੨੭ ਮੱਘਰ ੨੦੧੬ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਕੱਲਾ ਅੰਮ੍ਰਿਤਸਰ
ਗੁਰ ਗੁਰਮੁਖ ਬਖਸ਼ੇ ਚਰਨ ਪਿਆਰ, ਹਰਿ ਸਤਿਗੁਰ ਵਡ ਵਡਿਆਈਆ। ਸਾਚਾ ਨਾਦ ਨਾਦ ਧੁਨਕਾਰ, ਅਨਹਦ ਤਾਲ ਆਪ ਵਜਾਈਆ। ਜੋਤ ਨਿਰੰਜਨ ਦੀਪ ਉਜਿਆਰ, ਦੀਵਾ ਬਾਤੀ ਏਕਾ ਏਕ ਡਗਮਗਾਈਆ। ਬੂੰਦ ਸਵਾਤੀ ਠੰਡੀ ਠਾਰ, ਨਿਝਰ ਝਿਰਨਾ ਕਵਲ ਝਿਰਾਈਆ। ਸ਼ਬਦ ਅਗੰਮੀ ਸਾਚੀ ਧਾਰ, ਨਿਜ ਆਤਮ ਆਪ ਵਿਖਾਈਆ। ਸੁਰਤ ਸਵਾਣੀ ਲਏ ਉਭਾਰ, ਤ੍ਰੈਗੁਣ ਮਾਇਆ ਪੜਦਾ ਲਾਹੀਆ। ਗੁਰ ਗੁਰ ਮੀਤ ਕਰ ਪਿਆਰ, ਆਪਣੇ ਰੰਗ ਰੰਗਾਈਆ। ਬਜਰ ਕਪਾਟੀ ਤੋੜ ਕਿਵਾੜ, ਘਰ ਮੰਦਰ ਦਏ ਵਖਾਈਆ। ਮੰਦਰ ਸੋਹੇ ਬੰਕ ਦਵਾਰ, ਨਿਰਗੁਣ ਦਾਤਾ ਆਪ ਬਣਾਈਆ। ਸਾਚੀ ਸੇਜਾ ਖੇਲ ਅਪਾਰ, ਆਤਮ ਅੰਤਰ ਆਪ ਵਛਾਈਆ। ਉਪਰ ਬੈਠ ਮੀਤ ਮੁਰਾਰ, ਗੁਰਮੁਖ ਸਾਜਣ ਰਾਹ ਤਕਾਈਆ। ਗੁਰ ਸ਼ਬਦ ਵਡ ਬਲਕਾਰ, ਖਿਚੀ ਆਏ ਵਾਹੋ ਦਾਹੀਆ। ਦੋਹਾਂ ਵਿਚੋਲਾ ਨਰ ਨਿਰੰਕਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਰੂਪ ਵਟਾਈਆ। ਪਾਇਆ ਵਰ ਹਰਿ ਕੰਤ ਭਤਾਰ, ਗੁਰਮੁਖ ਘਰ ਘਰ ਵਿਚ ਖੁਸ਼ੀ ਮਨਾਈਆ। ਸੋਭਾਵੰਤੀ ਹੋਈ ਨਾਰ, ਕੰਤ ਸੁਹਾਗੀ ਇਕ ਹੰਢਾਈਆ। ਵਿਛੜ ਨਾ ਜਾਏ ਵਿਚ ਸੰਸਾਰ, ਦੋ ਜਹਾਨ ਸਗਲਾ ਸੰਗ ਰਖਾਈਆ। ਆਦਿ ਜੁਗਾਦੀ ਪੁਰਖ ਅਬਿਨਾਸ਼ੀ ਏਕਾ ਗੁਰ ਅਵਤਾਰ, ਜੁਗ ਜੁਗ ਹਰਿਭਗਤ ਹਰਿਸੰਤ ਹਰਿਜਨ ਗੁਰਸਿਖ ਗੁਰਮੁਖ ਸਾਜਨ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਖੇਲੇ ਖੇਲ ਬੇਪ੍ਰਵਾਹੀਆ।
