੨੩ ਜੇਠ ੨੦੧੬ ਬਿਕ੍ਰਮੀ ਤੇਜ ਭਾਨ ਦੇ ਘਰ ਸ਼ੇਖ ਸਰ ਜੰਮੂ
ਨਿਰਗੁਣ ਜੋਤ ਪੁਰਖ ਅਕਾਲ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਜਲਵਾ ਜਲਾਲ, ਭੇਵ ਅਭੇਦਾ ਭੇਵ ਨਾ ਰਾਇਆ। ਆਦਿ ਨਿਰੰਜਣ ਹਰਿ ਮਿਹਰਵਾਨ, ਆਦਿ ਅੰਤ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮੜਾ ਧਾਮ ਅਗੰਮੜਾ ਏਕਾ ਏਕ ਸੁਹਾਇਆ। ਪੁਰਖ ਅਗੰਮੜਾ ਅਗੰਮੜਾ ਨਰ ਨਿਰਗੁਣ ਆਪ ਕਰਾਈਆ। ਮਾਤ ਪਿਤ ਨਾ ਕੋਈ ਅੰਮੀ ਅੰਮੜਾ, ਭਾਈ ਭੈਣ ਨਾ ਕੋਇ ਰਖਾਈਆ। ਨਾ ਕੋਈ ਪੈਸਾ ਧੇਲਾ ਦਮੜਾ, ਦੂਸਰ ਵਸਤ ਨਾ ਕੋਇ ਟਿਕਾਈਆ। ਨਾ ਮਰੇ ਨਾ ਕਦੇ ਜੰਮੜਾ, ਏਕਾ ਏਕ ਖੇਲ ਖਿਲਾਈਆ। ਨਾ ਖ਼ੁਸ਼ੀ ਨਾ ਗਮੜਾ, ਨੀਰ ਨੈਣ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੁਰਖ ਅਕਾਲ ਦੀਨ ਦਿਆਲ ਏਕਾ ਏਕ ਏਕ ਹੋ ਜਾਈਆ। ਨੂਰ ਉਜਾਲਾ ਹਰਿ ਗੋਪਾਲਾ, ਪਰਮ ਪੁਰਖ ਅਬਿਨਾਸ਼ਿਆ। ਵਸਣਹਾਰਾ ਸਚ ਸੱਚੀ ਧਰਮਸਾਲਾ, ਹਰਿ ਸੱਜਣ ਸ਼ਾਹੋ ਸ਼ਬਾਸਿਆ। ਚਲੇ ਚਲਾਏ ਅਵੱਲੜੀ ਚਾਲਾ, ਆਪੇ ਖੇਲੇ ਖੇਲ ਤਮਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਸਚ ਕਰੇ ਪਰਕਾਸਿਆ। ਸਚ ਪਰਕਾਸ਼ ਹਰਿ ਨਿਰੰਕਾਰਾ, ਏਕਾ ਏਕ ਕਰਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਲੇਖਾ ਲੇਖ ਨਾ ਕੋਇ ਲਿਖਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਆਪ ਆਪਣਾ ਨਾਉਂ ਧਰਾਇੰਦਾ। ਨਿਰਗੁਣ ਸਰਗੁਣ ਮੇਲ ਸੰਸਾਰਾ, ਸਾਚੀ ਰਚਨਾ ਆਪ ਰਚਾਇੰਦਾ। ਸ਼ਬਦ ਅਗੰਮੀ ਏਕਾ ਧਾਰਾ, ਆਪ ਆਪਣਾ ਤਾਲ ਵਜਾਇੰਦਾ। ਸਰ ਸਰੋਵਰ ਠੰਡੀ ਠਾਰਾ, ਅੰਮ੍ਰਿਤ ਆਪ ਸੁਹਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਅਤੋਟ ਅਤੁਟ ਰਖਾਇੰਦਾ। ਸਮਰਥ ਪੁਰਖ ਹਰਿ ਖੇਲ ਨਿਆਰਾ, ਕਥਾ ਅਕੱਥ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਉਪਜਾਇੰਦਾ। ਨਿਰਗੁਣ ਨਾਉਂ ਆਪਣਾ ਰੱਖ, ਨਿਰੰਕਾਰ ਨਿਰਾਕਾਰ ਅਖਵਾਇਆ। ਜੋਤੀ ਨੂਰ ਨੂਰ ਹੋ ਪਰਤੱਖ, ਆਪਣਾ ਦੀਪਕ ਆਪ ਵਖਾਇਆ। ਆਪੇ ਹੋਏ ਅਲੱਖਨਾ ਅਲੱਖ, ਅਲੱਖ ਨਿਰੰਜਣ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੂਪ ਅਨੂਪ ਦਰਸਾਇਆ। ਰੂਪ ਅਨੂਪ ਸ਼ਾਹ ਭੂਪ ਸਚ ਸੁਲਤਾਨ, ਮਿਹਰਵਾਨ ਏਕਾ ਏਕ ਅਖਵਾਇੰਦਾ। ਸਾਚਾ ਮੰਦਰ ਸਚ ਮਕਾਨ, ਸ੍ਰੀ ਭਗਵਾਨ ਆਪਣਾ ਆਪ ਆਪ ਰਚਾਇੰਦਾ। ਰਵ ਸਸ ਨਾ ਕੋਈ ਤੇਜ ਭਾਨ, ਮੰਡਲ ਮੰਡਪ ਨਾ ਕੋਇ ਸੁਹਾਇੰਦਾ। ਨਾ ਕੋਈ ਜ਼ਮੀਨ ਨਾ ਅਸਮਾਨ, ਪ੍ਰਿਥਮੀ ਅਕਾਸ਼ ਨਾ ਕੋਇ ਵਖਾਇੰਦਾ। ਨਾ ਕੋਈ ਸ਼ਬਦ ਰਾਗ ਗਾਏ ਧੁਨਕਾਨ, ਤਾਲ ਤਲਵਾੜਾ ਨਾ ਕੋਇ ਵਜਾਇੰਦਾ। ਜੀਵ ਜੰਤ ਨਾ ਕੋਇ ਜਹਾਨ, ਸਾਧ ਸੰਤ ਨਾ ਕੋਇ ਅਖਵਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਨਿਸ਼ਾਨ, ਲੱਖ ਚੁਰਾਸੀ ਨਾ ਕੋਇ ਉਪਾਇੰਦਾ। ਨਾ ਕੋਈ ਦੇਵੇ ਜੀਆ ਦਾਨ, ਰਿਜਕ ਸਬਾਈ ਨਾ ਕੋਇ ਅਖਵਾਇੰਦਾ । ਨਾ ਕੋਈ ਸੰਘਾਰੇ ਕੱਢੇ ਪਰਾਣ, ਮੇਲ ਵਿਛੋੜਾ ਨਾ ਕੋਇ ਵਖਾਇੰਦਾ। ਨਾ ਕੋਈ ਦਿਸੇ ਪੀਣ ਖਾਣ, ਤ੍ਰਿਸਨਾ ਭੁੱਖ ਨਾ ਕੋਇ ਰਖਾਇੰਦਾ। ਨਾ ਕੋਈ ਚਿੱਲਾ ਤੀਰ ਕਮਾਨ, ਨਾ ਕੋਈ ਰਾਮਾ ਬਾਣ ਉਠਾਇੰਦਾ। ਨਾ ਕੋਈ ਕ੍ਰਿਸ਼ਨਾ ਗੋਪੀ ਕਾਹਨ, ਰਾਸ ਮੰਡਲ ਨਾ ਕੋਇ ਰਚਾਇੰਦਾ। ਨਾ ਕੋਈ ਈਸਾ ਮੂਸਾ ਹੋਏ ਪਰਧਾਨ, ਕਾਲਾ ਸੂਸਾ ਨਾ ਕੋਇ ਛੁਹਾਇੰਦਾ। ਕੁਰਾਨ ਹਦੀਸਾ ਨਾ ਵੇਦ ਪੁਰਾਨ, ਗਾਇਤਰੀ ਮੰਤਰ ਨਾ ਕੋਇ ਪੜ੍ਹਾਇੰਦਾ। ਦੁਰਗਾ ਅਸ਼ਟਮੀ ਨਾ ਕੋਇ ਵਖਾਨ, ਸਿੰਘ ਅਸਵਾਰ ਨਾ ਕੋਇ ਚੜ੍ਹਾਇੰਦਾ। ਗਦਾ ਚੱਕਰ ਨਾ ਕੋਇ ਭਵਾਨ, ਖੰਡਾ ਖੜਗ ਨਾ ਕੋਇ ਉਠਾਇੰਦਾ। ਨਾ ਕੋਈ ਦੀਸੇ ਗਿਆਨ ਧਿਆਨ, ਭਗਤ ਭਗਤੀ ਨਾ ਕੋਇ ਕਮਾਇੰਦਾ। ਨਾਨਕ ਨਾਉਂ ਨਾ ਕੋਇ ਵਖਾਨ, ਪੰਜ ਤੱਤ ਨਾ ਕੋਇ ਵਸਾਇੰਦਾ। ਜੋਧਾ ਸੂਰਬੀਰ ਨਾ ਦਿਸੇ ਬਲਵਾਨ, ਪੰਚਮ ਪਿਆਰ ਨਾ ਸੰਗ ਰਲਾਇੰਦਾ। ਸੰਗ ਮੁਹੰਮਦ ਚਾਰ ਯਾਰੀ ਨਾ ਬਹਿ ਬਹਿ ਗਾਣ, ਐਨਲਹੱਕ ਨਾਅਰਾ ਨਾ ਕੋਈ ਲਾਇੰਦਾ। ਪੰਡਤ ਪਾਂਧਾ ਨਾ ਕਰੇ ਕੋਈ ਵਖਿਆਨ, ਤਿਲਕ ਲਲਾਟ ਨਾ ਕੋਈ ਚੜ੍ਹਾਇੰਦਾ। ਕਰੋੜ ਤੇਤੀਸਾ ਨਾ ਕੋਈ ਪਛਾਨ, ਸੁਰਪਤ ਅਪੱਛਰਾਂ ਨਾ ਕੋਈ ਨਚਾਇੰਦਾ। ਕਿਨਰ ਯਛਪ ਨਾ ਮਰਦੰਗ ਵਜਾਨ, ਤਾਨ ਸੈਨ ਨਾ ਕੋਈ ਗਾਇੰਦਾ। ਸੱਤ ਸਾਗਰ ਨਾ ਕਰੇ ਕੋਈ ਜਲ ਪਾਨ, ਪਹਾੜ ਉਜਾੜ ਨਾ ਕੋਈ ਉਪਾਇੰਦਾ। ਦਿਵਸ ਰਾਤ ਨਾ ਦੇਵੇ ਦਾਨ, ਘੜੀ ਪਲ ਨਾ ਕੋਈ ਗਿਣਾਇੰਦਾ। ਆਦਿ ਜੁਗਾਦੀ ਇਕ ਭਗਵਾਨ, ਨਿਰਗੁਣ ਨੂਰ ਡਗਮਗਾਇੰਦਾ। ਜੋਤੀ ਜੋਤ ਦੋ ਜਹਾਨ, ਸਗਲਾ ਸੰਗ ਆਪ ਰਖਾਇੰਦਾ। ਚੌਦਾਂ ਹੱਟ ਨਾ ਕੋਈ ਦੁਕਾਨ, ਚੌਦਾਂ ਲੋਕ ਨਾ ਕੋਈ ਬਣਾਇੰਦਾ। ਚੌਦਾਂ ਤਬਕਾਂ ਨਾ ਕਰੇ ਪਛਾਨ, ਚੌਦਸ ਚੌਦਾਂ ਚੰਦ ਨਾ ਕੋਈ ਚੜ੍ਹਾਇੰਦਾ। ਸਾਚਾ ਹਰਿ ਇਕ ਮਿਹਰਵਾਨ, ਆਪ ਆਪਣੀ ਕਲ ਵਰਤਾਇੰਦਾ। ਇਕ ਅਕੱਲਾ ਨੌਜਵਾਨ, ਸਚ ਮਹੱਲਾ ਆਪ ਵਸਾਇੰਦਾ। ਦੂਸਰ ਦਿਸੇ ਨਾ ਕੋਈ ਨਿਸ਼ਾਨ, ਦਰ ਦਰਬਾਨ, ਨਾ ਕੋਈ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰ ਹਰਿ ਨਿਰੰਕਾਰ, ਇਕ ਅਕੱਲਾ ਆਪ ਅਖਵਾਇੰਦਾ । ਇਕ ਅਕੱਲਾ ਆਦਿ ਨਿਰੰਜਣ, ਆਦਿ ਪੁਰਖ ਅਖਵਾਇਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਣ, ਆਪ ਆਪਣਾ ਸੰਗ ਨਿਭਾਇਆ। ਆਪ ਕਰਾਏ ਆਪਣਾ ਮਜਨ, ਸਰ ਸਰੋਵਰ ਆਪਣਾ ਆਪ ਸੁਹਾਇਆ। ਆਪੇ ਨੇਤਰ ਪਾਏ ਅੰਜਣ, ਆਪ ਆਪਣੀ ਸੇਵਾ ਲਾਇਆ। ਆਪੇ ਜਾਣੇ ਘੜਨ ਭੰਨਣ, ਘੜਨ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਏਕਾ ਜੋਤ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਨੂਰ ਉਪਾ, ਨੂਰੋ ਨੂਰ ਡਗਮਗਾਇੰਦਾ । ਆਪੇ ਜਾਣੇ ਆਪਣੀ ਆਣਾ, ਆਪਣਾ ਭਾਣਾ ਆਪ ਚੁਕਾਇੰਦਾ। ਆਪਣੇ ਚੜ੍ਹੇ ਆਪ ਬਿਬਾਨਾ, ਨਾ ਕੋਈ ਬਾਢੀ ਬਣਤ ਬਣਾਇੰਦਾ। ਆਪਣਾ ਬਣੇ ਆਪੇ ਰਾਣਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪਣੇ ਵਸੇ ਆਪ ਟਿਕਾਣਾ, ਥਿਰ ਘਰ ਸਾਚਾ ਦਰ ਸੁਹਾਇੰਦਾ। ਆਪਣਾ ਦੇਵਣਹਾਰਾ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇੰਦਾ । ਆਪ ਆਪਣਾ ਦੇਵੇ ਮਾਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਇੰਦਾ। ਧੁਰ ਫ਼ਰਮਾਣਾ ਹਰਿ ਦਾਤਾਰ, ਆਪਣਾ ਆਪ ਉਪਜਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਸਾਚਾ ਹੁਕਮ ਆਪ ਸੁਣਾਈਆ। ਸ਼ਾਹੋ ਭੂਪ ਸੱਚੀ ਸਿਕਦਾਰ, ਸ਼ਾਹ ਸੁਲਤਾਨ ਵਡ ਵਡਿਆਈਆ। ਜੋਤ ਅਕਾਲ ਖ਼ਬਰਦਾਰ, ਸੇਵਕ ਸੇਵਾ ਸਚ ਲਗਾਈਆ। ਆਪੇ ਹੋਇਆ ਕੰਤ ਭਤਾਰ, ਆਪਣੀ ਨਾਰੀ ਆਪ ਹੰਢਾਈਆ। ਆਪੇ ਸੇਜਾ ਸੁੱਤਾ ਪੈਰ ਪਸਾਰ, ਅੰਗੀਕਾਰ ਆਪ ਅਖਵਾਈਆ। ਆਪੇ ਆਪਣੀ ਕਿਰਪਾ ਧਾਰ, ਆਪ ਆਪਣਾ ਸੁੱਤ ਉਪਜਾਈਆ। ਸ਼ਬਦ ਸੁੱਤ ਵਡ ਬਲਕਾਰ, ਘਰ ਸਾਚੇ ਬੈਠਾ ਆਸਣ ਲਾਈਆ। ਪੁਰਖ ਅਬਿਨਾਸ਼ੀ ਕਰ ਪਿਆਰ, ਸਾਚਾ ਦਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਨਿਰਗੁਣ ਨਾਰੀ ਨਿਰਗੁਣ ਕੰਤ, ਨਿਰਗੁਣ ਸੁੱਤ ਉਪਜਾਇਆ। ਨਿਰਗੁਣ ਨਿਰਗੁਣ ਬਣਾਏ ਬਣਤ, ਨਿਰਗੁਣ ਨਿਰਗੁਣ ਵੇਖ ਵਖਾਇਆ। ਨਿਰਗੁਣ ਆਦਿ ਨਿਰੰਜਨ ਅੰਤ, ਨਿਰਗੁਣ ਆਪਣਾ ਖੇਲ ਖਿਲਾਇਆ। ਨਿਰਗੁਣ ਪਾਰਬ੍ਰਹਮ ਬੇਅੰਤ, ਭੇਵ ਕੋਈ ਨਾ ਰਾਇਆ। ਨਿਰਗੁਣ ਮਹਿਮਾ ਗਣਤ ਅਗਣਤ, ਲੇਖਾ ਲੇਖ ਨਾ ਕੋਈ ਲਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਲਏ ਤਰਾਇਆ। ਨਿਰਗੁਣ ਪਿਤਾ ਨਿਰਗੁਣ ਮਾਤ, ਨਿਰਗੁਣ ਆਪਣੇ ਵਿਚ ਟਿਕਾਈਆ। ਨਿਰਗੁਣ ਨਿਰਗੁਣ ਦੇਵੇ ਦਾਤ, ਨਿਰਗੁਣ ਭਿਛਿਆ ਝੋਲੀ ਪਾਈਆ। ਨਿਰਗੁਣ ਨਿਰਗੁਣ ਚਲਾਏ ਰਾਥ, ਰਥ ਰਥਵਾਹੀ ਆਪ ਅਖਵਾਈਆ। ਨਿਰਗੁਣ ਨਿਰਗੁਣ ਨਿਭਾਏ ਸਗਲਾ ਸਾਥ, ਸਗਲਾ ਸੰਗ ਰਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਨਿਰਗੁਣ ਲਾਲ ਇਕ ਉਪਜਾਈਆ। ਨਿਰਗੁਣ ਲਾਲ ਹਰਿ ਗੋਪਾਲ, ਸ਼ਬਦੀ ਸੁੱਤ ਉਪਜਾਇਆ। ਆਪਣੇ ਫਲ ਲਗਾਇਆ ਡਾਲ੍ਹ, ਆਪਣੀ ਰੁੱਤ ਸੁਹਾਇਆ। ਆਪੇ ਕਰੇ ਕਰਾਏ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਆਪੇ ਸ਼ਾਹ ਆਪੇ ਕੰਗਾਲ, ਆਪਣਾ ਭੰਡਾਰ ਆਪ ਭਰਾਇਆ। ਆਪੇ ਬਣਿਆ ਵਿਚ ਦਲਾਲ, ਸਚ ਦਲਾਲੀ ਆਪ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚੇ ਹਰਿ ਸਾਚੀ ਖੇਲ ਖਿਲਾਇਆ। ਥਿਰ ਘਰ ਸਾਚਾ ਸਚ ਦਰਬਾਰਾ, ਹਰਿ ਸਾਚਾ ਕਰਮ ਕਮਾਇੰਦਾ। ਪੂਤ ਸਪੂਤਾ ਸੁੱਤ ਦੁਲਾਰਾ, ਸ਼ਬਦੀ ਸ਼ਬਦ ਉਪਜਾਇੰਦਾ। ਏਕਾ ਹੁਕਮ ਸੱਚੀ ਸਰਕਾਰਾ, ਆਪਣਾ ਆਪ ਸੁਣਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਕਰ ਉਸਾਰਾ, ਸਾਚੀ ਸੇਵ ਲਗਾਇੰਦਾ। ਵਿਸ਼ਨ ਬ੍ਰਹਮਾ ਭਰ ਭੰਡਾਰਾ, ਸ਼ੰਕਰ ਸੰਗ ਰਲਾਇੰਦਾ। ਨਾਦ ਅਨਾਦੀ ਸੱਚੀ ਧੁਨਕਾਰਾ, ਬ੍ਰਹਿਮਾਦੀ ਆਪ ਅਲਾਇੰਦਾ। ਆਦਿ ਜੁਗਾਦੀ ਏਕਾ ਕਾਰਾ, ਏਕੰਕਾਰਾ ਆਪ ਕਮਾਇੰਦਾ। ਲੇਖਾ ਲਿਖੇ ਨਾ ਬਣ ਲਿਖਾਰਾ, ਬ੍ਰਹਮਾ ਵੇਤਾ ਭੇਵ ਨਾ ਪਾਇੰਦਾ। ਚਾਰ ਵੇਦਾਂ ਭਰ ਭੰਡਾਰਾ, ਲੋਕਮਾਤੀ ਰਾਹ ਵਖਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਹੁਕਮੀ ਹੁਕਮ ਚਲਾਇੰਦਾ। ਤ੍ਰੈਗੁਣ ਤੇਰਾ ਮੀਤ ਮੁਰਾਰਾ, ਪੰਚਮ ਜੋੜ ਜੁੜਾਇੰਦਾ। ਲੱਖ ਚੁਰਾਸੀ ਮਹੱਲ ਉਸਾਰਾ, ਨਿਰਗੁਣ ਨਿਰਗੁਣ ਵੰਡ ਵੰਡਾਇੰਦਾ। ਮਨ ਮਤ ਬੁਧ ਕਰ ਪਿਆਰਾ, ਨੌ ਦਰ ਖੋਜ ਖੋਜਾਇੰਦਾ। ਘਰ ਵਿਚ ਘਰ ਇਕ ਉਸਾਰਾ, ਆਪ ਆਪਣਾ ਆਸਣ ਲਾਇੰਦਾ। ਮਾਨਸ ਮਾਨੁਖ ਕਰ ਉਜਿਆਰਾ, ਭਗਤ ਭਗਤੀ ਇਕ ਦ੍ਰਿੜਾਇੰਦਾ। ਦੂਤਾਂ ਦੁਸ਼ਟਾਂ ਕਰੇ ਸੰਘਾਰਾ, ਆਪ ਆਪਣਾ ਵੇਸ ਵਟਾਇੰਦਾ। ਜੁਗਾ ਜੁਗੰਤਰ ਲੈ ਅਵਤਾਰਾ, ਪੰਜ ਤੱਤ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨ ਅੰਤਾ ਹਰਿ ਭਗਵੰਤਾ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਹਰਿ ਭਗਵੰਤ ਹਰਿ ਭਗਵਾਨ, ਹਰਿ ਹਰਿ ਜੋਤ ਜਗਾਈਆ। ਆਦਿ ਜੁਗਾਦੀ ਵੇਖੇ ਜਗਤ ਨਿਸ਼ਾਨ, ਜੁਗ ਜੁਗ ਵੱਡੀ ਵਡਿਆਈਆ। ਆਪੇ ਹੋਇਆ ਸੀਤਾ ਰਾਮ, ਕਾਹਨਾ ਗੋਪੀ ਆਪ ਨਚਾਈਆ। ਆਪੇ ਮੰਤਰ ਦ੍ਰਿੜਾਏ ਸਤਿਨਾਮ ਗੋਬਿੰਦ ਫਤਿਹ ਆਪ ਗਜਾਈਆ। ਆਪੇ ਪਿਆਏ ਅੰਮ੍ਰਿਤ ਜਾਮ, ਤ੍ਰਿਸਨਾ ਤ੍ਰਿਖਾ ਆਪ ਬੁਝਾਈਆ। ਆਪੇ ਵੇਖੇ ਕਲਜੁਗ ਅੰਧ ਅੰਧੇਰੀ ਸ਼ਾਮ, ਚਾਰੋਂ ਕੁੰਟ ਅੰਧੇਰਾ ਛਾਈਆ। ਨਾ ਕੋਈ ਨਗਰ ਨਾ ਗਰਾਮ, ਨਾ ਕੋਈ ਖੇੜਾ ਰਿਹਾ ਵਸਾਈਆ। ਪੱਲੇ ਦਿਸੇ ਨਾ ਕਿਸੇ ਨਾਮ, ਚਾਰੇ ਕੰਨੀਆਂ ਖਾਲੀ ਰਹੇ ਹਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਨਿਰਾਕਾਰ, ਨਿਰੰਕਾਰਾ ਆਪਣੀ ਆਪ ਰਖਾਈਆ। ਨਿਰੰਕਾਰ ਨਿਰਵੈਰ, ਆਦਿ ਜੁਗਾਦਿ ਅਖਵਾਇੰਦਾ। ਜੁਗਾ ਜੁਗੰਤਰ ਆਦਿ ਜੁਗਾਦਿ ਸ਼ਬਦ ਅਨਾਦੀ ਕਰੇ ਸੈਰ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਜੇਰਜ ਅੰਡਾਂ ਫੇਰਾ ਪਾਇੰਦਾ। ਜਨ ਭਗਤ ਉਧਾਰੇ ਕਰ ਕਰ ਆਪਣੀ ਮਿਹਰ, ਆਪ ਆਪਣਾ ਦਰਸ ਵਖਾਇੰਦਾ। ਲੱਖ ਚੁਰਾਸੀ ਵਰਤੇ ਕਹਿਰ, ਰਾਜ ਰਾਜਾਨ ਸ਼ਾਹ ਸੁਲਤਾਨ ਸਾਚਾ ਹੁਕਮ ਨਾ ਕੋਇ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪੇ ਧਰ, ਨੂਰ ਉਜਾਲਾ ਇਕ ਵਖਾਇੰਦਾ। ਨੂਰ ਉਜਾਲਾ ਹਰਿ ਬਨਵਾਰੀ, ਅਕਲ ਕਲਾ ਅਖਵਾਈਆ। ਕਲਜੁਗ ਵੇਖੇ ਰੈਣ ਅੰਧਿਆਰੀ, ਚਾਰੋਂ ਕੁੰਟ ਅੰਧੇਰਾ ਛਾਈਆ। ਵਰਨਾਂ ਬਰਨਾਂ ਹੋਏ ਖੁਵਾਰੀ, ਸਾਚੀ ਸਿਖਿਆ ਨਾ ਕੋਇ ਪੜ੍ਹਾਈਆ। ਧੀਆਂ ਭੈਣਾਂ ਵਣਜ ਵਪਾਰੀ, ਕੂੜੇ ਧੰਦੇ ਲਾਈਆ। ਕਾਮ ਕਰੋਧ ਰਿਹਾ ਲਲਕਾਰੀ, ਹਉਮੇ ਹੰਗਤਾ ਲਏ ਅੰਗੜਾਈਆ। ਸਾਧਾਂ ਸੰਤਾਂ ਸੁਰਤ ਸਵਾਣੀ ਰਹੀ ਕਵਾਰੀ, ਹਰਿ ਕੰਤ ਨਾ ਕੋਇ ਹੰਢਾਈਆ। ਉਚੇ ਟਿੱਲੇ ਪਰਬਤ ਬੈਠੇ ਜੰਗਲ ਜੂਹ ਉਜਾੜ ਪਹਾੜੀ, ਜਲ ਧਾਰਾ ਸੀਸ ਵਹਾਈਆ। ਨਾਲ ਰਲਾਈ ਤ੍ਰਿਸਨਾ ਲਾੜੀ, ਆਸਾ ਮਨਸਾ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਕਰੇ ਰੁਸ਼ਨਾਈਆ । ਨਿਰਗੁਣ ਨੂਰ ਦੀਪਕ ਬਾਤੀ, ਹਰਿ ਸਾਚੇ ਸਚ ਜਗਾਈਆ। ਪਰਗਟ ਹੋਇਆ ਕਮਲਾਪਾਤੀ, ਨਿਹਕਲੰਕਾ ਨਾਉਂ ਰਖਾਈਆ। ਜਨ ਭਗਤਾਂ ਦੇਵੇ ਅੰਮ੍ਰਿਤ ਆਤਮ ਬੂੰਦ ਸਵਾਂਤੀ, ਸਾਂਤਕ ਸਤਿ ਵਰਤਾਈਆ। ਬੰਦ ਕਿਵਾੜਾ ਖੋਲ੍ਹੇ ਤਾਕੀ, ਬਜਰ ਕਪਾਟੀ ਆਪ ਤੁੜਾਈਆ। ਅੰਮ੍ਰਿਤ ਜਾਮ ਪਿਆਏ ਸਾਚਾ ਸਾਕੀ, ਸ਼ਬਦ ਪਿਆਲਾ ਹੱਥ ਉਠਾਈਆ। ਗੁਰ ਗੋਬਿੰਦ ਲਹਿਣਾ ਦੇਣ ਚੁਕਾਏ ਬਾਕੀ, ਪਿਛਲਾ ਮੂਲ ਨਾ ਕੋਇ ਰਖਾਈਆ। ਅਸਵ ਘੋੜੇ ਰੱਖੇ ਚਾਲ ਬਾਂਕੀ, ਨੀਲਾ ਨੀਲੀ ਧਾਰੋਂ ਪਾਰ ਲੰਘਾਈਆ । ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਅੱਗੇ ਕੋਇ ਰਹੇ ਨਾ ਆਕੀ, ਸ਼ਾਹ ਸੁਲਤਾਨਾਂ ਖਾਕ ਮਿਲਾਈਆ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ ਆਪਣੀ ਕਰੇ ਆਪ ਚਾਲਾਕੀ, ਵੇਦ ਕਤੇਬ ਭੇਵ ਨਾ ਪਾਈਆ। ਅਲੱਖ ਨਿਰੰਜਣ ਅਲੱਖਣਾ ਅਲਾਖੀ, ਅਗੰਮ ਅਗੋਚਰ ਅਥਾਹ ਬੇਪਰਵਾਹ ਆਪ ਅਖਵਾਈਆ। ਕਲਜੁਗ ਤੇਰੀ ਅੰਤਮ ਆਪ ਚਲਾਏ ਆਪਣੀ ਸਾਖੀ, ਸਾਚੀ ਵਿਦਿਆ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤ ਨੂਰੀ ਅੱਲਾ, ਅਲਾਹੀ ਨੂਰ ਆਪ ਅਖਵਾਇੰਦਾ। ਏਕਾ ਵਸਿਆ ਸਚ ਮਹੱਲਾ, ਉਚ ਅਟੱਲਾ ਦਿਸ ਨਾ ਆਇੰਦਾ। ਪਾਵੇ ਸਾਰ ਜਲਾਂ ਥਲਾਂ, ਡੂੰਘੀ ਕੰਦਰ ਫੋਲ ਫੋਲਾਇੰਦਾ। ਸਚ ਸਿੰਘਾਸਣ ਏਕਾ ਮੱਲਾ, ਪੁਰਖ ਅਬਿਨਾਸ਼ਨ ਡੇਰਾ ਲਾਇੰਦਾ। ਸ਼ਬਦ ਅਗੰਮੀ ਫੜਿਆ ਭੱਲਾ, ਆਪਣੇ ਹੱਥ ਚਮਕਾਇੰਦਾ। ਏਕਾ ਵਾਰ ਕਲਜੁਗ ਅੰਤਮ ਬੋਲੇ ਹੱਲਾ, ਦੂਸਰ ਸੰਗ ਨਾ ਕੋਇ ਰਖਾਇੰਦਾ। ਫਿਰੇ ਦਰੋਹੀ ਇਕ ਅਕੱਲਾ, ਹਜ਼ਰਤ ਪੀਰ ਦਸਤਗੀਰ ਸ਼ਾਹ ਹਕੀਰ ਸੀਸ ਨਾ ਕੋਇ ਉਠਾਇੰਦਾ। ਆਦਿ ਜੁਗਾਦੀ ਅਛਲ ਅਛੱਲਾ, ਵਲ ਛਲ ਧਾਰੀ ਖੇਲ ਖਿਲਾਇੰਦਾ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਏਕਾ ਬ੍ਰਹਮ ਵਖਾਇੰਦਾ। ਮਨਮੁਖ ਜੀਵਾਂ ਕਲਜੁਗ ਕਾਇਆ ਫਲ ਬੂਟਾ ਹੁਲਾ, ਅੰਤਮ ਮੁਲ ਨਾ ਕੋਇ ਪਵਾਇੰਦਾ। ਸ਼ਬਦ ਅੰਧੇਰਾ ਝੱਖੜ ਏਕਾ ਝੁੱਲਾ, ਕੂੜੀ ਕਿਰਿਆ ਜੜ ਉਖੜਾਇੰਦਾ। ਸੰਤ ਸੁਹੇਲਾ ਗੁਰੂ ਗੁਰ ਚੇਲਾ ਸਤਿਗੁਰ ਕੰਡੇ ਵਿਰਲਾ ਤੁਲਾ, ਤੋਲਣਹਾਰਾ ਆਪ ਤੁਲਾਇੰਦਾ। ਮਨਮੁਖ ਜੀਵ ਮਾਇਆ ਮਮਤਾ ਹਉਮੇ ਹੰਗਤਾ ਰੁੱਲਾ, ਸਾਚੀ ਸੰਗਤਾ ਨਾ ਕੋਈ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਡਗਮਗਾਇੰਦਾ। ਨਿਰਗੁਣ ਨੂਰ ਡਗਮਗਾ, ਜੋਤੀ ਜੋਤ ਕਰੇ ਰੁਸ਼ਨਾਈਆ। ਗੁਰਮੁਖ ਸੱਜਣ ਲਏ ਉਠਾ, ਸੋਇਆ ਕੋਇ ਰਹਿਣ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਵਿਛੜੇ ਲਏ ਮਨਾ, ਕਲਜੁਗ ਅੰਤਮ ਸੇਵ ਕਮਾਈਆ। ਘਰ ਘਰ ਅੰਦਰ ਮੰਦਰ ਫੇਰੀ ਪਾ, ਅੰਧ ਅੰਧੇਰਾ ਦਏ ਮਿਟਾਈਆ। ਸੰਝ ਸਵੇਰਾ ਇਕ ਕਰਾ, ਏਕਾ ਨੂਰ ਕਰੇ ਰੁਸ਼ਨਾਈਆ। ਰਵ ਸਸ ਰਹੇ ਸ਼ਰਮਾ, ਜਿਸ ਮਿਲਿਆ ਬੇਪਰਵਾਹੀਆ। ਕਰੋੜ ਤੇਤੀਸਾ ਰਿਹਾ ਰਾਹ ਤਕਾ, ਗੁਰਸਿਖ ਤੇਰੀ ਵਡ ਵਡਿਆਈਆ। ਬ੍ਰਹਮਾ ਵੇਤਾ ਸੀਸ ਰਿਹਾ ਝੁਕਾ, ਘਰ ਸਾਚੇ ਵੱਜੇ ਵਧਾਈਆ। ਵਿਸ਼ਨੂੰ ਵੰਸੀ ਗੋਦੀ ਲਏ ਉਠਾ, ਨਿਰਗੁਣ ਨਿਰਗੁਣ ਮੇਲ ਮਿਲਾਈਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਗੁਰਸਿਖ ਸਾਚੇ ਵੇਖੇ ਥਾਉਂ ਥਾਈਂਆ। ਕਲਜੁਗ ਕਰੇ ਸਚ ਨਿਆਂ, ਸਾਚਾ ਸਾਲਸ ਆਪ ਬਣ ਜਾਈਆ। ਚਾਰ ਕੁੰਟ ਦਹਿ ਦਿਸ਼ਾ ਜੂਠੇ ਝੂਠੇ ਉਡਨੇ ਕਾਂ, ਕਾਗੋਂ ਹੰਸ ਨਾ ਕੋਇ ਬਣਾਈਆ। ਜਿਸ ਜਨ ਜਪਿਆ ਹਰਿ ਹਰਿ ਨਾਂ, ਹਰਿ ਸਾਚਾ ਵੇਖ ਵਖਾਈਆ। ਸ਼ਬਦ ਸਰੂਪੀ ਪਕੜੇ ਬਾਂਹ, ਦਿਸ ਕਿਸੇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਨਿਰਗੁਣ ਹਰਿ ਹਰਿ ਨਿਰਗੁਣ ਜੋਤ, ਨਿਰਗੁਣ ਆਪਣਾ ਨਾਉਂ ਰਖਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਜ਼ਾਤ ਪਾਤ ਬਣਾਇਆ। ਲੱਭਦੇ ਫਿਰਦੇ ਕੋਟੀ ਕੋਟ, ਅਠਸਠ ਬੈਠੇ ਧੂਣੀਆਂ ਤਾਇਆ। ਕੋਟਨ ਕੋਟੀ ਬੰਨ ਲੰਗੋਟ, ਸੀਸ ਖ਼ਾਕ ਰਹੇ ਪਵਾਇਆ। ਕੋਟਨ ਕੋਟ ਮਾਰਨ ਵਾਸਨਾ ਖੋਟ, ਮੁਖ ਪੜਦਾ ਰਹੇ ਪਾਇਆ। ਕੋਟਨ ਕੋਟ ਨਾ ਭਰੀ ਪੋਟ, ਦਰ ਦਰ ਬੈਠੇ ਅਲਖ ਜਗਾਇਆ। ਕੋਟਨ ਕੋਟ ਚੜ੍ਹੇ ਪਰਬਤ ਚੋਟ, ਆਪਣੀ ਚੋਟੀ ਰਹੇ ਬਣਾਇਆ। ਬਿਨ ਸਤਿਗੁਰ ਪੂਰੇ ਤਨ ਨਗਾਰੇ ਨਾ ਕੋਈ ਲਾਵੇ ਚੋਟ, ਅਨਹਦ ਤਾਲ ਨਾ ਕੋਇ ਸੁਣਾਇਆ। ਜਨ ਭਗਤਾਂ ਬਖ਼ਸ਼ੇ ਚਰਨ ਕਵਲ ਏਕਾ ਓਟ, ਪੁਰਖ ਅਕਾਲ ਇਕ ਮਨਾਇਆ। ਕਲਜੁਗ ਜੀਵ ਆਹਲਨਿਉਂ ਡਿਗੇ ਬੋਟ, ਨਾ ਸਕੇ ਕੋਈ ਉਠਾਇਆ। ਸਾਧਾਂ ਸੰਤਾਂ ਭਰੀ ਨਾ ਪੋਟ, ਮਾਇਆ ਮਮਤਾ ਹੋਏ ਹਲਕਾਇਆ। ਕਿਸੇ ਨਾ ਰਲਾਈ ਜੋਤੀ ਜੋਤ, ਸੁਖਮਨ ਰਾਹ ਨਾ ਪਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਲਏ ਤਰਾਇਆ। ਗੁਰਸਿਖ ਸੱਜਣ ਸੱਚਾ ਸਾਕੀ, ਹਰਿ ਸਾਚਾ ਆਪ ਅਖਵਾਇੰਦਾ। ਕਲਜੁਗ ਦੇਵਣ ਆਇਆ ਬਾਕੀ, ਪੂਰਬ ਲਹਿਣਾ ਆਪ ਚੁਕਾਇੰਦਾ। ਗੁਰ ਗੋਬਿੰਦ ਪੂਰਾ ਕਰੇ ਭਵਿਖਤ ਵਾਕੀ, ਜੋ ਸਰਸੇ ਵਿਚ ਰੁੜ੍ਹਾਇੰਦਾ। ਅਰਸ਼ ਫਰਸ਼ ਵੇਖੇ ਬੰਦਾ ਖਾਕੀ, ਕਾਇਨਾਤ ਫੋਲ ਫੋਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰਾ ਹਰਿ ਨਿਰੰਕਾਰਾ ਚਾਰ ਵਰਨਾਂ ਇਕ ਚਲਾਇੰਦਾ। ਚਾਰ ਵਰਨਾਂ ਇਕ ਗਿਆਨ, ਏਕਾ ਕਰੇ ਜਣਾਈਆ। ਚਾਰ ਵਰਨਾਂ ਇਕ ਧਿਆਨ, ਏਕਾ ਇਸ਼ਟ ਵਖਾਈਆ। ਚਾਰ ਵਰਨਾਂ ਏਕਾ ਮਾਣ, ਏਕਾ ਦਰ ਸੁਹਾਈਆ। ਚਾਰ ਵਰਨਾਂ ਏਕਾ ਦਾਨ, ਏਕਾ ਭਿਛਿਆ ਝੋਲੀ ਪਾਈਆ। ਚਾਰ ਵਰਨਾਂ ਏਕਾ ਪੀਣ ਖਾਣ, ਏਕਾ ਰੰਗ ਰੰਗਾਈਆ। ਚਾਰ ਵਰਨਾਂ ਮਾਰੇ ਏਕਾ ਬਾਣ, ਪੰਚਮ ਨਾਤਾ ਤੋੜ ਤੁੜਾਈਆ। ਚਾਰ ਵਰਨਾਂ ਦਰਸਾਏ ਇਕ ਭਗਵਾਨ, ਜੋਤੀ ਨੂਰ ਡਗਮਗਾਈਆ। ਚਾਰ ਵਰਨਾਂ ਇਕ ਈਮਾਨ, ਏਕਾ ਕਲਮਾ ਦਏ ਸਖਾਈਆ। ਚਾਰ ਵਰਨਾਂ ਇਕ ਅੰਜੀਲ ਕੁਰਾਨ, ਇਕ ਹਦਾਇਤ ਸ਼ਰਅ ਸ਼ਰਾਇਤ ਇਕ ਜਣਾਈਆ। ਚਾਰ ਵਰਨਾਂ ਏਕਾ ਵੇਦ ਪੁਰਾਨ, ਏਕਾ ਪੂਜਾ ਪਾਠਾ ਕਰੇ ਪੜ੍ਹਾਈਆ। ਚਾਰ ਵਰਨਾਂ ਏਕਾ ਗੀਤਾ ਗਿਆਨ, ਗਿਆਨ ਗੋਝ ਇਕ ਖੁਲ੍ਹਾਈਆ। ਚਾਰ ਵਰਨ ਰਖਾਏ ਇਕ ਨਿਸ਼ਾਨ, ਚਾਰ ਵਰਨਾਂ ਏਕਾ ਰਿਹਾ ਝੁਲਾਈਆ। ਚਾਰ ਵਰਨ ਸਾਚੀ ਦਰਗਹਿ ਕਰੇ ਪਰਵਾਨ, ਵਡ ਦਾਤਾ ਬੇਪਰਵਾਹੀਆ। ਚਾਰ ਵਰਨ ਮੰਗਲ ਏਕਾ ਗਾਣ, ਗੁਰ ਅਰਜਨ ਸ਼ਬਦ ਸੁਣਾਈਆ। ਚਾਰ ਵਰਨਾਂ ਇਕ ਕਿਰਪਾਨ, ਏਕਾ ਖੰਡਾ ਨਾਮ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨਿਰਗੁਣ ਲਏ ਉਪਜਾਈਆ। ਚਾਰ ਵਰਨਾਂ ਏਕਾ ਰੰਗ, ਹਰਿ ਸਾਚਾ ਆਪ ਚੜ੍ਹਾਇੰਦਾ। ਚਾਰ ਵਰਨਾਂ ਸਚ ਪਲੰਘ, ਹਰਿ ਸਾਚਾ ਆਪ ਵਖਾਇੰਦਾ। ਚਾਰ ਵਰਨਾਂ ਬਖ਼ਸ਼ੇ ਏਕਾ ਮੰਗ, ਮੰਗਤਾ ਮੰਗਣਹਾਰਾ ਆਪ ਹੋ ਜਾਇੰਦਾ। ਚਾਰ ਵਰਨਾਂ ਚਾੜ੍ਹੇ ਏਕਾ ਰੰਗ, ਰੰਗਣਹਾਰ ਆਪ ਹੋ ਜਾਇੰਦਾ। ਚਾਰ ਵਰਨਾਂ ਆਪ ਵਜਾਏ ਮਰਦੰਗ, ਘਰ ਘਰ ਵਿਚ ਤਾਲ ਰਖਾਇੰਦਾ। ਚਾਰ ਵਰਨ ਸੂਰਾ ਸਰਬੰਗ, ਸੋ ਪੁਰਖ ਨਿਰੰਜਣ ਆਪ ਅਖਵਾਇੰਦਾ। ਚਾਰ ਵਰਨਾਂ ਲਾਏ ਅੰਗ, ਹੰ ਬ੍ਰਹਮ ਆਪ ਪਰਨਾਇੰਦਾ। ਚਾਰ ਵਰਨ ਅੰਦਰ ਆਪੇ ਲੰਘ, ਆਪਣਾ ਮੰਦਰ ਆਪ ਸੁਹਾਇੰਦਾ। ਚਾਰ ਵਰਨ ਰਸਨਾ ਤਜਾਏ ਮਦਿਰਾ ਮਾਸ ਗੰਦ, ਅੰਮ੍ਰਿਤ ਜਾਮ ਇਕ ਪਿਆਇੰਦਾ। ਚਾਰ ਵਰਨਾਂ ਦੇਵਣਹਾਰਾ ਡੰਨ, ਡੌਰੂ ਡੰਕਾ ਏਕਾ ਵਾਹਿੰਦਾ। ਚਾਰ ਵਰਨ ਆਪੇ ਘੜੇ ਆਪੇ ਲਏ ਭੰਨ, ਭੰਨਣਹਾਰਾ ਆਪ ਅਖਵਾਇੰਦਾ। ਚਾਰ ਵਰਨ ਬੇੜਾ ਆਪੇ ਦਏ ਬੰਨ, ਮੰਝਧਾਰ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਏਕਾ ਆਪਣਾ ਹੁਕਮ ਚਲਾਇੰਦਾ। ਸ਼ਬਦ ਹੁਕਮ ਧੁਰ ਫ਼ਰਮਾਣਾ, ਕਲਜੁਗ ਅੰਤਮ ਅੰਤ ਚਲਾਇਆ। ਪਕੜ ਉਠਾਏ ਰਾਜਾ ਰਾਣਾ, ਸ਼ਾਹ ਸੁਲਤਾਨ ਆਪ ਹਿਲਾਇਆ। ਸਾਧਾਂ ਸੰਤਾਂ ਜੀਵਾਂ ਜੰਤਾਂ ਮੰਨਣਾ ਪਏ ਭਾਣਾ, ਨਾ ਸਕੇ ਕੋਇ ਰੁਕਾਇਆ। ਬ੍ਰਹਮਾ ਸ਼ਿਵ ਹੋਏ ਹੈਰਾਨਾ, ਹਰਿ ਕਾ ਭੇਵ ਨਾ ਕੋਇ ਆਇਆ। ਕਰੋੜ ਤੇਤੀਸਾ ਬਾਲ ਨਿਧਾਨਾ, ਦਿਵਸ ਰੈਣ ਰਿਹਾ ਕੁਰਲਾਇਆ। ਕਲਜੁਗ ਅੰਤਮ ਪਰਗਟਿਆ ਜੋਧਾ ਸੂਰ ਮਰਦ ਮਰਦਾਨਾ, ਹਰਿ ਆਪਣਾ ਨਾਉਂ ਰਖਾਇਆ। ਏਕਾ ਚਿੱਲਾ ਤੀਰ ਕਮਾਨਾ, ਸ਼ਬਦ ਅਗੰਮਾ ਹੱਥ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੱਖ ਚੁਰਾਸੀ ਕਰੇ ਖਵਾਰ, ਗੁਰਮੁਖ ਸੱਜਣ ਲਾਏ ਪਾਰ, ਜਿਸ ਜਨ ਆਪਣਾ ਦਰਸ ਵਖਾਇਆ। ਗੁਰਸਿਖ ਤੇਰੀ ਵਡਿਆਈ ਧੰਨ, ਧੰਨ ਨਾਮਾ ਹਰਿ ਹਰਿ ਪਾਇਆ। ਗੁਰਸਿਖ ਤੇਰੀ ਵਡਿਆਈ ਧੰਨ, ਜਨਣੀ ਜਨ ਏਕਾ ਜਾਇਆ। ਹਰਿਜਨ ਤੇਰੀ ਵਡਿਆਈ ਧੰਨ, ਹਰਿ ਮੰਤਰ ਨਾਮ ਦ੍ਰਿੜਾਇਆ। ਹਰਿ ਭਗਤ ਵਡਿਆਈ ਧੰਨ, ਭਗਤ ਭਗਵੰਤ ਮੀਤ ਬਣਾਇਆ। ਗੁਰ ਗੁਰ ਪੂਰਾ ਬੇੜੇ ਦੇਵੇ ਬੰਨ, ਆਪ ਆਪਣਾ ਬਿਰਧ ਰਖਾਇਆ। ਸਤਿਗੁਰ ਪੂਰਾ ਵਸਿਆ ਬਿਨ ਛਪਰੀ ਛੰਨ, ਚਾਰ ਦੀਵਾਰ ਨਾ ਕੋਇ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਿਰਾਕਾਰ ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਰਗੁਣ ਚੇਲਾ ਇਕ ਉਪਜਾਇਆ। ਸਰਗੁਣ ਚੇਲਾ ਗੁਰ ਗੋਬਿੰਦ ਨਿਰਗੁਣ ਮੇਲ ਮਿਲੰਨਿਆ। ਪੁਰਖ ਅਬਿਨਾਸ਼ੀ ਮੇਟੇ ਸਗਲੀ ਚਿੰਦ, ਆਪਣਾ ਜਨ ਆਪੇ ਜਨਿਆ। ਆਪ ਉਪਜਾਈ ਆਪਣੀ ਬਿੰਦ, ਆਪ ਆਪਣਾ ਖੇਲ ਖਿਲੰਨਿਆ। ਗਹਿਰ ਗੰਭੀਰ ਸਾਗਰ ਸਿੰਧ, ਦਿਸ ਨਾ ਆਏ ਕਲਜੁਗ ਜੀਵ ਅੰਨਿਆ। ਮਨਮੁਖ ਲਾਏ ਆਪਣੀ ਨਿੰਦ, ਗੁਰਮੁਖਾਂ ਅੰਦਰ ਆਪੇ ਸੰਨਿਆ। ਪਕੜ ਉਠਾਏ ਵਾਲੀ ਹਿੰਦ, ਸ਼ਬਦ ਸੁਨੇਹੜਾ ਏਕਾ ਘੱਲਿਆ। ਕਲਜੁਗ ਅੰਤਮ ਪੈਣੀ ਛਿੰਜ, ਸ਼ਾਹ ਸੁਲਤਾਨ ਬੇੜਾ ਕਿਸੇ ਨਾ ਬੰਨਿਆ। ਮਨਮੁਖਤਾ ਹਉਮੇ ਹੰਗਤਾ ਦੇਵੇ ਪਿੰਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਹਾਜ਼ਰ ਹਜ਼ੂਰ ਜ਼ਾਹਰਾ ਚੰਨ ਚੜ੍ਹਾਏ ਚੰਨਿਆ। ਚੜ੍ਹਿਆ ਚੰਨ ਸਚ ਪਰਕਾਸ਼, ਚੰਦਨ ਨਿੰਮ ਮਹਿਕਾਈਆ। ਗੁਰਮੁਖ ਮੇਲਾ ਵਿਚ ਪਰਭਾਸ, ਧਰਤ ਧਵਲ ਵਡਿਆਈਆ। ਮੰਗਲਾਚਾਰ ਪ੍ਰਿਥਮੀ ਅਕਾਸ਼, ਪੁਰੀਆਂ ਲੋਆਂ ਸਗਨ ਮਨਾਈਆ। ਜਿਸ ਜਨ ਪਾਇਆ ਸ਼ਾਹੋ ਸਬਾਸ਼, ਘਰ ਸਾਚੇ ਹੋਏ ਰੁਸ਼ਨਾਈਆ। ਪੁਰਖ ਪਰਖੋਤਮ ਪੂਰੀ ਕਰੇ ਆਸ, ਪਰਮ ਪੁਰਖ ਵਡ ਵਡਿਆਈਆ। ਸਾਚੀ ਸਖੀਆਂ ਪਾਵਣ ਆਇਆ ਰਾਸ, ਸਾਚਾ ਸਗਨ ਇਕ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਦੀਵਾ ਨਿਰਗੁਣ ਬਾਤੀ ਨਿਰਗੁਣ ਪਰਗਟ ਕਮਲਾਪਾਤੀ ਏਕਾ ਏਕ ਅਖਵਾਈਆ। ਕਮਲਾਪਾਤੀ ਕੰਤ ਕੰਤੂਹਲ, ਏਕਾ ਖੇਲ ਖਿਲਾਇੰਦਾ। ਗੁਰਮੁਖ ਨਾਰੀ ਕੰਤ ਪਿਆਰੀ ਸ਼ਬਦ ਪੰਘੂੜਾ ਰਹੀ ਝੂਲ, ਹਰਿ ਸਾਚਾ ਆਪ ਝੁਲਾਇੰਦਾ। ਆਪ ਚੁਕਾਇਆ ਆਪਣਾ ਮੂਲ, ਲਿਖਿਆ ਲੇਖਾ ਪੂਰ ਕਰਾਇੰਦਾ। ਜੁਗਾ ਜੁਗੰਤ ਨਾ ਜਾਏ ਭੂਲ, ਅਭੁੱਲ ਗੁਰ ਆਪ ਹੋ ਆਇੰਦਾ। ਕਰਨਹਾਰਾ ਸੂਲੀਉਂ ਸੂਲ, ਸੂਲਾਂ ਸੱਥਰ ਹੇਠ ਵਿਛਾਇੰਦਾ। ਹਰਿ ਸੰਗਤ ਉਤੋਂ ਬਰਖੇ ਫੂਲ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਸ਼ਬਦ ਸਿੰਘਾਸਣ ਆਪ ਬਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ, ਸਾਢੇ ਤਿੰਨ ਹੱਥ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਗੋਬਿੰਦ ਪਿਆਰ, ਸਾਚਾ ਸੰਗ ਨਿਭਾਇੰਦਾ। ਗੋਬਿੰਦ ਮੀਤਾ ਇਕ ਅਤੀਤਾ, ਏਕਾ ਖੇਲ ਖਿਲਾਇੰਦਾ। ਕਿਸੇ ਹੱਥ ਨਾ ਆਏ ਗੁਰੂ ਦਵਾਰ ਮੰਦਰ ਮਸੀਤਾ, ਹਰ ਘਟ ਬੈਠਾ ਆਸਣ ਲਾਇੰਦਾ। ਜਿਸ ਜਨ ਰੱਖਿਆ ਹਰਿ ਹਰਿ ਚੀਤਾ, ਸਵੱਛ ਸਰੂਪੀ ਦਰਸ ਵਖਾਇੰਦਾ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਉਂ ਧਰਾਇੰਦਾ। ਆਦਿ ਜੁਗਾਦੀ ਠੰਡਾ ਸੀਤਾ, ਗੁਰਮੁਖਾਂ ਅਗਨੀ ਆਪ ਬੁਝਾਇੰਦਾ। ਆਪੇ ਜਾਣੇ ਆਪਣੀ ਰੀਤਾ, ਨਿਰਗੁਣ ਸਰਗੁਣ ਆਪ ਅਖਵਾਇੰਦਾ। ਵੇਖਣਹਾਰਾ ਹਸਤ ਕੀਟਾ, ਕੀਟ ਕੀਟਾ ਆਪ ਸਮਾਇੰਦਾ। ਆਪਣਾ ਭਾਣਾ ਆਪੇ ਜੀਤਾ, ਆਪਣੇ ਭਾਣੇ ਆਪ ਰਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਨੂਰ ਅਖਵਾਇੰਦਾ । ਨਿਰਗੁਣ ਨੂਰ ਪਰਵਰਦਿਗਾਰ, ਕਲਮਾ ਅਮਾਮ ਅਖਵਾਇਆ। ਸਰਬ ਜੀਆਂ ਦਾ ਸਾਂਝਾ ਯਾਰ, ਲੋਕਮਾਤ ਵੇਖਣ ਆਇਆ। ਸੰਗ ਮੁਹੰਮਦ ਨਾ ਦੀਸੇ ਚਾਰ ਯਾਰ, ਕੁਤਬ ਗੌਂਸ ਸ਼ੇਖ਼ ਮੁਸਾਇਕ ਪੀਰ ਮੁੱਲਾਂ ਨਾ ਕੋਈ ਸੰਗ ਰਲਾਇਆ। ਨੂਰ ਅਲਾਹੀ ਨੂਰੀ ਅੱਲਾ, ਹੂ ਹੂ ਆਪਣਾ ਨਾਅਰਾ ਲਾਇਆ। ਤੂੰ ਹੀ ਤੂ ਵਸਿਆ ਸਚ ਮਹੱਲਾ, ਬੇਅੰਤ ਬੇਅੰਤ ਬੇਅੰਤ ਆਪ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਕਲਮਾ ਆਪ ਪੜ੍ਹਾਇਆ। ਆਪਣਾ ਕਲਮਾ ਪੜ੍ਹ ਹਦੀਸ, ਸ਼ਰਅ ਸ਼ਰੀਅਤ ਆਪ ਜਣਾਈਆ। ਆਪੇ ਗਾਇਆ ਦੰਦ ਬਤੀਸ, ਤੀਸ ਤੀਸ ਕਰੇ ਰੁਸ਼ਨਾਈਆ। ਲਹਿਣਾ ਦੇਣ ਚੁਕਾਏ ਬੀਸ, ਸਦ ਬੀਸ ਬੀਸ ਬੀਸਾ ਵਡ ਵਡਿਆਈਆ। ਆਪੇ ਹੋਇਆ ਲਾਸ਼ਰੀਕ, ਜਗਤ ਸ਼ਰੀਕਤ ਦਏ ਮਿਟਾਈਆ। ਕਲਜੁਗ ਤੇਰੀ ਅੰਤਮ ਰੱਖੇ ਇਕ ਤਰੀਕ, ਨਾਨਕ ਗੋਬਿੰਦ ਦਏ ਗਵਾਹੀਆ। ਵੇਦ ਵਿਆਸੇ ਲਿਖਿਆ ਲੇਖ ਅਵਤਾਰ ਚੌਬੀਸ, ਈਸਾ ਮੰਗੇ ਏਕਾ ਭੀਖ, ਅੱਗੇ ਆਪਣੀ ਝੋਲੀ ਡਾਹੀਆ। ਕਲਜੁਗ ਪੀਸਣ ਰਿਹਾ ਪੀਸ, ਜੂਠੀ ਝੂਠੀ ਚੱਕੀ ਰਿਹਾ ਚਲਾਈਆ। ਗੁਰਮੁਖ ਵਿਰਲੇ ਮਿਲਿਆ ਹਰਿ ਜਗਦੀਸ, ਜਾਗਰਤ ਜੋਤ ਕਰੇ ਰੁਸ਼ਨਾਈਆ। ਗੁਰਸਿਖ ਤੇਰੇ ਛਤਰ ਝੁਲਾਏ ਸੀਸ, ਗੁਰ ਗੋਬਿੰਦ ਬਣਤ ਬਣਾਈਆ। ਹਰਿਜਨ ਤੇਰੀ ਕੋਈ ਨਾ ਕਰੇ ਰੀਸ, ਭਰਮੇ ਭੁੱਲੀ ਸਰਬ ਲੋਕਾਈਆ। ਰਾਜ ਰਾਜਾਨਾ ਖਾਲੀ ਖੀਸ, ਦਰ ਮੰਗਣ ਭਿਖ ਨਾ ਪਾਈਆ। ਅੱਲਾ ਰਾਣੀ ਵਿਚ ਉਨੀਸ, ਰੋ ਰੋ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਕਿਰਿਆ ਦਏ ਮਿਟਾਈਆ। ਕਲਜੁਗ ਤੇਰਾ ਚੁਕਣਾ ਲਹਿਣਾ, ਹਰਿ ਸਾਚੇ ਆਪ ਚੁਕਾਵਣਾ। ਜਨ ਭਗਤਾਂ ਨੇਤਰ ਨਾਮ ਪੌਣਾ ਨੈਣਾ, ਕੱਜਲ ਧਾਰ ਇਕ ਵਖਾਵਣਾ। ਸਤਿ ਸਰੂਪੀ ਪੌਣਾ ਗਹਿਣਾ, ਸੋਲਾਂ ਸ਼ੰਗਾਰ ਆਪ ਪਹਿਨਾਵਣਾ। ਨਾਮ ਮੈਂਹਦੀ ਰੰਗ ਰੰਗੌਣਾ, ਏਕਾ ਰੰਗ ਹਰਿ ਸਾਚੇ ਸਚ ਚੜ੍ਹਾਵਣਾ। ਧੁਰ ਕੰਤ ਕੰਤੂਹਲ ਇਕ ਹੰਢੌਣਾ, ਪੁਰਖ ਅਬਿਨਾਸ਼ੀ ਸੁਹਾਵਣਾ। ਸਾਚੀ ਸੇਜਾ ਆਸਣ ਲੌਣਾ, ਏਕਾ ਬੰਕ ਵਖਾਵਣਾ। ਸਾਚੀ ਸਖੀਆਂ ਰਲ ਮਿਲ ਮੰਗਲ ਗਾਉਣਾ, ਸੋਹੰ ਢੋਲਾ ਇਕ ਸੁਣਾਵਣਾ। ਬ੍ਰਹਮ ਪਾਰਬ੍ਰਹਮ ਪ੍ਰਭ ਮੇਲ ਮਿਲੌਣਾ, ਦੂਈ ਦਵੈਤੀ ਪੜਦਾ ਲਾਹਵਣਾ। ਨਾਰੀ ਕੰਤ ਰੂਪ ਬਸੰਤ ਆਪ ਚੜ੍ਹੌਣਾ, ਆਪ ਆਪਣਾ ਖੇਲ ਖਿਲਾਵਣਾ। ਬੇਅੰਤ ਬੇਅੰਤ ਬੇਅੰਤ ਹਰਿ ਆਪ ਅਖਵੌਣਾ, ਭੇਵ ਕਿਸੇ ਨਾ ਪਾਵਣਾ। ਸਤਿਜੁਗ ਸਾਚਾ ਮਾਰਗ ਲਾਉਣਾ, ਗੁਰਮੰਤਰ ਇਕ ਉਪਜਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਨਰ ਹਰਿ, ਆਪਣੀ ਕਰਨੀ ਰਿਹਾ ਕਰ, ਆਦਿ ਜੁਗਾਦਿ ਹਰਿ ਕਾ ਲੇਖਾ ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਭਿੰਨੜੀ ਰੈਣ ਉਠੀ ਜਾਗ, ਹਰਿ ਸੰਗਤ ਨਾਲ ਜਗਾਈਆ। ਹੰਸ ਬਣਦੇ ਵੇਖੇ ਕਾਗ, ਮੁਖ ਤੋਂ ਆਪਣਾ ਪੜਦਾ ਲਾਹੀਆ। ਘਰ ਵਿਚ ਘਰ ਦੀਪਕ ਜਗਦੇ ਵੇਖੇ ਚਿਰਾਗ, ਆਪਣਾ ਅੰਧੇਰਾ ਰਹੀ ਮਿਟਾਈਆ। ਸਤਿਗੁਰ ਪੂਰਾ ਗੁਰਮੁਖਾਂ ਧੋਵਣ ਆਇਆ ਦਾਗ਼, ਭਿੰਨੜੀ ਰੈਣ ਨਾਲ ਰਲਾਈਆ। ਹਰਿ ਸੰਗਤ ਤੇਰੇ ਵਡ ਵਡ ਭਾਗ, ਧਰਤ ਧਵਲ ਖ਼ੁਸ਼ੀ ਰਹੀ ਮਨਾਈਆ। ਭਿੰਨੜੀ ਰੈਣ ਸਰਨ ਸਰਨਾਈ ਗਈ ਲਾਗ, ਦੋਏ ਜੋੜ ਬੈਠੀ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਭਿੰਨੜੀਏ ਤੇਰਾ ਮੀਤ ਮੁਰਾਰ, ਗੁਰਸਿਖ ਸਾਚਾ ਆਪ ਬਣਾਇਆ। ਮਨਮੁਖ ਸੁੱਤੇ ਪੈਰ ਪਸਾਰ, ਤੇਰਾ ਰੰਗ ਨਾ ਕਿਸੇ ਚੜ੍ਹਾਇਆ। ਤੇਰਾ ਜੋਬਨ ਵਿਚ ਸੰਸਾਰ, ਬਿਨ ਗੁਰਸਿਖ ਨਾ ਸਕੇ ਕੋਇ ਹੰਢਾਇਆ। ਕਲਜੁਗ ਕਾਲੀ ਕਰੇ ਖੁਆਰ, ਕਾਲਖ ਟਿੱਕਾ ਮਸਤਕ ਲਾਇਆ। ਦੋਹਾਂ ਮਿਲਿਆ ਕੰਤ ਭਤਾਰ, ਘਰ ਸਾਚੇ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਲਏ ਉਠਾਇਆ। ਭਿੰਨੜੀ ਰੈਣ ਨੇਤਰ ਖੋਲ੍ਹ, ਚਾਰੋਂ ਕੁੰਟ ਲਏ ਅੰਗੜਾਈਆ। ਹਰਿ ਸੰਗਤ ਅੰਦਰ ਰਹੀ ਬੋਲ, ਆਪਣਾ ਰਾਗ ਅਲਾਈਆ। ਪੂਰਾ ਕਰਨ ਆਈ ਕੌਲ, ਗੋਬਿੰਦ ਪੂਰਾ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਏ ਵਡਿਆਈਆ। ਭਿੰਨੜੀ ਰੈਣ ਚੜ੍ਹਿਆ ਚਾ, ਸਤਿਗੁਰ ਪੁਰਖ ਮਨਾਇਆ। ਸਤਿਗੁਰ ਪੂਰਾ ਮਿਲਿਆ ਇਕ ਮਲਾਹ, ਗੁਰਸਿਖ ਸਾਜਣ ਵੇਖ ਵਖਾਇਆ। ਦੋਹਾਂ ਬਹਾਏ ਏਕਾ ਥਾਂ, ਏਕਾ ਦਰ ਖੁਲ੍ਹਾਇਆ। ਕਲਜੁਗ ਕਰੇ ਸਚ ਨਿਆਂ, ਜਗਤ ਝੇੜਾ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਮੇਲ ਮਿਲਾਇਆ। ਭਿੰਨੜੀ ਰੈਣ ਮਿਲਿਆ ਮੇਲਾ, ਮੇਲਣਹਾਰ ਗੋਪਾਲ। ਏਕਾ ਘਰ ਵਸਣ ਗੁਰੂ ਗੁਰ ਚੇਲਾ, ਗੁਰ ਤੋੜੇ ਜਗਤ ਜੰਜਾਲ। ਸਤਿਗੁਰ ਮਿਲਿਆ ਸੱਜਣ ਸੁਹੇਲਾ, ਭਿੰਨੜੀ ਰੈਣ ਉਠਾਏ ਬਾਲ ਨਿਧਾਨ। ਕਲਜੁਗ ਅੰਤਮ ਆਇਆ ਵੇਲਾ, ਮੇਟਣਹਾਰਾ ਪੰਜ ਸ਼ੈਤਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦੇਵੇ ਮਾਣ। ਭਿੰਨੜੀ ਰੈਣ ਅੰਕ ਸੁਹੇਲੀ, ਗੁਰਮੁਖ ਮਿਲਣੇ ਆਈਆ। ਤੇਜ ਭਾਨ ਮਿਲਿਆ ਬੇਲੀ, ਸਗਲਾ ਸਾਥੀ ਰਿਹਾ ਤਰਾਈਆ। ਆਦਿ ਜੁਗਾਦਿ ਰਹੇ ਅਕੇਲੀ, ਬਿਨ ਹਰਿ ਭਗਤਾਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਨੈਣ ਦਰਸਾਈਆ। ਭਿੰਨੜੀ ਰੈਣ ਖੋਲ੍ਹੇ ਅੱਖ, ਨੇਤਰ ਨੈਣ ਉਘਾੜਿਆ। ਸਤਿਗੁਰ ਵੇਖੇ ਕਰ ਪਰਤੱਖ, ਹਰਿ ਸੰਗਤ ਲਾਇਆ ਅਖਾੜਿਆ। ਕਲਜੁਗ ਅਗਨੀ ਵਿਚੋਂ ਲਏ ਰੱਖ, ਲੱਗੇ ਵਾ ਨਾ ਤੱਤੀ ਹਾੜਿਆ। ਛਾਛ ਵਰੋਲੇ ਵਿਚੋਂ ਮੱਖ, ਨਾਮ ਮਧਾਣਾ ਏਕਾ ਪਾ ਲਿਆ। ਅੰਮ੍ਰਿਤ ਧਾਰਾ ਕਰੀ ਵੱਖ, ਗੁਰਮੁਖਾਂ ਮੁਖ ਚੁਆ ਲਿਆ। ਕਰਨਹਾਰਾ ਕੱਖੋਂ ਲੱਖ, ਹਰਿਜਨ ਕੀਮਤ ਆਪੇ ਪਾ ਰਿਹਾ। ਰੈਣ ਭਿੰਨੜੀ ਰਾਹ ਆਪੇ ਦੱਸ, ਆਪ ਆਪਣੇ ਮਾਰਗ ਲਾ ਰਿਹਾ। ਗੁਰਸਿਖ ਦਵਾਰੇ ਰਹੀ ਹੱਸ, ਆਪਣਾ ਘੁੰਗਟ ਆਪ ਉਠਾ ਲਿਆ। ਦੂਰ ਦੁਰਾਡੀ ਰਹੀ ਨੱਸ, ਸਗਲਾ ਪੰਧ ਮੁਕਾ ਲਿਆ। ਸਤਿਗੁਰ ਪੂਰਾ ਹਿਰਦੇ ਅੰਦਰ ਗਿਆ ਵਸ, ਸ਼ਬਦ ਵਿਚੋਲਾ ਇਕ ਬਣਾ ਲਿਆ। ਕੋਈ ਨਾ ਦੀਸੇ ਰਵ ਸਸ, ਗੁਰਸਿਖ ਸਾਚਾ ਚੰਦ ਚੜ੍ਹਾ ਲਿਆ। ਭਿੰਨੜੀ ਰੈਣ ਮੇਟੇ ਰੈਣ ਅੰਧੇਰੀ ਮੱਸ, ਗੁਰਸਿਖ ਸਾਚੇ ਵੇਖ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਦਰ ਬਹਾ ਲਿਆ। ਭਿੰਨੜੀ ਰੈਣ ਬੈਠੀ ਦਰ, ਹਰਿ ਸਾਚੇ ਦਰ ਖੁਲ੍ਹਾਇਆ। ਗੁਰਮੁਖਾਂ ਹਰਿ ਹਰਿ ਦੇਵੇ ਵਰ, ਗੁਰ ਮੰਤਰ ਨਾਮ ਦ੍ਰਿੜਾਇਆ। ਦੋਹਾਂ ਵਿਚੋਲਾ ਆਪੇ ਬਣ, ਆਪ ਆਪਣਾ ਮੇਲ ਮਿਲਾਇਆ। ਲੱਖ ਚੁਰਾਸੀ ਵੇਖੇ ਰਣ, ਰਣਭੂਮੀ ਖੇਲ ਖਿਲਾਇਆ। ਹਰਿ ਸੰਗਤ ਤੇਰੀ ਬਣਤ ਗਈ ਬਣ, ਸਤਿਗੁਰ ਪੂਰਾ ਰਿਹਾ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਮੇਲਾ ਘਰ, ਗੁਰਸਿਖ ਸਾਚੇ ਦਏ ਮਿਲਾਇਆ।
