੩ ਸਾਵਣ ੨੦੧੬ ਬਿਕ੍ਰਮੀ ਨਿਰੰਜਣ ਸਿਘ ਦੇ ਘਰ ਅਜਿਤਵਾਲ ਜ਼ਿਲਾ ਫ਼ਿਰੋਜ਼ਪੁਰ
ਸਤਿ ਪੁਰਖ ਨਿਰੰਜਣ ਹਰਿ ਸੁਲਤਾਨਾ, ਆਦਿ ਜੁਗਾਦਿ ਏਕ ਏਕੰਕਾਰਿਆ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਆਦਿ ਨਿਰੰਜਣ ਵੇਸ ਵਟਾ ਰਿਹਾ। ਜੋਤੀ ਨੂਰ ਦੋ ਜਹਾਨਾ, ਨਿਰਗੁਣ ਦਾਤਾ ਆਪ ਜਗਾ ਰਿਹਾ। ਖੇਲੇ ਖੇਲ ਸ੍ਰੀ ਭਗਵਾਨਾ, ਹਰਿ ਕਾ ਭੇਵ ਕੋਈ ਨਾ ਪਾ ਰਿਹਾ। ਸ਼ਬਦ ਅਨਾਦੀ ਧੁਨ ਤਰਾਨਾ, ਪਾਰਬ੍ਰਹਮ ਆਪ ਉਪਾ ਰਿਹਾ। ਥਿਰ ਘਰ ਵਸੇ ਸਚ ਮਕਾਨਾ, ਸਚਖੰਡ ਥਿਰ ਦਰਬਾਰ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਡਗਮਗਾ ਰਿਹਾ। ਪਾਰਬ੍ਰਹਮ ਪੁਰਖ ਸੁਲਤਾਨ, ਹਰਿ ਹਰਿ ਆਪ ਅਖਵਾਇੰਦਾ। ਦੀਪਕ ਜੋਤੀ ਦੀਪ ਮਹਾਨ, ਨੂਰੋ ਨੂਰ ਡਗਮਗਾਇੰਦਾ। ਇਕ ਇਕੱਲਾ ਮਿਹਰਵਾਨ, ਏਕੰਕਾਰਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭੇਵ ਅਭੇਦਾ ਅਛਲ ਅਛੱਲ ਅਛੇਦਾ, ਆਪ ਆਪਣਾ ਭੇਵ ਛੁਪਾਇੰਦਾ। ਪਾਰਬ੍ਰਹਮ ਸ੍ਰੀ ਭਗਵੰਤਾ, ਨਿਰਗੁਣ ਨੂਰੋ ਨੂਰ ਉਪਾਨਿਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਸ੍ਰੀ ਭਗਵਾਨਿਆ। ਆਪ ਬਣਾਏ ਆਪਣੀ ਬਣਤਾ, ਆਪੇ ਵਸੇ ਸਚ ਟਿਕਾਣਿਆ। ਆਪੇ ਨਾਰੀ ਆਪੇ ਕੰਤਾ, ਆਪਣਾ ਦਰ ਆਪ ਸੁਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਦਰ ਕਰੇ ਪਰਵਾਨਿਆ। ਹਰਿ ਸੱਜਣ ਹਰਿ ਮੀਤੜਾ, ਪਾਰਬ੍ਰਹਮ ਕਰਤਾਰਾ। ਏਕਾ ਵਸੇ ਧਾਮ ਅਨਡੀਠੜਾ, ਅਲੱਖ ਅਗੋਚਰ ਅਗੰਮ ਅਪਾਰਾ। ਆਦਿ ਜੁਗਾਦੀ ਜਾਣੇ ਆਪਣੀ ਰੀਤੜਾ, ਖੇਲੇ ਖੇਲ ਅਪਰ ਅਪਾਰਾ। ਆਪਣਾ ਭਾਣਾ ਰੱਖੇ ਮੀਠੜਾ, ਦਾਤਾ ਦਾਨੀ ਸਿਰਜਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਨੂਰ ਹੋਏ ਉਜਿਆਰਾ। ਨਿਰਗੁਣ ਦਾਤਾ ਬੇਪਰਵਾਹ, ਏਕਾ ਏਕੰਕਾਰਿਆ। ਆਪ ਆਪਣਾ ਬਣ ਮਲਾਹ, ਆਪੇ ਦੇਵੇ ਸਚ ਸਹਾਰਿਆ। ਆਪੇ ਵਸੇ ਸਾਚੇ ਥਾਂ, ਸਚਖੰਡ ਦੁਵਾਰਾ ਇਕ ਉਪਾ ਰਿਹਾ। ਅਗੰਮ ਅਗੰਮੜੀ ਕਾਰ ਕਮਾ, ਅਲੱਖ ਅਲੱਖਣਾ ਅਲੱਖ ਜਗਾ ਰਿਹਾ। ਥਿਰ ਘਰ ਮੰਦਰ ਇਕ ਸੁਹਾ, ਨਿਰਗੁਣ ਦੀਵਾ ਬਾਤੀ ਇਕ ਜਗਾ ਰਿਹਾ। ਕਮਲਾਪਾਤੀ ਵੇਸ ਵਟਾ, ਸਚ ਸਿੰਘਾਸਣ ਆਸਣ ਲਾ ਰਿਹਾ। ਸ਼ਾਹੋ ਭੂਪ ਸੁਲਤਾਨ ਨਾਮ ਧਰਾ, ਰੂਪ ਰੰਗ ਨਾ ਕੋਈ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੀ ਕਲ ਵਰਤਾ ਰਿਹਾ। ਵਰਤੇ ਕਲ ਹਰਿ ਕਰਤਾਰ, ਅਕਲ ਕਲਾ ਅਖਵਾਈਆ। ਨਿਰਗੁਣ ਜੋਤੀ ਨੂਰ ਉਜਿਆਰ, ਆਦਿ ਨਿਰੰਜਣ ਵਡ ਵਡਿਆਈਆ। ਖੇਲੇ ਖੇਲ ਸੱਚੀ ਸਰਕਾਰ, ਦਰ ਘਰ ਸਾਚੇ ਡੇਰਾ ਲਾਈਆ। ਆਦਿ ਜੁਗਾਦੀ ਇਕ ਅਵਤਾਰ, ਸਤਿਗੁਰ ਪੂਰਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇੰਦਾ। ਸਰਬ ਕਲ ਆਪੇ ਸਮਰਥ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਸ਼ਬਦ ਅਗੰਮੀ ਏਕਾ ਵਥ, ਆਪਣੀ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਇੰਦਾ। ਆਦਿ ਜੁਗਾਦੀ ਪੁਰਖ ਅਕਾਲ, ਏਕਾ ਰੂਪ ਸਮਾਈਆ। ਸਤਿਗੁਰ ਪੂਰਾ ਦੀਨ ਦਿਆਲ, ਗੁਰ ਮੰਤਰ ਨਾਮ ਦ੍ਰਿੜਾਈਆ। ਥਿਰ ਘਰ ਵਸੇ ਸੱਚੀ ਧਰਮਸਾਲ, ਸਚਖੰਡ ਦੁਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਕਰਤਾ ਪੁਰਖ ਕਰਨੇਹਾਰਾ, ਏਕਾ ਏਕ ਏਕੰਕਾਰਿਆ। ਆਦਿ ਜੁਗਾਦੀ ਲਏ ਅਵਤਾਰਾ, ਜੁਗ ਜੁਗ ਵੇਸ ਵਟਾ ਰਿਹਾ। ਸ਼ਬਦ ਅਗੰਮੀ ਨਾਮ ਭੰਡਾਰਾ, ਗੁਰ ਪੂਰਾ ਆਪ ਵਰਤਾ ਰਿਹਾ। ਨਿਰਗੁਣ ਮੇਲਾ ਅਪਰ ਅਪਾਰਾ, ਨਿਰਗੁਣ ਸਾਚਾ ਸੰਗ ਨਿਭਾ ਲਿਆ। ਨਿਰਗੁਣ ਨਾਰੀ ਕੰਤ ਭਤਾਰਾ, ਸਾਚੀ ਸੇਜ ਹੰਢਾ ਲਿਆ। ਨਿਰਗੁਣ ਉਪਜੇ ਸੁੱਤ ਦੁਲਾਰਾ, ਸ਼ਬਦੀ ਨਾਉਂ ਧਰਾ ਲਿਆ। ਨਿਰਗੁਣ ਵਣਜ ਕਰੇ ਵਣਜਾਰਾ, ਏਕਾ ਨਾਮਾ ਹੱਟ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਇਕ ਉਪਾ ਲਿਆ। ਥਿਰ ਘਰ ਸਾਚਾ ਉਚ ਮਹੱਲਾ, ਹਰਿ ਹਰਿ ਜੋਤ ਜਗਾਇੰਦਾ। ਪੁਰਖ ਅਬਿਨਾਸ਼ੀ ਇਕ ਇਕੱਲਾ, ਨਿਰਾਕਾਰ ਰੂਪ ਵਟਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ । ਆਪਣੀ ਜੋਤੀ ਆਪੇ ਰਲਾ, ਆਪਣਾ ਦੀਪਕ ਆਪ ਜਗਾਇੰਦਾ। ਸ਼ਬਦ ਸੁਨੇਹੁੜਾ ਸਾਚਾ ਘੱਲਾ, ਲਿਖਣ ਪੜ੍ਹਣ ਵਿਚ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਰਖਾਇੰਦਾ। ਨਿਰਗੁਣ ਨਾਉਂ ਰੱਖ ਕਰਤਾਰ, ਆਪਣੀ ਕਲ ਵਰਤਾਈਆ। ਪਰਮ ਪੁਰਖ ਪ੍ਰਭ ਕਿਰਪਾ ਧਾਰ, ਆਪਣੀ ਕਰੀ ਆਪ ਕੁੜਮਾਈਆ। ਆਪ ਸੁਹਾਇਆ ਬੰਕ ਦੁਵਾਰ, ਘਰ ਸਾਚੇ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਇਛਿਆ ਪਾਏ ਭਿਛਿਆ, ਆਪਣੀ ਝੋਲੀ ਆਪ ਭਰਾਈਆ। ਬ੍ਰਹਮ ਭਿਛਿਆ ਆਪੇ ਪਾ, ਆਪਣੀ ਦਇਆ ਕਮਾਇੰਦਾ। ਆਪੇ ਦੇਵੇ ਸਾਚਾ ਨਾਂ, ਆਪੇ ਨਾਉਂ ਧਰਾਇੰਦਾ। ਆਪੇ ਪਕੜਣਹਾਰਾ ਬਾਂਹ, ਆਪੇ ਸੰਗ ਨਿਭਾਇੰਦਾ। ਆਪੇ ਕਰੇ ਸਚ ਨਿਆਂ, ਦਰ ਘਰ ਸਾਚਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਵੇਖੇ ਸਾਚਾ ਦਰ, ਦਰ ਸਾਚਾ ਇਕ ਉਪਜਾਇੰਦਾ। ਦਰ ਘਰ ਹਰਿ ਸਾਚਾ ਖੋਲ੍ਹ, ਸਚਖੰਡ ਵੱਡੀ ਵਡਿਆਈਆ। ਸ਼ਬਦ ਅਨਾਦੀ ਆਪੇ ਬੋਲ, ਆਪਣਾ ਰਾਗ ਅਲਾਈਆ। ਅਬਿਨਾਸ਼ੀ ਕਰਤਾ ਤੋਲਣਹਾਰਾ ਪੂਰਾ ਤੋਲ, ਏਕਾ ਕੰਡਾ ਹੱਥ ਉਠਾਈਆ। ਆਦਿ ਜੁਗਾਦਿ ਰਹੇ ਅਡੋਲ, ਜੁਗ ਜੁਗ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਬੰਧਨ ਆਪੇ ਪਾ, ਆਪੇ ਵੇਖੇ ਸਹਿਜ ਸੁਭਾਈਆ। ਨਿਰਗੁਣ ਅੰਦਰ ਨਿਰਗੁਣ ਵੜਿਆ, ਨਿਰਗੁਣ ਜੋਤ ਜਗਾਇੰਦਾ। ਨਾ ਕੋਈ ਸੀਸ ਨਾ ਕੋਈ ਧੜਿਆ, ਪੰਜ ਤੱਤ ਨਾ ਕੋਈ ਰਖਾਇੰਦਾ। ਨਿਰਗੁਣ ਰੂਪ ਨਿਰਗੁਣ ਧਰਿਆ, ਨਿਰਗੁਣ ਮੇਲ ਮਿਲਾਇੰਦਾ। ਨਿਰਗੁਣ ਨਾਰੀ ਨਿਰਗੁਣ ਕੰਤ ਵਰਿਆ, ਨਿਰਗੁਣ ਸੁਹਾਗ ਹੰਢਾਇੰਦਾ। ਨਿਰਗੁਣ ਆਪੇ ਘਾੜਣ ਘੜਿਆ, ਰਕਤ ਬੂੰਦ ਨਾ ਕੋਈ ਧਰਾਇੰਦਾ। ਨਿਰਗੁਣ ਆਪਣੇ ਪੌੜੇ ਚੜ੍ਹਿਆ, ਸਚ ਮਹੱਲੇ ਆਸਣ ਲਾਇੰਦਾ। ਨਿਰਗੁਣ ਲੜ ਆਪਣਾ ਫੜਿਆ, ਆਪਣਾ ਪੱਲੂ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਅਜੂਨੀ ਰਹਿਤ ਨਾਮ ਧਰਾਇੰਦਾ। ਅਜੂਨੀ ਰਹਿਤ ਹਰਿ ਭਗਵਾਨਾ, ਏਕਾ ਰੰਗ ਸਮਾਇੰਦਾ। ਏਕਾ ਵਸੇ ਸਚ ਮਕਾਨਾ, ਦਿਸ ਕਿਸੇ ਨਾ ਆਇੰਦਾ। ਏਕਾ ਗਾਏ ਸਚ ਤਰਾਨਾ, ਰਾਗੀ ਨਾਦੀ ਭੇਵ ਨਾ ਪਾਇੰਦਾ। ਆਦਿ ਜੁਗਾਦੀ ਖੇਲ ਮਹਾਨਾ, ਜੁਗਾ ਜੁਗੰਤਰ ਖੇਲ ਖਲਾਇੰਦਾ। ਪੁਰਖ ਅਬਿਨਾਸ਼ੀ ਸ਼ਾਹ ਸੁਲਤਾਨਾ, ਸ਼ਾਹੋ ਭੂਪ ਇਕ ਹੋ ਜਾਇੰਦਾ। ਨਾ ਕੋਈ ਦਿਸੇ ਦਰ ਦਰਬਾਨਾ, ਨਾ ਕੋਈ ਸੀਸ ਝੁਕਾਇੰਦਾ। ਏਕੰਕਾਰਾ ਹਰਿ ਨਿਰੰਕਾਰਾ ਖੇਲੇ ਖੇਲ ਸ੍ਰੀ ਭਗਵਾਨਾ, ਜੋਤੀ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਸਾਚਾ ਦਰ, ਦਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ ਨੂਰੋ ਨੂਰ ਸਮਾਇੰਦਾ। ਆਦਿ ਨਿਰੰਜਣ ਹਰਿ ਭਗਵੰਤਾ, ਏਕਾ ਰੂਪ ਸਮਾਈਆ । ਖੇਲੇ ਖੇਲ ਆਦਿਨ ਅੰਤਾ, ਅੰਤ ਆਦਿ ਭੇਵ ਕੋਈ ਨਾ ਪਾਈਆ। ਜਾਣੇ ਭੇਵ ਜੁਗਾ ਜੁਗੰਤਾ, ਜਗਤ ਜੁਗਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਨਿਰਗੁਣ ਦਰ, ਵੇਖਣਹਾਰ ਆਪ ਹੋ ਜਾਈਆ। ਨਿਰਗੁਣ ਨਿਰੰਜਣ ਨਿਰਗੁਣ ਧਾਰ, ਨਿਰਗੁਣ ਮਾਤ ਵਡਿਆਈਆ। ਨਿਰਗੁਣ ਮਾਤ ਪਿਤ ਸੁੱਤ ਦੁਲਾਰ, ਪੂਤ ਸਪੂਤਾ ਆਪ ਅਖਵਾਈਆ। ਨਿਰਗੁਣ ਪ੍ਰਗਟ ਹੋਏ ਆਪ ਕਰਤਾਰ, ਆਪ ਆਪਣੀ ਰਚਨ ਰਚਾਈਆ। ਨਿਰਗੁਣ ਦਾਤਾ ਬੇਐਬ ਪਰਵਰਦਿਗਾਰ, ਨੂਰੋ ਨੂਰ ਇਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰੰਗ ਰੰਗਾਇੰਦਾ। ਆਪਣਾ ਦੇਵੇ ਆਪੇ ਵਰ, ਆਪੇ ਦਰ ਸੁਹਾਇੰਦਾ। ਆਪੇ ਨਾਰੀ ਨਰ, ਨਰ ਨਰਾਇਣ ਆਪ ਆਪਣੀ ਦਇਆ ਕਮਾਇੰਦਾ। ਆਪਣੀ ਕਰਨੀ ਆਪੇ ਕਰ, ਕਰਤਾ ਪੁਰਖ ਨਾਉਂ ਧਰਾਇੰਦਾ। ਆਪਣੇ ਦਰ ਆਪੇ ਵਰ, ਘਰ ਸਾਚਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਾਚਾ ਵੇਸ ਵਟਾਇੰਦਾ। ਨਿਰਗੁਣ ਵੇਸ ਹਰਿ ਅਵੱਲਾ, ਆਪਣਾ ਆਪ ਕਰਾਇਆ। ਆਪੇ ਵਸਿਆ ਸਚ ਮਹੱਲਾ, ਨੌ ਦੁਵਾਰ ਨਾ ਕੋਈ ਬਣਾਇਆ। ਨਾ ਕੋਈ ਛੱਪਰ ਨਾ ਕੋਈ ਛੰਨ, ਨਾ ਕੋਈ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਸੋਹੇ ਆਪਣੇ ਦਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਦਰ ਦਰਵਾਜ਼ਾ ਗ਼ਰੀਬ ਨਿਵਾਜ਼ਾ, ਏਕਾ ਏਕ ਖੁਲ੍ਹਾਇੰਦਾ। ਪੁਰਖ ਅਬਿਨਾਸ਼ੀ ਸਾਜਣ ਸਾਜਾ, ਸਾਚੀ ਬਣਤ ਬਣਾਇੰਦਾ। ਅੰਦਰ ਰਖਿਆ ਏਕਾ ਵਾਜਾ, ਅਨਹਦ ਆਪ ਵਜਾਇੰਦਾ। ਧੁਰਦਰਗਾਹੀ ਸਾਚਾ ਰਾਜਾ, ਰਾਜ ਰਾਜਾਨ ਆਪ ਅਖਵਾਇੰਦਾ। ਆਪੇ ਰਚਿਆ ਆਪਣਾ ਕਾਜਾ, ਆਪਣਾ ਮੰਗਲ ਆਪੇ ਗਾਇੰਦਾ। ਆਪੇ ਰੱਖੇ ਆਪਣੀ ਲਾਜਾ, ਲਾਜਾਵੰਤ ਆਪ ਹੋ ਜਾਇੰਦਾ। ਆਪੇ ਚੜ੍ਹੇ ਆਪਣੇ ਤਾਜਾ, ਅਸਵ ਘੋੜਾ ਆਪ ਦੌੜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮੂਰਤ ਅਕਾਲ ਦੀਨ ਦਿਆਲ, ਆਪ ਆਪਣਾ ਲਾਲ ਉਪਜਾਇੰਦਾ। ਦੀਨ ਦਿਆਲਾ ਗੁਰ ਗੋਪਾਲਾ, ਹਰਿ ਹਰਿ ਨਾਉਂ ਉਪਜਾਇੰਦਾ। ਸ਼ਬਦੀ ਸੁੱਤ ਸੁੱਤ ਦੁਲਾਰਾ, ਘਰ ਘਰ ਵੇਖ ਵਖਾਈਆ। ਫਲ ਲਗਾਏ ਆਪਣੇ ਡਾਲ੍ਹਾ, ਫੁੱਲ ਫੁਲਵਾੜੀ ਆਪ ਮਹਿਕਾਈਆ। ਨਿਰਗੁਣ ਸਰਗੁਣ ਖੇਲ ਨਿਰਾਲਾ, ਆਪ ਆਪਣੀ ਕਲ ਵਰਤਾਈਆ। ਆਪ ਆਪਣਾ ਤੋੜ ਜੰਜਾਲਾ, ਵਿਸ਼ਨੂੰ ਵਿਸ਼ਵ ਰੂਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵੇਖੇ ਵੇਖਣਹਾਰਾ ਆਪ ਹੋ ਜਾਈਆ। ਆਪੇ ਵਿਸ਼ਨੂੰ ਵਿਸ਼ਵ ਧਾਰ, ਆਪ ਹੋ ਜਾਇੰਦਾ। ਏਕਾ ਦੂਆ ਕਰ ਪਿਆਰ, ਏਕਾ ਨੇਤਰ ਆਪ ਖੁਲ੍ਹਾਇੰਦਾ। ਆਪਣੇ ਰੰਗ ਰੰਗੇ ਕਰਤਾਰ, ਰੰਗਣਹਾਰ ਆਪ ਹੋ ਜਾਇੰਦਾ। ਏਕਾ ਅੰਮ੍ਰਿਤ ਭਰੇ ਭੰਡਾਰ, ਸਾਚੀ ਨਾਭੀ ਕਵਲ ਭਰਾਇੰਦਾ। ਆਪੇ ਕਵਲਾ ਕਰ ਉਜਿਆਰ, ਏਕਾ ਮੁਖ ਖਿਲਾਇੰਦਾ। ਏਕਾ ਰੂਪ ਸੱਚੀ ਸਰਕਾਰ, ਹਰਿ ਹਰਿ ਰੂਪ ਵਟਾਇੰਦਾ। ਹਰਿ ਹਰਿ ਕਰ ਪਸਾਰ, ਆਪਣਾ ਅੰਗ ਕਟਾਇੰਦਾ। ਏਕਾ ਸ਼ਬਦ ਨਾਦ ਧੁਨਕਾਰ, ਧੁਨੀ ਨਾਦ ਆਪ ਵਜਾਇੰਦਾ। ਚਾਰੇ ਕੂਟਾਂ ਪਾਵੇ ਸਾਰ, ਚਾਰੇ ਮੁਖ ਸਲਾਹਿੰਦਾ। ਗਾਵਣਹਾਰਾ ਗਾਏ ਆਪਣੀ ਵਾਰ, ਭੇਵ ਅਭੇਦਾ ਭੇਵ ਖੁਲ੍ਹਾਇੰਦਾ। ਚਾਰੇ ਵੇਦਾਂ ਕਰ ਤਿਆਰ, ਚਾਰ ਜੁਗ ਸਲਾਹਿੰਦਾ। ਸ਼ੰਕਰ ਮੇਟੇ ਧੁੰਧੂਕਾਰ, ਆਪ ਆਪਣਾ ਰੂਪ ਪ੍ਰਗਟਾਇੰਦਾ। ਏਕਾ ਬਖ਼ਸ਼ੇ ਗਲ ਵਿਚ ਹਾਰ, ਬਾਸ਼ਕ ਤਸ਼ਕਾ ਗਲ ਲਟਕਾਇੰਦਾ। ਤ੍ਰੈਗੁਣ ਮਾਇਆ ਕਰ ਤਿਆਰ, ਪੰਚਮ ਮੀਤਾ ਪੰਚਮ ਪਿਆਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਸੰਗ ਰਖਾਇੰਦਾ। ਲੱਖ ਚੁਰਾਸੀ ਕਰ ਤਿਆਰ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਮਨ ਮਤ ਬੁੱਧ ਕਰੇ ਖ਼ਬਰਦਾਰ, ਆਪ ਆਪਣਾ ਦਰ ਖੁਲ੍ਹਾਇੰਦਾ। ਘਰ ਵਿਚ ਘਰ ਕਰ ਤਿਆਰ, ਮੰਦਰ ਅੰਦਰ ਡੇਰਾ ਲਾਇੰਦਾ। ਆਪੇ ਕਰੇ ਬੰਦ ਕਿਵਾੜ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਸੰਗ ਰਲਾਏ ਪੰਚਮ ਧਾੜ, ਕਾਮ ਕਰੋਧ ਲੋਭ ਮੋਹ ਹੰਕਾਰ ਨਾਉਂ ਰਖਾਇੰਦਾ। ਆਸਾ ਤ੍ਰਿਸ਼ਨਾ ਕਰ ਪਿਆਰ, ਹਉਮੇ ਹੰਗਤਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਪੰਜ ਤੱਤ ਕਰ ਪਰਧਾਨਾ, ਹਰਿ ਹਰਿ ਜੋਤ ਜਗਾਇੰਦਾ। ਲੱਖ ਚੁਰਾਸੀ ਖੇਲ ਮਹਾਨਾ, ਘਟ ਘਟ ਡੇਰਾ ਲਾਇੰਦਾ। ਸ਼ਬਦ ਅਨਾਦਿ ਧੁਨ ਤਰਾਨਾ, ਅਨਹਦ ਰਾਗੀ ਰਾਗ ਸੁਣਾਇੰਦਾ। ਆਪੇ ਹੋਏ ਜਾਣੀ ਜਾਣਾ, ਜਾਨਣਹਾਰ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮਾਰਗ ਆਪੇ ਲਾਇੰਦਾ। ਆਪਣਾ ਮਾਰਗ ਆਪੇ ਲਾਏ, ਹਰਿ ਹਰਿ ਵੱਡੀ ਵਡਿਆਈਆ। ਮਾਨਸ ਮਾਨੁਖ ਆਪ ਉਪਜਾਏ, ਆਪਣੀ ਦਇਆ ਕਮਾਈਆ। ਸਾਚੀ ਸਿਖਿਆ ਇਕ ਸਮਝਾਏ, ਗੁਰ ਮੰਤਰ ਨਾਮ ਦ੍ਰਿੜਾਈਆ। ਓਅੰ ਰੂਪ ਆਪ ਅਖਵਾਏ, ਸੋ ਪੁਰਖ ਨਿਰੰਜਣ ਖੇਲ ਖਿਲਾਈਆ। ਹੰ ਬ੍ਰਹਮ ਸਰਬ ਬਣਾਏ, ਜੀਵ ਜੰਤ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਧਰਾਈਆ। ਆਪਣਾ ਨਾਉਂ ਆਪੇ ਰੱਖ, ਹਰਿ ਆਪੇ ਵੇਖ ਵਖਾਇੰਦਾ। ਨਿਰਗੁਣ ਸਰਗੁਣ ਹੋ ਪ੍ਰਤੱਖ, ਸਤਿਗੁਰ ਰੂਪ ਵਟਾਇੰਦਾ। ਆਪ ਖੁਲ੍ਹਾਏ ਜਨ ਭਗਤਾਂ ਅੱਖ, ਨੇਤਰ ਨੈਣ ਇਕ ਦਰਸਾਇੰਦਾ। ਆਪੇ ਕਰੇ ਕੱਖੋਂ ਲੱਖ, ਆਪੇ ਹੱਟੋ ਹੱਟ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇੰਦਾ। ਆਦਿ ਜੁਗਾਦੀ ਹਰਿ ਨਿਰੰਕਾਰਾ, ਆਪਣਾ ਵੇਸ ਵਟਾਇੰਦਾ। ਜਨ ਭਗਤਾਂ ਦੇਵੇ ਨਾਮ ਭੰਡਾਰਾ, ਭਗਤੀ ਮਾਰਗ ਇਕ ਵਖਾਇੰਦਾ। ਆਤਮ ਸ਼ਕਤੀ ਕਰ ਉਜਿਆਰਾ, ਨੂਰੋ ਨੂਰ ਉਪਜਾਇੰਦਾ। ਵੇਖਣਹਾਰਾ ਡੂੰਘੀ ਕੰਦਰ ਗਾਰਾ, ਘਟ ਮੰਦਰ ਫੋਲ ਫੁਲਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਸਰ ਸਰੋਵਰ ਤਾਲ ਭਰਾਇੰਦਾ। ਅਨਹਦ ਰਾਗ ਉਪਜਾਏ ਸੱਚੀ ਧੁਨਕਾਰਾ, ਪੰਚਮ ਸਖੀਆਂ ਮੰਗਲ ਗਾਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਬਜ਼ਰ ਕਪਾਟੀ ਤੋੜ ਤੁੜਾਇੰਦਾ। ਪੰਚ ਵਿਕਾਰਾ ਮਾਰੇ ਨਾਅਰਾ, ਨੌ ਦੁਆਰੇ ਸਰਬ ਕੁਰਲਾਇੰਦਾ। ਹਰਿਜਨ ਮੇਲਾ ਸਚ ਘਰ ਬਾਹਰਾ, ਘਰ ਸਾਚਾ ਇਕ ਖੁਲ੍ਹਾਇੰਦਾ। ਦਸਮ ਦੁਆਰੀ ਹੋ ਉਜਿਆਰਾ, ਜੋਤੀ ਜੋਤ ਡਗਮਗਾਇੰਦਾ। ਆਤਮ ਸੇਜਾ ਖੇਲ ਅਪਾਰਾ, ਸਾਚੀ ਸੇਜਾ ਆਪ ਸੁਹਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਹਰਿਜਨ ਸਾਚਾ ਮੇਲ ਮਿਲਾਇੰਦਾ। ਸੁਰਤੀ ਸ਼ਬਦ ਦਏ ਹੁਲਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਵੇਸ ਵਟਾਇੰਦਾ। ਭਗਤਨ ਮੀਤਾ ਹਰਿ ਨਿਰੰਕਾਰ, ਆਦਿ ਜੁਗਾਦਿ ਅਖਵਾਇੰਦਾ। ਦੇਵੇ ਨਾਮ ਸ਼ਬਦ ਧੁਨਕਾਰ, ਸਾਚੀ ਸਿਖਿਆ ਇਕ ਸਮਝਾਇੰਦਾ। ਚਰਨ ਪ੍ਰੀਤੀ ਸਚ ਪਿਆਰ, ਸਾਚੀ ਰੀਤੀ ਮਾਤ ਚਲਾਇੰਦਾ। ਹਸਤ ਕੀਟੀ ਇਕ ਦੁਵਾਰ, ਊਚ ਨੀਚ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਸਤਿਜੁਗ ਸਾਚੇ ਅਕਲ ਕਲ ਧਾਰ, ਅਕਲ ਕਲਾ ਅਖਵਾਈਆ। ਆਪ ਆਪਣੀ ਪਾਵੇ ਸਾਰ, ਆਪਣੇ ਹੱਥ ਰੱਖੇ ਵਡਿਆਈਆ। ਨਿਰਗੁਣ ਸਰਗੁਣ ਖੇਲ ਸੰਸਾਰ, ਲੱਖ ਚੁਰਾਸੀ ਵੱਜੇ ਵਧਾਈਆ। ਭਗਤ ਵਛਲ ਹਰਿ ਮੀਤ ਮੁਰਾਰ, ਜਨ ਭਗਤਾਂ ਲਏ ਤਰਾਈਆ। ਦੇਵੇ ਦਰਸ ਅਗੰਮ ਅਪਾਰ, ਸਵਛ ਸਰੂਪੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤ੍ਰੇਤਾ ਦੁਆਪਰ ਦੇਵੇ ਵਰ, ਕਲਜੁਗ ਵੇਖੇ ਬੇਪਰਵਾਹੀਆ। ਚਾਰ ਜੁਗ ਚਾਰ ਕੁੰਟ ਚਾਰ ਘਰ, ਚੌਥੇ ਪਦ ਸਮਾਇੰਦਾ। ਜਨ ਭਗਤਾਂ ਚੁੱਕੇ ਆਵਣ ਜਾਵਣ ਡਰ, ਏਕਾ ਸਾਚਾ ਨਾਦ ਵਜਾਇੰਦਾ। ਅੰਮ੍ਰਿਤ ਤਾਲ ਸੁਹਾਵਾ ਦੇਵੇ ਭਰ, ਸਰ ਸਰੋਵਰ ਇਕ ਸੁਹਾਇੰਦਾ। ਆਪਣੀ ਕਰਨੀ ਆਪੇ ਕਰ, ਕਰਨੀ ਕਰਤਾ ਆਪ ਕਮਾਇੰਦਾ। ਹਰਿਜਨ ਸਾਚਾ ਘਾੜਣ ਘੜ, ਘੜਣ ਭੰਨਣਹਾਰ ਆਪ ਅਖਵਾਇੰਦਾ। ਅਪਣੀ ਵਿਦਿਆ ਆਪੇ ਪੜ੍ਹ, ਗੁਰਮੁਖਾਂ ਆਪ ਪੜ੍ਹਾਇੰਦਾ। ਦਰਸ ਦਖਾਏ ਅੱਗੇ ਖੜ੍ਹ, ਸਤਿਗੁਰ ਪੂਰਾ ਨਾਉਂ ਧਰਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਜੋਤੀ ਨੂਰ ਡਗਮਗਾਇੰਦਾ। ਲੱਖ ਚੁਰਾਸੀ ਨਾਲ ਰਿਹਾ ਲੜ, ਦਿਸ ਕਿਸੇ ਨਾ ਆਇੰਦਾ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਹਰਿ ਜੋਤੀ ਜੋਤ ਜਗਾਇੰਦਾ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਆਦਿ ਨਿਰੰਜਣ ਹੋ ਉਜਿਆਰ, ਆਪ ਆਪਣਾ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਭੇਵ ਅਭੇਦਾ ਭੇਵ ਚੁਕਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਕਲਜੁਗ ਵੇਸ ਪੁਰਖ ਸੁਲਤਾਨ, ਹਰਿ ਜੋਤੀ ਜੋਤ ਰੁਸ਼ਨਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਨੌ ਖੰਡ ਪ੍ਰਿਥਮੀ ਫੇਰਾ ਪਾਈਆ । ਸੱਤਾਂ ਦੀਪਾਂ ਹੋ ਪ੍ਰਧਾਨ, ਏਕਾ ਡੰਕਾ ਰਿਹਾ ਵਜਾਈਆ। ਬ੍ਰਹਮਾ ਵਿਸ਼ਨ ਸ਼ਿਵ ਹੋਏ ਹੈਰਾਨ, ਹਰਿ ਕਾ ਭੇਵ ਕੋਈ ਨਾ ਪਾਈਆ। ਕਰੋੜ ਤੇਤੀਸਾ ਤੁਟੇ ਮਾਣ, ਸੁਰਪਤ ਰਾਜਾ ਇੰਦ ਰਿਹਾ ਕੁਰਲਾਈਆ। ਗਣ ਗੰਧਰਬ ਨਾ ਗਾਵਣ ਗਾਣ, ਨੇਤਰ ਰੋ ਰੋ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਸ੍ਰਿਸ਼ਟ ਸੁਬਾਈਆ। ਸ੍ਰਿਸ਼ਟ ਸੁਬਾਈ ਹਰਿ ਹਰਿ ਖੇਲ, ਆਦਿ ਜੁਗਾਦਿ ਖਲਾਇੰਦਾ। ਜਨ ਭਗਤਾਂ ਆਪੇ ਸਾਚਾ ਮੇਲ, ਧੁਰ ਮਸਤਕ ਲੇਖ ਲਖਾਇੰਦਾ। ਜੋਤ ਨਿਰੰਜਣ ਚਾੜ੍ਹੇ ਤੇਲ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੁਰਖ ਅਬਿਨਾਸ਼ੀ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਨਿਹਕਲੰਕਾ ਆਦਿ ਨਿਰੰਜਣ, ਹਰਿ ਸਤਿਗੁਰ ਵੇਸ ਵਟਾਇਆ। ਪੁਰਖ ਅਬਿਨਾਸ਼ੀ ਦਰਦ ਦੁੱਖ ਭੈ ਭੰਜਣ, ਹਰਿਜਨ ਸਾਚੇ ਲਏ ਤਰਾਇਆ। ਗੁਰਮੁਖਾਂ ਨੇਤਰ ਪਾਏ ਨਾਮ ਅੰਜਨ, ਜਗਤ ਅੰਧੇਰਾ ਦਏ ਮਿਟਾਇਆ। ਧੁਰਦਰਗਾਹੀ ਸਾਚਾ ਸੱਜਣ, ਏਕੰਕਾਰਾ ਇਕ ਅਖਵਾਇਆ। ਅੰਤਮ ਆਇਆ ਪਰਦੇ ਕੱਜਣ, ਜੋ ਜਨ ਰਸਨਾ ਜਿਹਵਾ ਰਿਹਾ ਗਾਇਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਇਆ। ਕਾਲ ਨਗਾਰੇ ਸਿਰ ਤੇ ਵੱਜਣ, ਕਲਜੁਗ ਕੂਕੇ ਦਏ ਦੁਹਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਦਰ ਦਰ ਘਰ ਘਰ ਛੱਡ ਛੱਡ ਭੱਜਣ, ਸਿਰ ਤਾਜ ਨਾ ਕੋਈ ਟਿਕਾਇਆ। ਬਿਨ ਸਤਿਗੁਰ ਪੂਰੇ ਕੋਈ ਨਾ ਰੱਖੇ ਲੱਜਣ, ਨਾਨਕ ਗੋਬਿੰਦ ਏਹ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਇਆ। ਕਲਜੁਗ ਤੇਰਾ ਅੰਤਮ ਰੰਗ, ਹਰਿ ਹਰਿ ਵੇਖ ਵਖਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸਤਿਗੁਰ ਪੂਰਾ ਵੇਸ ਵਟਾਇੰਦਾ। ਚਾਰ ਕੁੰਟਾਂ ਦਹਿ ਦਿਸ਼ਾ ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਆਪ ਵਜਾਏ ਆਪਣਾ ਮਰਦੰਗ, ਗਗਨ ਪਤਾਲਾਂ ਵੇਖ ਵਖਾਇੰਦਾ। ਵੇਖਣਹਾਰਾ ਜੇਰਜ ਅੰਡ, ਉਤਭੁਜ ਸੇਹਤਜ ਫੋਲ ਫੁਲਾਇੰਦਾ। ਲੱਖ ਚੁਰਾਸੀ ਮੇਟੇ ਭੇਖ ਪਖੰਡ, ਕੂੜੀ ਕਿਰਿਆ ਮੇਟ ਮਿਟਾਇੰਦਾ। ਏਕਾ ਅੱਖਰ ਏਕਾ ਨਾਉਂ ਦੇਵੇ ਵੰਡ, ਚਾਰ ਵਰਨਾਂ ਏਹ ਸਮਝਾਇੰਦਾ। ਦੇਵਣਹਾਰਾ ਕਲਜੁਗ ਦੰਡ, ਏਕਾ ਖੰਡਾ ਹੱਥ ਉਠਾਇੰਦਾ। ਮਨਮੁਖਾਂ ਵੱਢੇ ਅੰਤਮ ਕੰਡ, ਗੁਰਮੁਖ ਸਾਚੇ ਗਲੇ ਲਗਾਇੰਦਾ। ਨਾਮ ਨਿਧਾਨਾ ਚੰਡ ਪ੍ਰਚੰਡ, ਗੁਰ ਗੋਬਿੰਦ ਵੇਖ ਵਖਾਇੰਦਾ। ਜਨ ਭਗਤਾਂ ਆਤਮ ਅੰਤਰ ਪਾਏ ਠੰਡ, ਹਰਿ ਹਰਿ ਪਾਰਬ੍ਰਹਮ ਮਿਲਾਇੰਦਾ। ਨਾਰ ਦੁਹਾਗਣ ਕੋਈ ਨਾ ਦਿਸੇ ਰੰਡ, ਕਲਜੁਗ ਅੰਤਮ ਮੇਟ ਮਿਟਾਇੰਦਾ। ਸਤਿਜੁਗ ਸਾਚਾ ਚਾੜ੍ਹੇ ਚੰਦ, ਸਚ ਸੁੱਚ ਇਕ ਵਰਤਾਇੰਦਾ। ਪੁਰਖ ਅਬਿਨਾਸ਼ੀ ਸਦ ਬਖ਼ਸ਼ਿੰਦ, ਬਖ਼ਸ਼ਣਹਾਰਾ ਆਪ ਹੋ ਜਾਇੰਦਾ। ਗੁਰਮੁਖਾਂ ਦੇਵੇ ਨਿਜਾਨੰਦ, ਨਿਝ ਘਰ ਸਾਚਾ ਡੇਰਾ ਲਾਇੰਦਾ। ਹਰਿਜਨ ਤਜਾਇਆ ਮਦਿਰਾ ਮਾਸ ਗੰਦ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜੋ ਜਨ ਗਾਏ ਬੱਤੀ ਦੰਦ, ਰਸਨਾ ਜਿਹਵਾ ਲੇਖੇ ਲਾਇੰਦਾ। ਅੰਤ ਨਾ ਹੋਵੇ ਨੰਗੀ ਕੰਡ, ਸਤਿਗੁਰ ਪੂਰਾ ਹਰਿ ਸਮਰਥ, ਸਿਰ ਆਪਣਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕਾ ਨਾਮ ਵਜਾਇੰਦਾ। ਹਰਿ ਡੰਕਾ ਨਾਮ ਅਪਾਰ, ਗੁਰ ਸਤਿਗੁਰ ਆਪ ਵਜਾਈਆ। ਚੌਥੇ ਜੁਗ ਹੋ ਤਿਆਰ, ਸ਼ਬਦੀ ਸ਼ਬਦ ਕਰੇ ਕੁੜਮਾਈਆ। ਨਾਨਕ ਨਿਰਗੁਣ ਲੇਖਾ ਅਪਰ ਅਪਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਫਤਿਹ ਬੋਲ ਜੈਕਾਰ, ਵਾਹ ਵਾਹ ਗੁਰੂ ਜਣਾਈਆ। ਪੁਰਖ ਅਕਾਲ ਹੋ ਤਿਆਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਕਾਲ ਮੂਰਤ ਮੂਰਤ ਅਕਾਲ, ਅਕਲ ਕਲਾ ਵਰਤਾਈਆ । ਅਜੂਨੀ ਰਹਿਤ ਬੇਐਬ ਪਰਵਰਦਿਗਾਰ, ਨੂਰੋ ਨੂਰ ਨੂਰ ਇਲਾਹੀਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਗੁਰ ਅਖਵਾਈਆ। ਲੱਖ ਚੁਰਾਸੀ ਕਰੇ ਪਿਆਰ, ਊਚ ਨੀਚ ਨਾ ਕੋਈ ਜਣਾਈਆ। ਗੁਰਮੁਖਾਂ ਕਰੇ ਖ਼ਬਰਦਾਰ, ਕਲਜੁਗ ਵੇਲਾ ਅੰਤਮ ਆਈਆ। ਤੋੜਣਹਾਰਾ ਗੜ੍ਹ ਹੰਕਾਰ, ਹਉਮੇ ਹੰਗਤਾ ਦਏ ਮਿਟਾਈਆ। ਸਾਚੀ ਸੰਗਤਾ ਕਰ ਪਿਆਰ, ਏਕਾ ਰੰਗਤਾ ਨਾਮ ਚੜ੍ਹਾਈਆ। ਰੰਗੇ ਨਾਮ ਅਪਰ ਅਪਾਰ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਰੂਪ ਸ਼ਾਹੋ ਭੂਪ, ਸਤਿ ਸਰੂਪ ਆਪ ਅਖਵਾਈਆ। ਸਤਿ ਸਰੂਪ ਸਤਿਗੁਰ ਮੀਤਾ, ਹਰਿ ਹਰਿ ਨਾਉਂ ਰਖਾਇੰਦਾ। ਬੈਠਾ ਰਹੇ ਇਕ ਅਤੀਤਾ, ਏਕਾ ਘਰ ਵਸਾਇੰਦਾ। ਨਾ ਕੋਈ ਮੰਦਰ ਦੇਹੁਰਾ ਗੁਰਦੁਵਾਰ ਮਸੀਤਾ, ਸ਼ਿਵਦੁਆਲਾ ਮੱਠ ਨਾ ਕੋਈ ਬਣਾਇੰਦਾ। ਨਿਰਗੁਣ ਵਸੇ ਧਾਮ ਅਨਡੀਠਾ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਥਿਰ ਘਰ ਵਾਸੀ ਜਾਣੇ ਆਪਣੀ ਰੀਤਾ, ਜੁਗ ਜੁਗ ਆਪਣੀ ਧਾਰ ਬਣਾਇੰਦਾ। ਆਪੇ ਹਸਤ ਆਪੇ ਕੀਟਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪੇ ਹੋਏ ਕੌੜਾ ਰੀਠਾ, ਆਪੇ ਮਿੱਠਾ ਰਸ ਭਰਾਇੰਦਾ। ਆਪੇ ਹੋਏ ਪਤਿਤ ਪੁਨੀਤਾ, ਪਤਿਤ ਪਾਪੀ ਆਪ ਤਰਾਇੰਦਾ। ਆਪੇ ਵੇਦ ਸ਼ਾਸਤਰ ਪੁਰਾਨ ਆਪੇ ਗਾਏ ਗੀਤਾ, ਆਪੇ ਸਿਖਿਆ ਸਿਖ ਸਮਝਾਇੰਦਾ। ਆਪੇ ਅੰਜੀਲ ਕੁਰਾਨਾ ਬਹਿ ਬਹਿ ਪਰਖੇ ਨੀਤਾ, ਤੀਸ ਬਤੀਸ ਆਪ ਅਲਾਇੰਦਾ। ਆਪੇ ਖਾਣੀ ਬਾਣੀ ਠੰਡਾ ਸੀਤਾ, ਆਪੇ ਗੁਰ ਗੁਰ ਸ਼ਬਦ ਚਲਾਇੰਦਾ। ਆਪੇ ਹਰਿਜਨ ਵਸਿਆ ਅੰਦਰ ਚੀਤਾ, ਹਰਿ ਮੰਦਰ ਡੇਰਾ ਆਪੇ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਦੁਵਾਰਾ ਇਕ ਸੁਹਾਇੰਦਾ। ਹਰਿ ਮੰਦਰ ਹਰ ਕਾਇਆ ਗੜ੍ਹ, ਹਰਿ ਜੂ ਬਣਤ ਬਣਾਈਆ। ਪੁਰਖ ਅਬਿਨਾਸ਼ੀ ਅੰਦਰ ਵੜ, ਨਿਰਗੁਣ ਬੈਠਾ ਡੇਰਾ ਲਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਲਏ ਫੜ, ਗੁਰ ਗੋਬਿੰਦ ਮੇਲ ਮਿਲਾਈਆ। ਦਰਸ ਦਿਖਾਏ ਅੱਗੇ ਖੜ, ਆਪ ਆਪਣਾ ਰੂਪ ਵਟਾਈਆ। ਚੌਥੇ ਪੌੜੇ ਆਪੇ ਚੜ੍ਹ, ਪੰਜ ਤੱਤ ਕਰੇ ਜੁਦਾਈਆ। ਸੁਰਤ ਸਵਾਣੀ ਲਏ ਫੜ, ਸ਼ਬਦੀ ਬੰਧ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੇ ਸ਼ਬਦ ਵਿਚੋਲਾ, ਗੁਰ ਗੁਰ ਆਪ ਉਪਜਾਇੰਦਾ। ਆਪੇ ਗਾਏ ਆਪਣਾ ਢੋਲਾ, ਸੋਹੰ ਨਾਉਂ ਰਖਾਇੰਦਾ। ਨਾਨਕ ਨਿਰਗੁਣ ਬਣਿਆ ਤੋਲਾ, ਤੇਰਾਂ ਤੇਰਾਂ ਧਾਰ ਚਲਾਇੰਦਾ। ਕਲਜੁਗ ਅੰਤਮ ਬਦਲਿਆ ਚੋਲਾ, ਨਿਹਕਲੰਕਾ ਨਾਉਂ ਰਖਾਇੰਦਾ। ਨਾ ਕੋਈ ਜਾਣੇ ਕਲਾ ਸੋਲਾ, ਅਕਲ ਕਲਾ ਆਪ ਹੋ ਜਾਇੰਦਾ। ਘਟ ਘਟ ਅੰਦਰ ਆਪੇ ਮੌਲਾ, ਮੌਲਾ ਰੂਪ ਵਟਾਇੰਦਾ। ਜਨ ਭਗਤਾਂ ਉਲਟਾ ਕਰੇ ਨਾਭ ਕਵਲਾ, ਅੰਮ੍ਰਿਤ ਆਤਮ ਜਾਮ ਭਰਾਇੰਦਾ। ਦੇਵੇ ਵਡਿਆਈ ਉਪਰ ਧਵਲਾ, ਧਰੂ ਪ੍ਰਹਿਲਾਦ ਆਪ ਤਰਾਇੰਦਾ। ਆਪੇ ਹੋਏ ਸਾਵਲ ਸਵਲਾ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇੰਦਾ। ਵੇਸ ਵਟਾਏ ਪੁਰਖ ਅਬਿਨਾਸ਼ਾ, ਵਡ ਵੱਡੀ ਵਡਿਆਈਆ। ਵੇਖਣਹਾਰਾ ਜਗਤ ਤਮਾਸ਼ਾ, ਜੋਤੀ ਨੂਰ ਕਰੇ ਰੁਸ਼ਨਾਈਆ। ਮੰਡਲ ਮੰਡਪ ਲੋਆਂ ਪੁਰੀਆਂ ਪਾਵੇ ਰਾਸਾ, ਗੋਪੀ ਕਾਹਨ ਆਪ ਨਚਾਈਆ। ਖੇਲੇ ਖੇਲ ਪ੍ਰਿਥਮੀ ਅਕਾਸ਼ਾ, ਗਗਨ ਪਤਾਲਾਂ ਡੇਰਾ ਲਾਈਆ। ਗੁਰਮੁਖਾਂ ਹਿਰਦੇ ਅੰਦਰ ਰੱਖੇ ਵਾਸਾ, ਨਿਰਗੁਣ ਜੋਤੀ ਨੂਰ ਕਰੇ ਰੁਸ਼ਨਾਈਆ। ਆਦਿ ਜੁਗਾਦੀ ਦਾਸਨ ਦਾਸਾ, ਸੇਵਕ ਸੇਵਾ ਰਿਹਾ ਕਮਾਈਆ। ਜਿਸ ਜਨ ਗਾਇਆ ਰਸਨ ਸਵਾਸਾ, ਪਵਣ ਪਵਣ ਸਮਾਈਆ। ਕਲਜੁਗ ਅੰਤਮ ਨਾ ਹੋਏ ਨਿਰਾਸਾ, ਸਤਿਗੁਰ ਪੂਰਾ ਵੇਖ ਵਖਾਈਆ। ਲੱਖ ਚੁਰਾਸੀ ਤੁਲੇ ਤੋਲ ਨਾ ਕੋਈ ਤੋਲਾ ਮਾਸਾ, ਰੱਤੀ ਨਾਮ ਨਾ ਕੋਈ ਟਿਕਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਕਾਇਆ ਭਾਂਡਾ ਦਿਸੇ ਖ਼ਾਲੀ ਕਾਸਾ, ਅੰਮ੍ਰਿਤ ਧਾਰ ਨਾ ਕੋਇ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਏਕਾ ਡੰਕ ਵਜਾਈਆ। ਨਿਹਕਲੰਕ ਸਾਚਾ ਡੰਕ, ਹਰਿ ਸ਼ਬਦੀ ਸ਼ਬਦ ਵਜਾਇੰਦਾ। ਆਪ ਸੁਹਾਏ ਸਾਚਾ ਬੰਕ, ਘਰ ਮੰਦਰ ਡੇਰਾ ਲਾਇੰਦਾ। ਗੁਰਮੁਖ ਉਪਜਾਏ ਜੀਵ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਜੋਤੀ ਸ਼ਬਦੀ ਲਾਏ ਤਨਕ, ਤਾਰ ਨਿਰਾਲੀ ਆਪ ਹਿਲਾਇੰਦਾ। ਪ੍ਰਗਟ ਹੋਇਆ ਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਜੋਤ ਜਗਾਇੰਦਾ। ਖੇਲੇ ਖੇਲ ਬਾਰ ਅਨਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇੰਦਾ। ਜਗਤ ਜੰਜੀਰੀ ਲੋਹਾ ਸਾਰ, ਸਤਿਗੁਰ ਡੋਰੀ ਆਪ ਬਣਾਈਆ। ਲੱਖ ਚੁਰਾਸੀ ਮਾਰੇ ਮਾਰ, ਚਾਰੋਂ ਕੁੰਟ ਬੰਧਨ ਪਾਈਆ। ਵੇਖਣਹਾਰਾ ਆਰ ਪਾਰ ਕਿਨਾਰ, ਅੱਧਵਿਚਕਾਰ ਬੈਠਾ ਸਚ ਮਲਾਹੀਆ। ਨੌ ਸਤ ਪਾਵੇ ਸਾਰ, ਹਰਿ ਬਨ ਪ੍ਰਬਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਬੰਧਨ ਆਪੇ ਵੇਖ ਵਖਾਈਆ। ਜਗਤ ਜੰਜੀਰੀ ਹੱਥ ਕਰਤਾਰ, ਚਾਰੋਂ ਕੁੰਟ ਫਿਰਾਇੰਦਾ। ਪੀਰ ਫ਼ਕੀਰਾਂ ਮਾਰੇ ਮਾਰ, ਦਸਤਗੀਰ ਨਾ ਕੋਈ ਛੁਡਾਇੰਦਾ। ਸ਼ਾਹ ਸੁਲਤਾਨ ਕਰੇ ਖ਼ਬਰਦਾਰ, ਰਾਜ ਰਾਜਾਨਾ ਖ਼ਾਕ ਮਿਲਾਇੰਦਾ। ਮਨਮੁਖ ਭੁੱਲੇ ਜੀਵ ਗਵਾਰ, ਮਨਮਤ ਸਰਬ ਕੁਰਲਾਇੰਦਾ। ਕੂੜੀ ਕਿਰਿਆ ਰਹੇ ਨਿਵਾਰ, ਜੂਠ ਝੂਠ ਜਗਤ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਕਲ ਵਰਤਾਇੰਦਾ। ਜਗਤ ਜੰਜੀਰੀ ਜਗਤ ਸੰਗਲ, ਸਤਿਗੁਰ ਹੱਥ ਉਠਾਇੰਦਾ। ਗੁਰਮੁਖ ਏਕਾ ਨਾਉਂ ਗਾਇਣ ਮੰਗਲ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਕਲਜੁਗ ਕੂੜ ਕੁੜਿਆਰਾ ਗਵਰਧਨ ਉਠਾਏ ਏਕਾ ਉਂਗਲ, ਗੁਰਮੁਖਾਂ ਭਾਰ ਵੰਡਾਇੰਦਾ। ਬੀਸ ਬੀਸਾ ਹਰਿ ਜਗਦੀਸਾ ਜਗਤ ਮੇਟੇ ਲੱਖ ਚੁਰਾਸੀ ਚੁਗਲ ਨਿੰਦਕ, ਨਿੰਦਿਆ ਨਾ ਕੋਈ ਸੁਣਾਇੰਦਾ। ਨਾ ਕੋਈ ਖਾਨ ਨਾ ਕੋਈ ਮੁਗਲ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਕੋਈ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੋਰੀ ਬੰਧ ਬੰਧਾਇੰਦਾ। ਏਕਾ ਡੋਰੀ ਬੰਨ੍ਹੇ ਚੋਰ, ਗੁਰ ਸਤਿਗੁਰ ਹੱਥ ਵਡਿਆਈਆ। ਵੇਖਣਹਾਰਾ ਅੰਧ ਘੋਰ, ਦਿਸ ਕਿਸੇ ਨਾ ਆਈਆ। ਸ਼ਬਦ ਅਗੰਮੀ ਚੜ੍ਹਿਆ ਘੋੜ, ਨੀਲਾ ਨੀਲੀ ਧਾਰੋਂ ਪਾਰ ਕਰਾਈਆ। ਕਲਜੁਗ ਅੰਤਰ ਮਾਰੇ ਪਹਿਲਾ ਪੌੜ, ਚੌਥੇ ਜੁਗ ਡੇਰਾ ਢਾਹੀਆ। ਰੂਪ ਵਟਾਏ ਬ੍ਰਹਮਣ ਗੌੜ, ਪੂਤ ਸਪੂਤਾ ਨਾਉਂ ਰਖਾਈਆ। ਦੋ ਜਹਾਨਾਂ ਰਿਹਾ ਦੌੜ, ਆਪ ਆਪਣਾ ਵੇਸ ਵਟਾਈਆ। ਜਿਸ ਜਨ ਆਤਮ ਅੰਤਰ ਲੱਗੀ ਔੜ, ਅੰਮ੍ਰਿਤ ਮੇਘ ਬਰਸ ਠੰਡੀ ਠਾਰ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੋਰੀ ਹੱਥ ਕਰਤਾਰ, ਲੱਖ ਚੁਰਾਸੀ ਅੱਧਵਿਚਕਾਰ, ਚਾਰੋਂ ਕੁੰਟ ਆਪਣਾ ਰਾਕ ਆਪੇ ਰਿਹਾ ਫਿਰਾਈਆ। ਸਾਚੀ ਡੋਰੀ ਹੱਥ ਫੜ, ਚਾਰ ਕੁੰਟ ਉਠ ਧਾਇਆ। ਸ੍ਰਿਸ਼ਟ ਸਬਾਈ ਨਾਲ ਰਿਹਾ ਲੜ, ਦਿਸ ਕਿਸੇ ਨਾ ਆਇਆ। ਕਲਜੁਗ ਤੋੜੇ ਕਿਲਾ ਹੰਕਾਰੀ ਗੜ੍ਹ, ਨਾਮ ਖੰਡਾ ਇਕ ਉਠਾਇਆ। ਸੰਤ ਸੁਹੇਲੇ ਲਏ ਫੜ, ਅੰਦਰ ਮੰਦਰ ਫੇਰਾ ਪਾਇਆ। ਕਰੇ ਪ੍ਰਕਾਸ਼ ਬਹੱਤਰ ਨਾੜ, ਜੋਤੀ ਜੋਤ ਜੋਤ ਰੁਸ਼ਨਾਇਆ । ਸਾਚੇ ਪੌੜੇ ਆਪੇ ਚੜ੍ਹ, ਆਪ ਆਪਣਾ ਕੁੰਡਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਸਚ ਸਿੰਘਾਸਣ ਪੁਰਖ ਅਬਿਨਾਸ਼ਣ ਪ੍ਰਿਥਮੀ ਅਕਾਸ਼ਨ ਫੇਰਾ ਪਾਇਆ। ਪ੍ਰਿਥਮੀ ਅਕਾਸ਼ ਖੇਲ ਖਿਲਾ, ਨੌ ਖੰਡ ਖੋਜ ਖੁਜਾਈਆ। ਵਸਣਹਾਰਾ ਜਲਾਂ ਥਲਾਂ, ਉਚੇ ਟਿੱਲੇ ਜੰਗਲ ਜੂਹ ਉਜਾੜ ਪਹਾੜ ਪਰਬਤ ਫੇਰਾ ਪਾਈਆ। ਲੱਖ ਚੁਰਾਸੀ ਆਪ ਭੁਲਾਏ ਕਰ ਕਰ ਵਲ ਛਲਾ, ਵਲ ਛਲ ਧਾਰੀ ਭੇਵ ਨਾ ਰਾਈਆ। ਜਨ ਸੰਤਾਂ ਮੇਟੇ ਦੂਈ ਦਵੈਤੀ ਸਲਾ, ਸਾਂਤਕ ਸਤਿ ਸਤਿ ਵਰਤਾਈਆ। ਸ਼ਬਦ ਸੁਨੇਹੜਾ ਆਪਣਾ ਆਪ ਆਪੇ ਘੱਲਾ, ਆਪੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਡੋਰੀ ਏਕਾ ਤੰਦ, ਆਪਣੇ ਹੱਥ ਖੇਲੇ ਖੇਲ ਪੁਰਖ ਸਮਰਥ, ਗੁਰਮੁਖ ਸਾਜਣ ਲਏ ਰੱਖ, ਲੱਖ ਚੁਰਾਸੀ ਵੇਖ ਵਖਾਈਆ। ਲੱਖ ਚੁਰਾਸੀ ਅੰਦਰ ਫੋਲ, ਹਰਿਜਨ ਆਪ ਜਗਾਇੰਦਾ। ਸਤਿਗੁਰ ਸਾਚੇ ਕੰਡੇ ਤੋਲ, ਏਕਾ ਕੰਡੇ ਨਾਮ ਚੜ੍ਹਾਇੰਦਾ। ਆਪਣੀ ਧਾਰਨ ਆਪੇ ਬੋਲ, ਆਪਣਾ ਰਾਗ ਸੁਣਾਇੰਦਾ। ਹਰਿਜਨ ਵਸੇ ਸਦਾ ਕੋਲ, ਘਰ ਸਾਚੇ ਮੇਲ ਮਿਲਾਇੰਦਾ। ਬਜ਼ਰ ਕਪਾਟੀ ਪਰਦਾ ਖੋਲ੍ਹ, ਆਪਣਾ ਦਰਸ ਦਿਖਾਇੰਦਾ। ਮਰਦੰਗਾ ਵਜਾਏ ਅਨਹਦ ਢੋਲ, ਰਾਗ ਅਨਾਦੀ ਆਪੇ ਗਾਇੰਦਾ। ਹਰਿਜਨ ਚਰਨ ਪ੍ਰੀਤੀ ਰਿਹਾ ਘੋਲ, ਸੇਵਕ ਸੇਵਾ ਲੇਖੇ ਲਾਇੰਦਾ। ਮਨਮੁਖ ਜੀਵ ਰਹੇ ਅਨਭੋਲ, ਹਰਿ ਕਾ ਭੇਵ ਕੋਈ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਸਾਚਾ ਇਕ ਸੁਹਾਇੰਦਾ। ਸਾਚੀ ਵਸਤ ਆਈ ਭੇਟਾ, ਹਰਿ ਹਰਿ ਵੇਖ ਵਖਾਇੰਦਾ। ਆਪ ਉਪਜਾਇਆ ਨਾਦੀ ਸ਼ਬਦ ਸੁੱਤ ਜੇਠਾ, ਜੇਠਾ ਰੁੱਤ ਸੁਹਾਇੰਦਾ। ਆਪੇ ਰੱਖੇ ਆਪਣੀ ਸਾਇਆ ਹੇਠਾ, ਸਿਰ ਆਪਣਾ ਹੱਥ ਟਿਕਾਇੰਦਾ। ਆਪੇ ਮੇਟੇ ਵਡ ਵਡ ਸੇਠਾ, ਕਲਜੁਗ ਵੇਲਾ ਅੰਤਮ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਜੀਓ ਪਿੰਡ ਪਿੰਡ ਤਨ ਕਾਚੇ, ਅੰਦਰ ਮੰਦਰ ਡੇਰਾ ਲਾਇੰਦਾ। ਗੁਰਮੁਖ ਵੇਖ ਆਪਣੀ ਨੈਣੀ, ਹਰਿ ਸੰਗਲ ਜਗਤ ਕਟਾਇੰਦਾ। ਉਪਰ ਰੱਖੀ ਸਾਚੀ ਛੈਣੀ, ਨਾਮ ਹਥੌੜਾ ਉਪਰ ਲਾਇੰਦਾ। ਸਾਧ ਸੰਗਤ ਸਚ ਕਰਨੀ ਬਹਿਣੀ, ਸਾਚੀ ਸਿਖਿਆ ਇਕ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਰ ਸ਼ਬਦ ਤੇਜ਼ ਕਟਾਰ, ਖੜਗ ਖੰਡਾ ਕਰ ਤਿਆਰ, ਤਿਖ਼ੀ ਦੋਵਾਂ ਧਾਰ ਰਖਾਇੰਦਾ। ਤਿਖੀ ਧਾਰ ਆਪੇ ਰੱਖ, ਆਪੇ ਵਾਰ ਕਰਾਇੰਦਾ। ਆਪੇ ਸੰਤਾਂ ਮਾਰਗ ਦੱਸ, ਆਪੇ ਸੇਵਾ ਲਾਇੰਦਾ। ਆਪੇ ਮੇਲਾ ਕਰੇ ਹੱਸ ਹੱਸ, ਆਪੇ ਮੁਖ ਛੁਪਾਇੰਦਾ। ਆਪੇ ਤੀਰ ਨਿਰਾਲਾ ਮਾਰੇ ਕਸ, ਅਣਿਆਲਾ ਤੀਰ ਆਪ ਚਲਾਇੰਦਾ। ਆਪੇ ਹਿਰਦੇ ਅੰਦਰ ਜਾਏ ਵਸ, ਆਪ ਆਪਣੀ ਦਇਆ ਕਮਾਇੰਦਾ। ਆਪੇ ਕੋਟਨ ਕੋਟ ਪ੍ਰਕਾਸ਼ ਕਰੇ ਰਵ ਸਸ, ਅਗਿਆਨ ਅੰਧੇਰ ਮਿਟਾਇੰਦਾ। ਆਪੇ ਦਰਸ ਦਖਾਏ ਨੱਸ ਨੱਸ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ ਜਾਣੇ ਜਣਾਏ ਹਰਿਜਨ ਤੇਰਾ ਜਸ, ਜਸ ਵੇਦ ਪੁਰਾਨੀ ਆਪੇ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਹੱਥੀਂ ਆਪੇ ਗੰਢੇ ਆਪੇ ਕੱਟ ਵਖਾਇੰਦਾ। ਕੱਟਣਹਾਰ ਹਰਿ ਸਵਾਮੀ, ਏਕਾ ਏਕ ਏਕੰਕਾਰਿਆ। ਪਾਰਬ੍ਰਹਮ ਪੁਰਖ ਸੁਲਤਾਨੀ, ਨਿਹਕਲੰਕ ਨਰਾਇਣ ਨਰ ਅਵਤਾਰਿਆ। ਘਟ ਘਟ ਅੰਤਰ ਅੰਤਰਜਾਮੀ, ਜੋਤੀ ਨੂਰੋ ਨੂਰ ਉਜਿਆਰਿਆ। ਆਪੇ ਜਾਣੇ ਆਪਣੀ ਬਾਣੀ, ਆਪਣਾ ਸ਼ਬਦ ਆਪ ਸੁਣਾ ਰਿਹਾ। ਹਰਿ ਕੀ ਮਹਿਮਾ ਅਕੱਥ ਕਹਾਣੀ, ਰਸਨਾ ਜਿਹਵਾ ਨਾ ਕੋਈ ਗਾ ਰਿਹਾ। ਗੁਰਮੁਖ ਵਿਰਲਾ ਪਾਏ ਪਦ ਨਿਰਬਾਣੀ, ਨਿਰਭੈ ਰੂਪ ਵਿਚ ਸਮਾ ਰਿਹਾ। ਸਰਬ ਜੀਆਂ ਦਾ ਜਾਣ ਜਾਣੀ, ਜਾਨਣਹਾਰ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤਮ ਸੰਗਲ, ਜਾਮਾ ਧਾਰ ਵਾਰ ਮੰਗਲ, ਪੰਚਮ ਪੰਚਮ ਮੋਹ ਕਟਾ ਰਿਹਾ। ਪੰਚਮ ਨਾਤਾ ਦੇਵੇ ਕੱਟ, ਹਰਿ ਸਤਿਗੁਰ ਹੱਥ ਵਡਿਆਈਆ। ਦੂਈ ਦਵੈਤੀ ਮੇਟੇ ਫੱਟ, ਏਕਾ ਰੰਗ ਰੰਗਾਈਆ। ਚੌਦਾਂ ਲੋਕ ਵਖਾਏ ਏਕਾ ਹੱਟ, ਚੌਦਾਂ ਤਬਕਾਂ ਫੇਰਾ ਪਾਈਆ। ਖੇਲੇ ਖੇਲ ਬਾਜ਼ੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਸੰਮਤ ਸਤਾਰਾਂ ਤੁਟਣਾ ਹਠ, ਧੀਰਜ ਧੀਰ ਨਾ ਕੋਈ ਰਖਾਈਆ। ਘਰ ਬਾਰ ਤਜਨਾ ਨੱਠ ਨੱਠ, ਫਿਰਨਾ ਵਾਹੋ ਦਾਹੀਆ। ਪ੍ਰਭ ਗੇੜਣ ਆਇਆ ਉਲਟੀ ਲੱਠ, ਨਾ ਸਕੇ ਕੋਈ ਬਚਾਈਆ। ਹਰਿ ਸੰਗਤ ਤੇਰਾ ਇਕ ਇਕੱਠ, ਦਰ ਏਕਾ ਸੋਭਾ ਪਾਈਆ । ਰੱਖੇ ਪਤ ਕਮਲਾਪਤ, ਪਤਿ ਪਤਵੰਤ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਮੇਲੇ ਗੁਰੂ ਗੁਰ ਚੇਲੇ, ਧਾਮ ਅਵੱਲਾ ਇਕ ਦਰਸਾਈਆ। ਗੁਰ ਚੇਲਾ ਮੇਲਾ ਧੁਰਦਰਗਾਹ, ਹਰਿ ਮੰਦਰ ਆਪ ਖੁਲ੍ਹਾਇਆ। ਪੁਰਖ ਅਬਿਨਾਸ਼ੀ ਦੇਵੇ ਸਤਿ ਸਲਾਹ, ਸਤਿਗੁਰ ਮਾਰਗ ਏਕਾ ਲਾਇਆ। ਸੋਹੰ ਅੱਖਰ ਨਾਮ ਜਪਾ, ਸੋ ਪੁਰਖ ਨਿਰੰਜਣ ਵੇਖ ਵਖਾਇਆ। ਜਗਤ ਹਰਿ ਹਰਿ ਗਿਆ ਸਮਾ, ਪਾਰਬ੍ਰਹਮ ਵੱਡੀ ਵਡਿਆਇਆ। ਅਲੱਖ ਅਗੋਚਰ ਅਗੰਮ ਬੇਪਰਵਾਹ, ਅਗਾਧ ਬੋਧ ਭੇਵ ਖੁਲ੍ਹਾਇਆ। ਜਨ ਭਗਤਾਂ ਕੱਟੇ ਜਮ ਕਾ ਫਾਹ, ਮਨਮੁਖਾਂ ਸੰਗਲ ਆਪਣੇ ਹੱਥ ਗਲ ਪੁਵਾਇਆ। ਨਾ ਕੋਈ ਸਹਾਈ ਪੁੱਤਰ ਮਾਂ, ਭੈਣ ਭਾਈ ਧੀ ਜਵਾਈ ਨਾ ਸਕੇ ਕੋਈ ਬਚਾਇਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਸਦ ਰੱਖੇ ਠੰਡੀ ਛਾਂ, ਜਿਸ ਸਿਰ ਆਪਣਾ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਮੰਤਰ ਆਪ ਦ੍ਰਿੜਾਇਆ। ਹਾਹੇ ਉਪਰ ਟਿੱਪੀ, ਏਕਾ ਮੁਖ ਰਖਾਈਆ। ਚਾਰ ਵਰਨਾਂ ਸਾਚੀ ਸਿਖੀ, ਸਤਿਗੁਰ ਪੂਰਾ ਆਪ ਬਣਾਈਆ। ਭੇਵ ਨਾ ਜਾਣੇ ਕੋਈ ਮੁਨੀ ਰਿਖੀ, ਪੰਡਤ ਪਾਂਧੇ ਪੜ੍ਹ ਪੜ੍ਹ ਥੱਕੇ ਸਰਬ ਲੋਕਾਈਆ। ਵਾਲੋਂ ਤਿਖੀ ਖੰਡਿਉਂ ਨਿੱਕੀ, ਗੁਰ ਗੋਬਿੰਦ ਲੇਖ ਲਿਖਾਈਆ। ਨਰ ਨਰਾਇਣ ਨੇਤਰ ਪੇਖੀ, ਸ਼ਾਹ ਸੁਲਤਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਏਕਾ ਕੰਗਣ ਏਕਾ ਧਾਰ, ਏਕਾ ਰੂਪ ਵਟਾਇੰਦਾ। ਪੰਚਮ ਅੱਖਰ ਉਪਰ ਹੋ ਤਿਆਰ, ਹੰ ਬ੍ਰਹਮ ਸਮਾਇੰਦਾ। ਏਕਾ ਪੱਥਰ ਪਰਦਾ ਭਾਰ, ਨਾ ਕੋਈ ਤੋੜ ਤੁੜਾਇੰਦਾ। ਦੂਈ ਦਵੈਤੀ ਅੱਧਵਿਚਕਾਰ, ਮਾਇਆ ਮੋਹ ਵਖਾਇੰਦਾ। ਸ਼ਰਅ ਸ਼ਰੀਅਤ ਮਾਰੇ ਮਾਰ, ਹੱਕ ਹਕੀਕਤ ਮੁਖ ਛੁਪਾਇੰਦਾ। ਲਾਸ਼ਰੀਕ ਬੇਐਬ ਪਰਵਰਦਿਗਾਰ, ਖ਼ਾਲਕ ਖ਼ਲਕ ਆਪ ਅਖਵਾਇੰਦਾ। ਜੋਤੀ ਨੂਰ ਨੂਰ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਅੱਲਾ ਰਾਣੀ ਕਰ ਪਿਆਰ, ਐਨਲਹੱਕ ਵੇਖ ਵਖਾਇੰਦਾ। ਏਕਾ ਕੰਗਨ ਤਨ ਸ਼ਿੰਗਾਰ, ਭੂਸ਼ਨ ਬਸਤਰ ਆਪ ਸੁਹਾਇੰਦਾ। ਮੰਗੀ ਮੰਗ ਧੁਰ ਦਰਬਾਰ, ਸੰਗ ਮੁਹੰਮਦ ਚਾਰ ਯਾਰ ਅੱਗੇ ਝੋਲੀ ਡਾਹਿੰਦਾ। ਧਰਮ ਰਾਏ ਖ਼ਬਰਦਾਰ, ਲਾੜੀ ਮੌਤ ਕਰੇ ਤਿਆਰ, ਨੇਤਰ ਨੈਣਾਂ ਰਿਹਾ ਸ਼ਿੰਗਾਰ, ਧਰਮ ਸਪੁੱਤਰੀ ਏਹ ਸਮਝਾਇੰਦਾ। ਲਹਿਦੀ ਦਿਸ਼ਾ ਹੋ ਤਿਆਰ, ਪਾਈ ਹਿਸ ਵਿਚ ਤੇਰਾ ਸਹਾਈ ਪਰਵਰਦਿਗਾਰ, ਕਲਜੁਗ ਵੇਲਾ ਅੰਤਮ ਆਇੰਦਾ। ਏਕਾ ਕੰਗਨ ਹੱਥ ਕਰਤਾਰ, ਕਰੇ ਸਗਨ ਜੀਵ ਗਵਾਰ, ਮਨ ਮਤ ਹੋਏ ਨਾਰ ਵਿਭਚਾਰ, ਕੰਤ ਸੁਹਾਗ ਨਾ ਕੋਈ ਹੰਢਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਕੰਗਨ ਲਾਏ ਅੰਗਣ, ਗੁਰਮੁਖ ਮੰਗ ਸਾਚੀ ਮੰਗਣ, ਸਾਚੀ ਭਿਛਿਆ ਝੋਲੀ ਪਾਇੰਦਾ। ਇਕ ਏਕਾ ਏਕ ਏਕੰਕਾਰ, ਇਕ ਇਕੱਲਾ ਹਰਿ ਅਖਵਾਈਆ। ਦੂਜੀ ਬੰਨ੍ਹੇ ਕੁਦਰਤ ਧਾਰ, ਕਾਦਰ ਕਰਤੇ ਵਡ ਵਡਿਆਈਆ। ਤੀਜਾ ਨੇਤਰ ਨੈਣ ਉਘਾੜ, ਲੱਖ ਚੁਰਾਸੀ ਵੇਖੇ ਥਾਉਂ ਥਾਈਂਆ। ਚੌਥੇ ਘਰ ਮੀਤ ਮੁਰਾਰ, ਬੈਠਾ ਆਸਣ ਲਾਈਆ। ਪੰਚਮ ਸੋਹੇ ਦਰ ਦਰਬਾਰ, ਪਾਰਬ੍ਰਹਮ ਵੱਡੀ ਵਡਿਆਈਆ। ਛੇਵਾਂ ਛੱਪਰ ਛੰਨ ਨਾ ਕੋਈ ਮਹੱਲ ਮੁਨਾਰ, ਥਿਰ ਘਰ ਬੈਠਾ ਆਸਣ ਲਾਈਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਆਦਿ ਜੁਗਾਦਿ ਵੇਖ ਵਖਾਈਆ। ਅੱਠਾਂ ਤੱਤਾਂ ਵਸਿਆ ਬਾਹਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼, ਮਨ ਮਤ ਬੁੱਧ ਨਾ ਕੋਈ ਰਖਾਈਆ। ਨੌ ਦੁਵਾਰੇ ਜਗਤ ਦੁਵਾਰ, ਨੌ ਰਸ ਫੀਕੇ ਦਰ ਫਿਰਾਈਆ। ਦਸਮ ਦੁਵਾਰੀ ਜੋਤ ਉਜਿਆਰ, ਨਿਰਗੁਣ ਬੈਠਾ ਆਸਣ ਲਾਈਆ। ਜਨ ਭਗਤਾਂ ਦੇਵੇ ਨਾਮ ਅਧਾਰ, ਊਰਧ ਕਮਲ ਬਿਗਸਾਈਆ। ਆਤਮ ਤਾਕੀ ਖੋਲ੍ਹ ਕਿਵਾੜ, ਦੂਈ ਦਵੈਤੀ ਪਰਦਾ ਲਾਹੀਆ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰ, ਸਚ ਸਰੋਵਰ ਇਕ ਵਿਖਾਈਆ। ਨਿਰਗੁਣ ਜੋਤੀ ਕਰ ਉਜਿਆਰ, ਜੋਤ ਨਿਰੰਜਣ ਡਗਮਗਾਈਆ। ਸ਼ਬਦ ਅਨਾਦਿ ਸਚੀ ਧੁਨਕਾਰ, ਅਨਹਦ ਤਾਲ ਵਜਾਈਆ। ਆਤਮ ਸੇਜਾ ਕਰ ਪਿਆਰ, ਗੁਰਮੁਖ ਨਾਰੀ ਕੰਤ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੂਜਾ ਦੂਜਾ ਏਕਾ ਏਕਾ ਭੇਵ ਚੁਕਾਈਆ। ਏਕਾ ਦੂਜਾ ਚੁੱਕੇ ਭੇਵ ਹਰਿਜਨ ਹਰਿ ਹਰਿ ਆਪ ਚੁਕਾਇੰਦਾ। ਤੀਜੇ ਨੇਤਰ ਕਰੇ ਸਚ ਨਿਆਉਂ, ਲੋਚਣ ਨੈਣ ਖੁਲ੍ਹਾਇੰਦਾ। ਚੌਥੇ ਪਦ ਪਕੜੇ ਬਾਹੋਂ, ਗੁਰਮੁਖ ਸਾਜਣ ਮੇਲ ਮਿਲਾਇੰਦਾ। ਪੰਚਮ ਵੇਖੇ ਥਾਈਂ ਥਾਉਂ, ਥਾਨ ਥਨੰਤਰ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਜੁਗ ਜੁਗ ਚਲਾਏ ਸਾਚਾ ਰਥ, ਰਥ ਰਥਵਾਹੀ ਨਾਉਂ ਧਰਾਇਆ । ਸ਼ਬਦ ਕਹਾਣੀ ਅਕਥਨਾ ਅਕੱਥ, ਆਪ ਆਪਣੀ ਆਪ ਦ੍ਰਿੜਾਇਆ। ਸਰਬ ਕਲਾ ਆਪੇ ਸਮਰਥ, ਏਕੰਕਾਰਾ ਨਾਉਂ ਧਰਾਇਆ। ਆਪੇ ਜਾਣੇ ਆਪਣੀ ਵੱਥ, ਨਾਮ ਭੰਡਾਰਾ ਹਰਿ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਨਾਮ ਨਿਧਾਨਾ ਏਕਾ ਪਾਇਆ। ਨਾਮ ਨਿਧਾਨ ਵਸਤ ਅਨਮੋਲ, ਹਰਿ ਹਰਿ ਆਪ ਉਪਜਾਇੰਦਾ। ਆਪਣੇ ਕੰਡੇ ਆਪੇ ਤੋਲ, ਆਪੇ ਵੇਖ ਵਖਾਇੰਦਾ। ਸ਼ਬਦ ਅਗੰਮੀ ਆਪੇ ਬੋਲ, ਆਪੇ ਰਾਗ ਅਲਾਇੰਦਾ। ਤ੍ਰੈਗੁਣ ਮਾਇਆ ਕਰੇ ਚੋਲ, ਪੰਜ ਤੱਤ ਵੇਖ ਵਖਾਇੰਦਾ। ਲੱਖ ਚੁਰਾਸੀ ਅੰਦਰ ਰਿਹਾ ਬੋਲ, ਆਪ ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਬਣਤ ਬਣਾਇੰਦਾ। ਤ੍ਰੈਗੁਣ ਮਾਇਆ ਤੱਤ ਪਸਾਰਾ, ਹਰਿ ਹਰਿ ਰਚਨ ਰਚਾਈਆ। ਪੰਚਮ ਤੱਤ ਕਰ ਨਿਆਰਾ, ਨਾਤਾ ਬਿਧਾਤਾ ਜੋੜ ਜੁੜਾਈਆ। ਕਾਇਆ ਮੰਦਰ ਮਹੱਲ ਮੁਨਾਰਾ, ਉਚ ਅਟੱਲ ਵਖਾਈਆ। ਸਾਢੇ ਤਿੰਨ ਹੱਥ ਤੇਰੀ ਪਾਵੇ ਸਾਰਾ, ਘਰ ਮੇਲਾ ਸਹਿਜ ਸੁਭਾਈਆ। ਲੇਖਾ ਜਾਣੇ ਲਿਖਣਹਾਰਾ, ਦੂਸਰ ਭੇਵ ਕੋਈ ਨਾ ਪਾਈਆ। ਨੇਤਰ ਨੈਣ ਹੋਏ ਉਜਿਆਰਾ, ਜੋਤੀ ਨੂਰ ਕਰੇ ਰੁਸ਼ਨਾਈਆ। ਆਪੇ ਹੋਏ ਅੰਧ ਅੰਧਿਆਰਾ, ਜੋਤ ਨੈਣ ਆਪ ਅਖਵਾਈਆ। ਆਪੇ ਕਰੇ ਰੇਖ ਤਿਆਰਾ, ਆਪੇ ਹੱਥੋ ਹੱਥ ਵਖਾਈਆ। ਸਰਬ ਜੀਆਂ ਪ੍ਰਭ ਜਾਨਣਹਾਰਾ, ਪੰਡਤ ਪਾਂਧਾ ਥੱਕਾ ਮਾਂਦਾ ਭੇਵ ਅਭੇਦਾ ਅਛਲ ਅਛੇਦਾ, ਚਾਰੇ ਵੇਦਾਂ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੇਖਾ, ਗੁਰਮੁਖ ਕੱਢੇ ਭਰਮ ਭੁਲੇਖਾ, ਨੇਤਰ ਨੈਣ ਇਕ ਖੁਲ੍ਹਾਈਆ। ਜਗਤ ਨੇਤਰ ਹੋਏ ਮੰਦ, ਮਾਇਆ ਮਮਤਾ ਮੋਹ ਚੁਕਾਇੰਦਾ। ਕਾਇਆ ਕਪੜ ਵੇਖੇ ਬੰਦ, ਬੰਦੀ ਬੰਧਨ ਬੰਦ ਬੰਧਾਇੰਦਾ। ਕਲਜੁਗ ਆਯੂ ਚੁਕਿਆ ਪੰਧ, ਸਾਚਾ ਮਾਰਗ ਨਾ ਕੋਈ ਵਖਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਭੁਲਾਇਆ ਆਤਮ ਅਨੰਦ, ਪਰਮਾਨੰਦ ਨਾ ਕੋਈ ਸਮਾਇੰਦਾ। ਜੂਠ ਝੂਠ ਰਸਨਾ ਲਾਇਆ ਗੰਦ, ਸਚ ਸੁੱਚ ਨਾ ਕੋਈ ਦ੍ਰਿੜਾਇੰਦਾ। ਸਤਿਗੁਰ ਘਰ ਨਾ ਚੜ੍ਹਿਆ ਚੰਦ, ਹੱਥ ਦੀ ਰੇਖਾ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਬੈਠਾ ਵੜ, ਡੂੰਘੀ ਕੰਦਰ ਡੇਰਾ ਲਾਇੰਦਾ। ਹਰ ਘਟ ਅੰਦਰ ਹਰਿ ਹਰਿ ਵੜਿਆ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਆਪਣੀ ਰੇਖਾ ਆਪੇ ਪੜ੍ਹਿਆ, ਜਨ ਭਗਤਾਂ ਕਰੇ ਪੜ੍ਹਾਈਆ। ਮਨਮੁੱਖ ਜੀਵ ਹਉਮੇ ਹੰਗਤਾ ਸੜਿਆ, ਕਾਮ ਕਰੋਧ ਹਲਕਾਈਆ। ਪੰਜ ਤੱਤ ਮੁਨਾਰਾ ਬਣਿਆ ਗੜ੍ਹਿਆ, ਗੜ ਹੰਕਾਰੀ ਦਏ ਦੁਹਾਈਆ। ਜਗਤ ਤ੍ਰਿਸ਼ਨਾ ਅੰਦਰ ਸੜਿਆ, ਸਾਂਤਕ ਸਤਿ ਨਾ ਕੋਈ ਕਰਾਈਆ । ਸਤਿਗੁਰ ਸਰਨਾਈ ਜੋ ਜਨ ਪੜਿਆ, ਰੇਖ ਮਸਤਕ ਲੇਖ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਨਣਹਾਰਾ ਘਰ ਘਰ, ਘਰ ਘਰ ਵਿਚ ਬੈਠਾ ਆਸਣ ਲਾਈਆ। ਘਰ ਮਹੱਲਾ ਘਰ ਮੁਨਾਰਾ, ਘਰ ਸਾਚਾ ਵੇਸ ਵਟਾਇੰਦਾ। ਘਰ ਇਕੱਲਾ ਜੋਤ ਨਿਰੰਕਾਰਾ, ਨਿਰਗੁਣ ਨੂਰੋ ਨੂਰ ਡਗਮਗਾਇੰਦਾ। ਘਰ ਸ਼ਬਦ ਘਰ ਬੁਲਾਰਾ, ਘਰ ਧੁਨ ਅਨਾਦੀ ਨਾਦ ਵਜਾਇੰਦਾ। ਘਰ ਗੁਰੂ ਘਰ ਗੁਰਸਿਖ ਪਿਆਰਾ, ਘਰ ਗੋਬਿੰਦ ਵੇਖ ਵਖਾਇੰਦਾ। ਘਰ ਨਰ ਹਰਿ ਹਰੀ ਅਵਤਾਰਾ, ਹਰਿ ਜੂ ਹਰ ਘਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਲੇਖਾ, ਲਿਖਣਹਾਰ ਆਪ ਅਖਵਾਇੰਦਾ। ਹਰਿ ਕਾ ਲੇਖਾ ਧੁਰ ਦੀ ਰੇਖ, ਦੋਏ ਨੈਣ ਪੜ੍ਹਨ ਨਾ ਜਾਈਆ। ਆਤਮ ਅੰਤਰ ਜੋ ਜਨ ਰਿਹਾ ਵੇਖ, ਦੇਵੇ ਦਰਸ ਸ੍ਰੀ ਭਗਵਾਨਿਆ। ਦਰ ਦੁਵਾਰ ਜਨ ਭਗਤਾਂ ਹੋਏ ਦਰ ਦਰਵੇਸ਼, ਪਾਰਬ੍ਰਹਮ ਪੁਰਖ ਸੁਲਤਾਨਿਆ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਕਰੋੜ ਤੇਤੀਸਾ ਸੇਵ ਕਮਾਈਆ। ਹਰਿ ਭਗਤਾਂ ਕਰੇ ਆਪ ਅਦੇਸ, ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਜਿਸ ਜਨ ਸਤਿਗੁਰ ਪੂਰਾ ਪੂਰਬ ਲਹਿਣਾ ਮਸਤਕ ਰੇਖਾ ਲਏ ਵੇਖ, ਦੇਵੇ ਨਾਮ ਨਿਧਾਨਾ ਸਾਚੀ ਬਾਣੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਆਪੇ ਕਰ, ਕਰਮ ਧਰਮ ਜਨਮ ਜਨਮ ਕਰਮ ਧਰਮ, ਦੋਵਾਂ ਦਰ ਕਰੇ ਪ੍ਰਵਾਨੀਆ।
