੨੯ ਮਾਘ ੨੦੧੫ ਬਿਕ੍ਰਮੀ ਅਜੀਤ ਸਿੰਘ ਦੇ ਘਰ ਦਇਆ ਹੋਈ ਬਟਾਲਾ ਜ਼ਿਲਾ ਗੁਰਦਾਸਪੁਰ
ਖ਼ੁਦਾਈ ਨੂਰ ਅਲਾ, ਨੂਰ ਇਲਾਹੀਆ। ਬੇਐਬ ਪਰਵਰਦਿਗਾਰ ਖ਼ੁਦਾ, ਸਿਫ਼ਤ ਸਾਲਾਹੀਆ। ਪਾਰਬ੍ਰਹਮ ਨੂਰ ਰੁਸ਼ਨਾ, ਜੋਤੀ ਜੋਤ ਡਗਮਗਾਈਆ। ਪੁਰਖ ਅਕਾਲ ਏਕਾ ਨਾਂ, ਏਕਾ ਰੂਪ ਸਮਾਈਆ। ਆਦਿ ਜੁਗਾਦੀ ਵਸਣ ਏਕਾ ਥਾਂ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚੇ ਘਰ ਸਚ ਨਿਆ, ਕਾਦਰ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਆਪ ਸਮਾਈਆ। ਨੂਰ ਅਲਾਹੀ ਬੇਐਬ ਪਰਵਰਦਿਗਾਰ, ਪਾਰਬ੍ਰਹਮ ਅਖਵਾਇਆ। ਏਕਾ ਵਸੇ ਧਾਮ ਨਿਆਰ, ਦਰਗਹਿ ਸਾਚੀ ਡੇਰਾ ਲਾਇਆ। ਰੂਪ ਰੰਗ ਅਪਰ ਅਪਾਰ, ਆਪ ਆਪਣਾ ਵੇਖ ਵਖਾਇਆ। ਨਾ ਕੋਈ ਦੂਸਰ ਹੋਰ ਅਕਾਰ, ਨਿਰਾਕਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰੋ ਨੂਰ ਡਗਮਗਾਇਆ। ਨੂਰੋ ਨੂਰ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਏਕਾ ਸ਼ਬਦ ਇਕ ਧੁਨਕਾਰ, ਏਕਾ ਰਿਹਾ ਸੁਣਾਈਆ। ਏਕਾ ਹੁਕਮ ਅਪਰ ਅਪਾਰ, ਆਪ ਆਪਣਾ ਆਪ ਉਪਾਈਆ। ਸਖਾ ਸਖਾਈ ਸਾਚਾ ਯਾਰ, ਸਾਚੀ ਵਸਤ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਏਕ ਵਡਿਆਈਆ। ਇਕ ਅਕੱਲਾ ਹਰਿ ਖ਼ੁਦਾ, ਖ਼ੁਦੀ ਵਿਚ ਕਦੇ ਨਾ ਆਇੰਦਾ। ਇਕ ਲਗਾਏ ਆਪਣੀ ਸਦਾ, ਇਕ ਅਵਾਜ਼ ਸੁਣਾਇੰਦਾ। ਆਦਿ ਜੁਗਾਦਿ ਨਾ ਹੋਏ ਜੁਦਾ, ਹਰਿ ਅੰਗ ਅੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਨੂਰ ਡਗਮਗਾਇੰਦਾ। ਨੂਰੋ ਨੂਰ ਹਰਿ ਨਿਰੰਕਾਰ, ਨਿਰਗੁਣ ਆਪ ਅਖਵਾਇਆ। ਆਪ ਆਪਣਾ ਕਰ ਉਜਿਆਰ, ਆਪੇ ਵੇਖ ਵਖਾਇਆ। ਆਪੇ ਨਾਮ ਸੱਚੀ ਧੁਨ ਜੈਕਾਰ, ਆਪੇ ਨਾਅਰਾ ਲਾਇਆ। ਆਪੇ ਮੁਕਾਮੇ ਹੱਕ ਮੀਤ ਮੁਰਾਰ, ਸਚਖੰਡ ਦਵਾਰ ਆਪ ਸੁਹਾਇਆ। ਹੱਕ ਹਕੀਕਤ ਆਪੇ ਪਾਵੇ ਸਾਰ, ਦਰ ਘਰ ਆਪੇ ਵੇਖ ਵਖਾਇਆ। ਲਾਸ਼ਰੀਕ ਮੀਤ ਮੁਰਾਰ, ਪੁਰਖ ਕਰਤਾਰ ਆਪ ਅਖਵਾਇਆ। ਏਕਾ ਜਾਣੇ ਆਪਣੀ ਕਾਰ, ਏਕਾ ਵੇਖ ਵਖਾਇਆ। ਏਕਾ ਰੂਪ ਅਗੰਮ ਅਪਾਰ, ਭੇਵ ਕੋਇ ਨਾ ਆਇਆ। ਰਵ ਸਸ ਕਰ ਉਜਿਆਰ, ਆਪ ਆਪਣਾ ਵਿਚ ਟਿਕਾਇਆ। ਲੋਆਂ ਪੁਰੀਆਂ ਮਹੱਲ ਉਸਾਰ, ਸਾਚੀ ਗਣਤ ਗਣਾਇਆ। ਚੌਦਾਂ ਤਬਕਾਂ ਕਰ ਉਜਿਆਰ, ਆਪ ਆਪਣਾ ਬੰਧਨ ਪਾਇਆ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇਆ। ਨੂਰੋ ਨੂਰ ਹਰਿ ਰਹਿਮਾਨ, ਏਕਾ ਏਕ ਅਖਵਾਇੰਦਾ। ਵਸਣਹਾਰਾ ਜ਼ਮੀਨ ਅਸਮਾਨ, ਆਪ ਆਪਣਾ ਖੇਲ ਖਿਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਸ਼ਬਦ ਸੁਣਾਇੰਦਾ। ਆਪੇ ਹੋਏ ਜਾਣੀ ਜਾਣ, ਭੇਵ ਅਭੇਦਾ ਆਪ ਖੁਲ੍ਹਾਇੰਦਾ। ਆਪੇ ਵੇਦ ਪੁਰਾਨੀ ਪਾਵੇ ਆਣ, ਅੰਜੀਲ ਕੁਰਾਨਾ ਆਪ ਲਿਖਾਇੰਦਾ। ਖਾਣੀ ਬਾਣੀ ਹੋ ਪਰਧਾਨ, ਆਪ ਆਪਣਾ ਹੁਕਮ ਚਲਾਇੰਦਾ। ਸ਼ਰਅ ਸ਼ਰੀਅਤ ਇਕ ਵਖਾਨ, ਏਕਾ ਕਰਮ ਕਮਾਇੰਦਾ। ਇਕ ਹਦੀਸ ਏਕਾ ਆਣ, ਕਲਮਾ ਇਕ ਪੜ੍ਹਾਇੰਦਾ। ਇਕ ਰਹੀਮ ਏਕਾ ਰਾਮ, ਏਕਾ ਕ੍ਰਿਸ਼ਨ ਵੇਸ ਵਟਾਇੰਦਾ। ਏਕਾ ਨਾਨਕ ਕਰ ਪਰਵਾਨ, ਗੋਬਿੰਦ ਸੰਗ ਨਿਭਾਇੰਦਾ। ਐਥੇ ਉਥੇ ਇਕ ਮਕਾਨ, ਏਕਾ ਨੂਰ ਵਖਾਇੰਦਾ। ਏਕਾ ਚਿੱਲਾ ਇਕ ਕਮਾਨ, ਏਕਾ ਤੀਰ ਉਠਾਇੰਦਾ। ਏਕਾ ਧਰਮ ਇਕ ਨਿਸ਼ਾਨ, ਏਕਾ ਮਾਰਗ ਲਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਆਪ ਆਪਣਾ ਨਾਉਂ ਰਖਾਇੰਦਾ। ਈਸਾ ਮੂਸਾ ਹੋ ਪਰਧਾਨ, ਆਪ ਆਪਣਾ ਵੇਖ ਵਖਾਇੰਦਾ। ਸੰਗ ਮੁਹੰਮਦ ਏਕਾ ਜਾਣ, ਏਕਾ ਅੰਗ ਲਗਾਇੰਦਾ। ਚਾਰ ਯਾਰੀ ਕਰ ਪਰਧਾਨ, ਸਾਚਾ ਮੇਲ ਮਿਲਾਇੰਦਾ। ਬੀਸ ਬੀਸਾ ਇਕ ਵਿਧਾਨ, ਆਪਣਾ ਆਪ ਬੰਧਾਇੰਦਾ। ਜਾਨਣਹਾਰਾ ਗੀਤਾ ਗਿਆਨ, ਲੇਖਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕਾ ਹਰਿ, ਨੂਰੋ ਨੂਰ ਡਗਮਗਾਇੰਦਾ। ਨੂਰ ਨੁਰਾਨੀ ਸੱਚਾ ਸ਼ਾਹ, ਏਕਾ ਏਕਉਂਕਾਰਿਆ। ਏਕਾ ਖ਼ੁਦਾ ਬਣ ਮਲਾਹ, ਵੇਖੇ ਸਰਬ ਸੰਸਾਰਿਆ। ਏਕਾ ਰਾਮ ਰਿਹਾ ਸਮਾ, ਦੂਸਰ ਦਿਸ ਕੋਇ ਨਾ ਆ ਰਿਹਾ। ਘਟ ਘਟ ਦੀਵਾ ਆਪ ਜਗਾ, ਆਪੇ ਵੇਖ ਵਖਾ ਰਿਹਾ। ਕਾਇਆ ਕਾਅਬਾ ਆਪ ਬਣਾ, ਸਚ ਰਬਾਬਾ ਆਪ ਵਜਾ ਰਿਹਾ। ਪੁਨ ਸੁਆਬਾ ਆਪ ਜਣਾ, ਆਪੇ ਵੇਖ ਵਖਾ ਰਿਹਾ। ਨੂਰ ਅਲਾਹੀ ਸਚ ਨਵਾਬਾ ਮੇਲ ਮਿਲਾ, ਘਰ ਸਾਚਾ ਵੇਖ ਵਖਾ ਰਿਹਾ। ਦੋ ਦੋ ਆਬਾ ਏਕਾ ਥਾਂ, ਏਕਾ ਦਰ ਸੁਹਾ ਰਿਹਾ। ਆਬ ਹਯਾਤਾ ਮੁਖ ਚੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹਿਬੂਬ ਆਪ ਅਖਵਾ ਰਿਹਾ। ਸਾਚੀ ਸਿਫ਼ਤ ਸਚ ਸਲਾਹ, ਹਰਿ ਸਾਚਾ ਆਪ ਵਖਾਈਆ। ਆਪ ਆਪਣਾ ਨਾਮ ਉਪਾ, ਆਪੇ ਰਿਹਾ ਜਪਾਈਆ। ਆਪੇ ਵਸੇ ਥਾਂ ਥਾਂ, ਆਪੇ ਦਰ ਦਰ ਅਲਖ ਜਗਾਈਆ। ਗੁਰ ਪੀਰ ਅਵਤਾਰ ਆਪ ਅਖਵਾ, ਸਾਧ ਸੰਤ ਕਰੇ ਰੁਸ਼ਨਾਈਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਆਪੇ ਲੇਖੇ ਲਾ, ਆਪ ਆਪਣੀ ਬੂਝ ਬੁਝਾਈਆ। ਦਰ ਦਰਵੇਸਾ ਫੇਰੀ ਪਾ, ਦਰ ਦਰਬਾਨ ਆਪ ਹੋ ਜਾਈਆ। ਕਾਇਨਾਤ ਬਣਤ ਬਣਾ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਰੂਪ ਦਏ ਦਰਸਾ, ਏਕਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਅੰਕ ਸਮਾਈਆ। ਏਕਾ ਅਮਾਮਾ ਏਕਾ ਦੂਜਾ, ਏਕਾ ਹਾਜੀ ਹੱਜ ਗੁਜ਼ਾਰਿਆ । ਨਾ ਕੋਈ ਦੀਸੇ ਹੋਰ ਦੂਜਾ, ਨੂਰੋ ਨੂਰ ਆਪ ਅਖਵਾ ਰਿਹਾ। ਆਪੇ ਬ੍ਰਹਮਾ ਵਿਸ਼ਨ ਸ਼ਿਵ ਲਾਏ ਪੂਜਾ, ਇਸ਼ਟ ਦੇਵ ਆਪ ਅਖਵਾ ਰਿਹਾ। ਆਪੇ ਭੇਵ ਖੁਲ੍ਹਾਏ ਗੂਝਾ, ਨਬੀ ਰਸੂਲ ਆਪ ਉਪਾ ਰਿਹਾ। ਆਪਣਾ ਦਰ ਆਪੇ ਬੂਝਾ, ਆਪੇ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਅਲਾਹੀ ਬੇਪਰਵਾਹੀ ਆਪਣੀ ਕਲਾਮ ਆਪ ਸੁਣਾ ਰਿਹਾ। ਇਕ ਕਲਾਮ ਇਕ ਅਮਾਮ, ਹਰਿ ਖ਼ੁਦਾ ਉਪਾਇੰਦਾ। ਆਪ ਪਿਆਏ ਆਪਣਾ ਜਾਮ, ਆਪਣੇ ਸੰਗ ਰਖਾਇੰਦਾ। ਆਪੇ ਜਾਣੇ ਆਪਣਾ ਕਾਮ, ਜਗਤ ਦਮਾਮਾ ਆਪ ਵਜਾਇੰਦਾ। ਨਾ ਕੋਈ ਤ੍ਰਿਸਨਾ ਨਾ ਕੋਈ ਤਾਮ, ਅਗਨੀ ਅੱਗ ਨਾ ਕੋਇ ਜਲਾਇੰਦਾ। ਨਾ ਕੋਈ ਸੁਬਹ ਨਾ ਕੋਈ ਸ਼ਾਮ, ਰੈਣ ਅੰਧੇਰ ਨਾ ਕੋਇ ਵਖਾਇੰਦਾ। ਨਾ ਕੋਈ ਸੂਰਜ ਨਾ ਕੋਈ ਭਾਨ, ਚੰਦ ਸਤਾਰ ਨਾ ਕੋਇ ਲਟਕਾਇੰਦਾ। ਨਾ ਕੋਈ ਨਗਰ ਨਾ ਗਰਾਮ, ਚਾਰ ਦੀਵਾਰ ਨਾ ਰਚਨ ਰਚਾਇੰਦਾ। ਇਕ ਅਕੱਲਾ ਏਕਾ ਏਕ ਆਪੇ ਜਾਣੇ ਆਪਣਾ ਕਾਮ, ਕਰਤਾ ਕਾਰਨ ਆਪ ਅਖਵਾਇੰਦਾ। ਰਾਮ ਰਹਿਮਾਨਾ ਇਕ ਨਿਸ਼ਾਨਾ, ਹਰਿ ਹਰਿ ਆਪ ਰਖਾਇੰਦਾ । ਹਾਜ਼ਰ ਹਜ਼ੂਰ ਮਿਹਰਵਾਨਾ, ਨੂਰੋ ਨੂਰ ਡਗਮਗਾਇੰਦਾ। ਆਪੇ ਚੋਟੀ ਚੜ੍ਹ ਕੋਹਤੂਰ ਸੁਣਾਏ ਤਰਾਨਾ, ਜਲਵਾ ਜਲਾਲੀ ਆਪ ਅਖਵਾਇੰਦਾ। ਆਪ ਵਜਾਏ ਸਚ ਸ਼ਾਦਿਆਨਾ, ਆਪ ਆਪਣੀ ਬਾਂਗ ਸੁਣਾਇੰਦਾ। ਆਪੇ ਸਯਦਾ ਕਰੇ ਬਣ ਨਿਮਾਣਾ, ਆਪੇ ਨੇਤਰ ਨੈਣ ਬੰਕ ਵਖਾਇੰਦਾ। ਆਪੇ ਹੱਥ ਰੱਖੇ ਕਾਨਾ, ਆਪ ਆਪਣੀ ਧੁਨ ਵਜਾਇੰਦਾ । ਆਪੇ ਮੱਕਾ ਕਾਅਬਾ ਹੋ ਪਰਧਾਨਾ, ਆਪਣਾ ਨੂਰ ਦਰਸਾਇੰਦਾ। ਆਪੇ ਸ਼ਾਹੋ ਭੂਪ ਸੁਲਤਾਨਾ, ਰਾਜ ਜੋਗ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਏਕਾ ਏਕ ਏਕ ਹੋ ਜਾਇੰਦਾ। ਆਦਿ ਜੁਗਾਦੀ ਇਕ ਅਕੱਲਾ, ਏਕ ਏਕ ਅਖਵਾਈਆ। ਦਰਗਹਿ ਸਾਚੀ ਬੈਠਾ ਸਚ ਮਹੱਲਾ, ਥਿਰ ਘਰ ਸਾਚੇ ਆਸਣ ਲਾਈਆ। ਵਸਣਹਾਰਾ ਜਲਾ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਫੇਰਾ ਪਾਈਆ। ਆਪਣੇ ਦੀਪਕ ਆਪੇ ਬਲਾ, ਆਪਣਾ ਨੂਰ ਕਰੇ ਰੁਸ਼ਨਾਈਆ। ਆਪਣੀ ਮੇਟੇ ਆਪੇ ਸਲਾ, ਦੂਈ ਦਵੈਤੀ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਨੂਰ ਧਰ, ਨੂਰੋ ਨੂਰ ਡਗਮਗਾਈਆ। ਨੂਰੋ ਨੂਰ ਜਲਵਾ ਜਲਾਲ, ਜਾਗਰਤ ਜੋਤ ਜਗਾਇੰਦਾ। ਵੇਖਣਹਾਰਾ ਹੱਕ ਹਲਾਲ, ਹੱਕ ਹਕੀਕਤ ਫੋਲ ਫੋਲਾਇੰਦਾ। ਸ਼ਰਅ ਸ਼ਰੀਅਤ ਇਕ ਕਮਾਲ, ਲਾਸ਼ਰੀਕ ਆਪ ਅਖਵਾਇੰਦਾ। ਸਚ ਤੌਫੀਕ ਇਕ ਖ਼ੁਦਾ, ਨਬੀ ਰਸੂਲਾ ਆਪ ਉਪਾਇੰਦਾ। ਸਚ ਸੁਨੇਹੜਾ ਦਏ ਸੁਣਾ, ਇਕ ਅਵਾਜ਼ ਲਗਾਇੰਦਾ। ਆਪਣਾ ਮਾਰਗ ਆਪੇ ਦਏ ਵਖਾ, ਸਾਚਾ ਰਾਹ ਚਲਾਇੰਦਾ। ਸਾਚੀ ਸਿਖਿਆ ਇਕ ਸਮਝਾ, ਖ਼ਾਲਕ ਖ਼ਲਕ ਵਿਚ ਸਮਾਇੰਦਾ। ਰਾਜ਼ਕ ਰਹੀਮ ਬੇਪਰਵਾਹ, ਘਟ ਘਟ ਰਿਜ਼ਕ ਪੁਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦਸਤਗੀਰ ਆਪ ਹੋ ਆਇੰਦਾ। ਪੀਰ ਦਸਤਗੀਰ ਸ਼ਾਹ ਹਕੀਰ, ਆਪੇ ਆਪ ਅਖਵਾਈਆ। ਆਪੇ ਦਾਤਾ ਗੁਣੀ ਗਹੀਰ, ਗਹਿਰ ਗੰਭੀਰ ਆਪ ਸਹਾਈਆ। ਆਪੇ ਦੇਵੇ ਅੰਮ੍ਰਿਤ ਨੀਰ, ਆਬੇ ਹਯਾਤ ਆਪ ਪਿਆਈਆ। ਆਪੇ ਦੂਈ ਪੜਦਾ ਦੇਵੇ ਚੀਰ, ਆਪੇ ਏਕਾ ਏਕ ਵਖਾਈਆ। ਆਪੇ ਐਲੀ ਅੱਲਾ ਹੋਏ ਫਕੀਰ, ਅੱਲਾ ਰੂਪ ਆਪ ਦਰਸਾਈਆ। ਆਪੇ ਬੰਨੇ ਜਗਤ ਛੱਲਾ, ਦਰ ਦਰ ਫਿਰੇ ਅਲਖ ਜਗਾਈਆ। ਆਪਣੀ ਜੋਤੀ ਆਪੇ ਰੱਲਾ, ਨੂਰ ਨੂਰ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਵੇਖਣਹਾਰਾ ਏਕਾ ਅੰਗ, ਏਕਾ ਏਕ ਅਖਵਾਇੰਦਾ। ਸਦਾ ਸੁਹੇਲਾ ਸਾਚਾ ਸੰਗ, ਆਪ ਆਪਣਾ ਸੰਗ ਨਿਭਾਇੰਦਾ। ਸਚ ਸਿੰਘਾਸਣ ਬੈਠ ਪਲੰਘ, ਦਰਗਹਿ ਸਾਚੀ ਧਾਮ ਸੁਹਾਇੰਦਾ। ਸ੍ਰਿਸ਼ਟ ਸਬਾਈ ਰਹੀ ਮੰਗ, ਆਪਣੀ ਭਿਛਿਆ ਆਪੇ ਪਾਇੰਦਾ। ਆਪੇ ਆਪਣਾ ਆਪੇ ਕਸ ਤੰਗ, ਚਿੱਟਾ ਅਸਵ ਆਪਣਾ ਆਪ ਦੌੜਾਇੰਦਾ। ਆਪੇ ਲੋਕ ਪਰਲੋਕ ਵੰਡੇ ਵੰਡ, ਤ੍ਰੈ ਲੋਕ ਵੇਖ ਵਖਾਇੰਦਾ। ਆਪੇ ਦੋਜ਼ਖ਼ ਬਹਿਸ਼ਤ ਦੇਵੇ ਵੰਡ, ਆਪ ਆਪਣਾ ਮੇਲ ਮਿਲਾਇੰਦਾ। ਆਪੇ ਟੁੱਟੀ ਲਏ ਗੰਢ, ਜੋ ਰਸਨਾ ਕਲਮਾ ਅਮਾਮ ਸੁਣਾਇੰਦਾ। ਮੇਟਣਹਾਰਾ ਭੇਖ ਪਾਖੰਡ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਸਾਚਾ ਖੰਡਾ ਚੰਡ ਪਰਚੰਡ, ਏਕਾ ਨਾਮ ਹੱਥ ਉਠਾਇੰਦਾ। ਗੜ੍ਹ ਹੰਕਾਰੀ ਦੇਵੇ ਭੰਨ, ਜੂਠ ਝੂਠ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਤੇਰਾ ਭੇਸ, ਹਰਿ ਸਾਚਾ ਵੇਖ ਵਖਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਨਾ ਕੋਇ ਦਿਸੇ ਨਰ ਨਰੇਸ਼, ਸਚ ਸੁੱਚ ਨਾ ਕੋਇ ਵਰਤਾਇੰਦਾ। ਸ੍ਰਿਸ਼ਟ ਸਬਾਈ ਮਾਇਆ ਮਮਤਾ ਭੇਖ, ਸਾਚੀ ਰੇਖ ਨਾ ਕੋਇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਆਪਣੀ ਕਲ ਆਪ ਵਰਤਾ, ਆਪਣੀ ਖੇਲ ਖਲਾਈਆ। ਈਸਾ ਮੂਸਾ ਆਪ ਅਖਵਾ, ਆਪਣੀ ਪੱਟੀ ਆਪ ਪੜ੍ਹਾਈਆ। ਕੁਰਾਨ ਹਦੀਸਾ ਆਪ ਲਿਖਾ, ਆਪੇ ਲੇਖਾ ਰਿਹਾ ਚੁਕਾਈਆ। ਤੀਸ ਬਤੀਸਾ ਆਪੇ ਗਾ, ਆਪੇ ਸਿਫ਼ਤ ਸਲਾਹੀਆ। ਆਪੇ ਬਣੇ ਜਗਤ ਮਲਾਹ, ਜਗਤ ਨੌਕਾ ਆਪ ਚਲਾਈਆ । ਚੌਦਾਂ ਚੌਦਾਂ ਵੇਖ ਵਖਾ, ਚੌਦਾਂ ਚੌਦਾਂ ਫੇਰਾ ਪਾਈਆ। ਇਕੋ ਨੂਰ ਨੂਰ ਖ਼ੁਦਾ, ਆਪਣਾ ਨੂਰ ਕਰੇ ਰੁਸ਼ਨਾਈਆ। ਦੀਨ ਅਸਲਾਮ ਆਪ ਬਣਾ, ਦੀਨਾ ਨਾਥ ਵੇਖ ਵਖਾਈਆ । ਅਮਾਮ ਮੈਂਹਦੀ ਨਾਮ ਧਰਾ, ਇਕ ਇਮਾਮ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਅਹਿਮਦ ਮਦਿ ਆਪ ਪਿਆ, ਏਕਾ ਰੰਗ ਰੰਗਾਇਆ। ਘਰ ਘਰ ਸਦਾ ਦਏ ਸੁਣਾ, ਧੁਰ ਦਰਗਾਹੀ ਦਾਤਾ ਵੇਖ ਵਖਾਇਆ। ਹਰਿ ਕਾ ਬੱਧਾ ਨਾ ਸਕੇ ਕੋਈ ਛੁਡਾ, ਕਾਦਰ ਕੁਦਰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੂਰਤ ਇਕ ਵਖਾਇਆ। ਸਾਚੀ ਸੂਰਤ ਸਚ ਧਾਰ, ਹਰਿ ਸਾਚ ਆਪ ਉਪਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਨਿਰਗੁਣ ਵੇਖ ਵਖਾਇੰਦਾ। ਸਤਿਗੁਰ ਸਾਚਾ ਹੋ ਉਜਿਆਰ, ਦਰ ਘਰ ਸਾਚਾ ਵੇਖ ਵਖਾਇੰਦਾ। ਨਬੀ ਰਸੂਲਾਂ ਇਕ ਪਿਆਰ, ਏਕਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲੇਖਾ ਲੇਖ ਧਰ ਧਰ ਭੇਖ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਸਾਚਾ ਮੌਲਾ, ਮੌਲਾ ਰੂਪ ਆਪ ਅਖਵਾਇੰਦਾ। ਧਰੇ ਜੋਤ ਉਪਰ ਧਵਲਾ, ਧਰਤ ਧਵਲ ਸੁਹਾਇੰਦਾ। ਆਪੇ ਹੋਏ ਕਾਹਨਾ ਕ੍ਰਿਸ਼ਨਾ ਕਲਾ ਸੋਲਾ, ਰਾਮ ਨਾਮ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇੰਦਾ। ਰਾਮ ਕ੍ਰਿਸ਼ਨ ਹਰਿ ਅਵਤਾਰਾ, ਈਸਾ ਮੂਸਾ ਜੋਤ ਜਗਾਈਆ। ਮੇਲ ਮਿਲਾਵਾ ਮੁਹੰਮਦੀ ਯਾਰਾ, ਚਾਰ ਯਾਰੀ ਸੰਗ ਨਿਭਾਈਆ। ਚੌਦਾਂ ਸਦੀਆਂ ਚੌਦਾਂ ਲੋਕ ਚੌਦਾਂ ਹੱਟ ਚੋਦਾਂ ਤਬਕ ਖੋਲ੍ਹ ਕਿਵਾੜਾ, ਆਪ ਆਪਣੀ ਬੂਝ ਬੁਝਾਈਆ। ਏਕਾ ਕਲਮਾ ਕਰ ਉਜਿਆਰਾ, ਏਕਾ ਰਿਹਾ ਸੁਣਾਈਆ। ਪੂਜਾ ਬੁੱਤ ਨਾ ਕੋਈ ਜਗਤ ਦਵਾਰਾ, ਮੇਲ ਮਿਲਾਵਾ ਸਚ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪੇ ਵੇਖੇ ਵੇਖਣਹਾਰ, ਦੂਸਰ ਦਿਸ ਕਿਸੇ ਨਾ ਆਈਆ। ਨਾਨਕ ਗੋਬਿੰਦ ਆਪੇ ਧਾਰ, ਆਪਣੀ ਚਲਤ ਚਲਾਇੰਦਾ। ਆਪੇ ਪਾਵਣਹਾਰਾ ਸਾਰ, ਜੁਗ ਜੁਗ ਨਾਉਂ ਉਪਾਇੰਦਾ। ਆਪੇ ਖਾਣੀ ਬਾਣੀ ਹੋ ਉਜਿਆਰ, ਆਪਣਾ ਲੇਖਾ ਆਪ ਗਣਾਇੰਦਾ। ਆਪੇ ਸ਼ਬਦ ਸ਼ਬਦੀ ਪਾਵੇ ਸਾਰ, ਸ਼ਬਦ ਸ਼ਬਦੀ ਰਚਨ ਰਚਾਇੰਦਾ। ਆਪੇ ਗੁਰੂ ਗੁਰੂ ਕਰਤਾਰ, ਗੁਰ ਕਰਤਾ ਰਾਮ ਅਖਵਾਇੰਦਾ। ਆਪੇ ਰਾਮ ਰਾਮ ਰੂਪ ਅਵਤਾਰ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਕਾਹਨਾ ਕ੍ਰਿਸ਼ਨਾ ਹੋਏ ਖ਼ਬਰਦਾਰ, ਦੂਤੀ ਦੁਸ਼ਟ ਮੇਟ ਮਿਟਾਇੰਦਾ। ਆਪੇ ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕਾ ਨਾਉਂ ਰਖਾਇੰਦਾ। ਪੰਜ ਤੱਤ ਨਾ ਕੋਈ ਆਕਾਰ, ਮਾਨਸ ਮਾਨੁਖ ਨਜ਼ਰ ਨਾ ਆਇੰਦਾ। ਰੂਹ ਬੁੱਤ ਨਾ ਕੋਈ ਪਿਆਰ, ਸਾਚਾ ਸੁੱਤ ਸ਼ਬਦ ਅਖਵਾਇੰਦਾ। ਸ੍ਰਿਸ਼ਟ ਸਬਾਈ ਹਾਹਾਕਾਰ, ਧੀਰਜ ਧੀਰ ਨਾ ਕੋਈ ਧਰਾਇੰਦਾ। ਗੁਰ ਦਰ ਮੰਦਰ ਮਸਜਿਦ ਨਾ ਕੋਈ ਪਿਆਰ, ਏਕਾ ਰੰਗ ਨਾ ਕੋਇ ਸੁਹਾਇੰਦਾ। ਕੂੜੀ ਕਿਰਿਆ ਕਰ ਪਸਾਰ, ਕੂੜ ਕੁੜਿਆਰਾ ਵੇਖ ਵਖਾਇੰਦਾ। ਭਰਿਆ ਜੋਬਨ ਕਾਮ ਕਰੋਧ ਲੋਭ ਮੋਹ ਹੰਕਾਰ, ਚਾਰੋਂ ਕੁੰਟ ਡੰਕ ਵਜਾਇੰਦਾ। ਵਰਨਾਂ ਬਰਨਾਂ ਹਾਹਾਕਾਰ, ਹਰਿ ਕਾ ਰੂਪ ਦਿਸ ਨਾ ਆਇੰਦਾ। ਮੁਸਲਮ ਸੁੰਨੀ ਨਾ ਕੋਇ ਪਿਆਰ, ਸਿਖ ਸਿੰਘ ਨਾ ਮੇਲ ਮਿਲਾਇੰਦਾ। ਹਿੰਦੂ ਈਸਾਈ ਨਾ ਸੁਣਨ ਗੁਫ਼ਤਾਰ, ਘਰ ਘਰ ਆਪਣਾ ਮਤਾ ਪਕਾਇੰਦਾ। ਮਨਮਤ ਦੁਹਾਗਣ ਹੋਈ ਨਾਰ, ਸਾਚਾ ਕੰਤ ਨਾ ਕੋਇ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਇੰਦਾ। ਪੰਡਤ ਪਾਂਧੇ ਰਹੇ ਪੁਕਾਰ, ਕਲਜੁਗ ਕੂਕੇ ਦਏ ਦੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਕੋਈ ਨਾ ਬੰਨੇ ਧਾਰ, ਸ਼ਰਅ ਸ਼ਰੀਅਤ ਇਕ ਜਣਾਈਆ। ਗ੍ਰੰਥੀ ਪੰਥੀ ਹਾਹਾਕਾਰ, ਆਪ ਆਪਣਾ ਬਲ ਵਖਾਈਆ। ਹਰਿ ਕਾ ਭੇਵ ਨਾ ਪਾਏ ਸੰਸਾਰ, ਸਰਬ ਜੀਆਂ ਦਾ ਦਾਤਾ ਇਕ ਅਖਵਾਈਆ। ਸ੍ਰਿਸ਼ਟ ਸਬਾਈ ਸਾਂਝਾ ਯਾਰ, ਖ਼ੁਦੀ ਖ਼ੁਦਾ ਮੂਲ ਨਾ ਭਾਈਆ। ਅੰਤਮ ਪਰਗਟ ਹੋਵੇ ਬੇਐਬ ਪਰਵਰਦਿਗਾਰ, ਨੂਰੋ ਨੂਰ ਆਪ ਅਖਵਾਈਆ । ਕਾਇਨਾਤ ਦੇਵੇ ਇਕ ਆਧਾਰ, ਏਕਾ ਕਲਮਾ ਆਪ ਪੜ੍ਹਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਢੋਲਾ ਦਏ ਸੁਣਾਈਆ। ਏਕਾ ਦਰ ਇਕ ਦਵਾਰ, ਨੌ ਖੰਡ ਪ੍ਰਿਥਮੀ ਆਪ ਅਖਵਾਈਆ। ਊਚ ਨੀਚ ਨਾ ਕੋਈ ਰਾਜ ਰਾਜਾਨ, ਸ਼ਾਹ ਸੁਲਤਾਨ ਏਕਾ ਧਾਮ ਬਹਾਈਆ। ਚਾਰ ਵਰਨ ਅਠਾਰਾਂ ਬਰਨ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਜੂਠ ਝੂਠ ਸਰਬ ਸ਼ਰਮਾਨ, ਲੋਕਮਾਤ ਰਹਿਣ ਨਾ ਪਾਈਆ। ਕੂੜ ਕੁੜਿਆਰੀ ਮੇਟੇ ਦੁਕਾਨ, ਸਚ ਵਸਤ ਇਕ ਰਖਾਈਆ। ਆਪੇ ਹੋਏ ਮਿਹਰਵਾਨ, ਮਿਹਰਵਾਨ ਆਪ ਅਖਵਾਈਆ। ਆਤਮ ਬ੍ਰਹਮ ਪਾਏ ਝੋਲੀ ਦਾਨ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਖ ਦਰ, ਨੂਰ ਇਲਾਹੀ ਕਰੇ ਰੁਸ਼ਨਾਈਆ। ਨੂਰ ਇਲਾਹੀ ਹਰਿ ਮਹਿਵਾਨ, ਮਿਹਰਵਾਨ ਅਖਵਾਇਆ। ਬੀ ਖ਼ੈਰ ਯਾ ਅੱਲਾ ਇਕ ਗਿਆਨ, ਏਕਾ ਦਏ ਸੁਣਾਇਆ। ਏਕਾ ਬਖ਼ਸ਼ੇ ਹਰਿ ਧਿਆਨ, ਦੂਜੇ ਭੌ ਚੁਕਾਇਆ। ਤੀਜੇ ਨੇਤਰ ਹੋ ਪਰਧਾਨ, ਏਕਾ ਰੂਪ ਦਰਸਾਇਆ। ਚੌਥਾ ਪਦ ਹਰਿ ਭਗਵਾਨ, ਆਪ ਆਪਣਾ ਵੇਖ ਵਖਾਇਆ। ਪੰਚਮ ਮੇਲਾ ਦੋ ਜਹਾਨ, ਛੇਵਾਂ ਛੱਪਰ ਛੰਨ ਨਾ ਕੋਇ ਜਣਾਇਆ। ਸੱਤ ਜ਼ਿਮੀ ਸੱਤ ਅਸਮਾਨ, ਚੌਦਾਂ ਤਬਕਾਂ ਸਤਿ ਪੁਰਖ ਆਪ ਸਮਾਇਆ। ਬੇਅੰਤ ਬੇਅੰਤ ਬੇਅੰਤ ਹਰਿ ਗੁਣ ਨਿਧਾਨ, ਅੱਠਾਂ ਤੱਤਾਂ ਗੁਣ ਨਾ ਗਾਇਆ। ਨੌ ਦਰ ਵੇਖੇ ਜਗਤ ਦੁਕਾਨ, ਜਗਤ ਤ੍ਰਿਸਨਾ ਵਿਚ ਫਸਾਇਆ। ਕਾਇਆ ਅੰਦਰ ਸਚ ਮਕਾਨ, ਘਰ ਘਰ ਵਿਚ ਆਪ ਟਿਕਾਇਆ। ਆਪੇ ਬੈਠਾ ਸਦ ਨਿਗਹਬਾਨ, ਸਾਜਣ ਮੀਤ ਆਪ ਅਖਵਾਇਆ। ਦਏ ਪਿਆਲਾ ਨਾਮ ਨਿਧਾਨ, ਅੰਮ੍ਰਿਤ ਜਾਮ ਮੁਖ ਚਵਾਇਆ। ਹੰਸ ਕਾਗ ਸਰਬ ਬਣ ਜਾਣ, ਸਰ ਸਰੋਵਰ ਜੋ ਜਨ ਨੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਨੂਰ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਆਪ ਅਖਵਾਇਆ। ਹਾਜ਼ਰ ਹਜ਼ੂਰਾ ਸਰਬ ਕਲ ਭਰਪੂਰਾ, ਏਕਾ ਨਾਮ ਰਖਾਇਆ। ਆਪੇ ਵਸਿਆ ਨੇੜੇ ਦੂਰਾ, ਦੂਰ ਨੇੜ ਆਪ ਜਣਾਇਆ। ਆਪੇ ਹੋਏ ਚਰਨ ਧੂੜਾ, ਖ਼ਾਕੀ ਖ਼ਾਕ ਆਪ ਰਮਾਇਆ। ਆਪੇ ਹੋਏ ਮੂਰਖ ਮੂੜ੍ਹਾ, ਗਿਆਨ ਧਿਆਨ ਆਪ ਦ੍ਰਿੜਾਇਆ। ਆਪੇ ਨਾਤਾ ਤੋੜੇ ਕੂੜੋ ਕੂੜਾ, ਸਚ ਗਿਆਨ ਆਪ ਅਖਵਾਇਆ। ਆਪੇ ਹੋਏ ਸਤਿ ਸਰੂਰਾ, ਨਾਮ ਜਾਮ ਮੁਖ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਖੇਲ ਕਰ, ਆਪ ਆਪਣਾ ਖੇਲ ਖਲਾਇਆ। ਹਰਿ ਹਰਿ ਨੂਰ ਨਿਹਕਲੰਕ, ਏਕਾ ਏਕ ਅਖਵਾਈਆ। ਸ਼ਬਦੀ ਸ਼ਬਦ ਵੱਜੇ ਡੰਕ, ਘਰ ਸਾਚੇ ਆਪ ਲਗਾਈਆ। ਸ੍ਰਿਸ਼ਟ ਸਬਾਈ ਕੱਢੇ ਸ਼ੰਕ, ਜਗਤ ਸੰਸਾ ਮੂਲ ਚੁਕਾਈਆ। ਨੌ ਖੰਡ ਬਣਾਏ ਏਕਾ ਬੰਕ, ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹਾਈਆ। ਏਕਾ ਅੱਖ ਹੋ ਪਰਤੱਖ ਵੇਖੇ ਰਾਓ ਰੰਕ, ਸ਼ਾਹ ਸੁਲਤਾਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਸਣਹਾਰਾ ਸਾਚੇ ਘਰ, ਲੋਕਮਾਤ ਏਕਾ ਏਕ ਕਰੇ ਪੜ੍ਹਾਈਆ। ਏਕਾ ਏਕ ਅਮਾਮ ਮਹਿੰਦੀ, ਹਰਿ ਹਰਿ ਆਪ ਅਖਵਾਇੰਦਾ। ਆਪੇ ਵੇਖੇ ਦਿਸ਼ਾ ਲਹਿੰਦੀ, ਚਾਰੇ ਦਿਸ਼ਾ ਫੋਲ ਫੋਲਾਇੰਦਾ। ਸ਼ਰਅ ਸ਼ਰੀਅਤ ਸਾਚੀ ਕਹਿੰਦੀ, ਲਾਸ਼ਰੀਕ ਇਕ ਅਖਵਾਇੰਦਾ। ਉਮਤ ਰਸੂਲ ਭਾਣਾ ਰਸੂਲ ਸਹਿੰਦੀ, ਰਸੂਲੱਲਾ ਵੇਖ ਵਖਾਇੰਦਾ। ਬਿਸਮਲ ਹੋ ਕੇ ਕੋਈ ਬਹਿੰਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ ਆਪ ਆਪਣਾ ਘਰ ਸੁਹਾਇੰਦਾ। ਰਾਮ ਰਾਮ ਰਾਮ ਅਵਤਾਰਾ, ਘਰ ਘਰ ਰਹੇ ਗਾਈਆ। ਘਰ ਘਰ ਰਸਨਾ ਰਸਨ ਜੈਕਾਰਾ, ਘਰ ਘਰ ਵੱਜੇ ਵਧਾਈਆ। ਘਰ ਘਰ ਮੇਲਾ ਮੀਤ ਮੁਰਾਰਾ, ਘਰ ਘਰ ਵੇਖ ਵਖਾਈਆ। ਕਲਜੁਗ ਢਾਏ ਝੂਠਾ ਬੁਰਜ ਮੁਨਾਰਾ, ਵੇਲਾ ਅੰਤਮ ਆਈਆ। ਨਾਮ ਖੰਡਾ ਤੇਜ਼ ਕਟਾਰਾ, ਬ੍ਰਹਿਮੰਡਾਂ ਫੋਲ ਫੋਲਾਈਆ। ਤਿਖੀਆਂ ਰੱਖੇ ਦੋਵਾਂ ਧਾਰਾ, ਆਪਣੇ ਹੱਥ ਰਿਹਾ ਚਮਕਾਈਆ। ਮੇਟਣਹਾਰਾ ਕੂੜ ਪਸਾਰਾ, ਏਕਾ ਏਕ ਅਖਵਾਈਆ। ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਵੇਦ ਵਿਆਸਾ ਬਣ ਲਿਖਾਰਾ, ਆਪਣੀ ਗਣਤ ਗਣਾਇੰਦਾ। ਕਲਜੁਗ ਅੰਤਮ ਹੋਏ ਧੂੰਆਂਧਾਰਾ, ਸਾਚਾ ਚੰਦ ਨਾ ਕੋਇ ਚੜ੍ਹਾਇੰਦਾ। ਮੱਸਿਆ ਰੈਣ ਅੰਧੇਰੀ ਭਾਰੀ, ਸਾਚਾ ਸੰਗ ਨਾ ਕੋਇ ਨਿਭਾਇੰਦਾ। ਵੇਦ ਪੁਰਾਨਾ ਕੋਇ ਨਾ ਪਾਏ ਸਾਰੀ, ਘਰ ਘਰ ਆਪਣੀ ਅਲਖ ਜਗਾਇੰਦਾ। ਪੰਡਤ ਪਾਂਧੇ ਗਏ ਹਾਰੀ, ਹਰਿ ਕਾ ਰੂਪ ਦਿਸ ਨਾ ਆਇੰਦਾ। ਮਾਇਆ ਮਮਤਾ ਭਰ ਭੰਡਾਰੀ, ਮਾਇਆ ਜਾਲ ਵਛਾਇੰਦਾ। ਧੀਆਂ ਭੈਣਾਂ ਕਰਨ ਵਪਾਰੀ, ਕਵਾਰ ਕੰਨਿਆ ਸਤਿ ਨਾ ਕੋਇ ਵਖਾਇੰਦਾ। ਵੇਖਣਹਾਰਾ ਹਰਿ ਨਿਰੰਕਾਰੀ, ਜੁਗ ਜੁਗ ਵੇਖ ਵਖਾਇੰਦਾ। ਅੰਤਮ ਪਰਗਟ ਹੋਵੇ ਵਡ ਬਲਕਾਰੀ, ਆਪਣਾ ਬਲ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਇੰਦਾ। ਆਪੇ ਈਸਾ ਮੂਸਾ ਸਚ ਲਿਖਾਰਾ, ਸਾਚਾ ਲੇਖ ਲਿਖਾਇਆ। ਬੀਸ ਬੀਸਾ ਹੋਏ ਅੰਧ ਅੰਧਿਆਰਾ, ਦਿਸ ਕੋਇ ਨਾ ਪਾਇਆ। ਚੌਦਾਂ ਚੌਦਾਂ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇਆ। ਸ੍ਰਿਸ਼ਟ ਸਬਾਈ ਹੋਏ ਖ਼ੁਆਰਾ, ਮੇਲੀ ਮੇਲ ਨਾ ਕੋਇ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਇਆ। ਨਾਨਕ ਗੁਰ ਸਚ ਸਿਕਦਾਰ, ਆਪਣਾ ਭੇਵ ਖੁਲ੍ਹਾਇੰਦਾ। ਸਤਿ ਨਾਮ ਕਰ ਪਿਆਰ, ਸ੍ਰਿਸ਼ਟ ਸਬਾਈ ਆਪ ਵਰਤਾਇੰਦਾ। ਚਾਰ ਵਰਨਾਂ ਇਕ ਅਧਾਰ, ਏਕਾ ਬੂਝ ਬੁਝਾਇੰਦਾ। ਇਕ ਸੁਹਾਏ ਬੰਕ ਦਵਾਰ, ਏਕਾ ਘਰ ਵਖਾਇੰਦਾ। ਮੱਕਾ ਕਾਅਬਾ ਕਰ ਉਜਿਆਰ, ਆਪ ਆਪਣੀ ਫੇਰੀ ਪਾਇੰਦਾ। ਹੇਠ ਮਸੱਲਾ ਨਮਾਜ਼ ਗੁਜ਼ਾਰ, ਸਾਚਾ ਸਯਦਾ ਆਪ ਵਖਾਇੰਦਾ। ਹੱਕ ਮੁਕਾਮ ਸਾਚਾ ਯਾਰ, ਘਰ ਸਾਚੇ ਮੇਲ ਮਿਲਾਇੰਦਾ। ਉਚ ਮਹਿਰਾਬੇ ਕਰ ਪਿਆਰ, ਆਪ ਆਪਣਾ ਮੁਖ ਸਲਾਹਿੰਦਾ। ਏਕਾ ਮੇਲਾ ਪਰਵਰਦਿਗਾਰ, ਬੇਪਰਵਾਹ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਨਿਰਗੁਣ ਨਾਉਂ ਰਖਾਇੰਦਾ। ਨਿਰਗੁਣ ਨਾਨਕ ਸ਼ਬਦ ਡੰਕਾ, ਆਪਣਾ ਆਪ ਸੁਣਾਇਆ। ਆਪ ਉਠਾਏ ਰਾਓ ਰੰਕਾ, ਗ਼ਰੀਬ ਨਿਮਾਣਿਆ ਗਲੇ ਲਗਾਇਆ। ਗੁਰਮੁਖ ਮੇਲਾ ਜਿਉਂ ਜਨ ਜਨਕਾ, ਜਨ ਜਨਨੀ ਲਏ ਤਰਾਇਆ । ਜੋਤੀ ਸ਼ਬਦੀ ਏਕਾ ਤਨਕਾ, ਏਕਾ ਰਾਹ ਚਲਾਇਆ। ਪਾਰਬ੍ਰਹਮ ਪ੍ਰਭ ਵੇਸ ਵਟਾਏ ਵਾਰ ਅਨਕਾ, ਅਕਲ ਕਲਾ ਅਖਵਾਇਆ। ਆਪੇ ਫੇਰਨਹਾਰਾ ਮਨ ਕਾ ਮਨਕਾ, ਮਨ ਮਮਤਾ ਦਏ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬੂਝ ਬੁਝਾਇਆ। ਨਾਨਕ ਨਿਰਗੁਣ ਸ਼ਬਦ ਜੈਕਾਰਾ, ਏਕਾ ਏਕ ਸੁਣਾਇੰਦਾ । ਹਿੰਦੂ ਮੁਸਲਮ ਇਕ ਪਿਆਰਾ, ਏਕਾ ਮੇਲ ਮਿਲਾਇੰਦਾ। ਸਾਚਾ ਘਰ ਸਚਾ ਦਵਾਰਾ, ਦਰ ਸਾਚਾ ਵੇਖ ਵਖਾਇੰਦਾ। ਨਿਉਂ ਨਿਉਂ ਚਲੇ ਵਿਚ ਸੰਸਾਰਾ, ਹੰਕਾਰੀਆਂ ਹੰਕਾਰ ਗਵਾਇੰਦਾ। ਅੰਤਮ ਬਣਿਆ ਲੇਖ ਲਿਖਾਰਾ, ਆਪਣਾ ਲੇਖ ਲਿਖਾਇੰਦਾ। ਕਲਜੁਗ ਅੰਤਮ ਹੋਏ ਧੂੰਆਂਧਾਰਾ, ਧੁਦੰੂਕਾਰ ਨਾ ਕੋਇ ਮਿਟਾਇੰਦਾ। ਮਾਤ ਪਿਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਸੰਗ ਰਖਾਇੰਦਾ। ਨਾਰੀ ਕੰਤ ਨਾ ਕੋਇ ਆਧਾਰਾ, ਜ਼ੋਰੂ ਜ਼ਰ ਸਰਬ ਕੁਰਲਾਇੰਦਾ। ਚਾਰੋਂ ਕੁੰਟ ਝੂਠੀ ਧਾੜਾ, ਸਾਚਾ ਦਰ ਨਾ ਕੋਇ ਵਖਾਇੰਦਾ । ਪਰਗਟ ਹੋਏ ਹਰਿ ਨਿਰੰਕਾਰਾ, ਆਪ ਆਪਣਾ ਵੇਸ ਵਟਾਇੰਦਾ। ਨਿਹਕਲੰਕਾ ਡੰਕ ਅਪਾਰਾ, ਸ਼ਬਦੀ ਸ਼ਬਦ ਵਜਾਇੰਦਾ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਸਾਚਾ ਮਾਰਗ ਲਾਇੰਦਾ। ਸਚ ਸੁੱਚ ਕਰੇ ਵਰਤਾਰਾ, ਸੋ ਪੁਰਖ ਨਿਰੰਜਣ ਖੇਲ ਖਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਵੇਸ ਕਰ, ਘਰ ਸਾਚੇ ਮੇਲ ਮਿਲਾਇੰਦਾ। ਦਸਵਾਂ ਘਰ ਦਸਵੀਂ ਜੋਤ, ਹਰਿ ਸਾਚੇ ਆਪ ਜਗਾਈਆ। ਲਹਿਣਾ ਦੇਣ ਚੁਕਾਇਆ ਵਰਨ ਗੋਤ, ਏਕਾ ਅੰਮ੍ਰਿਤ ਜਾਮ ਪਿਆਈਆ। ਸਚ ਨਗਾਰੇ ਲਾਈ ਚੋਟ, ਨਾਮ ਧੌਂਸਾ ਇਕ ਵਜਾਈਆ। ਕੂੜੀ ਕਿਰਿਆ ਕੱਢੇ ਖੋਟ, ਸਾਚੀ ਕਰੇ ਸਤਿ ਪੜ੍ਹਾਈਆ। ਮਾਇਆ ਮਮਤਾ ਕੋਈ ਨਾ ਭਰੇ ਪੋਟ, ਆਪਣੀ ਸਰਸੇ ਗਿਆ ਰੁੜ੍ਹਾਈਆ। ਅਕਾਲ ਪੁਰਖ ਹਰਿ ਏਕਾ ਓਟ, ਦੂਜੀ ਸਰਨ ਨਾ ਕੋਇ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾਈਆ । ਗੋਬਿੰਦ ਗੁਰ ਜਗਤ ਮਲਾਹ, ਏਕਾ ਫੇਰਾ ਪਾਇਆ। ਚਾਰ ਵਰਨਾਂ ਦੇਵੇ ਸਚ ਸਲਾਹ, ਊਚਾਂ ਨੀਚਾਂ ਮੇਲ ਮਿਲਾਇਆ। ਹਿੰਦੂ ਮੁਸਲਮ ਕੋਈ ਜਾਣੇ ਨਾ, ਸਿਖ ਈਸਾਈ ਨਾ ਭੇਵ ਧਰਾਇਆ। ਮਜ਼੍ਹਬ ਸ਼ਰਅ ਨਾ ਬੰਧਨ ਦਿਤਾ ਪਾ, ਹਉਮੇ ਗੜ੍ਹ ਨਾ ਕੋਇ ਉਪਾਇਆ। ਜ਼ੋਰ ਜ਼ੁਲਮ ਹਟੌਣਾ ਖੰਡਾ ਹੱਥ ਫੜਾ, ਦੇ ਮਤ ਸਮਝਾਇਆ। ਸਭ ਦੀ ਰੱਛਿਆ ਕਰਨੀ ਗਿਆ ਸਿਖਾ, ਸਾਚਾ ਰੱਛਕ ਆਪ ਆਇਆ। ਕਲਜੁਗ ਅੰਤਮ ਸਿਖਿਆ ਦਏ ਭੁੱਲਾ, ਦਰ ਘਰ ਸਾਚਾ ਸਚ ਕਰ ਪਾਇਆ। ਗੁਰ ਗੋਬਿੰਦ ਲੇਖਾ ਰਿਹਾ ਲਿਖਾ, ਨਾ ਕੋਈ ਮੇਟੇ ਮੇਟ ਮਿਟਾਇਆ। ਕਲਜੁਗ ਅੰਤਮ ਪਰਗਟ ਹੋਵੇ ਬੇਪਰਵਾਹ, ਨਿਹਕਲੰਕਾ ਨਾਉਂ ਰਖਾਇਆ। ਅਮਾਮ ਮਹਿੰਦੀ ਆਪ ਅਖਵਾ, ਇਕ ਅਮਾਮ ਬਣਾਇਆ। ਅਹਿਮਦ ਰੂਪ ਨੂਰ ਖ਼ੁਦਾ, ਨੂਰੋ ਨੂਰ ਡਗਮਗਾਇਆ। ਸ਼ਬਦ ਸਜਦਾ ਇਕ ਵਖਾ, ਸਾਖਯਾਤ ਰੂਪ ਦਸਾਇਆ। ਆਪਣੀ ਆਇਤ ਇਕ ਸੁਣਾ, ਇਕ ਸਦਾ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਧਰ, ਆਪ ਆਪਣਾ ਖੇਲ ਕਰਾਇਆ। ਕਲਜੁਗ ਕੂੜਾ ਕੂੜ ਮਿਟੌਣਾ, ਹਰਿ ਸਾਚੇ ਸਚ ਵਡਿਆਈਆ। ਖ਼ਲਕ ਖ਼ੁਦਾਈ ਮੇਲ ਮਿਲੌਣਾ, ਖ਼ਾਲਕ ਖ਼ਲਕ ਆਪ ਅਖਵਾਈਆ। ਰਾਜ਼ਕ ਰਹੀਮ ਰਹਿਮ ਕਮੌਣਾ, ਹਰਿ ਰਹਿਮਤ ਵਡ ਸ਼ਰਨਾਈਆ। ਅਜ਼ਮਤੋ ਕਸਮਤੋ ਅfਜਬਵਾ ਅਤਿਲਹੇ ਆਪ ਆਪਣਾ ਸੰਗ ਰਖੌਣਾ, ਸਗਲਾ ਸੰਗ ਨਿਭਾਈਆ। ਇਜ਼ਰਾਈਲ ਜਬਰਾਈਲ ਮੇਕਾਈਲ ਅਸਰਾਫ਼ੀਲ ਸੇਵ ਕਮੌਣਾ, ਸਾਚੀ ਸੇਵ ਕਮਾਈਆ। ਮੜੀ ਗੌਰ ਵੇਖ ਵਖੌਣਾ, ਸੋਏ ਆਪ ਉਠਾਈਆ। ਆਬੇ ਹਯਾਤ ਪਿਆਲਾ ਇਕ ਪਿਔਣਾ, ਹੱਥ ਫੜੇ ਸਚ ਸੁਰਾਹੀਆ। ਅੱਲਾ ਹੂ ਅੱਲਾ ਹੂ ਅੰਨਾ ਹੂ ਨਾਅਰਾ ਲੌਣਾ, ਆਪ ਆਪਣੀ ਅਲਖ ਜਗਾਈਆ। ਰਾਮ ਰੂਪ ਪਰਤੱਖ ਵਖੌਣਾ, ਧਨੁਸ਼ ਬਾਣ ਹੱਥ ਉਠਾਈਆ। ਕਾਹਨਾ ਕ੍ਰਿਸ਼ਨਾ ਵੇਸ ਵਟੌਣਾ, ਰਥ ਰਥਵਾਹੀ ਰਥ ਚਲਾਈਆ। ਯਸੂ ਮਸੀਹ ਵੇਖ ਵਖੌਣਾ, ਆਪ ਆਪਣਾ ਭੇਟ ਚੜ੍ਹਾਈਆ। ਸਚ ਮੁਹੰਮਦ ਸੰਗ ਨਿਭੌਣਾ, ਸਾਚੀ ਦਏ ਸਲਾਹੀਆ। ਨਾਨਕ ਨਿਰਗੁਣ ਮੇਲ ਮਿਲੌਣਾ, ਗੁਰ ਗੋਬਿੰਦ ਵੱਜੇ ਵਧਾਈਆ। ਪਿਛਲਾ ਲਹਿਣਾ ਮੂਲ ਚੁਕੌਣਾ, ਹਰਿ ਸਾਚਾ ਭੇਵ ਨਾ ਗਾਈਆ। ਅੱਗੇ ਏਕਾ ਮਾਰਗ ਲੌਣਾ, ਏਕਾ ਰਾਹ ਵਖਾਈਆ। ਸਾਚਾ ਨਾਮ ਆਪ ਸੁਨੌਣਾ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਅਮਲ ਅਮਾਮ ਇਕ ਵਖੌਣਾ, ਆਪੇ ਕਾਰ ਕਰਾਈਆ। ਮੌਲਾ ਮੌਲਾ ਮੌਲਿਆ ਨਜ਼ਰੀ ਔਣਾ, ਦੂਸਰ ਦੂਈ ਦਵੈਤ ਰਹੇ ਨਾ ਰਾਈਆ। ਵਰਨ ਬਰਨ ਨਾਤਾ ਭੈਣ ਭਾਈ ਬਣੌਣਾ, ਖ਼ੁਦਾਵੰਦ ਕਰੀਮ ਇਕ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਸਿਆ ਘਰ, ਸ੍ਰਿਸ਼ਟ ਸਬਾਈ ਦੇਵਣਹਾਰਾ ਵਰ, ਜੁਗ ਜੁਗ ਰੱਖੇ ਸਿਰ ਹੱਥ ਸਮਰਥ ਵਡ ਵਡਿਆਈਆ। ਸਾਂਝਾ ਕਲਮਾ ਸਾਂਝੀ ਧਾਰ, ਸਾਂਝੀਵਾਲ ਚਲਾਇੰਦਾ। ਸਾਂਝਾ ਸੱਜਣ ਸਾਂਝਾ ਮੀਤ ਮੁਰਾਰ, ਸਾਂਝਾ ਹੁਕਮ ਸੁਣਾਇੰਦਾ। ਸਾਂਝਾ ਕਰੇ ਖ਼ਬਰਦਾਰ, ਸਾਂਝਾ ਸਾਂਝੀ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪਣਾ ਲੇਖਾ ਆਪੇ ਲਿਖ ਲਿਖ, ਸ੍ਰਿਸ਼ਟ ਸਬਾਈ ਆਪ ਸੁਣਾਇੰਦਾ। ਸਾਂਝਾ ਕਲਮਾ ਸਚ ਜ਼ਬਾਨ, ਹਰਿ ਸਾਚਾ ਆਪ ਲਿਖਾਈਆ। ਸਾਚੀ ਸ਼ਰਅ ਸਚ ਅਮਾਮ, ਸ਼ਰੀਅਤ ਸਚ ਜਣਾਈਆ। ਸਾਚਾ ਰੂਪ ਸ੍ਰੀ ਭਗਵਾਨ, ਏਕਾ ਏਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਕਲਮਾ ਆਪੇ ਕਲਪਤ ਰਿਹਾ ਕਰਾਈਆ। ਕਲਮਾ ਸੋ ਜੋ ਹਰਿ ਹਰਿ ਭਾਏ, ਹਰਿ ਸਾਚਾ ਆਪ ਉਪਾਇੰਦਾ। ਹੰ ਬ੍ਰਹਮ ਇਕ ਅਖਵਾਏ, ਏਕਾ ਰੂਪ ਦਰਸਾਇੰਦਾ। ਮਹਾਰਾਜ ਤਾਜ ਸੀਸ ਟਿਕਾਏ, ਨਬੀ ਰਸੂਲ ਆਪ ਹੋ ਜਾਇੰਦਾ। ਸ਼ੇਰ ਸ਼ੇਰ ਵਿਚ ਸੰਸਾਰ ਨਜ਼ਰੀ ਆਏ, ਸਿੰਘ ਸਿੰਘ ਭੇਖ ਵਟਾਇੰਦਾ। ਵਿਸ਼ਨੂੰ ਆਕਾਰ ਇਕ ਜਣਾਏ, ਸ੍ਰਿਸ਼ਟ ਸਬਾਈ ਰਿਜ਼ਕ ਸਬਾਇੰਦਾ। ਭਗਵਨ ਜੋਤ ਜੋਤ ਡਗਮਗਾਏ, ਵਰਨ ਗੋਤ ਨਾ ਕੋਇ ਰਖਾਇੰਦਾ। ਜਨਮ ਮਰਨ ਦੇ ਵਿਚ ਨਾ ਆਏ, ਮਾਤ ਗਰਭ ਨਾ ਆਸਣ ਲਾਇੰਦਾ। ਮਾਤ ਪਿਤਾ ਨਾ ਕੋਈ ਗੋਦ ਉਠਾਏ, ਭੈਣ ਭਾਈ ਨਾ ਮੇਲ ਮਿਲਾਇੰਦਾ। ਖਾਣ ਪੀਣ ਨਾ ਕੋਇ ਰਖਾਏ, ਜਗਤ ਤ੍ਰਿਸਨਾ ਵਿਚ ਨਾ ਆਇੰਦਾ। ਸਚ ਸਦਾ ਇਕ ਖ਼ੁਦਾ ਆਪ ਅਲ੍ਹਾਏ, ਸੋ ਕਲਮਾ ਨਬੀ ਅਖਵਾਇੰਦਾ। ਬੀਸ ਬੀਸਾ ਕਰ ਰੁਸ਼ਨਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਂ ਰਖਾਇੰਦਾ। ਸ੍ਰਿਸ਼ਟ ਸਬਾਈ ਏਕਾ ਬੋਲ, ਏਕਾ ਦਏ ਕਰਾਈਆ। ਪਹਿਲੋਂ ਪਾਏ ਜਗਤ ਘੋਲ, ਚਾਰੋਂ ਕੁੰਟ ਹੋਏ ਲੜਾਈਆ। ਕੌਮਾਂ ਮਜ਼੍ਹਬਾਂ ਦੀਨ ਇਸਲਾਮਾ ਵੱਜੇ ਢੋਲ, ਨੌ ਖੰਡ ਖੇਲ ਖਿਲਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਉਚੇ ਮੰਦਰ ਲਏ ਫੋਲ, ਤਖ਼ਤ ਤਾਜ ਰਹਿਣ ਨਾ ਪਾਈਆ। ਅੰਤਮ ਦੀਨਾਂ ਮਜ਼੍ਹਬਾਂ ਕੱਢੇ ਪੋਲ, ਆਪ ਆਪਣਾ ਰੂਪ ਪਰਗਟਾਈਆ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਰਾਮ ਕ੍ਰਿਸ਼ਨ ਬ੍ਰਹਮਾ ਪੂਰੇ ਕਰੇ ਕੌਲ, ਕੀਤਾ ਕੌਲ ਆਪ ਨਿਭਾਈਆ। ਏਕਾ ਮਾਰਗ ਧਰੇ ਉਪਰ ਧੌਲ, ਏਕਾ ਕਰੇ ਪੜ੍ਹਾਈਆ। ਜੀਵ ਜੰਤ ਜੈਕਾਰਾ ਏਕਾ ਲੈਣ ਬੋਲ, ਏਕਾ ਵਿਦਿਆ ਦਏ ਸਿਖਾਈਆ। ਖ਼ੁਦਾਵੰਦ ਕਰੀਮ ਹਰਿ ਨਿਰੰਕਾਰ ਰਾਮ ਰੂਪ ਖੇਲ ਅਪਾਰ ਏਕਾ ਕੰਡੇ ਤੋਲੇ ਤੋਲ, ਤੋਲਣਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਗਲਾ ਲੇਖਾ ਆਪਣੇ ਰੱਖੇ ਹੱਥ, ਸਮਰਥ ਵੇਖ ਵਖਾਈਆ।
