Granth 09 Likhat 007: 26 Maghar 2016 Bikarmi Pind Kalla Pritam Singh de Ghar

੨੭ ਮੱਘਰ ੨੦੧੬ ਬਿਕ੍ਰਮੀ ਪਿੰਡ ਕੱਲਾ ਪ੍ਰੀਤਮ ਸਿੰਘ ਦੇ ਘਰ

ਗੁਰ ਚਰਨ ਧੂੜ ਚਰਨਮਤ, ਚਾਤਰਕ ਤ੍ਰਿਖਾ ਬੁਝਾਈਆ। ਕੰਚਨ ਕਾਇਆ ਅੰਮ੍ਰਿਤ ਦੇਵੇ ਸਿੰਚ, ਰਸ ਭਿੰਨਾ ਇਕ ਵਖਾਈਆ। ਨਾ ਕੋਈ ਜਾਣੇ ਵਾਰ ਥਿਤ, ਪ੍ਰਭ ਆਪਣੇ ਹੱਥ ਰੱਖੀ ਵਡਿਆਈਆ। ਜੁਗ ਜੁਗ ਜਨ ਭਗਤਾਂ ਕਰੇ ਸਾਚਾ ਹਿਤ, ਸੰਤ ਸਾਜਨ ਲਏ ਤਰਾਈਆ। ਦਰਸ ਵਖਾਏ ਨਿਤ ਨਵਿਤ, ਨੇਤਰ ਨੈਣ ਆਪ ਖੁਲ੍ਹਾਈਆ। ਦਾਤਾ ਦਾਨੀ ਸਾਚਾ ਪਿਤ, ਪਾਰਬ੍ਰਹਮ ਹਰਿ ਅਖਵਾਈਆ। ਲੇਖੇ ਲਾਏ ਬੂੰਦ ਰਿਤ, ਰੱਤੀ ਰਤ ਵੇਖ ਵਖਾਈਆ। ਆਪੇ ਵਸਣਹਾਰਾ ਚਿਤ, ਘਰ ਮੰਦਰ ਸੋਭਾ ਪਾਈਆ। ਹਰਿਆ ਕਰੇ ਕਾਇਆ ਖੇਤ, ਸਚ ਫੁਲਵਾੜੀ ਆਪ ਮਹਿਕਾਈਆ। ਰੁੱਤ ਬਸੰਤੀ ਮਹੀਨਾ ਚੇਤ, ਹਰਿਜਨ ਸਾਚੇ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਏਕਾ ਬੂਝ ਬੁਝਾਈਆ। ਚਰਨ ਧੂੜ ਗੁਰ ਮਿੱਠਾ ਰਸ, ਗੁਰ ਗੁਰਮੁਖ ਝੋਲੀ ਪਾਇੰਦਾ। ਹਿਰਦੇ ਅੰਦਰ ਆਪੇ ਵਸ, ਆਪ ਆਪਣਾ ਰਸ ਚਖਾਇੰਦਾ। ਸਾਚਾ ਮਾਰਗ ਹਰਿਜਨ ਦੱਸ, ਸਾਚੇ ਪੌੜੇ ਆਪ ਚੜ੍ਹਾਇੰਦਾ। ਅਗੰਮੀ ਬੋਲੇ ਹੱਸ ਹੱਸ, ਨਿਰਗੁਣ ਤਾਰ ਸਤਾਰ ਆਪ ਵਜਾਇੰਦਾ। ਬਹੱਤਰ ਨਾੜੀ ਤਾਰਾਂ ਕਸ, ਨਾਮ ਗਜ਼ ਇਕ ਫਰਾਇੰਦਾ। ਤੂੰ ਹੀ ਤੂ ਰਹੀ ਦੱਸ, ਜਿਸ ਆਪਣੀ ਬੂਝ ਬੁਝਾਇੰਦਾ। ਮੇਲ ਮਿਲਾਵਾ ਨੱਸ ਨੱਸ, ਨਰ ਨਰਾਇਣ ਆਪ ਕਰਾਇੰਦਾ। ਆਪਣਾ ਤੀਰ ਮਾਰੇ ਕਸ, ਲੋਹਾਰ ਤਰਖ਼ਾਨ ਨਾ ਕੋਇ ਘੜਾਇੰਦਾ। ਤ੍ਰੈਗੁਣ ਮਾਇਆ ਨਾ ਡੱਸਨੀ ਸਕੇ ਡੱਸ, ਜਗਤ ਵਿਖ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪਿਆਲਾ ਦੀਨ ਦਿਆਲਾ ਆਤਮ ਮਦਿ ਏਕਾ ਜਾਮ ਗੁਰ ਮੰਤਰ ਆਪ ਪਿਆਇੰਦਾ। ਚਰਨ ਧੂੜ ਸਾਚਾ ਰੰਗ, ਹਰਿਜਨ ਸਾਚੇ ਆਪ ਚੜ੍ਹਾਈਆ। ਪੁਰਖ ਅਗੰਮਾ ਨਿਰਗੁਣ ਘੋੜੇ ਕਸ ਤੰਗ, ਸਰਗੁਣ ਵੇਖੇ ਸਹਿਜ ਸੁਭਾਈਆ। ਸੋ ਪੁਰਖ ਨਿਰੰਜਨ ਫੜਿਆ ਹੱਥ ਮਰਦੰਗ, ਹੰ ਬ੍ਰਹਮ ਰਿਹਾ ਰੰਗਾਈਆ । ਹਰਿਜਨ ਅੰਗੀਕਾਰ ਕਰੇ ਲਾਏ ਅੰਗ, ਆਪਣਾ ਅੰਗਨ ਆਪ ਸੁਹਾਈਆ। ਦੂਸਰ ਦਰ ਨਾ ਕੋਈ ਮੰਗੇ ਮੰਗ, ਸਤਿ ਭੰਡਾਰਾ ਆਪ ਰਖਾਈਆ। ਚਰਨ ਦਰਸੀ ਕੋਟਨ ਗੰਗ, ਹਰਿਜਨ ਕਾਇਆ ਆਪ ਵਹਾਈਆ। ਆਪਣੇ ਮੰਦਰ ਆਪੇ ਲੰਘ, ਆਪਣੀ ਸੇਜਾ ਦਏ ਸੁਹਾਈਆ। ਹਰਿਜਨ ਸਾਜਨ ਤੇਰਾ ਰੂਪ ਪਲੰਘ, ਪਾਵਾ ਚੂਲ ਨਾ ਕੋਇ ਰਖਾਈਆ। ਉਪਰ ਬੈਠ ਸੂਰਾ ਸਰਬੰਗ, ਘਰ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਮ੍ਰਿਤ ਜਾਮ ਇਕ ਵਖਾਈਆ। ਗੁਰ ਚਰਨ ਧੂੜ ਸਾਚੀ ਵੱਥ, ਭਗਤਨ ਝੋਲੀ ਪਾਇੰਦਾ। ਪਾਰਬ੍ਰਹਮ ਪੁਰਖ ਸਮਰਥ, ਜੁਗ ਜੁਗ ਆਪਣੀ ਵੰਡ ਵੰਡਾਇੰਦਾ। ਤ੍ਰੈਗੁਣ ਮਾਇਆ ਪਾਵੇ ਨੱਥ, ਸਤਿ ਸੰਤੋਖੀ ਡੋਰੀ ਹੱਥ ਉਠਾਇੰਦਾ। ਹਰਿਜਨ ਲਹਿਣਾ ਦੇਣ ਚੁਕਾਏ ਹੱਥੋ ਹੱਥ, ਪਿਛਲਾ ਮੂਲ ਨਾ ਕੋਇ ਰਖਾਇੰਦਾ। ਜਗਤ ਵਿਕਾਰਾ ਹਰਿ ਹਰਿ ਮਥ, ਸਾਚੇ ਮਾਰਗ ਆਪੇ ਲਾਇੰਦਾ। ਚਰਨ ਪ੍ਰੀਤੀ ਸਾਚਾ ਹਠ, ਦਿਵਸ ਰੈਣ ਰਖਾਇੰਦਾ। ਦੁਰਮਤ ਮੈਲ ਆਪੇ ਕੱਟ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਘਰ ਵਿਚ ਖੋਲ੍ਹ ਸਾਚਾ ਹੱਟ, ਆਪਣਾ ਨਾਮ ਵਕਾਇੰਦਾ। ਆਪੇ ਲਾਹਾ ਲਏ ਖੱਟ, ਆਪਣੀ ਕੀਮਤ ਆਪੇ ਪਾਇੰਦਾ। ਆਪੇ ਕਰੇ ਖੇੜਾ ਭੱਠ, ਭੱਠ ਭਠਿਆਲਾ ਆਪ ਤਪਾਇੰਦਾ। ਆਪੇ ਅੰਮ੍ਰਿਤ ਦੇਵੇ ਝਟ, ਅਗਨੀ ਤਤ ਬੁਝਾਇੰਦਾ। ਆਪੇ ਜੋਤੀ ਨੂਰ ਲਟ ਲਟ, ਲਾਲ ਗੁਲਾਲਾ ਡਗਮਗਾਇੰਦਾ। ਆਪੇ ਮਾਰੇ ਸਾਚੀ ਸੱਟ, ਅਨਹਦ ਏਕਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਹਰਿ ਸੱਜਣ ਆਪ ਰੰਗਾਇੰਦਾ। ਗੁਰ ਚਰਨ ਧੂੜ ਸਾਚੀ ਵਸਤ, ਅਨਮੋਲ ਅਨਮੁਲ ਰਖਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਊਚ ਨੀਚ ਭੇਵ ਚੁਕਾਈਆ। ਗੁਰਮੁਖਾਂ ਰੱਖੇ ਸਦਾ ਮਸਤ, ਅਲਮਸਤ ਆਪ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਬੰਧਨ ਦਏ ਤੁੜਾਈਆ। ਗੁਰ ਚਰਨਾ ਧੂੜੀ ਤੋੜੇ ਬੰਧਨ, ਬੰਧੀ ਬੰਧ ਰਹਿਣ ਨਾ ਪਾਈਆ। ਗੁਰਮੁਖ ਬੂਟਾ ਸਾਚਾ ਚੰਦਨ, ਦਰ ਘਰ ਸਾਚੇ ਆਪ ਲਗਾਈਆ। ਵਾਸਨਾ ਭਰੇ ਪਰਮਾਨੰਦ, ਨਿਝ ਆਤਮ ਆਪ ਮਹਿਕਾਈਆ। ਸੋ ਪੁਰਖ ਸੁਣਾਏ ਸੁਹਾਗੀ ਛੰਦਨ, ਹੰ ਬ੍ਰਹਮ ਵੱਜੇ ਵਧਾਈਆ। ਤ੍ਰੈ ਤ੍ਰੈ ਤੋੜੇ ਆਪੇ ਤੰਦਨ, ਆਪੇ ਤੁਟੀ ਗੰਢ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਹਿਜ ਸੁਭਾਈਆ। ਚਰਨ ਧੂੜ ਗੁਰ ਵਸਤ ਅਨਮੋਲ, ਚੌਦਾਂ ਹੱਟ ਨਾ ਕੋਇ ਵਕਾਇੰਦਾ। ਜੁਗਾ ਜੁਗੰਤਰ ਦਰ ਦਰਵਾਜ਼ਾ ਆਪਣਾ ਖੋਲ੍ਹ, ਵਣਜ ਵਣਜਾਰਾ ਆਪ ਕਰਾਇੰਦਾ। ਨਿਰਗੁਣ ਸਰਗੁਣ ਅੰਦਰ ਬਹਿ ਬਹਿ ਆਪਣਾ ਤੋਲੇ ਤੋਲ, ਤੋਲ ਤਰਾਜ਼ੂ ਨਾਮ ਕੰਡਾ ਇਕ ਰਖਾਇੰਦਾ। ਆਪਣੀ ਧਾਰਨ ਆਪੇ ਲਏ ਬੋਲ, ਬੋਲਣਹਾਰਾ ਦਿਸ ਨਾ ਆਇੰਦਾ। ਆਪਣੀ ਵਸਤ ਸਦਾ ਰੱਖੇ ਕੋਲ, ਜਿਉਂ ਭਾਵੇ ਤਿਉਂ ਵਰਤਾਇੰਦਾ। ਹਰਿਜਨ ਹਿਰਦੇ ਅੰਦਰ ਜਾਏ ਮੌਲ, ਆਪ ਆਪਣਾ ਰੂਪ ਧਰਾਇੰਦਾ। ਅੰਮ੍ਰਿਤ ਆਤਮ ਬਖਸ਼ੇ ਸਾਚੀ ਪੌਲ, ਨਾਮ ਖੰਡਾ ਵਿਚ ਫਰਾਇੰਦਾ। ਦੇਵੇ ਵਡਿਆਈ ਉਪਰ ਧੌਲ, ਜਿਸ ਜਨ ਆਪਣਾ ਰਸ ਚਖਾਇੰਦਾ। ਹਰਿਜਨ ਸਾਜਨ ਆਦਿ ਅੰਤ ਨਾ ਜਾਏ ਡੋਲ, ਧੀਰਜ ਧੀਰ ਇਕ ਵਖਾਇੰਦਾ। ਗੋਬਿੰਦ ਸੂਰਾ ਹਾਜ਼ਰ ਹਜੂਰਾ ਕਰਨਹਾਰਾ ਪੂਰਾ ਕੌਲ, ਪਿਛਲੀ ਕੀਤੀ ਭੁੱਲ ਨਾ ਜਾਇੰਦਾ। ਆਪਣਾ ਬਦਲਿਆ ਕਾਇਆ ਚੋਲ, ਜੋਤੀ ਨੂਰ ਨਾ ਕੋਏ ਬਦਲਾਇੰਦਾ। ਪੁਰਖ ਅਕਾਲ ਵਜਾਏ ਸਚਾ ਢੋਲ, ਬਾਰਾਂ ਰਾਸੀ ਕਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਸਾਚਾ ਇਕ ਉਪਜਾਇੰਦਾ। ਗੁਰ ਚਰਨ ਧੂੜ ਮੇਲ ਨਿਰੰਕਾਰ, ਥਿਰ ਘਰ ਸਾਚੇ ਮੇਲ ਮਿਲਾਈਆ। ਫੜ ਫੜ ਬਾਂਹੋਂ ਜਾਏ ਤਾਰ, ਸਤਿਗੁਰ ਪੂਰਾ ਵਡ ਵਡਿਆਈਆ। ਦੇਵੇ ਦਰਸ ਅਗੰਮ ਅਪਾਰ, ਅਲੱਖ ਅਗੋਚਰ ਬੇਪਰਵਾਹੀਆ। ਨਿਰਗੁਣ ਜੋਤੀ ਕਰ ਉਜਿਆਰ, ਨਰ ਨਰਾਇਣ ਰੂਪ ਵਟਾਈਆ। ਸਗਲਾ ਸਾਥੀ ਸਰਬ ਸੰਸਾਰ, ਸਗਲਾ ਸੰਗ ਨਿਭਾਈਆ। ਗੁਰਮੁਖਾਂ ਰਾਖੀ ਕਰੇ ਹੋਏ ਪਹਿਰੇਦਾਰ, ਦਿਵਸ ਰੈਣ ਸੇਵ ਕਮਾਈਆ। ਅਲੱਖਣਾ ਲਾਖੀ ਸੱਚੀ ਸਰਕਾਰ, ਅਲੱਖ ਨਿਰੰਜਨ ਆਪਣੀ ਅਲੱਖ ਆਪ ਜਗਾਈਆ। ਮੰਗਣਹਾਰਾ ਭਗਤ ਦਵਾਰ, ਏਕਾ ਭਿਛਿਆ ਮੰਗ ਮੰਗਾਈਆ । ਅੰਮ੍ਰਿਤ ਆਤਮ ਠੰਡੀ ਠਾਰ, ਕਾਇਆ ਕਾਸਾ ਆਪ ਟਿਕਾਈਆ। ਚਰਨ ਧੂੜ ਬਖਸ਼ੇ ਜਿਸ ਜਨ ਕਰ ਪਿਆਰ, ਜਨਮ ਜਨਮ ਦਾ ਮਸਤਕ ਟਿੱਕਾ ਕਾਲੀ ਛਾਹੀ ਦੇਵੇ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾ ਕੋਈ ਪੁਰਖ ਨਾ ਕੋਈ ਨਾਰ, ਇਕ ਅਕੇਲਾ ਏਕੰਕਾਰ, ਕਰੇ ਖੇਲ ਅਗੰਮ ਅਪਾਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਚ ਮਕਾਨ, ਰੱਖਣਹਾਰਾ ਸ਼ਬਦ ਬਬਾਨ, ਪਰਖਣਹਾਰਾ ਗੁਰਮੁਖ ਨਿਧਾਨ, ਆਪ ਆਪਣਾ ਰੂਪ ਵਟਾਈਆ।