੨੭ ਮੱਘਰ ੨੦੧੬ ਬਿਕ੍ਰਮੀ ਕੱਲਾ ਪੂਰਨ ਸਿੰਘ ਦੇ ਘਰ
ਆਤਮ ਸੇਜਾ ਹਰਿ ਸਿੰਘਾਸਣ, ਹਰਿ ਮੰਦਰ ਆਪ ਸੁਹਾਇਆ। ਉਪਰ ਬੈਠ ਪੁਰਖ ਅਬਿਨਾਸ਼ਨ, ਸਚਖੰਡ ਨਿਵਾਸੀ ਆਸਣ ਲਾਇਆ। ਸਤਿਗੁਰ ਪੂਰਾ ਸ਼ਾਹੋ ਸ਼ਬਾਸਨ, ਸ਼ਬਦ ਸੱਚਾ ਆਪਣਾ ਨਾਉਂ ਧਰਾਇਆ। ਗੁਰਮੁਖਾਂ ਬਣਾਏ ਸਾਚੀ ਰਾਸਨ, ਆਪ ਆਪਣੀ ਦਯਾ ਕਮਾਇਆ। ਘਰ ਘਰ ਕਰੇ ਪੂਰੀ ਆਸਨ, ਜੋ ਜਨ ਰਹੇ ਧਿਆਨ ਲਗਾਇਆ। ਨਿਰਗੁਣ ਬਣਿਆ ਸਰਗੁਣ ਦਾਸਨ, ਰੂਪ ਅਨੂਪ ਆਪ ਵਟਾਇਆ। ਲੇਖਾ ਜਾਣੇ ਪ੍ਰਿਥਮੀ ਅਕਾਸ਼ਨ, ਡੂੰਘੇ ਸਾਗਰ ਫੋਲ ਫੁਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਹਰਿ ਮੰਦਰ ਬੈਠਾ ਆਪੇ ਵੜ, ਛੱਪਰ ਛੰਨ ਆਪੇ ਡੇਰਾ ਲਾਇਆ। ਛੱਪਰ ਛੰਨ ਸੁਹੰਜਣਾ, ਮੰਦਰ ਸੋਭਾਵੰਤ ਸੁਹਾਇੰਦਾ। ਕਿਸੇ ਹੱਥ ਨਾ ਆਏ ਗੋਰਖ ਮਛੰਦਰਾ, ਉਚੇ ਟਿਲੇ ਸਰਬ ਕੁਰਲਾਇੰਦਾ। ਜਨ ਭਗਤਾਂ ਹੋਏ ਸਦਾ ਬਖਸ਼ੰਦੜਾ, ਬਖਸ਼ਸ਼ ਆਪਣੇ ਹੱੱਥ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਰੰਗ ਰਾਤਾ ਉਤਮ ਜਾਤਾ ਮੇਟ ਮਿਟਾਏ ਅੰਧੇਰੀ ਰਾਤਾ, ਨਾਮ ਸੁਣਾਏ ਸਾਚੀ ਗਾਥਾ, ਏਕਾ ਅੱਖਰ ਪੂਜਾ ਪਾਠਾ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਸੋਹੇ ਬੰਕ ਵੱਜੇ ਮਰਦੰਗ ਨਵ ਨਵ ਰੰਗ, ਨਰ ਨਰਾਇਣ ਆਪ ਚੜ੍ਹਾਈਆ। ਕੋਟਨ ਧਾਰਾ ਗੰਗ ਚਰਨ ਦਵਾਰ ਰਹੀਆਂ ਮੰਗ, ਖੇਲੇ ਖੇਲ ਸੂਰਾ ਸਰਬੰਗ, ਬ੍ਰਹਿਮੰਡ ਖੰਡ ਵੱਜੀ ਵਧਾਈਆ। ਪਾਵੇ ਰਾਸ ਗੋਕਲ ਨੰਦ, ਗੋਬਿੰਦ ਚੜ੍ਹਿਆ ਸਾਚਾ ਚੰਦ, ਸੋਹਿਲਾ ਗਾਇਆ ਸੁਹਾਗੀ ਛੰਦ, ਗੁਰ ਮੰਤਰ ਅੰਤਰ ਆਤਮ ਬ੍ਰਹਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੀਨ ਦਿਆਲ ਦਇਆ ਸਾਗਰ ਨਿਰਮਲ ਕਰਮ ਉਜਾਗਰ, ਗੁਰਮੁਖਾਂ ਆਪ ਬਣਾਈਆ। ਹਰਿ ਮੰਦਰ ਹਰਿ ਸੁਹੰਜਣਾ, ਚਾਰ ਦਿਵਾਰ ਨਾ ਕੋਇ ਰਖਾਇੰਦਾ। ਸਤਿਗੁਰ ਪੂਰਾ ਦਰਦ ਦੁਖ ਭੈ ਭੰਜਨਾ, ਦੀਨਾਂ ਅਨਾਥਾਂ ਦਰਦ ਵੰਡਾਇੰਦਾ। ਏਥੇ ਓਥੇ ਸਗਲਾ ਸਾਥੀ ਦੋ ਜਹਾਨਾ ਹੋਏ ਸਾਚਾ ਸੱਜਣਾ, ਸਗਲਾ ਸੰਗ ਨਿਭਾਇੰਦਾ। ਮਹੱਲ ਅਟੱਲ ਉਚ ਮਿਨਾਰ ਅੰਤਮ ਸਭ ਨੇ ਤਜਣਾ, ਬਿਨ ਗੁਰੂ ਚਰਨ ਦਵਾਰ ਘਰ ਸਾਚੇ ਸੋਭਾ ਕੋਈ ਨਾ ਪਾਇੰਦਾ। ਜਿਸ ਜਨ ਚਰਨ ਧੂੜ ਕਰਾਏ ਸਾਚਾ ਮਜਨਾ, ਸਤਿ ਸਰੋਵਰ ਆਪ ਨੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਕਰਤੇ ਅੰਤਮ ਪੜਦਾ ਕੱਜਣਾ, ਸਿਰ ਆਪਣਾ ਹੱਥ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਾਜ਼ਰ ਹਜੂਰ, ਜਨਮ ਜਨਮ ਦੇ ਬਖਸ਼ਣਹਾਰਾ ਕਸੂਰ, ਨਾਦ ਤੂਰ ਅਨਹਦ ਅਨਾਹਤ ਆਪ ਵਜਾਇੰਦਾ।
