Granth 08 Likhat 107: 28 Jeth 2016 Bikarmi Ajit Singh de Ghar Batale

੨੮ ਜੇਠ ੨੦੧੬ ਬਿਕ੍ਰਮੀ ਅਜੀਤ ਸਿੰਘ ਦੇ ਘਰ ਬਟਾਲੇ

ਕਾਇਆ ਗਾਗਰ ਅੰਮ੍ਰਿਤ ਨੀਰ, ਹਰਿ ਹਰਿ ਆਪ ਭਰਾਈਆ। ਕਿਸੇ ਹੱਥ ਨਾ ਆਏ ਪੀਰ ਫਕੀਰ, ਸਾਧ ਸੰਤ ਰਹੇ ਕੁਰਲਾਈਆ। ਜਿਸ ਜਨ ਮਾਰੇ ਆਪਣਾ ਤੀਰ, ਨਾਮ ਉਛਾਲਾ ਦਏ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਪੂਰਾ ਆਪ ਅਖਵਾਈਆ। ਸਤਿਗੁਰ ਪੂਰਾ ਸਿਰਜਣਹਾਰ, ਆਦਿ ਅੰਤ ਸ੍ਰੀ ਭਗਵਾਨਿਆ। ਜਿਸ ਜਨ ਬਖ਼ਸ਼ੇ ਚਰਨ ਪਿਆਰ, ਦੋ ਜਹਾਨਾਂ ਦੇਵੇ ਮਾਣਿਆ। ਲੱਖ ਚੁਰਾਸੀ ਗਈ ਹਾਰ, ਬਿਨ ਸਤਿਗੁਰ ਪੂਰੇ ਕੋਇ ਨਾ ਪਾਰ ਕਰਾਨਿਆ। ਪੰਜ ਵਿਕਾਰਾ ਡੁੱਬੇ ਅਧਵਿਚਕਾਰ, ਨਾਮ ਵੰਝ ਮਹਾਣਾ ਨਾ ਕੋਈ ਲਗਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਏਕਾ ਚਰਨ ਧਿਆਨਿਆ। ਚਰਨ ਧਿਆਨ ਸਤਿਗੁਰ ਮੀਤ, ਹਰਿਜਨ ਹਰਿ ਸਮਝਾਇੰਦਾ। ਅਬਿਨਾਸ਼ੀ ਕਰਤਾ ਪਤਿਤ ਪੁਨੀਤ, ਪਤਿਤ ਪਾਵਣ ਆਪ ਤਰਾਇੰਦਾ। ਸਾਚਾ ਮੰਦਰ ਗੁਰੂਦਵਾਰਾ ਦੇਹੁਰਾ ਮਸੀਤ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਆਪੇ ਵਸਣਹਾਰਾ ਚੀਤ, ਘਰ ਮੰਦਰ ਫੇਰੀ ਪਾਇੰਦਾ। ਆਦਿ ਜੁਗਾਦਿ ਅਵੱਲੜੀ ਰੀਤ, ਜੁਗ ਜੁਗ ਮਾਤ ਧਰਾਇੰਦਾ। ਜਨ ਭਗਤਾਂ ਦੇਵੇ ਨਾਮ ਅਨਡੀਠ, ਅਨਡਿਠੜੇ ਧਾਮ ਸੁਹਾਇੰਦਾ। ਮਨਮੁਖਾਂ ਸੁੱਤਾ ਦੇ ਕਰ ਪੀਠ, ਆਪ ਆਪਣਾ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਏਕਾ ਰਾਹ ਵਖਾਇੰਦਾ। ਏਕਾ ਰਾਹ ਪੁਰਖ ਸੁਲਤਾਨ, ਨਿਰਗੁਣ ਧਾਰ ਵਿਚ ਸਮਾਈਆ। ਭਗਤ ਵਛਲ ਸ੍ਰੀ ਭਗਵਾਨ, ਜਨ ਸ਼ਬਦੀ ਮੇਲ ਮਿਲਾਈਆ। ਜਗਤ ਵਿਚੋਲਾ ਹਰਿ ਮਿਹਰਵਾਨ, ਏਕਾ ਢੋਲਾ ਸਾਚਾ ਗਾਈਆ। ਬਣਿਆ ਤੋਲਾ ਗੁਣ ਨਿਧਾਨ, ਨਿਰਗੁਣ ਸਰਗੁਣ ਤੋਲ ਤੁਲਾਈਆ। ਬਦਲਿਆ ਚੋਲਾ ਖੇਲ ਮਹਾਨ, ਪੜਦਾ ਉਹਲਾ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਤਰਾਈਆ। ਤਾਰਨਹਾਰਾ ਪੁਰਖ ਸਮਰਥ ਅਕਲ ਕਲਾ ਅਖਵਾਇੰਦਾ। ਜੁਗਾ ਜੁਗੰਤਰ ਚਲਾਏ ਰਥ, ਆਪ ਆਪਣੀ ਸੇਵ ਕਮਾਇੰਦਾ। ਲੱਖ ਚੁਰਾਸੀ ਪਾਏ ਨੱਥ, ਸ਼ਬਦ ਡੋਰੀ ਤੰਦ ਬੰਧਾਇੰਦਾ। ਤ੍ਰੈਗੁਣ ਮਾਇਆ ਪਾਏ ਭੱਠ, ਪੰਜਾਂ ਤੱਤਾਂ ਮੇਟ ਮਿਟਾਇੰਦਾ। ਲੇਖਾ ਚੁਕਾਏ ਤੀਰਥ ਅਠਸਠ, ਤਟ ਕਿਨਾਰਾ ਫੋਲ ਫੁਲਾਇੰਦਾ। ਪਾਵੇ ਸਾਰ ਚੌਦਾਂ ਹੱਟ, ਚੌਦਾਂ ਤਬਕਾਂ ਪੜਦਾ ਲਾਹਿੰਦਾ । ਵਸਣਹਾਰਾ ਘਟ ਘਟ, ਆਪ ਆਪਣੀ ਖੇਲ ਖਿਲਾਇੰਦਾ। ਕਲਜੁਗ ਖੇਲ ਅੰਤਮ ਬਾਜ਼ੀਗਰ ਨਟ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਨਗਾਰੇ ਮਾਰੇ ਸੱਟ, ਲੋਆਂ ਪੁਰੀਆਂ ਆਪ ਸੁਣਾਇੰਦਾ। ਜਨ ਭਗਤਾਂ ਦੁਰਮਤ ਮੈਲ ਦੇਵੇ ਕੱਟ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਮਨਮੁਖਾਂ ਲਾਏ ਏਕਾ ਫੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਇੰਦਾ। ਦੂਈ ਦਵੈਤੀ ਅਗਨੀ ਅੱਗ, ਪੰਜ ਤੱਤ ਰਹੀ ਜਲਾਈਆ। ਕਲਜੁਗ ਜੀਵ ਰਹੇ ਦਗ, ਚਾਰੋਂ ਕੁੰਟ ਰਹੇ ਕੁਰਲਾਈਆ। ਏਕਾ ਵਾਅ ਰਹੀ ਵਗ, ਨਾ ਸਕੇ ਕੋਈ ਮਿਟਾਈਆ। ਸਤਿਗੁਰ ਪੂਰਾ ਹਰਿ ਸਰਬੱਗ, ਏਕ ਏਕੰਕਾਰਾ ਨਾਉਂ ਧਰਾਈਆ। ਜਨ ਭਗਤਾਂ ਬੰਨੇ ਨਾਮ ਤਗ, ਹੱਥੀਂ ਗਾਨਾ ਆਪ ਉਠਾਈਆ। ਹੰਸ ਬਣਾਏ ਫੜ ਫੜ ਕਗ, ਸੋਹੰ ਸਾਚੀ ਚੋਗ ਚੁਗਾਈਆ। ਦਰਸ ਦਿਖਾਏ ਉਪਰ ਸ਼ਾਹ ਰਗ, ਆਪ ਆਪਣਾ ਦਰ ਸੁਹਾਈਆ। ਕੌਸਤਕ ਮਣੀਆ ਸਾਚਾ ਨਗ, ਜੋਤ ਨਿਰੰਜਣ ਲਿਲਾਟ ਵਖਾਈਆ। ਅਨਹਦ ਤਾਲ ਜਾਏ ਵੱਜ, ਪੰਚਮ ਤਲਵਾੜਾ ਆਪ ਵਜਾਈਆ। ਆਤਮ ਸੇਜਾ ਬਹਿ ਸਜ, ਅੰਮ੍ਰਿਤ ਧਾਰਾ ਮੁਖ ਚੁਆਈਆ। ਸੁਰਤ ਸੁਵਾਣੀ ਕਰਾਏ ਸਾਚਾ ਹੱਜ਼, ਕਾਇਆ ਕਾਅਬਾ ਇਕ ਸੁਹਾਈਆ। ਪਤਿਪਰਮੇਸ਼ਵਰ ਜੋਤੀ ਨੂਰ ਅਲਾਹੀ ਆਪੇ ਰੱਬ, ਰਹੀਮ ਰਹਿਮਾਨ ਆਪ ਅਖਵਾਈਆ। ਆਪੇ ਜਾਣੇ ਆਪਣਾ ਪਦ, ਆਪਣੀ ਸੋਭਾ ਆਪ ਗਣਾਈਆ। ਆਪੇ ਜਾਣੇ ਆਪਣੀ ਹੱਦ, ਵੇਦ ਕਤੇਬ ਨਾ ਕੋਈ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਘਰ ਸੱਜਣ ਮੇਲ ਮਿਲਾਈਆ। ਘਰ ਮੇਲਾ ਸ਼ੌਹ ਪਾਇਆ, ਆਤਮ ਰੰਗ ਚਲੂਲ। ਨਿਮਾਣੀ ਨਢੜੀ ਗਲੇ ਲਗਾਇਆ, ਕੰਤ ਕੰਤੂਹਲ ਨਾ ਜਾਏ ਭੂਲ। ਸਾਚੀ ਸੇਜਾ ਫੂਲਨ ਬਰਖਾ ਬਰਸਾਇਆ, ਆਪ ਚੁਕਾਏ ਆਪਣਾ ਮੂਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸੰਤ ਨਾ ਜਾਏ ਭੂਲ। ਘਰ ਸੁਹੰਜਣਾ ਹਰਿ ਬਨਵਾਰੀ, ਗੁਰਮੁਖ ਨਾਰੀ ਕੰਤ ਪਰਨਾਈਆ। ਆਦਿ ਨਿਰੰਜਣ ਜੋਤ ਉਜਿਆਰੀ, ਘਰ ਮੰਦਰ ਦੀਵਾ ਬਾਤੀ ਕਮਲਾਪਾਤੀ ਕਰੇ ਰੁਸ਼ਨਾਈਆ । ਸੁਰਤ ਸਵਾਣੀ ਸਾਚੀ ਲਾੜੀ, ਉਤਮ ਹੋਈ ਜ਼ਾਤੀ ਪਾਇਆ ਵਰ ਪੁਰਖ ਬਿਧਾਤੀ, ਨਾ ਮਰੇ ਨਾ ਜਾਈਆ। ਪਰਕਾਸ਼ ਪਰਕਾਸ਼ ਨਾੜ ਨਾੜੀ, ਸਚ ਮਹੱਲੇ ਦੇਵੇ ਵਾੜੀ, ਉਚ ਅਟੱਲੇ ਪਿਛੇ ਅਗਾੜੀ, ਆਪ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਰੱਖੇ ਲਾਜ ਚਰਨ ਛੁਹਾਈ ਦਾੜ੍ਹੀ, ਚਰਨ ਚਰਨੋਦਕ ਮੁਖ ਚੁਆਈਆ। ਅੰਮ੍ਰਿਤ ਆਤਮ ਰਸ ਸਾਚੇ ਮੁੱਖ, ਨਿਰਗੁਣ ਸਰਗੁਣ ਆਪ ਚੁਆਇਆ। ਆਪ ਉਤਾਰੇ ਤ੍ਰਿਸਨਾ ਭੁੱਖ, ਤ੍ਰੈ ਤ੍ਰੈ ਬੰਧਨ ਤੋੜ ਤੁੜਾਇਆ। ਸੁਫ਼ਲ ਕਰਾਏ ਸਾਚੀ ਕੁੱਖ, ਜਨ ਜਨਣੀ ਜਨ ਜਾਇਆ। ਆਪੇ ਬੈਠਾ ਅੰਦਰ ਲੁਕ, ਆਪੇ ਮੁਖੜਾ ਦਏ ਵਖਾਇਆ। ਗੁਰਮੁਖਾਂ ਭਾਰ ਰਿਹਾ ਚੁੱਕ, ਸਿਰ ਆਪਣੇ ਆਪ ਉਠਾਇਆ। ਮਨਮੁਖਾਂ ਖ਼ਾਕ ਪਾਏ ਬੁੱਕ, ਛਾਰ ਸੰਸਾਰ ਰਿਹਾ ਉਡਾਇਆ। ਹਰਿ ਕਾ ਭਾਣਾ ਨਾ ਜਾਏ ਰੁਕ, ਹਰੇ ਬੂਟੇ ਜਾਣ ਸੁੱਕ, ਸੁੱਕੇ ਹਰੇ ਨਾ ਕੋਈ ਕਰਾਇਆ । ਗੁਰਮੁਖਾਂ ਦੇਵੇ ਅੰਤਰ ਆਤਮ ਏਕਾ ਸੁਖ, ਹਰਿ ਮੰਦਰ ਹਰਿ ਹਰਿ ਮੇਲ ਮਿਲਾਇਆ। ਨਾ ਕੋਈ ਤ੍ਰਿਸਨਾ ਨਾ ਕੋਈ ਭੁੱਖ, ਆਲਸ ਨਿੰਦਰਾ ਵਿਚ ਨਾ ਆਇਆ। ਜਨ ਭਗਤ ਪਿਆਰ ਅੱਗੇ  ਜਾਏ ਝੁਕ, ਦੂਸਰ ਸਕੇ ਨਾ ਕੋਈ ਨਿਵਾਇਆ। ਅੰਤਮ ਆਪਣੀ ਗੋਦੀ ਲਏ ਚੁੱਕ, ਸਤਿ ਪੁਰਖ ਨਿਰੰਜਣ ਸੇਵ ਕਮਾਇਆ। ਮਾਤ ਗਰਭ ਨਾ ਉਲਟਾ ਰੁਖ, ਕਲਜੁਗ ਅੰਤਮ ਜਿਸ ਜਨ ਨਰ ਹਰਿ ਦਰਸ਼ਨ ਪਾਇਆ। ਸ਼ੇਰ ਸ਼ੇਰ ਨਿਰਾਲਾ ਹਰਿ ਜੀ ਰਿਹਾ ਬੁਕ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣੀ ਢੱਕ ਬਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਹਰਿਜਨ ਮੇਲੇ ਆਪਣੇ ਘਰ, ਘਰ ਸੁਹੰਜਣਾ ਦੀਵਾ ਬਾਤੀ ਇਕ ਨਿਰੰਜਣਾ, ਮੇਲ ਮਿਲਾਏ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਤੇਰੀ ਕਾਇਆ ਗਾਗਰ ਆਪਣਾ ਅੰਮ੍ਰਿਤ ਨਾਮ ਸਚ ਸਰੋਵਰ ਇਕ ਵਖਾਇਆ। ਹੰਸ ਉਡਿਆ ਮਾਰ ਉਡਾਰੀ, ਛੁਟਿਆ ਜਗਤ ਸਰੀਰ। ਹਰਿ ਦਰਸ਼ਨ ਪਾਇਆ ਅੰਤਮ ਵਾਰੀ, ਚੋਟੀ ਚੜ੍ਹਿਆ ਅਖ਼ੀਰ। ਬ੍ਰਹਮਾ ਵਿਸ਼ਨ ਸ਼ਿਵ ਕਰਨ ਨਿਮਸਕਾਰੀ, ਗੁਰਸਿਖ ਤੇਰੀ ਸਤਿਗੁਰ ਬੰਨੇ ਬੀੜ। ਨਿਤ ਨਵਿਤ ਹਿਤ ਕਰੇ ਨਿਰੰਕਾਰੀ, ਜਨ ਭਗਤਾਂ ਤੋੜੇ ਲੋਕਮਾਤ ਚੁਰਾਸੀ ਜ਼ੰਜੀਰ। ਪਿਤਾ ਪੂਤ ਦਏ ਸਿਕਦਾਰੀ, ਆਵਣ ਜਾਵਣ ਕੱਟੇ ਭੀੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਆਪਣਾ ਵਰ, ਮਾਨਸ ਜਨਮ ਨਾ ਜਾਏ ਹਰ, ਲੇਖੇ ਲੱਗੇ ਕਾਇਆ ਧਰਤ ਸਰੀਰ।