੨੬ ਜੇਠ ੨੦੧੬ ਬਿਕ੍ਰਮੀ ਬੀਬੀ ਛੰਬ ਜੰਮੂ
ਕਲਜੁਗ ਆਯੂ ਸੌ ਬਰਸ, ਹਰਿ ਸਾਚੇ ਆਪ ਉਪਾਈਆ। ਆਪੇ ਕਰਨਹਾਰਾ ਤਰਸ, ਨੇਤਰ ਨੈਣਾਂ ਵੇਖ ਵਖਾਈਆ। ਲੱਖ ਚੁਰਾਸੀ ਬੁਝਾਵਣਹਾਰ ਹਿਰਸ, ਆਪਣੇ ਹੱਥ ਰੱਖੇ ਵਡਿਆਈਆ। ਜਿਸ ਜਨ ਦੇਵੇ ਆਪਣਾ ਦਰਸ, ਕਰਾਮਾਤ ਇਕ ਵਖਾਈਆ। ਅੰਮ੍ਰਿਤ ਮੇਘ ਦੇਵੇ ਬਰਸ, ਗੁਰ ਪੂਰੇ ਹੱਥ ਵਡਿਆਈਆ। ਲੇਖਾ ਜਾਣੇ ਅਰਸ਼ ਫਰਸ਼, ਦੋ ਜਹਾਨਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੱਢੀ ਆਪ ਦਵਾਈਆ। ਆਪਣੀ ਵੱਢੀ ਸੌ ਰੁਪਿਆ, ਏਕਾ ਨਾਮ ਰਖਾਈਆ। ਗੁਰਮੁਖ ਚੜ੍ਹਾਏ ਆਪਣੀ ਨੱਯਾ, ਆਪਣਾ ਚੱਪੂ ਲਾਈਆ। ਹਰਿ ਸੰਗਤ ਬਣਿਆ ਭੈਣਾਂ ਭਈਆ, ਬੇਮੁਖਾਂ ਸਿਰ ਛਾਈਆ। ਪਰਗਟ ਹੋਇਆ ਸਾਚਾ ਸਈਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਕੱਢ ਕੇ ਬੈਠਾ ਵਹੀਆ, ਰਾਏ ਧਰਮ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵੱਢੀ ਆਪੇ ਰਿਹਾ ਖੁਵਾਈਆ। ਜਿਸ ਜਨ ਵੱਢੀ ਦੇਵੇ ਨਾਮ, ਕਰ ਕਿਰਪਾ ਗੁਣ ਨਿਧਾਨਿਆ। ਨਜ਼ਰੀ ਆਏ ਏਕਾ ਰਾਮ, ਏਕ ਰੂਪ ਸ੍ਰੀ ਭਗਵਾਨਿਆ। ਸੱਜਣ ਸਾਕ ਸੈਣ ਛੁਟਿਆ ਤਮਾਮ, ਨਾਤਾ ਤੁਟੇ ਮਾਤ ਪਿਤ ਭੈਣ ਭਰਾਇਆ। ਸੱਚਾ ਦਿਸੇ ਏਕੋ ਕਾਮ, ਗੁਰ ਸਤਿਗੁਰ ਚਰਨ ਧਿਆਨਿਆ। ਮਨਮੁਖ ਜੀਵ ਹੋਏ ਹੈਰਾਨ, ਹਰਿ ਕਾ ਭੇਵ ਕੋਇ ਨਾ ਪਾਨਿਆ। ਅੰਦਰ ਵੜੇ ਪੰਜ ਸ਼ੈਤਾਨ, ਦੂਈ ਦਵੈਤੀ ਮਾਰਨ ਕਾਨੀਆ। ਮਦਿਰਾ ਮਾਸ ਪੀਣ ਖਾਣ, ਰਸਨਾ ਜੇਹਵਾ ਗੁਣ ਵਖਾਨਿਆ। ਐਥੇ ਓਥੇ ਨਾ ਮਿਲੇ ਮਾਣ, ਘਰ ਮੰਦਰ ਨਾ ਕੋਇ ਸੁਹਾਨਿਆ। ਸੱਚਾ ਦਿਸੇ ਨਾ ਸਚ ਮਕਾਨ, ਨੌ ਦਰ ਜੀਵ ਹੋਏ ਹਲਕਾਨਿਆ। ਸਾਚਾ ਤਾਲ ਨਾ ਕੋਇ ਵਜਾਨ, ਮਨ ਮਤ ਹੋਈ ਪਰਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਵੱਢੀ ਦੇਵੇ ਨਾਮ ਸੱਚੀ ਨਿਸ਼ਾਨਿਆ। ਨਾਮ ਨਿਸ਼ਾਨਾ ਸੱਚੀ ਵੱਢੀ, ਗੁਰਮੁਖਾਂ ਹੱਥ ਫੜਾਈਆ। ਪੰਜ ਵਿਕਾਰਾ ਵਿਚੋਂ ਜਾਏ ਕੱਢੀ, ਏਕਾ ਬ੍ਰਹਮ ਵਖਾਈਆ। ਸੁਰਤ ਸੁਵਾਣੀ ਬਾਲ ਅਣਜਾਣੀ ਨੱਢੀ, ਗੁਰ ਸ਼ਬਦ ਕਰੇ ਕੁੜਮਾਈਆ। ਲੇਖੇ ਲਾਏ ਰੱਤ ਮਾਸ ਨਾੜੀ ਹੱਡੀ, ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਈਆ। ਨਾਮ ਵੱਢੀ ਰਿਸ਼ਵਤ ਖੋਰ, ਭਗਵਨ ਭਗਤਾਂ ਆਪ ਕਰਾਇੰਦਾ। ਮਨਮੁਖ ਸੁਵਾਏ ਅੰਧੇਰ ਘੋਰ, ਗੁਰਮੁਖ ਸਾਚੇ ਆਪ ਜਗਾਇੰਦਾ। ਪਹਿਲਾਂ ਬੰਨੇ ਪੰਜ ਚੋਰ, ਦੂਜੇ ਮਾਰਗ ਏਕਾ ਲਾਇੰਦਾ। ਤੀਜਾ ਨੇਤਰ ਖੋਲ੍ਹੇ ਫੋਰ, ਹਰਨ ਫਰਨ ਫਰਨ ਹਰਨ ਆਪ ਆਪਣਾ ਦਰਸ ਵਖਾਇੰਦਾ। ਚੌਥੇ ਪਦ ਗੁਰਮੁਖ ਸਾਚਾ ਚੜ੍ਹੇ ਘੋੜ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਹਰਿ ਪਾਇਆ ਹਰਿ ਰਘੁਰਾਇਆ ਘਰ ਸਾਚੇ ਵੱਡਾ, ਆਪ ਆਪਣਾ ਪੰਧ ਮੁਕਾਇੰਦਾ। ਲੱਖ ਚੁਰਾਸੀ ਵੇਖਣਹਾਰਾ ਮਿਠਾ ਕੌੜ, ਘਟ ਘਟ ਅੰਦਰ ਫੋਲ ਫੋਲਾਇੰਦਾ। ਜਿਸ ਜਨ ਆਤਮ ਅੰਤਰ ਲੱਗੀ ਔੜ, ਅੰਮ੍ਰਿਤ ਭਰ ਪਿਆਲਾ ਆਪ ਪਿਆਇੰਦਾ। ਪੁਰਖ ਅਕਾਲ ਦੀਨ ਦਿਆਲ ਸਤਿਗੁਰ ਪੂਰਾ ਜਾਏ ਬੌਹੜ, ਸਿਰ ਆਪਣਾ ਹੱਥ ਟਿਕਾਇੰਦਾ। ਸਚਖੰਡ ਦਵਾਰੇ ਲਾਏ ਏਕਾ ਪੌੜ, ਅਧਵਿਚਕਾਰ ਨਾ ਕੋਇ ਅਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਸੌ ਬਰਸ ਇਕ ਸਦ ਧਾਰ, ਏਕਾ ਏਕ ਉਪਜਾਈਆ। ਬ੍ਰਹਮ ਪਾਰਬ੍ਰਹਮ ਨਦ ਵਜਾਏ ਅਪਰ ਅਪਾਰ, ਨਾਦ ਅਨਾਦਾ ਆਪਣੇ ਹੱਥ ਰਖਾਈਆ। ਬੋਧ ਅਗਾਧਾ ਸ਼ਬਦ ਜੈਕਾਰ, ਆਪਣਾ ਲੇਖਾ ਆਪ ਲਿਖਾਈਆ। ਪਾਵੇ ਸਾਰ ਸੰਤ ਸਾਧ, ਸੰਤ ਸਾਜਣ ਲਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਭਾਣੇ ਆਪ ਸਮਾਈਆ। ਝੂਠਾ ਤਾਅਨਾ ਜਗਤ ਤਰਾਨਾ, ਗੁਰਮੁਖਾਂ ਤੋੜ ਤੁੜਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨਾ, ਏਕਾ ਰੂਪ ਨਜ਼ਰੀ ਆਇੰਦਾ। ਏਕਾ ਸ਼ਬਦ ਏਕਾ ਗਾਨਾ, ਏਕਾ ਰਾਮ ਵਖਾਇੰਦਾ। ਏਕਾ ਕ੍ਰਿਸ਼ਨਾ ਏਕਾ ਕਾਹਨਾ, ਏਕਾ ਮੰਡਲ ਰਾਸ ਰਚਾਇੰਦਾ। ਏਕਾ ਮੰਦਰ ਇਕ ਮਕਾਨਾ, ਏਕਾ ਬੰਕ ਸੁਹਾਇੰਦਾ। ਏਕਾ ਪੁਰਖ ਇਕ ਸੁਲਤਾਨਾ, ਏਕਾ ਸ਼ਾਹ ਉਪਜਾਇੰਦਾ। ਏਕਾ ਰਾਜ ਇਕ ਰਾਜਾਨਾ, ਏਕਾ ਰਈਅਤ ਆਪ ਉਪਾਇੰਦਾ। ਏਕਾ ਪਦ ਵਖਾਏ ਹਰਿ ਨਿਰਬਾਣਾ, ਨਿਰਭੈ ਰੂਪ ਆਪ ਹੋ ਜਾਇੰਦਾ। ਕਲਜੁਗ ਵੇਖੇ ਦੂਸਰ ਝੂਠ ਦੁਕਾਨਾ, ਕਲਜੁਗ ਜੀਆਂ ਮਾਇਆ ਮਮਤਾ ਆਪ ਭਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕ ਸਦ ਕਲਜੁਗ ਤੇਰੀ ਹੱਦ ਆਪੇ ਪਾਰ ਕਰਾਇੰਦਾ। ਆਪੇ ਕਰੇ ਪਾਰ ਕਿਨਾਰਾ, ਸਦ ਸਦ ਵੇਖ ਵਖਾਈਆ। ਸੱਜਣ ਸਾਚਾ ਮੀਤ ਮੁਰਾਰਾ, ਆਦਿ ਜੁਗਾਦਿ ਇਕ ਅਖਵਾਈਆ। ਜੁਗਾ ਜੁਗੰਤਰ ਲੈ ਅਵਤਾਰਾ, ਆਪ ਆਪਣੀ ਰਚਨ ਰਚਾਈਆ। ਖੇਲੇ ਖੇਲ ਕ੍ਰਿਸ਼ਨ ਮੁਰਾਰਾ, ਰੂਪ ਅਨੂਪ ਆਪ ਦਰਸਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਬਿਪਰ ਸੁਦਾਮਾ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਕਲਜੁਗ ਤੇਰਾ ਖੇਲ ਤਮਾਸ਼ਾ, ਹਰਿ ਸਾਚਾ ਵੇਖ ਵਖਾਇੰਦਾ। ਆਪੇ ਸਖੀਆਂ ਪਾਏ ਰਾਸਾ, ਆਪੇ ਰਥ ਚਲਾਇੰਦਾ। ਆਪੇ ਹੋ ਤ੍ਰਿਲੋਕੀ ਨਾਥਾ, ਆਪੇ ਵੰਡ ਵੰਡਾਇੰਦਾ। ਆਪੇ ਜਾਣੇ ਹਾਰ ਪਾਸਾ, ਆਪੇ ਡੰਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਖੇਲ ਖਿਲਾਇੰਦਾ। ਆਪੇ ਸ਼ਬਦ ਆਪ ਗਿਆਨ, ਆਪੇ ਗੀਤਾ ਕਰੇ ਪੜ੍ਹਾਈਆ। ਆਪੇ ਅਰਜਨ ਹੋਏ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਆਪੇ ਬਖ਼ਸ਼ੇ ਚਰਨ ਧਿਆਨ, ਆਪੇ ਦੇਵੇ ਮਾਣ ਵਡਿਆਈਆ। ਆਪੇ ਆਏ ਵਿਚ ਮੈਦਾਨ, ਗਿਆਰਾਂ ਸਤ ਆਪ ਹੋ ਜਾਈਆ। ਅਠਾਈ ਲੱਖ ਇਕ ਪਹਿਚਾਨ, ਅਠਾਰਾਂ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੋਹਾਂ ਧਿਰਾ ਵੇਖ ਵਖਾਈਆ। ਏਕਾ ਹਰਿ ਦੋਏ ਧਾਰ, ਲੋਕਮਾਤ ਚਲਾਇੰਦਾ। ਪਾਂਡੋ ਬਖ਼ਸ਼ੇ ਸਚ ਪਿਆਰ, ਦਰਯੋਧਨ ਕਾਮ ਕਰੋਧ ਹੰਕਾਰ ਭਰਾਇੰਦਾ। ਦਹਿ ਦਿਸ਼ਾ ਵਿਚੋਲਾ ਵਿਚ ਸੰਸਾਰ, ਭੇਵ ਕੋਇ ਨਾ ਪਾਇੰਦਾ। ਅੰਤਮ ਕਰਨੀ ਕਰੇ ਕਾਰ, ਸਿਪਾਹਸਲਾਰ ਆਪ ਹੋ ਜਾਇੰਦਾ। ਕਰਨੀ ਕਰਨ ਵੇਖ ਬਲਕਾਰ, ਯੁਧਿਸ਼ਟਰ ਸੰਗ ਨਿਭਾਇੰਦਾ। ਭੀਮ ਨਕਲ ਸਹਿਦੇਵ ਕਰ ਖ਼ਬਰਦਾਰ, ਦਰੋਣਾ ਕ੍ਰਿਪਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣਾ ਖੇਲ, ਆਦਿ ਜੁਗਾਦੀ ਕਰ ਕਰ ਮੇਲ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਆਪੇ ਕਰੇ ਆਪਣਾ ਬੋਧ, ਆਪੇ ਗਿਆਨ ਦ੍ਰਿੜਾਈਆ। ਆਪੇ ਵੇਖਣਹਾਰਾ ਯੁੱਧ, ਆਪੇ ਕਰੇ ਲੜਾਈਆ। ਆਪੇ ਅਸਵ ਬਹੇ ਕੁਦ, ਆਪੇ ਜਲ ਥਲ ਫੇਰਾ ਪਾਈਆ। ਆਪੇ ਕੋਰੂਕਸ਼ੇਤਰ ਲਏ ਸੁਧ, ਆਪ ਆਪਣਾ ਚਰਨ ਟਿਕਾਈਆ। ਆਪੇ ਅਗਨੀ ਜਾਣੇ ਆਪੇ ਸੀਤਲ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਈਆ। ਆਪੇ ਕਾਹਨਾ ਕ੍ਰਿਸ਼ਨ ਮੁਰਾਰ, ਆਪੇ ਰੂਪ ਅਨੂਪ ਵਟਾਇੰਦਾ। ਆਪੇ ਖਾਲੀ ਹੱਥ ਰੱਖੇ ਸਰਕਾਰ, ਰਥ ਰਥਵਾਹੀ ਰਥ ਚਲਾਇੰਦਾ। ਆਪੇ ਦੋਹਾਂ ਧਿਰਾਂ ਮਾਰੇ ਮਾਰ, ਭੀਸਮ ਪਤਾਮਾ ਆਪ ਤਰਾਇੰਦਾ। ਆਪੇ ਸ਼ਿਖੰਡੀ ਕਰੇ ਪਿਆਰ, ਆਪਣੀ ਡੰਡੀ ਆਪੇ ਲਾਇੰਦਾ। ਆਪੇ ਦੂਤੀ ਦੁਸ਼ਟੀ ਦਏ ਸੰਘਾਰ, ਗਦਾ ਚੱਕਰ ਆਪ ਚਲਾਇੰਦਾ। ਸੰਤ ਸੁਹੇਲੇ ਸੱਜਣ ਲਏ ਉਭਾਰ, ਆਪਣਾ ਲੇਖਾ ਆਪ ਮੁਕਾਇੰਦਾ। ਦ੍ਰੋਣਾ ਸੁੱਤ ਹੋਇਆ ਖ਼ਬਰਦਾਰ, ਅਸਵ ਅਸਥਾਮਾ ਅੱਖ ਖੁਲ੍ਹਾਇੰਦਾ। ਅੰਦਰ ਵੇਖ ਅੰਧੇਰੀ ਰਾਤ, ਆਪ ਆਪਣਾ ਰਾਹ ਤਕਾਇੰਦਾ। ਛਤਰ ਧਾਰੀ ਸੁੱਤਾ ਵਿਚ ਪਰਭਾਸ, ਸਾਚਾ ਸੰਗ ਨਾ ਕੋਇ ਵਖਾਇੰਦਾ। ਅੰਤਮ ਕਰੀ ਏਕਾ ਬਾਤ, ਤੇਰਾ ਲਹਿਣਾ ਵਕ਼ਤ ਚੁਕਾਇੰਦਾ। ਪੰਚਮ ਸੀਸ ਦੇਵੇ ਕਾਟ, ਤੇਰੇ ਹੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇੰਦਾ। ਅਸਵਅਸਥਾਮਾ ਹੋ ਤਿਆਰ, ਦਰਯੋਧਨ ਦਏ ਸਲਾਹੀਆ। ਪੰਜੇ ਪਾਂਡੂ ਦੇਵਾਂ ਮਾਰ, ਜੈ ਜੈ ਤੇਰੇ ਨਾਮ ਕਰਾਈਆ। ਆਪ ਆਪਣਾ ਆਇਆ ਬਲ ਧਾਰ, ਖੇਲੇ ਖੇਲ ਬੇਪਰਵਾਹੀਅ। ਆਪ ਭੁਲਾਇਆ ਭਰਮ ਗਵਾਰ, ਭਰਮੀ ਭਰਮ ਭਵਾਈਆ। ਦਰੋਪਦ ਸੁੱਤ ਸੀਸ ਲਏ ਉਤਾਰ, ਆਇਆ ਵਾਹੋ ਦਾਹੀਆ। ਹੰਕਾਰੀ ਵੇਖ ਦਰਯੋਧਨ ਰੋਵੇ ਜ਼ਾਰੋ ਜ਼ਾਰ, ਕੁਲ ਆਪਣੀ ਕਹਿਰ ਕਮਾਈਆ। ਬ੍ਰਹਮਾ ਬ੍ਰਹਿਮਣ ਗਈ ਸਤਿਆ, ਅਸਤਰ ਸ਼ਸਤਰ ਹੱਥ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਅਤਿਆਚਾਰ ਅੰਤ ਕਰ, ਅੰਤਮ ਨੀਰ ਵਹਾਇਆ। ਅੰਦਰ ਮੰਦਰ ਧੂੰਆਂਧਾਰ, ਚਾਰੋਂ ਕੁੰਟ ਅੰਧੇਰਾ ਛਾਇਆ। ਸ਼ਿਵ ਸ਼ੰਕਰ ਅੱਗੇ ਕਰੇ ਪੁਕਾਰ, ਦੋਏ ਜੋੜ ਸੀਸ ਨਿਵਾਇਆ। ਕੌਣ ਰੱਛਿਆ ਕਰੇ ਸੰਸਾਰ, ਕਵਣ ਦੂਸ਼ਨ ਦਏ ਮਿਟਾਇਆ। ਪੁਰਖ ਅਗੰਮਾ ਨਾ ਮਰੇ ਨਾ ਕਦੇ ਜੰਮਾ ਸ਼ਬਦ ਅਗੰਮੀ ਮਾਰੇ ਵਾਜ, ਆਪ ਆਪਣਾ ਹੁਕਮ ਸੁਣਾਇਆ। ਕਲਜੁਗ ਅੰਤਮ ਤੇਰਾ ਸਾਜੇ ਸਾਜ, ਮਾਨਸ ਮਾਨੁਖ ਲਏ ਉਪਜਾਇਆ। ਪਰਗਟ ਹੋਏ ਹਰਿ ਸੱਚਾ ਸ਼ਾਹੋ ਰਾਜਨ ਰਾਜ, ਆਪ ਆਪਣੇ ਅੰਗ ਲਏ ਲਗਾਇਆ। ਗੁਰ ਸੰਗਤ ਤੇਰੀ ਰੱਖੇ ਲਾਜ, ਗੋਬਿੰਦ ਆਪਣਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੱਖ ਚੁਰਾਸੀ ਵਿਚ ਨਾ ਕੋਇ ਭੁਵਾਇਆ। ਮਾਨਸ ਤੇ ਮਾਨਸ ਥੀਆ, ਹਰਿ ਸਾਚੇ ਜੋਤ ਜਗਾਈਆ। ਅੰਮ੍ਰਿਤ ਬੀਜ ਅੰਮ੍ਰਿਤ ਫਲ ਕੀਆ, ਅੰਮ੍ਰਿਤ ਮੁਖ ਚਵਾਈਆ। ਅੰਤਮ ਲੇਖੇ ਲੱਗੇ ਸਾਢੇ ਤਿੰਨ ਹੱਥ ਸੀਆਂ, ਨੌ ਖੰਡ ਕਰੇ ਲੜਾਈਆ। ਨਿਰਮਲ ਕੀਆ ਆਪੇ ਜੀਆ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਹਰਿ ਭਗਤ ਲਏ ਉਪਜਾਈਆ । ਆਪੇ ਆਏ ਜੋਤ ਧਰ, ਜੁਗ ਜੁਗ ਜੋਤ ਜਗਾਇੰਦਾ। ਸਨਕ ਸਨੰਦਨ ਸਨਾਤਨ ਸੰਤ ਕਮਾਰਾ ਰੂਪ ਕਰ, ਬਰਾਹ ਨਾਮ ਆਪ ਰਖਾਇੰਦਾ। ਯਗੇ ਪੁਰਖ ਪਾਵੇ ਸਾਰ, ਹਾਵ ਗ਼ਰੀਵ ਵੇਖ ਵਖਾਇੰਦਾ। ਨਰ ਨਰਾਇਣ ਚੋਟੀ ਚੜ੍ਹ, ਆਪ ਆਪਣਾ ਵੇਖ ਵਖਾਇੰਦਾ। ਦੱਤਾਤ੍ਰੇ ਆਪੇ ਫੜ, ਆਪੇ ਫੜ ਪੰਚਮ ਮੇਲ ਮਿਲਾਇੰਦਾ। ਕਪਲ ਮੁਨੀ ਵੇਖੇ ਘਰ, ਆਪ ਆਪਣੀ ਜੋਤ ਜਗਾਇੰਦਾ। ਰਿਖਵ ਦੇਵ ਲਾਏ ਆਪਣੇ ਲੜ, ਆਪ ਆਪਣਾ ਨਾਉਂ ਧਰਾਇੰਦਾ। ਪ੍ਰਿਥੂ ਅੰਦਰ ਆਪੇ ਵੜ, ਆਪ ਆਪਣੀ ਰੀਤ ਚਲਾਇੰਦਾ। ਮਤਸਯ ਰੂਪ ਹਰੀ ਹਰਿ, ਜਲ ਧਾਰਾ ਡੇਰਾ ਲਾਇੰਦਾ। ਕਛਪ ਮਿੰਦਰਾ ਪਿਠ ਧਰ, ਆਪ ਆਪਣਾ ਵੇਸ ਵਟਾਇੰਦਾ। ਮੋਹਣੀ ਰੂਪ ਅੱਗੇ ਖੜ, ਬਲ ਬਾਵਨ ਆਪ ਭੁਲਾਇੰਦਾ। ਹੰਸਾ ਮੋਤੀ ਚੋਗ ਕਰ, ਸਚ ਗਿਆਨ ਦ੍ਰਿੜਾਇੰਦਾ। ਨਰ ਸਿੰਘ ਆਪੇ ਵੇਸ ਧਰ, ਹਰਨਾਕਸ਼ ਮੇਟ ਮਿਟਾਇੰਦਾ। ਨਰ ਸਿੰਘ ਰੂਪ ਧਰ, ਪ੍ਰਹਿਲਾਦ ਪਾਰ ਕਰਾਇੰਦਾ। ਹਰੀ ਨਰਾਇਣ ਧਰੂ ਗਜ ਵੇਖ ਵਖਾਇੰਦਾ। ਧਨੰਤਰ ਨਾਮ ਆਪੇ ਧਰ, ਆਪਣੀ ਕਲ ਚਲਾਇੰਦਾ। ਪਰਸ ਰਾਮ ਏਕਾ ਵਿਦਿਆ ਪੜ੍ਹ, ਮਾਣ ਤਾਣ ਇਕ ਜਣਾਇੰਦਾ। ਰਾਮ ਰਾਮਾ ਰੂਪ ਕਰਤਾਰ, ਹੰਕਾਰੀ ਦੁਸ਼ਟ ਮੇਟ ਮਿਟਾਇੰਦਾ। ਵੇਦ ਵਿਆਸਾ ਕੁਆਰੀ ਕੰਨਿਆ ਮਾਤ ਕਰ, ਪੁਰਾਨ ਅਠਾਰਾਂ ਲੇਖ ਲਿਖਾਇੰਦਾ। ਕਾਹਨਾ ਕ੍ਰਿਸ਼ਨਾ ਜੋਤ ਧਰ, ਤ੍ਰਿਲੋਕੀ ਨੰਦਨ ਲੱਖ ਚੁਰਾਸੀ ਬੰਧਨ ਆਪ ਤੁੜਾਇੰਦਾ। ਬੋਧ ਬੋਧਾ ਬੋਧ ਅਵਤਾਰ, ਗਿਆਨ ਗਿਆਨ ਆਪ ਉਪਾਇੰਦਾ। ਕਲਜੁਗ ਵੇਖੇ ਘਰ ਘਰ, ਨਿਹਕਲੰਕਾ ਨਾਉਂ ਧਰਾਇੰਦਾ। ਨਾਨਕ ਜੋਤੀ ਦਸ ਅਵਤਾਰ, ਏਕਾ ਬੂਝ ਬੁਝਾਇੰਦਾ। ਧਰੂ ਪ੍ਰਹਿਲਾਦ ਲਏ ਵਰ, ਆਪ ਆਪਣਾ ਸੰਗ ਨਿਭਾਇੰਦਾ। ਅਮਰੀਕ ਨੁਹਾਏ ਸਾਚੇ ਸਰ, ਦੁਰਬਾਸ਼ਾ ਮਾਣ ਤੁੜਾਇੰਦਾ। ਜਨਕ ਬਦੇਹੀ ਆਪੇ ਫੜ, ਆਪ ਆਪਣਾ ਗਿਆਨ ਸਮਝਾਇੰਦਾ। ਹਰੀ ਚੰਦ ਲਗਾਏ ਆਪਣੇ ਲੜ, ਤਾਰਾ ਰਾਣੀ ਜੋੜ ਜੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੈਣ ਕਬੀਰਾ ਵੇਖੇ ਸਰਬ ਲੇਖੇ ਲੱਗੇ, ਰਵਦਾਸ ਚੁਮਾਰ ਹਰਿ ਸਾਚੀ ਬਣਤ ਬਣਾਇੰਦਾ। ਅਜਾਮਲ ਪਾਪੀ ਉਤਰੇ ਪਾਰ, ਗਨਕਾ ਨਾਲ ਰਲਾਈਆ। ਬੱਧਕ ਏਕਾ ਦਏ ਸਹਾਰ, ਚਰਨ ਕਵਲ ਬਾਣ ਛੁਹਾਈਆ। ਪਾਪਣ ਪੂਤਨਾ ਦਏ ਅਧਾਰ, ਮੋਹਣ ਮੁੰਮੇ ਰਹੀ ਪਾਈਆ। ਨਾਮਾ ਕਰਾਏ ਵਣਜ ਵਪਾਰ, ਗਾਏ ਮੋਈ ਆਪ ਜਵਾਈਆ। ਨਾਮ ਦੇਵ ਕਰ ਸਚ ਜੈਕਾਰ, ਪੱਤ ਡਾਲ੍ਹੀ ਹਰਿ ਹਰਿ ਨਜ਼ਰੀ ਆਈਆ। ਸੈਣ ਨਾਈ ਲਾਏ ਪਾਰ, ਸਖਾ ਸੈਣ ਆਪ ਹੋ ਜਾਈਆ। ਕੋਟਨ ਕੋਟ ਕੋਟ ਜੀਵ ਜੰਤ ਪਾਏ ਸਾਰ, ਆਪ ਆਪਣਾ ਭੇਵ ਛੁਪਾਈਆ। ਦੁਆਪਰ ਅੰਤਮ ਕਰਿਆ ਵਿਹਾਰ, ਲੇਖਾ ਲੇਖ ਨਾ ਕੋਈ ਜਣਾਈਆ। ਅਸਵਅਸਥਾਮੇ ਮੰਗੀ ਮੰਗ ਬਣ ਭਿਖਾਰ, ਪਾਪ ਪੁੰਨ ਹਰਿ ਆਪ ਵੇਖ ਵਖਾਈਆ। ਪਿਛਲਾ ਕਰਜ਼ਾ ਰਿਹਾ ਉਤਾਰ, ਅੱਗੇ ਆਪਣੇ ਮਾਰਗ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਧਾ ਸੂਰਬੀਰ ਬਲਵਾਨ, ਆਪੇ ਜਾਣੇ ਆਦਿ ਜੁਗਾਦੀ ਆਣ, ਵੇਦ ਕਤੇਬ ਲੇਖਾ ਨਾ ਕੋਈ ਲਿਖਾਈਆ। ਵੇਦ ਕਤੇਬ ਅੰਦਰ ਹੱਦ, ਹਰਿ ਸਾਚਾ ਨੀਹ ਰਖਾਇੰਦਾ। ਭਗਤ ਬਣਾਇਆ ਆਪਣੀ ਯੱਦ, ਆਪਣੇ ਨਾਲ ਉਪਜਾਇੰਦਾ। ਆਪੇ ਭਾਰ ਰਿਹਾ ਲੱਦ, ਆਪਣੇ ਕੰਧ ਉਠਾਇੰਦਾ। ਸਚਖੰਡ ਦਵਾਰ ਇਕ ਨਿਸ਼ਾਨ ਦੇਵੇ ਗੱਡ, ਨਾ ਦੂਸਰ ਕੋਈ ਫੜ ਉਠਾਇੰਦਾ। ਆਪਣੇ ਨਾਲ ਲਡਾਏ ਆਪਣਾ ਲਡ, ਲੋਕਮਾਤ ਜਨਮ ਦੁਵਾਇੰਦਾ। ਲੱਖ ਚੁਰਾਸੀ ਅੰਦਰ ਨਾ ਦੇਵੇ ਛੱਡ, ਜੂਨੀ ਜੂਨ ਨਾ ਕੋਈ ਭਵਾਇੰਦਾ। ਅੰਮ੍ਰਿਤ ਪਿਆਲਾ ਪਿਆਏ ਸਾਚੀ ਮਦਿ, ਸਦਾ ਅਮਰ ਰਖਾਇੰਦਾ। ਕਲਜੁਗ ਕਾਲ ਨਗਾਰਾ ਰਿਹਾ ਵੱਜ, ਚਾਰੇ ਕੁੰਟਾਂ ਕੂਕ ਸੁਣਾਇੰਦਾ। ਜੂਠ ਝੂਠ ਵੱਜੀ ਢੱਡ, ਮੋਹ ਹੰਕਾਰਾ ਸਾਰਿੰਗ ਹੱਥ ਉਠਾਇੰਦਾ। ਮਨਮੁੱਖ ਸੁੱਤੇ ਡੂੰਘੀ ਖੱਡ, ਪਾਰ ਕਿਨਾਰਾ ਨਾ ਕੋਈ ਜਣਾਇੰਦਾ। ਰਾਏ ਧਰਮ ਨੱਕ ਗੁੱਤ ਦੇਵੇ ਵੱਢ, ਦੁਹਾਗਣ ਨਾਰ ਸੁਹਾਗਣ ਕੰਤ ਨਾ ਕੋਈ ਉਠਾਇੰਦਾ। ਆਪਣੀ ਕਰਨੀ ਬਣੇ ਕੱਗ, ਹੰਸ ਚੋਗ ਨਾ ਕੋਈ ਖੁਵਾਇੰਦਾ। ਤੱਤੀ ਵਾ ਰਹੀ ਵਗ, ਅੰਮ੍ਰਿਤ ਧਾਰ ਨਾ ਕੋਈ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ, ਭੇਵ ਅਭੇਦ ਅਛਲ ਅਛੇਦ, ਅਛਲ ਅਛੱਲ ਆਪ ਕਰਾਇੰਦਾ। ਅਛਲ ਅਛੱਲ ਹਰਿ ਭਗਵਾਨਾ, ਸ਼ਬਦ ਤਰਾਨਾ ਇਕ ਸੁਣਾਈਆ। ਸਾਚੀ ਸਖੀਆਂ ਮੰਗਲ ਗਾਣਾ, ਏਕਾ ਰਾਗ ਏਕਾ ਰਾਗ ਅਲਾਈਆ। ਧੁਨ ਆਤਮਕ ਸਚ ਤਰਾਨਾ, ਕਾਇਆ ਮੰਦਰ ਆਪ ਸੁਣਾਈਆ। ਆਪੇ ਹੋਇਆ ਜਾਣੀ ਜਾਣਾ, ਭੇਵ ਅਭੇਦਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਟਣਹਾਰਾ ਕੂੜੀ ਸ਼ਾਹੀਆ। ਕੂੜੀ ਸ਼ਾਹੀ ਮੇਟ ਨਿਸ਼ਾਨਾ, ਸਚ ਸੁੱਚ ਵਰਤਾਇੰਦਾ। ਸ਼ਬਦ ਸਰੂਪੀ ਨੌਜਵਾਨਾ, ਮਾਤ ਗਰਭ ਨਾ ਫੇਰੀ ਪਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਆਪ ਆਪਣੇ ਹੱਥ ਉਠਾਇੰਦਾ। ਲੋਆਂ ਪੁਰੀਆਂ ਖੇਲ ਖਿਲਾਣਾ, ਬ੍ਰਹਿਮੰਡ ਖੰਡ ਖੋਜ ਖੁਜਾਇੰਦਾ। ਚਾਰੇ ਖਾਣੀ ਹੋਏ ਹੈਰਾਨਾ, ਚਾਰੇ ਬਾਣੀ ਬੋਲ ਸੁਣਾਇੰਦਾ। ਪਰਾ ਪਸੰਤੀ ਇਕ ਮਕਾਨਾ, ਮਧਮ ਬੈਖਰੀ ਆਪ ਅਲ੍ਹਾਇੰਦਾ। ਜਿਸ ਜਨ ਬੰਨ੍ਹੇ ਹੱਥੀਂ ਗਾਨਾ, ਘਰ ਸਾਚੇ ਮੇਲ ਮਿਲਾਇੰਦਾ। ਲੋਕਮਾਤ ਛੁੱਟੇ ਆਵਣ ਜਾਣਾ, ਲੱਖ ਚੁਰਾਸੀ ਫੰਦ ਕਟਾਇੰਦਾ। ਮੇਲ ਮਿਲਾਏ ਰਾਮ ਰਾਮਾ, ਭਗਵਨ ਭਗਤਨ ਡੋਰੀ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪਣੀ ਧਾਰ, ਪੁਰਖ ਅਬਿਨਾਸ਼ੀ ਹੋ ਤਿਆਰ, ਨਿਰਗੁਣ ਸਰਗੁਣ ਵਿਚ ਸੰਸਾਰ, ਆਪਣੀ ਚਲਤ ਚਲਾਇੰਦਾ। ਨਿਰਗੁਣ ਰੂਪ ਹਰਿ ਨਿਰੰਕਾਰਾ, ਅਕਲ ਕਲਾ ਅਖਵਾਈਆ। ਸਰਗੁਣ ਪੰਜ ਤੱਤ ਕਰ ਪਿਆਰਾ, ਮਨ ਮਤ ਬੁਧ ਦਏ ਚਤੁਰਾਈਆ। ਨਿਰਗੁਣ ਰੂਪ ਅਗੰਮ ਅਪਾਰਾ, ਰੂਪ ਰੰਗ ਨਾ ਕੋਈ ਜਣਾਈਆ। ਸਰਗੁਣ ਹੋਇਆ ਖ਼ਬਰਦਾਰਾ, ਆਪ ਆਪਣੀ ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਆ ਦੂਆ ਏਕਾ ਏਕਾ ਆਪ ਅਖਵਾਇਆ। ਏਕਾ ਦੂਆ ਏਕੰਕਾਰ, ਨਿਰਾਕਾਰ ਸਾਕਾਰ ਰੂਪ ਵਟਾਇਆ। ਆਪੇ ਵਿਸ਼ਨੂੰ ਹੋ ਉਜਿਆਰ, ਆਪਣੀ ਸੇਜਾ ਆਸਣ ਲਾਇਆ। ਆਪੇ ਬਸਤਰ ਤਨ ਸ਼ਿੰਗਾਰ, ਲਾਲ ਰੰਗੀਲਾ ਭੂਸ਼ਨ ਪਾਇਆ। ਆਪੇ ਲਛਮੀ ਖ਼ਬਰਦਾਰ, ਆਪੇ ਚਰਨ ਝੱਸਣ ਲਾਇਆ। ਆਪੇ ਬ੍ਰਹਮਾ ਵੇਤਾ ਬ੍ਰਹਮ ਰੂਪ ਅਪਾਰ, ਪਾਰਬ੍ਰਹਮ ਰੂਪ ਵਟਾਇਆ। ਆਪੇ ਵੇਖੇ ਵੇਖਣਹਾਰ, ਅੱਠੇ ਨੇਤਰ ਖੋਲ੍ਹ ਖੁਲ੍ਹਾਇਆ। ਆਪੇ ਪਾਠ ਪੂਜਾ ਵੇਦ ਵਿਚਾਰ, ਚਾਰੇ ਲੇਖਾ ਲੇਖ ਖੁਲ੍ਹਾਇਆ। ਆਪੇ ਸ਼ੰਕਰ ਲਏ ਉਭਾਰ, ਧੂੰਆਂਧਾਰ ਆਪ ਮਿਟਾਇਆ। ਆਪੇ ਪਾਏ ਗਲ ਵਿਚ ਹਾਰ, ਹੱਥ ਤ੍ਰਿਸੂਲ ਆਪ ਉਠਾਇਆ। ਆਪੇ ਬਾਸ਼ਕ ਤਸ਼ਕਾ ਕਰ ਤਿਆਰ, ਮੁਕੇਸ਼ ਸੇਵਾ ਲਾਇਆ। ਆਪੇ ਸਭ ਤੋਂ ਵਸਿਆ ਬਾਹਰ, ਭੇਵ ਕੋਇ ਨਾ ਪਾਇਆ। ਆਦਿ ਜੁਗਾਦੀ ਹਰਿ ਅਵਤਾਰ, ਨਿਰਗੁਣ ਸਰਗੁਣ ਨਾਉਂ ਧਰਾਇਆ। ਕਲਜੁਗ ਅੰਤਮ ਖੇਲੇ ਖੇਲ ਅਗੰਮ ਅਪਾਰ, ਵੇਦ ਵਿਆਸਾ ਲੇਖ ਲਿਖਾਇਆ। ਨਾਨਕ ਗੋਬਿੰਦ ਮਾਰੀ ਮਾਰ, ਲੱਖ ਚੁਰਾਸੀ ਦਏ ਸਜ਼ਾਇਆ। ਸੰਬਲ ਨਗਰੀ ਧਾਮ ਨਿਆਰ, ਉਚ ਮਹੱਲ ਅਟੱਲ ਡੇਰਾ ਲਾਇਆ। ਨਾਮ ਖੰਡਾ ਤੇਜ਼ ਕਟਾਰ ਦੋ ਧਾਰਾ ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡ ਫੋਲ ਫੁਲਾਈਆ। ਗੁਰਮੁਖ ਸਾਜਣ ਮੀਤ ਮੁਰਾਰ, ਆਪ ਆਪਣੇ ਚਰਨ ਬਹਾਇਆ। ਨੌ ਖੰਡ ਪ੍ਰਿਥਮੀ ਹੋ ਤਿਆਰ, ਕੁਲਾਖੰਡ ਇਲਾਬੁਤ ਹਰਿ ਨਾਮੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਦਰ ਭਾਰਤ ਖੰਡ ਲਏ ਤਰਾਇਆ। ਭਾਰਤ ਖੰਡ ਜੋਤ ਨਿਰਾਲੀ, ਹਰਿ ਸਾਚੇ ਜੋਤ ਜਗਾਈਆ। ਲੱਖ ਚੁਰਾਸੀ ਵੇਖੇ ਪਤ ਪਤ ਡਾਲ੍ਹੀ, ਭਾਰ ਅਠਾਰਾਂ ਬਨਾਸਪਤ ਫੋਲ ਫੋਲਾਈਆ। ਚਾਰ ਵਰਨਾਂ ਦੇਵੇ ਸ਼ਬਦ ਦਲਾਲੀ, ਨਾਮ ਵਿਚੋਲਾ ਇਕ ਉਪਾਈਆ। ਜਲਵਾ ਨੂਰ ਨੂਰ ਜਲਾਲੀ, ਨੂਰੋ ਨੂਰ ਅਲਾਹੀਆ। ਹੱਕ ਹਕੀਕਤ ਨਾ ਹੋਏ ਖਾਲੀ, ਲਾਸ਼ਰੀਕ ਇਕ ਅਖਵਾਈਆ। ਦੋ ਜਹਾਨਾਂ ਸੱਚਾ ਮਾਲੀ, ਪਾਰਬ੍ਰਹਮ ਆਪ ਅਖਵਾਈਆ। ਕਲਜੁਗ ਅੰਤਮ ਬਣਿਆ ਹਾਲੀ, ਧਰਤ ਧਵਲ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਹੱਥੀਂ ਗੇੜਾ ਰਿਹਾ ਦਵਾਈਆ। ਆਪੇ ਗੇੜਾ ਦੇਵਣਹਾਰਾ, ਦੀਨ ਦਿਆਲ ਅਖਵਾਇਆ। ਆਪੇ ਛੇੜਾ ਛੇੜਨਹਾਰਾ, ਘਰ ਘਰ ਅਗਨੀ ਦਏ ਤਪਾਇਆ। ਆਪੇ ਬੇੜਾ ਰੋੜ੍ਹਨਹਾਰਾ, ਵਹਿੰਦੇ ਵਹਿਣ ਦਏ ਵਹਾਇਆ। ਆਪੇ ਖੇੜਾ ਢਾਹਵਣਹਾਰਾ, ਨਗਰ ਖੇੜਾ ਦਏ ਮਿਟਾਇਆ। ਆਪੇ ਭਾਣਾ ਸਹਿਣਹਾਰਾ, ਹਰਿਜਨ ਭਾਣੇ ਆਪ ਰਖਾਇਆ। ਆਪੇ ਲਹਿਣਾ ਦੇਣਾ ਦੇਵਣਹਾਰਾ, ਜੁਗ ਜੁਗ ਲਹਿਣਾ ਰਿਹਾ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਾਉਂ ਰਖਾਇਆ। ਨਿਹਕਲੰਕ ਨਿਰਗੁਣ ਜੋਤ, ਨੂਰੋ ਨੂਰ ਸਮਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਵਿਚ ਨਾ ਆਈਆ। ਵੇਖ ਵਖਾਏ ਬ੍ਰਹਿਮੰਡ ਖੰਡ ਕੋਟੀ ਕੋਟ, ਕੋਟਨ ਕੋਟਾਂ ਵਿਚ ਸਮਾਈਆ। ਗੁਰਮੁਖ ਸਾਚੇ ਬਖ਼ਸ਼ੇ ਏਕਾ ਓਟ, ਪੁਰਖ ਅਕਾਲ ਇਕ ਮਨਾਈਆ। ਕਲਜੁਗ ਜੀਵ ਆਲ੍ਹਨਿਉਂ ਡਿਗੇ ਬੋਟ, ਉਪਰ ਧਰਤ ਨਾ ਕੋਇ ਉਠਾਈਆ। ਰਸਨ ਵਾਸਨਾ ਹੋਈ ਖੋਟ, ਦੁਰਗੰਧ ਰਹੇ ਫੈਲਾਈਆ। ਕੋਈ ਨਾ ਚੜ੍ਹਿਆ ਉਪਰ ਚੋਟ, ਦਸਮ ਦਵਾਰੀ ਕੁੰਡਾ ਲਾਹੀਆ। ਜੂਠ ਝੂਠ ਭੰਗ ਪੀਤੀ ਘੋਟ, ਅੱਠੇ ਪਹਿਰ ਖੁਮਾਰ ਵਖਾਈਆ। ਕਾਮ ਕਰੋਧ ਕਿਰਿਆ ਲੋਟ ਪੋਟ, ਮਾਇਆ ਮਮਤਾ ਪੜਦਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਭਗਤਨ ਲਏ ਤਰਾਈਆ। ਭਗਤਨ ਸਾਚੇ ਆਪੇ ਰੱਖ, ਰੱਖਣਹਾਰ ਅਖਵਾਇੰਦਾ। ਆਪ ਕਰੇ ਕੱਖੋਂ ਲੱਖ, ਕਰਤਾ ਕੀਮਤ ਆਪ ਚੁਕਾਇੰਦਾ। ਲੱਖ ਚੁਰਾਸੀ ਵਿਚੋਂ ਕਰੇ ਵੱਖ, ਵੱਖਰੀ ਧਾਰ ਬੰਧਾਇੰਦਾ। ਦਰਸ ਵਖਾਏ ਹੋ ਪਰਤੱਖ, ਸਵੱਛ ਸਰੂਪ ਵਟਾਇੰਦਾ। ਮਨਮੁਖਾਂ ਮਾਨਸ ਜਨਮ ਹੋਏ ਭੱਠ, ਕਲਜੁਗ ਭਠਿਆਲਾ ਇਕ ਤਪਾਇੰਦਾ। ਜੋ ਘੜਿਆ ਸੋ ਜਾਏ ਢੱਠ, ਵੇਲਾ ਅੰਤਮ ਆਇੰਦਾ। ਧਰਮ ਰਾਏ ਰਿਹਾ ਨੱਠ, ਦਹਿ ਦਿਸ਼ਾਂ ਪੰਧ ਮੁਕਾਇੰਦਾ। ਚਿਤਰ ਗੁਪਤ ਚੁੱਕਣੀ ਗੱਠ, ਲੱਖ ਚੁਰਾਸੀ ਹਿਸਾਬ ਵਖਾਇੰਦਾ। ਲਾੜੀ ਮੌਤ ਮਾਰਨ ਹਾਰੀ ਸੱਟ, ਹਰਿ ਸਾਚੀ ਸੇਵਾ ਲਾਇੰਦਾ। ਸੀਸ ਧੜ ਦੇਵੇ ਕੱਟ, ਅਧਵਿਚਕਾਰੇ ਪਾਰ ਕਰਾਇੰਦਾ। ਖਾਲੀ ਦਿਸੇ ਕਾਇਆ ਮੱਟ, ਅੰਮ੍ਰਿਤ ਜਾਮ ਨਾ ਕੋਇ ਪਿਆਇੰਦਾ। ਸਵਾਂਗੀ ਸਵਾਂਗ ਰਚਿਆ ਬਾਜ਼ੀਗਰ ਨਟ, ਦਿਸ ਕਿਸੇ ਨਾ ਆਇੰਦਾ। ਜੋਤੀ ਜਗੇ ਲਟ ਲਟ, ਘਰ ਮੰਦਰ ਆਪ ਜਗਾਇੰਦਾ। ਗੁਰਮੁਖਾਂ ਤਨ ਪਹਿਨਾਏ ਪਟ, ਸਚ ਦੋਸ਼ਾਲਾ ਨਾਮ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾਂ ਜੁਗੰਤਰ ਦੇਵੇ ਵਰ, ਸੰਤ ਸੁਹੇਲੇੇ ਗੁਰੂ ਗੁਰ ਚੇਲੇ, ਭਗਤ ਭਗਵਾਨ ਗੁਣ ਨਿਧਾਨ ਆਪ ਆਪਣੇ ਲੇਖੇ ਲਾਇੰਦਾ। ਸੌ ਰੁਪਿਆ ਜਗਤ ਚੱਟੀ, ਜੀਵਾਂ ਜੰਤਾਂ ਰਹੀ ਭਰਮਾਈਆ। ਮਨਮੁਖਾਂ ਸਚ ਨਾ ਖੱਟੀ ਖੱਟੀ, ਗਏ ਵਕ਼ਤ ਗਵਾਈਆ। ਹਰਿ ਕਾ ਦਵਾਰ ਸਮਝਿਆ ਬਾਣੀਆ ਹੱਟੀ, ਪੁੱਛ ਪੁੱਛ ਕੀਮਤ ਰਹੇ ਪਾਈਆ। ਮਾਨਸ ਜਨਮ ਪਿਆ ਪਾਸ਼ਾ ਚੌਪਟ ਨਟੀ, ਸਿਧੀ ਨਰਦ ਨਾ ਕੋਇ ਕਰਾਈਆ। ਧਨ ਜੋਬਨ ਜਵਾਨੀ ਮੁਲ ਨਾ ਪਏ ਇਕ ਅੱਟੀ, ਯੂਸਫ ਗਿਆ ਸਮਝਾਈਆ। ਕਿਸੇ ਤੋਲ ਨਾ ਤੁਲਨਾ ਸੇਰ ਵਟੀ, ਧੜੀ ਪਸੇਰੀ ਨਾ ਕੋਇ ਪਾਈਆ। ਅੰਤਮ ਬੁਝਿਆ ਦੀਵਾ ਬੱਤੀ, ਖ਼ਾਕੀ ਖ਼ਾਕ ਘਰ ਵਖਾਈਆ। ਭਾਈਆਂ ਭੈਣਾਂ ਬਾਹਰ ਸੁਟਣਾ ਹੱਥੀਂ, ਇਕ ਪਰਿ ਨਾ ਕੋਇ ਰਖਾਈਆ। ਨਾਰ ਪਿਆਰ ਨਾ ਕਰੇ ਰੱਤੀ, ਜੋ ਰਹੀ ਸੇਜ ਹੰਢਾਈਆ। ਮਾਂ ਵਗਦੀ ਨਾ ਵੇਖੇ ਵਾ ਤੱਤੀ, ਆਪਣੀ ਹੱਥੀਂ ਲੰਬੂ ਲਾਈਆ। ਪੁੱਤਰ ਧੀਆਂ ਪਾਲੇ ਦੇ ਦੇ ਮਤੀ, ਅੰਤਮ ਧੱਕਾ ਦੇਵਣ ਲਾਈਆ। ਜੋ ਜਨ ਖਾਵੇ ਆਹਾਰ ਛੱਤੀ, ਬਿਨ ਹਰਿ ਨਾਮ ਕੰਮ ਨਾ ਆਈਆ। ਪਾਇਆ ਕੰਚਣ ਸੋਨਾ ਤੋਲੇ ਮਾਸੇ ਰੱਤੀ, ਰੱਤੀ ਰੱਤ ਨਾ ਕੋਇ ਵਖਾਈਆ। ਮਦਿਰਾ ਪਿਆਲਾ ਪੀਤਾ ਤਾ ਤਾ ਭੱਠੀ, ਅੰਤਮ ਭੱਠੀ ਦਏ ਜਲਾਈਆ। ਜੀਵ ਜੰਤ ਆਪਣੇ ਹੱਥੀਂ ਰਿਹਾ ਕੱਟੀ, ਅੰਤਮ ਪੁਰਜਾ ਪੁਰਜਾ ਕੱਟ ਵਖਾਈਆ। ਜੋ ਜਨ ਸੌ ਰੁਪਿਆ ਸਤਿਗੁਰ ਪੂਰੇ ਕੋਲੋਂ ਖਾਧੀ ਚੱਟੀ, ਰਤਨ ਜਵਾਹਰ ਹੀਰੇ ਮਾਣਕ ਮੋਤੀ ਕੋਈ ਨਾ ਤੁਲ ਤੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇ ਮਤ ਰਿਹਾ ਸਮਝਾਈਆ। ਉਠ ਜੀਵ ਕਲਜੁਗ ਜਾਗ, ਹਰਿ ਸਾਚਾ ਆਪ ਜਗਾਇੰਦਾ। ਛੰਬ ਅੰਦਰ ਲੱਗਾ ਭਾਗ, ਭਗਵਨ ਆਪਣਾ ਵੇਸ ਵਟਾਇੰਦਾ। ਧੋਵਣ ਆਇਆ ਦੁਰਮਤ ਮੈਲ ਦਾਗ਼, ਜੋ ਜਨ ਦਰ ਆਏ ਸੀਸ ਝੁਕਾਇੰਦਾ। ਹੰਸ ਬਣਾਏ ਫੜ ਫੜ ਕਾਗ, ਸਚ ਸਰੋਵਰ ਇਕ ਨੁਹਾਇੰਦਾ। ਦੋ ਜਹਾਨਾਂ ਪਕੜੇ ਵਾਗ, ਅਸਵ ਘੋੜੇ ਆਪ ਚੜ੍ਹਾਇੰਦਾ। ਚਰਨ ਧੂੜੀ ਮਜਨ ਮਾਘ, ਘਰ ਸਾਚੇ ਆਪ ਕਰਾਇੰਦਾ। ਪੰਜ ਤੱਤ ਬੁਝੇ ਲੱਗੀ ਆਗ, ਕਾਮ ਕਰੋਧ ਨੇੜ ਨਾ ਆਇੰਦਾ। ਘਰ ਘਰ ਸਾਚਾ ਜਗੇ ਚਿਰਾਗ, ਜੋ ਜਨ ਰਸਨਾ ਹਰਿ ਹਰਿ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਆਪ ਉਠਾਇੰਦਾ। ਉਠ ਜੀਵ ਬਾਲ ਨਿਧਾਨ, ਜਾਗਣ ਵੇਲਾ ਆਇਆ। ਸਤਿਗੁਰ ਪੂਰਾ ਮਿਹਰਵਾਨ, ਦੇਵੇ ਨਾਮ ਸ੍ਰਿਸ਼ਟ ਸਬਾਇਆ। ਹਿੰਦੂ ਮੁਸਲਮ ਸਿਖ ਈਸਾਈ ਸਾਰੇ ਏਕਾ ਗਾਣ, ਅੱਲਾ ਵਾਹਿਗੁਰੂ ਰਾਮ ਨਾਮ ਕ੍ਰਿਸ਼ਨ ਆਪ ਅਖਵਾਇਆ। ਕਰਨੀ ਕਰਤਾ ਪੂਰੇ ਕਰੇ ਕਾਮ, ਜੋ ਜਨ ਮੰਗਣ ਦਰ ਦਰ ਆਇਆ। ਨਿਥਾਵਿਆਂ ਦੇਵੇ ਸਾਚਾ ਥਾਂਵ, ਹਰਿ ਸੰਗਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਦਏ ਵਡਿਆਇਆ। ਹਰਿ ਸੰਗਤ ਵਡਿਆਈ ਧੰਨ, ਧੰਨ ਘਰ ਹਰਿ ਨਾਮਾ ਪਾਇਆ। ਹਰਿ ਸੰਗਤ ਵਡਿਆਈ ਧੰਨ, ਹਰਿ ਹਿਰਦੇ ਵਿਚ ਵਸਾਇਆ। ਹਰਿ ਸੰਗਤ ਵਡਿਆਈ ਧੰਨ, ਧਰ ਧਰਨੀ ਧਵਲ ਸੁਹਾਇਆ। ਹਰਿ ਸੰਗਤ ਵਡਿਆਈ ਧੰਨ, ਸਾਚੀ ਕਰਨੀ ਕਿਰਤ ਕਮਾਇਆ। ਹਰਿ ਸੰਗਤ ਵਡਿਆਈ ਧੰਨ, ਨਿਰਤ ਸੁਰਤ ਇਕ ਰਖਾਇਆ। ਹਰਿ ਸੰਗਤ ਵਡਿਆਈ ਧੰਨ, ਪੁਰਖ ਅਕਾਲ ਇਕ ਮਨਾਇਆ। ਹਰਿ ਸੰਗਤ ਵਡਿਆਈ ਧੰਨ, ਦੀਨ ਦਿਆਲ ਦਰ ਬਹਾਇਆ। ਹਰਿ ਸੰਗਤ ਵਡਿਆਈ ਧੰਨ, ਮਾਇਆ ਮਮਤਾ ਮੋਹ ਜੰਜਾਲ ਤੁੜਾਇਆ। ਹਰਿ ਸੰਗਤ ਵਡਿਆਈ ਧੰਨ, ਕਾਲ ਦਵਾਰ ਨਾ ਫੇਰਾ ਪਾਇਆ। ਹਰਿ ਸੰਗਤ ਵਡਿਆਈ ਧੰਨ, ਸਤਿਗੁਰ ਪੂਰੇ ਨਿਉਂ ਨਿਉਂ ਸੀਸ ਝੁਕਾਇਆ। ਹਰਿ ਸੰਗਤ ਬੇੜਾ ਆਪੇ ਬੰਨ, ਕਲਜੁਗ ਅੰਤਮ ਪਾਰ ਕਰਾਇਆ। ਇਕ ਸੁਣਾਇਆ ਰਾਗ ਕੰਨ, ਏਕਾ ਘਰ ਵਸਾਇਆ। ਜਨਨੀ ਜਨਿਆ ਸਾਚਾ ਜਨ, ਗੁਰਮੁਖ ਵਡ ਵਡਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਆਪ ਅਖਵਾਇਆ। ਸਤਿਗੁਰ ਵਿਚੋਲਾ ਇਕ ਹੈ, ਦੂਸਰ ਨਾਂਹੇ ਕੋਇ। ਪਹਿਲੋਂ ਮਿਟਾਏ ਆਪਣੀ ਤ੍ਰਿਖ ਹੈ, ਫਿਰ ਕਰੇ ਦੂਜੀ ਅਰਜੋਏ। ਤੀਜੇ ਸਿਖਿਆ ਲਏ ਸਿਖ ਹੈ, ਹਰਿ ਭਾਣੇ ਅੰਦਰ ਹੋਏ। ਚੌਥੇ ਸੰਸਾਰ ਜਾਣੇ ਮਿਥ ਹੈ, ਮਿਥਿਆ ਸਰਬ ਲਕੋਏ। ਪੰਜਵੇਂ ਆਪੇ ਰਿਹਾ ਪੇਖ ਹੈ, ਨੌ ਖੰਡ ਪ੍ਰਿਥਮੀ ਆਪ ਖਲੋਏ। ਛੇਵਾਂ ਲਿਖਣਹਾਰਾ ਲੇਖ ਹੈ, ਮਾਤ ਪਿਤ ਨਾ ਜਾਏ ਕੋਇ। ਸੱਤਵਾਂ ਸਭ ਦਾ ਦਾਤਾ ਨਰ ਨਰੇਸ਼ ਹੈ, ਆਪੇ ਦੇਵਣਹਾਰਾ ਢੋਏ। ਅੱਠਵਾਂ ਅੱਠਾਂ ਤੱਤਾਂ ਸਤਿ ਉਪਦੇਸ਼ ਹੈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨ ਮਤ ਬੁਧ ਏਕਾ ਤੱਤ ਪਰੋਏ। ਨੌ ਦਰ ਭੁੱਲੇ ਭਰਮ ਭੁਲੇਖ ਹੈ, ਮਾਇਆ ਮਮਤਾ ਮੋਹ ਭੁਲਾਏ। ਦਸਵਾਂ ਹਰਿ ਹਰਿ ਸਾਚਾ ਲਏ ਵੇਖ ਹੈ, ਗੁਰਸਿਖ ਇਕੋ ਆਏ ਸੋਏ। ਨੌ ਖੰਡ ਪ੍ਰਿਥਮੀ ਹਰਿ ਕਾ ਘਰ, ਲੱਖ ਚੁਰਾਸੀ ਵਿਚ ਵਸਾਈਆ। ਕੋਟਨ ਮਾਵਾਂ ਰੋਵਣ ਦਰ, ਅੱਗੇ ਆਪਣੀ ਝੋਲੀ ਡਾਹੀਆ। ਆਪਣੀ ਕਰਨੀ ਰਿਹਾ ਕਰ, ਕਰਤਾ ਆਪਣੀ ਕਾਰ ਕਮਾਈਆ। ਕਰਮ ਧਰਮ ਜਰਮ ਲਿਖਤ ਲੇਖਾ ਆਪੇ ਧਰ, ਆਪੇ ਦਏ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇ ਮਤ ਇਕ ਸਮਝਾਈਆ। ਪਹਿਲਾਂ ਸਿਖਣੀ ਗੁਰਮਤ, ਗੁਰਮਤ ਬੂਝ ਬੁਝਾਇੰਦਾ। ਦੂਜਾ ਉਪਜੇ ਫਿਰ ਤੱਤ, ਦੂਸਰ ਰਾਹ ਵਖਾਇੰਦਾ। ਪਹਿਲੋਂ ਨਿਭੌਣਾ ਚਰਨ ਨੱਤ, ਜਗਤ ਮਾਰਗ ਫੇਰ ਵਖਾਇੰਦਾ। ਪਹਿਲੋਂ ਬੰਨੇ ਨਾਮ ਗੱਠ, ਦੂਜੇ ਪੁੱਤ ਆਪ ਲੁਭਾਇੰਦਾ। ਤੀਜੇ ਉਤੇ ਜਿਸ ਗੱਲ ਦਿਤੀ ਸੁੱਟ, ਉਸ ਦੀ ਝੋਲੀ ਨਾ ਕੋਈ ਭਰਾਇੰਦਾ। ਚਰਨੀ ਡਿਗੇ ਸਤਿਗੁਰ ਪੂਰਾ ਜਾਏ ਤੁਠ, ਚਾਰੋਂ ਕੁੰਟ ਵੇਖ ਵਖਾਇੰਦਾ। ਜੋ ਜਗਤ ਲਗਾਏ ਸਤਿਗੁਰ ਪੂਰਾ ਠੋਕਰ, ਅਭੁੱਲ ਗੁਰੂ ਭੁੱਲ ਵਿਚ ਕਦੇ ਨਾ ਆਇੰਦਾ। ਸਤਿਗੁਰ ਪੂਰਾ ਚਾਰਨ ਵਾਲਾ ਨਹੀਂ ਚੋਖਰ, ਲੱਖ ਚੁਰਾਸੀ ਖੇਲ ਖਿਲਾਇੰਦਾ। ਜਨ ਭਗਤਾਂ ਕੱਟੇ ਆਪੇ ਔਕੜ, ਜੋ ਜਨ ਸਰਨਾਈ ਆਇੰਦਾ। ਜੋ ਜਨ ਦਰ ਦਵਾਰੇ ਬਣੇ ਸੌਕਣ, ਸੌਕਣ ਮੌਹਰਾ ਗਲ ਲਟਕਾਇੰਦਾ। ਹੱਥ ਫੜਾਏ ਕਲ ਧੌਸਣ, ਨਗਾਰਾ ਰਾਹ ਵਖਾਇੰਦਾ। ਪਹਿਲੋ ਕਾਇਆ ਅੰਦਰ ਦੇਣਾ ਚੌਕੜ, ਪੋਚ ਪਾਚਾ ਆਪ ਕਰਾਇੰਦਾ। ਨਾਮ ਬਹਾਰੀ ਦੇਵੇ ਬੌਕਰ, ਜੂਠਾ ਝੂਠਾ ਕੂੜਾ ਆਪ ਹੁੰਝਾਇੰਦਾ। ਘਰ ਖਿਚ ਲਿਆਏ ਭੁੱਲਿਆ ਛੋਕਰ, ਸਿਰ ਆਪਣਾ ਹੱਥ ਟਿਕਾਇੰਦਾ। ਨਾ ਕੋਈ ਵਿਚ ਪਾਏ ਰੁੱਕੜ, ਨਾ ਕੋਈ ਮੇਟ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਇਕ ਸਮਝਾਇੰਦਾ। ਗੁਰਮਤ ਹਰਿਜਨ ਲਏ ਜਾਣ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਬਚਨ ਕਰੇ ਫਿਰ ਪਰਵਾਨ, ਆਪਣੇ ਲੇਖੇ ਲਏ ਲਗਾਈਆ। ਜਿਸ ਜਨ ਅੰਦਰ ਮਾਣ ਅਭਿਮਾਨ, ਲੋਕ ਲਾਜ ਵੇਖ ਵਖਾਈਆ। ਫੁਰਨਾ ਜਾਣੇ ਜਾਣੀ ਜਾਣ, ਫੁਰਨੇ ਅੰਦਰ ਆਪ ਸਮਾਈਆ। ਸੋ ਮਾਤਾ ਨਾ ਹੋਏ ਜਗਤ ਅੰਞਾਣ, ਜਿਸ ਭੁੱਲਿਆ ਬਿਨ ਬਾਲਕ ਖਾਲੀ ਗੋਦ ਵਖਾਈਆ। ਦੂਜਾ ਨਾ ਕੋਈ ਵਿਚੋਲਾ ਬਣੇ ਵਿਚ ਜਹਾਨ, ਹਰਿ ਸ਼ਬਦ ਵਿਚੋਲਾ ਇਕ ਰਖਾਈਆ। ਪਏ ਵਕ਼ਤ ਮੁਕਰ ਸਭ ਜਾਣ, ਨਾ ਦੇਵੇ ਕੋਈ ਗਵਾਹੀਆ। ਹਰਿ ਕੀ ਸੰਗਤ ਨਾ ਸਕੇ ਕੋਈ ਪਛਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਤ ਪਿਤ ਵੇਖੇ ਰਿਤ, ਵਿਛੋੜਾ ਜੋੜਾ ਆਪੇ ਵੇਖ ਵਖਾਈਆ। ਮਾਤਾ ਬੈਠੀ ਮਾਰ ਦੜ, ਡੋਰੀ ਦੂਜੇ ਹੱਥ ਫੜਾਈਆ। ਕਵਣ ਲਗਾਏ ਉਖੜੀ ਜੜ, ਕਵਣ ਦੇਵੇ ਘਰ ਮਿਲਾਈਆ। ਪਹਿਲੋਂ ਗੁਰ ਕਾ ਸ਼ਬਦ ਜਾਏ ਪੜ੍ਹ, ਦਰ ਦੂਜੇ ਵੱਜੇ ਸਚ ਵਧਾਈਆ। ਤੀਜੇ ਫੜਾਏ ਆਪਣਾ ਲੜ, ਚੌਥੇ ਪੁੱਤਰ ਮੇਲ ਮਿਲਾਈਆ। ਬੀਜ ਬੀਜੇ ਆਪਣੇ ਵੱਤਰ, ਆਪਣੀ ਕਾਇਆ ਫਲ ਲਗਾਈਆ। ਦੂਜੇ ਅੱਗੇ ਨਾ ਰੱਖੇ ਸੱਥਰ, ਜਿਸ ਮਿਲਿਆ ਧੁਰ ਦਰਗਾਹੀਆ। ਨੇਤਰ ਨੈਣ ਨਾ ਵਰੋਲੇ ਅੱਥਰ, ਜਗਤ ਵਿਛੋੜਾ ਦਏ ਕਟਾਈਆ। ਜੋ ਮਾਤਾ ਮਨ ਕਰਕੇ ਬੈਠੀ ਪੱਥਰ, ਕਵਣ ਪੂਤ ਗੋਦ ਉਠਾਈਆ। ਕਲਜੁਗ ਵਿਚੋਲਾ ਕੋਈ ਨਾ ਪੜ੍ਹੇ ਏਕਾ ਅੱਖਰ, ਏਕੰਕਾਰਾ ਨਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਨਰਾਇਣ ਗੜ੍ਹ ਰਿਹਾ ਸਮਝਾਈਆ। ਨਰਾਇਣ ਗੜ੍ਹ ਸਚ ਮਹੱਲਾ, ਹਰਿ ਸਾਚੇ ਆਪ ਸੁਹਾਇਆ। ਕਾਲਾ ਬਾਗ ਉਪਰ ਥੱਲਾ, ਅਧਵਿਚਕਾਰ ਆਪ ਰਖਾਇਆ। ਗੁਰ ਗੋਬਿੰਦ ਗੁਰ ਦਵਾਰ ਏਕਾ ਮੱਲਾ, ਏਕਾ ਡੇਰਾ ਲਾਇਆ। ਸਾਢੇ ਸੱਤ ਘੰਟੇ ਬਾਅਦ ਉਠ ਜਾਏ ਇਕ ਅਕੱਲਾ, ਗੁਰ ਪੂਰੇ ਹੁਕਮ ਸੁਣਾਇਆ। ਕਿਸੇ ਵਿਚ ਨਾ ਆਏ ਵਲ ਛਲਾ, ਵਲ ਛਲ ਧਾਰੀ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਜਗਤ ਤੋਲਾ ਪਹਿਲੋਂ ਤੋਲੇ, ਸ਼ਬਦ ਅੱਖਰ ਹਰਿ ਹਰਿ ਬੋਲੇ, ਹਰਿਜਨ ਵਸਿਆ ਸਦਾ ਕੋਲੇ, ਨੇਰਨ ਨੇਰਾ ਆਪ ਹੋ ਆਇਆ।
