੨੭ ਜੇਠ ੨੦੧੬ ਬਿਕ੍ਰਮੀ ਪਰਕਾਸ਼ ਚੰਦ ਦੇ ਘਰ ਜੰਮੂ
ਸਤਿਗੁਰ ਪੂਰਾ ਹਰਿ ਮਿਹਰਵਾਨ, ਇਕ ਅਕੱਲਾ ਏਕਉਂਕਾਰਿਆ। ਜੋਤੀ ਨੂਰ ਸ੍ਰੀ ਭਗਵਾਨ, ਅਬਿਨਾਸ਼ੀ ਕਰਤਾ ਨਾਉਂ ਧਰਾ ਰਿਹਾ। ਆਦਿ ਨਿਰੰਜਣ ਖੇਲ ਮਹਾਨ, ਪਾਰਬ੍ਰਹਮ ਰੂਪ ਸਮਾ ਰਿਹਾ। ਥਿਰ ਘਰ ਵਸੇ ਸਚ ਮਕਾਨ, ਬੰਕ ਦਵਾਰਾ ਆਪ ਉਪਾ ਲਿਆ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨ, ਸਚ ਸਿੰਘਾਸਣ ਆਸਣ ਲਾ ਲਿਆ। ਆਪੇ ਦੇਵਣਹਾਰਾ ਆਪਣਾ ਦਾਨ, ਆਪਣੀ ਝੋਲੀ ਆਪ ਭਰਾ ਲਿਆ। ਆਪੇ ਦੇਵੇ ਧੁਰ ਫ਼ਰਮਾਣ, ਆਪ ਆਪਣਾ ਸ਼ਬਦ ਸੁਣਾ ਲਿਆ। ਆਪੇ ਵੇਖੇ ਦੋ ਜਹਾਨ, ਆਪ ਆਪਣੀ ਕਲ ਵਰਤਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਇਕ ਅਖਵਾ ਰਿਹਾ। ਸਤਿਗੁਰ ਸਾਚਾ ਹਰਿ ਭਗਵੰਤ, ਅਕਲ ਕਲਾ ਅਖਵਾਈਆ। ਖੇਲੇ ਖੇਲ ਆਦਿ ਅੰਤ, ਜੁਗ ਜੁਗ ਵੱਡੀ ਵਡਿਆਈਆ। ਆਪੇ ਬਣਾਏ ਆਪਣੀ ਬਣਤ, ਨਾ ਮਰੇ ਨਾ ਜਾਈਆ। ਸਾਚਾ ਮੰਦਰ ਇਕ ਸੁਹੰਤ, ਨਿਰਗੁਣ ਨੂਰ ਕਰ ਰੁਸ਼ਨਾਈਆ। ਸਚ ਸਿੰਘਾਸਣ ਨਾਰੀ ਕੰਤ, ਕੰਤ ਕੰਤੂਹਲਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਨਾਉਂ ਰਖਾਈਆ। ਸਤਿਗੁਰ ਸਾਚਾ ਹਰਿ ਨਿਰੰਕਾਰ, ਆਦਿ ਜੁਗਾਦਿ ਅਖਵਾਇਆ। ਆਪ ਆਪਣੀ ਕਿਰਪਾ ਧਾਰ, ਆਪ ਆਪਣਾ ਨਾਉਂ ਰਖਾਇਆ। ਆਪੇ ਪਾਵੇ ਆਪਣੀ ਸਾਰ, ਆਪ ਆਪਣਾ ਮੇਲ ਮਿਲਾਇਆ। ਆਪੇ ਬੰਨੇ ਆਪਣੀ ਧਾਰ, ਧਾਰ ਧਾਰਾ ਵਿਚੋਂ ਕਢਾਇਆ। ਅਲੱਖ ਅਗੋਚਰ ਅਗੰਮ ਅਪਾਰ, ਬੇਅੰਤ ਬੇਅੰਤ ਬੇਅੰਤ ਨਾਉਂ ਧਰਾਇਆ। ਅਲੱਖ ਨਿਰੰਜਣ ਬੇਐਬ ਪਰਵਰਦਿਗਾਰ, ਨੂਰੋ ਨੂਰ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਵੇਸ ਵਟਾਇਆ । ਸਤਿਗੁਰ ਸਾਚਾ ਸਚ ਮਹੱਲਾ, ਨਿਰਗੁਣ ਆਪਣਾ ਆਪ ਉਪਾਈਆ। ਪੁਰਖ ਅਕਾਲ ਵਸਿਆ ਇਕ ਅਕੱਲਾ, ਜੂਨੀ ਰਹਿਤ ਵੱਡੀ ਵਡਿਆਈਆ। ਆਪਣੇ ਦੀਪਕ ਆਪੇ ਬੱਲਾ, ਆਪਣੇ ਨੂਰ ਕਰੇ ਰੁਸ਼ਨਾਈਆ। ਆਪਣੇ ਪਰਕਾਸ਼ ਆਪੇ ਰੱਲਾ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਆਪਣਾ ਸਿੰਘਾਸਣ ਆਪੇ ਮੱਲਾ, ਸ਼ਾਹ ਸ਼ਾਬਾਸਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਨਾਉਂ ਰਖਾਈਆ। ਸਤਿ ਸਤਿਗੁਰ ਸੱਚਾ ਨਾਉਂ ਰੱਖ, ਹਰਿ ਆਪਣਾ ਨਾਉਂ ਰਖਾਇਆ। ਆਪ ਆਪਣਾ ਕਰ ਪਰਤੱਖ, ਆਪ ਆਪਣਾ ਰੂਪ ਵਟਾਇਆ। ਆਪਣਾ ਲੇਖਾ ਆਪੇ ਲਿਖ, ਲਿਖਣਹਾਰਾ ਆਪ ਹੋ ਜਾਇਆ। ਆਪਣੀ ਸਿਖਿਆ ਆਪੇ ਸਿਖ, ਆਪਣੀ ਵਿਦਿਆ ਆਪ ਪੜ੍ਹਾਇਆ। ਆਪਣੀ ਮੰਗੇ ਆਪੇ ਭਿਖ, ਆਪਣੀ ਝੋਲੀ ਅੱਗੇ ਡਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਇਕ ਅਖਵਾਇਆ। ਸਤਿਗੁਰ ਸੱਚਾ ਹਰਿ ਭਗਵਾਨ, ਹਰਿ ਸਾਚੇ ਜੋਤ ਜਗਾਈਆ। ਏਕਾ ਵਸੇ ਸਚ ਮਕਾਨ, ਉਚ ਮਹੱਲ ਅਟੱਲ ਆਪ ਉਪਾਈਆ। ਆਪੇ ਹੋਇਆ ਨੌਜਵਾਨ, ਬਿਰਧ ਬਾਲ ਨਾ ਵੇਸ ਵਟਾਈਆ। ਆਪੇ ਖੇਲੇ ਖੇਲ ਮਹਾਨ, ਖੇਲ ਖੇਲੰਤਾ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਹਰਿ ਰਘੁਰਾਈਆ। ਸਤਿਗੁਰ ਸੱਚਾ ਸੱਚਾ ਦਾਤਾ, ਹਰਿ ਸਾਚੇ ਵਡ ਵਡਿਆਈਆ। ਆਪਣੀ ਰੱਖੇ ਉਤਮ ਜ਼ਾਤਾ, ਵਰਨ ਬਰਨ ਨਾ ਕੋਇ ਬਣਾਈਆ। ਬੈਠਾ ਰਹੇ ਇਕ ਅਕਾਂਤਾ, ਇਕ ਅਕੱਲਾ ਜੋਤ ਰੁਸ਼ਨਾਈਆ। ਨਾ ਕੋਈ ਦਿਵਸ ਨਾ ਕੋਈ ਰਾਤਾ, ਨਾ ਕੋਈ ਸੂਰਜ ਚੰਨ ਚੜ੍ਹਾਈਆ। ਨਾ ਕੋਈ ਮੰਡਪ ਮਾੜੀ ਵੇਖੇ ਬਹੁ ਬਿਧ ਭਾਂਤਾ, ਗਗਨ ਮੰਡਲ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਚਾ ਘਰ ਸਾਚਾ ਵੇਖ ਵਖਾਈਆ। ਸਾਚਾ ਹਰਿ ਦਰਵਾਜ਼ਾ, ਆਪਣਾ ਆਪ ਖੁਲ੍ਹਾਇੰਦਾ। ਪਰਮ ਪੁਰਖ ਪ੍ਰਭ ਗ਼ਰੀਬ ਨਿਵਾਜ਼ਾ, ਨਿਰਗੁਣ ਨਿਰਗੁਣ ਜੋਤ ਜਗਾਇੰਦਾ। ਆਪਣੀ ਰੱਖੀ ਆਪੇ ਲਾਜਾ, ਆਪਣਾ ਪੜਦਾ ਆਪੇ ਪਾਇੰਦਾ। ਅਗੰਮ ਅਗੰਮੜੀ ਮਾਰੇ ਵਾਜਾ, ਸ਼ਬਦ ਅਨਾਦੀ ਸੁੱਤ ਉਪਜਾਇੰਦਾ। ਏਕਾ ਅਸਵ ਰੱਖਿਆ ਤਾਜਾ, ਸਾਚੇ ਘੋੜੇ ਆਪ ਚੜ੍ਹਾਇੰਦਾ। ਲੋਆਂ ਪੁਰੀਆਂ ਰਚਿਆ ਕਾਜਾ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇੰਦਾ। ਲੱਖ ਚੁਰਾਸੀ ਸਾਜਨ ਸਾਜਾ, ਤ੍ਰੈਗੁਣ ਮਾਇਆ ਬੰਧਨ ਪਾਇੰਦਾ। ਪੰਚਮ ਮੇਲਾ ਪੰਚਮ ਰਾਜਾ, ਪੰਚਮ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਹਰਿ ਮਿਹਰਵਾਨ, ਧੁਰ ਦਰਬਾਨ ਇਕ ਅਖਵਾਇੰਦਾ। ਸਤਿਗੁਰ ਸੱਚਾ ਸ਼ਹਿਨਸ਼ਾਹ, ਪਾਰਬ੍ਰਹਮ ਬੇਅੰਤ। ਆਪਣਾ ਬਣੇ ਆਪ ਮਲਾਹ, ਆਪ ਬਣਾਏ ਆਪਣੀ ਬਣਤ। ਬ੍ਰਹਮਾ ਵਿਸ਼ਨ ਸ਼ਿਵ ਲਏ ਉਪਾ, ਆਪੇ ਨਾਰੀ ਆਪੇ ਕੰਤ। ਆਪੇ ਸੇਜਾ ਰਿਹਾ ਹੰਢਾ, ਆਪੇ ਚਾੜ੍ਹੇ ਰੰਗ ਬਸੰਤ। ਆਪੇ ਲੱਖ ਚੁਰਾਸੀ ਲਏ ਉਪਾ, ਆਪੇ ਦੇਵੇ ਜੋਤ ਨਿਰੰਤ। ਆਪੇ ਮਨ ਮਤ ਬੁਧ ਵਿਚ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਸਤਿਗੁਰ ਪੂਰਾ ਜਾਗਰਤ ਜੋਤ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਚੱਕਰ ਚਿਹਨ ਨਾ ਕੋਇ ਵਖਾਈਆ। ਰੂਪ ਅਨੂਪਾ ਕੋਟੀ ਕੋਟ, ਘੜ ਭਾਂਡੇ ਸਾਜ ਧਰਾਈਆ। ਸ਼ਬਦ ਅਗੰਮੀ ਲਾਏ ਚੋਟ, ਧੁਨ ਆਤਮਕ ਆਪ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਸਾਚਾ ਮਾਰਗ ਇਕ ਵਖਾਈਆ। ਸਤਿਗੁਰ ਸੱਚਾ ਦੀਨ ਦਿਆਲ, ਆਦਿ ਨਿਰੰਜਣ ਰੂਪ ਵਟਾਇੰਦਾ। ਸੰਗ ਰਖਾਏ ਕਾਲ ਮਹਾਂਕਾਲ, ਆਪ ਆਪਣੇ ਲਾਲ ਉਠਾਇੰਦਾ। ਲੱਖ ਚੁਰਾਸੀ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਹੋ ਜਾਇੰਦਾ। ਆਪੇ ਬਣੇ ਸ਼ਬਦ ਦਲਾਲ, ਗੁਰ ਗੁਰ ਵੇਸ ਧਰਾਇੰਦਾ। ਲੱਖ ਚੁਰਾਸੀ ਵੱਜੇ ਤਾਲ, ਤਾਲ ਤਲਵਾੜਾ ਆਪ ਵਜਾਇੰਦਾ। ਆਪਣੀ ਘਾਲਨ ਆਪੇ ਘਾਲ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਗੁਰ ਸੱਚਾ ਦੇਵੇ ਵਰ, ਸ਼ਬਦ ਗੁਰ ਇਕ ਉਪਜਾਇੰਦਾ। ਸ਼ਬਦ ਗੁਰ ਸੂਰਬੀਰ ਬਲਕਾਰਾ, ਹਰਿ ਸਤਿਗੁਰ ਆਪ ਉਪਜਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਪੰਜ ਤੱਤ ਮੇਲ ਮਿਲਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਬ੍ਰਹਮ ਪਾਰਬ੍ਰਹਮ ਜਣਾਇੰਦਾ। ਏਕਾ ਮੰਦਰ ਖੇਲ ਨਿਆਰਾ, ਘਰ ਘਰ ਵਿਚ ਸੋਭਾ ਪਾਇੰਦਾ। ਅਗੰਮ ਅਗੰਮੜੀ ਕਰੇ ਕਾਰਾ, ਅਲੱਖ ਅਲੱਖਣਾ ਲੇਖ ਲਿਖਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਕਰਨੀ ਕਰਤਾ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸੱਚਾ ਸਾਚਾ ਕਰਮ ਕਮਾਇੰਦਾ। ਸਤਿਗੁਰ ਸੱਚਾ ਸਾਖਿਆਤ, ਹਰਿ ਸਾਚੇ ਸਚ ਵਡਿਆਈਆ। ਗੁਰ ਮੰਤਰ ਦੇਵੇ ਨਾਮ ਦਾਤ, ਪੰਜ ਤੱਤ ਕਰੇ ਕੁੜਮਾਈਆ। ਮੇਟੇ ਰੈਣ ਅੰਧੇਰੀ ਰਾਤ, ਸਾਚਾ ਚੰਨ ਚੜ੍ਹਾਈਆ। ਅੰਮ੍ਰਿਤ ਆਤਮ ਬੂੰਦ ਸਵਾਂਤ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਤਿਗੁਰ ਸੱਚਾ ਮਿਹਰਵਾਨ, ਗੁਰ ਗੁਰ ਵੇਸ ਕਰਾਈਆ। ਹਰਿ ਸਤਿਗੁਰ ਸਾਚੀ ਸਿਖਿਆ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰ ਮੰਗੀ ਏਕਾ ਭਿਖਿਆ, ਹਰਿ ਨਾਮਾ ਝੋਲੀ ਪਾਇਆ। ਧੁਰ ਮਸਤਕ ਆਪੇ ਲਿਖਿਆ, ਗੁਰਮੁਖ ਸਾਚੇ ਲਏ ਜਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਸ ਵਟਾਇਆ। ਸਤਿਗੁਰ ਸੱਚਾ ਦੇਵਣਹਾਰ, ਏਕਾ ਨਾਮ ਭੰਡਾਰਿਆ। ਗੁਰ ਗੁਰ ਲਏ ਮਾਤ ਅਵਤਾਰ, ਜਗ ਖੇਲ ਅਪਾਰਿਆ। ਭਗਤਨ ਮੀਤਾ ਖ਼ਬਰਦਾਰ, ਗੁਰਮੁਖ ਸੋਏ ਮਾਤ ਉਠਾ ਰਿਹਾ। ਗੁਰਸਿਖਾਂ ਬਖ਼ਸ਼ੇ ਚਰਨ ਪਿਆਰ, ਚਰਨ ਪ੍ਰੀਤੀ ਨਾਤਾ ਆਪ ਜੁੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕਉਂਕਾਰ ਅਕਲ ਕਲ ਧਾਰ ਆਪਣੀ ਕਲ ਵਰਤਾ ਰਿਹਾ। ਸਤਿਗੁਰ ਸਾਚਾ ਇਕ ਅਕੱਲਾ, ਏਕਾ ਰੰਗ ਰੰਗਾਈਆ। ਗੁਰ ਗੁਰ ਵਸਾਏ ਸਚ ਮਹੱਲਾ, ਲੋਕਮਾਤ ਵੱਜੇ ਵਧਾਈਆ। ਵਸਣਹਾਰਾ ਜਲਾਂ ਥਲਾਂ, ਗੁਰਮੁਖ ਸਾਚੇ ਲਏ ਜਗਾਈਆ। ਗੁਰਮੁਖ ਆਤਮ ਸਚ ਸਿੰਘਾਸਣ ਏਕਾ ਮੱਲਾ, ਆਪ ਆਪਣੀ ਸੇਜ ਵਿਛਾਈਆ। ਨਿਰਗੁਣ ਸਰਗੁਣ ਫੜਾਏ ਪੱਲਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗਾ ਜੁਗੰਤ ਹਰਿ ਭਗਵੰਤ ਵੱਡੀ ਵਡਿਆਈਆ। ਭਗਤਨ ਮੀਤਾ ਪੁਰਖ ਅਬਿਨਾਸ਼ਾ, ਜਨ ਭਗਤਾਂ ਖੇਲ ਖਿਲਾਇੰਦਾ। ਗੁਰ ਗੁਰ ਵੇਖੇ ਜਗਤ ਤਮਾਸਾ, ਆਪ ਆਪਣਾ ਮਾਰਗ ਲਾਇੰਦਾ। ਗੁਰਮੁਖਾਂ ਅੰਦਰ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਇੰਦਾ। ਗੁਰਸਿਖ ਗਾਏ ਸਵਾਸ ਸਵਾਸਾ, ਰਸਨਾ ਜੇਹਵਾ ਗੁਣ ਵਖਾਇੰਦਾ। ਪੂਰਨ ਕਰੇ ਜੁਗ ਜੁਗ ਆਸਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸ਼ਾਹੋ ਭੂਪ ਸਤਿ ਸਰੂਪ ਆਪ ਅਖਵਾਇੰਦਾ। ਸਤਿਗੁਰ ਪੂਰਾ ਸ਼ਾਹ ਸੁਲਤਾਨ, ਘਰ ਸਾਚੇ ਵੱਜੇ ਵਧਾਈਆ। ਗੁਰ ਮੰਤਰ ਦੇਵੇ ਇਕ ਗਿਆਨ, ਲੱਖ ਚੁਰਾਸੀ ਕਰੇ ਪੜ੍ਹਾਈਆ। ਜੀਵ ਜੰਤ ਸਭ ਰਸਨਾ ਗਾਨ, ਆਤਮ ਅੰਤਰ ਇਕ ਲਿਵ ਲਾਈਆ। ਗੁਰਮੁਖ ਸਾਚੇ ਚਤੁਰ ਸੁਜਾਨ, ਦੇ ਮਤ ਆਪ ਸਮਝਾਈਆ। ਏਕਾ ਦੂਜਾ ਭੇਵ ਮਿਟਾਣ, ਤੀਜੇ ਲੋਇਣ ਕਰੇ ਰੁਸ਼ਨਾਈਆ। ਚੌਥੇ ਪਦ ਮੇਲ ਸ੍ਰੀ ਭਗਵਾਨ, ਹਰਿ ਮੇਲਾ ਸਹਿਜ ਸੁਭਾਈਆ। ਛੇਵਾਂ ਛੱਪਰ ਨਾ ਕੋਈ ਮਕਾਨ, ਸੱਤਵਾਂ ਸਤਿ ਪੁਰਖ ਨਿਰੰਜਣ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਸਤਿਗੁਰ ਪੂਰਾ ਆਪ ਹੋ ਜਾਈਆ। ਸਤਿਗੁਰ ਪੂਰਾ ਜੀਅ ਦਾਤਾ, ਦਇਆਵਾਨ ਅਖਵਾਇੰਦਾ। ਗੁਰ ਗੁਰ ਸੁਣਾਏ ਸਾਚੀ ਗਾਥਾ, ਹਰਿ ਕਾ ਨਾਮ ਮੰਤਰ ਅਲਾਇੰਦਾ। ਗੁਰਮੁਖਾਂ ਲਹਿਣਾ ਦੇਣਾ ਚੁਕਾਏ ਮਸਤਕ ਮਾਥਾ, ਪੂਰਬ ਝੋਲੀ ਪਾਇੰਦਾ। ਗੁਰਸਿਖ ਚੜ੍ਹਾਏ ਸਾਚੇ ਰਾਥਾ, ਰਥ ਰਥਵਾਹੀ ਆਪ ਹੋ ਜਾਇੰਦਾ। ਆਪੇ ਹੋ ਤ੍ਰਿਲੋਕੀ ਨਾਥਾ, ਤ੍ਰੈਲੋਕਾਂ ਵੇਖ ਵਖਾਇੰਦਾ। ਚੌਦਾਂ ਲੋਕਾਂ ਏਕਾ ਹਾਟਾ, ਏਕਾ ਵਣਜ ਕਰਾਇੰਦਾ। ਏਕਾ ਵਸਤ ਏਕਾ ਖਾਟਾ, ਏਕਾ ਆਸਣ ਲਾਇੰਦਾ। ਏਕਾ ਜੋਤੀ ਨੂਰ ਲਿਲਾਟਾ, ਏਕਾ ਡਗਮਗਾਇੰਦਾ। ਏਕਾ ਅੰਮ੍ਰਿਤ ਮਾਰੇ ਠਾਠਾ, ਸਰ ਸਰੋਵਰ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਆਪ ਆਪਣੀ ਖੇਲ ਖਿਲਾਇੰਦਾ। ਸਤਿਗੁਰ ਪੂਰਾ ਦੀਨਾ ਬੰਧਨ, ਨਾਥ ਅਨਾਥਾਂ ਲਏ ਉਠਾਈਆ। ਗੁਰ ਗੁਰ ਦੇਵੇ ਪਰਮਾਨੰਦਨ, ਪਰਮ ਪੁਰਖ ਮਿਲਾਈਆ। ਗੁਰਮੁਖਾਂ ਮਸਤਕ ਲਾਏ ਚੰਦਨ, ਧੂੜੀ ਟਿੱਕਾ ਇਕ ਛੁਹਾਈਆ। ਗੁਰਮੁਖਾਂ ਤੋੜੇ ਜਗਤ ਜੰਜਾਲਾ ਬੰਧਨ, ਮਾਇਆ ਮਮਤਾ ਮੋਹ ਚੁਕਾਈਆ। ਨਾਮ ਸੁਣਾਏ ਸੁਹਾਗੀ ਛੰਦਨ, ਪੰਚਮ ਸਖੀਆਂ ਮਿਲ ਮਿਲ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਦਾਤਾ ਬੇਪਰਵਾਹੀਆ। ਸਤਿਗੁਰ ਦਾਤਾ ਸਚਖੰਡ, ਸਾਚਾ ਥਾਨ ਸੁਹਾਇੰਦਾ। ਗੁਰ ਗੁਰ ਨਾਮ ਦੇਵੇ ਵੰਡ, ਆਪਣੀ ਵੰਡ ਵੰਡਾਇੰਦਾ। ਗੁਰਮੁਖ ਅੰਤਰ ਪਾਏ ਠੰਡ, ਸਾਂਤਕ ਸਤਿ ਕਰਾਇੰਦਾ। ਗੁਰਮੁਖਾਂ ਪੱਲੇ ਬੰਨੇ ਨਾਮ ਗੰਢ, ਚੋਰ ਯਾਰ ਲੁੱਟ ਕੋਈ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਇੰਦਾ। ਜੁਗ ਕਰਤਾ ਹਰਿ ਕਰਨੇਹਾਰਾ, ਪਰਮ ਪੁਰਖ ਸੁਲਤਾਨਿਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਪਾਵੇ ਸਾਰਾ, ਕਲਜੁਗ ਖੇਲੇ ਖੇਲ ਮਹਾਨਿਆ। ਆਪੇ ਰਾਮ ਕ੍ਰਿਸ਼ਨਾ ਲਏ ਅਵਤਾਰਾ, ਨਿਰਗੁਣ ਜੋਤੀ ਜੋਤ ਜੋਤ ਜਗਾਨਿਆ। ਆਪੇ ਵੇਦ ਵਿਆਸਾ ਬਣ ਲਿਖਾਰਾ, ਪੁਰਾਨੀ ਪੁਰਾਨ ਆਪ ਅਖਵਾਨਿਆ। ਗੀਤਾ ਗਿਆਨ ਦਏ ਅਧਾਰਾ, ਤੀਰ ਨਿਸ਼ਾਨਾ ਮਾਰੇ ਬਾਣਿਆ। ਆਪੇ ਈਸਾ ਮੂਸਾ ਕਰ ਵਣਜਾਰਾ, ਅੰਜੀਲ ਕੁਰਾਨ ਕਰੇ ਪਰਧਾਨਿਆ। ਆਪੇ ਮੇਲਾ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਆਪ ਪਰਨਾਨਿਆ। ਆਪੇ ਕਲਮਾ ਰਸੂਲ ਕਾਇਨਾਤ ਲਾਏ ਨਾਅਰਾ, ਆਪ ਆਪਣਾ ਖੇਲ ਖਿਲਾਨਿਆ। ਆਪੇ ਨਿਰਗੁਣ ਨਾਨਕ ਬੰਨੇ ਧਾਰਾ, ਨਾਮ ਸਤਿ ਮੰਤਰ ਇਕ ਦ੍ਰਿੜਾਨਿਆ। ਆਪੇ ਜੋਤੀ ਦਸ ਅਵਤਾਰਾ, ਗੁਰ ਗੋਬਿੰਦ ਜੋਧਾ ਸੂਰਬੀਰ ਬਲਵਾਨਿਆ। ਆਪੇ ਅਰਜਨ ਪੰਚਮ ਬਣ ਲਿਖਾਰਾ, ਆਪ ਆਪਣਾ ਭੇਵ ਖੁਲਾਨਿਆ। ਆਪੇ ਵਸੇ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਨਿਆ। ਆਦਿ ਜੁਗਾਦੀ ਏਕੰਕਾਰਾ, ਅਕਲ ਕਲਾ ਅਖਵਾਨਿਆ। ਲੱਖ ਚੁਰਾਸੀ ਪਾਵੇ ਸਾਰਾ, ਦੇਵੇ ਧੁਰ ਫ਼ਰਮਾਣਿਆ। ਬ੍ਰਹਮਾ ਵਿਸ਼ਨ ਸ਼ਿਵ ਕੋਟਨ ਕੋਟ ਖੜੇ ਰਹਿਣ ਦਵਾਰਾ, ਨਿਉਂ ਨਿਉਂ ਸੀਸ ਝੁਕਾਨਿਆ। ਕਰੋੜ ਤੇਤੀਸਾ ਬਣੇ ਭਿਖਾਰਾ, ਸੁਰਪਤ ਰਾਜਾ ਇੰਦ ਨਾਲ ਮਿਲਾਨਿਆ। ਰਾਏ ਧਰਮ ਮਾਰੇ ਨਾਅਰਾ, ਨੇਤਰ ਨੈਣਾਂ ਨੀਰ ਵਹਾਨਿਆ। ਚਿਤਰ ਗੁਪਤ ਢਹਿ ਪਏ ਦਵਾਰਾ, ਆਪਣਾ ਲੇਖਾ ਆਪ ਵਖਾਨਿਆ। ਧਰਤ ਮਾਤ ਰੋਵੇ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਨਿਆ। ਸ਼ਾਹ ਸੁਲਤਾਨ ਹੋਏ ਗਵਾਰਾ, ਸਾਚਾ ਧਰਮ ਨਾ ਕੋਈ ਵਖਾਨਿਆ। ਚਾਰ ਵਰਨ ਨਾਰ ਵਿਭਚਾਰਾ, ਸਾਚਾ ਕੰਤ ਨਾ ਕੋਈ ਹੰਢਾਨਿਆ। ਮਨਮਤ ਲੋਕਮਾਤ ਹੋਈ ਅਵਾਰਾ, ਦਹਿ ਦਿਸ਼ਾ ਫੇਰੀ ਪਾਨਿਆ। ਪੁਰਖ ਅਬਿਨਾਸ਼ੀ ਖੇਲ ਅਪਾਰਾ, ਜੁਗਾ ਜੁਗੰਤਰ ਵੇਖੇ ਮਾਰ ਧਿਆਨਿਆ। ਥਿਰ ਘਰ ਬੈਠਾ ਸਚ ਦਵਾਰਾ, ਜੋਤੀ ਜੋਤ ਡਗਮਗਾਨਿਆ। ਸ਼ਬਦੀ ਸ਼ਬਦ ਲਏ ਅਵਤਾਰਾ, ਜੋਧਾ ਸੂਰਬੀਰ ਆਪ ਹੋ ਜਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਵਰਤੇ ਆਪਣੇ ਭਾਣਿਆ। ਸਤਿਗੁਰ ਸੱਚੇ ਸਾਚਾ ਭਾਣਾ, ਆਪਣੇ ਹੱਥ ਰਖਾਇਆ। ਨਾ ਕੋਈ ਜਾਣੇ ਰਾਜਾ ਰਾਣਾ, ਸ਼ਾਹ ਸੁਲਤਾਨ ਭੇਵ ਨਾ ਪਾਇਆ। ਗੁਰਮੁਖ ਵਿਰਲੇ ਦਰ ਆਪਣੇ ਦੇਵੇ ਮਾਣਾ, ਮਨਮੁਖ ਗੂੜ੍ਹੀ ਨੀਂਦ ਸੁਵਾਇਆ। ਜੂਠਾ ਝੂਠਾ ਤਣਿਆ ਤਾਣਾ, ਪੰਚ ਵਿਕਾਰਾ ਜਾਲ ਲਗਾਇਆ। ਸਾਧ ਸੰਤ ਮਾਇਆ ਮਮਤਾ ਲੋਭ ਹਲਕਾਨਾ, ਕਾਮ ਕਰੋਧ ਸੰਗ ਰਖਾਇਆ। ਕਿਸੇ ਮੰਦਰ ਅੰਦਰ ਵੱਜੇ ਨਾ ਰਾਗ ਤਰਾਨਾ, ਅਨਹਦ ਤਾਲ ਨਾ ਕੋਇ ਸੁਣਾਇਆ। ਪੰਜ ਤੱਤ ਮੁਨਾਰਾ ਦਿਸੇ ਸੁੰਞ ਮਸਾਣਾ, ਹਰਿ ਕਾ ਰੂਪ ਨਾ ਕੋਈ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਵੇਸ ਆਪ ਕਰਾਇਆ। ਸਾਚਾ ਵੇਸ ਹਰਿ ਬਨਵਾਰੀ, ਸਤਿਗੁਰ ਪੁਰਖ ਕਰਾਇੰਦਾ। ਇਕ ਅਕੱਲਾ ਏਕੰਕਾਰੀ, ਆਪਣੀ ਕਲ ਵਰਤਾਇੰਦਾ। ਨਿਰਗੁਣ ਜੋਤ ਕਰ ਉਜਿਆਰੀ, ਸਰਗੁਣ ਵੇਖ ਵਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰੀ, ਬ੍ਰਹਿਮੰਡਾਂ ਖੰਡਾਂ ਫੋਲ ਫੋਲਾਇੰਦਾ। ਜੇਰਜ ਅੰਡਾਂ ਰਿਹਾ ਲਲਕਾਰੀ, ਉਤਭੁਜ ਸੇਤਜ ਆਪ ਉਠਾਇੰਦਾ। ਰਾਜ ਰਾਜਾਨਾਂ ਕਰੇ ਖੁਵਾਰੀ, ਸ਼ਾਹ ਸੁਲਤਾਨਾਂ ਖ਼ਾਕ ਰਲਾਇੰਦਾ। ਲਹਿਣਾ ਦੇਣਾ ਚੁੱਕੇ ਪੰਜ ਤੱਤ ਹੰਕਾਰੀ, ਨਾਮ ਖੰਡਾ ਹੱਥ ਉਠਾਇੰਦਾ। ਜੂਠ ਝੂਠ ਰਿਹਾ ਮਾਰੀ, ਵਹਿੰਦੀ ਧਾਰੀ ਆਪ ਰੁੜਾਇੰਦਾ। ਕਲਜੁਗ ਅੰਤਮ ਨਾਤਾ ਤੁਟੇ ਯਾਰੀ, ਚਾਰ ਯਾਰ ਸੰਗ ਮੁਹੰਮਦ ਕੋਇ ਨਾ ਨਾਲ ਰਖਾਇੰਦਾ। ਅੰਜੀਲ ਕੁਰਾਨਾ ਕਰੇ ਪੁਕਾਰੀ, ਬਹਿ ਬਹਿ ਮਤਾ ਪਕਾਇੰਦਾ। ਅੰਤਮ ਕਲਜੁਗ ਆਈ ਵਾਰੀ, ਨਾ ਕੋਈ ਸੰਗ ਰਖਾਇੰਦਾ। ਅੱਲਾ ਰਾਣੀ ਨੇਤਰ ਰੋਵੇ ਜ਼ਾਰੋ ਜ਼ਾਰੀ, ਮੁਖ ਪੱਲੂ ਆਪੇ ਲਾਹਿੰਦਾ। ਨਾਨਕ ਗੋਬਿੰਦ ਬਣ ਲਿਖਾਰੀ, ਕਲਜੁਗ ਲੇਖਾ ਲੇਖ ਚੁਕਾਇੰਦਾ। ਪੁਰਖ ਅਬਿਨਾਸ਼ੀ ਖੇਲ ਅਪਾਰੀ, ਭੇਵ ਅਭੇਦਾ ਭੇਵ ਛੁਪਾਇੰਦਾ। ਆਵੇ ਜਾਵੇ ਵਾਰੋ ਵਾਰੀ, ਜੁਗ ਜੁਗ ਵੇਸ ਵਟਾਇੰਦਾ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰੀ, ਸੰਬਲ ਨਗਰੀ ਡੇਰਾ ਲਾਇੰਦਾ। ਖੜਗ ਖੰਡਾ ਤੇਜ਼ ਕਟਾਰੀ, ਬ੍ਰਹਿਮੰਡਾਂ ਨਾਮ ਚਮਕਾਇੰਦਾ। ਮਨਮੁਖ ਜੀਆਂ ਜਾਏ ਮਾਰੀ, ਤਿਖੀ ਦੋਵਾਂ ਧਾਰ ਵਖਾਇੰਦਾ। ਗੁਰਮੁਖ ਸਾਜਣ ਜਾਏ ਤਾਰੀ, ਫੜ ਬਾਂਹੋਂ ਗਲ ਲਗਾਇੰਦਾ। ਏਕਾ ਦੇਵੇ ਨਾਮ ਖੁਮਾਰੀ, ਰਾਮ ਨਾਮ ਝੋਲੀ ਪਾਇੰਦਾ। ਮੋਹਣ ਮੁਕਟ ਨਰ ਨਰਾਇਣ ਮੁਕੰਦ ਮਨੋਹਰ ਲੱਖਮੀ ਨਰਾਇਣ, ਨੇਤਰ ਨੈਣ ਇਕ ਖੁਲ੍ਹਾਇੰਦਾ। ਰਾਮ ਰਾਮਾ ਹਰਿ ਅਵਤਾਰੀ, ਹਰਿ ਜੂ ਹਰਿ ਮੰਦਰ ਡੇਰਾ ਲਾਇੰਦਾ। ਨਾਨਕ ਨਿਰਗੁਣ ਨਿਰਗੁਣ ਧਾਰੀ, ਤ੍ਰੈਗੁਣ ਬੰਧਨ ਕੋਇ ਨਾ ਪਾਇੰਦਾ। ਗੁਰ ਗੋਬਿੰਦ ਸ਼ਾਹ ਸਵਾਰੀ, ਨੀਲਾ ਨੀਲੀ ਧਾਰੋਂ ਪਾਰ ਕਰਾਇੰਦਾ। ਲੋਕਮਾਤ ਵੇਖੇ ਵਡ ਸੰਸਾਰੀ, ਸਮੁੰਦ ਸਾਗਰ ਫੋਲ ਫੋਲਾਇੰਦਾ। ਉਚੇ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜੀ, ਸਤਿਗੁਰ ਪੂਰਾ ਫੋਲ ਫੋਲਾਇੰਦਾ। ਜਨ ਭਗਤਾਂ ਫਿਰੇ ਪਿੱਛੇ ਅਗਾੜੀ, ਜੁਗ ਜੁਗ ਸੇਵ ਕਮਾਇੰਦਾ। ਕਰੇ ਪਰਕਾਸ਼ ਬਹੱਤਰ ਨਾੜੀ, ਜੋਤ ਨਿਰੰਜਣ ਆਪ ਜਗਾਇੰਦਾ। ਸਾਚੇ ਮੰਦਰ ਜਾਏ ਵਾੜੀ, ਕਬੀਰ ਕਬੀਰਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿ ਗੁਰ ਪੂਰਾ ਦੇਵੇ ਵਰ, ਵਰ ਦਾਤਾ ਆਪ ਅਖਵਾਇੰਦਾ। ਸਤਿਗੁਰ ਪੂਰਾ ਦਰਦ ਦੁੱਖ ਭੈ ਭੰਜਣ, ਭਵ ਸਾਗਰ ਪਾਰ ਕਰਾਈਆ। ਗੁਰ ਮੰਤਰ ਦੇਵੇ ਨਾਮ ਅੰਜਨ, ਨਾਮ ਸਤਿ ਵੱਡੀ ਵਡਿਆਈਆ। ਚਰਨ ਧੂੜ ਜਨ ਸਾਚਾ ਮਜਨ, ਦੁਰਮਤ ਮੈਲ ਗਵਾਈਆ। ਧੁਰ ਦਰਗਾਹੀ ਸਾਚਾ ਸੱਜਣ, ਲੋਕਮਾਤ ਫੇਰਾ ਪਾਈਆ। ਜਨ ਭਗਤਾਂ ਆਏ ਪੜਦਾ ਕੱਜਣ, ਜੁਗ ਜੁਗ ਵੱਡੀ ਵਡਿਆਈਆ। ਸ਼ਬਦ ਅਨਾਦੀ ਤਾਲ ਘਰ ਸਾਚੇ ਵੱਜਣ, ਤਾਲ ਤਲਵਾੜਾ ਇਕ ਵਖਾਈਆ। ਗੜ੍ਹ ਹੰਕਾਰੀ, ਭਾਂਡੇ ਭੱਜਣ, ਜੋ ਜਨ ਆਏ ਸਰਨਾਈਆ। ਆਪੇ ਰੱਖਣਹਾਰਾ ਲੱਜਣ, ਵੇਲੇ ਅੰਤ ਦਏ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਜੋਤੀ ਨੂਰਾ ਨੂਰੋ ਨੂਰ ਕਰੇ ਰੁਸ਼ਨਾਈਆ। ਜੋਤੀ ਨੂਰ ਨਿਹਕਲੰਕ, ਨਿਰਗੁਣ ਆਪ ਅਖਵਾਇਆ। ਆਪ ਵਜਾਏ ਆਪਣਾ ਡੰਕ, ਸ਼ਬਦ ਡੰਡਾ ਹੱਥ ਉਠਾਇਆ। ਵੇਖ ਵਖਾਏ ਰਾਓ ਰੰਕ, ਊਚਾਂ ਨੀਚਾਂ ਆਪ ਸਮਾਇਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇਆ। ਖੇਲੇ ਖੇਲ ਬਾਰ ਅਨਕ, ਕਲਜੁਗ ਅੰਤਮ ਵੇਸ ਵਟਾਇਆ। ਪਰਗਟ ਹੋਇਆ ਵਾਸੀ ਪੁਰੀ ਘਨਕ, ਘਰ ਮੰਦਰ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਆਪ ਆਪਣਾ ਬੰਧਨ ਪਾਇਆ। ਸਤਿਗੁਰ ਪੂਰਾ ਬੰਦੀ ਛੋੜ, ਬੰਦੀ ਬੰਦ ਕਟਾਇੰਦਾ। ਗੁਰ ਗੁਰ ਲਗਾਏ ਨਿਭੇ ਤੋੜ, ਨਾ ਕੋਈ ਤੋੜ ਤੁੜਾਇੰਦਾ। ਗੁਰਮੁਖ ਚੜ੍ਹੇ ਸਾਚੇ ਘੋੜ, ਦਰਗਹਿ ਸਾਚੀ ਆਪ ਵਖਾਇੰਦਾ। ਆਦਿ ਅੰਤ ਜਾਏ ਬੌਹੜ, ਆਪ ਆਪਣਾ ਬਿਰਧ ਧਰਾਇੰਦਾ। ਜਿਸ ਜਨ ਅੰਤਰ ਲੱਗੀ ਔੜ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਲੱਖ ਚੁਰਾਸੀ ਵੇਖੇ ਫਲ ਮਿਠਾ ਕੌੜ, ਕੌੜਾ ਰੀਠਾ ਭੰਨ ਵਖਾਇੰਦਾ। ਦੋ ਜਹਾਨਾਂ ਰਿਹਾ ਦੌੜ, ਆਪ ਆਪਣਾ ਪੰਧ ਮੁਕਾਇੰਦਾ। ਆਪੇ ਜਾਣੇ ਪੂਤ ਸਪੂਤਾ ਬ੍ਰਹਿਮਣ ਗੌੜ, ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਆਪੇ ਲਾਏ ਆਪਣਾ ਪੌੜ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਧਾਰ ਜੋਤ ਨਿਰੰਕਾਰ ਆਪਣੀ ਆਪ ਆਪ ਉਪਜਾਇੰਦਾ। ਨਿਹਕਲੰਕ ਹਰਿ ਕਾ ਨਾਉਂ, ਨਾ ਮਰੇ ਨਾ ਜਾਇਆ। ਏਕਾ ਵਸੇ ਸਚ ਗਰਾਉਂ, ਨੇਹਚਲ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਉਂ, ਬਾਲਕ ਗੋਦ ਨਾ ਕਿਸੇ ਉਠਾਇਆ। ਨਾ ਕੋਈ ਦੇਵੇ ਠੰਡੀ ਛਾਉਂ, ਸਿਰ ਹੱਥ ਨਾ ਕਿਸੇ ਟਿਕਾਇਆ। ਨਾ ਕੋਈ ਕਰੇ ਬੈਠ ਨਿਆਉਂ, ਇਕ ਅਕੱਲਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਹਕਲੰਕ ਇਕ ਅਕੱਲਾ, ਘਰ ਮੰਦਰ ਇਕ ਸੁਹਾਇੰਦਾ। ਆਪੇ ਹੋਏ ਅਛਲ ਅਛੱਲਾ, ਅਛਲ ਅਛੱਲ ਆਪ ਕਰਾਇੰਦਾ। ਆਪਣੀ ਜੋਤੀ ਆਪੇ ਰੱਲਾ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਸੁਨੇਹੜਾ ਏਕਾ ਘੱਲਾ, ਕਲਜੁਗ ਖੇਲ ਖਿਲਾਇੰਦਾ। ਬੋਲਣਹਾਰਾ ਅੰਤਮ ਹੱਲਾ, ਲੱਖ ਚੁਰਾਸੀ ਆਪ ਜਗਾਇੰਦਾ। ਬਿਨ ਹਰਿ ਭਗਤ ਨਾ ਫੜੇ ਕੋਈ ਪੱਲਾ, ਖਾਲੀ ਹੱਥ ਸਰਬ ਫਿਰਾਇੰਦਾ। ਕਿਸੇ ਫਲ ਨਾ ਦਿਸੇ ਡਾਲ੍ਹਾ, ਸਿੰਮਲ ਰੁਖ ਲਹਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਰਖਾਇੰਦਾ। ਨਾਉਂ ਨਿਰੰਕਾਰ ਆਪ ਅਲਾਹ, ਅਲਾਹੀ ਨੂਰ ਅਖਵਾਇਆ। ਆਪਣਾ ਸਜਦਾ ਆਪ ਕਰਾ, ਆਪੇ ਸੀਸ ਝੁਕਾਇਆ। ਆਪਣਾ ਕਲਮਾ ਆਪ ਪੜ੍ਹਾ, ਮੁਕਾਮੇ ਹੱਕ ਆਪ ਮਿਲਾਇਆ। ਸ਼ਰਅ ਸ਼ਰੀਅਤ ਆਪ ਜਣਾ, ਲਾਸ਼ਰੀਕ ਆਪ ਖ਼ੁਦਾਇਆ। ਹੱਕ ਹਕੀਕਤ ਵੇਖ ਵਖਾ, ਖ਼ਾਲਕ ਖ਼ਲਕ ਦਏ ਹਿਲਾਇਆ। ਕਲਜੁਗ ਤਾਰੀਕ ਇਕ ਲਿਖਾ, ਲੇਖਾ ਦਏ ਮੁਕਾਇਆ। ਚੌਦਾਂ ਤਬਕਾਂ ਫੋਲ ਫੁਲਾ, ਸਦ ਚੌਦਾਂ ਪਾਰ ਕਰਾਇਆ। ਏਕਾ ਡੰਕਾ ਰਿਹਾ ਵੱਜਾ, ਭੁੱਲ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਾਕਾਰ ਨਿਰੰਕਾਰ ਨਿਰਵੈਰ ਆਪ ਹੋ ਜਾਇਆ। ਨਿਰਅਕਾਰ ਅਕਾਲ ਮੂਰਤ, ਜੂਨੀ ਰਹਿਤ ਅਖਵਾਈਆ। ਸਤਿ ਸਰੂਪ ਸਾਚੀ ਸੂਰਤ, ਸਤਿ ਪੁਰਖ ਨਿਰੰਜਣ ਆਪ ਵਖਾਈਆ। ਸ਼ਬਦ ਅਗੰਮਾ ਨਾਦ ਤੂਰਤ, ਨਿਰੰਕਾਰ ਆਪ ਵਜਾਈਆ। ਆਪ ਸੁਣਾਏ ਨੇੜੇ ਦੂਰਤ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਨਾਤਾ ਤੋੜੇ ਕੂੜੋ ਕੂੜਤ, ਕੂੜੀ ਕਿਰਿਆ ਮੇਟ ਮਿਟਾਈਆ। ਗੁਰਮੁਖ ਵਿਰਲੇ ਬਖ਼ਸ਼ੇ ਚਰਨ ਧੂੜਤ, ਸਿਰ ਆਪਣਾ ਹੱਥ ਟਿਕਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜਤ, ਮਾਇਆ ਮਮਤਾ ਮੋਹ ਚੁਕਾਈਆ। ਕਾਇਆ ਚੋਲੀ ਰੰਗ ਚਾੜ੍ਹੇ ਗੂੜਤ, ਉਤਰ ਕਦੇ ਨਾ ਜਾਈਆ। ਮਨਮੁਖ ਮਨਮੁਖ ਜੀਵ ਰਹੇ ਝੂਰਤ, ਮੁਖ ਨਿੰਦਕ ਰਸਨਾ ਕਾਗ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਤਿਗੁਰ ਪੂਰਾ ਹਾਜ਼ਰ ਹਜ਼ੂਰਾ, ਏਕੰਕਾਰਾ ਆਪ ਅਖਵਾਈਆ। ਸਤਿਗੁਰ ਸਰਨਾਈ ਸਾਚੀ ਓਟ, ਘਰ ਸੱਜਣ ਸੱਚਾ ਪਾਇਆ। ਉਤਰੇ ਪਾਪ ਕੋਟੀ ਕੋਟ, ਜਿਸ ਜਨ ਆਪਣੇ ਗਲੇ ਲਗਾਇਆ। ਜਗਤ ਵਿਕਾਰਾ ਕੱਢੇ ਖੋਟ, ਸਚ ਸਚ ਨਾਮ ਦ੍ਰਿੜਾਇਆ। ਨਿਰਗੁਣ ਜਗਾਈ ਨਿਰਗੁਣ ਜੋਤ, ਜੋਤੀ ਜੋਤ ਕਰੇ ਰੁਸ਼ਨਾਇਆ। ਅਨਹਦ ਲਗਾਈ ਸਾਚੀ ਚੋਟ, ਸਾਚਾ ਰਾਗ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕੰਕਾਰਾ ਰੂਪ ਵਟਾਇਆ। ਪੰਜ ਤੱਤ ਤਨ ਸ਼ਰੀਰ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮੇਲ ਮਿਲਾਇਆ। ਪੰਜ ਤੱਤ ਮਾਰੇ ਤੀਰ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਪੰਜ ਸ਼ਬਦ ਬੰਨੇ ਧੀਰ, ਸਾਚੇ ਮੰਦਰ ਅੰਦਰ ਆਪ ਸੁਣਾਇਆ। ਪੰਜਾਂ ਕੱਢੇ ਹਉਮੇ ਪੀੜ, ਅਗਨੀ ਤੱਤ ਬੁਝਾਇਆ। ਪੰਜਾਂ ਚੋਟੀ ਚਾੜ੍ਹੇ ਅਖ਼ੀਰ, ਜੋ ਜਨ ਨੇਤਰ ਲੋਚਣ ਦਰਸ਼ਨ ਪਾਇਆ। ਆਪਣੀ ਹੱਥੀਂ ਦੇਵੇ ਸੀਰ, ਅੰਮ੍ਰਿਤ ਆਤਮ ਜਾਮ ਪਿਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਚਿੰਤਾ ਸੋਗ ਦਏ ਮਿਟਾਇਆ। ਚਿੰਤਾ ਸੋਗ ਮਿਟੇ ਦੁੱਖ, ਲੱਥੇ ਸਗਲ ਵਿਸੂਰਾ। ਸਤਿਗੁਰ ਮੇਲਾ ਸਾਚਾ ਸੁਖ, ਮਾਨਸ ਜਨਮ ਨਾ ਰਹੇ ਅਧੂਰਾ। ਉਜਲ ਹੋਏ ਮਾਤ ਮੁੱਖ, ਆਸਾ ਮਨਸਾ ਹਰਿ ਹਰਿ ਪੂਰਾ। ਸੁਫ਼ਲ ਕਰਾਏ ਮਾਤ ਕੁੱਖ, ਜਿਸ ਜਨ ਬਖ਼ਸ਼ੇ ਚਰਨ ਧੂੜਾ। ਉਲਟਾ ਗਰਭ ਨਾ ਹੋਏ ਰੁੱਖ, ਨਾਤਾ ਛੁੱਟੇ ਕੂੜੋ ਕੂੜਾ। ਲਹਿਣਾ ਦੇਣਾ ਚੁੱਕੇ ਮਾਨਸ ਮਨੁਖ, ਜਿਸ ਮਿਲਿਆ ਹਰਿ ਸੱਜਣ ਸਤਿਗੁਰ ਪੂਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਿਨ ਦੇਵੇ ਆਪਣਾ ਨਾਮ ਵਰ, ਮੰਦਰ ਅੰਦਰ ਅੰਦਰ ਮੰਦਰ ਜੋਤ ਜਗਾਏ ਨੂਰੋ ਨੂਰਾ। ਨੂਰ ਨੁਰਾਨੀ ਜੋਤ ਅਕਾਲੀ, ਅਕਲ ਕਲਾ ਕਲ ਧਾਰੀਆ। ਲੱਖ ਚੁਰਾਸੀ ਵਸੇ ਨਾਲੀ, ਗੁਰਮੁਖ ਵਿਰਲੇ ਚੜ੍ਹੀ ਲਾਲ੍ਹੀ, ਜਿਸ ਮੇਲਾ ਸ਼ਾਹ ਸਵਾਰੀਆ। ਆਪੇ ਹੋਇਆ ਜਾਣ ਜਾਣੀ, ਜਾਨਣਹਾਰ ਆਪ ਅਖਵਾ ਰਿਹਾ। ਗੁਰਮੁਖ ਉਠਾਏ ਅੰਞਾਣੀ ਬਾਲੀ, ਆਪ ਆਪਣੀ ਗੋਦ ਬਹਾ ਰਿਹਾ। ਸ਼ਬਦ ਸੁਣਾਏ ਅਕੱਥ ਕਹਾਣੀ, ਸਮਰਥ ਪੁਰਖ ਆਪ ਗਾ ਰਿਹਾ। ਹਰਿਜਨ ਬਣੇ ਸਾਚੀ ਰਾਣੀ, ਸਤਿਗੁਰ ਕੰਤ ਮੇਲ ਮਿਲਾ ਰਿਹਾ। ਅੰਮ੍ਰਿਤ ਦੇਵੇ ਠੰਡਾ ਪਾਣੀ, ਨਿਝਰ ਧਾਰਾ ਮੁਖ ਚੁਆ ਲਿਆ। ਅਜਪਾ ਜਾਪ ਏਕਾ ਬਾਣੀ, ਆਪਣਾ ਨਾਮ ਪੜ੍ਹਾ ਲਿਆ। ਸਾਚੇ ਦਰ ਕਰ ਪਰਵਾਨੀ, ਜਗਤ ਸਹਿੰਸਾ ਰੋਗ ਮਿਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਦਰ ਆਇਆ ਲੇਖੇ ਲਾ ਲਿਆ। ਲੇਖੇ ਲੇਖਾ ਗਿਆ ਲੱਗ, ਹਰਿ ਸਤਿਗੁਰ ਆਪ ਲਗਾਇਆ। ਹੰਸ ਹੰਸ ਬਣਾਇਆ ਕੱਗ, ਕਾਗੋਂ ਹੰਸ ਰੂਪ ਵਟਾਇਆ। ਦੁਰਮਤ ਮੈਲ ਧੋਵੇ ਦਾਗ਼, ਨਿਰਮਲ ਅੰਮ੍ਰਿਤ ਨੀਰ ਵਹਾਇਆ। ਸਾਚਾ ਦੀਪਕ ਜਾਏ ਜਗ, ਜਗਤ ਅੰਧੇਰਾ ਵੱਖ ਰਹਿਣ ਨਾ ਪਾਇਆ। ਮਿਲਿਆ ਮੇਲ ਸੂਰਾ ਸਰਬੱਗ, ਤ੍ਰਿਸਨਾ ਅੱਗ ਦਏ ਬੁਝਾਇਆ। ਦਰਸ ਦਿਖਾਏ ਉਪਰ ਸ਼ਾਹ ਰਗ, ਸੋ ਸਤਿਗੁਰ ਪੂਰਾ ਆਪ ਹੋ ਜਾਇਆ। ਗੁਰਸਿਖ ਹੀਰੇ ਲਾਲ ਅਮੋਲਕ ਮੋਤੀ ਨਗ, ਆਪ ਆਪਣੀ ਰੰਗਣ ਲਏ ਚੜ੍ਹਾਇਆ। ਸਚਖੰਡ ਦਵਾਰੇ ਦਏ ਰੱਖ, ਦੂਸਰ ਹੱਥ ਨਾ ਕਿਸੇ ਫੜਾਇਆ। ਕਲਜੁਗ ਚਾਰ ਕੁੰਟ ਦਹਿ ਦਿਸ਼ਾ ਨੌਦੇ ਭੱਖ, ਜਗਤ ਵਿਕਾਰਾ ਲੰਬੂ ਲਾਇਆ। ਜੁਗ ਜੁਗ ਸੰਤ ਭਗਤ ਭਗਵੰਤ ਆਪਣੇ ਲਏ ਰੱਖ, ਦੂਤਾ ਦੁਸ਼ਟਾਂ ਮੇਟ ਮਿਟਾਇਆ। ਬਿਨ ਹਰਿ ਸਰਨਾਈ ਮਾਨਸ ਜਨਮ ਭੱਠ, ਲੇਖਾ ਲੇਖੇ ਕੋਈ ਨਾ ਲਾਇਆ। ਚਰਨ ਧੂੜ ਗੁਰ ਤੀਰਥ ਅਠਸਠ, ਮਜਣ ਮਾਘ ਇਕ ਕਰਾਇਆ। ਜੋ ਉਪਜੇ ਸੋ ਜਾਏ ਢੱਠ, ਥਿਰ ਕੋਇ ਰਹਿਣ ਨਾ ਪਾਇਆ। ਪ੍ਰਭ ਗੇੜਨਹਾਰਾ ਉਲਟੀ ਲੱਠ, ਕਲਜੁਗ ਵੇਲਾ ਅੰਤਮ ਆਇਆ। ਗੁਰਸਿਖ ਉਠਾਏ ਨੱਠ ਨੱਠ, ਹਿੰਦੂ ਮੁਸਲਮ ਸਿਖ ਈਸਾਈ ਜ਼ਾਤ ਪਾਤ ਨਾ ਕੋਈ ਰਖਾਇਆ। ਏਕਾ ਦੇਵੇ ਸਾਚੀ ਮੱਤ, ਏਕਾ ਦੂਜਾ ਭੌ ਮਿਟਾਇਆ। ਬਹੱਤਰ ਨਾੜ ਨਾ ਉਬਲੇ ਰੱਤ, ਅਗਨੀ ਤੱਤ ਨਾ ਕੋਈ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਬੀਜ ਬੀਜੇ ਸਾਚੇ ਵਤ, ਅੰਮ੍ਰਿਤ ਮੇਵਾ ਫਲ ਖਵਾਇਆ। ਦੁੱਖ ਰੋਗ ਉਤਰੇ ਸੰਤਾਪ, ਪੂਤ ਸਪੂਤਾ ਵੇਖ ਵਖਾਈਆ। ਰਸਨਾ ਗੌਣਾ ਸੋਹੰ ਜਾਪ, ਜੁਗ ਜੁਗ ਆਪ ਜਣਾਈਆ। ਲੋਕਮਾਤ ਹੋਏ ਵਡ ਪਰਤਾਪ, ਫੁਲ ਫਲ ਦਏ ਮਹਿਕਾਈਆ। ਦਰਸ ਦਿਖਾਏ ਆਪਣਾ ਆਪ, ਆਪ ਆਪਣੇ ਰੰਗ ਰੰਗਾਈਆ। ਆਪੇ ਹੋਏ ਮਾਈ ਬਾਪ, ਗੁਰਮੁਖ ਬਾਲ ਅੰਞਾਣੇ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੋਗ ਸੋਗ ਦੇਵੇ ਕੱਟ, ਜੋ ਜਨ ਰਸਨਾ ਜੇਹਵਾ ਜੇਹਵਾ ਰਸਨਾ ਹਰਿ ਗੁਣ ਗਾਈਆ। ਹਰਿ ਨਾਮ ਵਸਤ ਸਚ ਰਾਸ, ਗੁਰ ਸਤਿਗੁਰ ਹੱਥ ਰਖਾਈਆ। ਹਰਿਜਨ ਮੇਲ ਮਿਲਾਏ ਸ਼ਾਹੋ ਸ਼ਬਾਸ਼, ਨਿਰਗੁਣ ਨਿਰਧਨ ਦਇਆ ਕਮਾਈਆ। ਨਿਝ ਘਰ ਆਤਮ ਰੱਖੇ ਵਾਸ, ਸਤਿ ਸਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਰੰਗ ਰੰਗਾਈਆ। ਰੰਗੇ ਰੰਗ ਹਰਿ ਭਗਵਾਨ, ਨਾਮ ਰੰਗਣ ਚਲੂਲਿਆ। ਏਕਾ ਦੇਵੇ ਧੁਰ ਫ਼ਰਮਾਣ, ਸ਼ਬਦ ਸ਼ਬਦੀ ਨਾਮ ਅਨਮੋਲਿਆ। ਮੇਲ ਮਿਲਾਏ ਦੋ ਜਹਾਨ, ਆਪਣੇ ਕੰਡੇ ਆਪੇ ਤੋਲਿਆ। ਸਖਾ ਸਖਾਈ ਜਾਣੀ ਜਾਣ, ਘਟ ਮੰਦਰ ਬਹਿ ਬਹਿ ਬੋਲਿਆ। ਸ਼ਬਦ ਜਣਾਈ ਧੁਰ ਫ਼ਰਮਾਣ, ਆਪ ਸੁਣਾਏ ਸਾਚਾ ਢੋਲਿਆ। ਗੁਰਮੁਖ ਗਾਏ ਚਤੁਰ ਸੁਜਾਨ, ਮਨਮੁਖ ਸੁੱਤਾ ਰਹੇ ਅਨਭੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਕਾਇਆ ਆਪੇ ਮੌਲਿਆ। ਕਾਇਆ ਅੰਦਰ ਜਾਏ ਮੌਲ, ਆਪ ਆਪਣੀ ਦਇਆ ਕਮਾਈਆ। ਅੰਮ੍ਰਿਤ ਦੇਵੇ ਸਾਚੀ ਪੌਹਲ, ਏਕਾ ਜਾਮ ਪਿਆਈਆ। ਉਲਟਾ ਕਰੇ ਨਾਭ ਕਵਲ, ਕਵਲਾ ਆਪ ਭਵਾਈਆ। ਜਗ ਵਡਿਆਈ ਉਪਰ ਧਵਲ, ਧਰਨੀ ਧਰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਬਖ਼ਸ਼ੇ ਸਚ ਸਰਨਾਈਆ। ਸਰਨਗਤ ਹਰਿ ਸੱਜਣ ਮੀਤ, ਸੋਹੇ ਬੰਕ ਦਵਾਰਾ। ਏਕਾ ਨਾਮ ਵਸਾਏ ਚੀਤ, ਮੇਲ ਮਿਲਾਏ ਏਕੰਕਾਰਾ। ਸਦਾ ਸੁਹਾਗੀ ਸਾਚਾ ਗੀਤ, ਰਸਨਾ ਹਰਿ ਹਰਿ ਜੈਕਾਰਾ। ਏਕਾ ਰੰਗ ਰੰਗਾਏ ਹਸਤ ਕੀਟ, ਗੁਰਮੁਖ ਸਾਜਣ ਉਤਰੇ ਪਾਰਾ। ਦੇਵੇ ਨਾਮ ਸ਼ਬਦ ਅਨਡੀਠ, ਵੇਖ ਵਖਾਏ ਗੁਪਤ ਜ਼ਾਹਰਾ। ਸਦਾ ਸੁਹੇਲਾ ਵਸੇ ਚੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਚਰਨ ਪਿਆਰਾ। ਚਰਨ ਪਿਆਰਾ ਸਾਚਾ ਸੰਗ, ਹਰਿਜਨ ਆਪ ਨਿਭਾਈਆ। ਅੰਗੀ ਕਾਰ ਲਾਏ ਅੰਗ, ਆਪ ਆਪਣੀ ਗੋਦ ਉਠਾਈਆ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਫੰਦ ਕਟਾਈਆ। ਏਕਾ ਵੱਜੇ ਸਚ ਮਰਦੰਗ, ਹਰਿ ਸਾਚਾ ਸਚ ਵਜਾਈਆ। ਸਾਚੀ ਸੇਜਾ ਹਰਿ ਪਲੰਘ, ਸ਼ਬਦ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਆਪਣੀ ਬੂਝ ਬੁਝਾਈਆ। ਨਾਮ ਅਨਮੁਲ ਅਨਡੀਠੜਾ, ਗੁਰਮੁਖ ਰਿਦੇ ਵਿਚਾਰ। ਹਰਿ ਸਤਿਗੁਰ ਸਾਚਾ ਮੀਤੜਾ, ਅੰਮ੍ਰਿਤ ਸਾਚੀ ਧਾਰ। ਆਪੇ ਜਾਣੇ ਆਪਣੀ ਰੀਤੜਾ, ਜੁਗ ਜੁਗ ਵਰਤੇ ਵਿਚ ਸੰਸਾਰ। ਸਾਚਾ ਗੁਰੂਦਵਾਰ ਮੰਦਰ ਮਸੀਤੜਾ, ਗੁਰਮੁਖ ਕਾਇਆ ਮਹੱਲ ਅਪਾਰ। ਨੌ ਦਰ ਰਸ ਦਿਸੇ ਫੀਕੜਾ, ਦਸਵਾਂ ਮੇਲਾ ਹਰਿ ਨਿਰੰਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਪਾਏ ਸਾਰ। ਸੱਜਣ ਸੋਇਆ ਜਾਗਿਆ, ਘਰ ਸਾਚੇ ਵੱਜੀ ਵਧਾਈਆ। ਸਤਿਗੁਰ ਪਾਇਆ ਵਡ ਵਡ ਭਾਗਿਆ, ਉਜਲ ਮੁਖ ਕਰਾਈਆ। ਹੰਸ ਬਣਿਆ ਕਾਗਿਆ, ਸੋਹੰ ਹੰਸਾ ਚੋਗ ਚੁਗਾਈਆ। ਵਰ ਪਾਇਆ ਰਾਜਨ ਰਾਜਿਆ, ਸ਼ਾਹੋ ਭੂਪ ਸਹਿਜ ਸੁਖਦਾਈਆ। ਘਰ ਮੰਗਲ ਰਚਿਆ ਕਾਜਿਆ, ਗੁਣ ਗਾਵਤ ਖ਼ੁਸ਼ੀ ਮਨਾਈਆ। ਚੜ੍ਹਿਆ ਨਾਮ ਸਚ ਜਹਾਜਿਆ, ਸਤਿਗੁਰ ਬੇੜਾ ਰਿਹਾ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਮਾਰਗ ਰਿਹਾ ਵਖਾਈਆ। ਏਕਾ ਮਾਰਗ ਸਚ ਸਲਾਹ, ਪੁਰਖ ਅਕਾਲ ਧਿਆਵਣਾ। ਪੁਰਖ ਅਬਿਨਾਸ਼ੀ ਵਿਚ ਮਲਾਹ, ਚੱਪੂ ਨਾਮ ਲਗਾਵਣਾ। ਬੇਐਬ ਖ਼ੁਦਾਈ ਬੇਪਰਵਾਹ, ਕਲਮਾ ਸਚ ਪੜ੍ਹਾਵਣਾ। ਵਾਹ ਵਾਹ ਗੁਰੂ ਆਪ ਅਖਵਾ, ਗੁਰ ਮੰਤਰ ਨਾਮ ਦ੍ਰਿੜਾਵਣਾ। ਸਤਿਨਾਮ ਹਰਿ ਸਤਿ ਵਰਤਾ, ਸਤਿ ਸਤਿਵਾਦੀ ਵੇਸ ਵਟਾਵਣਾ। ਹਉਮੇ ਹੰਗਤਾ ਗੜ੍ਹ ਦਏ ਤੁੜਾ, ਮਾਇਆ ਮਮਤਾ ਮੋਹ ਚੁਕਾਵਣਾ। ਸਾਚੀ ਸੰਗਤਾ ਮੇਲ ਮਿਲਾ, ਗੁਰਮੁਖ ਬੂਝ ਬੁਝਾਵਣਾ। ਗੁਰਮੁਖ ਖੇੜਾ ਦਏ ਵਸਾ, ਮੰਦਰ ਅੰਦਰ ਡੇਰਾ ਲਾਵਣਾ। ਦੀਵਾ ਬੱਤੀ ਇਕ ਜਗਾ, ਨਿਰਮਲ ਨੂਰ ਨੂਰ ਰੁਸ਼ਨਾਵਣਾ। ਕਮਲਾਪਾਤੀ ਮੇਲ ਮਿਲਾ, ਸਾਚੀ ਸੇਜ ਸੁਹਾਵਣਾ। ਆਪਣੀ ਆਰਤੀ ਲਏ ਕਰਾ, ਗਗਨ ਮੰਡਲ ਵੇਖ ਵਖਾਵਣਾ। ਸੋ ਦਰ ਸਾਚਾ ਲਏ ਸੁਹਾ, ਸੋ ਘਰ ਆਪ ਬਣਾਵਣਾ। ਰਾਗ ਅਨਾਦੀ ਏਕਾ ਗਾ, ਗੁਣਵੰਤਾ ਗੁਣ ਧਿਆਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਆਪੇ ਹੋਏ ਸਾਕ ਸੱਜਣ ਸੈਣਾ। ਸੱਜਣ ਸੱਚਾ ਪਾਤਸ਼ਾਹ, ਸਤਿਗੁਰ ਪੁਰਖ ਸੁਲਤਾਨ। ਹਰਿਜਨ ਜਪਾਏ ਆਪਣਾ ਨਾਂ, ਦੇਵੇ ਧੁਰ ਫ਼ੁਰਮਾਣ। ਲੋਕਮਾਤ ਪਕੜੇ ਬਾਂਹ, ਚੁੱਕੇ ਜਮ ਕੀ ਕਾਨ। ਨਿਥਾਵਿਆਂ ਦੇਵੇ ਸਾਚਾ ਥਾਂ, ਦਰ ਘਰ ਸਾਚੇ ਕਰ ਪਰਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਹੋਏ ਸਦਾ ਨਿਗਹਬਾਨ।
