Granth 09 Likhat 019: 27 Maghar 2016 Bikarmi Roorh Singh de Ghar Pind Kalla Jila Amritsar

੨੭ ਮੱਘਰ ੨੦੧੬ ਬਿਕ੍ਰਮੀ ਰੂੜ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ

ਕਾਇਆ ਕਪੜ ਰੂਪ ਤਨ ਸ਼ੰਗਾਰ, ਥਿਰ ਕੋਈ ਰਹਿਣ ਨਾ ਪਾਈਆ। ਮਨ ਮਤ ਬੁਧ ਸੁਰਤ ਨਾ ਕੋਈ ਵਿਚਾਰ, ਸੁਰਤੀ ਸੁਰਤ ਭਵਾਈਆ। ਗਿਆਨ ਧਿਆਨ ਅਸ਼ਨਾਨ ਨਾ ਪਾਵੇ ਸਾਰ, ਭੇਵ ਅਭੇਦ ਭੇਵ ਛੁਪਾਈਆ। ਜੋਗ ਜਪ ਤਪ ਹਠ ਸਤਿ ਹੋਏ ਹੈਰਾਨ, ਤੀਰਥ ਤਟ ਰਹੇ ਕੁਰਲਾਈਆ। ਜੀਵ ਜੰਤ ਸਾਧ ਸੰਤ ਨੱਠ ਨੱਠ, ਆਪਣਾ ਪੈਂਡਾ ਰਹੇ ਮੁਕਾਈਆ। ਨੀਰ ਵਰੋਲੇ ਅਠਸਠ, ਨਾਮ ਮਧਾਣਾ ਏਕਾ ਪਾਈਆ। ਗੇੜਨਹਾਰਾ ਉਲਟੀ ਲੱਠ, ਚਾਰੋਂ ਕੁੰਟ ਰਿਹਾ ਫਿਰਾਈਆ। ਕਲਜੁਗ ਅੰਤਮ ਹੋ ਪ੍ਰਗਟ, ਨਿਹਕਲੰਕਾ ਨਾਉਂ ਧਰਾਈਆ। ਇਕ ਖੁਲਾਏ ਸਾਚਾ ਹੱਟ, ਚਾਰ ਵਰਨਾਂ ਵਣਜ ਕਰਾਈਆ। ਨਾਮ ਵਸਤ ਅੰਦਰ ਘਤ, ਸੋਹੰ ਸ਼ਬਦ ਭੰਡਾਰ ਵਰਤਾਈਆ। ਨਪੱਤਿਆਂ ਰੱਖਣਹਾਰਾ ਪਤ, ਪਤਵੰਤਾ ਸਾਚਾ ਮਾਹੀਆ। ਲੇਖਾ ਜਾਣੇ ਆਦਿ ਅੰਤ, ਆਦਿ ਅੰਤ ਇਕ ਰਘੁਰਾਈਆ। ਜਨ ਭਗਤਾਂ ਮੇਲਾ ਸਾਚੇ ਕੰਤ, ਨਾਤਾ ਤੁਟੇ ਜਗਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਲਏ ਉਠਾਈਆ। ਤ੍ਰੈਗੁਣ ਮਾਇਆ ਜਗਤ ਪਸਾਰਾ, ਪੰਚਮ ਬੰਧ ਬੰਧਾਨਿਆ। ਜੂਠ ਝੂਠ ਖੇਲ ਨਿਆਰਾ, ਕਾਮ ਕ੍ਰੋਧ ਲੋਭ ਮੋਹ ਪੰਜ ਸ਼ੈਤਾਨਿਆ। ਆਸਾ ਤ੍ਰਿਸ਼ਨਾ ਆਪ ਸ਼ੰਗਾਰਾ, ਹਉਮੇ ਹੰਗਤਾ ਕਰ ਪ੍ਰਧਾਨਿਆ। ਗਿਆਨ ਵੈਰਾਗ ਨਾ ਕਰੇ ਵਿਚਾਰਾ, ਧਿਆਨੀ ਧਿਆਨ ਨਾ ਕੋਈ ਲਗਾਨਿਆ। ਆਰ ਪਾਰ ਨਾ ਕੋਈ ਕਿਨਾਰਾ, ਲੇਖਾ ਲੇਖ ਨਾ ਕੋਈ ਚੁਕਾਨਿਆ। ਨਵ ਸਤ ਧੂਆਂਧਾਰਾ, ਬ੍ਰਹਿਮੰਡ ਖੰਡ ਖੋਜ ਖੁਜਾਨਿਆ । ਪਤਿਪਰਮੇਸ਼ਰ ਖੇਲ ਨਿਆਰਾ, ਈਸ਼ ਜੀਵ ਭੇਵ ਚੁਕਾਨਿਆ। ਜਗਤ ਜਗਦੀਸ਼ ਹੋ ਉਜਿਆਰਾ, ਲਾਸ਼ਰੀਕ ਨਾਉਂ ਧਰਾਨਿਆ। ਪੁੰਨ ਸਵਾਬ ਨਾ ਕੋਈ ਵਿਚਾਰਾ, ਜਗਤ ਅਜ਼ਾਬ ਇਕ ਨਿਸ਼ਾਨਿਆ। ਖੇਲੇ ਖੇਲ ਨਿਰਗੁਣ ਧਾਰਾ, ਸਰਗੁਣ ਸਾਚਾ ਮਾਣ ਵਖਾਨਿਆ। ਸ਼ਬਦ ਅਗੰਮੀ ਇਕ ਜੈਕਾਰਾ, ਸੋ ਪੁਰਖ ਨਿਰੰਜਨ ਹੰ ਬ੍ਰਹਮ ਕਰੇ ਪ੍ਰਵਾਨਿਆ । ਹੰਗਤਾ ਦੇਵੇ ਨਾਮ ਭੰਡਾਰਾ, ਘਰ ਸਾਚੇ ਆਪ ਵਰਤਾਨਿਆ। ਸਤਿਗੁਰ ਸਾਚਾ ਬੋਲ ਜੈਕਾਰਾ, ਕਰੇ ਖੇਲ ਸ੍ਰੀ ਭਗਵਾਨਿਆ। ਨਿਹਕਲੰਕ ਨਰ ਨਰਾਇਣ ਅਵਤਾਰਾ, ਗੁਰਮੁਖਾਂ ਬੇੜਾ ਪਾਰ ਕਰਾਏ ਵਾਲੀ ਦੋ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰਗਾਹ ਸਾਚੀ ਸਚਖੰਡ ਦਵਾਰੇ ਦੇਵਣਹਾਰ ਸਾਚਾ ਮਾਨਿਆ।