Granth 08 Likhat 144: 17 Savan 2016 Bikarmi Sulakhan Singh de Ghar dayea hoyi Pind Rukna Mugla Jila Ferozepur

੧੭ ਸਾਵਣ ੨੦੧੬ ਬਿਕ੍ਰਮੀ ਸੁਲੱਖਣ ਸਿੰਘ ਦੇ ਘਰ ਦਇਆ ਹੋਈ ਪਿੰਡ ਰੁਕਨਾ ਮੁਗਲਾ ਜ਼ਿਲਾ ਫ਼ਿਰੋਜ਼ਪੁਰ

ਸੋਹਿਣ ਬੰਕ ਦਵਾਰ, ਘਰ ਸੱਜਣ ਹਰਿ ਹਰਿ ਆਇਆ। ਨਿਰਧਨ ਨਿਰਬਲ ਲਏ ਉਭਾਰ, ਨਿਰਗੁਣ ਆਪਣੀ ਦਇਆ ਕਮਾਇਆ। ਬਖ਼ਸ਼ੇ ਬਲ ਚਰਨ ਪਿਆਰ, ਲੱਖ ਚੁਰਾਸੀ ਹੱਥ ਕਿਸੇ ਨਾ ਆਇਆ। ਸਚਖੰਡ ਦੁਵਾਰਾ ਬਣਾਏ ਸਚ ਦੁਵਾਰ, ਜਿਸ ਦਵਾਰੇ ਚਰਨ ਛੁਹਾਇਆ। ਪਤਿਤ ਪਾਪੀ ਉਪਰੇ ਪਾਰ, ਪਤਿਤ ਪਾਵਣ ਰਿਹਾ ਤਰਾਇਆ। ਮਾਣਸ ਜਨਮ ਜਾਏ ਸੁਆਰ, ਜਿਉਂ ਸੁਦਾਮਾ ਦਲਿਦਰੀ ਗਲੇ ਲਗਾਇਆ। ਦਰ ਦਰਬਾਰਾ ਕਰ ਪਿਆਰ, ਪ੍ਰੇਮ ਪਟੋਲਾ ਸੀਸ ਟਿਕਾਇਆ। ਭਰਿਆ ਸਚ ਸੱਚਾ ਭੰਡਾਰ, ਸਚ ਖ਼ਜ਼ਾਨਾ ਇਕ ਵਖਾਇਆ। ਕਾਇਆ ਕਾਇਆ ਕਾਚੀ ਮਾਟੀ ਪੈਜ ਜਾਏ ਸੁਆਰ, ਮਾਣਸ ਜਨਮ ਲੇਖੇ ਲਾਇਆ। ਕਾਗਦ ਕਲਮ ਨਾ ਪਾਏ ਸਾਰ, ਗੁਰਮੁਖ ਤੇਰੀ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਬੰਕ ਸੁਹਾਇਆ। ਸੋਹੇ ਬੰਕ ਸਚ ਮਹੱਲ, ਮਹੱਲ ਮਹੱਲ ਸੁਹਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਆਪਣੀ ਕਲ ਵਰਤਾਈਆ। ਕਲਜੁਗ ਕਰਿਆ ਵਲ ਛਲ, ਵਲ ਛਲ ਧਾਰੀ ਖੇਲ ਖਲਾਈਆ। ਗੁਰਮੁਖ ਆਤਮ ਆਸਣ ਲਿਆ ਮੱਲ, ਦਿਸ ਕਿਸੇ ਨਾ ਆਈਆ। ਦੇਵਣਹਾਰਾ ਸਾਚਾ ਫਲ, ਅੰਮ੍ਰਿਤ ਮੇਵਾ ਇਕ ਖੁਵਾਈਆ। ਫਲ ਲਗਾਏ ਕਾਇਆ ਡਾਲ੍ਹ, ਫਲ ਫੁਲਵਾੜੀ ਆਪ ਮਹਿਕਾਈਆ। ਲਾਲ ਅਨਮੁਲੜੇ ਆਪੇ ਭਾਲ, ਕਰਤਾ ਕੀਮਤ ਆਪੇ ਪਾਈਆ। ਜਨ ਭਗਤਾਂ ਬਣੇ ਜਗਤ ਦਲਾਲ, ਜੁਗ ਜੁਗ ਵੱਡੀ ਵਡਿਆਈਆ। ਆਪਣੀ ਗੋਦੀ ਉਠਾਏ ਆਪਣੇ ਲਾਲ, ਬਾਲੀ ਬਾਲਾ ਰੂਪ ਸਖਾਈਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਸੇਵ ਕਮਾਈਆ। ਜੋ ਜਨ ਚਰਨ ਪ੍ਰੀਤੀ ਘਾਲਣ ਰਹੇ ਘਾਲ, ਅੰਤਮ ਆਪਣਾ ਮੇਲ ਮਿਲਾਈਆ। ਤੋੜਣਹਾਰਾ ਜਗਤ ਜੰਜਾਲ, ਰੋਗ ਸੋਗ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਨਾਮ ਚੋਗ ਚੁਗਾਈਆ। ਸੋਹਿਆ ਬੰਕ ਸਚ ਦਰਵਾਜ਼ਾ, ਘਰ ਸਾਚੇ ਸਚ ਸੁਹਾਇਆ। ਸ਼ਾਹੋ ਭੂਪ ਵਡ ਰਾਜਨ ਰਾਜਾ, ਦਰ ਦਰਵੇਸ਼ਾ ਫੇਰੀ ਪਾਇਆ। ਗ਼ਰੀਬ ਨਿਮਾਣਿਆਂ ਰੱਖੇ ਲਾਜਾ, ਜੁਗ ਜੁਗ ਆਪਣਾ ਬਿਰਧ ਧਰਾਇਆ। ਜਿਉਂ ਬਿਦਰ ਅਲੂਣਾ ਖਾਏ ਸਾਗਾ, ਦਰਯੋਧਨ ਦਰ ਨਾ ਚਰਨ ਟਿਕਾਇਆ। ਕਲਜੁਗ ਅੰਤਮ ਆਇਆ ਭਾਜਾ, ਭੇਵ ਅਭੇਦਾ ਭੇਵ ਛੁਪਾਇਆ। ਗੁਰਸਿਖ ਉਠਾਏ ਮਾਰ ਵਾਜਾ, ਪੂਰਬ ਲਹਿਣਾ ਝੋਲੀ ਪਾਇਆ। ਬਾਹੋਂ ਪਕੜ ਚੜ੍ਹਾਏ ਸਚ ਜਹਾਜ਼ਾ, ਨਾਮ ਚੱਪੂ ਏਕਾ ਲਾਇਆ। ਰੱਖਣਹਾਰਾ ਆਦਿ ਅੰਤ ਲਾਜਾ, ਸਤਿਗੁਰ ਪੂਰਾ ਇਕ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਅੰਦਰ ਨਿਰਧਨ ਵੜ, ਨਿਰਧਨ ਰੂਪ ਆਪ ਹੋ ਜਾਇਆ। ਸੋਹੇ ਬੰਕ ਸਚ ਅਟਾਰੀ, ਹਰਿ ਸਾਚਾ ਸਚ ਵਡਿਆਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਾ ਕੋਇ ਵਖਾਇੰਦਾ। ਅਗਾਧ ਬੋਧ ਸ਼ਬਦ ਧੁਨਕਾਰੀ, ਸਾਚਾ ਸ਼ਬਦ ਅਲਾਇੰਦਾ। ਗੁਰਮੁਖਾਂ ਰਿਹਾ ਪੈਜ ਸੁਆਰੀ, ਸਿਰ ਆਪਣਾ ਹੱਥ ਰਖਾਇੰਦਾ। ਜੁਗਾ ਜੁਗੰਤਰ ਲਹਿਣਾ ਦੇਣ ਚੁਕਾਏ ਵਾਰੋ ਵਾਰੀ, ਦੇਵਣਹਾਰ ਇਕ ਅਖਵਾਇੰਦਾ। ਬਖ਼ਸ਼ਣਹਾਰਾ ਚਰਨ ਪਿਆਰੀ, ਚਰਨ ਨਾਤਾ ਜੋੜ ਜੁੜਾਇੰਦਾ। ਏਕਾ ਦੇਵੇ ਸਚ ਸੱਚੀ ਸਿਕਦਾਰੀ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਫੜ, ਕਾਇਆ ਮੰਦਰ ਆਪੇ ਚੜ੍ਹ, ਦਿਸ ਕਿਸੇ ਨਾ ਆਇੰਦਾ। ਸੋਹੇ ਬੰਕ ਵਿਚ ਸੰਸਾਰ, ਸਤਿਗੁਰ ਸਾਚਾ ਆਪ ਸੁਹਾਈਆ। ਕੁੱਲੀ ਕੱਖਾਂ ਕਰ ਪਿਆਰ, ਕਰਤਾ ਬੈਠਾ ਆਸਣ ਲਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਊਚ ਨੀਚ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ, ਏਕਾ ਰੰਗ ਰੰਗਾਈਆ। ਜਨ ਭਗਤਾਂ ਕਰੇ ਸਚ ਪਿਆਰ, ਆਦਿ ਜੁਗਾਦਿ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਵੇਖ ਵਖਾਈਆ। ਸੋਹੇ ਬੰਕ ਸਚ ਸਿੰਘਾਸਣ, ਹਰਿ ਸਾਚੇ ਸਚ ਸੁਹਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਣ, ਜੁਗ ਜੁਗ ਆਪਣਾ ਵੇਸ ਵਟਾਇਆ। ਖੇਲੇ ਖੇਲ ਪ੍ਰਿਥਮੀ ਅਕਾਸ਼ਣ, ਗਗਨ ਮੰਡਲ ਡੇਰਾ ਲਾਇਆ। ਨੌ ਖੰਡ ਪ੍ਰਿਥਮੀ ਪਾਵੇ ਰਾਸਨ, ਲੱਖ ਚੁਰਾਸੀ ਵਿਚ ਸਮਾਇਆ। ਜਨ ਭਗਤਾਂ ਦੇਵੇ ਨਾਮ ਸਵਾਸਣ, ਰਸਨਾ ਜਿਹਵਾ ਏਕਾ ਗੁਣ ਵਖਾਇਆ। ਹਿਰਦੇ ਅੰਦਰ ਕਰ ਕਰ ਵਾਸਨ, ਆਪ ਆਪਣਾ ਮੇਲ ਮਿਲਾਇਆ। ਸਤਿਗੁਰ ਸੱਚਾ ਸ਼ਾਹੋ ਸ਼ਾਬਾਸ਼ਣ, ਏਕਓਅੰਕਾਰਾ ਇਕ ਅਖਵਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਹੋਏ ਦਾਸ ਦਾਸਨ, ਦਾਸੀ ਦਾਸ ਸੇਵ ਕਮਾਇਆ। ਸੇਵਾ ਸੇਵਕਦਾਰ, ਹਰੀ ਹਰਿ ਆਪ ਅਖਵਾਇੰਦਾ । ਗੁਰਮੁਖਾਂ ਕਰੇ ਲੋਕਮਾਤ ਪਿਆਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਵਰਨਾਂ ਬਰਨਾਂ ਵਸਿਆ ਬਾਹਰ, ਜ਼ਾਤ ਪਾਤ ਨਾ ਕੋਇ ਰਖਾਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਇਕ ਸਿਖਾਇੰਦਾ। ਦੇਵੇ ਦਰਸ ਅਗੰਮ ਅਪਾਰ, ਸਵਛ ਸਰੂਪੀ ਦਰਸ ਦਖਾਇੰਦਾ। ਗ਼ਰੀਬ ਨਿਮਾਣੇ ਫੜ ਫੜ ਬਾਹੋਂ ਜਾਏ ਤਾਰ, ਤਾਰਨਹਾਰ ਪੁਰਖ ਸਮਰਥ ਏਕਾ ਏਕ ਏਕ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰ, ਹਰਿ ਸਾਚਾ ਖੇਲ ਖਲਾਇੰਦਾ। ਭਗਤ ਵਛਲ ਹਰਿ ਮੀਤ ਮੁਰਾਰ, ਭਗਤ ਭਗਵੰਤ ਆਪ ਅਖਵਾਇੰਦਾ। ਸਾਚੀ ਨੱਯਾ ਕਰ ਤਿਆਰ, ਆਪ ਆਪਣਾ ਚੱਪੂ ਲਾਇੰਦਾ। ਗੁਰਸਿਖ ਗੁਰਮੁਖ ਭਵਜਲ ਸਾਗਰ ਕਰ ਜਾਏ ਪਾਰ, ਮੰਝਧਾਰ ਨਾ ਕੋਇ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਮੇਲ ਮਿਲਾਇੰਦਾ। ਹਰਿਜਨ ਮੇਲਾ ਪੁਰਖ ਸੁਲਤਾਨ, ਘਰ ਸੋਹੇ ਬੰਕ ਦਵਾਰਾ। ਸਤਿਗੁਰ ਪੂਰਾ ਦੇਵੇ ਜੀਆ ਦਾਨ, ਭਗਤੀ ਭਰੇ ਨਾਮ ਭੰਡਾਰਾ, ਮੇਲ ਮਿਲਾਵਾ ਵਾਲੀ ਦੋ ਜਹਾਨ, ਖੇਲੇ ਖੇਲ ਅਗੰਮ ਅਪਾਰਾ। ਏਕਾ ਬਖ਼ਸ਼ੇ ਚਰਨ ਧਿਆਨ, ਲੱਖ ਚੁਰਾਸੀ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਜਣ ਲਏ ਵਰ, ਮੇਲ ਮਿਲਾਵਾ ਵਿਚ ਸੰਸਾਰਾ।