੨੬ ਮਘਰ ੨੦੧੬ ਬਿਕ੍ਰਮੀ ਜਲਾਲਾਬਾਦ ਊਧਮ ਸਿੰਘ ਦੇ ਘਰ
ਸਤਿਗੁਰ ਪੂਰਾ ਹਰਿ ਹਰਿ ਸੱਜਣ, ਪਾਰਬ੍ਰਹਮ ਗੁਰ ਅਵਤਾਰਿਆ। ਗੁਰਮੁਖਾਂ ਚਰਨ ਧੂੜ ਕਰਾਏ ਸਾਚਾ ਮਜਨ, ਸਰ ਸਰੋਵਰ ਇਕ ਨੁਹਾ ਰਿਹਾ। ਗੜ੍ਹ ਹੰਕਾਰੀ ਭਾਂਡੇ ਭੱਜਣ, ਭਾਂਡਾ ਭਰਮ ਭੌ ਆਪ ਭੰਨਾ ਰਿਹਾ। ਅਨਹਦ ਤਾਲ ਨਗਾਰੇ ਵੱਜਣ, ਕਾਇਆ ਜੰਦਰ ਅੰਦਰ ਬੰਕ ਸੁਹਾ ਲਿਆ। ਨੇਤਰ ਨੈਣ ਨਾਮ ਪਾਏ ਕੱਜਲ, ਸਾਚਾ ਨੈਣ ਆਪ ਮਟਕਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਨ ਵੇਖ ਵਖਾ ਲਿਆ। ਹਰਿ ਹਰਿ ਸੱਜਣ ਗੁਰ ਚਰਨ ਧੂੜ, ਦੁਰਮਤ ਮੈਲ ਗਵਾਈਆ। ਚਤਰ ਸੁਘੜ ਬਣਾਏ ਮੂਰਖ ਮੂੜ੍ਹ, ਸਤਿਗੁਰ ਪੂਰਾ ਵਡ ਵਡਿਆਈਆ। ਵਸਣਹਾਰਾ ਨੇੜੇ ਦੂਰ, ਸਾਖਿਆਤ ਸਚ ਸਰੂਪੀ ਦਰਸ ਵਿਖਾਈਆ। ਨਾਤਾ ਤੋੜੇ ਕੂੜੋ ਕੂੜ, ਸਚ ਸੁਚ ਕਰੇ ਕੁੜਮਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਰ ਘਟ ਥਾਂ ਹੋਏ ਸਹਾਈਆ। ਦਾਤਾ ਦਾਨੀ ਵਡ ਜੋਧਾ ਸੂਰ, ਸ਼ਾਹ ਸੁਲਤਾਨ ਬੇਪਰਵਾਹੀਆ। ਆਤਮ ਅੰਤਰ ਬਖਸ਼ੇ ਏਕਾ ਨੂਰ, ਜੋਤੀ ਜੋਤ ਡਗਮਗਾਈਆ। ਆਸਾ ਮਨਸਾ ਜਾਏ ਪੂਰ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਲਏ ਤਰਾਈਆ। ਸਾਚਾ ਮਜਨ ਹਰਿ ਦੁਆਰ, ਗੁਰ ਸਤਿਗੁਰ ਆਪ ਕਰਾਇੰਦਾ। ਗੁਰਮੁਖ ਸਾਜਨ ਲਾਏ ਪਾਰ, ਸਾਚੇ ਬੇੜੇ ਆਪ ਚੜ੍ਹਾਇੰਦਾ। ਨਾਮ ਚੱਪੂ ਅਪਰ ਅਪਾਰ, ਨਿਰਗੁਣ ਆਪਣੇ ਹੱਥ ਰਖਾਇੰਦਾ। ਸਰਗੁਣ ਦੇਵੇ ਸਚ ਸਹਾਰ, ਸਾਚਾ ਮਾਰਗ ਇਕ ਵਖਾਇੰਦਾ। ਦੋ ਜਹਾਨਾ ਮੀਤ ਮੁਰਾਰ, ਆਪ ਆਪਣੇ ਅੰਗ ਲਗਾਇੰਦਾ। ਅੰਗੀਕਾਰ ਕਰ ਕਰਤਾਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਸਾਚਾ ਸੰਗੀ ਵਿਚ ਸੰਸਾਰ, ਨਿਰਗੁਣ ਸਰਗੁਣ ਵੇਖ ਵਖਾਇੰਦਾ । ਅੰਮ੍ਰਿਤ ਆਤਮ ਬਖਸ਼ੇ ਠੰਡੀ ਠਾਰ, ਨਿਝਰ ਧਾਰਾ ਮੁਖ ਚਵਾਇੰਦਾ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਮੇਲਾ ਹਰਿ ਨਿਰੰਕਾਰ, ਗੁਰ ਸਤਿਗੁਰ ਆਪ ਮਿਲਾਈਆ। ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਆਸਨ ਲਾਈਆ। ਜੁਗਾ ਜੁਗੰਤਰ ਸਾਚੀ ਕਾਰ, ਜੁਗ ਕਰਤਾ ਆਪ ਕਮਾਈਆ। ਲੇਖਾ ਜਾਣੇ ਸਰਬ ਸੰਸਾਰ, ਲਿਖਣਹਾਰ ਦਿਸ ਨਾ ਆਈਆ। ਸੰਤ ਸੁਹੇਲੇ ਲਏ ਉਭਾਰ, ਬ੍ਰਹਮ ਮਤ ਇਕ ਸਮਝਾਈਆ। ਸ਼ਬਦ ਸੁਣਾਏ ਸਚ ਧੁਨਕਾਰ, ਰਾਗ ਅਨਾਦੀ ਇਕ ਅਲਾਈਆ। ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਵੇਖ ਵਖਾਈਆ। ਬੂੰਦ ਸਵਾਂਤੀ ਠੰਡੀ ਠਾਰ, ਕਵਲ ਨਾਭੀ ਮੁਖ ਚੁਆਈਆ। ਇਕ ਇਕਾਂਤੀ ਜੋਤ ਨਿਰੰਕਾਰ, ਨਿਝ ਘਰ ਬੈਠਾ ਤਾੜੀ ਲਾਈਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਆ। ਹਰਿਜਨ ਹਰਿ ਹਰਿ ਪੇਖਿਆ, ਘਰ ਮੰਦਰ ਖੋਲ੍ਹ ਕਿਵਾੜ। ਆਪੇ ਜਾਣੇ ਪੂਰਬ ਲੇਖਿਆ, ਲੇਖਾ ਲਿਖਣਹਾਰ ਆਪ ਗਿਰਧਾਰ। ਆਦਿ ਜੁਗਾਦੀ ਕਰ ਕਰ ਵੇਸਿਆ, ਕਰੇ ਖੇਲ ਅਗੰਮ ਅਪਾਰ। ਆਪੇ ਨਿਰਗੁਣ ਜੋਤ ਸਰਗੁਣ ਜੋਤੀ ਕਰੇ ਪ੍ਰਵੇਸਿਆ, ਜੋਤ ਜੋਤੀ ਦਏ ਅਧਾਰ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਘਰ ਸਚ ਮਹੱਲ ਮਨਾਰ। ਘਰ ਮਹੱਲਾ ਸਚ ਮਨਾਰਾ, ਹਰਿ ਸਾਚਾ ਆਪ ਉਪਾਇੰਦਾ। ਕਾਇਆ ਗੜ ਕਰ ਤਿਆਰ, ਅੰਦਰ ਵੜ ਵੇਖ ਵਿਖਾਇੰਦਾ। ਆਪਣੇ ਪੌੜੇ ਜਾਏ ਚੜ, ਆਪਣਾ ਡੰਡਾ ਹੱਥ ਉਠਾਇੰਦਾ। ਆਪਣੇ ਦਵਾਰੇ ਆਪੇ ਖੜ, ਆਪ ਆਪਣਾ ਰੂਪ ਵਟਾਇੰਦਾ। ਆਪਣਾ ਅੱਖਰ ਆਪੇ ਪੜ੍ਹ, ਆਪਣਾ ਰਾਗ ਅਲਾਇੰਦਾ। ਆਪਣਾ ਘਾੜਨ ਆਪੇ ਘੜ, ਆਪੇ ਵੇਖ ਵਖਾਇੰਦਾ। ਆਪ ਬੰਨਾਏ ਆਪਣੇ ਲੜ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਅੰਦਰ ਸਾਚੇ ਮੰਦਰ ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਤੇਰਾ ਸਚ ਮਹੱਲਾ, ਹਰਿ ਸਾਚਾ ਵੇਖ ਵਖਾਇੰਦਾ। ਆਵੇ ਜਾਵੇ ਇਕ ਅਕੱਲਾ, ਦੂਸਰ ਸੰਗ ਨਾ ਕੋਈ ਜਣਾਈਆ। ਸ਼ਬਦ ਅਗੰਮੀ ਫੜ ਫੜ ਭੱਲਾ, ਪੰਜਾਂ ਚੋਰਾਂ ਦਏ ਡਰਾਈਆ। ਵਸਣਹਾਰਾ ਨੇਹਚਲ ਧਾਮ ਅਟੱਲਾ, ਆਪ ਆਪਣੀ ਦਯਾ ਕਮਾਈਆ। ਸੁਰਤੀ ਸ਼ਬਦੀ ਆਪੇ ਰੱਲਾ, ਸੁਰਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਅੰਦਰ ਬੈਠਾ ਵੜ, ਸਚ ਸਿੰਘਾਸਨ ਆਸਨ ਲਾਈਆ। ਸਚ ਸਿੰਘਸਾਨ ਕਾਇਆ ਘਰ, ਹਰਿਜਨ ਆਪ ਸੁਹਾਇੰਦਾ। ਗੁਰਮੁਖ ਵਿਰਲੇ ਖੋਲ੍ਹੇ ਦਰ, ਦਰ ਦਰਵਾਜਾ ਵੇਖ ਵਖਾਇੰਦਾ। ਆਪਣੀ ਕਰਨੀ ਆਪੇ ਕਰ, ਆਪਣੀ ਕਲ ਵਰਤਾਇੰਦਾ। ਆਪ ਚੁਕਾਏ ਆਪਣਾ ਡਰ, ਸਗਲਾ ਭੈ ਜਗਤ ਮੁਕਾਇੰਦਾ। ਆਪ ਨੁਹਾਏ ਸਾਚੇ ਸਰ, ਹਰਿਜਨ ਕਾਗੋਂ ਹੰਸ ਬਣਾਇੰਦਾ। ਆਪ ਆਪਣੇ ਲਏ ਵਰ, ਜੁਗ ਜੁਗ ਸਾਚਾ ਕੰਤ ਅਖਵਾਇੰਦਾ। ਨਰ ਨਰਾਇਣ ਕਿਰਪਾ ਕਰ, ਗੁਰਮੁਖ ਨਾਰੀ ਮੇਲ ਮਿਲਾਇੰਦਾ। ਵਰ ਘਰ ਪਾਇਆ ਏਕਾ ਹਰਿ, ਵਿਛੜ ਕਦੇ ਨਾ ਜਾਇੰਦਾ। ਨਾ ਜਨਮੇ ਨਾ ਜਾਏ ਮਰ, ਮਾਤ ਗਰਭ ਨਾ ਫੇਰਾ ਪਾਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਦੋ ਦੋ ਹੱਥੀਂ ਸਕੇ ਨਾ ਕੋਈ ਫੜ, ਅੰਦਰ ਬੰਦ ਨਾ ਕੋਏ ਕਰਾਇੰਦਾ। ਆਦਿ ਜੁਗਾਦੀ ਇਕਉਂਕਾਰਾ ਹਰਿ ਨਿਰੰਕਾਰਾ ਆਪਣਾ ਖੇਲ ਆਪੇ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਰੰਗ ਰੰਗਾਇੰਦਾ। ਕਾਇਆ ਅੰਦਰ ਸਾਚਾ ਰੰਗ, ਸਤਿ ਪੁਰਖ ਨਿਰੰਜਨ ਆਪ ਚੜ੍ਹਾਇੰਦਾ। ਸਤਿਗੁਰ ਪੂਰਾ ਗੁਰ ਸਰਬੰਗ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਭਿਛਿਆ ਆਪਣੇ ਕੋਲੋਂ ਮੰਗ, ਆਪਣੀ ਝੋਲੀ ਆਪ ਭਰਾਇੰਦਾ। ਆਪਣਾ ਵਜਾ ਆਪ ਮਰਦੰਗ, ਗੁਰਮੁਖ ਸੋਏ ਮਾਤ ਉਠਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਲੰਘ, ਉਤਭੁਜ ਸੇਤਜ ਜੇਰਜ ਅੰਡ ਵੇਖ ਵਖਾਇੰਦਾ। ਆਪੇ ਪਾਵੇ ਸਾਰ ਨੌਂ ਖੰਡ, ਨੌਂ ਸਤ ਆਪੇ ਵੇਖ ਵਖਾਇੰਦਾ। ਆਪੇ ਵਸਣਹਾਰ ਵਿਚ ਬ੍ਰਹਿਮੰਡ, ਆਪੇ ਘਟ ਘਟ ਡੇਰਾ ਲਾਇੰਦਾ। ਆਪੇ ਨਾਰ ਦੁਹਾਗਨ ਹੋਏ ਰੰਡ, ਆਪੇ ਸਾਚਾ ਕੰਤ ਹੰਢਾਇੰਦਾ। ਆਪੇ ਪੰਚ ਵਿਕਾਰਾ ਕਰੇ ਖੰਡ ਖੰਡ, ਆਪੇ ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸਨਾ ਮੇਲ ਮਿਲਾਇੰਦਾ। ਆਪੇ ਨਾਮ ਖੰਡਾ ਤੇਜ ਚੰਡ ਪਰਚੰਡ, ਸਚ ਕਟਾਰ ਆਪਣਾ ਨਾਉਂ ਧਰਾਇੰਦਾ। ਆਪ ਆਪਣੀ ਪਾਏ ਵੰਡ, ਨਿਰਗੁਣ ਸਰਗੁਣ ਆਪਣਾ ਰਾਹ ਚਲਾਇੰਦਾ। ਆਪੇ ਤੋੜਨਹਾਰਾ ਦੂਈ ਦਵੈਤੀ ਝੂਠੀ ਕੰਧ, ਹਉਮੇ ਹੰਗਤਾ ਗੜ ਆਪ ਤੁੜਾਇੰਦਾ। ਆਪੇ ਸੁਣਾਏ ਸੁਹਾਗੀ ਛੰਦ, ਗੁਰਮੁਖ ਸਾਚੇ ਵੇਖ ਵਖਾਇੰਦਾ। ਆਪ ਸਮਾਏ ਪਰਮਾਨੰਦ, ਨਿਝ ਆਤਮ ਡੇਰਾ ਲਾਇੰਦਾ। ਆਪੇ ਕਰੇ ਪਰਕਾਸ਼ ਕੋਟਨ ਕੋਟ ਰਵ ਸਸ ਸੂਰਜ ਚੰਦ, ਪਰਕਾਸ਼ ਪਰਕਾਸ਼ ਆਪ ਸਮਾਇੰਦਾ। ਆਪੇ ਗੁਰਸਿਖਾਂ ਕਰੇ ਖੁਸ਼ੀ ਬੰਦ ਬੰਦ, ਬੰਦੀ ਤੋੜ ਨਾਮ ਧਰਾਇੰਦਾ। ਆਪੇ ਰਸਨਾ ਜੇਹਵਾ ਗਾਏ ਬੱਤੀ ਦੰਦ, ਘੁੰਗਟ ਮੁਖ ਆਪ ਰਖਾਇੰਦਾ। ਆਪੇ ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਭੇਵ ਨਾ ਆਇੰਦਾ। ਆਪੇ ਹੋਏ ਸਦਾ ਬਖਸ਼ਿੰਦ, ਬਖਸ਼ਣਹਾਰ ਆਪਣੀ ਬਖਿਸ਼ਸ਼ ਆਪ ਕਰਾਇੰਦਾ। ਜੋਤੀ ਜੋਤ ਸੂਰਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਕਾਇਆ ਮੰਦਰ ਆਪ ਸੁਹਾਇੰਦਾ। ਗੁਰਮੁਖ ਘਰ ਸਚ ਟਿਕਾਨਾ, ਘਰ ਘਰ ਵਿਚ ਆਪ ਬਣਾਇਆ। ਅੰਦਰ ਬੈਠ ਸ੍ਰੀ ਭਗਵਾਨਾ, ਸਾਚਾ ਤਖਤ ਰਿਹਾ ਸੁਹਾਇਆ। ਸ਼ਾਹੋ ਭੂਪ ਵਡ ਰਾਜ ਰਾਜਾਨਾ, ਏਕੰਕਾਰਾ ਆਪ ਅਖਵਾਇਆ। ਆਪੇ ਜਾਣੇ ਆਪਣਾ ਗਾਣਾ, ਦੂਸਰ ਹੱਥ ਕਿਸੇ ਨਾ ਆਇਆ। ਸਤਿ ਸਰੂਪੀ ਇਕ ਬਬਾਨਾ, ਗੁਰ ਸ਼ਬਦੀ ਨਾਉਂ ਧਰਾਇਆ। ਆਵੇ ਜਾਵੇ ਦੋ ਜਹਾਨਾ, ਨਿਰਗੁਣ ਆਪਣਾ ਪੰਧ ਮੁਕਾਇਆ। ਲੋਕਮਾਤ ਵੇਖੇ ਮਾਰ ਧਿਆਨਾ, ਹਰਿਜਨ ਸਾਚੇ ਵੇਖ ਵਖਾਇਆ। ਰਾਗੀ ਨਾਦੀ ਦੇਵੇ ਇਕ ਤਰਾਨਾ, ਆਤਮ ਅੰਤਰ ਆਪ ਸੁਣਾਇਆ। ਸਚ ਵਖਾਏ ਪਦ ਨਿਰਬਾਨਾ, ਪਰਮ ਪੁਰਖ ਵਡ ਵਡਿਆਇਆ। ਗੁਰਸਿਖਾਂ ਬੰਨੇ ਹੱਥੀਂ ਗਾਨਾ, ਏਕਾ ਤੰਦਨ ਡੋਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਇਆ। ਕਾਇਆ ਮੰਦਰ ਸਚ ਦਰਵਾਜ਼ਾ, ਹਰਿ ਸਤਿਗੁਰ ਆਪ ਖੁਲਾਈਆ। ਦਰਸ ਵਖਾਏ ਗਰੀਬ ਨਿਵਾਜਾ, ਘਰ ਵਜਦੀ ਰਹੇ ਵਧਾਈਆ। ਨਾਲ ਰਲਾਏ ਅਨਹਦ ਵਾਜਾ, ਧੁਨੀ ਧੁਨ ਵਿਚ ਸਮਾਈਆ। ਜੁਗਾ ਜੁਗੰਤਰ ਫਿਰੇ ਭਾਜਾ, ਗੁਰਮੁਖ ਢੂੰਡੇ ਥਾਉਂ ਥਾਈਂਆ। ਸਚਖੰਡ ਨਿਵਾਸੀ ਦਾਸਨ ਦਾਸ ਆਪ ਆਪਣੀ ਮਾਰੇ ਵਾਜਾ, ਆਪ ਆਪਣੀ ਅਲੱਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਉਠਾਈਆ। ਹਰਿਜਨ ਉਠਿਆ ਨੌਜਵਾਨ, ਗੁਰ ਸਤਿਗੁਰ ਆਪ ਉਠਾਇਆ। ਇਕ ਸੁਣਾਇਆ ਧੁਰ ਫੁਰਮਾਨ, ਸਾਚਾ ਸੋਹਲਾ ਮੰਗਲ ਗਾਇਆ। ਅੰਮ੍ਰਿਤ ਦਿਤਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਬੁਝਾਇਆ। ਨਾਮ ਸੁਣਾਇਆ ਸਾਚਾ ਕਾਨ, ਬਜਰ ਕਪਾਟੀ ਤੋੜ ਤੁੜਾਇਆ। ਮੰਦਰ ਵਖਾਇਆ ਸਚ ਮਕਾਨ, ਥਿਰ ਘਰ ਵਾਸੀ ਡੇਰਾ ਲਾਇਆ। ਧਰਮ ਵਖਾਇਆ ਸਚ ਨਿਸ਼ਾਨ, ਸਾਚੇ ਮੰਦਰ ਆਪ ਝੁਲਾਇਆ। ਤਖਤ ਵਖਾਇਆ ਸ੍ਰੀ ਭਗਵਾਨ, ਤਖਤ ਨਿਵਾਸੀ ਡੇਰਾ ਲਾਇਆ। ਦੇਵਣਹਾਰਾ ਧੁਰ ਫ਼ਰਮਾਨ, ਸਚਖੰਡ ਬੈਠਾ ਸੋਭਾ ਪਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਨਿਰਗੁਣ ਸਰਗੁਣ ਵੇਸ ਵਟਾਇਆ। ਲੋਕਮਾਤ ਹੋਏ ਪਰਧਾਨ, ਆਪ ਆਪਣਾ ਨਾਉਂ ਧਰਾਇਆ। ਆਪੇ ਸੀਤਾ ਆਪੇ ਰਾਮ, ਆਪੇ ਕਾਹਨਾ ਵੇਸ ਵਟਾਇਆ। ਆਪੇ ਨਾਨਕ ਗੋਬਿੰਦ ਕਰ ਪਰਨਾਮ, ਆਪ ਆਪਣਾ ਸੀਸ ਝੁਕਾਇਆ। ਆਪੇ ਵਸਿਆ ਸਾਚੇ ਨਗਰ ਗਰਾਮ, ਸਾਚਾ ਮੰਦਰ ਆਪ ਸੁਹਾਇਆ। ਆਪੇ ਕਰੇ ਪ੍ਰਕਾਸ਼ ਕੋਟਨ ਭਾਨ, ਅੰਧ ਅੰਧੇਰ ਆਪੇ ਡੇਰਾ ਲਾਇਆ। ਆਪੇ ਜਨ ਭਗਤਾਂ ਦੇਵੇ ਸਾਚਾ ਦਾਨ, ਦਾਤਾ ਦਾਨੀ ਨਾਉਂ ਧਰਾਇਆ। ਆਪੇ ਚਰਨ ਧੂੜੀ ਬਖਸ਼ੇ ਸਚਾ ਅਸ਼ਨਾਨ, ਗੁਰਸਿਖ ਤੀਰਥ ਨਹਾਵਨ ਕੋਇ ਨਾ ਜਾਇਆ। ਦਰ ਘਰ ਸਾਚੇ ਦੇਵੇ ਮਾਣ, ਮਾਣ ਨਿਮਾਣਿਆਂ ਗਲੇ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕ੍ਰਿਪਾ ਕਰ, ਗੁਰਮੁਖ ਮੇਲਾ ਸਹਿਜ ਸਭਾਇਆ। ਸਹਿਜ ਸੁਭਾ ਹਰਿ ਹਰਿ ਪਾਇਆ, ਘਰ ਆਤਮ ਵੱਜੀ ਵਧਾਈਆ। ਘਰ ਸਖੀਆਂ ਮੰਗਲ ਏਕਾ ਗਾਇਆ, ਗੀਤ ਸੁਹਾਗੀ ਇਕ ਅਲਾਈਆ। ਸਾਚਾ ਸੱਜਣ ਵੇਖਣ ਆਇਆ, ਨਿਰਗੁਣ ਆਪਣਾ ਵੇਸ ਵਟਾਈਆ। ਦੋ ਜਹਾਨੀ ਲਾਜ ਰੱਖਣ ਆਇਆ, ਲਾਜਾਵੰਤ ਬੇਪਰਵਾਹੀਆ। ਗੁਰਸਿਖਾਂ ਪੜਦਾ ਕੱਜਣ ਆਇਆ, ਕਲਜੁਗ ਮੇਟੇ ਝੂਠੀ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਖੋਜ ਖੁਜਾਈਆ। ਗੁਰਮੁਖ ਸਾਜਨ ਹਰਿ ਹਰਿ ਪਾਇਆ, ਆਤਮ ਅੰਤਰ ਪੀਰ। ਘਰ ਮੰਦਰ ਸਾਚਾ ਬੰਕ ਸੁਹਾਇਆ, ਚੋਟੀ ਚੜ੍ਹ ਅਖੀਰ। ਸਾਚੀ ਰੰਗਨ ਨਾਮ ਰੰਗਾਇਆ, ਹਉਮੇ ਹੰਗਤਾ ਕੱਟੇ ਜ਼ੰਜ਼ੀਰ। ਦੂਜੇ ਦਰ ਨਾ ਮੰਗਨ ਜਾਇਆ, ਘਰ ਬਖਸ਼ੇ ਅੰਮ੍ਰਿਤ ਠਾਂਡਾ ਸੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਦੇਵੇ ਸਾਚੀ ਧੀਰ। ਗੁਰਮੁਖ ਧੀਰਜ ਸਾਚਾ ਜਤ, ਸਤਿ ਸੰਤੋਖ ਆਪ ਰਖਾਈਆ। ਆਤਮ ਅੰਤਰ ਏਕਾ ਮਤ, ਬ੍ਰਹਮ ਮਤ ਵੱਡੀ ਵਡਿਆਈਆ। ਹਰਿ ਸ਼ਬਦ ਪ੍ਰੀਤੀ ਸਾਚਾ ਤਤ, ਤਤਵ ਤਤ ਸਮਝਾਈਆ। ਨਾੜ ਬਹੱਤਰ ਨਾ ਉਬਲੇ ਰਤ, ਰਤੀ ਰਤ ਰਹਿਣ ਨਾ ਪਾਈਆ। ਚਰਨ ਕਵਲ ਬੰਧਾਏ ਨਤ, ਨਾ ਕੋਈ ਤੋੜੇ ਤੋੜ ਤੁੜਾਈਆ। ਵਸਣਹਾਰਾ ਘਟ ਘਟ, ਘਰ ਬੈਠਾ ਜੋਤ ਕਰ ਰੁਸ਼ਨਾਈਆ। ਲਹਿਣਾ ਦੇਣਾ ਚੁਕਾਏ ਤੀਰਥ ਤਟ, ਗੰਗਾ ਗੁਦਾਵਰੀ ਜਮਨਾ ਸੁਰਸਤੀ ਗੁਰਸਿਖ ਤੇਰੇ ਚਰਨਾਂ ਹੇਠ ਵਗਾਈਆ। ਇਕ ਜਣਾਏ ਪੂਜਾ ਪਾਠ, ਸੋਹੰ ਅੱਖਰ ਸਚ ਪੜ੍ਹਾਈਆ। ਕਲਜੁਗ ਤੇਰਾ ਝੂਠਾ ਘਾਟ, ਕਲਜੁਗ ਜੀਵਾਂ ਰਿਹਾ ਰੁੜ੍ਹਾਈਆ। ਸਤਿਜੁਗ ਨੇੜੇ ਆਈ ਵਾਟ, ਚੁਕਿਆ ਪੰਧ ਜਾਂਦੇ ਰਾਹੀਆ। ਗੁਰਸਿੱਖਾਂ ਪੂਰਾ ਕਰੇ ਘਾਟ, ਏਕਾ ਨੇਤਰ ਦਰਸ ਵਖਾਈਆ। ਮੇਲ ਮਿਲਾਵਾ ਆਤਮ ਖਾਟ, ਸਚ ਸੁਹੰਝਣੀ ਸੇਜ ਵਿਛਾਈਆ। ਨਿਰਗੁਣ ਜੋਤੀ ਲਾਟ ਲਾਟ, ਅੱਠੇ ਪਹਿਰ ਕਰੇ ਰੁਸ਼ਨਾਈਆ। ਆਪ ਖੁਲ੍ਹਾਏ ਸਾਚਾ ਹਾਟ, ਚੌਂਦਾਂ ਲੋਕ ਰਹੇ ਸ਼ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਿਖਾਈਆ। ਗੁਰਮੁਖ ਸੱਜਣ ਟੋਲਿਆ, ਗੁਰ ਸਤਿਗੁਰ ਕਰ ਵਿਚਾਰ। ਘਰ ਅੰਦਰ ਬਹਿ ਬਹਿ ਬੋਲਿਆ, ਖੋਲ੍ਹਿਆ ਬੰਦ ਕਿਵਾੜ। ਨਾਮ ਕੰਡੇ ਸਾਚੇ ਤੋਲਿਆ, ਤੋਲਣਹਾਰਾ ਆਪ ਨਿਰੰਕਾਰ। ਸਚ ਦਵਾਰਾ ਏਕਾ ਖੋਲ੍ਹਿਆ, ਚਾਰ ਵਰਨ ਕਰੇ ਪਿਆਰ। ਗੁਰਸਿਖਾਂ ਉਤੋਂ ਆਪ ਆਪਣਾ ਆਪੇ ਘੋਲਿਆ, ਆਪ ਆਪਾ ਆਪੇ ਵਾਰ। ਆਪੇ ਬਦਲਿਆ ਆਪਣਾ ਚੋਲਿਆ, ਕਲਜੁਗ ਤੇਰੀ ਅੰਤਮ ਪਾਵੇ ਸਾਰ। ਆਦਿ ਜੁਗਾਦਿ ਕਦੇ ਨਾ ਡੋਲਿਆ, ਨਾਉਂ ਰਖਾਏ ਨਿਹਕਲੰਕ ਅਵਤਾਰ। ਗੁਰਸਿਖਾਂ ਦਵਾਰੇ ਹੋਏ ਆਪੇ ਗੋਲਿਆ, ਸੇਵਕ ਸੇਵਾ ਕਰੇ ਅਪਰ ਅਪਾਰ। ਮਨਮੁਖ ਨਾਲ ਕਦੇ ਨਾ ਬੋਲਿਆ, ਡੂੰਘੀ ਭਵਰੀ ਸੁੱਤਾ ਪੈਰ ਪਸਾਰ। ਗੁਰਸਿੱਖਾਂ ਸੰਗ ਖੇਲੇ ਸਾਚੀ ਹੋਲਿਆ, ਲਾਲ ਗੁਲਾਲਾ ਰੰਗ ਚਾੜ੍ਹੇ ਆਪ ਕਰਤਾਰ। ਸਚ ਮਜੀਠੀ ਰੰਗੇ ਚੋਲਿਆ, ਰੰਗ ਉਤਰੇ ਨਾ ਦੂਜੀ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਲਏ ਉਭਾਰ। ਗੁਰਮੁਖ ਸਾਜਨ ਜਨ ਬਲਵੰਤ, ਬਲ ਬਲ ਬਲਹਾਰਿਆ। ਹਰਿ ਪਾਇਆ ਏਕਾ ਸਾਚਾ ਕੰਤ, ਸੋਭਾਵੰਤ ਹੋਈ ਨਾਰੀਆ। ਨਾਤਾ ਤੁਟਾ ਜੀਵ ਜੰਤ, ਸਾਧ ਸੰਤ ਭਰੇ ਭੰਡਾਰਿਆ। ਗੁਰਮੁਖ ਤੇਰੀ ਮਹਿਮਾ ਅਗਣਤ, ਵੇਦ ਕਤੇਬ ਸਰਬ ਪੁਕਾਰਿਆ। ਤੇਰੀ ਆਤਮ ਅੰਤਰ ਏਕਾ ਮਣੀਆ ਮੰਤ, ਸ਼ਬਦ ਨਾਦ ਇਕ ਅਲ੍ਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਵੇਖ ਵਖਾ ਰਿਹਾ। ਹਰਿਜਨ ਹਰਿ ਹਰਿ ਜਾਣਿਆਂ, ਪਰਮ ਪੁਰਖ ਕਰਤਾਰ। ਸਦ ਚਲੇ ਸਾਚੇ ਭਾਣਿਆਂ, ਨਿਉਂ ਨਿਉਂ ਜੋੜ ਕਰੇ ਨਿਮਸਕਾਰ। ਮਾਣ ਗਵਾਏ ਰਾਜੇ ਰਾਣਿਆਂ, ਗਰੀਬ ਨਿਮਾਣਿਆਂ ਲਾਏ ਪਾਰ। ਦਰਗਾਹ ਸਾਚੀ ਦੇਵੇ ਮਾਣਿਆਂ, ਫੜ ਫੜ ਬਾਹੋਂ ਜਾਏ ਤਾਰ । ਕਿਸੇ ਹੱਥ ਨਾ ਆਏ ਸੁਘੜ ਸਿਆਣਿਆਂ, ਵਡ ਵਿਦਵਾਨੀ ਰਹੇ ਵਿਚਾਰ। ਜਿਸ ਜਨ ਹੋਏ ਆਪ ਪ੍ਰਵਾਨਿਆਂ, ਦੇਵੇ ਦਰਸ ਅਗੰਮ ਅਪਾਰ। ਸ਼ਬਦ ਨਿਸ਼ਾਨਾ ਮਾਰੇ ਕਾਨੀਆ, ਮੁਖੀ ਤਿਖੀ ਅਪਰ ਅਪਾਰ। ਆਪੇ ਜਾਣੇ ਆਪਣੀ ਅਕਥ ਕਹਾਣੀਆਂ, ਕਥਨੀ ਕਥਾ ਨਾ ਪਾਵੇ ਸਾਰ। ਆਪੇ ਸ਼ਬਦ ਨਾਦ ਧੁਨ ਬਾਣੀਆਂ, ਆਪੇ ਗਾਵਣਹਾਰ। ਆਪੇ ਵਸੇ ਪਦ ਨਿਰਬਾਨੀਆਂ, ਆਪੇ ਘਟ ਘਟ ਜੋਤ ਪਸਾਰ। ਆਪੇ ਦਾਤਾ ਦਾਨੀਆਂ, ਆਪੇ ਦਰ ਦਰ ਬਣੇ ਭਿਖਾਰ। ਆਪੇ ਗੁਰਸਿੱਖ ਬਣਾਏ ਸਾਚੀ ਰਾਣੀਆਂ, ਹਰਿ ਜੂ ਆਪੇ ਹੋਏ ਸਿਕਦਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕ੍ਰਿਪਾ ਕਰ, ਗੁਰਮੁਖ ਮੇਲੇ ਵਿਚ ਸੰਸਾਰ। ਗੁਰਮੁਖ ਸੱਜਣ ਸੁਹੇਲਿਆ, ਹਰਿ ਸਤਿਗੁਰ ਸਾਚੇ ਮੀਤ । ਏਕਾ ਰੰਗ ਰੰਗਾਏ ਗੁਰੂ ਗੁਰ ਚੇਲਿਆ, ਆਦਿ ਜੁਗਾਦੀ ਠੰਡਾ ਸੀਤ। ਆਪੇ ਵਸੇ ਰੰਗ ਨਵੇਲਿਆ, ਆਪੇ ਕਰੇ ਵਸੇਰਾ ਹਸਤ ਕੀਟ। ਅਚਰਜ ਖੇਲ ਪਾਰਬ੍ਰਹਮ ਪ੍ਰਭ ਖੇਲਿਆ, ਆਪ ਚਲਾਏ ਆਪਣੀ ਰੀਤ। ਗੁਰਮੁਖਾਂ ਧਰਮ ਰਾਏ ਦੀ ਕੱਟੇ ਜੇਲਿਆ, ਕਰੇ ਕਰਾਏ ਪਤਿਤ ਪੁਨੀਤ। ਦਰ ਘਰ ਸਾਚੇ ਚਾੜ੍ਹੇ ਤੇਲਿਆ, ਮਾਨਸ ਜਨਮ ਹਰਿਜਨ ਜਾਏ ਜੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਦ ਬੈਠਾ ਰਹੇ ਅਤੀਤ। ਤ੍ਰੈਗੁਣ ਅਤੀਤਾ ਹਰਿ ਨਿਰੰਕਾਰ, ਸਾਰਿੰਗ ਧਰ ਆਪ ਅਖਵਾਇਆ। ਪਰਖੇ ਨੀਤਾ ਸਰਬ ਸੰਸਾਰ, ਸਾਲਸ ਸਾਲਸੀ ਸਚ ਕਮਾਇਆ। ਲਖ ਚੁਰਾਸੀ ਵੇਖ ਵਿਚਾਰ, ਗੁਰਮੁਖ ਸਾਚੇ ਲਏ ਜਗਾਇਆ। ਜਮ ਕੀ ਫਾਸੀ ਗਲੋਂ ਲਾਹੇ ਹਾਰ, ਤਨ ਬਸਤਰ ਨਾਮ ਪਹਿਨਾਇਆ। ਰਸਨ ਸਵਾਸ ਕਰ ਪਿਆਰ, ਆਤਮ ਰਾਸ ਦਏ ਵਖਾਇਆ। ਜੋਤ ਪ੍ਰਕਾਸ਼ ਹਰਿ ਨਿਰੰਕਾਰ, ਸਚਖੰਡ ਨਿਵਾਸੀ ਫੇਰਾ ਪਾਇਆ। ਪ੍ਰਿਥਮੀ ਆਕਾਸ਼ ਦਏ ਅਧਾਰ, ਮੰਡਲ ਮੰਡਪ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਊਰਧ ਕਵਲ ਆਪ ਬਿਗਸਾਇਆ। ਊਰਧ ਕਵਲ ਨੈਣ ਮੰਧਾਰੀ, ਆਪਣਾ ਮੂੰਧ ਮੁਧਾਇਆ। ਅੰਮ੍ਰਿਤ ਝਿਰਨਾ ਅਪਰ ਅਪਾਰੀ, ਨਿਝ ਆਤਮ ਆਪ ਝਿਰਾਇਆ। ਆਪੇ ਸੀਤਲ ਸਤਿ ਠੰਡੀ ਠਾਰੀ, ਅਗਨੀ ਤਤ ਆਪ ਰਖਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇਆ। ਹਰਿ ਸਤਿਗੁਰ ਪੂਰਾ ਦੀਨ ਦਇਆਲ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵੇਖੇ ਸਾਚੇ ਲਾਲ, ਫੜ ਬਾਂਹੋ ਗਲੇ ਲਗਾਇੰਦਾ। ਲੱਖ ਚੁਰਾਸੀ ਤੋੜ ਜੰਜਾਲ, ਆਵਨ ਜਾਵਨ ਗੇੜ ਕਟਾਇੰਦਾ। ਦੇਵੇ ਨਾਮ ਸੱਚਾ ਧਨ ਮਾਲ, ਸਚ ਖਜੀਨਾ ਇਕ ਭਰਾਇੰਦਾ । ਆਪੇ ਸੁਣਾਏ ਸਾਚਾ ਤਾਲ, ਸਚ ਮਰਦੰਗਾ ਇਕ ਵਜਾਇੰਦਾ। ਸੰਤ ਸੁਹੇਲੇ ਜੁਗ ਜੁਗ ਭਾਲ, ਆਪ ਆਪਣਾ ਰੰਗ ਚੜ੍ਹਾਇੰਦਾ। ਵਸ ਰਖਾਏ ਕਾਲ ਮਹਾਂਕਾਲ, ਕਾਲ ਮਹਾਂਕਾਲ ਆਪ ਹੋ ਜਾਇੰਦਾ। ਜਨ ਭਗਤਾਂ ਬਣੇ ਲੋਕਮਾਤ ਦਲਾਲ, ਰੂਪ ਅਨੂਪਾ ਵੇਸ ਵਟਾਇੰਦਾ। ਦਿਵਸ ਰੈਣ ਕਰੇ ਪ੍ਰਿਤਪਾਲ, ਸੇਵਕ ਸਾਚੀ ਸੇਵ ਕਮਾਇੰਦਾ। ਊਧਮ ਸਿੰਘ ਸਿੰਘ ਸਤਿਗੁਰ ਲਏ ਭਾਲ, ਆਪ ਆਪਣੇ ਅੰਗ ਲਗਾਇੰਦਾ। ਫਲ ਲਗਾਏ ਪਤ ਪਤ ਡਾਲ੍ਹ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਕਾਇਆ ਮੰਦਰ ਬਣਾਏ ਸਚੀ ਧਰਮਸਾਲ, ਗੁਰਦਵਾਰਾ ਇਕ ਵਖਾਇੰਦਾ। ਅੰਦਰ ਬੈਠਾ ਦੀਨ ਦਇਆਲ, ਨਿਤ ਨਵਿਤ ਦਯਾ ਕਮਾਇੰਦਾ। ਨਾ ਸ਼ਾਹ ਨਾ ਕੰਗਾਲ, ਮਨ ਇਛਿਆ ਫਲ ਖਵਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਜੁਗ ਆਪ ਆਪਣਾ ਵੇਸ ਧਰਾਇੰਦਾ।
