Granth 08 Likhat 105: 27 Jeth 2016 Bikarmi Bhola Ram de Ghar Pind Jaurian Jila Jammu

੨੭ ਜੇਠ ੨੦੧੬ ਬਿਕ੍ਰਮੀ ਭੋਲਾ ਰਾਮ ਦੇ ਘਰ ਪਿੰਡ ਜੌੜੀਆਂ ਜ਼ਿਲਾ ਜੰਮੂ

ਧ੍ਰਿਗ ਸੰਸਾਰ ਜੀਵਨਾ, ਬਿਨ ਹਰਿ ਨਾਮ ਪਿਆਰ। ਗੁਰ ਸਤਿਗੁਰ ਚਰਨੀ ਥੀਵਨਾ, ਦੇਵਣਹਾਰਾ ਨਾਮ ਅਧਾਰ। ਸਾਚਾ ਪਿਆਲਾ ਏਕਾ ਪੀਵਣਾ, ਭਰਿਆ ਨਾਮ ਜਾਮ ਕਰਤਾਰ। ਬੀਜ ਅੰਮ੍ਰਿਤ ਸੱਚਾ ਬੀਵਨਾ, ਫਲ ਲੱਗੇ ਅਪਰ ਅਪਾਰ। ਤਨ ਪਾਟਾ ਆਪਣਾ ਸੀਵਣਾ, ਨਾਮ ਤਾਗਾ ਗੰਢਣਹਾਰ। ਮਨ ਆਪਣਾ ਕਰਨਾ ਨੀਵਣਾ, ਨਿਉਂ ਨਿਉਂ ਹਰੀ ਦਵਾਰ ਨਿਮਸਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਬਖ਼ਸ਼ੇ ਸਚ ਵਿਹਾਰ। ਬਿਨ ਹਰਿ ਨਾਮੇ ਭੁੱਲਿਆ, ਮੂਰਖ ਮੁਗਧ ਅੰਞਾਣ। ਲੋਕਮਾਤ ਫਿਰੇ ਰੁਲਿਆ, ਜੂਠਾ ਝੂਠਾ ਪੀਣ ਖਾਣ। ਸਾਚੇ ਤੋਲ ਕਿਸੇ ਨਾ ਤੁਲਿਆ, ਦਰ ਘਰ ਸਾਚੇ ਨਾ ਹੋਏ ਪਰਵਾਨ। ਸਚ ਭੰਡਾਰਾ ਏਕਾ ਖੁਲ੍ਹਿਆ, ਖੋਲ੍ਹਣਹਾਰਾ ਸ੍ਰੀ ਭਗਵਾਨ। ਦੇਵੇ ਨਾਮ ਏਕਾ ਅਨਮੁਲਿਆ, ਜੋ ਜਨ ਮੰਗੇ ਦਾਨੀ ਦਾਨ। ਭਾਗ ਲਗਾਏ ਸਾਚੀ ਕੁਲਿਆ, ਕੁਲਵੰਤਾ ਵਿਚ ਜਹਾਨ। ਕਲਜੁਗ ਅੰਧੇਰ ਏਕਾ ਝੁਲਿਆ, ਜੀਵ ਜੰਤ ਸਰਬ ਕੁਰਲਾਨ। ਸੋਹੰ ਸ਼ਬਦ ਜੋ ਜਨ ਗਾਏ ਆਪਣੇ ਬੁੱਲਿਆ, ਲੱਖ ਚੁਰਾਸੀ ਫੰਦ ਕਟਾਨ। ਕਾਇਆ ਬੂਟਾ ਕਿਸੇ ਨਾ ਹੁੱਲਿਆ, ਜਿਸ ਰਸਨਾ ਗਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਅੰਮ੍ਰਿਤ ਆਤਮ ਮੂਲ ਨਾ ਡੁੱਲਿਆ, ਕਵਲ ਨਾਭੀ ਆਪ ਭੁਆਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਧੁਰ ਫ਼ਰਮਾਣ। ਹਰਿ ਫ਼ਰਮਾਣਾ ਧੁਰ ਦੀ ਬਾਣ, ਹਰਿ ਭਗਤਾਂ ਆਪ ਜਣਾਈਆ। ਏਕਾ ਨੇਤਰ ਨਾਮ ਨਿਧਾਨ, ਨਿਰਵੈਰ ਝੋਲੀ ਪਾਈਆ। ਕਿਰਪਾ ਕਰੇ ਵਾਲੀ ਦੋ ਜਹਾਨ, ਦੋਏ ਦੋਏ ਮੰਦਰ ਵੇਖ ਵਖਾਈਆ। ਮੇਟਣਹਾਰਾ ਝੂਠ ਦੁਕਾਨ, ਸਚ ਸਮਗਰੀ ਇਕ ਵਖਾਈਆ। ਏਕਾ ਦਾਤਾ ਗੁਣ ਨਿਧਾਨ, ਗਹਿਰ ਗੰਭੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮੇ ਵਣਜ ਕਰਾਈਆ। ਵਣਜ ਵਾਪਾਰਾ ਹਰਿ ਹਰਿ ਨਾਮ, ਹਰਿ ਸੱਜਣ ਆਪ ਕਰਾਇੰਦਾ। ਨਗਰ ਖੇੜਾ ਸਚ ਗਰਾਮ, ਥਿਰ ਘਰ ਵਾਸੀ ਇਕ ਵਖਾਇੰਦਾ। ਨਾ ਕੋਈ ਸੁਬਾਹ ਨਾ ਕੋਈ ਸ਼ਾਮ, ਸੂਰਜ ਚੰਦ ਨਾ ਕੋਈ ਚੜ੍ਹਾਇੰਦਾ। ਪੰਜ ਤੱਤ ਨਾ ਦੀਸੇ ਚਾਮ, ਰਕਤ ਬੂੰਦ ਨਾ ਕੋਈ ਅਖਵਾਇੰਦਾ। ਜਿਸ ਜਨ ਪਿਆਏ ਆਪਣਾ ਜਾਮ, ਤਿਸ ਜਨ ਆਪਣਾ ਘਰ ਵਖਾਇੰਦਾ। ਨਿਰਗੁਣ ਬੈਠਾ ਸਾਚਾ ਰਾਮ, ਸਚ ਸਿੰਘਾਸਣ ਆਸਣ ਲਾਇੰਦਾ। ਭੁੱਖ ਤ੍ਰਿਸਨਾ ਨਾ ਕੋਈ ਤਾਮ, ਆਲਸ ਨਿੰਦਰਾ ਨਾ ਕੋਈ ਜਣਾਇੰਦਾ। ਨਾ ਕੋਈ ਮਾਇਆ ਮਮਤਾ ਦਾਮ, ਸੋਨਾ ਰੁਪਾ ਨਾ ਕੋਈ ਉਠਾਇੰਦਾ। ਜਨ ਭਗਤਾਂ ਆਦਿ ਜੁਗਾਦੀ ਕਰੇ ਕਾਮ, ਲੋਕਮਾਤ ਫੇਰੀ ਪਾਇੰਦਾ। ਪੱਲੇ ਬੰਨੇ ਏਕਾ ਨਾਮ, ਆਪਣੀ ਹੱਥੀਂ ਗੰਢ ਦੁਵਾਇੰਦਾ। ਦਸਮ ਦਵਾਰੀ ਕਰੇ ਖਾਮ, ਆਪੇ ਬੰਦ ਲਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਬਿਨ ਹਰਿ ਨਾਮੇ ਲੇਖਾ ਕੋਇ ਨਾ ਲਾਇੰਦਾ। ਬਿਨ ਹਰਿ ਨਾਮ ਨਾ ਕੋਈ ਲੇਖਾ, ਦਰ ਘਰ ਸਾਚੇ ਮਿਲੇ ਨਾ ਢੋਈਆ। ਨਾ ਕੋਈ ਮਾਣ ਰਖਾਏ ਧਾਰੀ ਕੇਸਾ, ਮੂੰਡ ਮੁੰਡਾਏ ਨਾ ਕਰੇ ਰਸਾਈਆ। ਜਿਸ ਜਨ ਲਿਖੇ ਆਪੇ ਰੇਖਾ, ਮਸਤਕ ਮੇਖਾ ਆਪ ਲਗਾਈਆ। ਨਾਮ ਜਪਾਏ ਦਸ ਦਸਮੇਸਾ, ਵਾਹ ਵਾਹ ਗੁਰੂ ਵੱਡੀ ਵਡਿਆਈਆ। ਰਾਮ ਨਾਮ ਨਰ ਨਰੇਸਾ, ਨਿਰਗੁਣ ਆਪਣੇ ਘਰ ਸੁਹਾਈਆ। ਅਕਲ ਕਲਾ ਕਲ ਧਾਰੀ ਵੇਸਾ, ਕਲਜੁਗ ਰੂਪ ਵਟਾਈਆ। ਰਾਹ ਤੱਕਣ ਬ੍ਰਹਮਾ ਵਿਸ਼ਨ ਮਹੇਸ਼ਾ, ਸ਼ਿਵ ਸ਼ੰਕਰ ਨੈਣ ਉਠਾਈਆ। ਗੁਰਮੁਖ ਹਿਰਦੇ ਹੋਏ ਪਰਵੇਸਾ, ਆਪ ਆਪਣਾ ਮੇਲ ਮਿਲਾਈਆ। ਸਤਿਗੁਰ ਪੂਰੇ ਸਦ ਆਦੇਸਾ, ਨਾ ਮਰੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਨਾਮ ਦਏ ਵਡਿਆਈਆ। ਹਰਿ ਕਾ ਨਾਮ ਧੀਰਜ ਧਰਵਾਸ, ਧਰਤ ਧਵਲ ਰਖਾਇੰਦਾ। ਬਿਨ ਹਰਿ ਨਾਮੇ ਨਾ ਦਿਸੇ ਕੋਈ ਸਵਾਸ, ਹਰਿਜਨ ਭਗਤੀ ਭਗਤ ਲਗਾਇੰਦਾ। ਕਾਇਆ ਮੰਦਰ ਮੰਡਲ ਮੰਡਪ ਪ੍ਰਿਥਮੀ ਅਕਾਸ਼, ਗਗਨ ਗਗਨੰਤਰ ਆਪ ਵਖਾਇੰਦਾ। ਸਾਚੇ ਮੰਦਰ ਸਾਹੋ ਸ਼ਾਬਾਸ, ਨਿਰਗੁਣ ਸਤਿਗੁਰ ਡੇਰਾ ਲਾਇੰਦਾ। ਡੂੰਘੀ ਕੰਦਰ ਪਾਵੇ ਰਾਸ, ਸਾਚੀ ਗੋਪੀ ਕਾਹਨ ਨਚਾਇੰਦਾ। ਆਪੇ ਕਰੇ ਆਪਣਾ ਵਾਸ, ਸ਼ਬਦ ਅਨਾਦੀ ਆਪਣਾ ਆਪੇ ਗਾਇੰਦਾ। ਆਪੇ ਆਪਣਾ ਕਰ ਪਰਕਾਸ਼, ਦੀਵਾ ਬਾਤੀ ਆਪ ਜਗਾਇੰਦਾ। ਜਨ ਭਗਤਾਂ ਹੋਏ ਦਾਸੀ ਦਾਸ, ਲੋਕਮਾਤੀ ਰਾਹ ਤਕਾਇੰਦਾ। ਕਲਜੁਗ ਅੰਤਮ ਪੂਰੀ ਕਰੇ ਆਸ, ਜੋ ਜਨ ਰਸਨਾ ਜੇਹਵਾ ਗਾਇੰਦਾ। ਜਿਸ ਜਨ ਲੱਗੀ ਦਰਸ ਪਿਆਸ, ਦੇ ਦਰਸ ਤ੍ਰਿਖਾ ਬੁਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਨਾਮ ਮੰਤਰ ਇਕ ਰਖਾਇੰਦਾ। ਹਰਿ ਕਾ ਨਾਮ ਸਾਚਾ ਮੰਤਰ, ਹਰਿਜਨ ਹਰਿ ਲਿਵ ਲਾਈਆ। ਤ੍ਰੈਗੁਣ ਮਾਇਆ ਬੁਝੇ ਬਸੰਤਰ, ਪੰਚਮ ਚੋਰ ਨਾ ਕਰੇ ਲੜਾਈਆ। ਜਿਸ ਜਨ ਬਣਾਏ ਸਾਚੀ ਬਣਤਰ, ਘੋਰੀ ਰੈਣ ਅੰਧੇਰੀ ਲਏ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਸਾਚੀ ਸਿਖਿਆ ਇਕ ਸਮਝਾਈਆ। ਨਾਮ ਸਿਖਿਆ ਸਾਚੀ ਬੂਝ, ਗੁਰਮੁਖਾਂ ਆਪ ਬੁਝਾਇੰਦਾ। ਲਹਿਣਾ ਦੇਣਾ ਚੁੱਕੇ ਏਕਾ ਦੂਜ, ਦੂਈ ਦਵੈਤੀ ਮੇਟ ਮਿਟਾਇੰਦਾ। ਨੇਤਰ ਨੈਣ ਵੇਖੇ ਤੀਜ, ਹਰਿ ਲੋਚਣ ਆਪਣਾ ਆਪ ਖੁਲ੍ਹਾਇੰਦਾ। ਚੌਥੇ ਘਰ ਆਪੇ ਸੀਝ, ਤਨ ਮਨ ਹਰਿਆ ਆਪ ਵਖਾਇੰਦਾ। ਪੰਚਮ ਮੀਤਾ ਜਨ ਭਗਤਾਂ ਕਰੇ ਆਪੇ ਰੀਝ, ਸ਼ਿੰਗਾਰਾ ਨਾਮ ਕਰਾਇੰਦਾ। ਆਦਿ ਜੁਗਾਦੀ ਬੀਜੇ ਬੀਜ, ਆਪਣੀ ਹੱਥੀਂ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਸਾਚਾ ਵਰ, ਨਾਮ ਨਿਧਾਨਾ ਏਕਾ ਗੁਣ ਵਖਾਇੰਦਾ। ਨਾਮ ਨਿਧਾਨ ਹਰਿ ਹਰਿ ਧਾਰ, ਹਰਿਜਨ ਵਿਚ ਟਿਕਾਈਆ। ਵੇਖ ਵਖਾਏ ਨਰ ਨਾਰ, ਨਰ ਨਰਾਇਣ ਜੋ ਰਹੇ ਗਾਈਆ। ਸਦਾ ਸੁਹੇਲਾ ਇਕ ਅਕੇਲਾ ਕਰੇ ਕਰਾਏ ਸਚ ਪਿਆਰ, ਸਾਚਾ ਮੇਲਾ ਮੇਲ ਮਿਲਾਈਆ। ਗੁਰੂ ਗੁਰ ਚੇਲਾ ਸੋਹੇ ਇਕ ਦਵਾਰ, ਦਰ ਦਵਾਰਾ ਇਕ ਵਖਾਈਆ। ਸੱਜਣ ਸੁਹੇਲਾ ਹਰਿ ਨਿਰੰਕਾਰ, ਡੁੱਬਦੇ ਪਾਥਰ ਲਏ ਤਰਾਈਆ। ਨਾਮ ਖੰਡਾ ਤੇਜ ਕਟਾਰ, ਗੁਰਸਿਖ ਕਾਇਆ ਗਾਤਰੇ ਆਪ ਲਟਕਾਈਆ। ਰਾਮ ਨਾਮ ਮਾਰੇ ਮਾਰ, ਜਗਤ ਵਿਕਾਰਾ ਮੇਟ ਮਿਟਾਈਆ। ਇਕ ਵਸਾਏ ਸਚ ਗਰਾਮ, ਗ੍ਰਹਿ ਮੰਦਰ ਵੇਖ ਵਖਾਈਆ। ਜਿਸ ਜਨ ਬਖ਼ਸ਼ੇ ਸਾਚਾ ਨਾਮ, ਹੰ ਬ੍ਰਹਮ ਰੂਪ ਅਖਵਾਈਆ। ਸੋਹੰ ਪੀਣਾ ਸਾਚਾ ਜਾਮ, ਚੇਤ ਚੇਤ ਸਹਿਜ ਸੁਖ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਲੜ ਅੱਗੇ ਖੜ, ਨਾ ਕੋਈ ਸੀਸ ਨਾ ਕੋਈ ਧੜ, ਜਨ ਭਗਤਾਂ ਆਪ ਫੜਾਈਆ।