੪ ਸਾਵਣ ੨੦੧੬ ਬਿਕ੍ਰਮੀ ਮਿਹਰ ਸਿੰਘ ਦੇ ਘਰ ਜਗਰਾਉਂ ਸ਼ਹਿਰ
ਨਿਰਗੁਣ ਨਿਰਾਕਾਰ ਨਿਰੰਕਾਰ, ਪਾਰਬ੍ਰਹਮ ਹਰਿ ਪੁਰਖ ਅਬਿਨਾਸ਼ਿਆ। ਜੋਤੀ ਨੂਰ ਨੂਰ ਉਜਿਆਰ, ਜਾਗਰਤ ਜੋਤ ਖੇਲ ਤਮਾਸਿਆ। ਪਰਮ ਪੁਰਖ ਪੁਰਖ ਕਰਤਾਰ, ਆਦਿ ਜੁਗਾਦੀ ਏਕਾ ਏਕ ਪ੍ਰਕਾਸ਼ਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਦਰ ਮੰਦਰ ਰੱਖੇ ਆਪੇ ਵਾਸਿਆ। ਅਬਿਨਾਸ਼ੀ ਕਰਤਾ ਹਰਿ ਭਗਵੰਤ, ਆਦਿ ਅੰਤ ਵਡ ਵਡਿਆਈਆ। ਜੋਤੀ ਨੂਰ ਜੁਗਾ ਜੁਗੰਤ, ਨਿਰਗੁਣ ਨੂਰ ਡਗਮਗਾਈਆ। ਆਪ ਬਣਾਏ ਆਪਣੀ ਬਣਤ, ਪਾਰਬ੍ਰਹਮ ਪੁਰਖ ਅਖਵਾਈਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਆਪ ਅਖਵਾਈਆ। ਜੂਨੀ ਰਹਿਤ ਪੁਰਖ ਅਕਾਲ, ਅਕਲ ਕਲਾ ਅਖਵਾਈਆ। ਨਿਰਗੁਣ ਵਸੇ ਸਚ ਸੱਚੀ ਧਰਮਸਾਲ, ਥਿਰ ਘਰ ਸਾਚਾ ਬੰਕ ਸੁਹਾਈਆ। ਦੀਪਕ ਜੋਤੀ ਬਾਤੀ ਏਕਾ ਬਾਲ, ਆਪਣੀ ਆਪ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਖੇਲ ਖਿਲਾਈਆ। ਆਦਿ ਨਿਰੰਜਣ ਪੁਰਖ ਬਿਧਾਤਾ, ਪਾਰਬ੍ਰਹਮ ਅਖਵਾਇੰਦਾ। ਏਕਾ ਪਿਤਾ ਏਕਾ ਮਾਤਾ, ਪੂਤ ਸਪੂਤਾ ਇਕ ਉਪਾਇੰਦਾ। ਏਕਾ ਦੇਵਣਹਾਰਾ ਦਾਤਾ, ਸਾਚੀ ਦਾਤ ਝੋਲੀ ਪਾਇੰਦਾ। ਏਕਾ ਪੂਜਾ ਏਕਾ ਪਾਠਾ, ਏਕਾ ਗਾਥ ਸੁਣਾਇੰਦਾ। ਏਕਾ ਤੀਰਥ ਏਕਾ ਤਾਟਾ, ਸਰ ਸਰੋਵਰ ਇਕ ਨੁਹਾਇੰਦਾ। ਏਕਾ ਮੰਦਰ ਏਕਾ ਹਾਟਾ, ਏਕਾ ਘਰ ਖੁਲ੍ਹਾਇੰਦਾ। ਏਕਾ ਦੀਪਕ ਜੋਤ ਲਿਲਾਟਾ, ਨੂਰ ਨੂਰ ਡਗਮਗਾਇੰਦਾ। ਇਕ ਸਿੰਘਾਸਣ ਸਾਚੀ ਖਾਟਾ, ਪੁਰਖ ਅਬਿਨਾਸ਼ੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਆਪ ਸੁਹਾਇੰਦਾ। ਅਜੂਨੀ ਰਹਿਤ ਪੁਰਖ ਕਰਤਾਰਾ, ਪਰਮ ਪੁਰਖ ਵੱਡੀ ਵਡਿਆਈਆ। ਇਕ ਇਕੱਲਾ ਏਕੰਕਾਰਾ, ਅਕਲ ਕਲਾ ਧਰਾਈਆ। ਨਿਰਗੁਣ ਰੂਪ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਜੁਗਾ ਜੁਗੰਤਰ ਪਾਵੇ ਸਾਰਾ, ਸਤਿਗੁਰ ਪੂਰਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮੜਾ ਅਗੰਮੜੀ ਕਾਰ ਕਮਾਈਆ। ਨਿਰਗੁਣ ਖੇਲ ਅਪਰ ਅਪਾਰ, ਭੇਵ ਕੋਇ ਨਾ ਪਾਇੰਦਾ। ਆਪੇ ਵਸੇ ਸਚ ਦੁਵਾਰ, ਸਚਖੰਡ ਦੁਵਾਰਾ ਇਕ ਸੁਹਾਇੰਦਾ। ਨਾ ਕੋਈ ਦੂਸਰ ਮੀਤ ਮੁਰਾਰ, ਨਾ ਕੋਈ ਸੰਗ ਨਿਭਾਇੰਦਾ। ਰਵ ਸਸ ਨਾ ਕੋਈ ਸਤਾਰ, ਮੰਡਲ ਮੰਡਪ ਨਾ ਕੋਈ ਸੁਹਾਇੰਦਾ। ਪ੍ਰਿਥਮੀ ਅਕਾਸ਼ ਨਾ ਕੋਈ ਅਧਾਰ, ਜਲ ਬਿੰਬ ਨਾ ਕੋਈ ਜਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਨਾ ਕੋਈ ਪਿਆਰ, ਕਰੋੜ ਤੇਤੀਸਾ ਨਾ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਨਾ ਕੋਈ ਪਿਆਰ, ਪੰਜ ਤੱਤ ਨਾ ਕੋਈ ਵਖਾਇੰਦਾ। ਲੱਖ ਚੁਰਾਸੀ ਨਾ ਭਰੇ ਭੰਡਾਰ, ਨਾ ਕੋਈ ਹੱਟੋ ਹੱਟ ਵਿਕਾਇੰਦਾ। ਜਲ ਥਲ ਨਾ ਕੋਈ ਧਾਰ, ਸਮੁੰਦ ਸਾਗਰ ਨਾ ਕੋਈ ਵਖਾਇੰਦਾ। ਜੰਗਲ ਜੂਹ ਨਾ ਕੋਈ ਪਹਾੜ, ਡੂੰਘੀ ਕੰਦਰ ਨਾ ਕੋਈ ਉਪਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਨਾ ਕੋਈ ਕੰਤ ਸੁਹਾਗ ਹੰਢਾਇੰਦਾ। ਨਾ ਕੋਈ ਮੰਦਰ ਗੁਰੂਦੁਵਾਰ, ਚਾਰ ਦੁਵਾਰ ਨਾ ਕੋਈ ਉਪਾਇੰਦਾ। ਨਾ ਕੋਈ ਸੰਤ ਸਾਧ ਕਰੇ ਪਿਆਰ, ਰਸਨਾ ਜਿਹਵਾ ਨਾ ਕੋਈ ਗਾਇੰਦਾ। ਰਾਗ ਨਾਦ ਨਾ ਕੋਈ ਧਾਰ, ਤਾਲ ਤਲਵਾੜਾ ਨਾ ਕੋਈ ਵਜਾਇੰਦਾ। ਨਾ ਕੋਈ ਘਾੜਣ ਘੜੇ ਅਪਰ ਅਪਾਰ, ਨਾ ਕੋਈ ਰਚਨ ਰਚਾਇੰਦਾ। ਇਕ ਇਕੱਲਾ ਏਕੰਕਾਰ, ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਆਪ ਅਖਵਾਇੰਦਾ। ਜੋਤੀ ਜੋਤ ਅਗੰਮ ਅਪਾਰ, ਨੂਰੋ ਨੂਰ ਡਗਮਗਾਇੰਦਾ। ਥਿਰ ਘਰ ਵਸੇ ਹਰਿ ਦਰਬਾਰ, ਧੁਰ ਦਰਬਾਰਾ ਆਪ ਖੁਲ੍ਹਾਇੰਦਾ। ਅਬਿਨਾਸ਼ੀ ਕਰਤਾ ਬੇਐਬ ਪਰਵਰਦਿਗਾਰ, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਪਾਰਬ੍ਰਹਮ ਆਪ ਅਖਵਾਇੰਦਾ। ਨਿਰਗੁਣ ਦਾਤਾ ਆਦਿ ਨਿਰੰਜਣ, ਆਦਿ ਅੰਤ ਸ੍ਰੀ ਭਗਵਾਨਿਆ। ਸਖਾ ਸਹੇਲਾ ਆਪੇ ਬਣੇ ਆਪਣਾ ਸੱਜਣ, ਆਪ ਕਰੇ ਆਪਣੀ ਪ੍ਰਿਤਪਾਲਿਆ। ਆਪਣੇ ਦਰ ਕਰਾਏ ਸਾਚਾ ਮਜਨ, ਆਪੇ ਗੁਰੂ ਗੁਰੂ ਗੁਰ ਚੇਲਿਆ। ਆਪੇ ਹੋਇਆ ਪਰਦੇ ਕੱਜਣ, ਆਪੇ ਵਸੇ ਧਾਮ ਨਵੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਅਚਰਜ ਖੇਲ ਆਪੇ ਖੇਲਿਆ। ਅਚਰਜ ਖੇਲ ਹਰਿ ਖਿਲੰਦੜਾ, ਸਤਿਗੁਰ ਰੂਪ ਵੱਡੀ ਵਡਿਆਈਆ। ਨਿਰਗੁਣ ਜੋਤੀ ਜੋਤ ਜਗੰਦੜਾ, ਦੀਵਾ ਬਾਤੀ ਕਰੇ ਰੁਸ਼ਨਾਈਆ। ਸਾਚਾ ਧਾਮ ਇਕ ਸੁਹੰਦੜਾ, ਥਿਰ ਘਰ ਬੈਠਾ ਬੇਪਰਵਾਹੀਆ। ਸ਼ਬਦ ਸਿੰਘਾਸਣ ਇਕ ਵਿਛੰਦੜਾ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਆਪ ਆਪਣਾ ਵੇਖ ਵਖੰਦੜਾ, ਨਾ ਕੋਈ ਦੂਸਰ ਦੱਸੇ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਏਕੰਕਾਰ, ਆਪ ਆਪਣਾ ਕਰ ਪਸਾਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਪਰਮ ਪੁਰਖ ਅਖਵਾਇੰਦਾ। ਤ੍ਰੈਗੁਣ ਮਾਇਆ ਮੀਤ ਮੁਰਾਰਾ, ਤ੍ਰੈ ਤ੍ਰੈ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸਾਚਾ ਮੇਲ ਮਿਲਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਘਟ ਘਟ ਆਸਣ ਲਾਇੰਦਾ। ਨਿਰਗੁਣ ਸਰਗੁਣ ਬੰਨ੍ਹੇ ਧਾਰਾ, ਜੋਤੀ ਜੋਤ ਮੇਲ ਮਿਲਾਇੰਦਾ। ਸ਼ਬਦ ਅਗੰਮੀ ਸੱਚੀ ਧੁਨਕਾਰਾ, ਨਾਦੀ ਨਾਦ ਵਜਾਇੰਦਾ। ਭਗਤਨ ਮੀਤਾ ਕਰ ਪਿਆਰਾ, ਆਪ ਆਪਣੀ ਬੂਝ ਬੁਝਾਇੰਦਾ। ਦੇਵੇ ਦਰਸ ਦਰਸ ਅਪਾਰਾ, ਜਾਗਰਤ ਜੋਤ ਇਕ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਹਰਿ ਭਗਵੰਤ, ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਆਪਣਾ ਨਾਉਂ ਰੱਖ, ਲੋਕਮਾਤ ਕਰੇ ਰੁਸ਼ਨਾਈਆ। ਸਰਗੁਣ ਰੂਪ ਹੋ ਪਰਤੱਖ, ਗੁਰ ਸਤਿਗੁਰ ਪੂਰਾ ਨਾਉਂ ਧਰਾਈਆ। ਹਰਿਜਨ ਸਾਚੇ ਕਰੇ ਵੱਖ, ਹਰਿਜਨ ਸਾਚਾ ਫੋਲ ਫੁਲਾਈਆ। ਦੇਵੇ ਨਾਮ ਸਾਚੀ ਵੱਥ, ਆਤਮ ਅੰਤਰ ਆਪ ਟਿਕਾਈਆ। ਪੱਲੇ ਬੰਨ੍ਹੇ ਸਾਚੀ ਗੱਠ, ਸਚ ਸੁੱਚ ਝੋਲੀ ਪਾਈਆ। ਇਕ ਵਖਾਏ ਤੀਰਥ ਤੱਟ, ਸਰ ਸਰੋਵਰ ਕਾਇਆ ਹੱਟ ਆਪ ਖੁਲ੍ਹਾਈਆ। ਅੰਮ੍ਰਿਤ ਆਤਮ ਦੇਵੇ ਝੱਟ, ਨਿਝਰ ਝਿਰਨਾ ਆਪ ਝਿਰਾਈਆ। ਦੂਈ ਦਵੈਤੀ ਮੇਟੇ ਫੱਟ, ਆਪ ਆਪਣੀ ਦਇਆ ਕਮਾਈਆ। ਸ਼ਬਦ ਅਗੰਮੀ ਲਾਏ ਸੱਟ, ਬਜ਼ਰ ਕਪਾਟੀ ਤੋੜ ਤੁੜਾਈਆ। ਭਾਗ ਲਗਾਏ ਕਾਇਆ ਮੱਟ, ਡੂੰਘੀ ਕੰਦਰ ਜੋਤ ਰੁਸ਼ਨਾਈਆ। ਜਿਸ ਜਨ ਉਪਰ ਜਾਏ ਤੁਠ, ਸਤਿਗੁਰ ਪੂਰਾ ਹਰਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਈਆ। ਹਰਿਜਨ ਮੇਲਾ ਧੁਰ ਦਰਗਾਹ, ਹਰਿ ਹਰਿ ਮੇਲ ਮਿਲਾਇੰਦਾ। ਸ਼ਬਦ ਸਰੂਪੀ ਬਣ ਮਲਾਹ, ਗੁਰ ਗੁਰ ਨਾਉਂ ਧਰਾਇੰਦਾ। ਸਤਿਗੁਰ ਦਾਤਾ ਬੇਪਰਵਾਹ, ਦਿਸ ਕਿਸੇ ਨਾ ਆਇੰਦਾ। ਹਰਿਜਨ ਵੇਖੇ ਥਾਉਂ ਥਾਂ, ਫੜ ਫੜ ਬਾਹੋਂ ਆਪ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਬਣਾਇੰਦਾ। ਵਸਣਹਾਰਾ ਨਗਰ ਗਿਰਾਂ, ਕਾਇਆ ਖੇੜਾ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇੰਦਾ। ਹਰਿ ਜੀ ਹਰਿ ਹਰਿ ਵੇਸ ਅਵੱਲਾ, ਜੁਗ ਜੁਗ ਆਪ ਕਰਾਇੰਦਾ। ਆਦਿ ਜੁਗਾਦੀ ਇਕ ਇਕੱਲਾ, ਲੋਕਮਾਤ ਫੇਰਾ ਪਾਇੰਦਾ। ਆਪੇ ਕਰੇ ਵਲ ਛਲਾ, ਵਲ ਛਲ ਧਾਰੀ ਨਾਉਂ ਧਰਾਇੰਦਾ। ਜਨ ਭਗਤਾਂ ਫੜਾਏ ਆਪਣਾ ਪੱਲਾ, ਆਪਣਾ ਪਰਦਾ ਆਪੇ ਲਾਹਿੰਦਾ। ਸਚ ਸੁਨੇਹੁੜਾ ਏਕਾ ਘੱਲਾ, ਜੁਗ ਜੁਗ ਸ਼ਬਦ ਸੁਣਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੀ ਕਿਰਤ ਕਮਾਇੰਦਾ। ਸ਼ਬਦ ਸੁਨੇਹੁੜਾ ਧੁਰ ਦੀ ਬਾਣੀ, ਹਰਿ ਸਾਚੇ ਸ਼ਬਦ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਕਰ ਪਛਾਣੀ, ਪੂਰਨ ਜੋਤ ਕਰੇ ਰੁਸ਼ਨਾਈਆ। ਕਲਜੁਗ ਵੇਖੇ ਕਲਜੁਗ ਰਾਣੀ, ਅੰਜੀਲ ਕੁਰਾਨੀ ਭੇਵ ਖੁਲ੍ਹਾਈਆ। ਨਾਤਾ ਤੁਟਾ ਵੇਦ ਪੁਰਾਨੀ, ਬਾਵਨ ਅੱਖਰੀ ਨਾ ਕੋਈ ਪੜ੍ਹਾਈਆ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨੀ, ਥਿਰ ਘਰ ਬੈਠਾ ਡੇਰਾ ਲਾਈਆ। ਖੇਲੇ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਵੇਸ ਵਟਾਈਆ। ਲੱਖ ਚੁਰਾਸੀ ਦਿਸੇ ਫਾਨੀ, ਥਿਰ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਈਆ। ਕਲਜੁਗ ਅੰਤਮ ਹਰਿ ਹਰਿ ਵੇਖ, ਆਪਣੀ ਦਇਆ ਕਮਾਇੰਦਾ। ਨਾਨਕ ਸਰਗੁਣ ਲਿਖਣਹਾਰਾ ਲੇਖ, ਨਾਨਕ ਅੰਗ ਸਮਾਇੰਦਾ। ਲੇਖਾ ਚੁਕਾ ਔਲੀਆ ਪੀਰ ਸ਼ੇਖ਼, ਦਸਤਗੀਰ ਨਾ ਕੋਇ ਬਚਾਇੰਦਾ। ਦਾਤਾ ਦਾਨੀ ਦਸ ਦਸਮੇਸ਼, ਏਕਾ ਜੋਤੀ ਰੂਪ ਵਟਾਇੰਦਾ। ਪੁਰਖ ਅਕਾਲ ਦੀਨ ਦਿਆਲ ਨਾ ਕੋਈ ਮੁੱਛ ਦਾੜ੍ਹੀ ਨਾ ਕੇਸ, ਮੂੰਡ ਮੁੰਡਾਇਆ ਨਾ ਕੋਈ ਦਿਸਾਇੰਦਾ। ਅਲਖ ਨਿਰੰਜਣ ਜੋਤ ਪ੍ਰਵੇਸ, ਨੂਰੋ ਨੂਰ ਡਗਮਗਾਇੰਦਾ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਆਪ ਹੰਢਾਇੰਦਾ। ਆਪੇ ਵੇਖੇ ਬ੍ਰਹਮਾ ਵਿਸ਼ਨ ਮਹੇਸ਼, ਸ਼ਿਵ ਸ਼ੰਕਰ ਆਪ ਅਖਵਾਇੰਦਾ। ਆਪੇ ਹੋਏ ਰਿਖੀ ਕੇਸ, ਗਵਰਧਨਧਾਰੀ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਹਰਿ ਬ੍ਰਹਿਮਾਦੀ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਧਰ, ਹਰਿ ਸਾਚੀ ਜੋਤ ਜਗਾਈਆ। ਨਿਰਗੁਣ ਸਰਗੁਣ ਅੰਦਰ ਵੜ, ਸੰਬਲ ਨਗਰੀ ਧਾਮ ਸੁਹਾਈਆ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤੱਤ ਨਾ ਕੋਈ ਜਣਾਈਆ। ਉਚ ਮਹੱਲੇ ਗਿਆ ਚੜ੍ਹ, ਹੱਥ ਕਿਸੇ ਨਾ ਆਈਆ। ਗੁਰਮੁਖ ਵਿਰਲੇ ਆਪੇ ਲਏ ਫੜ, ਆਪ ਆਪਣੀ ਦਇਆ ਕਮਾਈਆ। ਆਪਣਾ ਅੱਖਰ ਆਪੇ ਪੜ੍ਹ, ਗੁਰਮੁਖਾਂ ਕਰੇ ਨਾਮ ਪੜ੍ਹਾਈਆ। ਅਗਨੀ ਹਵਨ ਨਾ ਜਾਏ ਸੜ, ਸਤਿਗੁਰ ਪੂਰੇ ਵਡ ਵਡਿਆਈਆ। ਜਨ ਭਗਤਾਂ ਫੜਾਏ ਆਪਣਾ ਲੜ, ਦੋ ਜਹਾਨਾਂ ਵਿਛੜ ਨਾ ਜਾਈਆ। ਕਲਜੁਗ ਅੰਤਮ ਲੱਖ ਚੁਰਾਸੀ ਉਖੇੜੇ ਜੜ੍ਹ, ਨੌ ਖੰਡ ਸੱਤਾਂ ਦੀਪਾਂ ਫੇਰਾ ਪਾਈਆ। ਆਪਣੇ ਭਾਂਡੇ ਆਪੇ ਲਏ ਘੜ, ਭੰਨਣਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਮਰਥ ਪੁਰਖ ਆਪ ਅਖਵਾਈਆ। ਸਮਰਥ ਪੁਰਖ ਪੁਰਖ ਗੁਰ ਅਵਤਾਰਾ, ਪਾਰਬ੍ਰਹਮ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਆਪ ਆਪਣੀ ਕਲ ਵਰਤਾਇੰਦਾ। ਨਾਮ ਖੜਗ ਖੰਡਾ ਕਟਾਰਾ, ਤਿਖੀ ਧਾਰਾ ਵੇਖ ਵਖਾਇੰਦਾ। ਰਾਜ ਰਾਜਾਨਾ ਸ਼ਾਹ ਸੁਲਤਾਨਾ ਕਰੇ ਖ਼ਬਰਦਾਰਾ, ਰਾਓ ਰੰਕਾਂ ਆਪ ਉਠਾਇੰਦਾ। ਸਾਧਾਂ ਸੰਤਾਂ ਦਏ ਹੁਲਾਰਾ, ਜੀਵਾਂ ਜੰਤਾਂ ਆਪ ਉਠਾਇੰਦਾ। ਸ਼ਬਦ ਡੰਕਾ ਅਪਰ ਅਪਾਰਾ, ਨਿਰਗੁਣ ਆਪਣਾ ਤਾਲ ਵਜਾਇੰਦਾ। ਪ੍ਰਗਟ ਹੋ ਵਿਚ ਸੰਸਾਰਾ, ਨਿਹਕਲੰਕ ਨਾਉਂ ਰਖਾਇੰਦਾ। ਮਾਂ ਪਿਤ ਨਾ ਕੋਈ ਪਿਆਰਾ, ਪੁੱਤਰ ਧੀਆਂ ਨਾ ਕੋਈ ਉਪਾਇੰਦਾ। ਜੋਤ ਸਰੂਪੀ ਇਕ ਜੈਕਾਰਾ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪ ਆਪਣਾ ਰੂਪ ਵਟਾਇੰਦਾ। ਰੂਪ ਅਨੂਪ ਸੱਚੀ ਸਰਕਾਰ, ਹਰਿ ਸਤਿਗੁਰ ਆਪ ਅਖਵਾਈਆ। ਪ੍ਰਗਟ ਹੋ ਵਿਚ ਸੰਸਾਰ, ਅਕਲ ਕਲ ਧਾਰ ਵੇਸ ਵਟਾਈਆ । ਲੱਖ ਚੁਰਾਸੀ ਪਾਵੇ ਸਾਰ, ਘਟ ਘਟ ਬੈਠਾ ਬੇਪਰਵਾਹੀਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਕਰ ਪਿਆਰ, ਆਪ ਆਪਣਾ ਮੇਲ ਮਿਲਾਈਆ। ਕਾਗਦ ਕਲਮ ਲਿਖ ਲਿਖ ਗਏ ਹਾਰ, ਗੁਰ ਪੀਰ ਸਾਧ ਸੰਤ ਦੇਣ ਗਵਾਹੀਆ। ਹਰਿ ਕਾ ਭੇਵ ਨਾ ਪਾਏ ਕੋਇ ਵਿਚ ਸੰਸਾਰ, ਭੇਵ ਅਭੇਦਾ ਭੇਵ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਏਕਾ ਰੰਗ ਸਮਾਈਆ। ਨਿਰਗੁਣ ਪੁਰਖ ਅਕਾਲ, ਏਕਾ ਏਕੰਕਾਰਿਆ। ਸਰਗੁਣ ਸਾਚਾ ਲਾਲ, ਗੁਰ ਗੁਰ ਮੇਲ ਮਿਲਾ ਲਿਆ। ਸ਼ਬਦ ਵਿਚੋਲਾ ਬਣ ਦਲਾਲ, ਆਪਣਾ ਖੇਲ ਖਲਾ ਲਿਆ। ਸੰਗ ਰਖਾਏ ਕਾਲ ਮਹਾਂਕਾਲ, ਆਪ ਆਪਣਾ ਜੋੜ ਜੁੜਾ ਲਿਆ। ਦਰਗਹਿ ਸਾਚੀ ਵੱਜੇ ਤਾਲ, ਦੋ ਜਹਾਨਾਂ ਆਪ ਸੁਣਾ ਲਿਆ। ਲੋਆਂ ਪੁਰੀਆਂ ਸੁਰਤ ਸੰਭਾਲ, ਬ੍ਰਹਮਾ ਵਿਸ਼ਨੂੰ ਸ਼ਿਵ ਉਠਾ ਲਿਆ। ਸਰ ਸਰੋਵਰ ਮਾਰ ਉਛਾਲ, ਮਾਣਕ ਮੋਤੀ ਇਕ ਉਛਾਲਿਆ। ਗੁਰਮੁਖ ਸਾਚੇ ਆਪੇ ਭਾਲ, ਆਪ ਆਪਣੇ ਦਰ ਬੁਲਾ ਲਿਆ। ਲੇਖਾ ਚੁੱਕੇ ਸ਼ਾਹ ਕੰਗਾਲ, ਰਾਜ ਰਾਜਾਨ ਨਾ ਕੋਈ ਵਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਘਰ, ਕਾਇਆ ਮੰਦਰ ਡੂੰਘੀ ਕੰਦਰ ਆਤਮ ਤਾਕੀ ਲਹਿਣਾ ਦੇਣਾ ਦੇਵੇ ਬਾਕੀ, ਦੂਈ ਦਵੈਤੀ ਪਰਦਾ ਆਪੇ ਲਾਹ ਲਿਆ।
