੧੧ ਕੱਤਕ ੨੦੧੨ ਬਿਕ੍ਰਮੀ ਅਜੀਤ ਸਿੰਘ ਦੇ ਗ੍ਰਹਿ ਬਟਾਲੇ
ਸਗਲ ਪਸਾਰ ਵੇਖ, ਮਨ ਜਗਤ ਬੈਰਾਗਿਆ। ਚਾਰੋਂ ਕੁੰਟਾਂ ਦਰ ਦਰ ਘਰ ਘਰ ਦਿਸੇ ਭੇਖ, ਹਰਿਜਨ ਸੋਇਆ ਵਿਰਲਾ ਮਾਤ ਜਾਗਿਆ। ਦੋ ਜਹਾਨਾਂ ਲੇਖਾ ਲਿਖੇ ਆਪੇ ਲੇਖ, ਜਿਸ ਜਨ ਮੇਲਾ ਕੰਤ ਸੁਹਾਗਿਆ। ਸਾਚੇ ਲੋਚਨ ਲੈਣਾ ਵੇਖ, ਕਵਣ ਧੋਏ ਕਾਇਆ ਦਾਗਿਆ। ਆਪੇ ਵਸੇ ਘਰ ਵਸੇਖ, ਹਰਿਜਨ ਬਣਾਏ ਹੰਸ ਕਾਗਿਆ। ਨਿਰਮਲ ਮਸਤਕ ਲਾਏ ਮੇਖ, ਦੀਪਕ ਜੋਤੀ ਜਗੇ ਚਿਰਾਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸੰਤ ਦੁਲਾਰੇ ਆਪ ਬੁਝਾਏ ਤ੍ਰਿਸਨਾ ਆਗਿਆ। ਬੁਝੇ ਤ੍ਰਿਸਨਾ ਅੱਗ, ਚਰਨ ਦਵਾਰਿਆ। ਚਰਨ ਕਵਲ ਸਰ ਪਗ, ਖੁਲ੍ਹੇ ਬੰਦ ਕਵਾੜਿਆ। ਲੇਖਾ ਚੁੱਕੇ ਸ਼ਾਹ ਰਗ, ਦਰ ਘਰ ਸਾਚੇ ਉਪਰ ਚਾੜ੍ਹਿਆ। ਨਿਰਮਲ ਦੀਵਾ ਰਿਹਾ ਜਗ, ਲੱਗਾ ਰਹੇ ਸ਼ਬਦ ਅਖਾੜਿਆ। ਪਵਣ ਸਵਾਸੀ ਰਹੀ ਵਗ, ਸੀਤਲ ਧਾਰਾ ਠੰਡੀ ਠਾਰਿਆ। ਜੋਤ ਨਿਰੰਜਣ ਕਸੇ ਤਗ, ਗੁਰਮੁਖ ਹੰਸ ਉਡਾਰੀ ਲਾ ਰਿਹਾ। ਹੱਥ ਆਪਣੇ ਪਕੜੇ ਵਾਗ, ਦਸਮ ਦਵਾਰੀ ਹਰਿ ਫਿਰਾ ਰਿਹਾ। ਚਰਨ ਕਵਲ ਜਨ ਜਾਏ ਲਗ, ਲੱਖ ਚੁਰਾਸੀ ਜਮ ਕੀ ਫਾਸੀ ਲੋਕਮਾਤੀ ਪੁਰਖ ਬਿਧਾਤੀ ਅੰਤਮ ਫੰਦ ਕਟਾ ਰਿਹਾ। ਸਾਚਾ ਦੇਵੇ ਸ਼ਬਦ ਸੁਗਾਤੀ, ਮਿੱਟੇ ਰੈਣ ਅੰਧੇਰੀ ਰਾਤੀ, ਬਰਖੇ ਬੂੰਦ ਸਵਾਂਤੀ, ਬੰਦ ਕਿਵਾੜੀ ਖੋਲ੍ਹੇ ਤਾਕੀ, ਸ਼ਬਦ ਚੜ੍ਹਾਏ ਸਾਚੇ ਰਾਕੀ, ਚਿੱਟੇ ਅਸਵ ਕਰ ਤਿਆਰ, ਪਹਿਲੀ ਵਾਰ ਹਰਿ ਦਾਤਾਰ, ਵਿਚ ਸੰਸਾਰ ਦਹਿ ਦਿਸ਼ਾ ਆਪ ਫਿਰਾ ਰਿਹਾ। ਗੁਰਮੁਖਾਂ ਕਰੇ ਖ਼ਬਰਦਾਰ, ਦਿਵਸ ਰੈਣ ਸ਼ਬਦ ਅਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਵੇਖੇ ਅਕਾਰ, ਨੌਂ ਦਵਾਰੇ ਬੰਦ ਕਰਾ ਰਿਹਾ। ਨੌਂ ਦਵਾਰੇ ਬੰਦ, ਬੰਦ ਦਰਵਾਜਿਆ। ਗੁਰਮੁਖਾਂ ਆਤਮ ਚੜ੍ਹੇ ਸਾਚਾ ਚੰਦ, ਆਪ ਚੜ੍ਹਾਏ ਗਰੀਬ ਨਿਵਾਜਿਆ। ਖ਼ੁਸ਼ੀ ਕਰਾਏ ਬੰਦ ਬੰੰਦ ਗਵਾਏ ਮਮਤਾ ਅੰਧ, ਮੋਹ ਚੁਕਾਏ ਝੂਠਾ ਧੰਦ ਆਦਿ ਅੰਤ ਰੱਖੇ ਲਾਜਿਆ। ਆਪੇ ਤੋੜੇ ਜੰਮ ਕਾ ਫੰਦ, ਆਪ ਉਪਜਾਏ ਪਰਮਾਨੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦੇਵੇ ਵਰ, ਨਾ ਹੋਏ ਮਾਤ ਤੋੜ ਵਿਛੋੜਿਆ। ਨਾ ਹੋਏ ਵਿਛੋੜਾ, ਮਾਤ ਪੁਰਖ ਨਿਰੰਜਣਾ। ਸ਼ਬਦ ਜੋਤੀ ਏਕਾ ਜੋੜਾ, ਦਰਦ ਦੁੱਖ ਭੈ ਭੰਜਨਾ। ਧੁਰ ਦਰਗਾਹੀ ਆਇਆ ਦੌੜਾ, ਹਰਿ ਨੇਤਰ ਪਾਏ ਅੰਜਨਾ। ਆਪੇ ਵੇਖੇ ਮਿੱਠਾ ਕੌੜਾ, ਚਰਨ ਧੂੜ ਕਰਾਏ ਸਾਚਾ ਮਜਨਾ। ਜੋਤ ਨਿਰੰਜਣ ਬ੍ਰਹਿਮਣ ਗੌੜਾ, ਸ੍ਰਿਸ਼ਟ ਸਬਾਈ ਸਾਕ ਸੈਣ ਸਜਨਾ। ਦਸਮ ਦਵਾਰੀ ਏਕਾ ਪੌੜਾ, ਤਾਲ ਆਪਣਾ ਸਾਚਾ ਗਜਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਕਿਰਪਾ ਰਿਹਾ ਕਰ, ਭਾਂਡਾ ਕਾਇਆ ਅੰਤਮ ਅੰਤ ਸਾਧ ਸੰਤ ਮਾਤ ਭੱਜਨਾ। ਕਾਇਆ ਮਾਟੀ ਚੰਮ, ਨਾ ਕਲ ਵਿਚਾਰਿਆ। ਕਵਣ ਲੇਖੇ ਲੱਗੇ ਦਮ, ਨਰ ਹਰਿ ਸਾਚਾ ਕਲ ਵਿਸਾਰਿਆ। ਮਰੇ ਮਰ ਮਰ ਪਏ ਜੰਮ, ਆਵਣ ਜਾਵਣ ਗੇੜ ਅਪਾਰਿਆ। ਵੇਲੇ ਅੰਤਮ ਰੋਵੇ ਛੰਮ ਛੰਮ, ਹੋਏ ਵਿਛੋੜਾ ਪੁਰਖ ਭਤਾਰਿਆ। ਗੁਰਮੁਖ ਸਾਚੇ ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਅੱਠੇ ਪਹਿਰ ਦਿਵਸ ਰੈਣ ਸ਼ਬਦ ਮਰਦੰਗ, ਏਕਾ ਏਕ ਮੰਦਰ ਅੰਦਰ ਆਪੇ ਆਪ ਵਜਾ ਰਿਹਾ। ਵੱਜੇ ਨਾਮ ਮਰਦੰਗ, ਸ੍ਰਿਸ਼ਟ ਜਗਾਈਆ। ਸ਼ਬਦ ਚਾੜ੍ਹੇ ਕਾਇਆ ਰੰਗ, ਮੂਰਤ ਅਕਾਲ ਦਇਆ ਕਮਾਈਆ। ਮਿਲੇ ਮੇਲ ਸੂਰੇ ਸਰਬੰਗ, ਦੀਨ ਦਿਆਲ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਜਨ ਭਗਤਾਂ ਕਟੇ ਭੁੱਖ ਨੰਗ, ਵਸਤ ਦਸਤ ਸ਼ਬਦ ਏਕਾ ਏਕ ਹੱਥ ਫੜਾਈਆ। ਮੰਗੀ ਮੰਗ ਅਪਾਰ ਹਰਿ ਦਵਾਰਿਆ। ਕਾਇਆ ਚੋਲੀ ਚੜ੍ਹੇ ਰੰਗ, ਲੇਖਾ ਚੁੱਕੇ ਨੌਂ ਦਵਾਰਿਆ। ਭਾਂਡਾ ਭਰਮ ਝੂਠੀ ਵੰਗ, ਗੁਰਮੁਖ ਸਾਚਾ ਜਾਏ ਪਾਰ ਲੰਘ, ਸ਼ਬਦ ਅੱਖਰ ਵੱਖਰ ਮੰਗੇ ਸਾਚੀ ਮੰਗ, ਕਿਰਪਾ ਕਰੇ ਹਰਿ ਹਰਿ ਹਰਿ ਗਿਰਧਾਰਿਆ। ਜੋਤੀ ਜੋਤ ਸਰੂਪ ਹਰਿ, ਵਡ ਦਾਤਾ ਸੂਰਾ ਸਰਬੰਗ, ਦਰਸ ਦਿਖਾਏ ਤੀਜੇ ਨੈਣ, ਰਸਨਾ ਕਿਸੇ ਨਾ ਸਕੇ ਕਹਿਣ, ਆਪ ਚੁਕਾਏ ਅਗਲਾ ਪਿਛਲਾ ਲਹਿਣ ਦੇਣ, ਦੇਵਣਹਾਰ ਸਰਬ ਸੰਸਾਰਿਆ।