੨੬ ਜੇਠ ੨੦੧੬ ਬਿਕ੍ਰਮੀ ਸਾਂਈ ਦਾਸ ਦੇ ਘਰ ਝੰਡੇ ਜੰਮੂ
ਚਰਨ ਚਰਨੋਦਕ ਸਾਚੀ ਧਾਰ, ਦੁੱਖ ਦਰਦ ਮਿਟਾਈਆ। ਜਗਤ ਰੁਲੇ ਕਰ ਪਿਆਰ, ਅਨਮੁਲੇ ਲਾਲ ਬਣਾਈਆ। ਭੰਡਾਰੇ ਖੁਲ੍ਹੇ ਦਰ ਦਰਬਾਰ, ਅਤੋਟ ਅਤੁਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਚਰਨਾਮਿਤ ਆਪ ਹੋ ਜਾਈਆ। ਚਰਨ ਮੀਤਾ ਮੀਤ ਮੁਰਾਰ, ਚਰਨ ਸਰਨ ਸਰਨਾਈਆ। ਪਤਿਤ ਪੁਨੀਤਾ ਕਰੇ ਵਿਚ ਸੰਸਾਰ, ਆਪ ਆਪਣਾ ਸੁੱਖ ਉਪਜਾਈਆ। ਚਲਾਏ ਰੀਤਾ ਅਪਰ ਅਪਾਰ, ਆਪਣੀ ਨੀਤੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਵਲ ਬੋਲਾ ਨੂਰੀ ਅੱਲਾ ਹੂ ਹੂ ਦਏ ਮਿਟਾਈਆ। ਹੂ ਅੱਲਾ ਹੱਕ ਬਹੱਕ, ਹਕੀਕਤ ਵੇਖ ਵਖਾਇੰਦਾ। ਕਲਮਾ ਕਲਮੀ ਰਿਹਾ ਮੁੱਕ, ਆਇਤ ਸ਼ਰਾਇਤ ਮਿਟਾਇੰਦਾ। ਅਲਫ਼ ਮੀਮ ਨਕੇਲ ਪਾਏ ਨੱਕ, ਹਮਜ਼ਾ ਮੁਖ ਭਵਾਇੰਦਾ। ਮੁਲਾ ਸ਼ੇਖ਼ ਡੂੰਘੀ ਗਾਰੇ ਦੇਵੇ ਸੱਟ, ਡੂੰਘੀ ਭਵਰੀ ਆਪ ਭੁਵਾਇੰਦਾ। ਅੰਦਰ ਮੈਲ ਦੇਵੇ ਕੱਟ, ਅੰਮ੍ਰਿਤ ਸਾਚਾ ਮੁਖ ਚੁਆਇੰਦਾ। ਏਕਾ ਦੂਆ ਮੇਟੇ ਫੱਟ, ਦੋਏ ਦੋਏ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਨਿਮਾਣੇ ਨਿਮਾਣਿਆਂ ਆਪਣੇ ਗਲੇ ਲਗਾਇੰਦਾ।
