੨੭ ਮੱਘਰ ੨੦੧੬ ਬਿਕ੍ਰਮੀ ਗੁਰਮੁਖ ਸਿੰਘ ਦੇ ਘਰ ਪਿੰਡ ਕੱਲਾ ਜ਼ਿਲਾ ਅੰਮ੍ਰਿਤਸਰ
ਕਾਲ ਦਿਆਲ ਪੁਰਖ ਕਰਤਾਰ, ਮਹਾਂਕਾਲ ਰੂਪ ਵਟਾਈਆ। ਵਸਣਹਾਰਾ ਸਚ ਸੱਚੀ ਧਰਮਸਾਲ, ਘਰ ਸੁਹੰਜਣਾ ਇਕ ਉਪਾਈਆ। ਲੇਖਾ ਜਾਣੇ ਪੰਜ ਤਤ ਕਾਇਆ ਮਾਟੀ ਖਾਲ, ਜੀਆਂ ਜੰਤਾਂ ਵੇਖ ਵਖਾਈਆ। ਗੁਰਮੁਖਾਂ ਕਰੇ ਆਪ ਸੰਭਾਲ, ਮਨਮੁਖਾਂ ਦਏ ਸਜਾਈਆ। ਕਲਜੁਗ ਸਾਧ ਸੰਤ ਹੋਏ ਬੇਹਾਲ, ਪਿਤਾ ਪੂਤ ਨਾ ਕੋਈ ਵਡਿਆਈਆ। ਆਪਣੀ ਘਾਲ ਗਏ ਘਾਲ, ਥੱਕੇ ਮਾਂਦੇ ਰੋਵਣ ਮਾਰਨ ਧਾਈਆ। ਕੋਈ ਨਾ ਮਿਲੇ ਸਚ ਦਲਾਲ, ਬੇੜਾ ਬੰਨੇ ਦੇਵੇ ਲਾਈਆ। ਫਲ ਨਾ ਦਿਸੇ ਕਿਸੇ ਡਾਲ, ਫੁਲ ਫੁਲਵਾੜੀ ਨਾ ਕੋਈ ਮਹਿਕਾਈਆ। ਤ੍ਰੈਗੁਣ ਮਾਇਆ ਨਾ ਤੁੱਟਾ ਜੰਜਾਲ, ਤਨ ਪਿੰਜਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਬੇਪਰਵਾਹੀਆ। ਨਾਮ ਵਣਜ ਝੂਠ ਵਣਜਾਰਾ, ਕਲਜੁਗ ਜੀਵ ਵਰਤਾਇੰਦਾ। ਹਰਿ ਬਿਨ ਕੋਈ ਨਾ ਦੇਵੇ ਸਚ ਭੰਡਾਰਾ, ਸਾਚਾ ਰੰਗ ਨਾ ਕੋਈ ਚੜ੍ਹਾਇੰਦਾ। ਜਗਤ ਤ੍ਰਿਸ਼ਨਾ ਗੜ ਹੰਕਾਰਾ, ਪੰਜ ਤਤ ਵਿਕਾਰਾ ਵਿਚ ਵਸਾਇੰਦਾ। ਨਾਮ ਰਤਨ ਅਮੋਲਕ ਹੀਰਾ ਇਕ ਪਿਆਰਾ, ਗੁਰ ਸਤਿਗੁਰ ਆਪਣੇ ਹੱਥ ਰਖਾਇੰਦਾ। ਗੁਰਮੁਖ ਵਿਰਲਾ ਬਣੇ ਮਾਤ ਵਣਜਾਰਾ, ਏਕਾ ਵਣਜ ਇਕ ਕਰਾਇੰਦਾ। ਖਾਏ ਖੱਟੇ ਵਿਚ ਸੰਸਾਰਾ, ਲਹਿਣਾ ਦੇਣਾ ਮੂਲ ਮੁਕਾਇੰਦਾ। ਮਨ ਮਤ ਮਾਇਆ ਮਮਤਾ ਰਹੀ ਝੱਖ ਮਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲਾਇੰਦਾ। ਭੇਖ ਪਖੰਡੀ ਜਗਤ ਸਾਧ, ਸ਼ਬਦ ਡੋਰੀ ਤੰਦ ਬੰਧਾਈਆ। ਆਪੇ ਬਖਸ਼ੇ ਬਖਸ਼ਣਹਾਰਾ ਅਪਰਾਧ, ਪਾਪੀ ਪਤਤ ਲਏ ਤਰਾਈਆ। ਪਿਤਾ ਪੂਤ ਲੇਖਾ ਜਾਣੇ ਵਾਦ ਵਿਵਾਦ, ਪੂਰਬ ਲਹਿਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਅਜੂਨੀ ਜੂਨ ਦਏ ਕਟਾਈਆ। ਜੂਨੀ ਛੁਟੇ ਨਾਤਾ ਤੁੱਟੇ, ਪੰਜ ਤਤ ਹੋਏ ਬੰਦ ਖੁਲਾਸੀਆ। ਫੜ ਫੜ ਕੁੱਟੇ ਮਨਾਏ ਰੁੱਠੇ, ਲੁਕਿਆ ਰਹਿਣ ਨਾ ਦੇਵੇ ਕਿਸੇ ਗੁੱਠੇ, ਵਡ ਦਾਤਾ ਸ਼ਾਹੋ ਸ਼ਬਾਸ਼ੀਆ। ਬੰਨੇ ਏਕਾ ਮੁੱਠੇ ਪਾਰ ਕਿਨਾਰੇ ਸੁੱਟੇ, ਸੁਹਾਏ ਸਾਚੀ ਰੁੱਤੇ, ਰੰਗ ਰੰਗਾਏ ਪ੍ਰਿਥਮੀ ਅਕਾਸੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਘਨਕ ਪੁਰ ਵਾਸੀਆ।
