ਅੰਞਾਣ ਆਪੇ ਲਏ ਤਰਾਈਆ।