੧੬ ਸਾਵਣ ੨੦੧੬ ਬਿਕ੍ਰਮੀ ਗੁਰਚਰਨ ਕੌਰ ਦੇ ਘਰ ਫ਼ਿਰੋਜ਼ਪੁਰ
ਆਦਿ ਪੁਰਖ ਨਿਰੰਜਣ ਹਰਿ ਮਿਹਰਵਾਨ, ਆਦਿ ਜੁਗਾਦੀ ਏਕ ਓਅੰਕਾਰਿਆ। ਪਾਰਬ੍ਰਹਮ ਪੁਰਖ ਸੁਲਤਾਨ, ਖੇਲੇ ਖੇਲ ਅਗੰਮ ਅਪਾਰਿਆ। ਜੋਤੀ ਨੂਰ ਨੂਰ ਮਹਾਨ, ਏਕਓਅੰਕਾਰਾ ਨਾਉਂ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਵਟਾ ਲਿਆ। ਰੂਪ ਅਨੂਪਾ ਹਰਿ ਨਿਰੰਕਾਰ, ਏਕਾ ਏਕ ਸਮਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਜੋਤੀ ਦੀਪਕ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਏਕਾ ਵਸੇ ਸਚ ਸੱਚੇ ਘਰ ਬਾਰ, ਬੰਕ ਦਵਾਰਾ ਇਕ ਸੁਹਾਇੰਦਾ। ਆਦਿ ਅੰਤ ਨਾ ਪਾਰਾ ਵਾਰ, ਬੇਅੰਤ ਬੇਅੰਤ ਬੇਅੰਤ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਸਾਰ, ਦੂਸਰ ਭੇਵ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਲਾਇੰਦਾ। ਅਬਿਨਾਸ਼ੀ ਕਰਤਾ ਹਰਿ ਭਗਵਾਨ, ਆਦਿ ਨਿਰੰਜਣ ਵਡ ਵਡਿਆਈਆ। ਆਪਣੀ ਕਰੇ ਆਪ ਪਛਾਣ, ਆਪ ਆਪਣਾ ਵੇਖ ਵਖਾਈਆ। ਆਪਣੇ ਮੰਦਰ ਵਸੇ ਮਕਾਨ, ਘਰ ਸਾਚੇ ਸੋਭਾ ਪਾਈਆ। ਨਾ ਕੋਈ ਦਿਸੇ ਹੋਰ ਨਿਸ਼ਾਨ, ਦੂਸਰ ਵਸਤ ਨਾ ਕੋਇ ਉਪਾਈਆ। ਇਕ ਇਕੱਲਾ ਗੁਣ ਨਿਧਾਨ, ਗੁਣਵੰਤਾ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਇਕ ਇਕੱਲਾ ਖੇਲ ਖਲਾਈਆ। ਇਕ ਇਕੱਲਾ ਅਕਲ ਕਲ ਧਾਰੀ, ਏਕਾ ਏਕ ਓਅੰਕਾਰਿਆ। ਆਦਿ ਜੁਗਾਦੀ ਇਕ ਅਵਤਾਰੀ, ਏਕਾ ਖੇਲ ਅਪਾਰਿਆ। ਏਕਾ ਮਹੱਲ ਇਕ ਅਟਾਰੀ, ਏਕਾ ਬੰਕ ਸੁਹਾ ਰਿਹਾ। ਏਕਾ ਸ਼ਾਹੋ ਭੂਪ ਵਡ ਸਿਕਦਾਰੀ, ਸ਼ਾਹ ਸੁਲਤਾਨ ਇਕ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਵੇਸ ਵਟਾ ਰਿਹਾ। ਇਕ ਇਕੱਲਾ ਪੁਰਖ ਸੁਲਤਾਨਾ, ਏਕਾ ਰੰਗ ਸਮਾਇੰਦਾ। ਖੇਲੇ ਖੇਲ ਦੋ ਜਹਾਨਾਂ, ਦੋ ਜਹਾਨਾਂ ਵਾਲੀ ਆਪ ਅਖਵਾਇੰਦਾ। ਆਪੇ ਅਪਣੀ ਚਲੇ ਚਾਲਾ, ਚਾਲ ਅਵੱਲੜੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਓਅੰਕਾਰ ਨਿਰਾਕਾਰ ਨਿਰਗੁਣ ਜੋਤੀ ਡਗਮਗਾਇੰਦਾ। ਨਿਰਾਕਾਰ ਆਦਿ ਨਿਰੰਜਣ, ਨਿਰਗੁਣ ਨਾਉਂ ਧਰਾਈਆ। ਆਪ ਆਪਣਾ ਬਣਿਆ ਸੱਜਣ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰੇ ਮਜਨ, ਆਪ ਆਪਣਾ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਇਕੱਲਾ ਅਕਲ ਕਲ ਧਾਰ, ਖੇਲੇ ਖੇਲ ਅਗੰਮ ਅਪਾਰ, ਭੇਵ ਅਭੇਦਾ ਭੇਵ ਛੁਪਾਈਆ। ਭੇਵ ਅਭੇਦਾ ਹਰਿ ਭਗਵੰਤ, ਆਪਣਾ ਆਪ ਰਖਾਇੰਦਾ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇੰਦਾ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਇੰਦਾ। ਆਪ ਬਣਾਏ ਸਾਚੀ ਬਣਤ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨਿਰਾਕਾਰ, ਏਕਾ ਜੋਤੀ ਜੋਤ ਜਗਾਇੰਦਾ। ਜੋਤ ਉਜਾਲਾ ਹਰਿ ਗੋਪਾਲਾ, ਆਦਿ ਪੁਰਖ ਅਬਿਨਾਸਿਆ। ਖੇਲੇ ਖੇਲ ਪੁਰਖ ਅਕਾਲਾ, ਮੰਡਲ ਮੰਡਪ ਪਾਵੇ ਰਾਸਿਆ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲਾ, ਲੋਕਮਾਤ ਜੋਤ ਪ੍ਰਕਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਵੇਖੇ ਖੇਲ ਤਮਾਸਿਆ। ਸਚਖੰਡ ਦਵਾਰਾ ਹਰਿ ਨਿਰੰਕਾਰ, ਆਪਣਾ ਆਪ ਸੁਹਾਈਆ। ਨਿਰਗੁਣ ਜੋਤੀ ਕਰ ਉਜਿਆਰ, ਹਰਿ ਬੈਠਾ ਬੇਪਰਵਾਹੀਆ। ਇਕ ਇਕੱਲਾ ਨਿਰਾਕਾਰ, ਨੂਰੋ ਨੂਰ ਡਗਮਗਾਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਰਾਮ ਰੂਪ ਆਪ ਅਖਵਾਈਆ। ਅਗੰਮ ਅਗੰਮੜਾ ਅਗੰਮੜੀ ਕਾਰ, ਆਪਣੀ ਆਪ ਵਖਾਈਆ। ਅਲੱਖ ਨਿਰੰਜਣ ਭੇਵ ਨਿਆਰ, ਆਦਿ ਪੁਰਖ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨਾ ਆਪ ਰਚਾਈਆ। ਆਪਣੀ ਰਚਨਾ ਆਪੇ ਰਚ, ਹਰਿ ਸਾਚਾ ਖੇਲ ਖਲਾਇੰਦਾ। ਆਪੇ ਸਾਜਣ ਬਣਿਆ ਸਚ, ਸਚ ਵਸਤੂ ਵਿਚ ਟਿਕਾਇੰਦਾ। ਆਪੇ ਆਪਣਾ ਹੁਕਮ ਰਿਹਾ ਵਾਚ, ਧੁਰ ਫ਼ਰਮਾਣਾ ਆਪ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਨਾਉਂ ਧਰਾਇੰਦਾ। ਨਿਰਗੁਣ ਨਾਉਂ ਹਰਿ ਨਿਰੰਕਾਰ, ਆਪਣਾ ਆਪ ਰਖਾਈਆ। ਵਸਣਹਾਰਾ ਸਚਖੰਡ ਦਵਾਰ, ਦਰ ਮੰਦਰ ਇਕ ਸੁਹਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਇ ਸੁਹਾਈਆ। ਨਾ ਕੋਈ ਰਵ ਸਸ ਸੂਰਜ ਚੰਨ ਦਿਸੇ ਸਤਾਰ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਬ੍ਰਹਮਾ ਵਿਸ਼ਨ ਸ਼ਿਵ ਕਰੇ ਆਕਾਰ, ਨਾ ਕੋਈ ਤ੍ਰੈਗਣ ਬਣਤ ਬਣਾਈਆ। ਪੰਜ ਤੱਤ ਨਾ ਕੋਇ ਪਿਆਰ, ਬੂੰਦ ਰਕਤ ਨਾ ਕੋਇ ਜੁੜਾਈਆ। ਨਾ ਕੋਈ ਪ੍ਰਿਥਮੀ ਅਕਾਸ਼ ਦਏ ਹੁਲਾਰ, ਬ੍ਰਹਿਮੰਡ ਖੰਡ ਨਾ ਕੋਇ ਵਖਾਈਆ। ਜੇਰਜ ਅੰਡ ਨਾ ਕਰੇ ਪਿਆਰ, ਉਤਭੁਜ ਸੇਹਤਜ ਨਾ ਕੋਈ ਉਗਾਈਆ। ਨਾ ਕੋਈ ਦੀਸੇ ਜਲ ਧਾਰ, ਖ਼ਾਕੀ ਖ਼ਾਕ ਨਾ ਕੋਇ ਉਡਾਈਆ। ਨਾ ਕੋਈ ਕਰੋੜ ਤੇਤੀਸਾ ਦਏ ਆਧਾਰ, ਸੁਰਪਤ ਰਾਜਾ ਇੰਦ ਨਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਸੋਹੇ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਪਾਰਬ੍ਰਹਮ ਬੇਅੰਤ ਬੇਪਰਵਾਹ ਆਪੇ ਬੈਠਾ ਆਸਣ ਲਾਈਆ। ਪਾਰਬ੍ਰਹਮ ਬੇਪਰਵਾਹ ਬੇਅੰਤ, ਏਕਾ ਏਕ ਓਅੰਕਾਰਿਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਖੇਲ ਅਪਾਰਿਆ। ਆਪ ਬਣਾਏ ਆਪਣੀ ਬਣਤ, ਆਪੇ ਵੇਸ ਵਟਾ ਰਿਹਾ। ਆਪੇ ਮਹਿਮਾ ਜਾਣੇ ਅਗਣਤ, ਲੇਖਾ ਲੇਖ ਨਾ ਕੋਇ ਲਿਖਾ ਰਿਹਾ। ਆਪੇ ਨਾਰੀ ਆਪੇ ਕੰਤ, ਕੰਤ ਸੁਹਾਗ ਆਪ ਹੰਢਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਜੋਤੀ ਏਕਾ ਨੂਰ, ਏਕਾ ਦੀਪਕ ਏਕਾ ਬਾਤੀ, ਕਮਲਾਪਾਤੀ ਆਪ ਜਗਾ ਰਿਹਾ। ਕਮਲਾਪਾਤੀ ਹਰਿ ਨਿਰੰਕਾਰ, ਏਕਾ ਰੰਗ ਸਮਾਇਆ। ਨਾ ਕੋਈ ਦੂਸਰ ਦਿਸੇ ਹੋਰ ਪਸਾਰ, ਸਚਖੰਡ ਦੁਵਾਰੇ ਡੇਰਾ ਲਾਇਆ। ਥਿਰ ਘਰ ਸੋਹੇ ਬੰਕ ਦੁਵਾਰ, ਪੁਰਖ ਅਬਿਨਾਸ਼ੀ ਰਿਹਾ ਸੁਹਾਇਆ। ਥਿਰ ਘਰ ਸਾਚੇ ਕਰੇ ਪਿਆਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਇਛਿਆ ਪਾਏ ਭਿਛਿਆ, ਆਪਣੀ ਆਸਾ ਆਪਣੀ ਮਨਸਾ ਆਪੇ ਪੂਰ ਕਰਾਇਆ। ਆਪਣੀ ਇਛਿਆ ਆਪੇ ਝੋਲੀ ਪਾ, ਆਪਣੀ ਦਇਆ ਕਮਾਇੰਦਾ। ਆਪਣੀ ਵੰਡ ਆਪ ਵੰਡਾ, ਆਪੇ ਝੋਲੀ ਡਾਹਿੰਦਾ। ਆਪੇ ਸ਼ਬਦ ਸੁੱਤ ਲਏ ਉਪਜਾ, ਆਪੇ ਹੁਕਮ ਸੁਣਾਇੰਦਾ । ਆਪੇ ਬ੍ਰਹਿਮੰਡ ਖੰਡ ਲੋਆਂ ਪੁਰੀਆਂ ਬਣਤ ਬਣਾ, ਆਪੇ ਹੁਕਮ ਸੁਣਾਇੰਦਾ। ਆਪੇ ਵਿਸ਼ਨ ਬ੍ਰਹਮਾ ਸ਼ਿਵ ਲਏ ਉਪਾ, ਆਪੇ ਜੋਤੀ ਨੂਰ ਡਗਮਗਾਇੰਦਾ। ਆਪਣੀ ਸੇਵਾ ਆਪੇ ਲਾ, ਆਪੇ ਕਾਰ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਮੇਲਾ ਏਕਾ ਧਾਰ, ਅਬਿਨਾਸ਼ੀ ਕਰਤਾ ਕਰ ਪਿਆਰ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਨਿਰਗੁਣ ਸਰਗੁਣ ਪੰਜ ਤੱਤ, ਤੱਤਵ ਤੱਤ ਸਮਾਇਆ। ਆਪੇ ਪਾਰਬ੍ਰਹਮ ਬ੍ਰਹਮ ਕਰ ਉਤਪਤ, ਆਪੇ ਵੇਖ ਵਖਾਇਆ। ਆਪੇ ਬੂੰਦ ਰਕਤ ਰਤ, ਆਪੇ ਜੋੜ ਜੁੜਾਇਆ। ਆਪੇ ਡਾਲੀ ਆਪੇ ਪਤ, ਫਲ ਫੁਲਵਾੜੀ ਆਪ ਖਿਲਾਇਆ। ਆਪੇ ਦੇਵਣਹਾਰਾ ਸਤਾ ਸਤਿ, ਸਤਿ ਸਰੂਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਮੇਲ ਮਿਲਾਇਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਹਰਿ ਸਾਚੇ ਵਡ ਵਡਿਆਈਆ। ਬ੍ਰਹਮਾ ਵਿਸ਼ਨ ਸ਼ਿਵ ਕਰ ਪਿਆਰ, ਤ੍ਰੈ ਤ੍ਰੈ ਸੇਵ ਲਗਾਈਆ। ਤਿੰਨਾਂ ਗੁਣਾਂ ਆਪੇ ਵਸਿਆ ਬਾਹਰ, ਭੇਵ ਅਭੇਦਾ ਭੇਵ ਛੁਪਾਈਆ। ਲੱਖ ਚੁਰਾਸੀ ਕਰ ਤਿਆਰ, ਘਰ ਘਰ ਵਿਚ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਦੀਵਾ ਬਾਤੀ ਆਪਣਾ ਆਪ ਟਿਕਾਈਆ। ਨਿਰਗੁਣ ਦੀਪਕ ਕਰ ਉਜਿਆਰਾ, ਜੋਤ ਨਿਰੰਜਣ ਡਗਮਗਾਇੰਦਾ। ਮਾਣਸ ਮਾਨੁਖ ਕਰ ਪਿਆਰਾ, ਏਕਾ ਦਰ ਸੁਹਾਇੰਦਾ। ਅੰਦਰ ਮੰਦਰ ਖੇਲ ਅਪਾਰਾ, ਹਰਿ ਸਾਚਾ ਆਪ ਕਰਾਇੰਦਾ। ਧੁਨ ਅਨਾਦਿ ਸੱਚੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਸਰ ਸਰੋਵਰ ਠੰਡੀ ਠਾਰਾ, ਸਾਚਾ ਤਾਲ ਵਖਾਇੰਦਾ। ਦਸਮ ਦਵਾਰੀ ਖੋਲ੍ਹ ਕਿਵਾੜਾ, ਆਪਣਾ ਦਰ ਸੁਹਾਇੰਦਾ। ਆਤਮ ਸੇਜਾ ਸਾਚਾ ਲਾੜਾ, ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਦੇਵੇ ਵਰ, ਆਪੇ ਅੰਦਰ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਅੰਦਰ ਵੜਿਆ ਹਰਿ ਨਿਰੰਕਾਰ, ਦਿਸ ਕਿਸੇ ਨਾ ਆਈਆ। ਆਪਣੇ ਮੰਦਰ ਆਪੇ ਚੜ੍ਹਿਆ, ਆਪਣੀ ਕਲ ਵਰਤਾਈਆ। ਕਰੇ ਪਰਕਾਸ਼ ਬਹੱਤਰ ਨੜਿਆ, ਦਿਵਸ ਰੈਣ ਰੁਸ਼ਨਾਈਆ। ਲੱਖ ਚੁਰਾਸੀ ਕਿਸੇ ਨਾ ਫੜਿਆ, ਹੱਥ ਕਿਸੇ ਨਾ ਆਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਓਅੰਕਾਰਾ ਆਪਣੀ ਕਲ ਵਰਤਾਈਆ। ਏਕਓਅੰਕਾਰਾ ਕਰ ਪਸਾਰਾ, ਲੱਖ ਚੁਰਾਸੀ ਵੇਖ ਵਖਾਈਆ। ਨਿਰਗੁਣ ਰੂਪ ਸਰਗੁਣ ਧਾਰਾ, ਸਰਗੁਣ ਨਿਰਗੁਣ ਮੇਲ ਮਿਲਾਈਆ। ਖੇਲੇ ਖੇਲ ਵਿਚ ਸੰਸਾਰਾ, ਖ਼ਾਲਕ ਖ਼ਲਕ ਵੇਖ ਵਖਾਈਆ। ਆਪੇ ਪਾਏ ਆਪਣੀ ਸਾਰਾ, ਆਪਣੀ ਕਲ ਆਪ ਵਰਤਾਈਆ। ਆਪੇ ਬੋਲ ਸ਼ਬਦ ਜੈਕਾਰਾ, ਆਪਣਾ ਨਾਅਰਾ ਆਪੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਦਾਤਾ ਬੇਪਰਵਾਹ, ਆਦਿ ਜੁਗਾਦਿ ਸਮਾਇਆ। ਸਰਗੁਣ ਵੇਸ ਲਏ ਵਟਾ, ਲੋਕਮਾਤ ਉਠ ਧਾਇਆ। ਪੰਜ ਤੱਤ ਡੇਰਾ ਆਪੇ ਲਾ, ਤ੍ਰੈਗੁਣ ਬੰਧਨ ਪਾਇਆ। ਬ੍ਰਹਮ ਪਾਰਬ੍ਰਹਮ ਲਏ ਮਿਲਾ, ਆਪ ਆਪਣੇ ਅੰਗ ਛੁਹਾਇਆ। ਜੋਤੀ ਜੋਤ ਦਏ ਜਗਾ, ਜਾਗਰਤ ਜੋਤ ਕਰ ਰੁਸ਼ਨਾਇਆ। ਗੁਰ ਅਵਤਾਰ ਆਪ ਅਖਵਾ, ਆਪ ਆਪਣਾ ਨਾਉਂ ਧਰਾਇਆ । ਆਪਣਾ ਸ਼ਬਦ ਸੁਨੇਹੜਾ ਰਿਹਾ ਘਲਾ, ਧੁਰ ਫ਼ਰਮਾਣਾ ਇਕ ਜਣਾਇਆ। ਸਾਚੇ ਭਾਣੇ ਰਿਹਾ ਸਮਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਨਹਾਰ ਕਰਤਾ ਪੁਰਖ, ਏਕਓਅੰਕਾਰਾ ਆਪ ਅਖਵਾਇਆ। ਕਰਨੇਹਾਰ ਪੁਰਖ ਕਰਤਾਰਾ, ਏਕਾ ਏਕਓਅੰਕਾਰਿਆ। ਲੋਕਮਾਤ ਲੈ ਅਵਤਾਰਾ, ਆਪ ਆਪਣਾ ਵੇਸ ਵਟਾ ਰਿਹਾ। ਏਕਾ ਦੇਵੇ ਨਾਮ ਸਹਾਰਾ, ਆਪ ਆਪਣਾ ਨਾਉਂ ਜਪਾ ਰਿਹਾ। ਦੀਪਕ ਬਾਤੀ ਕਰ ਉਜਿਆਰਾ, ਪਰਕਾਸ਼ ਪਰਕਾਸ਼ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਰਖਾ ਰਿਹਾ। ਜੁਗ ਕਰਤਾ ਪੁਰਖ ਸਮਰਥ, ਹਰਿ ਵੱਡਾ ਵਡ ਵਡਿਆਈਆ। ਆਪ ਚਲਾਏ ਆਪਣਾ ਰਥ, ਹਰਿ ਸਾਚਾ ਰਥ ਰਥਵਾਹੀਆ। ਜੁਗ ਜੁਗ ਮਹਿਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਆਪ ਚਲਾਏ ਆਪਣੀ ਗਾਥ, ਆਪਣੀ ਸਿਖਿਆ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਬੇਐਬ ਪਰਵਰਦਿਗਾਰ, ਏਕਾ ਏਕ ਏਕ ਅਖਵਾਇੰਦਾ। ਜੁਗਾ ਜੁਗੰਤਰ ਲੈ ਅਵਤਾਰ, ਸਤਿਜੁਗ ਤ੍ਰੇਤਾ ਦੁਵਾਪਰ ਵੇਸ ਵਟਾਇੰਦਾ। ਲੋਕਮਾਤ ਖੇਲ ਅਪਾਰ, ਅਪਰੰਪਰ ਕਰਤਾ ਆਪ ਕਰਾਇੰਦਾ। ਦੇਵੀ ਦੇਵ ਦਏ ਸਹਾਰ, ਇਸ਼ਟ ਦੇਵ ਆਪ ਹੋ ਜਾਇੰਦਾ। ਨਮੋ ਨਮੋ ਨਮੋ ਕਰ ਨਿਮਸਕਾਰ, ਨਿਉਂ ਨਿਉਂ ਆਪਣਾ ਸੀਸ ਝੁਕਾਇੰਦਾ। ਆਦਿ ਸ਼ਕਤ ਜੋਤ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਆਪ ਆਪਣਾ ਕਰ ਪਸਾਰ, ਆਪੇ ਵੇਖ ਵਖਾਇੰਦਾ। ਆਪੇ ਰਾਮ ਰੂਪ ਨਿਰਾਕਾਰ, ਆਪੇ ਬੰਸਰੀ ਕਾਹਨਾ ਆਪ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਆਪਣੀ ਰਚਨ ਰਚਾਇੰਦਾ। ਨਿਰਗੁਣ ਸਰਗੁਣ ਹੋ ਪਰਤੱਖ, ਪੰਚਮ ਡੇਰਾ ਲਾਇੰਦਾ। ਏਕਾ ਲਿਆਏ ਨਾਮ ਵਥ, ਲੋਕਮਾਤ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਕੂੜਾ ਵੇਖ ਪਸਾਰਾ, ਹਰਿ ਸਾਚਾ ਦਇਆ ਕਮਾਇੰਦਾ। ਪੰਜ ਤੱਤ ਕਰ ਪਿਆਰਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੇਖ ਵਖਾਇੰਦਾ। ਰਜੋ ਤਮੋ ਸਤੋ ਦੇ ਸਹਾਰਾ, ਸਾਚੀ ਧੀਰ ਧਰਾਇੰਦਾ। ਮਾਤ ਪਿਤ ਕਰ ਪਿਆਰਾ, ਬੂੰਦ ਰਕਤ ਸੁਹਾਇੰਦਾ। ਦਸ ਮਾਸ ਖੇਲ ਅਪਾਰਾ, ਨੌ ਅਠਾਰਾਂ ਵਕਤ ਲੰਘਾਇੰਦਾ। ਆਪੇ ਅੰਦਰ ਆਪੇ ਬਾਹਰਾ, ਗੁਪਤ ਜ਼ਾਹਰਾ ਆਪ ਅਖਵਾਇੰਦਾ। ਆਪੇ ਜੋਤੀ ਨੂਰ ਉਜਿਆਰਾ, ਅੰਧ ਅੰਧੇਰਾ ਆਪੇ ਆਸਣ ਲਾਇੰਦਾ। ਆਪੇ ਵਸੇ ਸਚਖੰਡ ਦਵਾਰਾ, ਥਿਰ ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਕਲ ਵਰਤਾਇੰਦਾ। ਨਾਨਕ ਪੰਜ ਤੱਤ ਪਿਆਰ, ਕਾਇਆ ਤਨ ਸਮਾਇਆ। ਪੁਰਖ ਅਬਿਨਾਸ਼ੀ ਕਰ ਪਿਆਰ, ਏਕਾ ਦੀਪਕ ਜੋਤੀ ਜੋਤ ਜਗਾਇਆ। ਨਿਰਗੁਣ ਸਰਗੁਣ ਕਰਿਆ ਪਿਆਰ, ਕਰ ਕਿਰਪਾ ਮੇਲ ਮਿਲਾਇਆ। ਇਕ ਸੁਹਾਇਆ ਬੰਕ ਦਵਾਰ, ਦਰ ਘਰ ਸਾਚਾ ਵੇਖ ਵਖਾਇਆ। ਠਾਂਡਾ ਮੀਤਾ ਏਕਓਅੰਕਾਰ, ਆਪਣਾ ਸੰਗ ਨਿਭਾਇਆ। ਅਚਰਜ ਰੀਤਾ ਅਪਰ ਅਪਾਰ, ਏਕਾ ਸ਼ਬਦ ਸੁਣਾਇਆ। ਏਕਾ ਢੋਲਾ ਜੈ ਜੈਕਾਰ, ਏਕਾ ਮੰਗਲ ਗਾਇਆ। ਏਕਾ ਤੋਲਾ ਅਪਰ ਅਪਾਰ, ਦਿਸ ਕਿਸੇ ਨਾ ਆਇਆ। ਨਾ ਕੋਈ ਜਾਣੇ ਕਲਾ ਸੋਲਾਂ, ਅਕਲ ਕਲਾ ਉਠ ਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਮੇਲਾ ਸਾਚੇ ਘਰ, ਦਰ ਦਵਾਰਾ ਇਕ ਸੁਹਾਇਆ। ਨਾਨਕ ਪਾਇਆ ਕੰਤ ਭਤਾਰਾ, ਘਰ ਸਾਚੇ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਮੀਤ ਮੁਰਾਰਾ, ਸਾਚਾ ਸੰਗ ਨਿਭਾਈਆ। ਸ਼ਾਹੋ ਭੂਪ ਸੱਚਾ ਸਿਕਦਾਰਾ, ਧੁਰ ਫ਼ਰਮਾਣਾ ਰਿਹਾ ਜਣਾਈਆ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਸੁਣਾਈਆ। ਏਕਾ ਗਾਵੇ ਏਕਾ ਸੁਣੇ ਸੁਨਣੇਹਾਰਾ, ਦੂਸਰ ਦਿਸ ਕਿਸੇ ਨਾ ਆਈਆ। ਏਕਾ ਵਣਜ ਇਕ ਵਪਾਰਾ, ਏਕਾ ਹੱਟ ਖੁਲ੍ਹਾਈਆ। ਚੌਦਾਂ ਹੱਟਾਂ ਪਾਰ ਕਿਨਾਰਾ, ਚੌਦਾਂ ਤਬਕਾਂ ਭੇਵ ਨਾ ਰਾਈਆ। ਲੋਆਂ ਪੁਰੀਆਂ ਖੇਲ ਨਿਆਰਾ, ਆਪ ਆਪਣੀ ਰਚਨ ਰਚਾਈਆ। ਬ੍ਰਹਮਾ ਵਿਸ਼ਨ ਸ਼ਿਵ ਕਰੇ ਨਿਮਸਕਾਰਾ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਸੋ ਪੁਰਖ ਨਿਰੰਜਣ ਕਿਰਪਾ ਧਾਰਾ, ਕਰ ਕਿਰਪਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਈਆ । ਨਾਨਕ ਮਿਲਿਆ ਪੁਰਖ ਅਕਾਲ, ਅਕਲ ਕਲਾ ਵਡਿਆਈਆ। ਪੁਰਖ ਅਬਿਨਾਸ਼ੀ ਦੀਨ ਦਿਆਲ, ਦਇਆਨਿਧ ਆਪ ਅਖਵਾਈਆ। ਆਪਣਾ ਦੀਪਕ ਆਪੇ ਬਾਲ, ਆਪੇ ਵੇਖ ਵਖਾਈਆ। ਆਪੇ ਮਾਤ ਪਿਤ ਸੁੱਤ ਦੁਲਾਰਾ ਬਣੇ ਲਾਲ, ਆਪੇ ਗੋਦ ਉਠਾਈਆ। ਆਪੇ ਫਲ ਲਗਾਏ ਡਾਲ੍ਹ, ਫਲ ਫੁਲ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਵੱਲੜੀ ਖੇਲ ਆਪਣੀ ਆਪ ਚਲਾਈਆ। ਅਵੱਲੜੀ ਖੇਲ ਪੁਰਖ ਅਗੰਮ, ਆਪਣੀ ਆਪ ਚਲਾਇੰਦਾ। ਹਰਿ ਘਰ ਹਰਿ ਸ਼ਬਦ ਪਿਆ ਜੰਮ, ਮਾਤ ਪਿਤ ਨਾ ਕੋਇ ਦਿਸਾਇੰਦਾ। ਦੋ ਜਹਾਨਾਂ ਜਾਣੇ ਕੰਮ, ਕਰਨੀ ਕਰਤਾ ਕਰਮ ਕਮਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਏਕਾ ਰੰਗ ਸਮਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਬੇੜਾ ਆਪੇ ਬੰਨ੍ਹ, ਆਪੇ ਮਾਤ ਚਲਾਇੰਦਾ। ਬੇੜਾ ਬੰਨ੍ਹ ਪੁਰਖ ਸੁਲਤਾਨ, ਆਪਣੀ ਦਇਆ ਕਮਾਇੰਦਾ। ਲੋਕਮਾਤ ਹੋ ਪਰਧਾਨ, ਵੇਸ ਅਨੇਕਾ ਰੂਪ ਵਟਾਇੰਦਾ। ਸ਼ਬਦ ਜਣਾਈ ਧੁਰ ਫ਼ਰਮਾਣ, ਸਾਚਾ ਹੁਕਮ ਸੁਣਾਇੰਦਾ। ਨਾਨਕ ਮੇਲਾ ਹਰਿ ਮਿਹਰਵਾਨ, ਸਗਲਾ ਸੰਗ ਰਖਾਇੰਦਾ। ਦੇਵਣਹਾਰਾ ਸਾਚਾ ਦਾਨ, ਨਾਮ ਸਤਿ ਝੋਲੀ ਪਾਇੰਦਾ। ਸ਼ਬਦ ਸਰੂਪੀ ਇਕ ਬਬਾਣ, ਦੋ ਜਹਾਨਾਂ ਆਪ ਉਡਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਸਾਚਾ ਹੁਕਮ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਇੰਦਾ। ਨਾਨਕ ਹਰਿ ਰੰਗ ਰਤਿਆ, ਰੰਗੇ ਰੰਗ ਅਨਮੋਲ। ਪੁਰਖ ਅਬਿਨਾਸ਼ੀ ਕਮਲਾਪਤਿਆ, ਕਾਇਆ ਵੇਖੇ ਪੰਜ ਤੱਤ ਖੋਲ। ਏਕਾ ਵਸਤ ਅੰਦਰ ਘੱਤਿਆ, ਆਪੇ ਤੋਲੇ ਸਾਚੇ ਤੋਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਰਖਾਏ ਸਦਾ ਅਡੋਲ। ਅਡੋਲ ਅਡੁਲ ਪੁਰਖ ਕਰਤਾਰ, ਏਕਾ ਏਕ ਅਖਵਾਇਆ। ਖੇਲੇ ਖੇਲ ਅਗੰਮ ਅਪਾਰ, ਭੇਵ ਕਿਸੇ ਨਾ ਪਾਇਆ। ਨਾਨਕ ਨਿਰਗੁਣ ਜੋਤੀ ਪਾਵੇ ਸਾਰ, ਜੋਤੀ ਜੋਤ ਡਗਮਗਾਇਆ। ਆਪ ਆਪਣੀ ਬਖ਼ਸ਼ੇ ਧਾਰ, ਸੁੰਨ ਸਮਾਧ ਨਾ ਕੋਇ ਵਖਾਇਆ। ਏਕਾ ਨਾਦ ਇਕ ਸਿਤਾਰ, ਏਕਾ ਰਿਹਾ ਵਜਾਇਆ। ਏਕਾ ਸੱਜਣ ਮੀਤ ਮੁਰਾਰ, ਏਕਾ ਨਜ਼ਰੀ ਆਇਆ। ਨਾ ਕੋਈ ਦੀਸੇ ਹੋਰ ਦਵਾਰ, ਨਾ ਕੋਈ ਬੰਕ ਸੁਹਾਇਆ। ਸਚਖੰਡ ਵਸੇ ਹਰਿ ਨਿਰੰਕਾਰ, ਜੋਤੀ ਨੂਰ ਡਗਮਗਾਇਆ । ਨਾਨਕ ਵਰ ਘਰ ਪਾਇਆ ਸੋਹਿਆ ਬੰਕ ਦਵਾਰ, ਘਰ ਸੱਜਣ ਵੇਖ ਵਖਾਇਆ। ਸੇਵਾ ਕਰੇ ਸੇਵਕ ਦਰ, ਸਾਚੀ ਸੇਵਾ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਗੁਣ ਹਰਿ ਸਮਝਾਇਆ। ਏਕਾ ਗੁਣ ਹਰਿ ਗਹਿਰ ਗੰਭੀਰ, ਨਾਨਕ ਨਾਮ ਸਮਝਾਈਆ। ਏਕਾ ਅੰਮ੍ਰਿਤ ਏਕਾ ਸੀਰ, ਏਕਾ ਮੁਖ ਚੁਆਈਆ। ਏਕਾ ਮੰਦਰ ਚੋਟੀ ਚੜ੍ਹ ਅਖ਼ੀਰ, ਮਹੱਲ ਅਟੱਲ ਮੁਨਾਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪੇ ਲਾਈਆ। ਸਾਚੀ ਸੇਵਾ ਲੋਕਮਾਤ, ਹਰਿ ਸਾਚਾ ਆਪ ਲਗਾਇੰਦਾ। ਗੁਰ ਨਾਨਕ ਦਿਤੀ ਏਕਾ ਦਾਤ, ਨਾਮ ਸਤਿ ਝੋਲੀ ਪਾਇੰਦਾ। ਚਾਰ ਵਰਨਾਂ ਇਕ ਜਮਾਤ, ਏਕਾ ਪੱਟੀ ਨਾਮ ਪੜ੍ਹਾਇੰਦਾ। ਏਕਾ ਮੇਟਣਹਾਰਾ ਅੰਧੇਰੀ ਰਾਤ, ਸਾਚਾ ਚੰਦ ਇਕ ਚੜ੍ਹਾਇੰਦਾ। ਏਕਾ ਚਰਨ ਕਵਲ ਬੰਧਾਏ ਨਾਤ, ਰਾਮ ਰੂਪ ਇਕ ਅਖਵਾਇੰਦਾ। ਏਕਾ ਖੋਲ੍ਹਣਹਾਰਾ ਤਾਕ, ਬੰਦ ਕਿਵਾੜਾ ਇਕ ਖੁਲ੍ਹਾਇੰਦਾ। ਏਕਾ ਬਣਿਆ ਸਾਚਾ ਸੱਜਣ ਸਾਕ, ਮੀਤ ਮੀਤਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਨਾਨਕ ਵਰ, ਆਪੇ ਖੇਲ ਖਲਾਇੰਦਾ। ਨਾਨਕ ਦੇਵੇ ਧੁਰ ਫ਼ਰਮਾਣ, ਦਿਵਸ ਰੈਣ ਹਰਿ ਜਣਾਈਆ। ਨਾਨਕ ਲੋਕਮਾਤ ਕਰੇ ਪਰਵਾਨ, ਹਰਿ ਭਾਣੇ ਵਿਚ ਸਮਾਈਆ। ਪੁਰਖ ਅਬਿਨਾਸ਼ੀ ਵੇਖੇ ਮਾਰ ਧਿਆਨ, ਥਿਰ ਘਰ ਬੈਠਾ ਬੇਪਰਵਾਹੀਆ। ਨਾਨਕ ਨਿਰਗੁਣ ਹੋਇਆ ਜਾਣੀ ਜਾਣ, ਜਾਨਣਹਾਰ ਆਪ ਹੋ ਜਾਈਆ। ਸਚਖੰਡ ਦਵਾਰੇ ਨਿਗਹਬਾਨ, ਪੁਰਖ ਅਕਾਲ ਰਾਹ ਤਕਾਈਆ। ਨਾਨਕ ਮੇਲਾ ਵਾਲੀ ਦੋ ਜਹਾਨ, ਏਕਾ ਰੰਗ ਸਮਾਈਆ। ਮਿਲਿਆ ਪਦ ਪਦ ਨਿਰਬਾਨ, ਏਕਾ ਦਰ ਵਖਾਈਆ। ਇਕ ਇਕੱਲਾ ਖੇਲ ਮਹਾਨ, ਦੂਜਾ ਆਪਣਾ ਵੇਸ ਧਰਾਈਆ। ਤੀਜਾ ਨੇਤਰ ਨੈਣ ਮਹਾਨ ਆਪਣਾ ਆਪ ਖੁਲ੍ਹਾਈਆ। ਚੌਥੇ ਘਰ ਕਰ ਪਰਵਾਨ, ਸਾਚਾ ਸੋਹਲਾ ਆਪ ਸੁਣਾਈਆ। ਪੰਚਮ ਮੀਤਾ ਹੋ ਪਰਧਾਨ, ਪੰਚਮ ਮੇਲਾ ਸਹਿਜ ਸੁਭਾਈਆ। ਛੇਵਾਂ ਦਰ ਕਰ ਪਰਵਾਨ, ਛੇ ਘਰ ਬੈਠਾ ਸੋਭਾ ਪਾਈਆ। ਸਤਿ ਪੁਰਖ ਨਿਰੰਜਣ ਵਡ ਮਿਹਰਵਾਨ, ਆਪਣੀ ਰਚਨਾ ਆਪ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਫ਼ਰਮਾਣਾ ਰਿਹਾ ਜਣਾਈਆ। ਧੁਰ ਫ਼ਰਮਾਣਾ ਧੁਰ ਦਰਬਾਰ, ਹਰਿ ਸਾਚਾ ਸਚ ਸੁਣਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਵੇਦ ਕਤੇਬ ਭੇਵ ਨਾ ਆਇੰਦਾ। ਚਾਰੇ ਮੁਖ ਨਾ ਸਕੇ ਉਚਾਰ, ਲੇਖਾ ਲੇਖ ਨਾ ਕੋਇ ਜਣਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਨੀ ਕਰਤਾ ਕਾਰ ਕਮਾਇੰਦਾ। ਨਾਨਕ ਮੇਲਾ ਵਿਚ ਸੰਸਾਰ, ਘਰ ਸਾਚਾ ਵੇਖ ਵਖਾਇੰਦਾ। ਸ਼ਬਦ ਢੋਲਾ ਇਕ ਜੈਕਾਰ, ਬੋਲਾ ਇਕ ਸੁਣਾਇੰਦਾ। ਤੋਲਾ ਬਣ ਸਿਰਜਣਹਾਰ, ਸਾਚਾ ਕੰਡਾ ਹੱਥ ਉਠਾਇੰਦਾ। ਪਰਦਾ ਉਹਲਾ ਵਿਚ ਸੰਸਾਰ, ਆਪਣਾ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਵਰ ਦਾਤਾ ਆਪ ਅਖਵਾਇੰਦਾ। ਨਾਨਕ ਸਤਿਗੁਰ ਸੇਵ ਕਮਾਏ, ਹਰਿ ਸਾਚੇ ਸੇਵ ਲਗਾਈਆ। ਗ਼ਰੀਬ ਨਿਮਾਣਿਆਂ ਗਲੇ ਲਗਾਏ, ਆਪ ਆਪਣੀ ਗੋਦ ਉਠਾਈਆ। fਖ਼ਮਾ ਗ਼ਰੀਬੀ ਝੋਲੀ ਪਾਏ, ਚਾਕਰ ਚਾਕਰੀ ਰਿਹਾ ਕਮਾਈਆ। ਪ੍ਰਭ ਅਬਿਨਾਸ਼ੀ ਤੇਰਾ ਸੁਨੇਹੜਾ ਭੁੱਲ ਨਾ ਜਾਏ, ਤੇਰੇ ਅੱਗੇ ਸੀਸ ਝੁਕਾਈਆ। ਤੇਰਾ ਦਾਸ ਕਰ ਅਰਦਾਸ, ਸਵਾਸ ਸਵਾਸ ਰਸਨਾ ਰਿਹਾ ਧਿਆਈਆ। ਸਦਾ ਸੁਹੇਲੇ ਵਸਨਾ ਪਾਸ, ਪ੍ਰਿਥਮੀ ਅਕਾਸ਼ ਚਰਨਾਂ ਹੇਠ ਦਬਾਈਆ। ਗਗਨ ਪਤਾਲ ਨਾ ਹੋਏ ਨਿਰਾਸ਼, ਪੂਰੀ ਆਸ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਪੁਰਖ ਅਬਿਨਾਸ਼ੀ ਧੁਰ ਫ਼ਰਮਾਣਾ, ਨਾਨਕ ਨਾਮ ਸਮਝਾਇੰਦਾ। ਤੇਰਾ ਮੇਰਾ ਏਕਾ ਤਾਣਾ, ਏਕਾ ਪੇਟਾ ਸੂਤ ਵਖਾਇੰਦਾ। ਤੇਰਾ ਮੰਦਰ ਮੇਰਾ ਗਾਣਾ, ਤੇਰੀ ਸਤਾਰ ਵਜਾਇੰਦਾ। ਮੇਰਾ ਸ਼ਬਦ ਤੇਰਾ ਬਬਾਣਾ, ਤੇਰਾ ਨਾਮ ਸੁਘੜ ਸਿਆਣਾ, ਲੋਕਮਾਤ ਸਮਝਾਇੰਦਾ। ਤੇਰਾ ਰੂਪ ਹਰਿ ਪਛਾਣਾ, ਹਰਿ ਕਾ ਰੂਪ ਨਾਨਕ ਅਖਵਾਣਾ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਮੇਰਾ ਤੀਰ ਤੇਰੀ ਕਮਾਨਾ, ਤੇਰਾ ਚਿੱਲਾ ਤੇਰੀ ਰਸਨ ਚੜ੍ਹਾਇੰਦਾ। ਤੇਰਾ ਖੇਲ ਦੋ ਜਹਾਨਾਂ, ਵੇਖਣਹਾਰ ਸ੍ਰੀ ਭਗਵਾਨਾ, ਕਲਜੁਗ ਅੰਤਮ ਵੇਸ ਵਟਾਇੰਦਾ। ਆਦਿ ਜੁਗਾਦੀ ਦੇਵਣਹਾਰਾ ਧੁਰ ਫ਼ਰਮਾਣਾ, ਸਚ ਸੁਨੇਹੜਾ ਇਕ ਘਲਾਇੰਦਾ। ਨਾਨਕ ਨਿਉਂ ਨਿਉਂ ਕਰ ਪਰਵਾਨਾ, ਲੋਕਮਾਤ ਮਾਰਗ ਲਾਇੰਦਾ। ਲੇਖਾ ਲਿਖੇ ਲੇਖ ਮਹਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ ਨਰ ਨਰੇਸ਼ ਜੋਤੀ ਜੋਤ ਹੋ ਪਰਵੇਸ਼, ਸ਼ਬਦ ਤਰਾਨਾ ਇਕ ਸੁਣਾਇੰਦਾ। ਸ਼ਬਦ ਤਰਾਨਾ ਸਾਚਾ ਗੀਤ, ਹਰਿ ਹਰਿ ਆਪ ਉਪਜਾਈਆ। ਨਾ ਕੋਈ ਮੰਦਰ ਨਾ ਮਸੀਤ, ਨਾਨਕ ਕਾਇਆ ਗੜ੍ਹ ਸੁਹਾਈਆ। ਪੁਰਖ ਅਬਿਨਾਸ਼ੀ ਇਕ ਅਤੀਤ, ਮੇਲ ਮਿਲਾਵੇ ਸਾਚਾ ਮਾਹੀਆ। ਆਦਿ ਜੁਗਾਦੀ ਠੰਡਾ ਸੀਤ, ਤੱਤਵ ਤੱਤ ਨਾ ਕੋਇ ਰਖਾਈਆ। ਕਰੇ ਕਰਾਏ ਪਤਿਤ ਪੁਨੀਤ, ਪਤਿਤ ਪਾਪੀ ਆਪ ਤਰਾਈਆ। ਲੱਖ ਚੁਰਾਸੀ ਆਪੇ ਜੀਤ, ਗੁਰ ਸਤਿਗੁਰ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਦਿਤਾ ਸਾਚਾ ਵਰ, ਏਕਾ ਸ਼ਬਦ ਜਣਾਈਆ। ਨਾਨਕ ਸ਼ਬਦ ਨਾਮ ਧੁਨਕਾਰਾ, ਹਰਿ ਸਤਿਗੁਰ ਆਪ ਸੁਣਾਇੰਦਾ। ਲੋਕਮਾਤ ਵਣਜ ਵਣਜਾਰਾ, ਏਕਾ ਵਣਜ ਕਰਾਇੰਦਾ। ਏਕਾ ਨੂਰ ਨੂਰ ਉਜਿਆਰਾ, ਏਕਾ ਜੋਤ ਜੋਤ ਡਗਮਗਾਇੰਦਾ। ਏਕਾ ਮੰਦਰ ਇਕ ਦਵਾਰਾ, ਏਕਾ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਾਨਕ ਅੰਤਰ ਹਰਿ ਧਿਆਨ, ਏਕਾ ਹਰਿ ਲਿਵ ਲਾਈਆ। ਪੁਰਖ ਅਬਿਨਾਸ਼ੀ ਮਿਹਰਵਾਨ, ਸਚਖੰਡ ਬੈਠਾ ਡੇਰਾ ਲਾਈਆ। ਨਿਰਗੁਣ ਵਸੇ ਸਚ ਮਕਾਨ, ਦੀਵਾ ਬਾਤੀ ਨਾ ਕੋਇ ਰਖਾਈਆ। ਨਿਰਗੁਣ ਜੋਤੀ ਜਗੇ ਮਹਾਨ, ਆਦਿ ਨਿਰੰਜਣ ਆਪ ਜਗਾਈਆ। ਸਚ ਸਿੰਘਾਸਣ ਕਰ ਪਰਵਾਨ, ਬੈਠਾ ਆਸਣ ਲਾਈਆ । ਸ਼ਬਦੀ ਸ਼ਬਦ ਧੁਰ ਫ਼ਰਮਾਣ, ਸਾਚਾ ਹੁਕਮ ਜਣਾਈਆ। ਨਾਨਕ ਲੋਕਮਾਤ ਕਰ ਪਰਵਾਨ, ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਅਵਗੁਣ ਨਾ ਕੋਇ ਵਖਾਈਆ। ਨਾਨਕ ਮੰਨਿਆ ਧੁਰ ਫ਼ਰਮਾਣਾ, ਏਕਾ ਤੋਲਾ ਤੋਲ ਤੁਲਾਇੰਦਾ। ਏਕਾ ਦਰ ਇਕ ਦਰਬਾਨਾ, ਏਕਾ ਘਰ ਸੁਹਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਰਾਇੰਦਾ। ਨਾਨਕ ਤੋਲਾ ਆਪੇ ਤੋਲ, ਹਰਿ ਸਾਚੇ ਸੇਵਾ ਲਾਈਆ। ਸੋਹੰ ਗਾਏ ਸਾਚਾ ਢੋਲਾ ਢੋਲ, ਆਪ ਆਪਣੇ ਮੁਖ ਸਲਾਹੀਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਤੇਰੇ ਦਰ ਬਣਿਆ ਗੋਲਾ ਗੋਲ, ਘਰ ਸਾਚੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਬੇਪਰਵਾਹੀਆ। ਨਾਨਕ ਬਣਿਆ ਨਿਰਗੁਣ ਗੋਲਾ, ਸਰਗੁਣ ਪੰਜ ਤੱਤ ਹੰਢਾਇਆ। ਆਪਣੀ ਰਸਨਾ ਹਰਿ ਹਰਿ ਬੋਲਾ, ਏਕਾ ਢੋਲਾ ਸੋਹੰ ਗਾਇਆ। ਜੀਵਾਂ ਜੰਤਾਂ ਸੁਣਾਇਆ ਸੋਹਲਾ, ਸਤਿਨਾਮ ਮੰਤਰ ਦ੍ਰਿੜਾਇਆ। ਆਪੇ ਹਰਿ ਜੂ ਵਸੇ ਕੋਲਾ, ਨੇੜਾ ਦੂਰ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਆਪ ਮਿਲਾਇਆ। ਨਾਨਕ ਗੋਲਾ ਬਣਿਆ ਹਰਿ ਨਿਰੰਕਾਰ, ਆਪਣੀ ਸੇਵਾ ਆਪ ਕਮਾਈਆ। ਸ੍ਰਿਸ਼ਟ ਸਬਾਈ ਕਰਿਆ ਖ਼ਬਰਦਾਰ, ਬਿਨ ਹਰਿ ਅਵਰ ਨਾ ਦੀਸੇ ਕੋਈ, ਇਸ਼ਟ ਦੇਵ ਨਾ ਕੋਇ ਜਣਾਈਆ। ਸੋ ਪੁਰਖ ਨਿਰੰਜਣ ਏਕਾ ਹੋਈ, ਏਕਓਅੰਕਾਰਾ ਨਾਉਂ ਰਖਾਈਆ। ਦੋ ਜਹਾਨਾਂ ਦੇਵੇ ਢੋਈ, ਏਥੇ ਓਥੇ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਬੂਝ ਬੁਝਾਈਆ। ਨਾਨਕ ਗੋਲਾ ਦਰ ਦਰਵੇਸ਼, ਹਉਂਮੇ ਗੜ੍ਹ ਤੁੜਾਇਆ। ਪੁਰਖ ਅਬਿਨਾਸ਼ੀ ਆਪੇ ਪੇਖ, ਆਪਣਾ ਸੀਸ ਝੁਕਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਲਿਖਣਹਾਰਾ ਲੇਖ, ਨਾਨਕ ਲੇਖਾ ਆਪਣੇ ਹੱਥ ਰਖਾਇਆ। ਲੋਕਮਾਤ ਕਰ ਆਦੇਸ਼, ਸਚ ਸੰਦੇਸ਼ ਇਕ ਸੁਣਾਇਆ। ਪਾਏ ਸਾਰ ਰਿਖੀ ਕੇਸ, ਕਲਜੁਗ ਕੂੜ ਗੋਵਰਧਨ ਹੱਥ ਉਠਾਇਆ। ਏਕਾ ਜੋਤੀ ਨੂਰ ਦਸ ਦਸਮੇਸ਼, ਨੂਰੋ ਨੂਰ ਡਗਮਗਾਇਆ। ਘਰ ਸਾਚੇ ਗੋਲਾ ਬਣਿਆ ਹਮੇਸ਼, ਗੁਰਮੁਖਾਂ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵੇ ਆਪਣਾ ਵਰ, ਆਪੇ ਪੂਰ ਕਰਾਇਆ। ਆਪੇ ਵਰ ਘਰ ਦਾਤਾ ਦੇਵਣਹਾਰ, ਆਪੇ ਪੂਰ ਕਰਾਈਆ। ਆਦਿ ਜੁਗਾਦਿ ਆਪੇ ਵੇਖਣਹਾਰ, ਮਧ ਆਪੇ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਨਾਨਕ ਨਿਰਗੁਣ ਅੰਦਰ ਵੜ, ਸਤਿ ਸਤਿ ਲਾਈ ਜੜ੍ਹ, ਆਪਣੀ ਵਿਦਿਆ ਆਪੇ ਪੜ੍ਹ, ਆਪੇ ਕਰੇ ਪੜ੍ਹਾਈਆ। ਥਿਰ ਘਰ ਠਾਂਡਾ ਹਰਿ ਦਰਬਾਰ, ਹਰਿ ਸਾਚੇ ਆਪ ਉਪਾਇਆ। ਦੀਵਾ ਬਾਤੀ ਕਰ ਉਜਿਆਰ, ਆਪਣਾ ਦਰ ਸੁਹਾਇਆ। ਲੋਕਮਾਤੀ ਖੇਲ ਅਪਾਰ, ਹਰਿ ਸੰਤਨ ਮੇਲ ਮਿਲਾਇਆ। ਭਗਤਨ ਦੇਵੇ ਨਾਮ ਆਧਾਰ, ਭਗਤ ਭਗਤੀ ਵੇਖ ਵਖਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇਆ। ਏਕਾ ਸ਼ਬਦ ਨਾਮ ਜੈਕਾਰ, ਸਾਚਾ ਨਾਅਰਾ ਇਕ ਸੁਣਾਇਆ। ਅੰਤਮ ਵੇਲੇ ਪਾਏ ਸਾਰ, ਗੁਰਮੁਖ ਸਾਜਣ ਲਏ ਤਰਾਇਆ। ਸਚਖੰਡ ਦਵਾਰੇ ਖੋਲ੍ਹ ਕਿਵਾੜ, ਗੁਰਮੁਖਾਂ ਰਾਹ ਵਖਾਇਆ। ਮੇਟਣਹਾਰਾ ਪੰਚਮ ਧਾੜ, ਜੂਠਾ ਝੂਠਾ ਮੋਹ ਚੁਕਾਇਆ। ਆਪਣੀ ਕਿਰਪਾ ਆਪੇ ਧਾਰ, ਗੁਰਸਿਖ ਸੱਜਣ ਥਿਰ ਘਰ ਸਾਚੇ ਲਏ ਬਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੁਵਾਰਾ ਇਕ ਸੁਹਾਇਆ। ਸਤਿਗੁਰ ਪੂਰਾ ਸਵਾਰੇ ਕਾਜ, ਲੋਕਮਾਤ ਵੱਡੀ ਵਡਿਆਈਆ। ਗੁਰਮੁਖਾਂ ਮਾਰੇ ਇਕ ਅਵਾਜ਼, ਸ਼ਬਦੀ ਰਾਗ ਸੁਣਾਈਆ। ਅੰਤਮ ਅੰਤ ਰੱਖੇ ਲਾਜ, ਰਾਏ ਧਰਮ ਨਾ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਤਰਾਈਆ। ਗੁਰਮੁਖ ਸਾਚੇ ਤਾਰਨਹਾਰਾ, ਸਤਿਗੁਰ ਪੂਰਾ ਆਪ ਸਮਰਥ। ਆਪੇ ਕਰਾਏ ਪਾਰ ਕਿਨਾਰਾ, ਆਪੇ ਰੱਖੇ ਦੇ ਕਰ ਹੱਥ। ਆਪੇ ਦੇਵੇ ਨਾਮ ਸਹਾਰਾ, ਆਪ ਜਣਾਏ ਕਥਾ ਕਥਨੀ ਅਕੱਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਚੜ੍ਹਾਏ ਆਪਣੇ ਰਥ। ਆਪਣੇ ਰਥ ਆਪ ਚੜ੍ਹਾ, ਆਪਣੀ ਦਇਆ ਕਮਾਇੰਦਾ। ਦੂਤੀ ਦੁਸ਼ਟ ਦਏ ਖਪਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਸਾ ਤ੍ਰਿਸ਼ਨਾ ਦਏ ਮਿਟਾ, ਹਉਮੇ ਹੰਗਤਾ ਰੋਗ ਗਵਾਇੰਦਾ। ਅੰਮ੍ਰਿਤ ਆਤਮ ਜਾਮ ਪਿਆ, ਅਗਨੀ ਤੱਤ ਬੁਝਾਇੰਦਾ। ਅਨਹਦ ਰਾਗ ਆਪ ਸੁਣਾ, ਧੁਨੀ ਨਾਦ ਸਚ ਵਜਾਇੰਦਾ। ਪੰਚਮ ਸਖੀਆਂ ਖੇਲ ਖਲਾ, ਵਾਹਵਾ । ਸ਼ਬਦ ਦੇਵੇ ਸਾਚੀ ਦਾਤ, ਚੋਰ ਯਾਰ ਕੋਈ ਲੁੱਟ ਨਾ ਜਾਈਆ। ਸਰਨ ਸਰਨਾਈ ਹਰਿ ਭਗਵਾਨ, ਏਕਾ ਏਕ ਵਖਾਈਆ। ਮੇਲ ਮਿਲਾਵਾ ਗੋਪੀ ਕਾਹਨ, ਸੁਰਤ ਸ਼ਬਦ ਕਰੇ ਕੁੜਮਾਈਆ। ਥਿਰ ਘਰ ਵਸਣਾ ਸਚ ਮਕਾਨ, ਆਪ ਬਠਾਏ ਬੇਪਰਵਾਹੀਆ। ਸਤਿਗੁਰ ਕਾਜ ਸੁਵਾਰੇ ਵਿਚ ਜਹਾਨ, ਪੂਰੇ ਗੁਰ ਹੱਥ ਵਡਿਆਈਆ। ਸ਼ਾਹ ਸੁਲਤਾਨਾ ਪਾਏ ਆਣ, ਆਪਣਾ ਹੁਕਮ ਜਣਾਈਆ। ਗੁਰਮੁਖਾਂ ਵੇਖੇ ਮਾਰ ਧਿਆਨ, ਅੰਮ੍ਰਿਤ ਆਤਮ ਜਾਮ ਪਿਆਈਆ। ਨਿਰਭੈ ਵਖਾਏ ਇਕ ਨਿਸ਼ਾਨ, ਅਮਰਾਪਦ ਵਖਾਈਆ। ਏਕਾ ਏਕ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਈਆ। ਸਾਧ ਸੰਗਤ ਵਿਟਹੁ ਕੁਰਬਾਨ, ਹਰਿ ਸੰਗਤ ਮੇਲ ਮਿਲਾਈਆ। ਸਰਨ ਸਰਨਾਈ ਚਰਨ ਧਿਆਨ, ਏਕਾ ਮਤ ਸਮਝਾਈਆ। ਏਕਾ ਓਟ ਵਾਲੀ ਦੋ ਜਹਾਨ, ਦੂਸਰ ਸੀਸ ਨਾ ਕਿਸੇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਦੇਵੇ ਵਰ, ਅਜੂਨੀ ਰਹਿਤ ਵੱਡੀ ਵਡਿਆਈਆ। ਅਜੂਨੀ ਰਹਿਤ ਖੇਲ ਅਪਾਰਾ, ਹਰਿ ਹਰਿ ਆਪ ਕਰਾਇੰਦਾ। ਏਕਾ ਸਾਹਿਬ ਪੁਰਖ ਕਰਤਾਰਾ, ਕਰਨਹਾਰ ਅਖਵਾਇੰਦਾ। ਲੱਖ ਚੁਰਾਸੀ ਕਰ ਪਸਾਰਾ, ਘਟ ਘਟ ਆਸਣ ਲਾਇੰਦਾ। ਪੰਜ ਤੱਤ ਤੱਤ ਆਧਾਰਾ, ਪੰਜ ਪੰਜ ਮੇਲ ਮਿਲਾਇੰਦਾ। ਪੰਚਮ ਭਰੇ ਸ਼ਬਦ ਭੰਡਾਰਾ, ਪੰਚਮ ਦਰ ਸੁਹਾਇੰਦਾ। ਪੰਚਮ ਦੇਵੇ ਇਕ ਅਧਾਰਾ, ਪੰਚਮ ਏਕਾ ਮਾਰਗ ਲਾਇੰਦਾ। ਪੰਚਮ ਨੂਰ ਕਰ ਉਜਿਆਰਾ, ਪੰਚਮ ਪੰਚਮ ਡਗਮਗਾਇੰਦਾ। ਪੰਚਮ ਧੁਨ ਸੱਚੀ ਧੁਨਕਾਰਾ, ਪੰਚਮ ਸ਼ਬਦੀ ਰਾਗ ਅਲਾਇੰਦਾ। ਪੰਚਮ ਮੇਲਾ ਧੁਰ ਦਰਬਾਰਾ, ਪੰਚਮ ਬੰਕ ਸੁਹਾਇੰਦਾ। ਪੰਚਮ ਸੱਜਣ ਮੀਤ ਮੁਰਾਰਾ, ਪੰਚਮ ਵੇਖ ਵਖਾਇੰਦਾ। ਪੰਚਮ ਬੋਲ ਇਕ ਜੈਕਾਰਾ, ਏਕਾ ਮੰਗਲ ਗਾਇੰਦਾ। ਪੰਜਮ ਠਾਂਡਾ ਸੀਤਾ ਦਰ ਦਰਬਾਰਾ, ਏਕਾ ਘਰ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਪੰਚਮ ਰੂਪ ਵਟਾਇੰਦਾ। ਪੰਚਮ ਵੇਖੇ ਖੇਲ ਅਪਾਰ, ਪੰਚਮ ਰੰਗ ਰੰਗਾਈਆ। ਪੰਚਮ ਕਾਮ ਕਰੋਧ ਲੋਭ ਮੋਹ ਹੰਕਾਰ, ਪੰਚਮ ਨਾਰ ਵਿਭਚਾਰ ਹੰਢਾਈਆ। ਪੰਚਮ ਨਾਤਾ ਜੋੜ ਸੰਸਾਰ, ਪੰਚਮ ਮਾਇਆ ਬੰਧਨ ਪਾਈਆ। ਪੰਚਮ ਕੂੜ ਕੂੜਾ ਸਿਕਦਾਰ, ਪੰਚਮ ਜੂਠ ਝੂਠ ਕਰੇ ਕੁੜਮਾਈਆ। ਪੰਚਮ ਵਖਾਏ ਗੜ੍ਹ ਹੰਕਾਰ, ਪੰਚਮ ਬੈਠਾ ਆਸਣ ਲਾਈਆ। ਪੰਚਮ ਕਰੇ ਹਾਹਾਕਾਰ, ਪੰਚਮ ਰੋ ਰੋ ਨੀਰ ਵਹਾਈਆ। ਪੰਚਮ ਸੁਣੇ ਨਾ ਕੋਈ ਪੁਕਾਰ, ਪੰਚਮ ਥਾਨ ਨਾ ਕੋਇ ਸੁਹਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਪੰਚਮ ਪੰਚਮ ਸੰਗ ਨਿਭਾਈਆ। ਪੰਚਮ ਮੀਤਾ ਇਕ ਅਤੀਤਾ, ਪੰਚਮ ਰੰਗ ਰੰਗਾਇੰਦਾ। ਪੰਚਮ ਹਸਤ ਪੰਚਮ ਕੀਟਾ, ਪੰਚਮ ਏਕਾ ਸੰਗ ਵਖਾਇੰਦਾ। ਪੰਚਮ ਵਸੇ ਧਾਮ ਅਨਡੀਠਾ, ਲੋਕਮਾਤ ਦਿਸ ਕਿਸੇ ਨਾ ਆਇੰਦਾ। ਪੰਚਮ ਰਸ ਦੇਵੇ ਮੀਠਾ, ਅੰਮ੍ਰਿਤ ਜਾਮ ਮੁਖ ਪਿਆਇੰਦਾ। ਪੰਚਮ ਕੌੜਾ ਕਰਿਆ ਰੀਠਾ, ਫਲ ਸਚ ਨਾ ਕੋਇ ਵਖਾਇੰਦਾ। ਪੰਚਮ ਹਰਿ ਹਰਿ ਵਸਿਆ ਚੀਤਾ, ਪੰਚਮ ਮੁਖ ਭੁਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੋੜੇ ਪੰਚਮ ਤੋੜੇ, ਪੰਚਮ ਵੇਖ ਵਖਾਇੰਦਾ। ਪੰਚਮ ਮਾਰੇ ਮਾਰ, ਸਤਿਗੁਰ ਪੂਰੇ ਹੱਥ ਵਡਿਆਈਆ। ਪੰਚਮ ਦੇਵੇ ਸੱਚੀ ਧੁਨਕਾਰ, ਆਪਣਾ ਰਾਗ ਸੁਣਾਈਆ। ਦੋਹਾਂ ਵਿਚੋਲਾ ਹਰਿ ਨਿਰੰਕਾਰ, ਆਪਣੀ ਕਰਨੀ ਰਿਹਾ ਕਮਾਈਆ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਧੂੜੀ ਟਿੱਕਾ ਮਸਤਕ ਲਾਈਆ। ਕੱਟੇ ਲੋਭ ਕਾਮ ਕਰੋਧ ਹਉਮੇ ਹੰਕਾਰ, ਜੋ ਜਨ ਨਿਉਂ ਨਿਉਂ ਸੀਸ ਝੁਕਾਈਆ। ਫੜ ਫੜ ਬਾਹੋਂ ਜਾਏ ਤਾਰ, ਸਤਿਗੁਰ ਪੂਰੇ ਹੱਥ ਵਡਿਆਈਆ। ਜਗਤ ਵਿਕਾਰਾ ਨਾ ਕਰੇ ਖ਼ਵਾਰ, ਆਸਾ ਤ੍ਰਿਸ਼ਨਾ ਨਾ ਹੋਏ ਹਲਕਾਈਆ। ਹਉਮੇ ਹੰਗਤਾ ਰੋਗ ਦਏ ਨਿਵਾਰ, ਸਾਚੀ ਸੰਗਤਾ ਮੇਲ ਮਿਲਾਈਆ। ਜੋ ਜਨ ਭੁੱਖਾ ਨੰਗਤਾ ਆਏ ਦਰ ਦਰਬਾਰ, ਨਾਮ ਬਸਤਰ ਭੂਸ਼ਨ ਤਨ ਬਸਤਰ ਏਕਾ ਪਾਈਆ । ਜੋ ਜਨ ਮੰਗੇ ਬਣ ਭਿਖਾਰ, ਸਾਚੀ ਵਸਤ ਆਤਮ ਅੰਤਰ ਏਕਾ ਝੋਲੀ ਪਾਈਆ। ਜੋ ਜਨ ਮੰਗੇ ਦਰਸ ਦੀਦਾਰ, ਤੀਜਾ ਲੋਚਣ ਖੋਲ੍ਹ ਵਖਾਈਆ। ਜੋ ਜਨ ਮੰਗੇ ਚਰਨ ਪਿਆਰ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਜੋ ਜਨ ਮੰਗੇ ਮੰਗ ਦਰਦ ਦੁੱਖ ਦਏ ਨਿਵਾਰ, ਰੋਗ ਸੋਗ ਚਿੰਤਾ ਰਹਿਣ ਨਾ ਪਾਈਆ। ਜੋ ਜਨ ਮੰਗੇ ਜੋਗ ਵਿਚ ਸੰਸਾਰ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੋ ਜਨ ਮੇਟੇ ਸੋਗ ਅੰਤਮ ਵਾਰ, ਆਪਣੀ ਗੋਦ ਲਏ ਉਠਾਈਆ। ਚਾਰ ਵਰਨਾਂ ਸਾਂਝਾ ਯਾਰ, ਏਕਓਅੰਕਾਰਾ ਆਪ ਅਖਵਾਈਆ। ਰਾਮਾ ਕ੍ਰਿਸ਼ਨਾ ਆਪ ਅਵਤਾਰ, ਈਸਾ ਮੂਸਾ ਸੰਗ ਮੁਹੰਮਦ ਕਰੇ ਪਿਆਰ, ਅੱਲਾ ਰਾਣੀ ਵੇਖ ਵਖਾਈਆ। ਨਾਨਕ ਗੋਬਿੰਦ ਏਕਾ ਧਾਰ, ਦੂਜਾ ਦਰ ਨਾ ਕੋਇ ਸੁਹਾਈਆ। ਵੇਦ ਪੁਰਾਨਾਂ ਪਾਵੇ ਸਾਰ, ਸ਼ਾਸਤਰ ਸਿਮਰਤ ਫੋਲ ਫੁਲਾਈਆ। ਗੀਤਾ ਗਿਆਨ ਦਏ ਅਧਾਰ, ਏਕਾ ਭਗਤ ਵੱਡੀ ਵਡਿਆਈਆ। ਅੰਜੀਲ ਕੁਰਾਨਾਂ ਦਏ ਹੁਲਾਰ, ਆਪਣਾ ਪਰਦਾ ਆਪੇ ਲਾਹੀਆ। ਬਾਣੀ ਖਾਣੀ ਵੇਖ ਵਿਚਾਰ, ਏਕਾ ਧਾਰ ਰਿਹਾ ਚਲਾਈਆ। ਕਲਜੁਗ ਅੰਤਮ ਖੇਲ ਅਪਾਰ, ਜੋਤੀ ਜਾਮਾ ਭੇਖ ਵਟਾਈਆ। ਪਾਰਬ੍ਰਹਮ ਬੇਐਬ ਪਰਵਰਦਿਗਾਰ, ਰਾਮ ਰਹੀਮ ਆਪ ਅਖਵਾਈਆ। ਖ਼ਾਲਕ ਖ਼ਲਕ ਵਿਚ ਰਿਹਾ ਪਸਾਰ, ਨੂਰੋ ਨੂਰ ਨੂਰ ਇਲਾਹੀਆ। ਆਪੇ ਨਾਮ ਆਪ ਜੈਕਾਰ, ਆਪੇ ਢੋਲਾ ਸੋਹਲਾ ਗਾਈਆ। ਆਪੇ ਭਗਤਾਂ ਕਰੇ ਪਿਆਰ, ਆਪੇ ਹਰਿਜਨ ਲਏ ਜਗਾਈਆ। ਆਪੇ ਗੁਰਮੁਖ ਸਾਜਣ ਜਾਏ ਤਾਰ, ਸ਼ੌਹ ਦਰਯਾ ਨਾ ਕੋਇ ਰੁੜ੍ਹਾਈਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਈਆ। ਗੁਰਮੁਖਾਂ ਉਤੋਂ ਆਪਣਾ ਆਪ ਦਿਤਾ ਵਾਰ, ਸੀਸ ਜਗਦੀਸ਼ ਭੇਟ ਚੜ੍ਹਾਈਆ। ਗੁਰਮੁਖ ਸੁਹਾਗਣ ਏਕਾ ਨਾਰ, ਹਰਿ ਸਾਚੇ ਕੰਤ ਪਰਨਾਈਆ। ਲੱਖ ਚੁਰਾਸੀ ਦੁਹਾਗਣ ਹੋਏ ਖੁਵਾਰ, ਕੰਤ ਕੰਤੂਹਲ ਨਾ ਅੰਗ ਲਗਾਈਆ। ਗੁਰਮੁਖ ਵੈਰਾਗਣ ਰੋਵੇ ਧਾਹਾਂ ਮਾਰ, ਦਿਵਸ ਰੈਣ ਰਹੀ ਕੁਰਲਾਈਆ। ਸੋਏ ਜਾਗਣ ਇਕ ਵਿਹਾਰ, ਸੁਫ਼ਨ ਸਖੋਪਤ ਜਾਗਰਤ ਤੁਰੀਆ ਸਤਿਗੁਰ ਏਕਾ ਘਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਪਣਾ ਵਰ, ਸੋ ਜਨ ਵਿਛੜ ਕਦੇ ਨਾ ਜਾਈਆ। ਇਕ ਇਕੱਲਾ ਏਕਓਅੰਕਾਰ, ਆਦਿ ਜੁਗਾਦਿ ਸਮਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਈਆ। ਜੋਤੀ ਨੂਰੋ ਨੂਰ ਉਜਿਆਰ, ਨਿਰਗੁਣ ਦਾਤਾ ਬੇਪਰਵਾਹੀਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਦਿਸ ਕਿਸੇ ਨਾ ਆਈਆ। ਸੱਚਾ ਮੰਦਰ ਹਰਿ ਦਵਾਰ, ਸਚਖੰਡ ਦਵਾਰਾ ਇਕ ਸੁਹਾਈਆ। ਥਿਰ ਘਰ ਸੋਹੇ ਬੰਕ ਦਵਾਰ, ਆਪ ਆਪਣਾ ਵੇਖ ਵਖਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਸਚ ਸੁਲਤਾਨਾ ਆਪ ਅਖਵਾਈਆ। ਕਮਲਾਪਾਤੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਈਆ। ਦੀਵਾ ਬਾਤੀ ਕਰ ਤਿਆਰ, ਏਕਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਬਿਨਾਸ਼ੀ ਕਰਤਾ ਆਪ ਅਖਵਾਈਆ । ਏਕਓਅੰਕਾਰਾ ਖੇਲ ਅਪਾਰਾ, ਆਦਿ ਜੁਗਾਦਿ ਸਮਾਇੰਦਾ। ਆਪੇ ਵਸੇ ਧਾਮ ਨਿਆਰਾ, ਨੇਹਚਲ ਧਾਮ ਅਟੱਲ ਇਕ ਵਖਾਇੰਦਾ। ਨਾ ਕੋਈ ਦਿਸੇ ਚਾਰ ਦੀਵਾਰਾ, ਛੱਪਰ ਛੰਨ ਨਾ ਕੋਇ ਸੁਹਾਇੰਦਾ। ਰਵ ਸਸ ਨਾ ਕੋਇ ਸਤਾਰਾ, ਮੰਡਲ ਮੰਡਪ ਨਾ ਕੋਇ ਵਖਾਇੰਦਾ। ਪ੍ਰਿਥਮੀ ਅਕਾਸ਼ ਨਾ ਕੋਇ ਸਹਾਰਾ, ਬ੍ਰਹਿਮੰਡ ਖੰਡ ਨਾ ਰਚਨ ਰਚਾਇੰਦਾ। ਵਿਸ਼ਨ ਸ਼ਿਵ ਨਾ ਕੋਇ ਅਕਾਰਾ, ਬ੍ਰਹਮਾ ਵੇਦ ਨਾ ਕੋਇ ਲਿਖਾਇੰਦਾ। ਕਰੋੜ ਤੇਤੀਸ ਨਾ ਬੰਨ੍ਹੇ ਧਾਰਾ, ਸੁਰਪਤ ਰਾਜਾ ਇੰਦ ਨਾ ਕੋਇ ਸੁਹਾਇੰਦਾ। ਗਣ ਗੰਧਰਬ ਨਾ ਕੋਇ ਜੈਕਾਰਾ, ਕਿਨਰ ਜਛਪ ਨਾ ਵੇਖ ਵਖਾਇੰਦਾ। ਲੋਆਂ ਪੁਰੀਆਂ ਨਾ ਕੋਇ ਆਕਾਰਾ, ਥਾਨ ਥਨੰਤਰ ਨਾ ਭੇਵ ਛੁਪਾਇੰਦਾ। ਤ੍ਰੈਗੁਣ ਮਾਇਆ ਨਾ ਕੋਇ ਪਸਾਰਾ, ਪੰਜ ਤੱਤ ਨਾ ਕੋਇ ਹੰਢਾਇੰਦਾ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਨਾ ਕੋਇ ਉਜਿਆਰਾ, ਰਕਤ ਬੂੰਦ ਨਾ ਮੇਲ ਮਿਲਾਇੰਦਾ। ਨੌ ਦਰ ਨਾ ਕੋਇ ਕਿਵਾੜਾ, ਦਸਵਾਂ ਘਰ ਨਾ ਕੋਇ ਸੁਹਾਇੰਦਾ। ਨਾ ਕੋਈ ਦਿਸੇ ਪੰਚਮ ਧਾੜਾ, ਪੰਚਮ ਰਾਗ ਨਾ ਕੋਇ ਅਲਾਇੰਦਾ। ਨਾ ਕੋਈ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਨਾ ਕੋਇ ਵਖਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਾ ਕੋਈ ਸੇਜ ਹੰਢਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰਾ, ਸਾਕ ਸੈਣ ਨਾ ਕੋਇ ਅਖਵਾਇੰਦਾ। ਨਾ ਕੋਈ ਪੂਤ ਸਪੂਤਾ ਸੁੱਤ ਦੁਲਾਰਾ, ਨਾ ਕੋਈ ਗੋਦ ਸੁਹਾਇੰਦਾ। ਨਾ ਕੋਈ ਵਣਜ ਨਾ ਵਣਜਾਰਾ, ਨਾ ਕੋਈ ਹੱਟ ਖੁਲ੍ਹਾਇੰਦਾ। ਨਾ ਕੋਈ ਸ਼ਬਦ ਨਾ ਜੈਕਾਰਾ, ਨਾ ਕੋਈ ਰਸਨਾ ਜਿਹਵਾ ਗਾਇੰਦਾ। ਨਾ ਕੋਈ ਗੁਰ ਪੀਰ ਦਿਸੇ ਅਵਤਾਰਾ, ਸਾਧ ਸੰਤ ਨਾ ਕੋਇ ਜਣਾਇੰਦਾ। ਨਾ ਕੋਈ ਲੋਕਮਾਤ ਕਰੇ ਪਸਾਰਾ, ਨਵ ਸਤ ਨਾ ਵੰਡ ਵੰਡਾਇੰਦਾ। ਇਕ ਇਕੱਲਾ ਏਕਓਅੰਕਾਰਾ, ਘਰ ਆਪਣੇ ਸੋਭਾ ਪਾਇੰਦਾ। ਆਪੇ ਜਾਣੇ ਆਪਣੀ ਧਾਰਾ, ਆਪਣੀ ਕਲ ਵਰਤਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰਾ, ਅਗੰਮੜੀ ਕਾਰ ਕਰਾਇੰਦਾ। ਸਚਖੰਡ ਸੋਹੇ ਬੰਕ ਦਵਾਰਾ, ਬੰਕ ਦਵਾਰੀ ਵੇਖ ਵਖਾਇੰਦਾ। ਥਿਰ ਘਰ ਸਾਚੇ ਸਚ ਸਿੰਘਾਸਣ ਨਿਰਗੁਣ ਧਾਰਾ, ਪਾਵਾ ਚੂਲ ਨਾ ਕੋਇ ਬਣਾਇੰਦਾ। ਆਪੇ ਘੜੇ ਘੜਣੇਹਾਰਾ, ਨਾ ਕੋਈ ਬਾਢੀ ਸੰਗ ਰਖਾਇੰਦਾ। ਆਪੇ ਸ਼ਾਹ ਸੁਲਤਾਨ ਭੂਪ ਵਡ ਸਿਕਦਾਰਾ, ਰਾਜ ਰਾਜਾਨ ਆਪ ਅਖਵਾਇੰਦਾ। ਆਪੇ ਦੇਵੇ ਧੁਰ ਫ਼ਰਮਾਣਾ, ਆਪ ਆਪਣਾ ਹੁਕਮ ਚਲਾਇੰਦਾ। ਹੁਕਮੇ ਅੰਦਰ ਸਰਬ ਵਰਤਾਰਾ, ਹੁਕਮ ਸ਼ਬਦੀ ਨਾਉਂ ਰਖਾਇੰਦਾ। ਸ਼ਬਦੀ ਸ਼ਬਦ ਖੇਲ ਅਪਾਰਾ, ਭੇਵ ਕੋਇ ਨਾ ਪਾਇੰਦਾ। ਆਪ ਆਪਣਾ ਕਰ ਪਸਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਆਪੇ ਆਸਣ ਲਾਇੰਦਾ। ਆਪੇ ਨਿਰਾਕਾਰ ਕਰੇ ਖੇਲ ਨਿਆਰਾ, ਸਾਕਾਰ ਰੂਪ ਆਪ ਹੋ ਜਾਇੰਦਾ। ਆਪੇ ਨਿਰਗੁਣ ਬੰਨ੍ਹੇ ਧਾਰਾ, ਆਪੇ ਸਰਗੁਣ ਵੇਸ ਵਟਾਇੰਦਾ। ਆਪੇ ਪੁਰਖ ਆਪੇ ਨਾਰਾ, ਕੰਤ ਕੰਤੂਹਲ ਆਪ ਅਖਵਾਇੰਦਾ। ਆਪੇ ਕਰੇ ਸਚ ਪਿਆਰਾ, ਸਾਚੀ ਸੇਜ ਹੰਢਾਇੰਦਾ। ਪਾਰਬ੍ਰਹਮ ਬੇਅੰਤ ਬੇਐਬ ਪਰਵਰਦਿਗਾਰਾ, ਨੂਰੋ ਨੂਰ ਨੂਰ ਅਖਵਾਇੰਦਾ। ਆਦਿ ਨਿਰੰਜਣ ਭੇਵ ਨਿਆਰਾ, ਸੁਤੇ ਪਰਕਾਸ਼ ਡਗਮਗਾਇੰਦਾ। ਅਜੂਨੀ ਰਹਿਤ ਸੋਹੇ ਸਚ ਦੁਵਾਰਾ, ਸਚ ਘਰ ਏਕਾ ਸੋਭਾ ਪਾਇੰਦਾ। ਮੂਰਤ ਅਕਾਲ ਖੇਲ ਅਪਾਰਾ, ਖੇਲੇ ਖੇਲ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੀ ਬਣਤ ਬਣਾਇੰਦਾ। ਆਪ ਆਪਣੀ ਬਣਤ ਬਣਾਏ, ਹਰਿ ਸਾਚੇ ਵਡ ਵਡਿਆਈਆ। ਲੋਆਂ ਪੁਰੀਆਂ ਰਚਨ ਰਚਾਏ, ਆਪਣੀ ਸੇਵਾ ਆਪ ਕਮਾਈਆ। ਸ਼ਬਦ ਡੋਰੀ ਬੰਧ ਬੰਧਾਏ, ਨਾ ਕੋਈ ਤੋੜ ਤੁੜਾਈਆ। ਆਪਣਾ ਰੂਪ ਆਪ ਵਟਾਏ, ਵਿਸ਼ਨੂੰ ਵੰਸ਼ੀ ਨਾਉਂ ਧਰਾਈਆ। ਸਾਂਗੋ ਪਾਂਗ ਸੇਜ ਹੰਢਾਏ, ਆਪਣਾ ਆਸਣ ਲਾਈਆ। ਆਪੇ ਨਾਭੀ ਕਵਲਾ ਫੁੱਲ ਖਿਲਾਏ, ਆਪੇ ਅੰਮ੍ਰਿਤ ਮੁਖ ਚੁਆਈਆ। ਆਪੇ ਪੰਖੜੀਆਂ ਵੇਖ ਵਖਾਏ, ਆਪਣੀ ਦਇਆ ਕਮਾਈਆ । ਪਾਰਬ੍ਰਹਮ ਪ੍ਰਭ ਰੂਪ ਵਟਾਏ, ਬ੍ਰਹਮ ਨਾਉਂ ਰਖਾਈਆ। ਏਕਾ ਬ੍ਰਹਮ ਸਰਬ ਦਰਸਾਏ, ਪਾਰਬ੍ਰਹਮ ਵੱਡੀ ਵਡਿਆਈਆ। ਨਿਹਕਰਮੀ ਨਿਹਕਰਮ ਕਮਾਏ, ਗੁਣ ਦਾਤਾ ਬੇਪਰਵਾਹੀਆ। ਧੁੰਦੂਕਾਰਾ ਵੇਖ ਵਖਾਏ, ਸ਼ਿਵ ਸ਼ੰਕਰ ਵੇਖ ਵਖਾਈਆ। ਬਾਸ਼ਕ ਤਸ਼ਕਾ ਗਲ ਲਟਕਾਏ, ਇਕ ਤ੍ਰਿਸੂਲ ਹੱਥ ਉਠਾਈਆ। ਸਾਚਾ ਸ਼ਬਦ ਧੁਰ ਫ਼ਰਮਾਣਾ ਹਰਿ ਜਣਾਏ, ਆਪਣਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਵਸੇ ਸਾਚਾ ਹਰਿ, ਆਦਿ ਜੁਗਾਦਿ ਇਕ ਅਖਵਾਈਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲਾ ਕਲ ਧਾਰੀਆ। ਆਪ ਵਸਾਏ ਆਪਣਾ ਸਚ ਮਹੱਲਾ, ਆਪੇ ਨਿਰਗੁਣ ਜੋਤ ਕਰੇ ਉਜਿਆਰੀਆ। ਆਪੇ ਤ੍ਰੈਗੁਣ ਮਾਇਆ ਰਲਾ, ਵੰਡੇ ਵੰਡ ਭੇਵ ਨਿਆਰੀਆ। ਆਪੇ ਪੰਜ ਤੱਤ ਲਗਾਏ ਫਲਾ, ਖੇਲੇ ਖੇਲ ਸਰਬ ਸੰਸਾਰੀਆ। ਆਪੇ ਲੱਖ ਚੁਰਾਸੀ ਅੰਦਰ ਰਲਾ, ਨਿਰਗੁਣ ਸਰਗੁਣ ਸੰਗ ਨਿਭਾਰੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦੀ ਪੁਰਖ ਆਪ ਅਖਵਾ ਰਿਹਾ। ਆਦੀ ਪੁਰਖ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਆਪੇ ਖੇਲੇ ਖੇਲ ਤਮਾਸ਼ਾ, ਖੇਲਣਹਾਰ ਆਪ ਹੋ ਜਾਇਆ। ਆਦਿ ਜੁਗਾਦਿ ਨਾ ਕਦੇ ਵਿਨਾਸ਼ਾ, ਥਿਰ ਘਰ ਬੈਠਾ ਆਸਣ ਲਾਇਆ। ਆਪਣੀ ਜੋਤ ਆਪ ਪਰਕਾਸ਼ਾ, ਆਪੇ ਰਿਹਾ ਡਗਮਗਾਇਆ। ਆਪਣੇ ਮੰਦਰ ਕਰਿਆ ਵਾਸਾ, ਆਪੇ ਬੰਕ ਸੁਹਾਇਆ। ਆਪ ਆਪਣਾ ਹੋਇਆ ਦਾਸਾ, ਦਾਸੀ ਦਾਸ ਸੇਵ ਕਮਾਇਆ। ਆਪ ਆਪਣੀ ਪਾਏ ਰਾਸਾ, ਆਪੇ ਵੇਖ ਵਖਾਇਆ। ਆਪੇ ਲੱਖ ਚੁਰਾਸੀ ਪੂਰਨ ਕਰੇ ਆਸਾ, ਆਪੇ ਮੇਟ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਹਰਿ ਬ੍ਰਹਿਮੰਡ, ਧਰਤ ਧਵਲ ਨਵ ਖੰਡ ਦੀਪ ਸੱਤ ਆਪ ਸੁਹਾਇਆ। ਸੱਤ ਦੀਪ ਨੌ ਖੰਡ ਹਰਿ ਹਰਿ ਧਾਰ, ਆਪਣੀ ਆਪ ਚਲਾਇੰਦਾ। ਲੋਕਮਾਤ ਖੇਲ ਅਪਾਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਏਕਾ ਵਸਤ ਥਿਰ ਦਰਬਾਰ, ਸਾਚੇ ਹੱਟ ਵਿਕਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰ, ਸਾਚਾ ਵਣਜ ਕਰਾਇੰਦਾ। ਆਪ ਆਪਣਾ ਲੈ ਅਵਤਾਰ, ਆਪ ਆਪਣਾ ਰਾਹ ਵਖਾਇੰਦਾ। ਆਪੇ ਬੋਲੇ ਸਤਿ ਜੈਕਾਰ, ਆਪੇ ਨਾਉਂ ਰਖਾਇੰਦਾ। ਕਰਨਹਾਰਾ ਸਚ ਪਿਆਰ, ਸਾਚੀ ਕਿਰਿਆ ਕਰਮ ਕਮਾਇੰਦਾ। ਜਨ ਭਗਤਾਂ ਮੇਲਾ ਵਿਚ ਸੰਸਾਰ, ਸਾਚਾ ਮੇਲਾ ਆਪ ਮਿਲਾਇੰਦਾ। ਏਕਾ ਦੇਵੇ ਨਾਮ ਆਧਾਰ, ਧੁਨ ਅਨਾਦੀ ਨਾਦ ਵਜਾਇੰਦਾ। ਅਨਹਦ ਸਾਚਾ ਸੇਵਾਦਾਰ, ਸਾਚੀ ਸੇਵ ਕਮਾਇੰਦਾ । ਪੰਚਮ ਸਖੀਆਂ ਮੰਗਲਚਾਰ, ਵਾਹਵਾ ਰਾਗ ਅਲਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰ, ਸਰ ਸਰੋਵਰ ਇਕ ਵਖਾਇੰਦਾ। ਜੋਤ ਨਿਰੰਜਣ ਕਰ ਉਜਿਆਰ, ਅੰਧ ਅੰਧਿਆਰ ਮਿਟਾਇੰਦਾ। ਸੁਖਮਨ ਨਾੜੀ ਪਾਵੇ ਸਾਰ, ਟੇਢੀ ਬੰਕ ਸੁਹਾਇੰਦਾ। ਤ੍ਰਬੈਣੀ ਨੈਣੀ ਖੇਲ ਅਪਾਰ, ਸਾਚਾ ਸੰਗਮ ਵੇਖ ਵਖਾਇੰਦਾ। ਤ੍ਰਿਕੁਟੀ ਵੇਖੇ ਏਕਾ ਧਾਰ, ਏਕਾ ਵੇਸ ਵਟਾਇੰਦਾ। ਆਪੇ ਤੋੜੇ ਬਜ਼ਰ ਕਪਾਟ, ਦੂਈ ਦਵੈਤੀ ਪਰਦਾ ਲਾਇੰਦਾ। ਆਪੇ ਤੋੜੇ ਗੜ੍ਹ ਹੰਕਾਰ, ਹਉਮੇ ਰੋਗ ਗਵਾਇੰਦਾ। ਆਪੇ ਪੰਚਮ ਦੇਵੇ ਮਾਰ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਏਕਾ ਸ਼ਬਦ ਕਰਾਏ ਸਚ ਵਣਜਾਰ, ਨਾਮ ਖੰਡਾ ਹੱਥ ਫੜਾਇੰਦਾ। ਅੰਦਰ ਮੰਦਰ ਪਾਵੇ ਸਾਰ, ਡੂੰਘੀ ਕੰਦਰ ਪਾਰ ਕਰਾਇੰਦਾ। ਸਤਿਗੁਰ ਪੂਰਾ ਸਾਚੀ ਧਾਰ, ਸਾਖਯਾਤ ਰੂਪ ਵਟਾਇੰਦਾ। ਗੁਰਮੁਖ ਸੱਜਣ ਲਾਏ ਪਾਰ, ਸਾਚਾ ਬੇੜਾ ਆਪ ਚਲਾਇੰਦਾ। ਨਾ ਕੋਈ ਡੋਬੇ ਵਿਚ ਮੰਝਧਾਰ, ਪਾਰ ਕਿਨਾਰਾ ਆਪ ਵਖਾਇੰਦਾ। ਹਰਿ ਹਰਿ ਸੱਜਣ ਮੀਤ ਮੁਰਾਰ, ਸਾਚਾ ਸੰਗ ਨਿਭਾਇੰਦਾ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਚਰਨੋਦਕ ਮੁਖ ਚੁਆਇੰਦਾ। ਖੇਲੇ ਖੇਲ ਅਗੰਮ ਅਪਾਰ, ਜੁਗ ਜੁਗ ਵੇਸ ਵਟਾਇੰਦਾ। ਸਤਿਜੁਗ ਤ੍ਰੇਤਾ ਦੁਵਾਪਰ ਕਰਿਆ ਪਾਰ, ਰਾਮਾ ਕ੍ਰਿਸ਼ਨਾ ਨਾਉਂ ਰਖਾਇੰਦਾ। ਕਲਜੁਗ ਅੰਤਮ ਵੇਖੇ ਖੇਲ ਨਿਆਰ, ਈਸਾ ਮੂਸਾ ਵੇਸ ਵਟਾਇੰਦਾ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਮੇਲ ਮਿਲਾਇੰਦਾ। ਨਾਨਕ ਗੋਬਿੰਦ ਕਰ ਪਿਆਰ, ਏਕਾ ਜੋਤੀ ਦਸ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਏਕਾ ਭਰਿਆ ਸ਼ਬਦ ਭੰਡਾਰ, ਨਾਮ ਸਤਿ ਚਾਰ ਵਰਨਾਂ ਆਪ ਵਰਤਾਇੰਦਾ। ਊਚਾਂ ਨੀਚਾਂ ਕਰ ਪਿਆਰ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਏਕਾ ਧਾਮ ਬਹਾਇੰਦਾ। ਏਕਾ ਅੰਮ੍ਰਿਤ ਠੰਡੀ ਠਾਰ, ਸਾਚੇ ਮੁਖ ਲਗਾਇੰਦਾ। ਦੂਈ ਦਵੈਤੀ ਦੇਵੇ ਮਾਰ, ਕਾਮ ਕਰੋਧ ਹੰਕਾਰ ਨੇੜ ਨਾ ਆਇੰਦਾ। ਹਰਿ ਸ਼ਬਦ ਵਖਾਏ ਸਚ ਪਿਆਰ, ਸਾਚਾ ਮਾਰਗ ਲਾਇੰਦਾ। ਜੋ ਜਨ ਰਸਨਾ ਗਾਏ ਵਿਚ ਸੰਸਾਰ, ਡੂੰਘਾ ਸਾਗਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਖੇਲੇ ਖੇਲ ਵਿਚ ਬ੍ਰਹਿਮਾਦ, ਬ੍ਰਹਿਮੰਡ ਖੰਡ ਜੇਰਜ ਅੰਡ, ਉਤਭੁਜ ਸੇਹਤਜ ਵਰਭੰਡੀ ਵੇਖ ਵਖਾਇੰਦਾ। ਵਰਭੰਡੀ ਹਰਿ ਵੇਖਣਹਾਰਾ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਲੋਕਮਾਤ ਲੈ ਅਵਤਾਰਾ, ਆਪ ਆਪਣਾ ਮਾਰਗ ਲਾਇਆ। ਜਨ ਭਗਤਾਂ ਕਰੇ ਸਚ ਪਿਆਰਾ, ਗੁਰਮੁਖ ਸਾਚੇ ਲਏ ਜਗਾਇਆ। ਏਕਾ ਮੰਤਰ ਸਾਚਾ ਵਣਜ ਵਣਜਾਰਾ, ਘਰ ਸਾਚੇ ਹੱਟ ਵਿਕਾਇਆ। ਨਾਨਕ ਤੋਲੇ ਤੇਰਾਂ ਧਾਰਾ, ਤੇਰਾ ਤੇਰੀ ਝੋਲੀ ਪਾਇਆ। ਕਲਜੁਗ ਕੂੜਾ ਕੂੜ ਕੁੜਿਆਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਦਿਸੇ ਸਚ ਠਠਿਆਰਾ, ਕਾਇਆ ਭਾਂਡਾ ਕੰਚਨ ਗੜ੍ਹ ਨਾ ਕੋਇ ਵਖਾਇਆ। ਜੂਠ ਝੂਠ ਜਗਤ ਪਿਆਰਾ, ਆਸਾ ਤ੍ਰਿਸ਼ਨਾ ਵਿਚ ਫਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਆਪਣਾ ਵੇਸ ਆਪੇ ਧਰ, ਖੇਲੇ ਖੇਲ ਅਗੰਮ ਅਪਾਰ, ਅਗਾਧ ਬੋਧ ਬੋਧ ਅਗਾਧ ਆਪਣੇ ਹੱਥ ਰਖਾਇਆ। ਹੱਥ ਵਡਿਆਈ ਪੁਰਖ ਸਮਰਥ, ਪਾਰਬ੍ਰਹਮ ਬੇੇਅੰਤ ਬੇਅੰਤਿਆ। ਜੁਗ ਜੁਗ ਚਲਾਏ ਸਾਚਾ ਰਥ, ਗੁਰਮੁਖ ਸਾਜਣ ਉਧਾਰੇ ਸਾਚੇ ਸੰਤਿਆ । ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਪਾਏ ਨੱਥ, ਆਪ ਬਣਾਏ ਆਪਣੀ ਬਣਤਿਆ। ਜਨ ਭਗਤਾਂ ਸਗਲ ਵਸੂਰਾ ਦੇਵੇ ਮਥ, ਮੇਲ ਮਿਲਾਏ ਨਾਰੀ ਕੰਤਿਆ। ਹਉਮੇ ਗੜ੍ਹ ਜਾਏ ਢੱਠ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤਿਆ। ਇਕ ਵਖਾਏ ਤੀਰਥ ਤੱਟ, ਸਰ ਸਰੋਵਰ ਇਕ ਸੁਹੰਤਿਆ। ਵਸਣਹਾਰਾ ਘਟ ਘਟ, ਘਟ ਮੰਦਰ ਖੋਜ ਖੁਜੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਜਾਣੇ ਅਗੰਮ ਅਪਾਰ, ਲੋਕਮਾਤ ਵੇਸ ਵਟੰਤਿਆ। ਲੋਕਮਾਤ ਹਰਿ ਅਵਤਾਰਾ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਵੇਦ ਕਤੇਬ ਭੇਵ ਨਾ ਪਾਈਆ। ਸ਼ਾਸਤਰ ਸਿਮਰਤ ਵਸੇ ਬਾਹਰਾ, ਦਿਸ ਕਿਸੇ ਨਾ ਆਈਆ। ਹਰਿ ਕਾ ਗੁਣ ਅਵਗੁਣ ਨਾ ਕਿਸੇ ਵਿਚਾਰਾ, ਗਹਿਰ ਗੰਭੀਰ ਵਡ ਵਡਿਆਈਆ। ਆਦਿ ਜੁਗਾਦੀ ਖੇਲ ਅਪਾਰਾ, ਜੁਗਾ ਜੁਗੰਤਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਓਅੰਕਾਰਾ ਵੇਸ ਵਟਾਈਆ। ਏਕਉਂਕਾਰ ਪੁਰਖ ਕਰਤਾਰ, ਕਰਨੀ ਕਿਰਤ ਕਮਾਇੰਦਾ। ਕਲਜੁਗ ਅੰਤਮ ਪਾਵੇ ਸਾਰ, ਲੱਖ ਚੁਰਾਸੀ ਵੇਖ ਵਖਾਇੰਦਾ। ਨਿਹਕਲੰਕਾ ਨੂਰ ਉਜਿਆਰ, ਸ਼ਬਦੀ ਡੰਕ ਵਜਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਸਾਧਾਂ ਸੰਤਾਂ ਦਏ ਹੁਲਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਝੂਠਾ ਗੜ੍ਹ ਤੋੜੇ ਹੰਕਾਰ, ਕਲਜੁਗ ਰਾਵਣ ਮੇਟ ਮਿਟਾਇੰਦਾ। ਨਾਮ ਖੰਡਾ ਤੇਜ਼ ਕਟਾਰ, ਗੁਰ ਗੋਬਿੰਦ ਹੱਥ ਉਠਾਇੰਦਾ। ਸਾਚੇ ਘੋੜੇ ਸ਼ਾਹ ਸਵਾਰ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਲਾਲ ਭੂਸ਼ਨ ਅਪਰ ਅਪਾਰ, ਕੰਚਨ ਰੂਪ ਵਟਾਇੰਦਾ। ਪੀਲਾ ਰੰਗ ਹਰਿ ਗਿਰਧਾਰ, ਪੀਆ ਪ੍ਰੀਤਮ ਨਾਉਂ ਰਖਾਇੰਦਾ। ਚਿੱਟੀ ਧਾਰੀ ਜੋਤ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਪੀਲਾ ਬਸਤਰ ਤਨ ਸ਼ਿੰਗਾਰ, ਸਾਚਾ ਸ਼ਸਤਰ ਹੱਥ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਕਾਲੀ ਧਾਰ ਮਾਰੇ ਮਾਰ, ਕਾਲਾ ਸੂਸਾ ਵੇਖ ਵਖਾਏ ਈਸਾ ਮੂਸਾ ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਜੋਤ ਜਗਾਈ, ਹਰਿ ਸਾਚੇ ਵਡ ਵਡਿਆਈਆ। ਚਾਰ ਵਰਨਾਂ ਕਰੇ ਜਣਾਈ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਇ ਵਖਾਈਆ। ਏਕਾ ਹੁਕਮ ਰਿਹਾ ਸੁਣਾਈ, ਹਿੰਦੂ ਮੁਸਲਮ ਸਿਖ ਈਸਾਈ ਕਰੇ ਜਣਾਈਆ। ਸੱਤਾਂ ਦੀਪਾਂ ਭੇਵ ਖੁਲ੍ਹਾਈ, ਨੌ ਖੰਡ ਖੋਜ ਖੁਜਾਈਆ। ਕਲਜੁਗ ਅੰਤਮ ਦਏ ਦੁਹਾਈ, ਭਰਮੇ ਭੁੱਲੀ ਸਰਬ ਲੋਕਾਈਆ । ਹਰਿ ਕਾ ਨਾਮ ਨਾ ਕੋਇ ਧਿਆਈ, ਗੁਰ ਦਰ ਮੰਦਰ ਮਸਜਿਦ ਮੱਠ ਵੇਸਵਾ ਘਰ ਰਹੇ ਬਣਾਈਆ। ਧੀਆਂ ਭੈਣਾਂ ਰਹੇ ਤਕਾਈ, ਪਾਰਬ੍ਰਹਮ ਅਬਿਨਾਸ਼ੀ ਕਰਤਾ ਹਰਿ ਸਮਰਥ, ਥਿਰ ਘਰ ਵੇਖੇ ਬੇਪਰਵਾਹੀਆ। ਆਪੇ ਗੇੜੇ ਉਲਟੀ ਲੱਠ, ਗੇੜਾ ਆਪਣੇ ਹੱਥ ਰਖਾਈਆ। ਗੁਰਮੁਖਾਂ ਦੇਵੇ ਸਾਚੀ ਵੱਥ, ਨਾਮ ਵਸਤ ਅਨਮੋਲ ਝੋਲੀ ਪਾਈਆ। ਰਸਨਾ ਜਿਹਵਾ ਹਰਿ ਹਰਿ ਨਾਉਂ ਲੈਣਾ ਰਟ, ਏਕਾ ਨਾਉਂ ਹਰਿ ਰਘੁਰਾਈਆ। ਆਪੇ ਖੋਲ੍ਹਿਆ ਸਾਚਾ ਹੱਟ, ਜੁਗ ਜੁਗ ਵੇਸ ਵਟਾਈਆ। ਆਪੇ ਰਾਮਾ ਆਪੇ ਕ੍ਰਿਸ਼ਨਾ ਆਪੇ ਸੋਇਆ ਆਪਣੀ ਖਾਟ, ਆਪੇ ਲਏ ਅੰਗੜਾਈਆ। ਆਪੇ ਨੂਰ ਇਲਾਹੀ ਗਿਆ ਪਾਟ, ਆਪੇ ਜਲਵਾ ਰਿਹਾ ਵਖਾਈਆ। ਆਪੇ ਨਾਨਕ ਨਿਰਗੁਣ ਮੇਲੇ ਆਪਣੇ ਘਾਟ, ਸਚਖੰਡ ਦੁਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਰੂਪ ਆਪ ਉਲਟਾਈਆ। ਚਾਰ ਵਰਨਾਂ ਆਪ ਪਸਾਰਾ, ਆਪੇ ਰੰਗ ਰੰਗਾਇੰਦਾ। ਆਪੇ ਦੇਵੇ ਨਾਮ ਅਧਾਰਾ, ਆਪੇ ਜਾਪ ਜਪਾਇੰਦਾ। ਆਪੇ ਦੇਵੇ ਦਰਸ ਅਗੰਮ ਅਪਾਰਾ, ਸਵਛ ਸਰੂਪੀ ਰੂਪ ਵਟਾਇੰਦਾ। ਆਪੇ ਸੁੱਤਾ ਅੰਧ ਅੰਧਿਆਰਾ, ਬੇਮੁਖਾਂ ਦਿਸ ਨਾ ਆਇੰਦਾ। ਕਲਜੁਗ ਅੰਤਮ ਮਾਰੇ ਨਾਅਰਾ, ਆਪਣਾ ਬਲ ਵਖਾਇੰਦਾ। ਸੰਗ ਰਲਾਇਆ ਮੁਹੰਮਦੀ ਯਾਰਾ, ਕਾਲਾ ਸੂਸਾ ਤਨ ਛੁਹਾਇੰਦਾ। ਮੁਖ ਨਕਾਬ ਪਰਦਾ ਭਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤੀ ਨੂਰ ਧਰ, ਆਪ ਆਪਣਾ ਨਾਉਂ ਧਰਾਇੰਦਾ। ਕਲਜੁਗ ਅੰਤਮ ਹਰਿ ਹਰਿ ਆਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਾਢੇ ਤਿੰਨ ਹੱਥ ਨਗਰੀ ਡੇਰਾ ਲਾਇਆ, ਸੰਬਲ ਨਾਉਂ ਧਰਾਈਆ। ਪੁਰਖ ਅਕਾਲ ਮੇਲ ਮਿਲਾਇਆ, ਏਕਓਅੰਕਾਰ ਸਹਿਜ ਸੁਭਾਈਆ। ਸਤਿ ਸਤਿਵਾਦੀ ਸਾਚਾ ਧਾਮ ਸੁਹਾਇਆ, ਅਸਤਿ ਅਸਤਿ ਨਾ ਕੋਇ ਦਸਾਈਆ। ਹਰਿਜਨ ਸਾਚੇ ਲਏ ਜਗਾਇਆ, ਜੁਗ ਵਿਛੜੇ ਮੇਲ ਮਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਲਹਿਣਾ ਮੂਲ ਚੁਕਾਇਆ, ਪੂਰਬ ਲਹਿਣਾ ਝੋਲੀ ਪਾਈਆ। ਨਿਰਗੁਣ ਨੂਰ ਦਰਸ ਦਿਖਾਇਆ, ਸਰਗੁਣ ਮੇਲਾ ਸਹਿਜ ਸੁਭਾਈਆ। ਏਕਾ ਇਸ਼ਟ ਦੇਵ ਰਿਹਾ ਸਮਝਾਇਆ, ਰਾਮ ਨਾਮ ਇਕ ਜਪਾਈਆ। ਪੁਰਖ ਅਕਾਲ ਇਕ ਮਨਾਇਆ, ਨਾ ਦੂਸਰ ਕੋਇ ਸਹਾਈਆ। ਪਰਵਰਦਿਗਾਰ ਇਕ ਖ਼ੁਦਾਇਆ, ਮੁਕਾਮੇ ਹੱਕ ਡੇਰਾ ਲਾਈਆ। ਆਦਿ ਸ਼ਕਤ ਜੋਤ ਜਗਾਇਆ, ਨਮੋ ਨਮੋ ਸੀਸ ਝੁਕਾਈਆ। ਆਪਣੀ ਸ਼ਕਤ ਸਭ ਮੇਂ ਪਾਇਆ, ਸਮਰਥ ਪੁਰਖ ਇਕ ਅਖਵਾਈਆ। ਜੁਗਾ ਜੁਗੰਤਰ ਖੇਲ ਖਲਾਇਆ, ਖ਼ਾਲਕ ਖ਼ਲਕ ਰਿਹਾ ਸਮਝਾਈਆ। ਗੁਰਮੁੱਖ ਸੱਜਣ ਲਏ ਤਰਾਇਆ, ਬੇੜਾ ਆਪੇ ਰਿਹਾ ਉਠਾਈਆ। ਮਨਮੁਖ ਗੂੜ੍ਹੀ ਨੀਂਦ ਸਵਾਇਆ, ਮਾਇਆ ਪਰਦਾ ਉਪਰ ਪਾਈਆ। ਵੀਹ ਸੌ ਸੋਲਾਂ ਬਿਕਰਮੀ ਦਏ ਦੁਹਾਇਆ, ਹਰਿ ਕਾ ਭਾਣਾ ਨਾ ਕੋਈ ਮੇਟੇ ਮੇਟ ਮਿਟਾਈਆ। ਚਾਰੋਂ ਕੁੰਟ ਕਹਿਰ ਖ਼ੁਦਾਇਆ, ਦਹਿ ਦਿਸ਼ਾ ਪਏ ਦੁਹਾਈਆ। ਸੰਮਤ ਸਤਾਰਾਂ ਨੇੜੇ ਆਇਆ, ਸਤਿ ਸੰਤੋਖ ਨਾ ਕੋਇ ਵਖਾਈਆ। ਰਾਜ ਰਾਜਾਨਾਂ ਦਏ ਹਲਾਇਆ, ਸ਼ਾਹ ਸੁਲਤਾਨਾਂ ਆਪ ਭੁਵਾਈਆ। ਆਪਣਾ ਭਾਣਾ ਆਪ ਵਰਤਾਇਆ, ਵਿਚ ਭਾਣੇ ਆਪ ਸਮਾਈਆ। ਰਾਜਾ ਰਾਣਾ ਤਖ਼ਤੋਂ ਲਾਹਿਆ, ਸੀਸ ਤਾਜ ਨਾ ਕੋਇ ਟਿਕਾਈਆ। ਸੰਮਤ ਅਠਾਰਾਂ ਖੇਲ ਖਿਲਾਇਆ, ਜਲ ਧਾਰਾ ਧਾਰ ਵਹਾਈਆ। ਮਨਮੁਖ ਜੀਵਾਂ ਦਏ ਰੁੜ੍ਹਾਇਆ, ਨਾ ਸਕੇ ਕੋਇ ਬਚਾਈਆ। ਉਨੀ ਉਨੀਸਾ ਜੋਤ ਜਗਾਇਆ, ਏਕਾ ਨਾਇਆ ਨਾਲ ਰਲਾਈਆ। ਏਕਾ ਏਕਓਅੰਕਾਰਾ ਆਪ ਅਖਵਾਇਆ, ਨਾਇਆ ਨੌ ਖੰਡ ਵੇਸ ਵਟਾਈਆ। ਮੁਸਲਮ ਸੁੰਨੀ ਕੋਈ ਰਹਿਣ ਨਾ ਪਾਇਆ ਅੱਲ੍ਹਾ ਰਾਣੀ ਸਿਰ ਚੁੰਨੀ ਕੋਇ ਨਾ ਦਵਾਈਆ। ਅਜੂਨੀ ਰਹਿਤ ਆਪਣੀ ਕਲ ਆਪ ਵਰਤਾਇਆ, ਅਕਲ ਕਲ ਆਪ ਅਖਵਾਈਆ। ਬੀਸ ਬੀਸਾ ਹਰਿ ਰਘੁਰਾਇਆ, ਜਗਤ ਜਗਦੀਸ਼ਾ ਵਡ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨ ਦੇਵੇ ਵਰ, ਏਕਾ ਜਪਿਆ ਹਰਿ ਰਘੁਰਾਈਆ। ਚਾਰ ਵਰਨਾਂ ਇਕ ਗਿਆਨ, ਏਕਾ ਦਰ ਵਖਾਇੰਦਾ । ਚਾਰ ਵਰਨਾਂ ਇਕ ਧਿਆਨ, ਏਕਾ ਰੰਗ ਰੰਗਾਇੰਦਾ। ਚਾਰ ਵਰਨਾਂ ਦੇਵੇ ਮਾਣ, ਦਰ ਘਰ ਸਾਚੇ ਆਪ ਸੁਹਾਇੰਦਾ। ਚਾਰ ਵਰਨਾਂ ਕਰ ਪਰਵਾਨ, ਆਪਣੇ ਲੜ ਲਗਾਇੰਦਾ। ਜੋ ਜਨ ਗਾਇਣ ਸ੍ਰੀ ਭਗਵਾਨ, ਅੰਤ ਕੰਤ ਸੰਤ ਭਗਵੰਤ ਮੇਲ ਮਿਲਾਇੰਦਾ। ਦਾਤਾ ਦਾਨੀ ਵਡ ਮਿਹਰਵਾਨ, ਭਗਤ ਵਛਲ ਆਪ ਅਖਵਾਇੰਦਾ। ਆਪੇ ਗੋਪੀ ਆਪੇ ਕਾਹਨ, ਸੀਤਾ ਰਾਮ ਨਾਉਂ ਰਖਾਇੰਦਾ। ਆਪੇ ਨਾਨਕ ਨਿਰਗੁਣ ਕਰ ਪਰਨਾਮ, ਆਪੇ ਗੋਬਿੰਦ ਸੁੱਤ ਸੁਹਾਇੰਦਾ। ਆਪੇ ਜੋਧਾ ਸੂਰ ਬਲੀ ਬਲਵਾਨ, ਨਾਮ ਖੰਡਾ ਹੱਥ ਉਠਾਇੰਦਾ। ਆਪੇ ਚੰਡ ਪ੍ਰਚੰਡ ਤੇਜ਼ ਕਿਰਪਾਨ, ਦੋ ਧਾਰੀ ਖੇਲ ਖਲਾਇੰਦਾ। ਆਪੇ ਵੰਡੇ ਵੰਡ ਦੋ ਜਹਾਨ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਮੇਟੇ ਜੀਵ ਸ਼ੈਤਾਨ, ਪੰਚ ਵਿਕਾਰਾ ਮੂਲ ਚੁਕਾਇੰਦਾ। ਜਨ ਭਗਤਾਂ ਦੇਵੇ ਆਤਮ ਅੰਤਰ ਬ੍ਰਹਮ ਗਿਆਨ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਦੀਪਕ ਜੋਤੀ ਜਗੇ ਮਹਾਨ, ਸਚ ਪਰਕਾਸ਼ ਵਖਾਇੰਦਾ। ਅਨਹਦ ਧੁਨ ਸੱਚੀ ਧੁਨਕਾਨ, ਦਰ ਮੰਦਰ ਆਪ ਸੁਣਾਇੰਦਾ। ਘਰ ਵਿਚ ਘਰ ਖੇਲ ਮਹਾਨ, ਗੁਰਮੁਖ ਸੱਜਣ ਮੇਲ ਮਿਲਾਇੰਦਾ। ਸ਼ਬਦ ਗੁਰ ਵਡ ਮਿਹਰਵਾਨ, ਆਪਣੀ ਦਇਆ ਕਮਾਇੰਦਾ। ਆਪੇ ਬਣਿਆ ਸਾਚਾ ਕਾਹਨ, ਸੁਰਤ ਸਵਾਣੀ ਆਪ ਪਰਨਾਇੰਦਾ। ਆਪੇ ਵਸੇ ਸਚ ਮਕਾਨ, ਦਸਮ ਦਵਾਰੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਦੇਵੇ ਵਰ, ਚਾਰ ਵਰਨਾਂ ਏਕਾ ਘਰ, ਦੂਈ ਦਵੈਤੀ ਫੰਦ ਕਟਾਇੰਦਾ। ਆਪੇ ਰਾਮ ਕ੍ਰਿਸ਼ਨ ਅਵਤਾਰਾ, ਹਰਿ ਮਿਹਰਵਾਨ ਆਪ ਅਖਵਾਈਆ। ਆਪੇ ਵੇਦ ਪੁਰਾਨ ਸ਼ਾਸਤਰ ਸਿਮਰਤ ਬੰਨ੍ਹੇ ਧਾਰਾ, ਆਪ ਆਪਣਾ ਹੁਕਮ ਜਣਾਈਆ। ਆਪੇ ਗੀਤਾ ਗਿਆਨ ਰਿਹਾ ਉਚਾਰਾ, ਆਪੇ ਅਰਜਨ ਮੁਖ ਸਾਲਾਹੀਆ। ਆਪੇ ਅੰਜੀਲ ਕੁਰਾਨਾਂ ਪਾਵੇ ਸਾਰਾ, ਤੀਸ ਬਤੀਸਾ ਆਪੇ ਗਾਈਆ। ਆਪੇ ਐਨਲਹੱਕ ਲਾਏ ਨਾਅਰਾ, ਹੱਕ ਹਕੀਕਤ ਆਪ ਅਖਵਾਈਆ। ਆਪੇ ਲਾਸ਼ਰੀਕ ਸਾਂਝਾ ਯਾਰਾ, ਏਕਓਅੰਕਾਰਾ ਨਾਉਂ ਧਰਾਈਆ। ਆਪੇ ਨਾਨਕ ਨਾਮ ਸਤਿ ਕਰੇ ਪਿਆਰਾ, ਚਾਰ ਵਰਨਾਂ ਰਿਹਾ ਵਰਤਾਈਆ। ਆਪੇ ਗੋਬਿੰਦ ਦੇਵੇ ਅੰਮ੍ਰਿਤ ਠੰਡੀ ਠਾਰਾ, ਊਚ ਨੀਚ ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਬੋਲੇ ਸਚ ਜੈਕਾਰਾ, ਵਾਹਿਗੁਰੂ ਫਤਿਹ ਆਪ ਗਜਾਈਆ । ਆਪੇ ਮੰਗੇ ਬਣ ਭਿਖਾਰਾ, ਆਪਣੀ ਝੋਲੀ ਅੱਗੇ ਡਾਹੀਆ। ਆਪੇ ਪੁਰਖ ਅਕਾਲ ਬਣ ਵਰਤਾਰਾ, ਆਪਣੀ ਵੰਡ ਆਪ ਵੰਡਾਈਆ। ਆਪੇ ਗੋਬਿੰਦ ਦੇਵੇ ਸਚ ਸਹਾਰਾ, ਸਾਚੀ ਸਿਖਿਆ ਇਕ ਸਮਝਾਈਆ। ਕਲਜੁਗ ਅੰਤਮ ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਰੂਪ ਆਪ ਵਟਾਈਆ। ਤੇਰਾ ਸੁਹਾਏ ਬੰਕ ਦੁਵਾਰਾ, ਤੇਰਾ ਸੰਗ ਨਿਭਾਈਆ। ਤੇਰਾ ਵਣਜ ਕਰੇ ਸਰਬ ਸੰਸਾਰਾ, ਬੀਸ ਬੀਸਾ ਰਾਹ ਤਕਾਈਆ। ਕਲਜੁਗ ਉਤਰੇ ਪਾਰ ਕਿਨਾਰਾ, ਸਤਿਜੁਗ ਸਾਚਾ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਾਰ ਵਰਨਾਂ ਦੇਵੇ ਸੱਚਾ ਵਰ, ਰਾਮ ਨਾਮ ਰਸਨਾ ਗਾਓ, ਆਦਿ ਸ਼ਕਤ ਘਰ ਘਰ ਬਣਾਓ, ਨੇਤਰ ਨੈਣ ਕਾਹਨਾ ਕ੍ਰਿਸ਼ਨਾ ਦਰਸ਼ਨ ਪਾਓ, ਈਸਾ ਮੂਸਾ ਵੇਖ ਵਖਾਓ, ਸੰਗ ਮੁਹੰਮਦ ਚਾਰ ਯਾਰ ਸੰਗ ਨਿਭਾਓ, ਨਾਨਕ ਨਿਰਗੁਣ ਹਿਰਦੇ ਵਸਾਓ, ਗੋਬਿੰਦ ਮੇਲਾ ਦਰ ਦਵਾਰ ਕਰਾਓ, ਦੂਈ ਦਵੈਤੀ ਭਰਮ ਚੁਕਾਓ, ਏਕਾ ਸੰਘਮ ਸ੍ਰਿਸ਼ਟ ਸਬਾਈ ਲੋਕਮਾਤ ਬਣਾਓ, ਪਾਰਬ੍ਰਹਮ ਅਗੰਮ ਅਥਾਹੋ, ਵੇਖਣਹਾਰਾ ਹਰ ਘਟ ਅੰਦਰ ਕਰੇ ਕਰਾਏੇ ਸਚ ਨਿਆਉਂ, ਕਲਜੁਗ ਵੇਲਾ ਅੰਤਮ ਅੰਤ, ਖੇਲੇ ਖੇਲ ਪਾਰਬ੍ਰਹਮ ਅਬਿਨਾਸ਼ੀ ਬੇਅੰਤ, ਗੁਰਮੁਖ ਸਾਜਣ ਵੇਖੇ ਸੰਤ, ਮੇਲ ਮਿਲਾਵਾ ਨਾਰੀ ਕੰਤ, ਆਤਮ ਸੇਜਾ ਕਰੇ ਪਿਆਰੀ, ਗੁਰਮੁਖ ਕਾਇਆ ਮਹੱਲ ਅਟਾਰੀ, ਦਸਮ ਦੁਵਾਰੀ ਜੋਤ ਨਿਰੰਕਾਰੀ, ਹਰਿਜਨ ਮੇਲਾ ਏਕਾ ਰੰਗ ਰੰਗਾਏ ਗੁਰੂ ਗੁਰ ਚੇਲਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਜੁਗ ਜੁਗ ਆਵਣ ਜਾਵਣ ਪਤਿਤ ਪਾਵਣ ਆਪਣੀ ਖੇਲ ਰਚਾਈਆ।
