੨ ਜੇਠ ੨੦੧੬ ਬਿਕ੍ਰਮੀ ਬੰਤਾ ਸਿੰਘ ਦੇ ਘਰ ਪਿੰਡ ਨਿਜਰ
ਨਿਰਗੁਣ ਜੋਤ ਹਰਿ ਨਿਰੰਕਾਰ, ਆਦਿ ਜੁਗਾਦਿ ਸਮਾਇਆ। ਆਦਿਨ ਅੰਤਾ ਇਕ ਅਵਤਾਰ, ਏਕਾ ਗੁਰ ਅਖਵਾਇਆ। ਜੁਗਾ ਜੁਗੰਤਰ ਪਾਵੇ ਸਾਰ, ਭੇਵ ਅਭੇਦਾ ਭੇਵ ਨਾ ਰਾਇਆ। ਮਰੇ ਨਾ ਜੰਮੇ ਹਰਿ ਨਿਰੰਕਾਰ, ਆਪ ਆਪਣਾ ਮੇਲ ਮਿਲਾਇਆ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਇਕ ਸੁਹਾਇਆ। ਨਿਰਗੁਣ ਦੀਵਾ ਬਾਤੀ ਕਰ ਉਜਿਆਰ, ਕਮਲਾਪਾਤੀ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਹਰਿ ਨਿਰੰਕਾਰ, ਏਕਾ ਏਕ ਕਰਾਇੰਦਾ। ਪੁਰਖ ਅਗੰਮਾ ਹੋ ਉਜਿਆਰ, ਅਗੰਮ ਅਗੰਮੜੀ ਖੇਲ ਖਿਲਾਇੰਦਾ। ਆਪ ਆਪਣਾ ਕਰ ਪਿਆਰ, ਆਪ ਆਪਣਾ ਸੰਗ ਨਿਭਾਇੰਦਾ। ਸਗਲਾ ਸੰਗੀ ਮੀਤ ਮੁਰਾਰ, ਸਤਿ ਸਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਜਾਇੰਦਾ। ਹਰਿ ਹਰਿ ਰੂਪ ਹਰਿ ਹਰਿ ਧਾਰ, ਹਰਿ ਸਾਚੇ ਆਪ ਉਪਾਈਆ। ਖੇਲੇ ਖੇਲ ਏਕਉਂਕਾਰ, ਅਕਲ ਕਲਾ ਵਰਤਾਈਆ। ਆਪੇ ਨਾਰ ਆਪੇ ਕੰਤ ਭਤਾਰ, ਆਪੇ ਸੇਜ ਹੰਢਾਈਆ। ਆਪੇ ਸੋਹੇ ਬੰਕ ਦਵਾਰ, ਘਰ ਦਵਾਰਾ ਆਪ ਉਪਾਈਆ। ਆਪੇ ਰਾਓ ਰੰਕ ਹੋਏ ਸਿਕਦਾਰ, ਸ਼ਾਹੋ ਭੂਪ ਆਪ ਅਖਵਾਈਆ। ਆਪੇ ਮੰਗੇ ਮੰਗ ਭਿਖਾਰ, ਆਪਣੀ ਝੋਲੀ ਅੱਗੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਹਰਿ ਭਗਵਾਨ, ਏਕਾ ਏਕ ਅਖਵਾਇੰਦਾ । ਜੋਤੀ ਨੂਰ ਨੂਰ ਮਹਾਨ, ਜੋਤੀ ਜੋਤ ਡਗਮਗਾਇੰਦਾ। ਏਕਾ ਮੰਦਰ ਇਕ ਮਕਾਨ, ਥਾਨ ਥਨੰਤਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਰਖਾਇੰਦਾ। ਅਬਿਨਾਸ਼ੀ ਕਰਤਾ ਪੁਰਖ ਅਕਾਲ, ਏਕਾ ਜੋਤ ਜਗਾਈਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਆਪ ਅਖਵਾਈਆ। ਆਪੇ ਸ਼ਾਹ ਆਪੇ ਕੰਗਾਲ, ਆਪ ਆਪਣਾ ਭੇਵ ਖੁਲ੍ਹਾਈਆ। ਆਪੇ ਬਣੇ ਸਚ ਦਲਾਲ, ਆਪ ਆਪਣਾ ਵਣਜ ਵਖਾਈਆ। ਆਪੇ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਵੇਸ ਵਟਾਈਆ। ਏਕਉਂਕਾਰਾ ਹਰਿ ਭਗਵੰਤ, ਭਗਵਨ ਵੇਸ ਵਟਾਇੰਦਾ। ਆਪ ਆਪਣਾ ਥਾਨ ਸੁਹੰਤ, ਥਿਰ ਘਰ ਸਾਚਾ ਇਕ ਵਖਾਇੰਦਾ। ਦੂਸਰ ਨਾ ਕੋਈ ਸੰਗ ਰਖੰਤ, ਸਗਲਾ ਸੰਗ ਆਪ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੇਹਾਰਾ ਕਰਤਾ ਪੁਰਖ ਕਰਨੀ ਕਿਰਤ ਆਪ ਕਮਾਇੰਦਾ। ਆਪਣੀ ਕਰਨੀ ਆਪੇ ਕਰ, ਆਪਣੇ ਹੱਥ ਰੱਖੇ ਵਡਿਆਈਆ। ਆਪਣੀ ਜੋਤ ਆਪੇ ਧਰ, ਆਪੇ ਵੇਖ ਵਖਾਈਆ। ਆਪਣੀ ਵਰਨੀ ਆਪੇ ਵਰ, ਵਰ ਦਾਤਾ ਭੇਵ ਨਾ ਰਾਈਆ। ਆਪਣੀ ਸਰਨੀ ਆਪੇ ਪੜ੍ਹ, ਆਪ ਆਪਣਾ ਸੀਸ ਝੁਕਾਈਆ। ਆਪਣੇ ਮੰਦਰ ਆਪੇ ਵੜ, ਆਪੇ ਬੈਠਾ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਿਰਗੁਣ ਦਾਤਾ ਬੇਪਰਵਾਹੀਆ। ਉਚ ਮਹੱਲੇ ਬੈਠਾ ਚੜ੍ਹ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕਉਂਕਾਰ, ਆਦਿ ਜੁਗਾਦੀ ਕਰ ਪਸਾਰ, ਆਪ ਆਪਣੀ ਰਚਨ ਰਚਾਈਆ। ਰਚਨ ਰਚਾਏ ਪਾਰਬ੍ਰਹਮ, ਹਰਿ ਹਰਿ ਵੱਡੀ ਵਡਿਆਈਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਇ ਰਖਾਈਆ। ਨਾ ਕੋਇ ਪਵਣ ਸਵਾਸੀ ਦਮ, ਤ੍ਰਿਸਨਾ ਭੁੱਖ ਨਾ ਕੋਈ ਰਖਾਈਆ। ਹੱਡ ਮਾਸ ਨਾੜੀ ਨਾ ਦੀਸੇ ਚੰਮ, ਰਕਤ ਬੂੰਦ ਨਾ ਕੋਇ ਉਪਾਈਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਆਲਸ ਨਿੰਦਰਾ ਵਿਚ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲਾ ਮੇਲ ਮਿਲਾਈਆ। ਨਿਰਗੁਣ ਮੇਲਾ ਨਿਰਗੁਣ ਕਰ, ਨਿਰਗੁਣ ਵਿਚ ਟਿਕਾਇਆ। ਨਿਰਗੁਣ ਚੇਲਾ ਅੱਗੇ ਖੜ, ਨਿਰਗੁਣ ਬੈਠਾ ਵੇਸ ਵਟਾਇਆ। ਨਿਰਗੁਣ ਅੱਖਰ ਆਪਣਾ ਪੜ੍ਹ, ਨਿਰਗੁਣ ਆਪੇ ਰਿਹਾ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰ ਪੁਰਖ ਸਮਰਥ, ਹਰਿ ਏਕਾ ਏਕ ਅਖਵਾਇੰਦਾ। ਆਪ ਚਲਾਏ ਆਪਣਾ ਰਥ, ਰਥਵਾਹੀ ਨਾਉਂ ਰਖਾਇੰਦਾ। ਆਪੇ ਜਾਣੇ ਆਪਣੀ ਵੱਥ, ਆਪ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਨਿਰਗੁਣ ਪਿਆਰ, ਨਿਰਗੁਣ ਕੰਤ ਨਿਰਗੁਣ ਨਾਰ, ਨਿਰਗੁਣ ਸੇਜਾ ਆਪ ਹੰਢਾਇੰਦਾ। ਨਿਰਗੁਣ ਸੇਜਾ ਕੰਤ ਭਤਾਰੀ, ਹਰਿ ਸਾਚੇ ਸਚ ਸੁਹਾਈਆ। ਏਕਾ ਜੋਤ ਜੋਤ ਨਿਰੰਕਾਰੀ, ਨਿਰਾਕਾਰੀ ਖੇਲ ਖਲਾਈਆ। ਆਪੇ ਜਾਣੇ ਆਪਣਾ ਪਸਰ ਪਸਾਰੀ, ਪਾਰਬ੍ਰਹਮ ਵੱਡੀ ਵਡਿਆਈਆ। ਆਦਿ ਨਿਰੰਜਣ ਖੇਲ ਨਿਆਰੀ, ਭੇਵ ਕੋਇ ਨਾ ਪਾਈਆ। ਅਗੰਮ ਅਗੰਮੜਾ ਵਸੇ ਅਗੰਮੜੀ ਅਟਾਰੀ, ਚਾਰ ਦੀਵਾਰ ਨਾ ਕੋਇ ਜਣਾਈਆ। ਅਲਖ ਨਿਰੰਜਣ ਅਲਖ ਜੈਕਾਰੀ, ਆਪਣਾ ਨਾਅਰਾ ਆਪੇ ਲਾਈਆ। ਸਚਖੰਡ ਸੁਹਾਏ ਬੰਕ ਦਵਾਰੀ, ਥਿਰ ਘਰ ਬੈਠਾ ਬੇਪਰਵਾਹੀਆ। ਬੇਐਬ ਖ਼ੁਦਾਈ ਪਰਵਰਦਿਗਾਰੀ, ਏਕਾ ਨੂਰੋ ਨੂਰ ਡਗਮਗਾਈਆ। ਅਕਲ ਕਲਾ ਕਲ ਆਪੇ ਧਾਰੀ, ਆਪ ਆਪਣੀ ਬਣਤ ਬਣਾਈਆ। ਸਚ ਸਿੰਘਾਸਣ ਪੁਰਖ ਅਬਿਨਾਸ਼ਨ ਜੋਤ ਉਜਿਆਰੀ, ਆਪ ਆਪਣੀ ਕਰੇ ਰੁਸ਼ਨਾਈਆ। ਸਚ ਸੁਲਤਾਨ ਹਰਿ ਭਗਵਾਨ ਸ਼ਾਹੋ ਭੂਪ ਵਡ ਸਿਕਦਾਰੀ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚਾ ਆਪ ਉਪਾਇੰਦਾ। ਆਪੇ ਬੈਠਾ ਇਕ ਅਕੱਲਾ, ਏਕਉਂਕਾਰਾ ਜੋਤ ਜਗਾਇੰਦਾ। ਆਪਣਾ ਦੀਪਕ ਆਪਣੀ ਜੋਤ ਆਪੇ ਬਲਾ, ਆਪ ਆਪਣਾ ਵੇਖ ਵਖਾਇੰਦਾ। ਆਪਣੇ ਰੂਪ ਆਪਣੇ ਰੰਗ ਆਪੇ ਰਲਾ, ਰੇਖ ਰੂਪ ਨਾ ਕੋਇ ਵਖਾਇੰਦਾ। ਆਪਣਾ ਦਰ ਆਪਣਾ ਦਵਾਰ ਹਰਿ ਨਿਰੰਕਾਰ ਆਪੇ ਮਲਾ, ਘਰ ਸਾਚਾ ਬੰਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਥਿਰ ਘਰ ਸਾਚਾ ਇਕ ਸਲਾਹਿੰਦਾ। ਸਿਫ਼ਤ ਸਲਾਹ ਥਿਰ ਦਰਬਾਰ, ਹਰਿ ਸਾਚੇ ਰਚਨ ਰਚਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਭੇਵ ਕੋਇ ਨਾ ਪਾਈਆ। ਖੇਲੇ ਖੇਲ ਗੁਰ ਕਰਤਾਰ ਗੁਰ ਕਰਨੇਹਾਰ, ਸਤਿਗੁਰ ਰੂਪ ਵਟਾਈਆ। ਸਤਿ ਸਤਿਵਾਦੀ ਏਕਾ ਕਾਰ, ਏਕਾ ਬਣਤ ਬਣਾਈਆ। ਸਾਚਾ ਮੰਦਰ ਕਰ ਤਿਆਰ, ਅੰਦਰ ਅੰਦਰ ਡੇਰਾ ਲਾਈਆ। ਨਾ ਕੋਈ ਬਾਢੀ ਦਿਸੇ ਦੂਸਰ ਯਾਰ, ਛੱਪਰ ਛੰਨ ਨਾ ਕੋਇ ਛੁਹਾਈਆ। ਦੀਵਾ ਬਾਤੀ ਨਾ ਕੋਇ ਉਜਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਕਮਲਾਪਾਤੀ ਨਿਰਗੁਣ ਧਾਰ, ਬੈਠਾ ਸੋਭਾ ਪਾਈਆ। ਸਤਿ ਸੁਹੰਜਣੀ ਸੇਜ ਮੇਲਾ ਮੇਲੇ ਨਾਰੀ ਕੰਤ ਭਤਾਰ, ਆਪ ਆਪਣਾ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਈਆ। ਥਿਰ ਘਰ ਸਾਚਾ ਸਚ ਦਰਵਾਜ਼ਾ, ਹਰਿ ਸਾਚੇ ਸਚ ਲਗਾਇਆ। ਪੁਰਖ ਅਕਾਲ ਗ਼ਰੀਬ ਨਿਵਾਜ਼ਾ, ਬੈਠਾ ਆਸਣ ਲਾਇਆ। ਦੋ ਜਹਾਨ ਰਾਜਨ ਰਾਜਾ, ਹਰਿ ਸਾਜਣ ਆਪ ਅਖਵਾਇਆ। ਆਪੇ ਰਚਿਆ ਆਪਣਾ ਕਾਜਾ, ਆਪੇ ਵੇਖ ਵਖਾਇਆ। ਆਪੇ ਮਾਰੇ ਆਪਣੀ ਵਾਜਾ, ਸ਼ਬਦ ਅਨਾਦੀ ਸੁੱਤ ਜਗਾਇਆ। ਜੋਤੀ ਮਾਤਾ ਰੱਖੇ ਲਾਜਾ, ਸਾਚੀ ਗੋਦ ਸੁਹਾਇਆ। ਸਾਚੇ ਦਰ ਫਿਰੇ ਭਾਜਾ, ਚਾਰ ਕੁੰਟ ਦਹਿ ਦਿਸ਼ਾ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਸੁਹਾਇਆ। ਥਿਰ ਘਰ ਸਾਚਾ ਠਾਂਡਾ ਦਰ, ਹਰਿ ਸਾਚੇ ਆਪ ਉਪਾਇਆ। ਆਪ ਵਸਾਇਆ ਆਪਣਾ ਘਰ, ਆਪੇ ਡੇਰਾ ਲਾਇਆ। ਆਪੇ ਦੇਵਣਹਾਰਾ ਵਰ, ਆਪੇ ਝੋਲੀ ਅੱਗੇ ਡਾਹਿਆ। ਆਪਣੀ ਕਰਨੀ ਆਪੇ ਕਰ, ਕਰਨੀ ਕਰਤਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇਆ। ਥਿਰ ਘਰ ਸਾਚਾ ਸਾਚਾ ਮੰਦਰ ਹਰਿ ਹਰਿ ਖੋਲ੍ਹ, ਆਪਣੀ ਅਲੱਖ ਜਗਾਇੰਦਾ। ਸ਼ਬਦ ਅਗੰਮਾ ਏਕਾ ਬੋਲ, ਆਪਣੇ ਦਰ ਸੁਣਾਇੰਦਾ। ਆਪ ਵਜਾਏ ਆਪਣਾ ਢੋਲ, ਆਪ ਆਪਣਾ ਤਾਲ ਹਲਾਇੰਦਾ। ਆਪੇ ਵਸੇ ਆਪਣੇ ਕੋਲ, ਵਿਛੜ ਕਦੇ ਨਾ ਜਾਇੰਦਾ। ਆਪਣੀ ਸ਼ਕਤ ਆਪੇ ਮੌਲ, ਆਪ ਆਪਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਵੇਖ ਵਖਾਇੰਦਾ। ਥਿਰ ਘਰ ਸਾਚਾ ਹਰਿ ਸੁਹੰਜਣਾ, ਹਰਿ ਸਾਚੇ ਸਚ ਉਪਾਇਆ। ਪੁਰਖ ਅਬਿਨਾਸ਼ੀ ਜੋਤ ਜਗਾਏ ਇਕ ਨਿਰੰਜਣਾ, ਆਦਿ ਨਿਰੰਜਣ ਵੇਖ ਵਖਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਹਰਿ ਸੱਜਣ ਆਪ ਹੋ ਜਾਇਆ। ਆਪਣਾ ਪੜਦਾ ਆਪੇ ਕੱਜਣਾ, ਦੂਸਰ ਕੋਇ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਬੰਕ ਸੁਹਾਇਆ। ਥਿਰ ਘਰ ਸਾਚੇ ਸਾਰ ਸਮਾਲ, ਹਰਿ ਸਾਚੀ ਰਚਨ ਰਚਾਈਆ। ਸ਼ਬਦੀ ਸ਼ਬਦ ਕਰੇ ਪ੍ਰਿਤਪਾਲ, ਸ਼ਬਦੀ ਸ਼ਬਦ ਸਲਾਹੀਆ। ਸ਼ਬਦੀ ਨਾਮ ਸ਼ਬਦ ਧਨ ਮਾਲ, ਹਰਿ ਸ਼ਬਦੀ ਦਏ ਵਡਿਆਈਆ। ਸ਼ਬਦ ਸ਼ਾਹ ਸ਼ਬਦ ਕੰਗਾਲ, ਸ਼ਬਦ ਦਰ ਦਰ ਅਲੱਖ ਜਗਾਈਆ। ਸ਼ਬਦ ਸੁੱਤ ਸ਼ਬਦ ਲਾਲ, ਹਰਿ ਸ਼ਬਦੀ ਗੋਦ ਉਠਾਈਆ। ਸ਼ਬਦੀ ਸ਼ਬਦ ਕਰੇ ਪ੍ਰਿਤਪਾਲ, ਪ੍ਰਿਤਪਾਲਕ ਦਿਸ ਨਾ ਆਈਆ। ਨਿਰਗੁਣ ਜੋਤ ਦੀਨ ਦਿਆਲ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸਚਖੰਡ ਦਵਾਰਾ ਆਪੇ ਭਾਲ, ਆਪ ਆਪਣਾ ਬੰਕ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦੀ ਸ਼ਬਦ ਸਿਫ਼ਤ ਸਲਾਹੀਆ। ਸ਼ਬਦ ਦਾਤਾ ਗੁਰ ਕਰਤਾਰ, ਹਰਿ ਹਰਿ ਨਾਮ ਧਰਾਇਆ। ਆਪ ਆਪਣਾ ਕਰ ਪਿਆਰ, ਸਾਚਾ ਮਾਰਗ ਇਕ ਵਖਾਇਆ। ਹੁਕਮੀ ਹੁਕਮ ਹੋਏ ਸਿਕਦਾਰ, ਸਾਚਾ ਹੁਕਮ ਸੁਣਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਬ੍ਰਹਿਮੰਡ ਖੰਡ ਰਚਨ ਰਚਾਇਆ। ਗਗਨ ਪਾਤਾਲਾਂ ਬੰਨ੍ਹੇ ਧਾਰ, ਮੰਡਲ ਮੰਡਪ ਦਏ ਸੁਹਾਇਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਅੰਗ ਕਟਾਇਆ। ਵਿਸ਼ਨੂੰ ਵਿਸ਼ਵ ਹੋ ਤਿਆਰ, ਆਪ ਆਪਣੀ ਅਲੱਖ ਜਗਾਇਆ। ਆਪ ਆਪਣੀ ਬੰਨ੍ਹੇ ਧਾਰ, ਕਵਲ ਕਵਲਾ ਨਾਭ ਫੁਲਾਇਆ। ਉਪਜੇ ਫੂਲ ਖਿਲੀ ਗੁਲਜ਼ਾਰ, ਹਰਿ ਸਾਚੇ ਰੰਗ ਰੰਗਾਇਆ। ਪਾਰਬ੍ਰਹਮ ਪ੍ਰਭ ਕਿਰਪਾ ਧਾਰ, ਬ੍ਰਹਮ ਰੂਪ ਵਟਾਇਆ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰ, ਹੰ ਬ੍ਰਹਮ ਆਪ ਹੋ ਜਾਇਆ। ਏਕਾ ਨੂਰ ਜੋਤ ਉਜਿਆਰ, ਦੋਏ ਦੋਏ ਵੇਸ ਕਰਾਇਆ। ਸਰਗੁਣ ਉਪਜੇ ਨਿਰਗੁਣ ਧਾਰ, ਸਰਗੁਣ ਡੇਰਾ ਲਾਇਆ। ਸ਼ਬਦ ਵਿਚੋਲਾ ਕਰ ਤਿਆਰ, ਹਰਿ ਸਾਚਾ ਸੰਗ ਨਿਭਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਵਿਸ਼ਨੂੰ ਬ੍ਰਹਮਾ ਕਰ ਉਜਿਆਰਾ, ਆਪਣੀ ਚਲਤ ਚਲਾਇੰਦਾ। ਆਪੇ ਵਸੇ ਧੁੰਦੂਕਾਰਾ, ਪਰਕਾਸ਼ ਪਰਕਾਸ਼ ਆਪ ਕਰਾਇੰਦਾ। ਆਪੇ ਪੁਰਖ ਆਪੇ ਨਾਰਾ, ਨਰ ਨਰਾਇਣ ਆਪ ਹੋ ਜਾਇੰਦਾ। ਸ਼ੰਕਰ ਸ਼ੰਕਰ ਕਰ ਉਜਿਆਰਾ, ਸ਼ਿਵ ਸ਼ਕਤੀ ਰੂਪ ਵਟਾਇੰਦਾ। ਤ੍ਰੈ ਤ੍ਰੈ ਤੇਰਾ ਭਰ ਭੰਡਾਰਾ ਤ੍ਰੈ ਤ੍ਰੈ ਬੰਧਨ ਪਾਇੰਦਾ। ਤ੍ਰੈਗੁਣ ਤੇਰਾ ਕਰ ਪਸਾਰਾ, ਤੇਰਾ ਰੰਗ ਰੰਗਾਇੰਦਾ। ਬ੍ਰਹਮਾ ਵੇਤਾ ਖ਼ਬਰਦਾਰਾ, ਸੋਇਆ ਸੁੱਤ ਉਠਾਇੰਦਾ। ਕਰਾਏ ਵਣਜ ਨਾਮ ਵਣਜਾਰਾ, ਸਾਚਾ ਹੱਟ ਖੁਲ੍ਹਾਇੰਦਾ। ਕਰਨੀ ਕਰਤਾ ਕਰੇ ਆਪਣੀ ਕਾਰਾ, ਭੇਵ ਕੋਇ ਨਾ ਪਾਇੰਦਾ। ਏਕਾ ਸ਼ਬਦ ਇਕ ਧੁਨਕਾਰਾ, ਏਕਾ ਰਾਗ ਸੁਣਾਇੰਦਾ। ਤੱਤਵ ਤੱਤ ਨਾ ਕੋਇ ਵਿਚਾਰਾ, ਬ੍ਰਹਮ ਮਤ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਜ ਬੀਜੇ ਸਾਚੇ ਵਤ, ਫਲ ਸਾਚਾ ਇਕ ਲਗਾਇੰਦਾ। ਤ੍ਰੈਗੁਣ ਮਾਇਆ ਬੀਜੇ ਬੀਜ, ਹਰਿ ਸਾਚੇ ਬਣਤ ਬਣਾਈਆ। ਪੰਜ ਤੱਤ ਕਰੇ ਰੀਝ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਸੁਹਾਈਆ। ਨਿਰਗੁਣ ਕਰੇ ਸਰਗੁਣ ਰੀਝ, ਆਪ ਆਪਣਾ ਅੰਗ ਕਟਾਈਆ। ਮਨ ਮਤ ਬੁਧ ਗਈ ਪਤੀਜ, ਤਿੰਨਾਂ ਮੇਲ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪਣੀ ਰਚਨਾ ਆਪ ਰਚਾ, ਆਪੇ ਖੇਲ ਖਿਲਾਇਆ। ਬ੍ਰਹਮਾ ਵੇਤਾ ਸੇਵਾ ਲਾ, ਸਾਚਾ ਰੰਗ ਰੰਗਾਇਆ । ਲੱਖ ਚੁਰਾਸੀ ਵੇਸ ਵਟਾ, ਨਿਰਗੁਣ ਸਰਗੁਣ ਆਪ ਅਖਵਾਇਆ। ਆਪਣਾ ਦੀਵਾ ਆਪ ਜਗਾ, ਆਪਣੀ ਬਾਤੀ ਰਿਹਾ ਬੁਝਾਇਆ। ਆਪਣਾ ਰਵ ਆਪਣਾ ਸਸ ਆਪਣਾ ਨੂਰ ਆਪ ਚਮਕਾ, ਆਪੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮਾਰਗ ਆਪੇ ਲਾਇਆ। ਆਪਣਾ ਮਾਰਗ ਹਰਿ ਹਰਿ ਲਾ, ਏਕਾ ਬ੍ਰਹਮ ਜਣਾਈਆ। ਅੱਖਰ ਵੱਖਰ ਭੇਵ ਖੁਲ੍ਹਾ, ਸ਼ਬਦੀ ਸ਼ਬਦ ਕੁੜਮਾਈਆ। ਸਾਚੀ ਸਿਖਿਆ ਧੁਰ ਦਰਗਹਿ, ਏਕਾ ਕਰੇ ਪੜ੍ਹਾਈਆ। ਆਪਣਾ ਲੇਖਾ ਦਏ ਵਖਾ, ਨਾ ਕੋਈ ਮੇਟੇ ਮੇਟ ਮਿਟਾਈਆ। ਆਪਣੀ ਭਿਛਿਆ ਝੋਲੀ ਪਾ, ਜਗਤ ਭੰਡਾਰ ਆਪ ਭਰਾਈਆ। ਸ੍ਰਿਸ਼ਟ ਸਬਾਈ ਮਿਥਿਆ ਦਏ ਵਖਾ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਭੇਵ ਖੁਲ੍ਹਾਈਆ। ਆਪਣਾ ਭੇਵ ਆਪੇ ਖੋਲ੍ਹ, ਆਪਣਾ ਪੜਦਾ ਲਾਹਿੰਦਾ। ਬ੍ਰਹਮਾ ਵੇਤਾ ਰਿਹਾ ਬੋਲ, ਚਾਰੇ ਵੇਦ ਅਲਾਇੰਦਾ। ਹਰਿ ਜੀ ਤੋਲੇ ਸਾਚਾ ਤੋਲ, ਨਾਮ ਕੰਡਾ ਹੱਥ ਉਠਾਇੰਦਾ। ਆਦਿ ਅੰਤ ਨਾ ਹੋਏ ਅਨਭੋਲ, ਆਲਸ ਨਿੰਦਰਾ ਕੋਇ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਡੇਰਾ ਲਾਇੰਦਾ। ਲੱਖ ਚੁਰਾਸੀ ਡੇਰਾ ਲਾ, ਹਰਿ ਹਰਿ ਮੁਖ ਛੁਪਾਇਆ। ਰਕਤ ਬੂੰਦ ਮੇਲ ਮਿਲਾ, ਪੰਜ ਤੱਤ ਤਨ ਵਖਾਇਆ। ਹੱਡ ਮਾਸ ਨਾੜੀ ਜੋੜ ਜੁੜਾ, ਆਪ ਆਪਣਾ ਰੰਗ ਰੰਗਾਇਆ। ਅੱਠਾਂ ਤੱਤਾਂ ਮੇਲ ਮਿਲਾ, ਏਕਾ ਦੂਜਾ ਭੌ ਚੁਕਾਇਆ। ਨੌ ਦਵਾਰੇ ਆਪ ਖੁਲ੍ਹਾ, ਨੌ ਨੌ ਵੰਡ ਵੰਡਾਇਆ। ਦਸਵਾਂ ਬੈਠਾ ਡੇਰਾ ਲਾ, ਘਰ ਘਰ ਵਿਚ ਆਪ ਟਿਕਾਇਆ। ਸਾਚਾ ਗਗਨ ਆਪ ਸੁਹਾ, ਰਵ ਸਸ ਰਿਹਾ ਚਮਕਾਇਆ। ਜੋਤ ਨਿਰੰਜਣ ਡਗਮਗਾ, ਅੰਧ ਅੰਧੇਰ ਗਵਾਇਆ। ਅਨਹਦ ਤਾਲ ਇਕ ਵਜਾ, ਆਪਣਾ ਰਾਗ ਅਲਾਇਆ। ਪੰਚਮ ਸਖੀਆਂ ਮੰਗਲ ਗਾ, ਸਾਚਾ ਬੰਕ ਸੁਹਾਇਆ। ਅੰਮ੍ਰਿਤ ਤਾਲ ਇਕ ਭਰਾ, ਸਰ ਸਰੋਵਰ ਇਕ ਨੁਹਾਇਆ। ਹੰ ਬ੍ਰਹਮ ਪ੍ਰਭ ਆਪ ਅਖਵਾ, ਸੋ ਪੁਰਖ ਨਿਰੰਜਣ ਡੇਰਾ ਲਾਇਆ। ਜੂਨੀ ਰਹਿਤ ਭੇਵ ਨਾ ਰਾ, ਆਪ ਆਪਣਾ ਵੇਖ ਵਖਾਇਆ। ਅਕਾਲ ਮੂਰਤ ਪ੍ਰਭ ਬੇਪਰਵਾਹ, ਦਿਸ ਕਿਸੇ ਨਾ ਆਇਆ। ਆਪਣੀ ਸੂਰਤ ਲਏ ਵਟਾ, ਨਿਰਗੁਣ ਸਰਗੁਣ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਵੇਖ ਵਖਾਇਆ। ਲੱਖ ਚੁਰਾਸੀ ਸ਼ਬਦ ਸਿੰਘਾਸਣ, ਹਰਿ ਹਰਿ ਸੇਜ ਵਿਛਾਈਆ। ਪਾਰਬ੍ਰਹਮ ਪ੍ਰਭ ਪੁਰਖ ਅਬਿਨਾਸ਼ਣ, ਬੈਠਾ ਡੇਰਾ ਲਾਈਆ। ਮਾਨੁਸ਼ ਮਾਨੁਖ ਦਸ ਦਸ ਮਾਸਨ, ਨੌ ਅਠਾਰਾਂ ਵੰਡ ਵੰਡਾਈਆ। ਚੌਦਾਂ ਲੋਕ ਪ੍ਰਿਥਮੀ ਆਕਾਸਨ, ਚੌਦਾਂ ਹੱਟ ਖੁਲ੍ਹਾਈਆ। ਕਾਇਆ ਗੜ੍ਹ ਰਸਨ ਸਵਾਸਨ, ਜੇਹਵਾ ਪਵਣ ਸਵਾਸਨ ਜੇਹਵਾ ਪਵਣ ਸਮਾਈਆ। ਨਿਜ ਘਰ ਆਪਣਾ ਕਰਿਆ ਵਾਸਨ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਕਰੇ ਕੁੜਮਾਈਆ। ਲੋਕਮਾਤ ਜੁੜਿਆ ਨਾਤਾ, ਹਰਿ ਸਾਚੇ ਜੋੜ ਜੁੜਾਇਆ। ਲੱਖ ਚੁਰਾਸੀ ਵੇਖੇ ਪੁਰਖ ਬਿਧਾਤਾ, ਆਪ ਆਪਣਾ ਮੇਲ ਮਿਲਾਇਆ। ਆਪੇ ਹੋਏ ਰੈਣ ਅੰਧੇਰੀ ਰਾਤਾ, ਸਾਚਾ ਚੰਨ ਆਪ ਚੜ੍ਹਾਇਆ। ਆਪੇ ਜਾਣੇ ਆਪਣੀ ਗਾਥਾ, ਆਪਣਾ ਸ਼ਬਦ ਆਪ ਸੁਣਾਇਆ। ਆਪ ਚਲਾਏ ਆਪਣੀ ਰਾਥਾ, ਜੁਗ ਜੁਗ ਵੇਸ ਵਟਾਇਆ। ਆਪ ਨਿਭਾਏ ਆਪਣਾ ਸਾਥਾ, ਸਗਲਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਰਿਹਾ ਨਾਉਂ ਧਰਾਇਆ। ਜੁਗ ਜੁਗ ਆਪਣਾ ਨਾਮ ਰੱਖ, ਆਪਣੇ ਹੱਥ ਰੱਖੇ ਵਡਿਆਈਆ। ਸਰਗੁਣ ਰੂਪ ਹੋ ਪਰਤੱਖ, ਗੁਰ ਅਵਤਾਰ ਆਪ ਹੋ ਜਾਈਆ। ਆਪੇ ਭਾਂਡੇ ਕਰੇ ਸੱਖ, ਆਪੇ ਦਏ ਭਰਾਈਆ। ਆਪੇ ਆਪਣਾ ਆਪ ਕਰੇ ਵੱਖ, ਆਪੇ ਜੋਤੀ ਜੋਤ ਸਮਾਈਆ। ਆਪੇ ਦਰਸ ਦਿਖਾਏ ਹੋ ਪਰਤੱਖ, ਨਿਰਗੁਣ ਸਰਗੁਣ ਨਾਮ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਅਪਣੀ ਖੇਲ ਖਿਲਾਈਆ। ਜੁਗ ਜੁਗ ਖੇਲਾ ਹਰਿਜਨ ਮੇਲਾ, ਹਰਿ ਸਾਚਾ ਆਪ ਕਰਾਇੰਦਾ। ਦੋ ਜਹਾਨਾਂ ਸੱਜਣ ਸੁਹੇਲਾ, ਲੋਕਮਾਤ ਵੇਖ ਵਖਾਇੰਦਾ। ਖੇਲੇ ਖੇਲ ਇਕ ਅਕੇਲਾ, ਕਲ ਧਾਰੀ ਆਪ ਹੋ ਜਾਇੰਦਾ। ਆਪੇ ਗੁਰੂ ਆਪੇ ਗੁਰ ਚੇਲਾ, ਗੁਰ ਚੇਲਾ ਨਾਉਂ ਰਖਾਇੰਦਾ। ਸਖਾ ਸਖਾਈ ਸੱਜਣ ਸੁਹੇਲਾ, ਵੇਲਾ ਵਕ਼ਤ ਨਾ ਕੋਇ ਉਪਾਇੰਦਾ। ਆਪੇ ਵਸਿਆ ਆਪਣੇ ਰੰਗ ਨਵੇਲਾ, ਵੇਦ ਕਤੇਬ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਵੰਡ ਵੰਡਾਇੰਦਾ। ਆਪਣੀ ਵੰਡ ਆਪੇ ਵੰਡ, ਹਰਿ ਸਾਚੇ ਵੰਡੀ ਪਾਈਆ। ਖੇਲੇ ਖੇਲ ਵਿਚ ਵਰਭੰਡ, ਬ੍ਰਹਿਮੰਡ ਖੋਜ ਖੋਜਾਈਆ। ਲੇਖਾ ਜਾਣੇ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪੁਰਖ ਅਕਾਲ ਅਖਵਾਇਆ। ਸਤਿਜੁਗ ਸਾਚੇ ਕਰ ਪਿਆਰਾ, ਲੋਕਮਾਤ ਜਨਮ ਦਵਾਇਆ। ਧਰਤ ਮਾਤ ਦਾ ਸੁੱਤ ਦੁਲਾਰਾ, ਸਾਚੀ ਗੋਦ ਬਠਾਇਆ। ਕਰਾਏ ਵਣਜ ਨਾਮ ਵਣਜਾਰਾ, ਏਕਾ ਬ੍ਰਹਮਾ ਸਮਝਾਇਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਲੇਖਾ ਲੇਖ ਨਾ ਕੋਇ ਲਿਖਾਇਆ। ਹਰਿ ਕਾ ਰੂਪ ਅਗੰਮ ਅਪਾਰਾ, ਪੰਜ ਤੱਤ ਨਾ ਕੋਇ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੀ ਵੰਡੀ ਵੰਡ, ਆਪ ਆਪਣਾ ਬੰਧਨ ਪਾਇਆ। ਬੰਧਨ ਪਾਏ ਨਾਮ ਡੋਰ, ਸਤਿਜੁਗ ਵੱਜੀ ਵਧਾਈਆ। ਵੇਖਣਹਾਰਾ ਪੰਜੇ ਚੋਰ, ਪੰਚਮ ਸ਼ਬਦ ਕਰੇ ਕੁੜਮਾਈਆ। ਕਰੇ ਪਰਕਾਸ਼ ਅੰਧੇਰ ਘੋਰ, ਅੰਧ ਅੰਧੇਰ ਮਿਟਾਈਆ। ਹਰਿ ਕੀ ਗਤ ਨਾ ਜਾਣੇ ਕੋਈ ਹੋਰ, ਨਾ ਲੇਖਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਲਹਿਣਾ ਨੇਤਰ ਨੈਣਾਂ ਆਪੇ ਪੂਰ ਕਰਾਈਆ। ਸਤਿਜੁਗ ਸਾਚਾ ਉਤਰਿਆ ਪਾਰ, ਸਤਿ ਸਤਿਵਾਦ ਸਮਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਤ੍ਰੈ ਤ੍ਰੈ ਲੇਖ ਲਿਖਾਇਆ। ਤ੍ਰੇਤਾ ਆਇਆ ਵਿਚ ਸੰਸਾਰ, ਤ੍ਰੈਗੁਣ ਮੇਲ ਮਿਲਾਇਆ। ਰਾਮ ਰੂਪ ਰੂਪ ਕਰਤਾਰ, ਰਾਮ ਰਾਮਾ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੜ੍ਹ ਹੰਕਾਰੀ ਵੇਖ ਵਖਾਇਆ। ਗੜ੍ਹ ਹੰਕਾਰੀ ਦੇਵੇ ਤੋੜ, ਹਰਿ ਸਾਚੇ ਹੱਥ ਵਡਿਆਈਆ। ਆਪੇ ਚੜ੍ਹਿਆ ਸਾਚੇ ਘੋੜ, ਸ਼ਾਹ ਸਵਾਰਾ ਫੇਰੀ ਪਾਈਆ। ਦੋ ਜਹਾਨੀ ਰਿਹਾ ਦੌੜ, ਅਵਣ ਗਵਣ ਪਾਰ ਕਰਾਈਆ। ਸਚਖੰਡ ਦਵਾਰੇ ਲਾਏ ਏਕਾ ਪੌੜ, ਸਚ ਮਹੱਲਾ ਇਕ ਸੁਹਾਈਆ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਆਪ ਆਪਣਾ ਖੋਜ ਖੋਜਾਈਆ। ਜਨ ਭਗਤਾਂ ਹਰਿ ਜੀ ਹਰਿ ਹਰਿ ਜਾਏ ਬੌਹੜ, ਅੰਦਰ ਮੰਦਰ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਤ੍ਰੇਤਾ ਵੇਖ ਵਖਾਈਆ। ਜੁਗ ਤ੍ਰੇਤਾ ਉਤਰਿਆ ਆਪਣੇ ਘਾਟ, ਹਰਿ ਸਾਚੇ ਪਾਰ ਕਰਾਇਆ। ਦੁਆਪਰ ਆਈ ਨੇੜੇ ਵਾਟ, ਆਪ ਆਪਣਾ ਖੇਲ ਖਿਲਾਇਆ। ਖੇਲੇ ਖੇਲ ਬਾਜ਼ੀਗਰ ਨਾਟ, ਸਵਾਂਗੀ ਸਵਾਂਗ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੁਕੰਦ ਮਨੋਹਰ ਲੱਖਮੀ ਨਰਾਇਣ ਨਾਮ ਬੰਸਰੀ ਇਕ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਲਹਿਣਾ ਦੇਣਾ ਰਿਹਾ ਚੁਕਾਇਆ। ਲਹਿਣਾ ਦੇਣਾ ਗਿਆ ਚੁੱਕ, ਹਰਿ ਸਾਚਾ ਆਪ ਚੁਕਾਈਆ। ਕਲਜੁਗ ਸਚ ਦਵਾਰੇ ਗਿਆ ਝੁਕ, ਨਿਉਂ ਨਿਉਂ ਸੀਸ ਝੁਕਾਈਆ। ਮੇਰਾ ਬੂਟਾ ਨਾ ਜਾਏ ਸੁਕ, ਠਾਂਡਾ ਠਾਰ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਦੇਵੇ ਵਰ, ਏਕਾ ਵਸਤ ਝੋਲੀ ਪਾਈਆ। ਕਲਜੁਗ ਕੂੜਾ ਕਰ ਪਸਾਰਾ, ਲੋਕਮਾਤ ਲਏ ਅੰਗੜਾਈਆ। ਮੰਗੀ ਮੰਗ ਇਕ ਦਵਾਰਾ, ਤੋਟ ਰਹੇ ਨਾ ਰਾਈਆ। ਮੇਲ ਮਿਲਾਇਆ ਕਾਮ ਕਰੋਧ ਲੋਭ ਮੋਹ ਹੰਕਾਰਾ, ਮਨ ਮਤ ਨਾਲ ਰਲਾਈਆ। ਆਸਾ ਤ੍ਰਿਸਨਾ ਕਰ ਸ਼ੰਗਾਰਾ, ਘਰ ਸਾਚੇ ਕਰੇ ਕੁੜਮਾਈਆ। ਹਰਿ ਜੂ ਹਰਿ ਹਰਿ ਪਾਏ ਸਾਰਾ, ਦੇਵੇ ਵਡ ਵਡਿਆਈਆ। ਈਸਾ ਮੂਸਾ ਕਰ ਪਿਆਰਾ, ਨਿਰਗੁਣ ਸਰਗੁਣ ਜੋਤ ਜਗਾਈਆ। ਏਕਾ ਕਲਮਾ ਏਕਾ ਨਾਅਰਾ, ਏਕਾ ਨਬੀ ਸਮਝਾਈਆ। ਹੱਕ ਹਕੀਕਤ ਦਏ ਇਸ਼ਾਰਾ, ਲਾਸ਼ਰੀਕ ਵੱਡੀ ਵਡਿਆਈਆ। ਬੇਐਬ ਖ਼ੁਦਾਈ ਪਰਵਰਦਿਗਾਰਾ, ਸਾਂਝਾ ਯਾਰ ਦਿਸ ਨਾ ਆਈਆ। ਸੰਗ ਮੁਹੰਮਦ ਚਾਰ ਯਾਰਾ, ਏਕਾ ਵੇਖ ਵਖਾਈਆ। ਅੱਲਾ ਰਾਣੀ ਕਰ ਪਿਆਰਾ, ਏਕਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਰਖਾਈਆ। ਜੁਗ ਜੁਗ ਆਪਣਾ ਨਾਮ ਰੱਖ, ਹਰਿ ਸਾਚਾ ਡੰਕ ਵਜਾਇੰਦਾ। ਨਿਰਗੁਣ ਜੋਤੀ ਕਰ ਪਰਤੱਖ, ਸਰਗੁਣ ਰੂਪ ਵਟਾਇੰਦਾ। ਆਪ ਆਪਣਾ ਕੀਤਾ ਪੱਖ, ਨਾਨਕ ਨਾਉਂ ਧਰਾਇੰਦਾ। ਸਾਚਾ ਮਾਰਗ ਏਕਾ ਦੱਸ, ਸਾਚਾ ਮੰਤਰ ਨਾਮ ਗਿਆਨ ਦ੍ਰਿੜਾਇੰਦਾ। ਹਰ ਘਟ ਹਰ ਹਿਰਦੇ ਆਪੇ ਰਿਹਾ ਵਸ, ਆਪ ਆਪਣਾ ਭੇਵ ਖੁਲ੍ਹਾਇੰਦਾ। ਤੀਰ ਨਿਰਾਲਾ ਮਾਰੇ ਕਸ, ਨਾਮ ਸਤਿ ਮੁਖੀ ਅੱਗੇ ਲਾਇੰਦਾ। ਜਨ ਭਗਤਾਂ ਆਪੇ ਹੋਇਆ ਵਸ, ਆਪ ਆਪਣੀ ਸੇਵ ਕਮਾਇੰਦਾ। ਮੇਟੇ ਰੈਣ ਅੰਧੇਰੀ ਮਸ, ਸਾਚਾ ਚੰਨ ਚੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹਾਜ਼ਰ ਹਜ਼ੂਰ ਸਰਬ ਕਲ ਭਰਪੂਰ ਆਪ ਆਪਣਾ ਵੇਸ ਵਟਾਇੰਦਾ। ਏਕਾ ਜੋਤੀ ਦਸ ਅਵਤਾਰਾ, ਗੋਬਿੰਦ ਰੰਗ ਰੰਗਾਇਆ। ਪੂਤ ਸਪੂਤਾ ਸੁੱਤ ਦੁਲਾਰਾ, ਪੁਰਖ ਅਕਾਲ ਬਣਾਇਆ। ਨਾਮ ਖੰਡਾ ਤੇਜ਼ ਕਟਾਰਾ, ਸ਼ਸਤਰ ਬਸਤਰ ਤਨ ਸਜਾਇਆ। ਕਲਗ਼ੀ ਤੋੜਾ ਸੀਸ ਦਸਤਾਰਾ, ਜੋਤੀ ਜੋੜਾ ਮੇਲ ਮਿਲਾਇਆ। ਸਾਚੇ ਅਸਵ ਹੋ ਸਵਾਰਾ, ਸਾਚਾ ਘੋੜਾ ਇਕ ਦੌੜਾਇਆ। ਅੰਮ੍ਰਿਤ ਆਤਮ ਸਰ ਸਰੋਵਰ ਠੰਡੀ ਠਾਰਾ, ਇਕ ਭਰਾਇਆ। ਚਾਰ ਵਰਨਾਂ ਕਰੇ ਸਚ ਪਿਆਰਾ, ਊਚਾਂ ਨੀਚਾਂ ਮੇਲ ਮਿਲਾਇਆ। ਰਾਓ ਰੰਕਾਂ ਕਰੇ ਖ਼ਬਰਦਾਰਾ, ਸੋਇਆ ਕੋਇ ਰਹਿਣ ਨਾ ਪਾਇਆ। ਤੋੜਨਹਾਰਾ ਗੜ੍ਹ ਹੰਕਾਰਾ, ਲੋਕਮਾਤ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਰਖਾਇਆ। ਕਲਜੁਗ ਤੇਰੀ ਅੰਤਮ ਧਾਰ, ਹਰਿ ਸਾਚੇ ਸਚ ਵਡਿਆਈਆ। ਨਾਨਕ ਮੇਲਾ ਕਰ ਕਰਤਾਰ, ਏਕਾ ਕਿਰਤ ਕਮਾਈਆ। ਨਾਮ ਸਤਿ ਕਰ ਪਰਧਾਨ, ਇਕ ਨਿਸ਼ਾਨ ਵਖਾਈਆ। ਸਤਿਗੁਰ ਪੂਰਾ ਨੌਜਵਾਨ, ਨਾ ਮਰੇ ਨਾ ਜਾਈਆ। ਏਕਾ ਚਿੱਲਾ ਤੀਰ ਕਮਾਨ, ਏਕਾ ਭੱਥਾ ਰਿਹਾ ਉਠਾਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਬ੍ਰਹਮਾ ਵਿਸ਼ਨ ਸ਼ਿਵ ਰਿਹਾ ਹਲਾਈਆ। ਕਰੋੜ ਤੇਤੀਸ ਸਰਬ ਕੁਰਲਾਨ, ਸੁਰਪਤ ਰਾਜਾ ਇੰਦ ਦਏ ਦੁਹਾਈਆ। ਕਲਜੁਗ ਅੰਤ ਸਰਬ ਪਛਤਾਨ, ਕਿਸੇ ਨਾ ਦੀਸੇ ਕੋਇ ਸਹਾਈਆ। ਨਾਤਾ ਤੁਟੇ ਅੰਜੀਲ ਕੁਰਾਨ, ਸ਼ਰਅ ਸ਼ਰੀਅਤ ਨਾ ਕੋਇ ਵਖਾਈਆ। ਦੀਨ ਮਜ਼੍ਹਬ ਨਾ ਕੋਇ ਈਮਾਨ, ਕਲਮਾ ਅਮਾਮ ਨਾ ਕੋਇ ਪੜ੍ਹਾਈਆ। ਕਾਇਨਾਤ ਹੋਏ ਵੈਰਾਨ, ਚਾਰੋਂ ਕੁੰਟ ਵੇਖ ਵਖਾਈਆ। ਚੌਦਾਂ ਤਬਕਾਂ ਮਿਟੇ ਨਿਸ਼ਾਨ, ਚੌਦਾਂ ਵਿਦਿਆ ਹੋਏ ਜੁਦਾਈਆ। ਪਰਗਟ ਹੋਏ ਜੋਧਾ ਸੂਰਬੀਰ ਹਰਿ ਭਗਵਾਨ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੇਖ ਚੁਕਾਏ ਵੇਦ ਪੁਰਾਨ, ਪੁਰਾਨ ਅਠਾਰਾਂ ਫੋਲ ਫੋਲਾਈਆ। ਸ਼ਾਸਤਰ ਸਿਮਰਤ ਕਰ ਧਿਆਨ, ਆਪੇ ਖੋਜੇ ਖੋਜਣਹਾਰਾ ਦਿਸ ਨਾ ਆਈਆ । ਖਾਣੀ ਬਾਣੀ ਵੇਖ ਨਿਸ਼ਾਨ, ਗੁਰ ਅਰਜਨ ਸਿਫ਼ਤ ਸਲਾਹੀਆ। ਮਿਲਿਆ ਵਰ ਧੁਰ ਫ਼ਰਮਾਨ, ਬੋਧ ਅਗਾਧ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਖਿਲਾਈਆ। ਕਲਜੁਗ ਤੇਰਾ ਅੰਤਮ ਔਣਾ, ਗੁਰ ਸਤਿਗੁਰ ਲੇਖ ਲਿਖਾਈਆ। ਚਾਰ ਵਰਨ ਅਠਾਰਾਂ ਬਰਨ ਸਰਬ ਕੁਰਲੌਣਾ, ਧੀਰਜ ਧੀਰ ਨਾ ਕੋਇ ਧਰਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਕੋਈ ਦਿਸ ਨਾ ਔਣਾ, ਸਿਰ ਹੱਥ ਨਾ ਕੋਇ ਰਖਾਈਆ। ਅਠਸਠ ਤੀਰਥ ਕਿਸੇ ਨਾ ਨਹੌਣਾ, ਗੰਗਾ ਗੋਦਾਵਰੀ ਮੁਖ ਸ਼ਰਮਾਈਆ। ਪੰਡਤ ਪਾਂਧੇ ਥੱਕੇ ਮਾਂਦੇ ਜੋਤ ਲਲਾਟੀ ਤਿਲਕ ਨਾ ਕਿਸੇ ਲਗੌਣਾ, ਜੂਠਾ ਝੂਠਾ ਵੇਸ ਵਟਾਈਆ। ਨਾਨਕ ਗੋਬਿੰਦ ਦਰਸ ਕਿਸੇ ਨਾ ਪੌਣਾ, ਭਰਮੇ ਭੁੱਲੀ ਸਰਬ ਲੋਕਾਈਆ। ਗੁਰ ਅਰਜਨ ਤੇਰਾ ਲੇਖਾ ਹੱਥ ਕਿਸੇ ਨਾ ਔਣਾ, ਹਰਿ ਕਾ ਸ਼ਬਦ ਹਿਰਦੇ ਨਾ ਕੋਇ ਵਸਾਈਆ। ਰਸਨਾ ਗਾ ਗਾ ਸਰਬ ਸੁਨੌਣਾ, ਰਸ ਆਤਮ ਨਾ ਕੋਇ ਜਣਾਈਆ। ਰਾਮ ਦਾਸ ਤੇਰਾ ਸਰ ਸਰੋਵਰ ਸਾਚੇ ਤੀਰਥ ਕਿਸੇ ਨਾ ਨੁਹੌਣਾ, ਦੁਰਮਤ ਮੈਲ ਨਾ ਕੋਇ ਕਟਾਈਆ। ਜੂਠ ਝੂਠ ਮਾਇਆ ਮਮਤਾ ਮੋਹ ਨਾਤਾ ਨਾ ਕਿਸੇ ਤੁੜੌਣਾ, ਗੁਰ ਚਰਨ ਧਿਆਨ ਨਾ ਕੋਇ ਲਗਾਈਆ। ਏਕਉਂਕਾਰ ਸਤਿਨਾਮ ਕਰਤਾ ਪੁਰਖ ਨਿਰਭੌ ਨਿਰਵੈਰ ਕਿਸੇ ਦਰਸ ਨਾ ਪੌਣਾ, ਮੂਰਤ ਅਕਾਲ ਨਜ਼ਰ ਨਾ ਆਈਆ। ਧੂੰਆਂਧਾਰ ਸਰਬ ਸੰਸਾਰ ਵਖੌਣਾ, ਕਲਜੁਗ ਰੈਣ ਅੰਧੇਰੀ ਛਾਈਆ। ਮਾਵਾਂ ਪੁੱਤਰਾਂ ਸੰਗ ਰਲੌਣਾ, ਖੇਲੇ ਖੇਲ ਭੇਵ ਨਾ ਰਾਈਆ। ਧਰਨੀ ਧਰਤ ਧਵਲ ਨੇਤਰ ਰੋ ਰੋ ਨੀਰ ਵਹੌਣਾ, ਖੁਲੜੇ ਕੇਸ ਗਲ ਵਿਚ ਪਲੜਾ ਪਾਈਆ। ਦਸ ਦਸਮੇਸ ਨਰ ਨਰੇਸ਼ ਦਇਆ ਕਮੌਣਾ, ਸ਼ਬਦ ਸੰਦੇਸ ਇਕ ਸੁਣਾਈਆ। ਗਣਪਤ ਗਣੇਸ ਸਹਾਈ ਨਾ ਕੋਇ ਬਨੌਣਾ, ਸਗਲਾ ਸੰਗ ਨਾ ਕੋਇ ਨਿਭਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤੇ ਆਪ ਆਪਣਾ ਭੇਵ ਖੁਲ੍ਹੌਣਾ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਈਆ। ਵਿਸ਼ਨੂੰ ਵੰਸੀ ਸੇਵਾ ਲੌਣਾ, ਸਾਚੀ ਸੇਵ ਕਮਾਈਆ। ਬ੍ਰਹਮਾ ਵੇਤਾ ਨੈਣ ਨੈਣਾਂ ਆਪ ਆਪਣੇ ਵਿਚ ਸਮੌਣਾ, ਕਲਜੁਗ ਪੰਧ ਮੁਕਾਈਆ। ਸ਼ਿਵ ਸ਼ੰਕਰ ਫੜ ਫੜ ਤਖ਼ਤੋਂ ਲੌਹਣਾ, ਬਾਸ਼ਕ ਤਸ਼ਕਾ ਹਾਰ ਨਾ ਕੋਇ ਲਟਕਾਈਆ। ਸੁਰਪਤ ਰਾਜਾ ਇੰਦ ਨਜ਼ਰ ਨਾ ਔਣਾ, ਅੰਤਮ ਅੰਤ ਆਪ ਕਰਾਈਆ। ਕਰੋੜ ਤੇਤੀਸ ਹਰਿ ਜਗਦੀਸ ਪੀਸਨ ਪੀਸ ਪਸੌਣਾ, ਨਾਮ ਚੱਕੀ ਇਕ ਚਲਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਲੋਕਮਾਤ ਸੀਸ ਤਾਜ ਨਾ ਕਿਸੇ ਸੁਹੌਣਾ, ਨਾ ਕੋਇ ਚਵਰ ਝੁਲਾਈਆ। ਦਰ ਦਰਬਾਨ ਨਾ ਕੋਇ ਵਖੌਣਾ, ਨਾ ਕੋਇ ਬੰਕ ਸੁਹਾਈਆ। ਲੱਖ ਚੁਰਾਸੀ ਖ਼ਾਕੀ ਖ਼ਾਕ ਮਿਲੌਣਾ, ਖ਼ਾਲਕ ਖ਼ਲਕ ਵੇਖ ਵਖਾਈਆ। ਗੁਰਮੁਖ ਸਾਚੇ ਆਪ ਉਠੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਸਵੱਛ ਸਰੂਪੀ ਦਰਸ ਦਿਖੌਣਾ, ਗੁਰ ਗੋਬਿੰਦ ਵਡ ਵਡਿਆਈਆ। ਬੀਸ ਬੀਸਾ ਨਾਮ ਧਰੌਣਾ, ਨੌ ਖੰਡ ਵੱਜੇ ਵਧਾਈਆ। ਸੱਤਾਂ ਦੀਪਾਂ ਸੱਤ ਰੰਗ ਨਿਸ਼ਾਨਾ ਇਕ ਝੁਲੌਣਾ, ਚਾਰੇ ਕੁੰਟਾਂ ਫੇਰਾ ਪਾਈਆ। ਜਗਤ ਸਿਆਸਤ ਪੰਧ ਮੁਕੌਣਾ, ਨਾ ਕੋਇ ਵਰਾਸਤ ਰਿਹਾ ਬਣਾਈਆ। ਸ਼ਬਦ ਖੰਡਾ ਤੇਜ਼ ਕਟਾਰ ਨਾਮ ਨਾਮਾ ਹਰਿ ਆਪ ਚਮਕੌਣਾ, ਤਿਖੀ ਦੋਵਾਂ ਧਾਰ ਰਖਾਈਆ। ਭੇਖ ਪਖੰਡਾ ਮੇਟ ਮਿਟੌਣਾ, ਜੂਠ ਝੂਠ ਰਹਿਣ ਨਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਸਿਖ ਸਾਜਣ ਮੇਲ ਮਿਲੌਣਾ, ਜੋ ਜਨ ਰਸਨਾ ਰਹੇ ਧਿਆਈਆ। ਚਾਰ ਵਰਨ ਸਾਚੀ ਸਰਨ ਏਕਾ ਧਾਮ ਬਹੌਣਾ, ਊਚ ਨੀਚ ਕੋਇ ਰਹਿਣ ਨਾ ਪਾਈਆ । ਏਕਾ ਮੰਤਰ ਹਰਿ ਕਾ ਨਾਮ ਦ੍ਰਿੜ੍ਹੌਣਾ, ਪੁਰਖ ਅਕਾਲ ਇਸ਼ਟ ਇਕ ਵਖਾਈਆ। ਦੁਰਗਾ ਅਸ਼ਟਮੀ ਭੇਵ ਖੁਲੌ੍ਹਣਾ, ਗਾਇਤਰੀ ਮੰਤਰ ਨਾ ਕੋਇ ਪੜ੍ਹਾਈਆ। ਰਾਮ ਨਾਮ ਨਾਮ ਰਾਮ ਹਰਿ ਨਜ਼ਰੀ ਔਣਾ, ਸਾਚਾ ਕਾਹਨ ਵੇਸ ਵਟਾਈਆ। ਏਕਾ ਕਲਮਾ ਆਪ ਪੜ੍ਹੌਣਾ, ਇਕ ਸ਼ਰਾਇਤ ਜਣਾਈਆ। ਨਾਮ ਸਤਿ ਇਕ ਸਮਝੌਣਾ, ਅੰਮ੍ਰਿਤ ਜਾਮ ਇਕ ਪਿਆਈਆ। ਵਾਹਿਗੁਰੂ ਫ਼ਤਹਿ ਜੈਕਾਰਾ ਇਕ ਬਲੌਣਾ, ਹਰਿ ਸਾਚਾ ਖੇਲ ਖਿਲਾਈਆ। ਸੋ ਪੁਰਖ ਨਿਰੰਜਣ ਆਪ ਅਖਵੌਣਾ, ਹੰ ਬ੍ਰਹਮ ਜੀਵ ਤਰਾਈਆ। ਨਿਹਕਰਮੀ ਨਿਹਕਰਮ ਕਮੌਣਾ, ਨਿਹਕਲੰਕ ਵੱਜੇ ਵਧਾਈਆ। ਸੰਮਤ ਸੰਮਤੀ ਭੇਵ ਖੁਲ੍ਹੌਣਾ, ਭੁੱਲ ਰਹੇ ਨਾ ਰਾਈਆ। ਪੰਚਮ ਮੀਤਾ ਪੰਚ ਜਗੌਣਾ, ਪੰਚਮ ਰੁੱਤ ਸੁਹਾਈਆ । ਸ਼ਬਦ ਅਨਾਦੀ ਗੀਤ ਏਕਾ ਗੌਣਾ, ਏਕਾ ਰਸਨ ਅਲਾਈਆ। ਏਕਾ ਅੱਖਰ ਆਪ ਪੜ੍ਹੌਣਾ, ਏਕਾ ਕਰੇ ਪੜ੍ਹਾਈਆ। ਸਤਿਜੁਗ ਸਾਚਾ ਮਾਰਗ ਲੌਣਾ, ਸਾਚੀ ਸਿਖਿਆ ਇਕ ਸਮਝਾਈਆ। ਸੰਮਤ ਸੋਲਾਂ ਵੀਹ ਸਦ ਬਿਕ੍ਰਮੀ ਖੇਲ ਖਿਲੌਣਾ, ਆਪ ਆਪਣੀ ਕਲ ਵਰਤਾਈਆ। ਨੌ ਖੰਡ ਪ੍ਰਿਥਮੀ ਫੇਰਾ ਪੌਣਾ, ਸ਼ਬਦੀ ਡੰਕ ਵਜਾਈਆ। ਸੰਮਤ ਸਤਾਰਾਂ ਰਾਹ ਭੁਲੌਣਾ, ਭਰਮੀ ਭੁੱਲੇ ਪਾਂਧੀ ਰਾਹੀਆ। ਅਠ ਅਠਾਰਾਂ ਧਾਰ ਚਲੌਣਾ, ਧਰਨੀ ਧਰਤ ਸਮਾਈਆ। ਉਨੀ ਉਨੀਸਾ ਖੇਲ ਖਿਲੌਣਾ, ਅੱਲਾ ਰਾਣੀ ਮੁਖ ਸ਼ਰਮਾਈਆ। ਬੀਸ ਬੀਸੇ ਜੋਤ ਜਗੌਣਾ, ਪੰਦਰਾਂ ਕੱਤਕ ਰੁੱਤ ਸੁਹਾਈਆ। ਦਿਲੀ ਦਵਾਰੇ ਚਰਨ ਛੁਹੌਣਾ, ਸ਼ਾਹ ਸੁਲਤਾਨਾਂ ਫੜ ਉਠਾਈਆ। ਇਕ ਇਕੀਸਾ ਆਪ ਅਖਵੌਣਾ, ਜਗਤ ਜਗਦੀਸਾ ਆਪ ਹੋ ਜਾਈਆ। ਛੱਤਰ ਸੀਸ ਹਰਿ ਆਪ ਝੁਲੌਣਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਨਾਤਾ ਇਕ ਜੁੜੌਣਾ, ਨਵ ਸੱਤ ਕਰੇ ਕੁੜਮਾਈਆ। ਗੋਬਿੰਦ ਲੇਖਾ ਪੂਰ ਕਰੌਣਾ, ਲਿਖਿਆ ਲੇਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਈਆ। ਨਰ ਨਰਾਇਣ ਨਿਰਾਕਾਰ, ਨਿਰਗੁਣ ਜੋਤ ਜਗਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਆਪ ਆਪਣੇ ਹੱਥ ਉਠਾਇੰਦਾ। ਨਾੜ ਬਹੱਤਰ ਮਾਰੇ ਮਾਰ, ਸਹੰਸ ਸਹੰਸਰ ਵੇਖ ਵਖਾਇੰਦਾ। ਮੇਟ ਮਿਟਾਏ ਪੰਚਮ ਧਾੜ, ਪੰਚਮ ਮੋਹ ਗਵਾਇੰਦਾ। ਜਨ ਭਗਤਾਂ ਵਖਾਏ ਇਕ ਅਖਾੜ, ਧਰਮ ਦਵਾਰਾ ਇਕ ਸੁਹਾਇੰਦਾ । ਲੋਕਮਾਤ ਮੇਲ ਮਿਲਾਵਾ ਸਤਾਰਾਂ ਹਾੜ, ਸਾਚਾ ਦਿਵਸ ਸੁਹਾਇੰਦਾ। ਹਰਿਜਨ ਨੇੜ ਨਾ ਆਏ ਮੌਤ ਲਾੜ, ਚਿਤਰ ਗੁਪਤ ਨਾ ਹਿਸਾਬ ਵਖਾਇੰਦਾ। ਰਾਏ ਧਰਮ ਨਾ ਮਾਰੇ ਮਾਰ, ਨਿਉਂ ਨਿਉਂ ਸੀਸ ਝੁਕਾਇੰਦਾ। ਸਤਿਗੁਰ ਪੂਰਾ ਆਪਣੀ ਕਿਰਪਾ ਦੇਵੇ ਧਾਰ, ਕਰ ਕਿਰਪਾ ਪਾਰ ਕਰਾਇੰਦਾ। ਇਕ ਵਖਾਏ ਠੰਡਾ ਦਰਬਾਰ, ਸਚਖੰਡ ਦਵਾਰਾ ਆਪ ਸੁਹਾਇੰਦਾ। ਜੋਤੀ ਜੋਤ ਮੇਲਾ ਕੰਤ ਭਤਾਰ, ਨਾਰੀ ਕੰਤ ਆਪ ਹੋ ਜਾਇੰਦਾ। ਸਾਚੇ ਸੰਤ ਕਰੇ ਪਿਆਰ, ਆਵਣ ਜਾਵਣ ਗੇੜ ਮੁਕਾਇੰਦਾ। ਕਲਜੁਗ ਮਾਇਆ ਪਾਏ ਬੇਅੰਤ ਸਰਬ ਸੰਸਾਰ, ਦੂਈ ਦਵੈਤੀ ਪੜਦਾ ਕੋਇ ਨਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਵੇਸ ਵਖਾਇੰਦਾ। ਵੇਸ ਅਵੱਲਾ ਇਕ ਅਕੱਲਾ, ਜਲਾਂ ਥਲਾਂ ਸਮਾਈਆ। ਵਸਣਹਾਰਾ ਉਚ ਅਟੱਲਾ ਸਚ ਸਿੰਘਾਸਣ ਏਕਾ ਮੱਲਾ, ਜੋਤੀ ਸ਼ਬਦੀ ਆਪੇ ਰੱਲਾ, ਪਵਣੀ ਪਵਣ ਅਖਵਾਈਆ। ਨਾਮ ਕਟਾਰੀ ਕਰੇ ਹੱਲਾ, ਜੋਤ ਨਿਰੰਕਾਰੀ ਫੜਿਆ ਭੱਲਾ, ਸ਼ਬਦ ਖੰਡਾ ਰਿਹਾ ਚਮਕਾਈਆ। ਕਲਜੁਗ ਜੀਵ ਭੁਲਾਏ ਕਰ ਕਰ ਵਲ ਛਲਾ, ਅਛਲ ਅਛੱਲ ਆਪ ਅਖਵਾਈਆ। ਜਿਸ ਜਨ ਫੜਾਏ ਆਪਣਾ ਪੱਲਾ, ਦੇਵੇ ਦਰਸ ਸਹਿਜ ਸੁਭਾਈਆ। ਸੁਰਤ ਸ਼ਬਦ ਸ਼ਬਦ ਸੁਰਤ ਘਰ ਆਪਣਾ ਮੱਲਾ, ਘਰ ਘਰ ਵਿਚ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਪਾਰਬ੍ਰਹਮ ਬ੍ਰਹਮ ਆਪ ਅਖਵਾਈਆ।
