Granth 08 Likhat 102: 26 Jeth 2016 Bikarmi Puran Chand de Ghar Jhande Jammu

੨੬ ਜੇਠ ੨੦੧੬ ਬਿਕ੍ਰਮੀ ਪੂਰਨ ਚੰਦ ਦੇ ਘਰ ਝੰਡੇ ਜੰਮੂ

ਤੀਰਥ ਤਟ ਸਚ ਕਿਨਾਰ, ਗੁਰ ਸਤਿਗੁਰ ਚਰਨ ਦਵਾਰਿਆ। ਅੰਮ੍ਰਿਤ ਭਰੇ ਅਮਰ ਭੰਡਾਰ, ਆਪ ਆਪਣੇ ਰੰਗ ਰੰਗਾ ਰਿਹਾ। ਨਿਹਕਰਮੀ ਕਰਮ ਰਿਹਾ ਵਿਚਾਰ, ਕੁਕਰਮਾਂ ਲੇਖ ਚੁਕਾ ਰਿਹਾ। ਧਰਮੀ ਧਰਮ ਇਕ ਸੰਸਾਰ, ਹਰਿ ਸੰਗਤ ਮੇਲ ਮਿਲਾ ਲਿਆ। ਵਰਨ ਵਰਨੀ ਵਸੇ ਬਾਹਰ, ਘਰ ਸੱਚਾ ਇਕ ਵਖਾ ਲਿਆ। ਮਰਨੀ ਮਰੇ ਨਾ ਵਿਚ ਸੰਸਾਰ, ਜੀਵਣ ਮੁਕਤ ਆਪ ਬਣਾ ਲਿਆ। ਕਰਨੀ ਕਰੇ ਆਪ ਕਰਤਾਰ, ਕਰਤਾ ਪੁਰਖ ਨਾਉਂ ਵਡਿਆ ਲਿਆ। ਧਰਨੀ ਨਿਉਂ ਨਿਉਂ ਕਰੇ ਨਿਮਸਕਾਰ, ਜਿਸ ਦਵਾਰੇ ਚਰਨ ਛੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੰਦਰ ਵੇਖੇ ਬੰਕ ਦਵਾਰ, ਅੰਦਰ ਆਪਣਾ ਧਾਮ ਵਖਾ ਲਿਆ। ਅੰਦਰ ਧਾਮ ਹਰਿ ਨਿਆਰਾ, ਸਾਚੀ ਸੇਜ ਹੰਢਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਤ੍ਰੈਗੁਣ ਬੰਧਨ ਤੋੜ ਤੁੜਾਈਆ। ਪੰਚਮ ਦੇਵੇ ਪੰਚ ਹੁਲਾਰਾ, ਸ਼ਬਦੀ ਸ਼ਬਦ ਸ਼ਨਵਾਈਆ। ਰਾਜ ਜੋਗ ਸੱਚਾ ਸਿਕਦਾਰਾ, ਗੁਰ ਚਰਨ ਸੱਚੀ ਸ਼ਹਿਨਸ਼ਾਹੀਆ। ਕਿਰਪਾ ਕਰੇ ਆਪ ਨਿਰੰਕਾਰਾ, ਨਿਰਧਨ ਨਿਰਧਨ ਲਏ ਤਰਾਈਆ। ਦੇਵੇ ਦਰਸ ਅਗੰਮ ਅਪਾਰਾ, ਜਗਤ ਤ੍ਰਿਸਨਾ ਤ੍ਰਿਖਾ ਬੁਝਾਈਆ। ਗਾਵਤ ਗਾਵਤ ਉਤਰੇ ਪਾਰਾ, ਜੋ ਜਨ ਰਸਨਾ ਸੋਹੰ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਸਾਚੀ ਵੱਜੇ ਵਧਾਈਆ।