Granth 08 Likhat 098: 26 Jeth 2016 Bikarmi Chhamb Gurdware

੨੬ ਜੇਠ ੨੦੧੬ ਬਿਕ੍ਰਮੀ ਛੰਬ ਗੁਰਦਵਾਰੇ

ਧਰਤ ਧਵਲ ਭੂਮਕਾ ਅਸਥਾਨ, ਸਚਖੰਡ ਵੱਜੀ ਵਧਾਈਆ। ਆਪ ਬਿਰਾਜੇ ਸ੍ਰੀ ਭਗਵਾਨ, ਬ੍ਰਹਿਮੰਡ ਰਹੇ ਸ਼ਰਮਾਈਆ। ਵੰਡੇ ਵੰਡ ਨਾਮ ਦਾਨ, ਤ੍ਰਿਲੋਕੀ ਹੱਥ ਨਾ ਆਈਆ। ਸ਼ਬਦ ਅਗੰਮੀ ਇਕ ਬਿਬਾਨ, ਸਤਿਗੁਰ ਆਪਣੇ ਹੱਥ ਰਖਾਈਆ। ਗ਼ਰੀਬ ਨਿਮਾਣੇ ਕਰ ਪਛਾਣ, ਫੜ ਬਾਂਹੋਂ ਉਪਰ ਚੜ੍ਹਾਈਆ। ਐਥੇ ਓਥੇ ਦੇਵੇ ਮਾਣ, ਦੋ ਜਹਾਨਾਂ ਹੋਏ ਸਹਾਈਆ। ਕਰੋੜ ਤੇਤੀਸਾ ਫੁਲ ਬਰਸਾਨ, ਬ੍ਰਹਮਾ ਵਿਸ਼ਨ ਸ਼ਿਵ ਰਾਹ ਤਕਾਈਆ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਲੇਖਾ ਲੇਖੇ ਲਏ ਲਗਾਈਆ। ਰੋਗ ਸੰਤਾਪ ਜਗਤ ਸਰਬ ਮਿਟ ਜਾਣ, ਵੇਖ ਵਖਾਈਆ। ਗ੍ਰਹਿ ਮੰਦਰ ਹੋਏ ਪਰਵਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਨਾਮ ਰੰਗ ਸਾਚਾ ਚਾੜ੍ਹ, ਧਰਨੀ ਧਵਲ ਸੁਹਾਇਆ। ਸਚ ਸਿੰਘਾਸਣ ਅਪਰ ਅਪਾਰ, ਪੁਰਖ ਅਬਿਨਾਸ਼ੀ ਇਕ ਹੰਢਾਇਆ। ਹਰਿਜਨ ਸਾਚੇ ਕਰ ਪਿਆਰ, ਜਨ ਜਨਣੀ ਲੇਖੇ ਲਏ ਲਗਾਇਆ।