G01L18.1 ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ – harbani granth 1 likhat 18.1

ਚਾਰ ਵੇਦ ਦਾ ਮਾਣ ਗਵਾ ਕੇ । ਗੀਤਾ ਵਾਲਾ ਸਮਾਂ ਮੁਕਾ ਕੇ । ਅੰਜੀਲ ਕੁਰਾਨ ਭਸਮ ਕਰਾ ਕੇ । ਬਾਣੀ ਉਚਰੀ ਸਾਚੀ ਹੁਣ ਆ ਕੇ । ਬਾਕੀ ਸਭ ਪਰੇ ਹਟਾ ਕੇ । ਘਵਿੰਡ ਤਾਈਂ ਘਨਕਪੁਰੀ ਬਣਾ ਕੇ । ਬੈਠਾ  ਸਤਿਗੁਰ ਆਸਣ ਲਾ ਕੇ । ਸਿਰ ਸ਼ਾਹਾਂ ਸ਼ਾਹ ਪ੍ਰਭ ਅਖਵਾ ਕੇ । ਮਹਾਰਾਜ ਸ਼ੇਰ ਸਿੰਘ ਇਹ ਬਚਨ ਲਿਖਵਾ ਕੇ । ਹੱਥੀਂ ਜਾਵੇ ਸਤਿਜੁਗ ਲਾ ਕੇ । ਜੁਗ ਸਤਿ ਦਾ ਸਤਿ ਵਰਤਾਵੇ । ਸੋਹੰ ਸ਼ਬਦ ਦਾ ਜਾਪ ਕਰਾਵੇ । ਹਰਿ ਹਰਿ ਜੀਉ ਨਜ਼ਰੀ ਆਵੇ । ਸਰਬ ਠਾਈਂ ਪ੍ਰਭ ਰਹਾਵੇ । ਆਵੇ ਨਾ ਜਾਵੇ ਪ੍ਰਭ ਥਿਰ ਰਹਾਵੇ । ਤੀਨ ਲੋਕ ਪ੍ਰਭ ਖੇਲ ਬਣਾਵੇ । ਜਹਾਂ ਦੇਖੋ ਤਹਾਂ ਨਜ਼ਰੀ ਆਵੇ ।   ਆਕਾਸ਼ ਪਾਤਾਲ ਮਾਤਲੋਕ ਸਦਾਵੇ । ਜੋਤ ਰੂਪ ਪ੍ਰਭ ਜੋਤ ਪ੍ਰਗਟਾਵੇ । ਵਿਚ ਸੰਗਤ ਪ੍ਰਭ ਦਇਆ ਕਮਾਵੇ । ਮੁਖੋਂ ਬੋਲ ਬੋਲ ਪ੍ਰਭ ਬਚਨ ਲਿਖਾਵੇ । ਗੁਰਸਿਖਾਂ ਦੇ ਕੰਨ ਪਵਾਵੇ । ਅਨਹਦ ਸ਼ਬਦ ਮਨ ਵਜਾਵੇ । ਖੋਲ੍ਹ ਕਪਾਟ ਗੁਰ ਦਰਸ ਦਿਖਾਵੇ । ਤ੍ਰੈਲੋਕੀ ਵਿਚੋਂ ਧੁਨ ਇਹ ਆਵੇ । ਓਅੰ ਸੋਹੰ ਰਸਨਾ ਗਾਵੇ । ਗੁਰ ਪੂਰੇ ਦਾ ਦਰਸ਼ਨ ਪਾਵੇ । ਜਨਮ ਜਨਮ ਪਾਪ ਗਵਾਵੇ । ਚਰਨ ਕਵਲ ਵਿਚ ਪ੍ਰਭ ਹੈ ਲਾਵੇ । ਸਾਧ ਸੰਗਤ ਦੇ ਵਿਚ ਬਹਾਵੇ । ਮਨ ਦਾ ਹੰਗਤਾ ਰੋਗ ਗਵਾਵੇ । ਮੈਂ ਤੂੰ ਦਾ ਭੇਤ ਹਟਾਵੇ । ਸੱਚੋ ਸਚ ਪ੍ਰਭ ਨਜ਼ਰੀ ਆਵੇ । ਸੋਹੰ ਸ਼ਬਦ ਜੋ ਮਨ ਵਸਾਵੇ । ਮਹਾਰਾਜ ਸ਼ੇਰ ਸਿੰਘ ਦਰਸ ਦਿਖਾਵੇ । ਨਿਜ ਘਰ ਬੈਠਾ ਤਾੜੀ ਲਾਵੇ । ਅਨੰਦ ਬਿਨੋਦੀ ਪ੍ਰਭ ਖੇਲ ਰਚਾਵੇ । ਝੂਠੇ ਧੰਦੇ ਜਗਤ ਨੂੰ ਲਾਵੇ । ਮੋਹ ਮਾਇਆ ਦੇ ਵਿਚ ਫਸਾਵੇ । ਗੁਰਸਿਖਾਂ ਤੇ ਦਇਆ ਕਮਾਵੇ । ਬੇਮੁਖਾਂ ਨੂੰ ਪਰੇ ਹਟਾਵੇ । ਕਲਜੁਗ ਕਲੂ ਕਾਲ ਹੈ ਖਾਵੇ । ਅਗਨ ਕੁੰਡ ਮੇਂ ਸਦਾ ਤਪਾਵੇ । ਬਿਨ ਗੁਰ ਜੀਵ ਮੁਕਤ ਨਾ ਪਾਵੇ । ਮੁਕਤ ਜੁਗਤ ਦਾਤਾ ਅਖਵਾਵੇ । ਲੱਖ ਚੁਰਾਸੀ ਵਿਚ ਭਵਾਵੇ । ਕਰਮਾਂ ਸੰਦੜਾ ਫਲ ਖਵਾਵੇ । ਹੋਵੇ ਕਿਰਪਾਲ ਜਾਂ ਦਇਆ ਕਮਾਵੇ । ਪਤਿਤ ਪਾਪੀ ਸਭ ਤਰਾਵੇ । ਪਸ਼ੂ ਪ੍ਰੇਤੋਂ ਪ੍ਰਭ ਦੇਵ ਬਣਾਵੇ । ਘਰ ਸਾਚੇ ਦੀ ਸੋਝੀ ਪਾਵੇ । ਜਿਥੋਂ ਪ੍ਰਭ ਜੀਵ ਉਪਾਵੇ । ਜੋਤ ਸਰੂਪ ਵਿਚ ਜੋਤ ਸਮਾਵੇ । ਜਗਨ ਨਾਥ ਪ੍ਰਭ ਆਪ ਅਖਵਾਵੇ । ਏਕ ਬੂੰਦ ਦੇਹ ਬਣਾਵੇ । ਹੱਡ ਮਾਸ ਨਾੜੀ ਪਿੰਜਰ ਬਣਾ ਕੇ । ਬੈਠਾ ਵਿਚ ਪ੍ਰਭ ਭੇਤ ਛੁਪਾ ਕੇ । ਸੱਚਾ ਪ੍ਰਭ ਬੈਠਾ ਆਸਣ ਲਾ ਕੇ । ਮਾਇਆ ਵਾਲਾ ਜੀਵ ਨੂੰ ਪਰਦਾ ਪਾ ਕੇ ।  ਵਾਂਗ ਪੰਛੀ ਮਨ ਉਡਾਏ । ਛਿਨ ਮਹਿ ਏਥੇ ਛਿਨ ਲੱਖ ਕੋਸੀ ਜਾਏ । ਬੁਰੇ ਭਲੇ ਇਹ ਫੁਰਨੇ ਪਾਏ । ਭੰਨਾ ਫਿਰੇ ਸਭਨੀ ਥਾਈਂ । ਵਿਚ ਬੈਠੀ ਮਤਿ ਆਪਣਾ ਆਪ ਲੁਕਾਏ । ਮਨ ਨੂੰ ਰੋਕੇ ਇਹ ਸਮਝਾਏ । ਨਾ ਭੱਜ ਬੌਰੇ ਨਾ ਫਿਰ ਤਿਲਕਾਏ । ਕਾਮ ਕਰੋਧ ਵਲ ਮੂਲ ਨਾ ਜਾਏ । ਇਸ ਤੋਂ ਵੱਡੀ ਬੁੱਧ ਬਿਬੇਕ । ਜਿਹੜੀ ਰੋਕੇ ਵਾਰੀ ਏਕ । ਪ੍ਰਭ ਸਾਚੇ ਦੀ ਪਕੜੀ ਟੇਕ । ਨਰਕ ਕੁੰਡ ਦਾ ਨਾ ਆਵੇ ਸੇਕ । ਇਹ ਤ੍ਰੈ ਵਸਤ ਦੇਹ ਵਿਚ ਪਾਈ ।