੨੨ ਜੇਠ ੨੦੧੬ ਬਿਕ੍ਰਮੀ ਤੇਜ ਭਾਨ ਦੇ ਘਰ ਪਿੰਡ ਸੇਖ਼ ਸਰ ਜੰਮੂ
ਸਤਿ ਪੁਰਖ ਨਿਰੰਜਣ ਸਤਿ ਕਰਤਾਰ, ਏਕਾ ਏਕ ਏਕੰਕਾਰਿਆ। ਅਗੰਮ ਅਗੰਮੜਾ ਅਗੰਮੜੀ ਕਾਰ, ਆਦਿ ਜੁਗਾਦੀ ਖੇਲ ਖਿਲਾ ਰਿਹਾ। ਅਲੱਖ ਅਗੋਚਰ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾ ਰਿਹਾ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਪਾਰਬ੍ਰਹਮ ਪ੍ਰਭ ਬੇਐਬ ਪਰਵਰਦਿਗਾਰ, ਆਪ ਆਪਣਾ ਵੇਸ ਵਟਾ ਲਿਆ। ਇਕ ਅਕੱਲਾ ਨਿਰਾਕਾਰ, ਨਿਰਗੁਣ ਆਪਣਾ ਨਾਮ ਧਰਾ ਲਿਆ। ਸਚ ਮਹੱਲਾ ਥਿਰ ਦਰਬਾਰ, ਥਿਰ ਘਰ ਸਾਚਾ ਇਕ ਉਪਾ ਲਿਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਵਖਾ ਲਿਆ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਬਣਾ ਲਿਆ। ਗਗਨ ਮੰਡਲ ਨਾ ਕੋਈ ਧਾਰ, ਧਰਤ ਧਵਲ ਨਾ ਕੋਈ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦੀਪਕ ਆਪ ਜਗਾ ਲਿਆ। ਦੀਪਕ ਜੋਤ ਨੂਰ ਉਜਾਲਾ, ਹਰਿ ਹਰਿ ਆਪ ਉਪਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਜੋਤੀ ਜੋਤ ਡਗਮਗਾਇੰਦਾ। ਥਿਰ ਘਰ ਵਸੇ ਧਰਮ ਸੱਚੀ ਧਰਮਸਾਲਾ, ਸਚ ਸਿੰਘਾਸਣ ਆਸਣ ਲਾਇੰਦਾ। ਪੁਰਖ ਪੁਰਖੋਤਮ ਅਕਾਲ ਅਕਾਲਾ, ਅਕਲ ਕਲਾ ਧਰਾਇੰਦਾ। ਆਦਿ ਸ਼ਕਤ ਜੋਤ ਜਵਾਲਾ, ਲਿਲਾਟ ਲਿਲਾਟੀ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਬੇਪਰਵਾਹ, ਏਕਾ ਏਕ ਏਕੰਕਾਰਿਆ। ਆਪੇ ਵਸੇ ਆਪਣੇ ਥਾਂ, ਨਾ ਕੋਈ ਦੂਸਰ ਸੰਗ ਰਖਾ ਲਿਆ। ਆਪੇ ਪਿਤਾ ਆਪੇ ਮਾਂ, ਆਪੇ ਬਾਲਕ ਗੋਦ ਸੁਹਾ ਲਿਆ। ਆਪੇ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਖਾ ਲਿਆ। ਆਦਿ ਅਨਾਦੀ ਹਰਿ ਭਗਵੰਤ, ਏਕਾ ਰੂਪ ਸਮਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਕਰਤਾ ਵਡ ਵਡਿਆਈਆ। ਆਪ ਆਪਣੀ ਬਣਾਏ ਬਣਤ, ਪੰਜ ਤੱਤ ਨਾ ਕੋਈ ਰਖਾਈਆ। ਸਤਿ ਸਤਿਵਾਦੀ ਮਹਿਮਾ ਅਗਣਤ, ਲੇਖਾ ਲੇਖੇ ਵਿਚ ਨਾ ਆਈਆ। ਆਪੇ ਨਾਰੀ ਆਪੇ ਕੰਤ, ਆਪੇ ਸੇਜ ਹੰਢਾਈਆ। ਆਪੇ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਆਪੇ ਕਰੇ ਆਪਣੀ ਮਨਤ, ਆਪ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਅਲਾਹੀਆ। ਨੂਰ ਅਲਾਹੀ ਇਕ ਅਕੱਲਾ, ਏਕਾ ਰੰਗ ਸਮਾਇੰਦਾ। ਵਸਣਹਾਰਾ ਸਚ ਮਹੱਲਾ, ਪੁਰਖ ਅਬਿਨਾਸ਼ੀ ਨਾਉਂ ਧਰਾਇੰਦਾ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਉਜਾੜ ਪਹਾੜ ਵੇਖ ਵਖਾਇੰਦਾ। ਲੋਆਂ ਪੁਰੀਆਂ ਦੀਪਕ ਜੋਤੀ ਆਪੇ ਬਲਾ, ਜੇਰਜ ਅੰਡਜ ਉਤਭੁਜ ਸੇਤਜ ਡੇਰਾ ਆਪੇ ਮੱਲਾ, ਆਪ ਆਪਣਾ ਘਰ ਉਪਾਇੰਦਾ। ਆਪਣੀ ਪਵਣੀ ਆਪੇ ਰੱਲਾ, ਸਚ ਸੁਗੰਦੀ ਆਪ ਧਰਾਇੰਦਾ। ਆਦਿ ਜੁਗਾਦੀ ਇਕ ਅਕੱਲਾ, ਏਕੰਕਾਰਾ ਨਾਉਂ ਧਰਾਇੰਦਾ। ਜੁਗਾ ਜੁਗੰਤਰ ਪਾਵੇ ਸਾਰਾ, ਹਰਿ ਸੱਜਣ ਵੇਖ ਵਖਾਇੰਦਾ। ਥਿਰ ਘਰ ਸੋਹੇ ਸਚ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਏਕ ਬਾਤੀ ਦੀਪਕ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ । ਸ਼ਾਹੋ ਭੂਪ ਸੱਚੀ ਸਰਕਾਰਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਰਾਓ ਰੰਕ ਨਾ ਦਿਸੇ ਕੋਈ ਦਰ ਦਰਬਾਰਾ, ਦਰ ਦਰਬਾਨ ਨਾ ਕੋਈ ਰਖਾਇੰਦਾ। ਖੜਗ ਖੰਡਾ ਨਾ ਤੇਜ਼ ਕਟਾਰਾ, ਸ਼ਸਤਰ ਬਸਤਰ ਨਾ ਕੋਈ ਸਜਾਇੰਦਾ। ਅਸਵ ਘੋੜਾ ਨਾ ਕੋਈ ਅਸਵਾਰਾ, ਆਪਣੀ ਧਾਰ ਨਾ ਕੋਈ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਵਸਣਹਾਰਾ ਸਚ ਮਹੱਲਾ, ਉਚ ਅਟੱਲਾ ਧਾਮ ਸੁਹਾਇੰਦਾ। ਉਚ ਅਟੱਲਾ ਹਰਿ ਮੁਨਾਰਾ, ਹਰਿ ਸਾਚੇ ਆਪ ਉਪਾਇਆ। ਨਿਰਗੁਣ ਨੂਰ ਕਰ ਉਜਿਆਰਾ, ਨਰ ਨਿਰੰਕਾਰਾ ਵੇਖ ਵਖਾਇਆ। ਸਚ ਸਿੰਘਾਸਣ ਕਰ ਪਿਆਰਾ, ਪੁਰਖ ਅਬਿਨਾਸ਼ਨ ਆਸਣ ਲਾਇਆ। ਆਦਿ ਨਿਰੰਜਣ ਬੰਨੇ ਧਾਰਾ, ਆਪ ਆਪਣਾ ਖੇਲ ਖਿਲਾਇਆ। ਆਪੇ ਪਾਵਣਹਾਰਾ ਸਾਰਾ, ਆਪ ਆਪਣਾ ਭੇਵ ਖੁਲ੍ਹਾਇਆ। ਆਪ ਸੁਹਾਏ ਬੰਕ ਦਵਾਰਾ, ਬੰਕ ਦਵਾਰੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਪੁਰਖ ਨਿਰੰਜਣ ਏਕਾ ਏਕ ਰਘੁਰਾਇਆ। ਸਤਿ ਪੁਰਖ ਨਿਰੰਜਣ ਸਤਿ ਸਤਿਵਾਦ, ਸਤਿ ਸਰੂਪ ਸਮਾਇੰਦਾ। ਖੇਲੇ ਖੇਲ ਆਦਿ ਜੁਗਾਦਿ, ਜੁਗ ਕਰਤਾ ਨਾਉਂ ਧਰਾਇੰਦਾ। ਆਪੇ ਸੰਤ ਆਪੇ ਸਾਧ, ਆਪੇ ਹਰ ਘਟ ਡੇਰਾ ਲਾਇੰਦਾ। ਆਪੇ ਸ਼ਬਦ ਧੁਨ ਹੋਏ ਨਾਦ, ਧੁਨ ਅਨਾਦੀ ਆਪ ਵਜਾਇੰਦਾ । ਆਪੇ ਨਾਮ ਨਾਮਾ ਬੋਧ ਅਗਾਧ, ਆਪ ਆਪਣਾ ਭੇਵ ਖੁਲ੍ਹਾਇੰਦਾ। ਆਪੇ ਦੇਵਣਹਾਰਾ ਦਾਦ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਕਰਤਾਰ, ਆਪਣਾ ਆਪ ਵਟਾਇਆ। ਰੂਪ ਅਨੂਪ ਸ਼ਾਹੋ ਭੂਪ ਸੱਚੀ ਸਰਕਾਰ, ਸਤਿ ਸਰੂਪ ਸਦ ਸਮਾਇਆ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇਆ। ਦੋ ਜਹਾਨਾਂ ਪੰਘੂੜਾ ਰਿਹਾ ਝੂਟ, ਸਚ ਹੁਲਾਰਾ ਏਕਾ ਲਾਇਆ। ਆਪਣੇ ਉਪਰ ਆਪੇ ਜਾਏ ਤੁਠ, ਆਪ ਆਪਣੀ ਦਇਆ ਕਮਾਇਆ। ਆਪਣਾ ਜੋਬਨ ਆਪੇ ਲੁੱਟ, ਆਪ ਆਪਣੀ ਸੇਜ ਹੰਢਾਇਆ। ਆਪਣੇ ਅੰਦਰ ਆਪੇ ਪਏ ਫੁਟ, ਅੰਮ੍ਰਿਤ ਧਾਰਾ ਆਪ ਚਲਾਇਆ। ਆਪਣਾ ਆਪ ਪਿਆਏ ਏਕਾ ਘੁੱਟ, ਆਪ ਆਪਣਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਬੰਕ ਦਵਾਰ, ਜੋਤ ਜਗੇ ਇਕ ਨਿਰੰਕਾਰ, ਨਾ ਕੋਈ ਦੀਸੇ ਹੋਰ ਪਸਾਰ, ਏਕਾ ਏਕ ਰੰਗ ਰੰਗਾਇਆ। ਏਕਾ ਰੰਗ ਆਪਣਾ ਰੰਗ, ਖੋਲ੍ਹੇ ਦਰ ਦਰਵਾਜਿਆ। ਆਪਣੀ ਭਿਛਿਆ ਆਪੇ ਮੰਗ, ਭਿਖਿਆ ਪਾਏ ਗ਼ਰੀਬ ਨਿਵਾਜਿਆ। ਆਪਣਾ ਨਿਭਾਏ ਆਪੇ ਸੰਗ, ਆਪੇ ਚੜ੍ਹੇ ਅਸਵ ਤਾਜਿਆ। ਆਪਣਾ ਵਜਾਏ ਆਪ ਮਰਦੰਗ, ਆਪਣਾ ਸਾਜਣ ਆਪੇ ਸਾਜਿਆ। ਆਪਣੀ ਨੁਹਾਏ ਆਪੇ ਗੰਗ, ਆਪੇ ਰੱਖਣਹਾਰਾ ਲਾਜਿਆ। ਆਪਣੀ ਸੇਜਾ ਆਪੇ ਸੁੱਤਾ ਹਰਿ ਸਚ ਪਲੰਘ, ਆਪ ਆਪਣੀ ਮਾਰੇ ਵਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਆਪ ਚਲਾਏ ਆਪਣਾ ਸਚ ਜਹਾਜਿਆ। ਨਿਰਗੁਣ ਦਾਤਾ ਬੇਪਰਵਾਹ, ਸਤਿਗੁਰ ਪੁਰਖ ਅਖਵਾਇੰਦਾ। ਸ਼ਬਦ ਅਨਾਦੀ ਸੁੱਤ ਉਪਾ, ਆਪਣਾ ਨਾਉਂ ਧਰਾਇੰਦਾ। ਪਾਰਬ੍ਰਹਮ ਪ੍ਰਭ ਵੇਸ ਵਟਾ, ਬ੍ਰਹਮ ਬ੍ਰਹਮ ਦਰਸਾਇੰਦਾ। ਅਗੰਮ ਅਗੰਮ ਖੇਲ ਖਿਲਾ, ਅਲੱਖ ਅਲੱਖ ਵਡਿਆਇੰਦਾ। ਸਚਖੰਡ ਦਵਾਰਾ ਆਪ ਜਣਾ, ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸਗਨ ਮਨਾਇੰਦਾ। ਸਗਨ ਮਨਾਏ ਜੋਤ ਨਿਰੰਕਾਰ, ਨਿਰਗੁਣ ਰੰਗ ਰੰਗਾਇਆ। ਕਮਲਾਪਾਤੀ ਮੀਤ ਮੁਰਾਰ, ਘਰ ਸੱਚਾ ਸੱਜਣ ਆਇਆ। ਜੋਤੀ ਜਗੀ ਅਪਰ ਅਪਾਰ, ਤੇਲ ਬੱਤੀ ਨਾ ਕੋਈ ਟਿਕਾਇਆ। ਵਰਨ ਗੋਤੀ ਵਸਿਆ ਬਾਹਰ, ਬਰਨ ਵਰਨ ਨਾ ਕੋਈ ਜਣਾਇਆ। ਇਕ ਅਕਲੌਤੀ ਕਰ ਤਿਆਰ, ਧੁਰ ਦੀ ਜੋਤੀ ਵੇਖ ਵਖਾਇਆ। ਉਠੀ ਸੋਈ ਨਾਰ ਮੁਟਿਆਰ, ਹਰਿ ਸਾਚਾ ਵੇਖ ਵਖਾਇਆ। ਦੋਹਾਂ ਮੇਲਾ ਧੁਰ ਦਰਬਾਰ, ਸਚ ਵਿਚੋਲਾ ਇਕ ਬਣਾਇਆ। ਚੁਕਿਆ ਡੋਲਾ ਆਪ ਕਰਤਾਰ, ਦੂਸਰ ਕਹਾਰ ਨਾ ਕੋਈ ਲਗਾਇਆ। ਸਾਚੀ ਸੇਜਾ ਕਰ ਪਿਆਰ, ਸਾਚੀ ਸੇਜ ਹੰਢਾਇਆ। ਆਪੇ ਅੰਦਰ ਆਪੇ ਬਾਹਰ, ਆਪ ਆਪਣਾ ਫਲ ਲਗਾਇਆ। ਆਪ ਉਪਜਾਏ ਸੁੱਤ ਦੁਲਾਰ, ਹਰਿ ਸ਼ਬਦੀ ਨਾਉਂ ਰਖਾਇਆ। ਸ਼ਬਦ ਸੁੱਤ ਅਪਰ ਅਪਾਰ, ਗੁਰ ਸਤਿਗੁਰ ਵੇਖ ਵਖਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਡੇਰਾ ਲਾਇਆ। ਵਿਸ਼ਨੂੰ ਵੰਸੀ ਖ਼ਬਰਦਾਰ, ਨਿਰਾਕਾਰ ਸਾਕਾਰ ਹੋ ਆਇਆ। ਕਵਲ ਨਾਭੀ ਕਰ ਤਿਆਰ, ਏਕਾ ਫੁੱਲ ਖਿਲਾਇਆ। ਏਕਾ ਝਿਰਨਾ ਅਪਰ ਅਪਾਰ, ਹਰਿ ਸਾਚੇ ਆਪ ਝਿਰਾਇਆ। ਬ੍ਰਹਮਾ ਮੰਗੇ ਮੰਗ ਦਰ ਭਿਖਾਰ, ਨਿਉਂ ਨਿਉਂ ਸੀਸ ਝੁਕਾਇਆ। ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਦਇਆ ਕਮਾਇਆ। ਸ਼ਬਦੀ ਭਰਿਆ ਨਾਮ ਭੰਡਾਰ, ਅਤੋਟ ਅਤੁਟ ਰਖਾਇਆ। ਸਾਚਾ ਮਾਰਗ ਅਪਰ ਅਪਾਰ, ਧੁਰ ਕਰਤੇ ਆਪ ਜਣਾਇਆ। ਚਾਰੇ ਵੇਦ ਲੇਖ ਲਿਖਾਰ, ਏਕਾ ਲੇਖਾ ਲੇਖ ਵਖਾਇਆ। ਪੁਰਖ ਅਬਿਨਾਸ਼ੀ ਸਭ ਤੋਂ ਵਸਿਆ ਬਾਹਰ, ਭੇਵ ਕੋਈ ਨਾ ਰਾਇਆ। ਸਚ ਸੰਦੇਸਾ ਸਰਬ ਸੰਸਾਰ, ਤ੍ਰੈਗੁਣ ਜੋੜ ਜੁੜਾਇਆ। ਪੰਜਾਂ ਤੱਤਾਂ ਦਏ ਅਧਾਰ, ਆਪ ਆਪਣਾ ਮੇਲ ਮਿਲਾਇਆ। ਪੰਜ ਪੰਝੀ ਖ਼ਬਰਦਾਰ, ਧਾਰ ਬਵੰਜਾ ਆਪਣੀ ਛੁਪਾਇਆ। ਇਕ ਅਕੱਲਾ ਏਕ ਏਕੰਕਾਰ, ਤ੍ਰੈ ਤ੍ਰੈ ਦੇਸਾਂ ਵੇਖ ਵਖਾਇਆ। ਸ਼ੰਕਰ ਕਰੇ ਸਚ ਪਿਆਰ, ਅੰਧ ਅੰਧੇਰ ਉਪਾਇਆ। ਬਾਸ਼ਕ ਤਸਕਾ ਗਲ ਗਲ ਹਾਰ, ਹੱਥ ਤ੍ਰਿਸੂਲ ਉਠਾਇਆ। ਸੰਸਾਰੀ ਭੰਡਾਰੀ ਕਰ ਤਿਆਰ, ਲਏ ਦੀਬਾਣ ਲਾਇਆ। ਅਪਰੰਪਰ ਕਰਤਾ ਖੇਲ ਅਪਾਰ, ਨਿਰਾਕਾਰ ਭੇਵ ਨਾ ਰਾਇਆ। ਸਤਿ ਪੁਰਖ ਨਿਰੰਜਣ ਹੋ ਉਜਿਆਰ, ਸਤਿ ਸਤਿਵਾਦੀ ਵੇਸ ਵਟਾਇਆ। ਲੱਖ ਚੁਰਾਸੀ ਕਰ ਤਿਆਰ, ਲੋਕਮਾਤ ਨਾਉਂ ਉਪਾਇਆ। ਵਰਭੰਡੀ ਖੇਲੇ ਖੇਲ ਕਰਤਾਰ, ਆਪਣੀ ਡੰਡੀ ਮਾਰਗ ਲਾਇਆ। ਤੇਜ਼ ਪਰਚੰਡੀ ਸ਼ਬਦ ਕਟਾਰ, ਬ੍ਰਹਿਮੰਡੀ ਆਪ ਚਮਕਾਇਆ। ਪਾਵੇ ਵੰਡੀ ਅਪਰ ਅਪਾਰ, ਉਤਭੁਜ ਸੇਤਜ ਫੋਲ ਫੋਲਾਇਆ। ਪੰਜ ਤੱਤ ਕਰ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਵਿਚ ਸਮਾਇਆ। ਮਨ ਮਤ ਬੁਧ ਦਏ ਅਧਾਰ, ਆਸਾ ਤ੍ਰਿਸਨਾ ਵੇਖ ਵਖਾਇਆ। ਨੌ ਦਰ ਖੋਲ੍ਹੇ ਆਪ ਕਿਵਾੜ, ਪੰਚਮ ਧਾੜ ਡੇਰਾ ਲਾਇਆ। ਆਪੇ ਵਸਿਆ ਡੂੰਘੀ ਗਾਰ, ਸੁਖਮਨ ਟੇਡਾ ਰਾਹ ਚਲਾਇਆ। ਸੰਗਮ ਬਣਿਆ ਅਧਵਿਚਕਾਰ, ਦਿਸ ਕਿਸੇ ਨਾ ਆਇਆ । ਅਨਹਦ ਸ਼ਬਦ ਸੱਚੀ ਧੁਨਕਾਰ, ਘਰ ਸਾਚੇ ਮੰਗਲ ਗਾਇਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਧਾਰਾ ਆਪ ਚੁਆਇਆ। ਆਪਣਾ ਪੜਦਾ ਆਪੇ ਪਾੜ, ਅਪਣਾ ਮਾਰਗ ਵਿਚ ਰਖਾਇਆ। ਘਰ ਵਿਚ ਘਰ ਮਹੱਲ ਉਸਾਰ, ਦਸਮ ਦਵਾਰੀ ਨਾਉਂ ਰਖਾਇਆ। ਜੋਤ ਨਿਰੰਜਣ ਸੇਵਾਦਾਰ, ਸਾਚੀ ਸੇਵ ਕਮਾਇਆ। ਸੁਰਤ ਸਵਾਣੀ ਰੋਵੇ ਜ਼ਾਰੋ ਜ਼ਾਰ, ਦਿਵਸ ਰੈਣ ਰਹੀ ਕੁਰਲਾਇਆ। ਸ਼ਬਦ ਗੁਰ ਹਾਣੀ ਹੋਇਆ ਖ਼ਬਰਦਾਰ, ਘਰ ਸਾਚੇ ਫੇਰਾ ਪਾਇਆ। ਏਕਾ ਸੇਜਾ ਕਰੇ ਪਿਆਰ, ਹਰਿਜਨ ਸਾਚੇ ਵੇਖ ਵਖਾਇਆ। ਨਾਤਾ ਤੁਟੇ ਸਰਬ ਸੰਸਾਰ, ਜਿਸ ਜਨ ਆਪਣਾ ਦਰਸ ਦਿਖਾਇਆ। ਭਗਤ ਭਗਵੰਤ ਸਾਚੀ ਕਾਰ, ਕਾਇਆ ਮੰਦਰ ਆਪ ਚਲਾਇਆ। ਸਾਧਾਂ ਸੰਤਾਂ ਕਰਾਏ ਵਣਜ ਵਪਾਰ, ਨਾਮ ਹੱਟ ਇਕ ਖੁਲ੍ਹਾਇਆ। ਚੌਦਾਂ ਹੱਟਾਂ ਖੋਲ੍ਹ ਕਿਵਾੜ, ਏਕ ਤੋਲਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਸ ਵਟਾਇਆ। ਨਿਰਗੁਣ ਰੂਪ ਹਰਿ ਨਿਰੰਕਾਰ, ਪੰਜ ਤੱਤ ਵਡਿਆਈਆ। ਪੰਜ ਤੱਤ ਕਰੇ ਉਜਿਆਰ, ਸਰਗੁਣ ਵੱਜੇ ਵਧਾਈਆ। ਸਰਗੁਣ ਮਿਟੇ ਅੰਧ ਅੰਧਿਆਰ, ਨਿਰਗੁਣ ਦੀਪਕ ਇਕ ਜਗਾਈਆ। ਨਿਰਗੁਣ ਦੀਵਾ ਅਪਰ ਅਪਾਰ, ਹਰਿ ਸਾਚਾ ਇਕ ਰਖਾਈਆ। ਸਰਗੁਣ ਦੇਵੇ ਇਕ ਪਿਆਰ, ਲੋਕਮਾਤ ਵੱਡੀ ਵਡਿਆਈਆ। ਡੂੰਘੀ ਕੁੰਦਰ ਕਰ ਉਜਿਆਰ, ਸਾਚਾ ਮੰਦਰ ਦਏ ਸੁਹਾਈਆ। ਜੁਗਾ ਜੁਗੰਤਰ ਪਾਵੇ ਸਾਰ, ਭਗਤਨ ਮੇਲਾ ਸਹਿਜ ਸਭਾਈਆ। ਸਤਿਜੁਗ ਤੇਰਾ ਸਚ ਵਰਤਾਰ, ਹਰਿ ਸਾਚਾ ਸਚ ਵਰਤਾਈਆ। ਸੋਇਮ ਰੂਪ ਆਪ ਨਿਰੰਕਾਰ, ਸੋ ਪੁਰਖ ਨਿਰੰਜਣ ਇਕ ਅਖਵਾਈਆ। ਹੰ ਬ੍ਰਹਮ ਕਰ ਤਿਆਰ, ਜੀਵ ਜੰਤ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮਾਰਗ ਲਾਈਆ। ਆਪਣਾ ਮਾਰਗ ਆਪੇ ਲਾ, ਆਪਣੀ ਖੇਲ ਖਿਲਾਇੰਦਾ। ਚਾਰੇ ਵੇਦਾ ਲੇਖ ਲਿਖਾ, ਲੇਖਾ ਆਪਣੇ ਹੱਥ ਰਖਾਇੰਦਾ। ਸਤਿਜੁਗ ਸਾਚੀ ਰਚਨ ਰਚਾ, ਸਾਚਾ ਕਰਮ ਕਮਾਇੰਦਾ। ਸੰਤ ਸੁਹੇਲੇ ਗਲੇ ਲਗਾ, ਦੂਤੀ ਦੁਸ਼ਟਾ ਮੇਟ ਮਿਟਾਇੰਦਾ। ਖੇਲੇ ਖੇਲ ਥਾਉਂ ਥਾਂ, ਨੌ ਖੰਡ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਸ ਅਨੇਕਾ ਆਪ ਕਰਾਇੰਦਾ। ਵੇਸ ਅਨੇਕਾ ਕਰਨੇਹਾਰਾ, ਕਰਨੀ ਕਰਤਾ ਆਪ ਅਖਵਾਇਆ। ਜੁਗਾਂ ਜੁਗੰਤਰ ਕਰ ਪਸਾਰਾ, ਨਿਰਗੁਣ ਸਰਗੁਣ ਵੇਖਣ ਆਇਆ। ਸਰਗੁਣ ਰੂਪ ਹਰਿ ਅਵਤਾਰਾ, ਨਿਰਗੁਣ ਨੂਰ ਡਗਮਗਾਇਆ। ਪੰਜ ਤੱਤ ਬੰਨ੍ਹੇ ਧਾਰਾ, ਪੰਚਮ ਮੋਹ ਚੁਕਾਇਆ। ਆਪੇ ਹੋਏ ਗੁਪਤ ਜਾਹਰਾ, ਜ਼ਾਹਰ ਜ਼ਹੂਰ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚਾ ਮਾਤ ਧਰ, ਆਪੇ ਬੇੜਾ ਪਾਰ ਕਰਾਇਆ। ਸਤਿਜੁਗ ਸਾਚਾ ਉਤਰਿਆ ਪਾਰ, ਤ੍ਰੇਤੇ ਵੱਜੀ ਵਧਾਈਆ। ਰਾਮ ਰਾਮਾ ਹਰਿ ਅਵਤਾਰ, ਰਾਮ ਰੂਪ ਆਪ ਹੋ ਜਾਈਆ। ਤੋੜੇ ਲੰਕਾ ਗੜ੍ਹ ਹੰਕਾਰ, ਸਚ ਬਬਾਨਾ ਹੱਥ ਉਠਾਈਆ। ਗ਼ਰੀਬ ਨਿਮਾਣਿਆਂ ਪਾਏ ਸਾਰ, ਆਪ ਆਪਣੇ ਗਲੇ ਲਗਾਈਆ। ਤ੍ਰੀਆ ਵੇਸ ਅਪਰ ਅਪਾਰ, ਤ੍ਰੈਗੁਣ ਤੱਤ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੇਤਾ ਲੇਖਾ ਆਪ ਮੁਕਾਈਆ। ਸਤਿਜੁਗ ਤ੍ਰੇਤਾ ਉਤਰਿਆ ਪਾਰ, ਦੁਆਪਰ ਜੋਤ ਜਗਾਏ। ਵੇਦ ਵਿਆਸਾ ਬਣ ਲਿਖਾਰ, ਪੁਰਾਨ ਅਠਾਰਾਂ ਗਣਾਏ। ਕਾਹਨਾ ਕ੍ਰਿਸ਼ਨਾ ਗੁਣ ਨਿਧਾਨ, ਨਾ ਕੋਈ ਚਿੱਲਾ ਤੀਰ ਕਮਾਨ, ਰਥ ਰਥਵਾਹੀ ਰਥ ਚਲਾਏ। ਅਰਜਨ ਗੀਤਾ ਇਕ ਧਿਆਨ, ਅਠਾਰਾਂ ਬਰਨਾਂ ਇਕ ਫ਼ਰਮਾਣ, ਏਕਾ ਸ਼ਬਦ ਸੁਣਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਲਹਿਣਾ ਆਪ ਮੁਕਾਏ। ਦੁਆਪਰ ਲਹਿਣਾ ਗਿਆ ਮੁੱਕ, ਕਲਜੁਗ ਵੱਜੀ ਵਧਾਈਆ। ਹਰਿਆ ਬੂਟਾ ਗਿਆ ਸੁੱਕ, ਅੰਮ੍ਰਿਤ ਸਿੰਚ ਨਾ ਹਰਿਆ ਕੋਇ ਕਰਾਈਆ। ਜੂਠ ਝੂਠ ਰਿਹਾ ਬੁੱਕ, ਕਾਮ ਕਰੋਧ ਲੋਭ ਮੋਹ ਕਰੇ ਲੜਾਈਆ। ਸੁਫਲ ਨਾ ਦਿਸੇ ਕੋਈ ਕੁੱਖ, ਜਨਨੀ ਜਨ ਨਾ ਕੋਇ ਜਾਈਆ। ਸਾਧ ਸੰਤ ਬੈਠੇ ਲੁਕ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਹਰਿ ਰੁਸ਼ਨਾ, ਏਕਾ ਏਕ ਡਗਮਗਾਇਆ। ਈਸਾ ਮੂਸਾ ਦਰ ਖੁਲ੍ਹਾ, ਏਕਾ ਨਾਅਰਾ ਲਾਇਆ। ਏਕਾ ਕਲਮਾ ਆਪ ਪੜ੍ਹਾ, ਸੰਗ ਮੁਹੰਮਦ ਚਾਰ ਯਾਰੀ ਲਏ ਉਠਾਇਆ। ਐਨਲਹੱਕ ਵੇਖ ਵਖਾ, ਮੁਕਾਮੇ ਹੱਕ ਇਕ ਖ਼ੁਦਾਇਆ। ਦੇਵਣਹਾਰਾ ਸਿਫ਼ਤ ਸਲਾਹ, ਸਾਚਾ ਮਾਰਗ ਰਿਹਾ ਜਣਾਇਆ। ਕਾਇਨਾਤ ਫੇਰਾ ਪਾ, ਚਾਰੋਂ ਕੁੰਟ ਵੇਖ ਵਖਾਇਆ। ਅੰਜੀਲ ਕੁਰਾਨਾਂ ਲੇਖ ਲਿਖਾ, ਤੀਸ ਬਤੀਸਾ ਆਪੇ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਹਰਿ ਭਗਵਾਨਾ, ਆਦਿ ਪੁਰਖ ਅਬਿਨਾਸ਼ਿਆ। ਖੇਲੇ ਖੇਲ ਦੋ ਜਹਾਨਾਂ, ਮੰਡਲ ਮੰਡਪ ਪਾਵੇ ਰਾਸਿਆ। ਸ਼ਬਦ ਜਣਾਈ ਇਕ ਤਰਾਨਾ, ਜੁਗ ਜੁਗ ਲੋਕਮਾਤ ਪਰਕਾਸਿਆ। ਨਾਨਕ ਨਿਰਗੁਣ ਇਕ ਵਖਾਨਾ, ਖੇਲੇ ਖੇਲ ਪ੍ਰਿਥਮੀ ਆਕਾਸਿਆ। ਏਕਾ ਪਦ ਪਦ ਨਿਰਬਾਣਾ, ਘਰ ਮੇਲਾ ਸ਼ਾਹੋ ਸਾਬਾਸ਼ਿਆ। ਹਰਿ ਸਤਿਗੁਰ ਪੁਰਖ ਇਕ ਵਖਾਨਾ, ਲੇਖਾ ਚੁਕੇ ਦਸ ਦਸ ਮਾਸਿਆ। ਸ਼ਬਦ ਅਨਾਦੀ ਇਕ ਤਰਾਨਾ, ਰਸਨਾ ਜੇਹਵਾ ਚਲੇ ਸਵਾਸਿਆ। ਪਾਇਆ ਹਰਿ ਬੀਨਾ ਦਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਹੋਏ ਸ਼ਾਹੋ ਸਾਬਾਸਿਆ। ਨਿਰਗੁਣ ਸਤਿਗੁਰ ਸ਼ਾਹ ਸੁਲਤਾਨ, ਬੇਐਬ ਨਾਮ ਧਰਾਇੰਦਾ। ਵਸਣਹਾਰਾ ਸਚ ਮਕਾਨ, ਘਰ ਸਾਚਾ ਆਪ ਉਪਾਇੰਦਾ। ਹੱਥ ਰਖਾਏ ਇਕ ਨਿਸ਼ਾਨ, ਲੋਆਂ ਪੁਰੀਆਂ ਆਪ ਝੁਲਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਕਰੋੜ ਤੇਤੀਸਾ ਸਾਰੇ ਗਾਣ, ਸੁਰਪਤ ਰਾਜਾ ਇੰਦ ਸੀਸ ਝੁਕਾਇੰਦਾ। ਚੌਦਾਂ ਲੋਕਾਂ ਖੋਲ੍ਹ ਦੁਕਾਨ, ਚੌਦਾਂ ਤਬਕਾਂ ਵੇਖ ਵਖਾਇੰਦਾ। ਆਪੇ ਕਲਮਾ ਨੂਰ ਅਲਾਹੀ ਰਿਹਾ ਵਖਾਣ, ਆਪਣੀ ਰਸਨਾ ਆਪੇ ਗਾਇੰਦਾ। ਆਪੇ ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਸ਼ਬਦ ਸੁਣਾਇੰਦਾ। ਆਪੇ ਨਿਰਗੁਣ ਨਾਨਕ ਕਰ ਪਰਵਾਨ, ਮੰਤਰ ਨਾਮ ਸਤਿ ਦ੍ਰਿੜਾਇੰਦਾ। ਚਾਰ ਵਰਨਾਂ ਇਕ ਗਿਆਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਰੰਗ ਰੰਗਾਇੰਦਾ। ਰਾਓ ਰੰਕ ਨਾ ਕੋਇ ਰਾਜਾਨ, ਗ਼ਰੀਬ ਨਿਮਾਣੇ ਆਪ ਉਠਾਇੰਦਾ। ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਦਵਾਰਾ ਇਕ ਸੁਹਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਜਗ ਤ੍ਰਿਸਨਾ ਭੁੱਖ ਗਵਾਇੰਦਾ। ਮੇਲ ਮਿਲਾਵਾ ਗੋਪੀ ਕਾਹਨ, ਸੀਤਾ ਸੁਰਤੀ ਰਾਮ ਮਿਲਾਇੰਦਾ। ਸਰਬ ਜੀਆਂ ਘਟ ਜਾਣੀ ਜਾਣ, ਜਾਨਣਹਾਰ ਦਿਸ ਨਾ ਆਇੰਦਾ। ਆਦਿ ਜੁਗਾਦੀ ਜਨ ਭਗਤਾਂ ਕਰੇ ਆਪ ਪਛਾਣ, ਆਪ ਆਪਣੀ ਬੂਝ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਡਗਮਗਾਇੰਦਾ। ਨਾਨਕ ਜੋਤੀ ਜੋਤ ਜਗਾ, ਹਰਿ ਨੂਰੋ ਨੂਰ ਰੁਸ਼ਨਾਇਆ। ਗੋਬਿੰਦ ਮੇਲਾ ਸਹਿਜ ਸੁਭਾ, ਪੂਤ ਸਪੂਤਾ ਨਾਉਂ ਰਖਾਇਆ। ਸੁੱਤ ਦੁਲਾਰਾ ਆਪ ਉਪਜਾ, ਆਪਣਾ ਮੇਲ ਮਿਲਾਇਆ। ਸਾਚਾ ਮਾਰਗ ਇਕ ਰਖਾ, ਏਕਾ ਰਿਹਾ ਸਮਝਾਇਆ। ਚਾਰ ਵਰਨ ਬਣਾਏ ਭੈਣ ਭਰਾ, ਨਾਤਾ ਬਿਧਾਤਾ ਆਪ ਜੁੜਾਇਆ। ਕਲਜੁਗ ਜੀਵ ਕੋਈ ਭੁੱਲੇ ਨਾ, ਹਰਿ ਕਾ ਭੇਵ ਕਿਸੇ ਨਾ ਪਾਇਆ। ਬਿਨ ਹਰਿ ਭਗਤੀ ਕੋਈ ਫਲੇ ਫੁਲੇ ਨਾ, ਫੁਲ ਫੁਲਵਾੜੀ ਨਾ ਕੋਇ ਮਹਿਕਾਇਆ। ਜਗਤ ਮਾਇਆ ਕੋਈ ਰੁਲੇ ਨਾ, ਦੇ ਮਤ ਆਪ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇਆ। ਗੋਬਿੰਦ ਗੁਰ ਸੂਰਬੀਰ, ਹਰਿ ਸਾਚਾ ਸਚ ਰਖਾਇੰਦਾ। ਇਕ ਕਮਾਨ ਏਕਾ ਚਿਲਾ ਏਕਾ ਤੀਰ, ਏਕਾ ਹੱਥ ਉਠਾਇੰਦਾ। ਏਕਾ ਬਸਤਰ ਏਕਾ ਚੀਰ, ਏਕਾ ਸ਼ਸਤਰ ਤਨ ਸਜਾਇੰਦਾ। ਏਕਾ ਚੋਟੀ ਚੜ੍ਹੇ ਅਖ਼ੀਰ, ਏਕਾ ਮਾਰਗ ਲਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਨਾ ਕੋਇ ਵਖਾਇੰਦਾ। ਗੁਰਮੁਖਾਂ ਦੇਵੇ ਨਾਮ ਇਕ ਅਨਡੀਠ, ਜਗਤ ਨੇਤਰ ਨਾ ਕੋਇ ਰਖਾਇੰਦਾ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਉਤਰ ਕਦੇ ਨਾ ਜਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਨਾ ਸੋਇਆ ਕੋਈ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗ ਕਰਤਾ ਆਪਣਾ ਭੇਵ ਆਪ ਖੁਲ੍ਹਾਇੰਦਾ। ਗੋਬਿੰਦ ਮੇਲਾ ਹਰਿ ਨਿਰੰਕਾਰਾ, ਸਤਿਗੁਰ ਪੁਰਖ ਕਰਾਇਆ। ਸ਼ਬਦ ਅਨਾਦੀ ਇਕ ਜੈਕਾਰਾ, ਵਾਹ ਵਾਹ ਗੁਰੂ ਸਲਾਹਿਆ। ਫਤਿਹ ਡੰਕਾ ਅਪਰ ਅਪਾਰਾ, ਨਿਰਗੁਣ ਜੋਤ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪ ਬੁਝਾਇਆ। ਆਪਣੀ ਬੂਝ ਸ਼ਬਦ ਗਿਆਨ, ਗੋਬਿੰਦ ਰੰਗ ਰੰਗਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪਣਾ ਭੇਵ ਖੁਲ੍ਹਾਇੰਦਾ। ਕਲਜੁਗ ਮੇਟੇ ਝੂਠ ਦੁਕਾਨ, ਵੇਲਾ ਅੰਤਮ ਆਪ ਸੁਹਾਇੰਦਾ। ਪਰਗਟ ਹੋਏ ਨਿਹਕਲੰਕ ਬਲੀ ਬਲਵਾਨ, ਪੂਤ ਸਪੂਤਾ ਬ੍ਰਹਿਮਣ ਗੌੜਾ ਨਾਉਂ ਰਖਾਇੰਦਾ। ਉਚਾ ਟਿੱਲਾ ਪਰਬਤ ਇਕ ਮਹਾਨ, ਬਜਰ ਕਪਾਟੀ ਸਿਲਾ ਲਗਾਇੰਦਾ। ਸੰਬਲ ਨਗਰੀ ਸਚ ਮਕਾਨ, ਹਰਿ ਸਤਿਗੁਰ ਆਸਣ ਲਾਇੰਦਾ। ਦਿਸ ਨਾ ਆਏ ਜੀਵ ਨਾਦਾਨ, ਕੋਟਨ ਕੋਟੀ ਭਰਮ ਭੁਲਾਇੰਦਾ। ਜਿਸ ਜਨ ਉਪਜੇ ਆਤਮ ਗਿਆਨ, ਦੂਈ ਦਵੈਤੀ ਪੜਦਾ ਲਾਹਿੰਦਾ। ਦੇਵੇ ਨਾਮ ਸੱਚੀ ਧੁਨਕਾਨ, ਧੁਨ ਆਤਮਕ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇੰਦਾ। ਕਲਜੁਗ ਅੰਤਮ ਖੇਲ ਅਪਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸ਼ਬਦ ਡੰਕਾ ਵਿਚ ਸੰਸਾਰਾ, ਚਾਰੋਂ ਕੁੰਟਾਂ ਰਿਹਾ ਵਜਾਈਆ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਕਰੋੜ ਤੇਤੀਸਾ ਆਪ ਉਠਾਈਆ। ਲੱਖ ਚੁਰਾਸੀ ਪਾਰ ਕਿਨਾਰਾ, ਅਧ ਵਿਚਕਾਰਾ ਵੇਖ ਵਖਾਈਆ। ਮਨਮੁਖ ਡੁੱਬੇ ਵਹਿੰਦੀ ਧਾਰਾ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਗੁਰਮੁਖ ਸਾਜਣ ਉਤਰੇ ਪਾਰਾ, ਜੋ ਜਨ ਰਸਨਾ ਹਰਿ ਹਰਿ ਗਾਈਆ। ਮਿਲੇ ਮੇਲ ਮੀਤ ਮੁਰਾਰਾ, ਕਾਹਨਾ ਕ੍ਰਿਸ਼ਨਾ ਰੂਪ ਵਟਾਈਆ। ਰਾਮ ਰਾਮਾ ਹੋ ਉਜਿਆਰਾ, ਨੇਤਰ ਲੋਚਣ ਦਰਸ ਵਖਾਈਆ । ਨਾਨਕ ਗੋਬਿੰਦ ਖ਼ਬਰਦਾਰਾ, ਗੁਰਮੁਖ ਸਾਚੇ ਲਏ ਜਗਾਈਆ। ਅੰਮ੍ਰਿਤ ਭਰਿਆ ਇਕ ਭੰਡਾਰਾ, ਨਿਰਗੁਣ ਆਪਣਾ ਆਪ ਪਿਆਈਆ। ਸਰਗੁਣ ਕਰੇ ਠੰਡਾ ਠਾਰਾ, ਤੱਤਵ ਤੱਤ ਨਾ ਕੋਇ ਰਖਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਸਚ ਪਰਕਾਸ਼ ਜਣਾਈਆ। ਨਿਹਕਲੰਕ ਨਰ ਲੈ ਅਵਤਾਰਾ, ਮਾਤ ਪਿਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖਣਹਾਰਾ ਸਰਬ ਲੋਕਾਈਆ। ਸਰਬ ਲੋਕਾਈ ਹਰਿ ਹਰਿ ਵੇਖ, ਨੌ ਖੰਡ ਫੇਰਾ ਪਾਇੰਦਾ। ਲੱਖ ਚੁਰਾਸੀ ਲਿਖਣਹਾਰਾ ਲੇਖ, ਘਟ ਘਟ ਡੇਰਾ ਲਾਇੰਦਾ। ਆਪੇ ਲਾਏ ਆਪਣੀ ਮੇਖ, ਆਪੇ ਜੜ ਉਖੜਾਇੰਦਾ। ਆਪ ਉਪਜਾਏ ਧਾਰੀ ਕੇਸ, ਮੂੰਡ ਮੁੰਡਾਏ ਆਪ ਉਪਾਇੰਦਾ। ਆਪੇ ਹੋਏ ਦਸ ਦਸਮੇਸ, ਗੋਪੀ ਕਾਹਨ ਆਪ ਨਚਾਇੰਦਾ। ਆਪੇ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਆਪਣਾ ਨਾਉਂ ਧਰਾਇੰਦਾ। ਆਪੇ ਹੋਏ ਰਿਖੀ ਕੇਸ, ਗਵਰਧਨ ਹੱਥ ਰਖਾਇੰਦਾ। ਆਪੇ ਮੁੱਲਾ ਸ਼ੇਖ਼ ਮੁਸਾਇਕ ਪੀਰ ਦਸਤਗੀਰ ਰਿਹਾ ਵੇਖ, ਐਨਲਹੱਕ ਆਪੇ ਨਾਅਰਾ ਲਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇੰਦਾ। ਆਪੇ ਦਾਤਾ ਨਰ ਨਰੇਸ਼, ਦੋ ਜਹਾਨਾਂ ਆਪ ਅਖਵਾਇੰਦਾ। ਕਲਜੁਗ ਅੰਤਮ ਕਰਿਆ ਵੇਸ, ਨਿਹਕਲੰਕਾ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ ਜੁਗ ਵਿਛੜੇ ਮੇਲ ਮਿਲਾਇੰਦਾ। ਹਰਿ ਸੱਜਣ ਸਤਿਗੁਰ ਪਾਇਆ, ਪਰਮ ਪੁਰਖ ਕਰਤਾਰ। ਗੁਰਸਿਖ ਸਾਚਾ ਘਰ ਸੁਹਾਇਆ, ਮੇਲ ਮਿਲਾਵਾ ਮੀਤ ਮੁਰਾਰ। ਏਕਾ ਦੂਜਾ ਭਓ ਚੁਕਾਇਆ, ਤੀਜੇ ਨੇਤਰ ਦਰਸ ਅਪਾਰ। ਚੌਥੇ ਪਦ ਡੇਰਾ ਲਾਇਆ, ਵਿਸਰਿਆ ਘਰ ਬਾਰ। ਪੰਚਮ ਮੀਤਾ ਨਜ਼ਰੀ ਆਇਆ, ਪੰਚਮ ਮੇਲਾ ਕੰਤ ਭਤਾਰ। ਛੇਵਾਂ ਛੱਪਰ ਛੰਨ ਨਾ ਕੋਇ ਰਖਾਇਆ, ਨਿਰਗੁਣ ਜੋਤ ਜਗੇ ਅਪਾਰ। ਸੱਤਵਾਂ ਸਤਿ ਪੁਰਖ ਨਿਰੰਜਣ ਮੇਲ ਮਿਲਾਇਆ, ਆਪ ਆਪਣੀ ਕਿਰਪਾ ਧਾਰ। ਅੱਠਾਂ ਤੱਤਾਂ ਡੇਰਾ ਢਾਇਆ, ਮਨ ਮਤ ਨਾ ਕਰੇ ਖਵਾਰ। ਨੌ ਦਵਾਰੇ ਬਾਹਰ ਕਢਾਇਆ, ਦਸਮ ਦਵਾਰੀ ਖੋਲ੍ਹ ਕਿਵਾੜ। ਉਚੇ ਮੰਦਰ ਆਪ ਚੜ੍ਹਾਇਆ, ਆਪਣੀ ਹੱਥੀਂ ਦੇਵੇ ਵਾੜ। ਜੋਤੀ ਨੂਰ ਕਰੇ ਰੁਸ਼ਨਾਇਆ, ਅਗਨੀ ਲੱਗੇ ਨਾ ਤੱਤੀ ਹਾੜ। ਅੰਮ੍ਰਿਤ ਠਾਂਡਾ ਜਲ ਪਿਆਇਆ, ਆਪ ਆਪਣੀ ਕਿਰਪਾ ਧਾਰ। ਸੁਰਤੀ ਸ਼ਬਦੀ ਮੇਲ ਮਿਲਾਇਆ, ਸੁਹਾਇਆ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਲਾਏ ਪਾਰ। ਗੁਰਸਿਖ ਮੀਤ ਮੁਰਾਰੜਾ, ਮੇਲਾ ਧੁਰਦਰਗਹ। ਨਿਰਗੁਣ ਸਰਗੁਣ ਸੱਚਾ ਯਾਰੜਾ, ਸ਼ਬਦ ਬਣਾਏ ਮਲਾਹ। ਸਦ ਵਸੇ ਧਾਮ ਨਿਆਰੜਾ, ਅਲੱਖ ਅਗੰਮ ਅਥਾਹ। ਜਨ ਭਗਤਾਂ ਕਰੇ ਪਿਆਰੜਾ, ਆਪੇ ਪਿਤਾ ਆਪੇ ਮਾਂ। ਲੱਖ ਚੁਰਾਸੀ ਪਾਰ ਕਨਾਰੜਾ, ਜਿਸ ਜਨ ਦੇਵੇ ਠੰਡੀ ਛਾਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਖੇਲ ਆਪੇ ਕਰ, ਕਰੇ ਖੇਲ ਮੀਤ ਮੁਰਾਰੜਾ। ਹਰਿ ਸੰਗਤ ਹਰਿ ਵਸਿਆ, ਗੁਰ ਸਤਿਗੁਰ ਪੁਰਖ ਕਰਤਾਰ। ਜਨ ਭਗਤ ਦਵਾਰੇ ਫਿਰੇ ਨੱਸਿਆ, ਆਦਿ ਜੁਗਾਦੀ ਹਰਿ ਹਰਿ ਕਾਰ। ਸਾਚਾ ਮਾਰਗ ਏਕਾ ਦੱਸਿਆ, ਮੇਟੇ ਕਾਮ ਕਰੋਧ ਲੋਭ ਮੋਹ ਹੰਕਾਰ। ਜਗਤ ਵਿਕਾਰਾ ਚਰਨਾਂ ਹੇਠਾਂ ਦੱਬਿਆ, ਜੋ ਜਨ ਮੰਗੇ ਨਾਮ ਬਣ ਭਿਖਾਰ। ਤੀਰ ਨਿਰਾਲਾ ਸਤਿਗੁਰ ਪੂਰੇ ਏਕਾ ਕਸਿਆ, ਆਪ ਆਪਣੀ ਕਿਰਪਾ ਧਾਰ। ਮੇਟੇ ਰੈਣ ਅੰਧੇਰੀ ਮੱਸਿਆ, ਜੋਤੀ ਨੂਰ ਕਰੇ ਉਜਿਆਰ। ਕੋਟਨ ਕੋਟ ਪਰਕਾਸ਼ ਹੋਏ ਰਵ ਸੱਸਿਆ, ਦੋ ਦਸ ਬਾਰਾਂ ਉਤਰੇ ਪਾਰ। ਘਰ ਸਾਚੇ ਬਹਿ ਬਹਿ ਹੱਸਿਆ, ਜਨ ਮੇਲਾ ਮੀਤ ਮੁਰਾਰ। ਰਸ ਦੇਵੇ ਅੰਮ੍ਰਿਤ ਰਸਿਆ, ਨਿਝਰ ਝਿਰਨਾ ਖੰਡ ਰਖਾਰ। ਕਲਜੁਗ ਮਾਇਆ ਮੂਲ ਨਾ ਡੱਸਿਆ, ਹਰਿਜਨ ਦੇਵੇ ਦਰ ਦੁਰਕਾਰ। ਸਗਲ ਵਸੂਰਾ ਲੋਕਮਾਤ ਲੱਥਿਆ, ਨੇਤਰ ਲੋਚਣ ਨੈਣ ਦਰਸਨ ਗੁਰ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਨਾਮ ਭੰਡਾਰ। ਹਰਿ ਸੰਗਤ ਨਾਮ ਹਰਿ ਵਰਤਾਰਾ, ਹਰੀ ਹਰਿ ਆਪ ਅਖਵਾਈਆ। ਆਤਮ ਅੰਤਰ ਭਰ ਭੰਡਾਰਾ, ਏਕਾ ਬ੍ਰਹਮ ਜਣਾਈਆ। ਜਨਮ ਕਰਮ ਨਾ ਕੋਇ ਵਿਚਾਰਾ, ਗੁਣ ਅਵਗੁਣ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਲਏ ਤਰਾਈਆ। ਹਰਿ ਸੰਗਤ ਹਰਿ ਹਰਿ ਭੇਟਿਆ, ਹਰਿ ਗੋਬਿੰਦ ਮੀਤ ਮੁਰਾਰ। ਗੁਰ ਸਤਿਗੁਰ ਖੇਵਟ ਖੇਟਿਆ, ਕਲਜੁਗ ਬੇੜਾ ਲਾਏ ਪਾਰ। ਸ਼ਬਦ ਦੋਸ਼ਾਲੇ ਆਪ ਲਪੇਟਿਆ, ਦੁਰਮਤ ਮੈਲ ਉਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬਖ਼ਸ਼ੇ ਚਰਨ ਪਿਆਰ। ਚਰਨ ਪ੍ਰੀਤੀ ਸਾਚਾ ਨਾਤਾ, ਹਰਿਜਨ ਜੋੜ ਜੁੜਾਈਆ। ਮੇਲ ਮਿਲਾਵਾ ਪੁਰਖ ਬਿਧਾਤਾ, ਪੁਰਖ ਪਰਖੋਤਮ ਵੇਖ ਵਖਾਈਆ। ਗੁਰਸਿਖ ਤੇਰੀ ਉਤਮ ਜਾਤਾ, ਵਰਨ ਗੋਤ ਨਾ ਕੋਇ ਉਪਜਾਈਆ। ਅੰਮ੍ਰਿਤ ਪੀਤਾ ਕਾਇਆ ਬਾਟਾ, ਸਰ ਸਰੋਵਰ ਇਕ ਭਰਾਈਆ। ਗੰਗਾ ਜਮਨਾ ਸੁਰਸਤੀ ਮਾਰੇ ਠਾਠਾ, ਗੋਦਾਵਰੀ ਡੇਰਾ ਲਾਈਆ। ਲਹਿਣਾ ਦੇਣਾ ਚੁੱਕੇ ਤੀਰਥ ਅਠਸਾਠਾ, ਜੋ ਜਨ ਆਏ ਸਰਨਾਈਆ। ਏਕਾ ਮੰਤਰ ਨਾਮ ਗਿਆਨ ਪੂਜਾ ਪਾਠਾ, ਏਕਾ ਕਰੇ ਪੜ੍ਹਾਈਆ। ਅੱਗੇ ਰੱਖੇ ਨੇੜੇ ਵਾਟਾ, ਪਿਛਲਾ ਪੰਧ ਚੁਕਾਈਆ। ਪੂਰਾ ਕਰਨ ਆਇਆ ਘਾਟਾ, ਸਾਚੇ ਕੰਡੇ ਤੋਲ ਤੁਲਾਈਆ। ਖੇਲੇ ਖੇਲ ਤ੍ਰਿਲੋਕੀ ਨਾਥਾ, ਦੀਨਾਂ ਨਾਥਾਂ ਹੋਏ ਸਹਾਈਆ। ਸਦਾ ਸੁਹੇਲਾ ਸਗਲਾ ਸਾਥਾ, ਸਾਚਾ ਸੰਗ ਨਿਭਾਈਆ। ਲਹਿਣ ਦੇਣ ਚੁਕਾਏ ਮਸਤਕ ਮਾਥਾ, ਪੂਰਬ ਜਨਮਾਂ ਵੇਖ ਵਖਾਈਆ। ਸੋਹੰ ਚਲਾਏ ਸਾਚਾ ਰਾਥਾ, ਆਪਣੀ ਸੇਵਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਗਤ ਬੇੜਾ ਰਿਹਾ ਤਰਾਈਆ। ਹਰਿ ਸੰਗਤ ਹਰਿ ਬੇੜਾ ਬੰਨ, ਆਪਣੇ ਕੰਧ ਉਠਾਇਆ। ਗੁਰਸਿਖ ਚੜ੍ਹਿਆ ਸਾਚਾ ਚੰਨ, ਲੋਕਮਾਤ ਕਰੇ ਰੁਸ਼ਨਾਇਆ। ਭਾਂਡਾ ਭਰਮ ਆਪਣਾ ਭੰਨ, ਹਉਮੇ ਗੜ੍ਹ ਤੁੜਾਇਆ। ਜਗਤ ਤ੍ਰਿਸਨਾ ਬੁਝੀ ਤਨ, ਸਤਿਗੁਰ ਪੂਰਾ ਨਜ਼ਰੀ ਆਇਆ। ਜਨਨੀ ਜਣਿਆ ਸਾਚਾ ਜਨ, ਧੰਨ ਧੰਨ ਜਣੇਂਦੀ ਮਾਇਆ। ਦਿਸ ਨਾ ਆਏ ਕਲਜੁਗ ਜੀਵਾਂ ਆਤਮ ਅੰਨ੍ਹ, ਕਲਜੁਗ ਰੈਣ ਅੰਧੇਰਾ ਛਾਇਆ। ਪੁਰਖ ਅਕਾਲ ਦੀਨ ਦਿਆਲ ਦਿਨ ਦਿਹਾੜੇ ਲਾਏ ਸੰਨ, ਔਂਦਾ ਜਾਂਦਾ ਦਿਸ ਨਾ ਆਇਆ। ਲੱਖ ਚੁਰਾਸੀ ਦੇਵਣ ਆਇਆ ਡੰਨ, ਜੋ ਘੜਿਆ ਸੋ ਭੰਨ ਵਖਾਇਆ। ਗੁਰਮੁਖ ਵਿਰਲਾ ਹਰਿ ਹਰਿ ਹਿਰਦੇ ਜਾਏ ਮੰਨ, ਹਰਿ ਹਿਰਦੇ ਆਪ ਟਿਕਾਇਆ। ਸ਼ਬਦ ਅਨਾਦੀ ਆਦਿ ਬ੍ਰਹਿਮਾਦੀ ਸੁਣਾਏ ਕੰਨ, ਆਪ ਆਪਣਾ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਕਾਸ਼ ਪਰਕਾਸ਼ ਇਕ ਵਖਾਇਆ। ਇਕ ਪਰਕਾਸ਼ ਇਕ ਤੇਜ਼, ਏਕਾ ਈਦ ਚੰਨ ਚੜ੍ਹਾਈਆ । ਏਕਾ ਸਤਿ ਸਾਚੀ ਸੇਜ, ਏਕਾ ਵੇਖ ਵਖਾਈਆ। ਏਕਾ ਕੱਟਣਹਾਰਾ ਨੰਗ ਨੰਗੇਜ਼, ਏਕਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਹਰਿ ਮੇਲਾ ਸਹਿਜ ਸੁਭਾਈਆ। ਹਰਿ ਮਿਲਿਆ ਜਨ ਹਰਿ ਗੁਣਵੰਤ, ਗੋਬਿੰਦ ਰੂਪ ਸਮਾਇਆ। ਪੂਰਨ ਜੋਤ ਜਗੀ ਸ੍ਰੀ ਭਗਵੰਤ, ਲੋਕਮਾਤ ਕਰੇ ਰੁਸ਼ਨਾਇਆ। ਗੁਰਮੁਖ ਸਾਜਣ ਸਾਚਾ ਸੰਤ, ਸਤਿਗੁਰ ਪੂਰੇ ਆਪ ਉਪਜਾਇਆ। ਆਪੇ ਜਾਣੇ ਆਪਣੀ ਬਣਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾਂ ਜੁਗੰਤ, ਸੰਤ ਕੰਤ ਭਗਤ ਭਗਵੰਤ, ਏਕਾ ਸੇਜ ਏਕਾ ਆਸਣ ਪੁਰਖ ਅਬਿਨਾਸ਼ਨ, ਪ੍ਰਿਥਮੀ ਅਕਾਸ਼ਨ ਸ਼ਾਹੋ ਸ਼ਾਬਾਸ਼ਨ, ਸ਼ਬਦ ਸਵਾਸਨ ਮੇਲ ਮਿਲਾਇਆ। ਗੁਰਮੁਖ ਅੱਖਰ ਏਕਾ ਪੜ੍ਹਿਆ, ਜਗਤ ਵਿਦਿਆ ਦਏ ਤਜਾਈਆ। ਆਪਣੇ ਅੰਦਰ ਆਪੇ ਚੜ੍ਹਿਆ, ਜਿਸ ਜਨ ਪੂਰਨ ਬੂਝ ਬੁਝਾਈਆ। ਜਗਤ ਤ੍ਰਿਸਨਾ ਵਿਚ ਨਾ ਸੜਿਆ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਆਪਣਾ ਤੋੜੇ ਹੰਕਾਰੀ ਗੜ੍ਹਿਆ, ਕਿਲਾ ਕੋਟ ਡੇਰਾ ਢਾਈਆ। ਸਤਿਗੁਰ ਪੂਰੇ ਲੜ ਏਕਾ ਫੜਿਆ, ਬੇੜਾ ਬੰਨੇ ਲਾਈਆ। ਆਪਣੇ ਅੰਦਰ ਆਪੇ ਵੜਿਆ, ਬਜਰ ਕਪਾਟੀ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਏਕਾ ਅੱਖਰ ਜਗਤ ਵੱਖਰ ਰਾਮ ਨਾਮ ਸਾਚੀ ਕਰੇ ਪੜ੍ਹਾਈਆ। ਅੱਖਰ ਏਕਾ ਹਰਿ ਪੜ੍ਹੌਣਾ, ਚਾਰ ਵਰਨ ਕਰੇ ਕੁੜਮਾਈਆ। ਸਹਿੰਸਾ ਰੋਗ ਸਰਬ ਗਵੌਣਾ, ਅੰਦਰ ਮੰਦਰ ਖੋਜ ਖੁਜਾਈਆ। ਮਨ ਹੰਕਾਰੀ ਡੇਰਾ ਢਾਉਣਾ, ਖੰਡਾ ਨਾਮ ਚਮਕਾਈਆ। ਸਤਿ ਸਤਿਵਾਦੀ ਫੜ ਉਠੌਣਾ, ਸਾਚੀ ਸਿਖਿਆ ਇਕ ਸਿਖਾਈਆ। ਬੁਧ ਬਿਬੇਕੀ ਆਪ ਕਰੌਣਾ, ਨਾਮ ਨਿਧਾਨਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸਾਚੀ ਵਿਦਿਆ ਇਕ ਪੜ੍ਹਾਈਆ। ਰਾਮ ਨਾਮ ਸਚ ਉਪਦੇਸ਼, ਹਰਿ ਭਗਤਾਂ ਆਪ ਸੁਣਾਇੰਦਾ। ਦੇਵਣਹਾਰਾ ਧੁਰ ਸੰਦੇਸ਼, ਜਗਤ ਨੇਤਰ ਦਿਸ ਨਾ ਆਇੰਦਾ। ਆਦਿ ਜੁਗਾਦੀ ਕਰ ਕਰ ਵੇਸ, ਆਪ ਆਪਣੇ ਵੇਖ ਵਖਾਇੰਦਾ। ਜਗਤ ਵਿਦਿਆ ਨਾ ਚਲੇ ਕੋਈ ਪੇਸ਼, ਚੌਦਾਂ ਵਿਦਿਆ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਰਾਮ ਨਾਮ ਇਕ ਦ੍ਰਿੜਾਇੰਦਾ। ਰਾਮ ਨਾਮ ਸ਼ਬਦ ਗਿਆਨ, ਰੰਗਣ ਰੰਗ ਸਮਾਇਆ। ਇਸ਼ਟ ਦ੍ਰਿਸ਼ਟ ਇਕ ਵਖਾਨ, ਸ੍ਰਿਸ਼ਟ ਮੂਲ ਚੁਕਾਇਆ। ਅੰਦਰ ਮੰਦਰ ਸਚ ਮਕਾਨ, ਗੁਰਮੁਖ ਡੇਰਾ ਲਾਇਆ। ਦਾਤਾ ਦਾਨੀ ਦੇਵੇ ਦਾਨ, ਧੁਰਦਰਗਾਹੀ ਲੈ ਕੇ ਆਇਆ। ਏਕਾ ਰਾਗ ਸੁਣਾਏ ਕਾਨ, ਆਪਣਾ ਮੰਗਲ ਆਪੇ ਗਾਇਆ। ਨੇੜ ਨਾ ਆਏ ਪੰਜ ਸ਼ੈਤਾਨ, ਸਾਚਾ ਸੰਗਲ ਤਨ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਕਰ ਪਰਵਾਨ, ਦਾਤਾ ਦਾਨੀ ਗੁਣ ਨਿਧਾਨ, ਗੁਰਮੁਖਾਂ ਦੇਵੇ ਧੁਰ ਫ਼ਰਮਾਣ, ਸਾਚਾ ਨਾਮ ਇਕ ਦ੍ਰਿੜਾਇਆ। ਮੰਤਰ ਨਾਮ ਨਾਮ ਸਤਿ, ਗੁਰ ਨਾਨਕ ਨਾਮ ਦ੍ਰਿੜਾਇਆ। ਚਾਰ ਵਰਨਾਂ ਦੇਵੇ ਏਕਾ ਮਤ, ਏਕਾ ਬ੍ਰਹਮ ਦਰਸਾਇਆ। ਏਕ ਵਖਾਏ ਸਾਚਾ ਰਥ, ਰਥ ਰਥਵਾਹੀ ਏਕਾ ਨਜ਼ਰੀ ਆਇਆ। ਏਕਾ ਪੂਜਾ ਏਕਾ ਪਾਠ, ਏਕਾ ਰਿਹਾ ਪੜ੍ਹਾਇਆ। ਏਕਾ ਤੀਰਥ ਏਕਾ ਤਾਟ, ਸਰ ਸਰੋਵਰ ਇਕ ਉਪਾਇਆ। ਕਲਜੁਗ ਜੀਵ ਵਿਕੇ ਹਾਟੋ ਹਾਟ, ਗੁਰ ਕਾ ਸ਼ਬਦ ਨਾ ਕਿਸੇ ਕਮਾਇਆ। ਬਜਰ ਕਪਾਟੀ ਨਾ ਗਈ ਪਾਟ, ਦੂਈ ਦਵੈਤੀ ਨਾ ਪੜਦਾ ਲਾਹਿਆ। ਖੇਲੇ ਖੇਲ ਨਟੂਆ ਬਾਜ਼ੀਗਰ ਨਾਟ, ਘਰ ਘਰ ਬੈਠਾ ਸਾਂਗ ਵਰਤਾਇਆ। ਨਾਨਕ ਸੇਜ ਗੁਰਮੁਖ ਕੋਈ ਸੁੱਤਾ ਸਾਚੀ ਖਾਟ, ਦਸਮ ਦਵਾਰੀ ਆਸਣ ਲਾਇਆ। ਸਤਿ ਨਾਮ ਨਾ ਰੱਖੀ ਕੋਈ ਘਾਟ, ਨਾ ਕੋਈ ਘਾਟਾ ਦਏ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੰਤਰ ਇਕ ਦ੍ਰਿੜਾਇਆ। ਸਤਿਨਾਮ ਕਲਜੁਗ ਧਾਰ, ਗੁਰ ਨਾਨਕ ਮਾਤ ਚਲਾਈਆ। ਕਲਜੁਗ ਅੰਤਮ ਉਤਰੇ ਪਾਰ, ਥਿਰ ਕੋਈ ਰਹਿਣ ਨਾ ਪਾਈਆ। ਸਤਿਜੁਗ ਸਾਚੇ ਹੋਏ ਉਜਿਆਰ, ਪ੍ਰਭ ਸਾਚੀ ਕਰੇ ਪੜ੍ਹਾਈਆ। ਸੋਹੰ ਸ਼ਬਦ ਕਰ ਤਿਆਰ, ਸਤਿਜੁਗ ਸਾਚਾ ਮਾਰਗ ਲਾਈਆ। ਪਿਛਲਾ ਕਰਜ਼ਾ ਆਪ ਉਤਾਰ, ਨਾਨਕ ਤੋਲਾ ਇਕ ਬਣਾਈਆ। ਤੇਰਾਂ ਤੇਰਾਂ ਤੋਲਿਆ ਸਰਬ ਸੰਸਾਰ, ਮੋਦੀਖਾਨਾ ਇਕ ਚਲਾਈਆ। ਸਤਿਜੁਗ ਵਰਤੇ ਹਰਿ ਵਰਤਾਰ, ਸਾਚੀ ਦਏ ਗਵਾਹੀਆ। ਏਕਾ ਰੰਗ ਰੰਗੇ ਕਰਤਾਰ, ਏਕਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗਲਾ ਲੇਖਾ ਆਪਣਾ ਹੱਥ ਹਰਿ ਸਮਰਥ, ਆਦਿ ਜੁਗਾਦਿ ਜੁਗ ਜੁਗ ਆਪਣੀ ਕਥਾ ਆਪੇ ਰਿਹਾ ਚਲਾਈਆ। ਸ਼ਬਦ ਖੋਜ ਗੁਰ ਜਾਨਣਾ, ਗੋਬਿੰਦ ਭੇਵ ਅਪਾਰ। ਗੁਰੂ ਗ੍ਰੰਥ ਗੁਰ ਮਾਨਣਾ, ਪੰਜ ਤੱਤ ਨਾ ਕੋਈ ਆਕਾਰ। ਏਕਾ ਨਾਮ ਵਖਾਨਣਾ, ਨਿਰਗੁਣ ਰੂਪ ਨਿਰੰਕਾਰ। ਹਰਿ ਕਾ ਭਾਣਾ ਸਦਾ ਮਾਨਣਾ, ਗੁਰਮੁਖਾਂ ਕਰੇ ਖ਼ਬਰਦਾਰ। ਕਲਜੁਗ ਅੰਤਮ ਜਿਸ ਜਨ ਪਛਾਨਣਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ। ਗੁਰਮੁਖਾਂ ਦੇਵੇ ਦਾਨੀ ਦਾਨਨਾ, ਸਾਚਾ ਸ਼ਬਦ ਭੰਡਾਰ। ਜੋਧਾ ਸੂਰਬੀਰ ਬਲਕਾਰ ਸਾਚਾ ਛਤਰ ਇਕ ਝੁਲਾਵਣਾ, ਰਾਜ ਰਾਜਾਨਾ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ। ਏਕਾ ਡੰਕ ਵਜਾਵਣਾ, ਸਾਚਾ ਧਰਮ ਇਕ ਵਖਾਨਣਾ, ਚਾਰ ਵਰਨਾਂ ਕਰੇ ਪਿਆਰ। ਸੱਤਾਂ ਦੀਪਾਂ ਫੇਰਾ ਪਾਵਣਾ, ਨੌਵਾਂ ਖੰਡਾਂ ਦਏ ਹੁਲਾਰ। ਬ੍ਰਹਮਾ ਵਿਸ਼ਨ ਸ਼ਿਵ ਉਠਾਵਣਾ, ਕਰੋੜ ਤੇਤੀਸਾ ਦਏ ਹੁਲਾਰ। ਸਤਿਜੁਗ ਸਾਚਾ ਮਾਰਗ ਲਾਵਣਾ, ਆਪ ਆਪਣੀ ਕਿਰਪਾ ਧਾਰ। ਪੁਰਖ ਅਕਾਲ ਇਕ ਮਨਾਵਣਾ, ਧੁਨ ਅਨਾਦਿ ਸੱਚੀ ਧੁਨਕਾਰ। ਗੁਰ ਚੇਲਾ ਏਕਾ ਧਾਮ ਬਹਾਵਣਾ, ਨਾ ਕੋਈ ਦੂਸਰ ਦਰ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਆਪਣਾ ਹੁਕਮ ਆਪ ਸੁਣਾਵਣਾ। ਹਰਿ ਕਾ ਭਾਣਾ ਗੋਬਿੰਦ ਮੰਨਿਆ, ਹਰਿ ਸ਼ਬਦ ਕਰੇ ਜਣਾਈਆ। ਪੰਥ ਖਾਲਸਾ ਤਾਣਾ ਤਣਿਆ, ਅੰਮ੍ਰਿਤ ਜਾਮ ਪਿਆਈਆ। ਚਾਰ ਵਰਨਾਂ ਬੇੜਾ ਬੰਨਿਆ, ਊਚ ਨੀਚ ਨਾ ਕੋਈ ਰਖਾਈਆ। ਮਨਮੁਖਤਾ ਮਾਇਆ ਮਮਤਾ ਹੋਈ ਅੰਨਿਆ, ਚਾਰੋਂ ਕੁੰਟ ਨੈਣ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਸਦਾ ਰਖਵਾਲ, ਦੋ ਜਹਾਨਾਂ ਨਿਗਹਬਾਨ, ਜੀਵ ਜੰਤ ਆਦਿ ਅੰਤ ਸਾਧ ਸੰਤ ਆਪਣੀ ਰੀਤਾ ਪਤਿਤ ਪੁਨੀਤਾ ਠਾਂਡਾ ਸੀਤਾ ਆਪੇ ਰਿਹਾ ਚਲਾਈਆ। ਪਹਿਲੀ ਸ਼ਕਤੀ ਹਰਿ ਕਰਤਾਰ, ਗੁਰਮੁਖ ਜੋਤ ਜਗਾਈਆ। ਦੂਜਾ ਵਿਅਕਤੀ ਹੋ ਤਿਆਰ, ਨਿਰਗੁਣ ਸਰਗੁਣ ਡੇਰਾ ਲਾਈਆ। ਤੀਜੇ ਧਰਨੀ ਸੋਹੇ ਦਵਾਰ, ਹਰਿ ਸੰਗਤ ਰਹੀ ਸੁਹਾਈਆ। ਚੌਥੇ ਪਦ ਖ਼ਬਰਦਾਰ, ਮਨਮੁਖਾਂ ਰਿਹਾ ਭੁਲਾਈਆ। ਪੰਚਮ ਮਿਲਿਆ ਮੀਤ ਮੁਰਾਰ, ਤੇਜ਼ ਭਾਨ ਕਰੀ ਰੁਸ਼ਨਾਈਆ। ਜੋ ਜਨ ਸੁੱਤੇ ਪੈਰ ਪਸਾਰ, ਸੰਮਤ ਸਤਾਰਾਂ ਦਏ ਉਠਾਈਆ। ਅਠਾਰਾਂ ਤੋੜੇ ਗੜ੍ਹ ਹੰਕਾਰ, ਵਹਿੰਦੀ ਧਾਰੇ ਆਪ ਵਹਾਈਆ। ਸਾਚਾ ਨਾਅਰਾ ਵਿਚ ਸੰਸਾਰ, ਗੁਰਮਤ ਮਨਮਤ ਨਾਲ ਲੜਾਈਆ। ਜੋ ਜਨ ਚਰਨ ਡਿਗੇ ਆ ਦਵਾਰ, ਨਾਨਕ ਗੋਬਿੰਦ ਰੂਪ ਦਰਸਾਈਆ। ਜੋ ਜਨ ਹਰਿ ਸੰਗਤ ਕਰੇ ਪਿਆਰ, ਰਾਮਾ ਕ੍ਰਿਸ਼ਨਾ ਨਜ਼ਰੀ ਆਈਆ। ਜੋ ਜਨ ਮਨ ਰੱਖੇ ਹੰਕਾਰ, ਮਨ ਮਨੂਆ ਦਏ ਭੁਆਈਆ। ਕਲਜੁਗ ਅੰਤਮ ਤਿਖੀ ਰੱਖੀ ਧਾਰ, ਦੋਵੇਂ ਮੁਖ ਸਲਾਹੀਆ। ਗੁਰਮੁਖਾਂ ਬੇੜਾ ਜਾਏ ਤਾਰ, ਮਨਮੁਖਾਂ ਦਏ ਡੁਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਦਇਆ ਕਮਾਈਆ। ਤਾਰਨਹਾਰ ਪੁਰਖ ਸਮਰਥ, ਨਾਥ ਅਨਾਥਾਂ ਆਪ ਤਰਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ, ਜੋ ਜਨ ਆਏ ਦਰਸ਼ਨ ਪਾਇੰਦਾ। ਸਦਾ ਸੁਹੇਲਾ ਵਸੇ ਸਾਥ, ਵਿਛੜ ਕਦੇ ਨਾ ਜਾਇੰਦਾ। ਆਪ ਉਤਾਰ ਆਪਣੇ ਘਾਟ, ਵੰਝ ਮੁਹਾਨਾ ਆਪ ਚਲਾਇੰਦਾ। ਅੱਗੇ ਨੇੜੇ ਰੱਖੇ ਵਾਟ, ਜਨ ਭਗਤਾਂ ਪੰਧ ਮੁਕਾਇੰਦਾ। ਆਪੇ ਖੇਵਟ ਆਪੇ ਘਾਟ, ਆਪੇ ਮਾਰਗ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੇਖੇ ਲਾਏ ਆਏ ਦਰ, ਆਵਣ ਜਾਵਣ ਪਤਤ ਪਾਵਣ, ਲੱਖ ਚੁਰਾਸੀ ਜਮ ਕੀ ਫਾਸੀ, ਘਨਕ ਪੁਰ ਵਾਸੀ ਸ਼ਾਹੋ ਸ਼ਬਾਸੀ ਫੰਦ ਕਟਾਇੰਦਾ। ਰਾਮ ਨਾਮ ਜੇਹਵਾ ਜਾਪ, ਉਤਰੇ ਪਾਰ ਕਿਨਾਰਾ। ਗੁਰਮੁਖ ਹੋਏ ਵਡ ਪਰਤਾਪ, ਹਰਿ ਦੇਵਣਹਾਰ ਸਹਾਰਾ। ਕਲਜੁਗ ਕਾਇਆ ਰਹੀ ਕਾਂਪ, ਚਾਰੋਂ ਕੁੰਟ ਧੂੰਆਂਧਾਰਾ। ਜੋ ਜਨ ਬੁੱਝੇ ਆਪਣਾ ਆਪ, ਉਤਰੇ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਹਰਿ ਜਨ ਦੇਵੇ ਸਚ ਭੰਡਾਰਾ। ਰਾਮ ਨਾਮ ਸਚ ਰਮਾਇਣ, ਗੁਰਮੁਖ ਕਥਾ ਸੁਣਾਈਆ। ਰਾਮ ਵੇਖੇ ਆਪਣੇ ਨੈਣ, ਆਪਣੀ ਅੱਖ ਖੁਲ੍ਹਾਈਆ। ਗੁਰੂ ਗ੍ਰੰਥ ਗੁਰ ਸੱਚਾ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ ਆਪ ਅਖਵਾਈਆ। ਗੁਰਮੁਖਾਂ ਚੁਕਾਏ ਲਹਿਣ ਦੇਣ, ਜੋ ਜਨ ਸੀਸ ਝੁਕਾਈਆ। ਲਾੜੀ ਮੌਤ ਨਾ ਖਾਏ ਡੈਣ, ਰਾਏ ਧਰਮ ਨਾ ਦਏ ਸਜਾਈਆ। ਸਚਖੰਡ ਦਵਾਰੇ ਸਾਚੇ ਬਹਿਣ, ਜਿਸ ਜਨ ਰਸਨਾ ਗਾਇਆ ਗੋਬਿੰਦ ਸੱਚਾ ਮਾਹੀਆ। ਸੋਹੰ ਢੋਲਾ ਆਪ ਸੁਣਾਇਆ, ਸਾਚਾ ਬੋਲਾ ਵਡ ਵੱਡੀ ਵਡਿਆਈਆ। ਕਲਜੁਗ ਚੋਲਾ ਆਪ ਤਜਾਇਆ, ਤੱਤਵ ਤੱਤ ਰਲਾਈਆ। ਮੇਰਾ ਤੇਰਾ ਤੇਰਾ ਮੇਰਾ ਭੇਵ ਚੁਕਾਇਆ, ਚਾਕਰ ਖ਼ਾਕ ਸੇਵਕ ਗੋਲਾ ਜੀਵ ਬ੍ਰਹਮ ਪਾਰਬ੍ਰਹਮ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਘਰ ਸਾਚੇ ਵੱਜੇ ਵਧਾਈਆ ।
