Granth 08 Likhat 100: 26 Jeth 2016 Bikarmi Shankar Daas de Ghar Pind Jhande Jammu

੨੬ ਜੇਠ ੨੦੧੬ ਬਿਕ੍ਰਮੀ ਸ਼ੰਕਰ ਦਾਸ ਦੇ ਘਰ ਪਿੰਡ ਝੰਡੇ ਜੰਮੂ

ਹਰਿ ਸਤਿਗੁਰ ਦੀਨ ਸੱਚਾ ਦਿਆਲ, ਇਕ ਅਕੱਲਾ ਏਕੰਕਾਰਿਆ। ਗੋਬਿੰਦ ਮੀਤਾ ਗੁਰ ਗੋਪਾਲ, ਖੇਲੇ ਖੇਲ ਅਗੰਮ ਅਪਾਰਿਆ। ਗੁਰਮੁਖ ਵੇਖੇ ਸਾਚੇ ਲਾਲ, ਆਪ ਆਪਣੀ ਦਇਆ ਕਮਾ ਰਿਹਾ। ਮਨਮੁਖਾਂ ਮਾਰਨਹਾਰਾ ਮਾਰ, ਜੁਗ ਜੁਗ ਆਪਣਾ ਵੇਸ ਵਟਾ ਰਿਹਾ। ਆਦਿ ਜੁਗਾਦੀ ਇਕ ਅਵਤਾਰ, ਨਿਰੰਕਾਰ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੇਜ਼ ਕਟਾਰ, ਨਿਰੰਕਾਰ ਹੱਥ ਰਖਾ ਰਿਹਾ। ਸਾਰ ਸ਼ਬਦ ਸਾਚਾ ਖੰਡਾ, ਹਰਿ ਸਾਚਾ ਹੱਥ ਉਠਾਇੰਦਾ। ਵੇਖ ਵਖਾਏ ਵਿਚ ਬ੍ਰਹਿਮੰਡਾਂ, ਲੋਆਂ ਪੁਰੀਆਂ ਫੋਲ ਫੋਲਾਇੰਦਾ। ਆਪਣੀ ਵੰਡੇ ਆਪੇ ਵੰਡਾ, ਵੰਡਣਹਾਰ ਇਕ ਅਖਵਾਇੰਦਾ। ਮੇਟਣਹਾਰਾ ਭੇਖ ਪਖੰਡਾ, ਲੋਕਮਾਤ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਾਰ ਵਿਚ ਸੰਸਾਰ, ਏਕਾ ਆਪ ਰਖਾਇੰਦਾ। ਸਾਰ ਸ਼ਬਦ ਅਗੰਮ ਅਥਾਹ, ਵੇਦ ਕਤੇਬ ਭੇਵ ਨਾ ਪਾਈਆ। ਆਪੇ ਜਾਣੇ ਬੇਪਰਵਾਹ, ਆਪ ਆਪਣੀ ਰਚਨ ਰਚਾਈਆ। ਪਾਰਬ੍ਰਹਮ ਸਚ ਸੇਵ ਕਮਾ, ਸੇਵਕ ਸੇਵਾ ਆਪ ਲਗਾਈਆ। ਅਲੱਖ ਅਭੇਵ ਆਪ ਅਖਵਾ, ਅਲਖ ਨਿਰੰਜਣ ਨੂਰ ਰੁਸ਼ਨਾਈਆ। ਸਚਖੰਡ ਦਵਾਰਾ ਦਏ ਸੁਹਾ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਕਾਰ ਹਰਿ ਨਿਰੰਕਾਰ ਜੁਗਾ ਜੁਗੰਤਰ ਆਪ ਕਰਾਈਆ। ਜੁਗਾ ਜੁਗੰਤਰ ਸਾਚੀ ਕਾਰ, ਹਰਿ ਸਾਚਾ ਆਪ ਕਰਾਇੰਦਾ। ਅਬਿਨਾਸ਼ੀ ਕਰਤਾ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਸ਼ਬਦ ਅਗੰਮੀ ਏਕਾ ਧਾਰ, ਆਪਣੀ ਆਪ ਚਲਾਇੰਦਾ। ਆਪੇ ਵਸੇ ਸਭ ਤੋਂ ਬਾਹਰ, ਹਰ ਘਟ ਡੇਰਾ ਆਪੇ ਲਾਇੰਦਾ। ਵੇਖੇ ਵਿਗਸੇ ਕਰੇ ਵਿਚਾਰ, ਵੇਖਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਸਾਰ ਸ਼ਬਦ ਹਰਿ ਧਾਰ ਨਿਰਾਲੀ, ਏਕਾ ਏਕ ਉਪਾਈਆ। ਏਕਾ ਜੋਤ ਜਗੇ ਅਕਾਲੀ, ਏਕਾ ਨੂਰ ਕਰੇ ਰੁਸ਼ਨਾਈਆ। ਏਕਾ ਬਣੇ ਕਰਤਾ ਪਾਲੀ, ਪ੍ਰਿਤਪਾਲਕ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸੋਭਾ ਪਾਈਆ। ਸਾਚਾ ਘਰ ਹਰਿ ਭਗਵੰਤ, ਏਕਾ ਏਕ ਸੁਹਾਇੰਦਾ। ਹਰਿਜਨ ਮੇਲੇ ਸਾਚੇ ਸੰਤ, ਸਾਚੀ ਸਿਖਿਆ ਇਕ ਸਮਝਾਇੰਦਾ। ਨਾਮ ਨਿਧਾਨਾ ਦੇਵੇ ਗੁਣ ਗੁਣਵੰਤ, ਆਤਮ ਅੰਤਰ ਬ੍ਰਹਮ ਵਖਾਇੰਦਾ। ਆਪ ਬਣਾਏ ਸਾਚੀ ਬਣਤ, ਪੰਜ ਤੱਤ ਫੋਲ ਫੋਲਾਇੰਦਾ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਸਮਰਥ ਪੁਰਖ ਅਖਵਾਇਆ। ਆਦਿ ਜੁਗਾਦੀ ਲੈ ਅਵਤਾਰਾ, ਹਰਿ ਮੰਤਰ ਨਾਮ ਦ੍ਰਿੜਾਇਆ। ਨਿਤ ਨਵਿਤ ਸਾਚੀ ਕਾਰਾ, ਸਾਂਧਾ ਸੰਤਾਂ ਲਏ ਉਠਾਇਆ । ਧੁਨ ਅਨਾਦਿ ਸੱਚੀ ਧੁਨਕਾਰਾ, ਏਕਾ ਮੰਗਲ ਰਾਗ ਸੁਣਾਇਆ। ਸਰ ਸਰੋਵਰ ਠੰਡੀ ਠਾਰਾ, ਤਾਲ ਸੁਹਾਵਾ ਇਕ ਉਪਾਇਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਤੋੜ ਤੁੜਾਇਆ। ਆਤਮ ਸੇਜਾ ਹੋ ਉਜਿਆਰਾ, ਨਿਰਗੁਣ ਬੈਠਾ ਆਸਣ ਲਾਇਆ। ਸੁਰਤ ਸੁਵਾਣੀ ਮੇਲ ਮਿਲਾਏ ਸਾਚੇ ਹਾਣੀ, ਘਰ ਸਾਚਾ ਇਕ ਸੁਹਾਇਆ। ਇਕ ਵਖਾਏ ਪਦ ਨਿਰਬਾਣੀ, ਪਰਮ ਪੁਰਖ ਵਡ ਵਡਿਆਇਆ। ਆਵਣ ਜਾਵਣ ਚੁਕੇ ਕਾਣੀ, ਜਿਸ ਜਨ ਹਰਿ ਹਰਿ ਦਰਸ਼ਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਧ ਸੰਤ ਹਰਿ ਬੇਅੰਤ ਕੋਟੀ ਕੋਟ ਰਿਹਾ ਤਰਾਇਆ। ਕੋਟੀ ਕੋਟ ਸੰਤ ਅਧਾਰ, ਹਰਿ ਨਾਮਾ ਵਣਜ ਕਰਾਈਆ। ਦੇਵੇ ਦਰਸ ਅਗੰਮ ਅਪਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਰਵ ਸਸ ਕਰਨ ਨਿਮਸਕਾਰ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਈਆ। ਆਪ ਸੁਹਾਏ ਸਚਖੰਡ ਦਵਾਰ, ਸਚ ਸਿੰਘਾਸਣ ਆਸਣ ਲਾਈਆ। ਅਲਖ ਅਗੋਚਰ ਭੇਵ ਨਿਆਰ, ਭੇਵ ਅਭੇਦਾ ਆਪ ਹੋ ਜਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਸਤਿ ਸਤਿਵਾਦੀ ਆਪ ਕਰਾਈਆ। ਜੁਗਾ ਜੁਗੰਤਰ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਈਆ। ਕਲਜੁਗ ਅੰਤਮ ਕੂੜੀ ਧਾਰ, ਚਾਰ ਕੁੰਟ ਰਹੀ ਵਹਾਈਆ। ਕਾਇਆ ਮੰਦਰ ਅੰਧ ਅੰਧਿਆਰ, ਦੀਵਾ ਬਾਤੀ ਨਾ ਕੋਈ ਜਗਾਈਆ। ਸਚ ਨਾ ਦਿਸੇ ਗੁਰੂਦਵਾਰ, ਭਰਮੇ ਭੁੱਲੀ ਸਰਬ ਲੋਕਾਈਆ। ਰਸਨਾ ਜੇਹਵਾ ਕੂੜ ਅਹਾਰ, ਸਚ ਅੰਮ੍ਰਿਤ ਜਾਮ ਨਾ ਕੋਈ ਪਿਆਈਆ। ਤਨ ਸ਼ਿੰਗਾਰ ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਏਕਾ ਹਰਿ, ਆਪਣੀ ਕਲ ਵਰਤਾਈਆ। ਅਕਲ ਕਲਾ ਕਲ ਧਾਰ, ਹਰਿ ਹਰਿ ਵੇਸ ਵਟਾਇੰਦਾ। ਆਦਿ ਜੁਗਾਦੀ ਪਾਵੇ ਸਾਰ, ਆਪਣਾ ਕਰਮ ਕਮਾਇੰਦਾ। ਕਲਜੁਗ ਕੂੜਾ ਵੇਖ ਪਸਾਰ, ਜੋਤੀ ਜਾਮਾ ਭੇਖ ਵਟਾਇੰਦਾ। ਜੀਵ ਜੰਤ ਹੋਏ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵਣਹਾਰਾ ਸਚ ਵਰ, ਆਪ ਆਪਣੀ ਬੂਝ ਬੁਝਾਇੰਦਾ। ਆਪਣਾ ਪੜਦਾ ਆਪੇ ਖੋਲ੍ਹ, ਗੁਰਮੁਖਾਂ ਬੂਝ ਬੁਝਾਈਆ। ਨਾਮ ਕੰਡੇ ਸਾਚੇ ਤੋਲ, ਲੇਖਾ ਦਏ ਚੁਕਾਈਆ। ਆਦਿ ਜੁਗਾਦੀ ਰਹੇ ਅਡੋਲ, ਨਾ ਡੋਲੇ ਕੋਈ ਡੁਲਾਈਆ। ਲੱਖ ਚੁਰਾਸੀ ਸੁੱਤੀ ਅਨਭੋਲ, ਨਾ ਸੋਇਆ ਕੋਈ ਜਗਾਈਆ। ਚਾਰੋਂ ਕੁੰਟ ਵੱਜੇ ਢੋਲ, ਕੂੜ ਨਗਾਰਾ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਵੇਖਣ ਆਇਆ, ਹਰਿ ਵਡ ਬਲੀ ਬਲਵਾਨਾ। ਔਲੀਏ ਪੀਰ ਸ਼ੇਖ਼ ਮੁਸਾਇਕ ਮੇਟਣ ਆਇਆ, ਮਾਰੇ ਤੀਰ ਨਿਸ਼ਾਨਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਸ਼ਬਦ ਦੋਸ਼ਾਲੇ ਆਪ ਲਪੇਟਣ ਆਇਆ, ਆਪਣਾ ਪਾਏ ਨਾਮ ਦੋਸ਼ਾਲਾ। ਖੇਵਟ ਖੇਟਾ ਬੇੜਾ ਬੰਨੇ ਲਾਵਣ ਆਇਆ, ਖੇਲੇ ਖੇਲ ਦੋ ਜਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਜਨ ਹਰਿ ਆਪਣੇ ਰੰਗ ਰੰਗਾਇਆ। ਤਾਰਨਹਾਰ ਗੁਰ ਏਕ ਹੈ, ਪਰਮ ਪੁਰਖ ਕਰਤਾਰ। ਜਿਸ ਜਨ ਬਖ਼ਸ਼ੇ ਸਾਚੀ ਟੇਕ ਹੈ, ਦੇਵੇ ਰਾਮ ਨਾਮ ਅਧਾਰ। ਕਾਇਆ ਬੁਧੀ ਕਰੇ ਬਿਬੇਕ ਹੈ, ਹਉਮੇ ਹੰਗਤਾ ਰੋਗ ਨਿਵਾਰ। ਪੰਜ ਤੱਤ ਵਿਕਾਰਾ ਰਿਹਾ ਵੇਖ ਹੈ, ਮਾਇਆ ਮੋਹ ਨਾ ਕਰੇ ਖ਼ਵਾਰ। ਆਪੇ ਲਿਖਣਹਾਰਾ ਲੇਖ ਹੈ, ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ। ਆਪੇ ਦਾਤਾ ਨਰ ਨਰੇਸ਼ ਹੈ, ਸ਼ਾਹ ਸੁਲਤਾਨ ਸੱਚੀ ਸਰਕਾਰ। ਆਪੇ ਗਣਪਤ ਹਰਿ ਗਣੇਸ਼ ਹੈ, ਕਰੋੜ ਤੇਤੀਸ ਦਏ ਅਧਾਰ। ਆਪੇ ਸੁਰਪਤ ਰਾਜਾ ਇੰਦ ਕਰੇ ਵੇਸ ਹੈ, ਆਪੇ ਅੰਮ੍ਰਿਤ ਬਖ਼ਸ਼ੇ ਠੰਡੀ ਠਾਰ। ਆਪੇ ਗੰਗਾ ਗੋਦਾਵਰੀ ਤੇਰਾ ਲੇਖਾ ਰਿਹਾ ਵੇਖ ਹੈ, ਆਪੇ ਸੁਰਸਤੀ ਕਰੇ ਪਿਆਰ। ਆਪੇ ਜਲ ਜਲ ਧਾਰ ਹੈ, ਜਲ ਧਾਰ ਰੂਪ ਆਪ ਨਿਰੰਕਾਰ। ਆਪੇ ਘਟ ਘਟ ਅੰਦਰ ਰਿਹਾ ਵੇਖ ਹੈ, ਘਰ ਘਰ ਵਿਚ ਮਹੱਲ ਉਸਾਰ। ਨਾ ਕੋਈ ਮੁੱਛ ਦਾੜ੍ਹੀ ਨਾ ਕੇਸ ਹੈ, ਨਿਰਗੁਣ ਜੋਤੀ ਨੂਰ ਉਜਿਆਰ । ਆਪੇ ਦਸਰਥ ਸੁੱਤ ਰਾਮ ਰਾਮੇਸ਼ ਹੈ, ਕਾਹਨਾ ਕ੍ਰਿਸ਼ਨਾ ਆਪ ਮੁਰਾਰ। ਆਪੇ ਨਾਨਕ ਗੁਰ ਦਸਮੇਸ ਹੈ, ਏਕਾ ਜੋਤੀ ਦਸ ਅਵਤਾਰ। ਆਦਿ ਜੁਗਾਦੀ ਰਹੇ ਹਮੇਸ਼ ਹੈ, ਆਵੇ ਜਾਵੇ ਵਿਚ ਸੰਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ। ਏਕਾ ਏਕ ਏਕੰਕਾਰ ਹਰਿ ਨਿਰੰਕਾਰ, ਪਾਰਬ੍ਰਹਮ ਹਰਿ ਅਖਵਾਇੰਦਾ। ਆਦਿ ਨਿਰੰਜਣ ਮੀਤ ਮੁਰਾਰ, ਜੋਤ ਨਿਰੰਜਣ ਮੇਲ ਮਿਲਾਇੰਦਾ। ਸਾਰ ਸ਼ਬਦ ਕਰ ਤਿਆਰ, ਅਨਹਦ ਤਾਲ ਵਜਾਇੰਦਾ। ਲੱਖ ਚੁਰਾਸੀ ਕਰੇ ਖ਼ਬਰਦਾਰ, ਗੁਰਮੁਖ ਸਾਚੇ ਆਪ ਉਠਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਏਕਾ ਦੂਜਾ ਭੇਵ ਚੁਕਾਇੰਦਾ। ਤੀਜੇ ਨੈਣ ਦਰਸ ਅਪਾਰ, ਚੌਥੇ ਪਦ ਸਮਾਇੰਦਾ। ਪੰਚਮ ਮੀਤਾ ਮੀਤ ਮੁਰਾਰ, ਪੰਚਮ ਮੋਹ ਚੁਕਾਇੰਦਾ। ਸੋਲਾਂ ਮੱਘਰ ਸੱਚਾ ਘਰ ਬਾਰ, ਹਰਿ ਸਾਚਾ ਖੇਲ ਖਿਲਾਇੰਦਾ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਹਰਿ ਸਾਚਾ ਸਚ ਕਰਾਇੰਦਾ । ਅੱਠਾਂ ਤੱਤਾਂ ਵਸਿਆ ਬਾਹਰ, ਨੌ ਦਵਾਰੇ ਨਾ ਖੋਜ ਖੁਜਾਇੰਦਾ। ਦਸਵਾਂ ਮੀਤਾ ਮੇਲ ਮੁਰਾਰ, ਆਪ ਆਪਣਾ ਮੇਲ ਮਿਲਾਇੰਦਾ। ਏਕਾ ਗੀਤਾ ਗੁਣ ਗਿਆਨ, ਮੰਤਰ ਨਾਮ ਦ੍ਰਿੜਾਇੰਦਾ। ਏਕਾ ਪੂਜਾ ਵੇਦ ਪਾਠ ਪੁਰਾਨ, ਏਕਾ ਸਿਖਿਆ ਸਿਖ ਸਮਝਾਇੰਦਾ। ਏਕਾ ਖਾਣੀ ਬਾਣੀ ਕਰ ਪਛਾਨ, ਬਾਣ ਨਿਰਾਲਾ ਏਕਾ ਲਾਇੰਦਾ। ਏਕ ਰੂਪ ਸ੍ਰੀ ਭਗਵਾਨ, ਚਾਰੇ ਵਰਨਾਂ ਨਜ਼ਰੀ ਆਇੰਦਾ। ਅਠਾਰਾਂ ਪੁਰਾਨਾਂ ਟੁੱਟੇ ਮਾਣ, ਮਾਣ ਅਭਿਮਾਨਾ ਮੇਟ ਮਿਟਾਇੰਦਾ। ਸੋਹੰ ਅੱਖਰ ਇਕ ਪਛਾਣ, ਦੋ ਜਹਾਨਾ ਚਲਤ ਚਲਾਇੰਦਾ। ਬ੍ਰਹਮ ਪਾਰਬ੍ਰਹਮ ਕਰ ਪਰਧਾਨ, ਸਚਖੰਡ ਦਵਾਰਾ ਆਪ ਵਖਾਇੰਦਾ। ਗੁਰਮੁਖ ਸਾਚੀ ਸਖੀ ਹਰਿ ਹਰਿ ਸਾਚਾ ਕਾਹਨ, ਨਾਮ ਬੰਸਰੀ ਵਿਚ ਵਜਾਇੰਦਾ। ਸਾਚਾ ਮੇਲਾ ਸੀਤਾ ਰਾਮ, ਸੀਤਾ ਸੁਰਤੀ ਆਪ ਪਰਨਾਇੰਦਾ। ਵਸੇ ਖੇੜਾ ਨਗਰ ਗਰਾਮ, ਜਿਸ ਦਰ ਸਤਿਗੁਰ ਪੂਰਾ ਚਰਨ ਟਿਕਾਇੰਦਾ। ਮਿਟੇ ਰੈਣ ਅੰਧੇਰੀ ਸ਼ਾਮ, ਸਾਚਾ ਨਾਮ ਚੰਦ ਚੜ੍ਹਾਇੰਦਾ। ਪੂਰਨ ਕਰਨੇਹਾਰਾ ਕਾਮ, ਪੂਰਨ ਇਛਿਆ ਆਪ ਕਰਾਇੰਦਾ। ਲੇਖੇ ਲਾਏ ਮਾਟੀ ਚਾਮ, ਜੋ ਜਨ ਨੇਤਰ ਨੈਣ ਦਰ ਆਏ ਦਰਸ਼ਨ ਪਾਇੰਦਾ। ਰੋਗ ਸੋਗ ਸਰਬ ਮਿਟ ਜਾਣ, ਜੋ ਜਨ ਰਸਨਾ ਸੋਹੰ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮੰਤਰ ਨਾਮ ਸਿਖਾਇੰਦਾ। ਏਕਾ ਮੰਤਰ ਸਾਚਾ ਗੌਣਾ, ਸਾਚੀ ਜੁਗਤ ਜਣਾਈਆ। ਰੋਗਾਂ ਸੋਗਾਂ ਡੇਰਾ ਢੌਹਣਾ, ਸਾਚਾ ਸੁਖ ਦਏ ਉਪਜਾਈਆ। ਗੁਰਮੁਖ ਸਾਚੇ ਮੇਲ ਮਿਲੌਣਾ, ਆਪ ਆਪਣਾ ਪੜਦਾ ਲਾਹੀਆ। ਮਨਮੁਖਾਂ ਦਰ ਦਰ ਫਿਰੌਣਾ, ਕਾਗ ਵਾਂਗ ਰਹੇ ਕੁਰਲਾਈਆ। ਬਿਨ ਹਰਿ ਸਾਚੇ ਨਾ ਬੇੜਾ ਕਿਸੇ ਬੰਨੇ ਲੌਣਾ, ਕਲਜੁਗ ਝੂਠਾ ਗੁਰ ਨਾ ਦੇਵੇ ਕੋਈ ਗਵਾਹੀਆ। ਬਿਨ ਹਰਿ ਸਤਿ ਪੁਰਸ਼ ਨਾ ਕਿਸੇ ਅਖਵੌਣਾ, ਦਰ ਘਰ ਸਾਚੇ ਡੇਰਾ ਲਾਈਆ। ਸੰਤ ਸਤਿ ਸਰੂਪ ਨਾ ਕਿਸੇ ਸਮੌਣਾ, ਸਤਿ ਅਸਤਿ ਗਿਆ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਾਲ ਨਿਧਾਨਾ ਨੌਜਵਾਨਾ ਲੇਖਾ ਦਏ ਚੁਕਾਈਆ। ਹਰਿਜਨ ਲੇਖੇ ਜਾਏ ਲੱਗ, ਹਰਿ ਸੱਜਣ ਸੱਚਾ ਪਾਇਆ। ਫੜ ਫੜ ਹੰਸ ਬਣਾਏ ਕਗ, ਮਾਣਕ ਮੋਤੀ ਚੋਗ ਚੁਗਾਇਆ। ਦੀਪਕ ਜੋਤੀ ਜਾਏ ਜਗ, ਅਗਿਆਨ ਅੰਧੇਰ ਮਿਟਾਇਆ। ਦਰਸ ਦਿਖਾਏ ਹਰਿ ਹਰਿ ਉਪਰ ਸ਼ਾਹ ਰਗ, ਆਪ ਆਪਣਾ ਮੇਲ ਮਿਲਾਇਆ । ਪੰਜ ਤੱਤ ਬੁਝਾਏ ਲੱਗੀ ਅੱਗ, ਅੰਮ੍ਰਿਤ ਆਤਮ ਮੁਖ ਚੁਆਇਆ। ਸਤਿਗੁਰ ਪੂਰਾ ਹਰਿ ਸਰਬੱਗ, ਦਾਤਾ ਦਾਨੀ ਦੇਣ ਦਾਨ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਹੱਥੀਂ ਬੰਨੇ ਤੰਦ, ਸਾਚਾ ਗਾਨਾ ਹੱਥ ਬੰਧਾਇਆ। ਸ਼ਬਦ ਗਾਨਾ ਬੰਨੇ ਡੋਰ, ਹਰਿ ਸਾਚਾ ਸਚ ਕਮਾਈਆ। ਫੜ ਫੜ ਮਾਰੇ ਪੰਜੇ ਚੋਰ, ਸ਼ਬਦ ਕਟਾਰ ਇਕ ਉਠਾਈਆ। ਜਗਤ ਵਿਕਾਰਾ ਦੇਵੇ ਹੋੜ, ਆਪ ਆਪਣੀ ਸੇਵ ਕਮਾਈਆ। ਅੰਤਮ ਵੇਲੇ ਗਿਆ ਬੌਹੜ, ਕਲਜੁਗ ਕੂਕੇ ਦਏ ਦੁਹਾਈਆ। ਜਿਸ ਜਨ ਆਤਮ ਅੰਤਰ ਲੱਗੀ ਔੜ, ਦੇ ਦਰਸ਼ਨ ਆਪ ਬੁਝਾਈਆ। ਆਪੇ ਚੜ੍ਹਿਆ ਸਾਚੇ ਘੋੜ, ਸਾਚਾ ਅਸਵ ਆਪ ਦੌੜਾਈਆ। ਦੋ ਜਹਾਨਾਂ ਲਾਇਆ ਏਕਾ ਪੌੜ, ਲੋਕਮਾਤ ਫੇਰਾ ਪਾਈਆ। ਲੱਖ ਚੁਰਾਸੀ ਵੇਖੇ ਮਿਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਉਠਾਈਆ। ਗੁਰਸਿਖ ਉਠ ਜਾਗ ਭਗਤ ਦੁਲਾਰ, ਹਰਿ ਸਤਿਗੁਰ ਆਪ ਜਗਾਇੰਦਾ। ਕਲਜੁਗ ਅੰਤਮ ਖੇਲ ਅਪਾਰ, ਪੁਰਖ ਅਬਿਨਾਸ਼ੀ ਆਪ ਖਿਲਾਇੰਦਾ। ਨੌ ਖੰਡ ਪ੍ਰਿਥਮੀ ਹਾਹਾਕਾਰ, ਸੱਤ ਦੀਪ ਸਰਬ ਕੁਰਲਾਇੰਦਾ। ਸਾਧ ਸੰਤ ਨਾ ਪਾਵੇ ਕੋਈ ਸਾਰ, ਸਿਰ ਹੱਥ ਨਾ ਕੋਈ ਟਿਕਾਇੰਦਾ। ਘਰ ਘਰ ਬੈਠ ਰਾਮ ਅਵਤਾਰ, ਰਾਮ ਰਾਮ ਸਰਬ ਅਖਵਾਇੰਦਾ। ਗੋਬਿੰਦ ਖੰਡਾ ਕਰ ਤਿਆਰ, ਗੋਬਿੰਦ ਆਪਣਾ ਨਾਮ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਦਰ ਆਪਣੇ ਸੋਭਾ ਪਾਇੰਦਾ। ਸੋਭਾਵੰਤ ਹਰਿ ਭਗਵਾਨਾ, ਭਗਤਨ ਭਗਤੀ ਨਾਮ ਦ੍ਰਿੜਾਇੰਦਾ। ਦੇਵਣਹਾਰਾ ਧੁਰ ਫ਼ਰਮਾਣਾ, ਆਦਿ ਸ਼ਕਤੀ ਸੇਵਾ ਲਾਇੰਦਾ। ਮੇਲ ਮਿਲਾਏ ਜੋਤ ਜਵਾਲਾ, ਅਸ਼ਟਭੁਜ ਕੁੜਮਾਈ ਆਪ ਕਰਾਇੰਦਾ। ਸਿੰਘ ਸ਼ੇਰ ਸ਼ੇਰ ਬਲਵਾਨਾ, ਆਪ ਆਪਣੀ ਕਲ ਵਰਤਾਇੰਦਾ। ਸੰਤ ਸੁਹੇਲੇ ਬੰਨੇ ਗਾਨਾ, ਸਾਚਾ ਸਗਨ ਮਨਾਇੰਦਾ। ਸ਼ਬਦ ਅਨਾਦੀ ਇਕ ਤਰਾਨਾ, ਘਰ ਮੰਦਰ ਆਪ ਸੁਣਾਇੰਦਾ। ਭੇਖਾਧਾਰੀ ਭੇਖ ਬਾਵਨਾ, ਬਲਧਾਰੀ ਆਪ ਹੋ ਜਾਇੰਦਾ। ਆਪੇ ਮਾਰੇ ਰਾਮਾ ਰਾਵਣਾ, ਲੰਕਾ ਗੜ੍ਹ ਆਪ ਸੁਹਾਇੰਦਾ। ਆਪੇ ਖੇਲ ਖੇਲ ਮਹਾਨਾ, ਰਥ ਰਥਵਾਹੀ ਰਥ ਚਲਾਇੰਦਾ। ਆਪੇ ਨਾਮ ਸਤਿ ਦਰ ਪਰਧਾਨਾ, ਵਾਹ ਵਾਹ ਗੁਰੂ ਫਤਿਹ ਗਜਾਇੰਦਾ। ਕਲਜੁਗ ਅੰਤਮ ਜੋਧਾ ਸੂਰਬੀਰ ਮਰਦ ਮਰਦਾਨਾ, ਨਿਹਕਲੰਕ ਆਪ ਅਖਵਾਇੰਦਾ। ਚੌਦਾਂ ਤਬਕਾਂ ਪਾਰ ਕਰਾਨਾ, ਚੌਦਾਂ ਲੋਕ ਉਠਾਇੰਦਾ। ਬ੍ਰਹਮਾ ਵਿਸ਼ਨ ਵਕ਼ਤ ਚੁਕਾਨਾ, ਸੁਰਪਤ ਰਾਜਾ ਤਖ਼ਤੋਂ ਲਾਹਿੰਦਾ। ਲੱਖ ਚੁਰਾਸੀ ਫੜ ਫੜਾਨਾ, ਨੌ ਖੰਡ ਖ਼ਾਕ ਉਡਾਇੰਦਾ। ਗੁਰਮੁਖ ਸਾਚੇ ਮੇਲ ਮਿਲਾਨਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਸਾਚਾ ਆਪ ਸੁਹਾਇੰਦਾ। ਸਾਚਾ ਦਰ ਹਰਿ ਸੁਹੰਜਣਾ, ਹਰਿ ਸਾਚੇ ਆਪ ਸੁਹਾਇਆ। ਜੋਤ ਜਗਾਏ ਆਦਿ ਨਿਰੰਜਣਾ, ਆਦਿ ਨਿਰੰਜਣ ਵੇਸ ਵਟਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਲਏ ਤਰਾਇਆ। ਜਿਸ ਜਨ ਨੇਤਰ ਨਾਮ ਪਾਏ ਅੰਜਣਾ, ਅਗਿਆਨ ਅੰਧੇਰ ਦਏ ਮਿਟਾਇਆ। ਦੋ ਜਹਾਨੀ ਸਾਚਾ ਸੱਜਣਾ, ਲੋਕਮਾਤ ਵੇਖਣ ਆਇਆ। ਜੋ ਘੜਿਆ ਸੋ ਭੱਜਣਾ, ਥਿਰ ਕੋਇ ਰਹਿਣ ਨਾ ਪਾਇਆ। ਹਰਿ ਸੰਗਤ ਚਰਨ ਧੂੜ ਕਰਾਏ ਸਾਚਾ ਮਜਣਾ, ਦੁਰਮਤ ਮੈਲ ਦਏ ਗਵਾਇਆ। ਅੰਤਮ ਵੇਲੇ ਪੜਦਾ ਆਪੇ ਕੱਜਣਾ, ਸਿਰ ਆਪਣਾ ਹੱਥ ਟਿਕਾਇਆ। ਲਾੜੀ ਮੌਤ ਘਰ ਘਰ ਨੱਚਨਾ, ਆਪਣਾ ਘੁੰਘਟ ਦਏ ਉਠਾਇਆ। ਕਾਲ ਨਗਾਰੇ ਕੋਲੋਂ ਕਿਸੇ ਨਾ ਬਚਣਾ, ਡੌਰੂ ਡੰਕਾ ਰਿਹਾ ਵਜਾਇਆ। ਪੰਜ ਤੱਤ ਭਾਂਡਾ ਦਿਸੇ ਕੱਚਨਾ, ਸਚ ਭਠਿਆਲੇ ਨਾ ਕੋਈ ਤਪਾਇਆ। ਹਰਿ ਸਤਿਗੁਰ ਸਾਚਾ ਸਾਚੋ ਸਚਨਾ, ਆਦਿ ਜੁਗਾਦਿ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦਏ ਤਰਾਇਆ।