੨੬ ਜੇਠ ੨੦੧੬ ਬਿਕ੍ਰਮੀ ਛੰਬ ਗੁਰਦਵਾਰੇ
ਗੁਰੂਦਵਾਰ ਗੁਰਮੁਖ ਵਸੇ, ਮਨਮੁਖ ਰਹੇ ਕੁਰਲਾਈਆ। ਜਿਸ ਜਨ ਮਾਰਗ ਸਾਚਾ ਦੱਸੇ, ਭੇਖ ਪਖੰਡਾ ਦਏ ਗਵਾਈਆ। ਸਾਚੇ ਮੰਦਰ ਬਹਿ ਬਹਿ ਹੱਸੇ, ਆਪ ਆਪਣਾ ਵੇਖ ਵਖਾਈਆ। ਮੇਟੇ ਰੈਣ ਅੰਧੇਰੀ ਮੱਸੇ, ਸਾਚਾ ਚੰਨ ਚੜ੍ਹਾਈਆ। ਕਲਜੁਗ ਮਾਇਆ ਨਾ ਹੋਏ ਵਸੇ, ਮਾਇਆ ਮਮਤਾ ਮੋਹ ਤਜਾਈਆ। ਸਤਿਗੁਰ ਪੂਰਾ ਜਿਸ ਜਨ ਹਿਰਦੇ ਵਸੇ, ਸਾਧ ਸੰਗਤ ਸੇਵ ਕਮਾਈਆ। ਮਾਇਆ ਮਮਤਾ ਮੂਰਖ ਮੁਗਧਾਂ ਡੱਸੇ, ਦਿਵਸ ਰੈਣ ਡੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਦਰ ਮੰਦਰ ਵੇਖ ਵਖਾਈਆ। ਗੁਰੂਦਵਾਰ ਹਰਿ ਕੀ ਧਾਰ, ਹਰਿ ਸਾਚਾ ਸਚ ਉਪਜਾਇੰਦਾ। ਜਿਸ ਜਨ ਕਰਾਏ ਨਾਮ ਵਣਜ ਵਾਪਾਰ, ਜਗਤ ਤ੍ਰਿਸਨਾ ਭੁੱਖ ਮਿਟਾਇੰਦਾ। ਦਹਿ ਦਿਸ਼ਾ ਨਾ ਹੋਏ ਖੁਵਾਰ, ਚਾਰ ਕੁੰਟ ਨਾ ਫੇਰੀ ਪਾਇੰਦਾ। ਏਕਾ ਰੰਗ ਰਵੇ ਕਰਤਾਰ, ਏਕਾ ਰੰਗਣ ਰੰਗ ਚੜ੍ਹਾਇੰਦਾ। ਕਾਮ ਕਰੋਧ ਨਾ ਹੋਏ ਹੰਕਾਰ, ਲੋਭ ਮੋਹ ਨਾ ਕੋਇ ਦਸਾਇੰਦਾ। ਸਦ ਗੁਰਸਿਖ ਸਤਿਗੁਰ ਸੋਹੇ ਦਵਾਰ, ਸਤਿਗੁਰ ਪੂਰਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਇੰਦਾ। ਸੰਗਤ ਤੇਰੀ ਸਾਚੀ ਸੇਵ, ਹਰਿ ਸਾਚੇ ਸਚ ਮਨ ਭਾਈਆ। ਤੇਰੀ ਰਸਨਾ ਤੇਰੀ ਜੇਹਵ, ਆਪਣਾ ਨਾਮ ਜਪਾਈਆ। ਅਲੱਖ ਅਗੋਚਰ ਅਗੰਮ ਅਭੇਵ, ਆਦਿ ਜੁਗਾਦਿ ਵੱਡੀ ਵਡਿਆਈਆ। ਸੱਜਣ ਸਾਹਿਬ ਵਡ ਦੇਵੀ ਦੇਵ, ਸਾਚਾ ਸਤਿਗੁਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਲ੍ਹਾਈਆ। ਗੁਰਦਵਾਰ ਸਤਿ ਪਰਸਾਦਿ, ਹਰਿ ਸੰਗਤ ਭੇਟ ਚੜ੍ਹਾਇਆ। ਸਤਿਗੁਰ ਪੂਰਾ ਦੇਵਣਹਾਰਾ ਦਾਦ, ਦਰ ਦਰ ਜਿਸ ਜਨ ਹਿਰਦੇ ਅੰਦਰ ਰਾਮ ਵਸਾਇਆ। ਜੂਠਾ ਝੂਠਾ ਵੇਖੇ ਨਾਦ, ਡੰਕਾ ਡੌਰੂ ਕਵਣ ਵਜਾਇਆ। ਕਵਣ ਸੰਤ ਕਵਣ ਸਾਧ, ਕਵਣ ਗੁਰੂ ਗ੍ਰੰਥ ਸੇਵ ਕਮਾਇਆ। ਕਵਣ ਮਾਇਆ ਮਮਤਾ ਰਿਹਾ ਲਾਧ, ਸਿਰ ਆਪਣੇ ਭਾਰ ਉਠਾਇਆ। ਕਿਸੇ ਲੇਖੇ ਲੱਗੇ ਨਾ ਨਾੜੀ ਮਾਸ, ਹਾਡੀ ਪੰਜ ਤੱਤ ਅਗਨੀ ਜਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚਾ ਵੇਖ ਵਖਾਇਆ। ਸਾਚਾ ਘਰ ਸਚ ਦਰਵਾਜਾ, ਹਰਿ ਸਾਚਾ ਆਪ ਖੁਲ੍ਹਾਇੰਦਾ। ਹਰਿ ਮੰਦਰ ਬੈਠਾ ਗਰੀਬ ਨਿਵਾਜਾ, ਦਿਸ ਕਿਸੇ ਨਾ ਆਇੰਦਾ। ਅਨਹਦ ਵਜਾਏ ਸਾਚਾ ਵਾਜਾ, ਢੋਲਕ ਛੈਣਾ ਨਾ ਕੋਈ ਵਜਾਇੰਦਾ। ਸ਼ਾਹੋ ਭੂਪ ਵਡ ਰਾਜਨ ਰਾਜਾ, ਆਪ ਆਪਣਾ ਅਦਲ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਲੇਖਾ ਤੇਰੀ ਝੋਲੀ ਪਾਇੰਦਾ। ਹਰਿ ਸੰਗਤ ਸਤਿ ਪਰਸਾਦਿ, ਆਪਣੀ ਹੱਥੀਂ ਰਿਹਾ ਵਰਤਾਈਆ। ਦੂਸਰ ਹੱਥ ਨਾ ਦਿਤੀ ਦਾਦ, ਨਾ ਮਾਲਕ ਕੋਈ ਬਣਾਈਆ। ਲਹਿਣਾ ਚੁੱਕੇ ਅੱਜੋ ਆਜ, ਅਜ ਕਲ ਨਾ ਫੇਰ ਵਖਾਈਆ। ਆਪਣਾ ਸਾਜਣ ਆਪੇ ਸਾਜ, ਆਪੇ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਰੱਖੇ ਲਾਜ, ਸਚ ਪਰਸਾਦਿ ਭੇਟ ਚੜ੍ਹਾਈਆ। ਏਕਾ ਚੌਕਾ ਰਹੇ ਅਰਾਧ, ਚੌਕਾ ਏਕਾ ਇਕ ਲਿਵ ਲਾਈਆ। ਪਹਿਲੇ ਯੁਗ ਬਖ਼ਸ਼ੀ ਦਾਦ, ਚੌਥੇ ਲਏ ਮਿਟਾਈਆ। ਸਾਚੀ ਰੱਖ ਰੱਖਿਆ ਰੱਖਣੀ ਯਾਦ, ਰਿਖ ਕੇਸ ਗਵਰਧਨ ਧਾਰ ਹਰਿ ਨਿਰੰਕਾਰ ਆਪ ਉਠਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਵੰਡੇ ਸਚ ਪਰਸਾਦਿ, ਜੀਵਾਂ ਜੰਤਾਂ ਭਾਰ ਨਾ ਸਕੇ ਕੋਈ ਉਠਾਈਆ। ਆਪਣਾ ਪਰਸਾਦਿ ਆਪੇ ਵੰਡ, ਆਪਣਾ ਸਗਨ ਮਨਾਇੰਦਾ। ਹਰਿ ਸੰਗਤ ਵਰਤਾਏ ਠੰਡ, ਸਾਚਾ ਸੰਗ ਨਿਭਾਇੰਦਾ। ਕਿਸੇ ਪੱਲੇ ਬੱਝੀ ਰਹਿਣ ਨਾ ਦੇਵੇ ਗੰਢ, ਜੋ ਗੁਰਮੁਖ ਸੇਵ ਚੜ੍ਹਾਇੰਦਾ। ਨਾਰ ਦੁਹਾਗਣ ਜੀਵ ਰੰਡ, ਹਰਿ ਕੰਤ ਭੇਵ ਨਾ ਪਾਇੰਦਾ। ਪ੍ਰਭ ਵੇਖਣਹਾਰਾ ਜਗਤ ਪਖੰਡ, ਘਰ ਘਰ ਵਿਚ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਪਰਸਾਦਿ ਗੁਰ ਕਿਰਪਾ ਜਾਣ, ਗੁਰਮੁਖਾਂ ਆਪ ਵਰਤਾਇੰਦਾ। ਘਰ ਮੰਦਰ ਧੁਰ ਦਰਗਹਿ, ਹਰਿ ਸੱਜਣ ਵੇਖ ਵਖਾਇਆ। ਆਪ ਸੁਹਾਏ ਸਾਚਾ ਥਾਂ, ਜਿਸ ਦਰ ਚਰਨ ਛੁਹਾਇਆ। ਕਰੇ ਪੁਕਾਰ ਧਰਤੀ ਮਾਂ, ਧਰਤ ਧਵਲ ਕੁਰਲਾਇਆ। ਜੀਆਂ ਜੰਤਾਂ ਪਕੜੇ ਬਾਂਹ, ਅੰਮ੍ਰਿਤ ਜਲ ਆਪ ਉਛਲਾਇਆ। ਆਪਣੇ ਚਰਨ ਲਏ ਛੁਹਾ, ਚਰਨੋਦਕ ਮੁਖ ਛੁਹਾਇਆ। ਗੰਗਾ ਗੰਗੋਤਰੀ ਵੇਖ ਵਖਾ, ਸਚ ਸਾਗਰ ਆਪ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਂਡਾ ਜਲ ਅੰਮ੍ਰਿਤ ਰਸ, ਅੰਮ੍ਰਿਤ ਮੇਘ ਵਰਸਾਇਆ। ਅੰਮ੍ਰਿਤ ਮੇਘ ਸਤਿਗੁਰ ਨੀਰ, ਸੀਰ ਸੀਰ ਪਿਆਈਆ। ਏਕਾ ਮਾਰੇ ਸਾਚਾ ਤੀਰ, ਧਰਤ ਧਵਲ ਹਿਲਾਈਆ। ਜਨ ਭਗਤਾਂ ਕੱਢੇ ਹਉਮੇ ਪੀੜ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਗੁਰੂ ਦਵਾਰ ਗੁਰੂ ਗ੍ਰੰਥ ਬੰਨੇ ਬੀੜ, ਗੁਰ ਸਤਿਗੁਰ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸਾਚਾ ਹਰਿ, ਲਹਿਣਾ ਦੇਣਾ ਹਰਿ ਸੰਗਤ ਰਿਹਾ ਚੁਕਾਈਆ। ਤਾਰਨਹਾਰ ਪੁਰਖ ਸਮਰਥ, ਆਦਿ ਜੁਗਾਦਿ ਇਕ ਅਖਵਾਇਆ। ਬਿਰਧ ਬਾਲ ਜਵਾਨ ਰੱਖੇ ਦੇ ਕਰ ਹੱਥ, ਸਿਰ ਆਪਣਾ ਹੱਥ ਟਿਕਾਇਆ। ਨਾਮ ਜਣਾਈ ਸਾਚੀ ਗਾਥ, ਏਕਾ ਮੰਤਰ ਅੰਤਰ ਦ੍ਰਿੜਾਇਆ। ਕਲਜੁਗ ਕਿਰਿਆ ਨਾ ਮਾਰੇ ਠਾਠ, ਸ਼ੌਹ ਦਰਯਾਏ ਦਏ ਰੁੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ। ਬਾਹਲ ਨਗਰ ਦੇਵੇ ਬਾਹਲ, ਗੁਰ ਸਤਿਗੁਰ ਹੱਥ ਵਡਿਆਈਆ। ਤੋੜਨ ਆਇਆ ਜਗਤ ਜੰਜਾਲ, ਵਡ ਦਾਤਾ ਬੇਪਰਵਾਹੀਆ। ਏਕਾ ਰੰਗ ਰੰਗਾਏ ਸ਼ਾਹ ਕੰਗਾਲ, ਊਚ ਨੀਚ ਨਾ ਵੇਖ ਵਖਾਈਆ। ਦਿਵਸ ਰੈਣ ਕਰੇ ਪ੍ਰਿ਼ਤਪਾਲ, ਜੋ ਜਨ ਰਸਨਾ ਹਰਿ ਹਰਿ ਗਾਈਆ। ਮਾਟੀ ਲੇਖੇ ਲਾਏ ਖਾਲ, ਖਾਲਕ ਖਲਕ ਵੇਖ ਵਖਾਈਆ। ਹਰਿਜਨ ਸਾਚੇ ਲਏ ਸੰਭਾਲ, ਆਪ ਆਪਣੇ ਅੰਗ ਲਗਾਈਆ। ਕਿਸੇ ਨਾ ਗਲੇ ਕੋਈ ਦਾਲ, ਨਾਮ ਖੰਡਾ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲ ਕਲੇਸ਼ ਦਏ ਮਿਟਾਈਆ। ਕਲ ਕਲੇਸ਼ ਉਤਰੇ ਦੁੱਖ, ਹਰਿ ਸਾਚਾ ਦਇਆ ਕਮਾਇੰਦਾ। ਉਜਲ ਕਰੇ ਮਾਤ ਮੁੱਖ, ਜੋ ਜਨ ਰਸਨਾ ਸੋਹੰ ਗਾਇੰਦਾ। ਸੁਫਲ ਕਰਾਏ ਮਾਤ ਕੁੱਖ, ਗਰਭਵਾਸ ਪੰਧ ਮੁਕਾਇੰਦਾ। ਉਲਟਾ ਹੋਏ ਨਾ ਫੇਰ ਰੁੱਖ, ਅਜੂਨ ਅਜੂਨੀ ਆਪ ਭਵਾਇੰਦਾ। ਆਪਣੀ ਗੋਦੀ ਲਏ ਚੁੱਕ, ਸਾਚਾ ਧਾਮ ਇਕ ਵਖਾਇੰਦਾ। ਮਨਮੁਖਾਂ ਮੁਖ ਪਾਏ ਥੁੱਕ, ਥੁੱਕੀਂ ਮੁਖ ਭਰਾਇੰਦਾ। ਛਲ ਛਿਦਰ ਨਾ ਰਹੇ ਲੁਕ, ਸਿਰ ਚੋਟੀ ਆਪ ਮੁੰਡਾਇੰਦਾ। ਹਰਿਆ ਬੂਟਾ ਨਾ ਜਾਏ ਸੁੱਕ, ਸੁੱਕੇ ਹਰੇ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਰੀਬ ਨਿਮਾਣੇ ਪਾਰ ਕਰਾਇੰਦਾ। ਬਿਰਧ ਬਾਲ ਨੌਜਵਾਨ, ਮਾਤ ਗਰਭ ਆਪ ਤਰਾਈਆ। ਸ਼ਬਦ ਝੁਲਾਏ ਸਚ ਨਿਸ਼ਾਨ, ਚਾਰੋਂ ਕੁੰਟ ਆਪ ਉਠਾਈਆ। ਜੀਵ ਜੰਤ ਸਾਰੇ ਗਾਣ, ਘਰ ਘਰ ਵੱਜਦੀ ਰਹੇ ਵਧਾਈਆ। ਨਾ ਕੋਈ ਪਵਣ ਮਸਾਣ, ਕਵਰੀ ਕਵਰ ਨਾ ਕੋਈ ਵਖਾਈਆ। ਏਕਾ ਮਾਰੇ ਸ਼ਬਦ ਬਾਣ, ਤੀਰ ਨਿਰਾਲਾ ਆਪ ਚਲਾਈਆ। ਸੱਥਰ ਲਾਹੇ ਝੂਠਾ ਘਾਣ, ਆਪ ਆਪਣਾ ਗੇੜ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਹਰਿਜਨ ਸੱਜਣ ਸਾਚੇ ਮੀਤ, ਹਰਿ ਸਾਚੀ ਸਿਖ ਸਮਝਾਈਆ। ਏਕਾ ਗੌਣਾ ਸੁਹਾਗੀ ਗੀਤ, ਜਗਤ ਤ੍ਰਿਸਨਾ ਭੁੱਖ ਗਵਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਵਣ ਆਪ ਅਖਵਾਈਆ। ਕਾਇਆ ਕਰੇ ਠੰਡੀ ਸੀਤ, ਜੋ ਜਨ ਇਕ ਮਨ ਹੋਏ ਦਰਸ਼ਨ ਪਾਈਆ। ਲੱਖ ਚੁਰਾਸੀ ਗਈ ਬੀਤ, ਅਲਖ ਦਾਤਾ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਹਰਿ ਸਾਚੇ ਲਏ ਤਰਾਈਆ।
