੮ ਫੱਗਣ ੨੦੧੪ ਬਿਕ੍ਰਮੀ ਊਧਮ ਸਿੰਘ ਦੇ ਘਰ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ
ਜਗਤ ਪਸਾਰਾ ਕੂੜ, ਕੂੜ ਕੁੜਮਾਈਆ। ਗੁਰਮੁਖ ਮਾਂਗੇ ਚਰਨ ਧੂੜ, ਹਰਿ ਦਰਸ ਸੱਚੀ ਸਰਨਾਈਆ। ਕਾਇਆ ਚੋਲੀ ਚਾੜ੍ਹੇ ਰੰਗਣ ਗੂੜ੍ਹ, ਰੰਗਣਹਾਰ ਬੇਪਰਵਾਹੀਆ। ਮਨਮੁਖ ਭੁੱਲੇ ਮੂਰਖ ਮੂੜ੍ਹ, ਭੇਵ ਅਭੇਦਾ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਈਆ। ਕੂੜ ਨਾਤਾ ਕੂੜ ਪਸਾਰਾ, ਕੂੜਾ ਰੈਣ ਅੰਧੇਰਾ। ਹਰਿ ਹਰਿ ਸ਼ਬਦ ਇਕ ਘਨੇਰਾ, ਚੁਕਾਏ ਮੇਰਾ ਤੇਰਾ। ਭਰਮਾ ਢਾਹੇ ਹਰਿਜਨ ਡੇਰਾ, ਇਕ ਵਖਾਏ ਸੰਝ ਸਵੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖਣਹਾਰ ਦਲੇਰਾ। ਕਾਇਆ ਦੇਹੁਰਾ ਸਚ ਦਵਾਰਾ, ਹਰਿ ਸਾਚੀ ਜੋਤ ਜਗਾਈਆ। ਸ਼ਬਦ ਅਨਾਦੀ ਧੁਨ ਅਪਾਰਾ, ਅਨਹਦ ਰਿਹਾ ਵਜਾਈਆ। ਗਾਵੇ ਗੀਤ ਹਰਿ ਦਵਾਰਾ, ਗਾਵਣਹਾਰਾ ਸਹਿਜ ਸੁਖਦਾਈਆ। ਖੇਲੇ ਖੇਲ ਅਪਰ ਅਪਾਰਾ, ਘਰ ਮੰਦਰ ਇਕ ਸੁਹਾਈਆ। ਦਸਮ ਦਵਾਰੀ ਉਚ ਮੁਨਾਰਾ, ਬੈਠਾ ਆਸਣ ਲਾਈਆ। ਨਾ ਕੋਈ ਦੀਸੇ ਚਾਰ ਦਿਵਾਰਾ, ਛੱਪਰ ਛੰਨ ਨਾ ਕੋਈ ਛੁਹਾਈਆ। ਇਕ ਅਕੱਲਾ ਏਕੰਕਾਰਾ, ਏਕਾ ਰੰਗ ਸਮਾਈਆ। ਭਗਤਨ ਮੇਲਾ ਸਚ ਦਵਾਰਾ, ਹਰਿ ਪੂਰਨ ਬੂਝ ਬੁਝਾਈਆ। ਏਕਾ ਹਰਿ ਏਕਾ ਘਰ ਏਕਾ ਦਰ ਦਰਬਾਰਾ, ਏਕਾ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਥਾਉਂ ਥਾਈਂਆ। ਸਾਚਾ ਮੰਦਰ ਘਰ ਟਿਕਾਨਾ, ਹਰਿ ਸਾਚੇ ਆਪ ਉਸਾਰਿਆ। ਸ਼ਬਦ ਸਰੂਪੀ ਦਏ ਬਿਬਾਨਾ, ਗੁਰਮੁਖ ਵਿਰਲਾ ਉਪਰ ਚਾੜ੍ਹਿਆ। ਭਰਮੇ ਭੁੱਲਾ ਰਾਜਾ ਰਾਣਾ, ਮਗਰ ਲੱਗੀ ਪੰਚਮ ਧਾੜਿਆ। ਨਾ ਕੋਈ ਜਾਣੇ ਸੁਘੜ ਸਿਆਣਾ, ਅਗਨੀ ਤਤ ਬਹੱਤਰ ਨਾੜਿਆ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਬਜਰ ਕਪਾਟੀ ਪੜਦਾ ਪਾੜਿਆ। ਸ਼ਬਦ ਜਣਾਈ ਦੇਵੇ ਧੁਰ ਫ਼ਰਮਾਣਾ, ਏਕਾ ਰਾਗ ਸੁਣਾ ਰਿਹਾ। ਆਤਮ ਅੰਤਰ ਬੰਨੇ ਗਾਨਾ, ਹਰਿ ਸਾਚਾ ਸਗਨ ਮਨਾ ਰਿਹਾ। ਪਰਗਟ ਹੋਏ ਗੁਣ ਨਿਧਾਨਾ, ਗੁਣਵੰਤਾ ਦਇਆ ਕਮਾ ਰਿਹਾ। ਇਕ ਝੁਲਾਏ ਸਚ ਨਿਸ਼ਾਨਾ, ਸਾਚੇ ਧਾਮ ਸੁਹਾ ਰਿਹਾ। ਏਕਾ ਰਾਗ ਇਕ ਤਰਾਨਾ, ਏਕਾ ਤਾਲ ਵਜਾ ਰਿਹਾ। ਏਕਾ ਹਰਿ ਵਖਾਏ ਹਰਿ ਨਿਰਮਾਣਾ, ਹਰਿ ਹਰਿ ਰੂਪ ਵਟਾ ਰਿਹਾ। ਜਨ ਭਗਤਾਂ ਦੇਵੇ ਦੋ ਜਹਾਨੀ ਮਾਣਾ, ਦਰਗਹਿ ਸਾਚੀ ਵੇਖ ਵਖਾ ਰਿਹਾ। ਜੀਆਂ ਜੰਤਾਂ ਦਾਨਾ ਬੀਨਾ, ਬੀਨਾ ਦਾਨਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖੇ ਲਾ ਰਿਹਾ। ਉਚ ਮਹੱਲਾ ਹਰਿ ਅਟਾਰੀ, ਸਾਚੇ ਸ਼ਬਦ ਸੁਹਾਇਆ। ਜੋਤ ਜਗਾਏ ਅਗੰਮ ਅਪਾਰੀ, ਨਿਰਗੁਣ ਰੂਪ ਅਖਵਾਇਆ। ਅਕਲ ਕਲਾ ਕਲ ਆਪੇ ਧਾਰੀ, ਕਲਜੁਗ ਅੰਤਮ ਆਇਆ। ਜਨ ਭਗਤਾਂ ਪੈਜ ਰਿਹਾ ਸਵਾਰੀ, ਫੜ ਬਾਹੋਂ ਗਲੇ ਲਗਾਇਆ। ਏਕਾ ਬਖ਼ਸ਼ੇ ਨਾਮ ਖੁਮਾਰੀ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਚਰਨ ਪਨਹਾਰ ਬਖ਼ਸ਼ੀ ਸੱਚੀ ਸਿਕਦਾਰੀ, ਸਾਚਾ ਮਾਰਗ ਇਕ ਰਖਾਇਆ। ਕਲਜੁਗ ਮੇਟੇ ਕੂੜੀ ਧਾਰੀ, ਕੂੜ ਕੁੜਿਆਰਾ ਰਹਿਣ ਨਾ ਪਾਇਆ। ਸਤਿਜੁਗ ਬੰਨੇ ਸਾਚੀ ਧਾਰ ਜਨ ਭਗਤਾਂ ਪੈਜ ਰਿਹਾ ਸਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਨਿਰੰਕਾਰੀ। ਸਾਚਾ ਘਰ ਉਚ ਅਟੱਲਾ, ਹਰਿ ਹਰਿ ਆਸਣ ਲਾਇੰਦਾ। ਆਪੇ ਵਸਿਆ ਇਕ ਅਕੱਲਾ, ਨਾ ਕੋਈ ਸੰਗ ਰਖਾਇੰਦਾ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜਾ ਡੂੰਘੀ ਡੱਲਾ, ਹਰ ਘਟ ਵੇਖ ਵਖਾਇੰਦਾ। ਮਨਮੁਖ ਲਗਾਏ ਦੂਈ ਦਵੈਤੀ ਸੱਲਾ, ਬਿਰਹੋਂ ਰੋਗ ਜਲਾਇੰਦਾ। ਹਰਿਜਨ ਫੜਾਏ ਆਪਣਾ ਪੱਲਾ, ਆਪਣੇ ਲੜ ਬੰਧਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਆਤਮ ਸੇਜਾ ਵੇਖ ਵਖਾਇੰਦਾ। ਜੋਤੀ ਸ਼ਬਦੀ ਹਰਿ ਹਰਿ ਰੱਲਾ, ਦਿਸ ਕਿਸੇ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਵੇਖ ਵਖਾਇੰਦਾ। ਸਚ ਮਹੱਲਾ ਸਚ ਮੁਨਾਰਾ, ਸਾਚੇ ਸਚ ਵਸਾਇਆ। ਖੇਲੇ ਖੇਲ ਅਗੰਮ ਅਪਾਰਾ, ਅਗਾਧ ਬੋਧ ਅਖਵਾਇਆ। ਨਿਰਮਲ ਜੋਤੀ ਕਰ ਉਜਿਆਰਾ, ਆਕਾਸ਼ ਪਰਕਾਸ਼ ਸਮਾਇਆ। ਬੇਅੰਤ ਬੇਐਬ ਹੋਏ ਪਰਵਰਦਿਗਾਰਾ, ਭੇਵ ਕੋਇ ਨਾ ਰਾਇਆ। ਖੇਲੇ ਖੇਲ ਖੇਲਣਹਾਰਾ, ਜੁਗ ਜੁਗ ਖੇਲ ਖਿਲਾਇਆ। ਕਲਜੁਗ ਵੇਖੇ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਮਨਮਤ ਹੋਏ ਖ਼ਵਾਰਾ, ਜੀਵ ਜੰਤ ਰਹੇ ਕੁਰਲਾਇਆ। ਵਰਨ ਬਰਨੀ ਲੱਗਾ ਨਾਅਰਾ, ਦੂਈ ਦਵੈਤੀ ਹੱਲਾ ਰਿਹਾ ਕਰਾਇਆ। ਸੰਤ ਸਾਜਨ ਧਰਤ ਮਾਤ ਕਰੇ ਪੁਕਾਰਾ, ਨਾ ਪੱਲਾ ਕੋਈ ਫੜਾਇਆ। ਪੁਰਖ ਅਬਿਨਾਸ਼ੀ ਲੈ ਅਵਤਾਰਾ, ਨੇਤਰ ਰੋ ਰੋ ਨੀਰ ਵਹਾਇਆ। ਇਕ ਅਕੱਲਾ ਏਕੰਕਾਰਾ, ਅਕਲ ਕਲਾ ਅਖਵਾਇਆ। ਜੋਤੀ ਜੋਤ ਕਰ ਉਜਿਆਰਾ, ਜੋਤੀ ਜੋਤ ਜਗਾਇਆ। ਸ਼ਬਦ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਵੇਖ ਵਖਾਇਆ। ਉਤਭੁਜ ਸੇਤਜ ਪਾਵੇ ਸਾਰਾ, ਜੇਰਜ ਅੰਡ ਫੋਲ ਫੋਲਾਇਆ। ਵੇਖ ਵਖਾਏ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਪੜਦਾ ਲਾਹਿਆ। ਵੇਦ ਪੁਰਾਨਾ ਕਰੇ ਵਿਚਾਰਾ, ਪੰਡਤ ਪਾਂਧੇ ਲਏ ਬੁਲਾਇਆ। ਗ੍ਰੰਥੀ ਪੰਥੀ ਦਏ ਹੁਲਾਰਾ, ਆਪ ਰਖਾਇਆ। ਆਪੇ ਵਸਿਆ ਸਭ ਤੋਂ ਬਾਹਰਾ, ਆਪੇ ਹਰ ਘਟ ਆਸਣ ਲਾਇਆ। ਖੇਲੇ ਖੇਲ ਅਗੰਮ ਅਪਾਰਾ, ਅਗੰਮੜੀ ਧਾਰ ਚਲਾਇਆ। ਰੂਪ ਅਨੂਪਾ ਸ਼ਾਹੋ ਭੂਪਾ ਸੱਚੀ ਸਰਕਾਰਾ, ਸਿਰਜਣਹਾਰ ਆਪ ਅਖਵਾਇਆ। ਚਾਰੋਂ ਕੁੰਟ ਦਹਿ ਦਿਸ਼ਾ ਵੇਖ ਵਖਾਏ ਆਪਣਾ ਆਪ ਪਸਾਰਾ, ਵੇਖਣਹਾਰ ਦਿਸ ਨਾ ਆਇਆ। ਕਲਜੁਗ ਅੰਤਮ ਭੇਖੀ ਭੇਖ ਕਰੇ ਨਿਆਰਾ, ਲੇਖਾ ਲੇਖ ਨਾ ਕੋਈ ਲਿਖਾਇਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਜੋਤੀ ਜਾਮਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਹਿਜ ਸੁਭਾਇਆ। ਸਾਚਾ ਘਰ ਸਚ ਸਿੰਘਾਸਣ ਹਰਿ ਸਾਚਾ ਆਸਣ ਲਾਇੰਦਾ। ਖੇਲੇ ਖੇਲ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤਾ ਆਪ ਅਖਵਾਇੰਦਾ। ਵੇਖ ਵਖਾਏ ਪ੍ਰਿਥਮੀ ਅਕਾਸ਼ਨ, ਗਗਨ ਪਤਾਲਾਂ ਫੇਰਾ ਪਾਇੰਦਾ। ਭਗਤ ਜਨਾਂ ਹਰਿ ਦਾਸੀ ਦਾਸਨ, ਸੇਵਕ ਸੇਵਾ ਕਮਾਇੰਦਾ। ਨਾਮ ਜਪਾਏ ਰਸਨ ਸਵਾਸ ਸਵਾਸਨ, ਹਰਿ ਜਿਹਵਾ ਵੇਖ ਵਖਾਇੰਦਾ। ਸਾਚੇ ਮੰਡਲ ਪਾਵੇ ਰਾਸਨ, ਬੰਕ ਦਵਾਰਾ ਆਪ ਸੁਹਾਇੰਦਾ। ਹਰਿਜਨ ਤਜਾਏ ਮਦਿਰਾ ਮਾਸਨ, ਮੋਹ ਮਾਇਆ ਜਗਤ ਚੁਕਾਇੰਦਾ। ਨਿਝ ਆਤਮ ਰੱਖੇ ਆਪਣਾ ਵਾਸਨ, ਪਰਮਾਨੰਦ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਜਨ ਵੇਖ ਵਖਾਇੰਦਾ। ਉਚ ਮਹੱਲ ਅਥਾਹ, ਏਕਾ ਏਕ ਸੁਹਾਇਆ। ਪਾਰਬ੍ਰਹਮ ਬੈਠਾ ਬੇਪਰਵਾਹ, ਆਪ ਆਪਣਾ ਵੇਖ ਵਖਾਇਆ। ਨਾ ਕੋਈ ਦੀਸੇ ਦੂਸਰ ਨਾਂ, ਨਾ ਕੋਈ ਲੇਖ ਲਿਖਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਪੂਤ ਸਪੂਤ ਨਾ ਕੋਈ ਉਠਾਇਆ। ਨਾ ਕੋਈ ਸਖਾ ਸੁਹੇਲਾ ਪਕੜੇ ਬਾਂਹ, ਸਗਲਾ ਸੰਗ ਨਾ ਕੋਈ ਨਿਭਾਇਆ। ਇਕ ਅਕੇਲਾ ਵਸਿਆ ਆਪਣੇ ਥਾਂ, ਥਿਰ ਘਰ ਸਾਚਾ ਰਿਹਾ ਸੁਹਾਇਆ। ਜਨ ਭਗਤਾਂ ਜੁਗ ਜੁਗ ਦੇਵੇ ਠੰਡੀ ਛਾਂ, ਸਾਂਤਕ ਸਤਿ ਵਰਤਾਇਆ। ਇਕ ਜਪਾਏ ਆਪਣਾ ਨਾਂ, ਨਾਮ ਨਾਮਾ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਜਨ ਮੇਲ ਮਿਲਾਇਆ। ਸਚ ਘਰ ਹਰਿ ਆਪ ਸੁਹਾਇਆ, ਦਇਆ ਨਿਧ ਗੁਣਵਾਨਾ। ਗੁਰਮੁਖ ਸਾਜਨ ਮੇਲ ਮਿਲਾਇਆ, ਲਹਿਣਾ ਦੇਣਾ ਮੂਲ ਚੁਕਾਨਾ। ਆਤਮ ਦਰਸੀ ਦਰਸ ਦਿਖਾਇਆ, ਦੇਵੇ ਦਰਸ ਮਹਾਨਾ। ਜਗਤ ਤ੍ਰਿਸਨਾ ਰਿਹਾ ਮਿਟਾਇਆ, ਮਿਲੇ ਮੇਲ ਸ੍ਰੀ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਦੇਵਣਹਾਰ ਜੀਆ ਦਾਨਾ।
