Granth 05 Likhat 040: 13 Bhadro 2012 Bikarmi Udham Singh de Greh Pind Jalalabad Jila Amritsar

੧੩ ਭਾਦਰੋਂ ੨੦੧੨ ਬਿਕ੍ਰਮੀ ਊਧਮ ਸਿੰਘ ਦੇ ਗ੍ਰਹਿ ਪਿੰਡ ਜਲਾਲਾਬਾਦ ਜ਼ਿਲਾ ਅੰਮ੍ਰਿਤਸਰ

ਹਰਿ ਦਰਸ ਗੁਰਮੁਖ ਅਧਾਰ। ਗੁਰਮੁਖ ਭਗਤ ਹਰਿ ਨਾਉਂ ਰਸਨਾ ਉਚਾਰ। ਸ਼ਬਦ ਚੋਗ ਸਾਚੀ ਜੁਗਤ, ਭਗਤ ਮੁਕਤ ਅੰਤਮ ਵਾਰ। ਜੋਤੀ ਜੋਤ ਸਰੂਪ ਹਰਿ, ਜੋਤ ਬ੍ਰਹਮ ਬ੍ਰਹਮ ਜੋਤ ਏਕਾ ਧਾਰ। ਏਕਾ ਧਾਰ ਜੋਤ ਨਿਰਾਲੀਆ। ਪਵਣ ਉਡਾਰ ਸ਼ਬਦ ਸਵਾਲੀਆ। ਕਰੇ ਕਰਾਏ ਵਣਜ ਵਪਾਰ, ਦੇਵੇ ਨਾਮ ਧਨ ਧਨ ਸੱਚਾ ਧਨ ਮਾਲੀਆ। ਲੋਕਮਾਤੀ ਕਾਜ ਸਵਾਰ, ਫਲ ਲਗਾਏ ਕਾਇਆ ਡਾਲ੍ਹੀਆ। ਆਦਿ ਅੰਤ ਨਾ ਪਾਰਾਵਾਰ, ਚਲੇ ਚਾਲ ਜਗਤ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਅਕਲ ਅਕਾਲੀਆ। ਅਕਲ ਕਲਾ ਭਰਪੂਰ, ਆਪ ਅਕਾਲੀਆ। ਆਸਾ ਮਨਸਾ ਪੂਰ, ਸਦਾ ਰਖਵਾਲੀਆ। ਧਰਮ ਦਵਾਰੇ ਹਾਜ਼ਰ ਹਜ਼ੂਰ, ਰਖੇ ਚਾਲ ਅਵੱਲੜੀ ਨਿੱਤ ਨਵਿੱਤ ਨਿਰਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤ ਸੁਹੇਲਾ ਆਪੇ ਭਾਲੀਆ। ਕਰੇ ਭਾਲ ਢੂੰਡੇ ਜਗ। ਕਵਣ ਦਵਾਰੇ ਗੁਰਮੁਖ ਜੋਤੀ ਰਹੀ ਜਗ। ਆਪੇ ਖੋਲ੍ਹੇ ਬੰਦ ਕਵਾੜੀ, ਜਗਤ ਤ੍ਰਿਸ਼ਨਾ ਬੁੱਝੇ ਅੱਗ। ਦਰ ਘਰ ਸਾਚੇ ਸਾਚੇ ਲਾੜੇ, ਸ਼ਬਦ ਸਰੂਪੀ ਹੱਥੀਂ ਤਗ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਦਾਤਾ ਸੂਰਾ ਸਰਬਗ। ਵਡ ਸੂਰਾ ਸਰਬਗ, ਚਤੁਰ ਸੁਜਾਨਿਆ। ਉਪਰ ਵਸੇ ਸ਼ਾਹ ਰਗ, ਵੇਖੇ ਖੇਲ ਬ੍ਰਹਿਮੰਡ ਮਹਾਨਿਆ। ਕਲਜੁਗ ਵਾ ਰਹੀ ਵੱਗ, ਜੀਓ ਪਿੰਡ ਭੁੰਨੇ ਭਠਿਆਲੇ ਦਾਣਿਆ। ਗੁਰਮੁਖ ਸਾਚਾ ਸੰਤ ਸੁਹੇਲਾ ਚਰਨ ਸਰਨ ਜਨ ਕਲ ਜਾਏ ਲੱਗ, ਚਲੇ ਚਲਾਏ ਆਪਣੇ ਭਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਮਾਣ ਜਗਤ ਨਿਧਾਨਿਆ। ਕਲਜੁਗ ਕਲ ਨਿਧਾਨ ਵੇਖ ਵਿਚਾਰਿਆ। ਨਾ ਕੋਈ ਤੋੜੇ ਜਗਤ ਜੰਜਾਲ, ਚਾਰ ਦਿਵਾਰੀ ਦਿਸੇ ਪਾਸਾ ਹਾਰਿਆ। ਏਕਾ ਵਸਤ ਨਾਮ ਧਨ ਮਾਲ, ਸਦਾ ਸ਼ਾਹ ਨਾ ਹੋਏ ਕੰਗਾਲ, ਮੰਗੇ ਵਰ ਨਾ ਦੂਜੀ ਵਾਰਿਆ। ਲਗੇ ਫਲ ਕਾਇਆ ਡਾਲ੍ਹ, ਸੋਹੰ ਅੰਮ੍ਰਿਤ ਸਾਚਾ ਤਾਲ, ਅੰਮ੍ਰਿਤ ਧਾਰਾ ਇਕ ਵਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਵੇ ਜਾਵੇ ਪਾਵੇ ਸਾਰਿਆ। ਪਾਵੇ ਸਾਰ ਸੁਰਤ ਸੰਭਾਲ, ਸਰਬ ਕਲਾ ਕਲਵੰਤਿਆ। ਲਾਲ ਅਨਮੁਲੜੇ ਲਏ ਭਾਲ, ਸ਼ਬਦ ਸਰੂਪੀ ਬਣ ਦਲਾਲ, ਕਰੇ ਖੇਲ ਭਗਵੰਤਿਆ। ਏਕਾ ਮਾਰੇ ਕਰਮ ਉਛਾਲ, ਸ਼ਬਦ ਗੋਦੀ ਲਏ ਉਠਾਲ, ਸ਼ਬਦ ਪਹਿਨਾਈ ਤਨ ਸਾਚੀ ਮਾਲ, ਹਰਿਜਨ ਆਤਮ ਆਪੇ ਮੰਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭਾਂਡਾ ਭਰਮ ਭਰਮ ਭਾਂਡਾ ਆਪੇ ਘੜਿਆ ਆਪੇ ਭੰਨਿਆ। ਘੜਨ ਭੰਨਣਹਾਰ ਹਰਿ ਸਮਰਥਿਆ। ਉਤਰਨ ਚੜ੍ਹਨ ਪਾਰ ਕਿਨਾਰ, ਵੇਖ ਵਖਾਣੇ ਸਾਢੇ ਤਿੰਨ ਤਿੰਨ ਹੱਥਿਆ। ਕਲਜੁਗ ਮਾਇਆ ਸੜਨ ਜੀਵ ਗਵਾਰ, ਕਲਜੁਗ ਕਾਮੀ ਪਾਈ ਨਥਿਆ। ਭਰੇ ਸੁਖ ਸਰਬ ਸੰਸਾਰ, ਝੂਠੀ ਮਥਨ ਮਥਿਆ। ਗੁਰਮੁਖ ਵਿਰਲਾ ਪੈਜ ਸਵਾਰ, ਮੰਗੇ ਮੰਗ ਚਰਨ ਦਵਾਰ, ਸ਼ਬਦ ਚਾੜ੍ਹੇ ਸਾਚੇ ਰਥਿਆ। ਦਰ ਸਵਾਲੀ ਬਣ ਭਿਖਾਰ, ਬਣੇ ਪਾਲੀ ਹਰਿ ਦਾਤਾਰ, ਕਰੇ ਰਖਵਾਲੀ ਪਹਿਰੇਦਾਰ, ਕਥਨਾ ਕਥ ਕਿਸੇ ਨਾ ਕਥਿਆ। ਏਥੇ ਓਥੇ ਚੋਬਦਾਰ, ਜੁਗਾ ਜੁਗੰਤਰ ਬੰਨ੍ਹੇ ਧਾਰ, ਤਨ ਬਸੰਤਰ ਹੋਵੇ ਸਾਰ, ਦੇਵੇ ਦਰਸ ਅਗੰਮ ਅਪਾਰ, ਸਗਲ ਵਸੂਰਾ ਤਨ ਮਨ ਮਥਿਆ। ਜੋਤੀ ਨੂਰ ਕਰ ਅਕਾਰ, ਸ਼ਬਦ ਕਰਾਏ ਜੈ ਜੈਕਾਰ, ਏਕਾ ਓਟ ਨਰ ਨਿਰੰਕਾਰ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਲੱਖ ਚੁਰਾਸੀ ਆਪ ਕਰਾਏ ਸਥਰ ਸਥਿਆ। ਗੁਰਸਿਖ ਗੁਰਮੁਖ ਮਾਤ ਗੁਰ ਵਡਿਆਈਆ। ਗੁਰ ਮੇਲਾ ਕਮਲਾਪਾਤ, ਗੁਰਮੁਖ ਵੱਜੇ ਮਨ ਵਧਾਈਆ। ਗੁਰਮੁਖ ਮੇਲਾ ਆਦਿ ਜੁਗਾਦਿ ਗੁਰਸਿਖ ਸਾਚੇ ਰਿਹਾ ਜਗਾਈਆ। ਗੁਰਸਿਖ ਸਾਚੇ ਲਗਾ ਭਾਗ, ਗੁਰ ਸਤਿਗੁਰ ਦਰਸ਼ਨ ਪਾਈਆ। ਸਤਿਗੁਰ ਸਾਚਾ ਕੰਤ ਸੁਹਾਗ, ਗੁਰਮੁਖ ਸਾਚੀ ਨਾਰ ਸੁਹਾਈਆ। ਗੁਰਮੁਖ ਸੁਣਾਏ ਸਾਚਾ ਰਾਗ, ਗੁਰਮੁਖ ਤ੍ਰੈਭਵਣ ਬੂਝ ਬੁਝਾਈਆ। ਗੁਰਮੁਖ ਆਤਮ ਹੋਏ ਵੈਰਾਗ, ਗੁਰ ਮੰਤਰ ਜਾਪ ਜਪਾਈਆ। ਗੁਰ ਮੰਤਰ ਮਾਰੇ ਤੀਨੋ ਤਾਪ, ਗੁਰਮੁਖਾਂ ਠੰਡ ਵਰਤਾਈਆ। ਠੰਡੀ ਧਾਰਾ ਵਡ ਪਰਤਾਪ, ਗੁਰਮੁਖਾਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਏਕਾ ਧਾਮ ਆਪਣਾ ਆਪ ਸੁਹਾਈਆ। ਗੁਰ ਸ਼ਬਦ ਵੈਰਾਗ ਜਨ ਵੈਰਾਗਿਆ। ਗੁਰਮੁਖ ਆਤਮ ਬੁੱਝੇ ਤ੍ਰਿਸ਼ਨਾ ਆਗ, ਸਰਨ ਸਰਨਾਈ ਸਾਚੀ ਲਾਗਿਆ। ਗੁਰਮੁਖ ਪਕੜੇ ਤੇਰੀ ਵਾਗ, ਸ਼ਬਦ ਸਰੂਪੀ ਆਏ ਭਾਗਿਆ। ਗੁਰ ਗੁਰਮੁਖ ਏਕਾ ਸੁਣੇ ਸੁਣਾਏ ਰਾਗ, ਗੁਰਮੁਖ ਧੋਏ ਕਾਇਆ ਦਾਗਿਆ। ਗੁਰਮੁਖ ਆਤਮ ਜੋਤੀ ਜਗੇ ਚਿਰਾਗ, ਗੁਰ ਪੂਰਾ ਧੋਵੇ ਦਾਗਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪੇ ਸੋਇਆ ਆਪੇ ਜਾਗਿਆ। ਗੁਰ ਰੰਗ ਉਮੰਗ ਗੁਰਸਿਖ ਰੰਗਿਆ। ਗੁਰਸਿਖ ਸ਼ਬਦ ਡੋਰ ਪਤੰਗ, ਚੜ੍ਹੇ ਅਕਾਸ਼ ਮਾਤ ਨਾ ਸੰਗਿਆ। ਗੁਰਮੁਖਾਂ ਕਟੇ ਭੁੱਖ ਨੰਗ, ਗੁਰ ਦਰਬਾਰ ਏਕਾ ਮੰਗਿਆ। ਗੁਰਮੁਖ ਜਨਮ ਨਾ ਹੋਏ ਭੰਗ, ਆਤਮ ਧਾਰ ਵਹੇ ਗੰਗਿਆ। ਜੋਤੀ ਜੋਤ ਸਰੂਪ ਹਰਿ, ਗੁਰਸਿਖ ਗੁਰਸਿਖ ਮੇਲ ਦਰ, ਵਜਾਏ ਨਾਮ ਸ਼ਬਦ ਮਰਦੰਗਿਆ। ਗੁਰ ਪੂਰਾ ਕਲਜੁਗ ਘਾਟ ਵਡ ਚੜ੍ਹਾਈਆ। ਗੁਰਮੁਖ ਨਹਾਵੇ ਤੀਰਥ ਤਾਟ, ਤਨ ਮਨ ਮੈਲ ਰਿਹਾ ਗਵਾਈਆ। ਗੁਰਸਿਖ ਸ਼ਬਦ ਜਣਾਏ ਸਾਚਾ ਪਾਠ, ਦੂਸਰ ਚੀਜ ਨਾ ਕੋਈ ਵਖਾਈਆ। ਗੁਰ ਮੰਤਰ ਖੋਲ੍ਹੇ ਸਾਚਾ ਹਾਟ, ਏਕਾ ਸ਼ਬਦ ਹਰਿ ਉਪਜਾਈਆ। ਪਰਗਟ ਕਰੇ ਕਾਇਆ ਮਾਟ, ਗੁਰਮੁਖ ਵਣਜਾਰਾ ਕਰੇ ਵਪਾਰਾ, ਲੋਕਮਾਤੀ ਰਾਹ ਜਣਾਈਆ। ਗੁਰਮੁਖ ਸਾਚੇ ਦਏ ਅਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਮਲਾਹ ਆਪ ਅਖਵਾਈਆ। ਗੁਰ ਸ਼ਬਦ ਕਲ ਮੂਲ, ਗੁਰਸਿਖ ਪਰਵਾਨਿਆ। ਗੁਰਮੁਖ ਮਾਤ ਨਾ ਜਾਏ ਭੂਲ, ਅੱਠੇ ਪਹਿਰ ਸ਼ਬਦ ਮਸਤਾਨਿਆ। ਗੁਰ ਸ਼ਬਦ ਪੰਘੂੜਾ ਰਿਹਾ ਝੂਲ, ਬੈਠੇ ਗੁਰਸਿਖ ਚਤੁਰ ਸੁਜਾਨਿਆ। ਮਾਤਲੋਕ ਜਨ ਸਾਚੇ ਫੂਲ, ਦੇਵੇ ਮਾਣ ਸ੍ਰੀ ਭਗਵਾਨਿਆ। ਮਿਲੇ ਮੇਲ ਕੰਤ ਕੰਤੂਹਲ, ਟੁੱਟੇ ਗੇੜਾ ਆਵਣ ਜਾਣਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਨਾਮ ਨਿਧਾਨ ਗੁਣਵੰਤ ਗੁਣ ਨਿਧਾਨਿਆ। ਗੁਰਮੁਖ ਸਾਚੀ ਰੀਤ ਆਪ ਚਲਾਈਆ। ਗੁਰਮੁਖ ਬੰਨ੍ਹੇ ਚਰਨ ਪ੍ਰੀਤ, ਸਾਜਣ ਸਾਚਾ ਰਿਹਾ ਸੁਣਾਈਆ। ਗੁਰ ਪੂਰਾ ਸਦ ਰਾਖੋ ਚੀਤ, ਵਿਛੜ ਕਦੇ ਨਾ ਜਾਈਆ। ਗੁਰਮੁਖ ਕਾਇਆ ਵਸੇਰਾ ਮੰਦਰ ਮਸੀਤ, ਸ਼ਿਵਦਵਾਲਾ ਨਾਮ ਜਣਾਈਆ। ਗੁਰਮੁਖ ਕਾਇਆ ਰਹੇ ਸੀਤ, ਹਰਿ ਮੰਦਰ ਇਕ ਰਘੁਰਾਈਆ। ਗੁਰ ਪੂਰਾ ਜਨ ਰਾਖੋ ਚੀਤ, ਚਰਨ ਕਵਲ ਕਵਲ ਚਰਨ ਏਕਾ ਦਰ ਸੱਚੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣੀ ਬੂਝ ਬੁਝਾਈਆ। ਗੁਰਸਿਖ ਬੂਝੇ ਕਰ ਵਿਚਾਰ। ਭਉ ਚੁੱਕੇ ਏਕਾ ਦੂਜੇ, ਗੁਰਮੁਖ ਦੇਵੇ ਨਾਮ ਅਧਾਰ। ਗੁਰਦਵਾਰਾ ਏਕਾ ਸੂਝੇ, ਪਾਰਬ੍ਰਹਮ ਪ੍ਰਭ ਪਾਏ ਸਾਰ। ਚਰਨ ਪ੍ਰੀਤੀ ਹਰਿਜਨ ਝੂਜੇ, ਲੱਖ ਚੁਰਾਸੀ ਉਤਰੇ ਪਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਰੇ ਖੇਲ ਅਪਰ ਅਪਾਰ। ਗੁਰਸਿੱਖੀ ਗੁਣੀ ਨਿਧਾਨ, ਸ਼ਬਦ ਗੁਣ ਜਾਣਿਆ। ਗੁਰਮੁਖ ਹੋਏ ਦਰ ਪਰਵਾਨ, ਚਲੇ ਚਲਾਏ ਆਪਣੇ ਭਾਣਿਆ। ਗੁਰ ਪੂਰਾ ਸਦ ਮਿਹਰਵਾਨ, ਦੇਵੇ ਨਾਮ ਸਾਚਾ ਦਾਨਿਆ। ਗੁਰਸਿਖ ਸਾਚੇ ਸਾਚੀ ਆਣ, ਪਾਏ ਵਾਲੀ ਦੋ ਜਹਾਨਿਆ। ਗੁਰਮੁਖ ਦੇਵੇ ਸਾਚਾ ਦਾਨ, ਸ਼ਬਦ ਉਡਾਨ ਬਿਬਾਣਿਆ। ਗੁਰ ਪੂਰਾ ਕਰ ਧਿਆਨ, ਆਤਮ ਭਰੇ ਨਾਮ ਖਜਾਨਿਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਦੇਵੇ ਵਡਿਆਈ ਵਿਚ ਜਹਾਨਿਆ। ਜਨ ਰਾਖੇ ਹਰਿ ਦੀਨ ਦਿਆਲ। ਤਨ ਭਾਖੇ ਦਰ ਸੁਰਤ ਸੰਭਾਲ। ਲਿਖੇ ਲੇਖ ਮਸਤਕ ਮਾਥ, ਜੋਤ ਸਰੂਪੀ ਬੇਮਿਸਾਲ। ਸ਼ਬਦ ਚੜ੍ਹਾਏ ਸਾਚੇ ਰਾਥੇ, ਇਕ ਚਲਾਏ ਅਵੱਲੜੀ ਚਾਲ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਫਲ ਲਗਾਏ ਕਾਇਆ ਡਾਲ੍ਹ।

Leave a Reply

This site uses Akismet to reduce spam. Learn how your comment data is processed.