੧੧ ਸਾਵਣ ੨੦੧੬ ਬਿਕ੍ਰਮੀ ਬੀਬੀ ਪ੍ਰੀਤੋ ਦੇ ਘਰ ਦਇਆ ਹੋਈ ਪਿੰਡ ਮਦਰਸਾ ਜ਼ਿਲਾ ਫ਼ਿਰੋਜ਼ਪੁਰ
ਟੁੱਟੀ ਗੰਢਣਹਾਰ ਗੋਪਾਲ, ਗੁਣ ਗਹਿਰ ਗੰਭੀਰ ਅਖਵਾਇੰਦਾ। ਜੁਗਾ ਜੁਗੰਤਰ ਖੇਲ ਅਪਾਰ, ਆਪਣੀ ਆਪ ਕਰਾਇੰਦਾ। ਭਗਤ ਵਛਲ ਸਦ ਕਿਰਪਾਲ, ਕਰਤਾ ਪੁਰਖ ਨਾਉਂ ਧਰਾਇੰਦਾ। ਹਰਿਜਨ ਵੇਖੇ ਸਾਚੇ ਲਾਲ, ਸਾਚਾ ਮੇਵਾ ਅੰਮ੍ਰਿਤ ਫਲ ਖੁਵਾਇੰਦਾ। ਸਤਿਗੁਰ ਸੂਰਾ ਬਣ ਦਲਾਲ, ਲੋਕਮਾਤ ਪਾਰ ਕਰਾਇੰਦਾ। ਜੋ ਜਨ ਘਾਲਣ ਰਹੇ ਘਾਲ, ਪੂਰਬ ਲੇਖਾ ਝੋਲੀ ਪਾਇੰਦਾ। ਤੋੜਣਹਾਰਾ ਜਗਤ ਜੰਜਾਲ, ਲੱਖ ਚੁਰਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਜਗਤ ਟੁੱਟੀ ਦੇਵੇ ਗੰਢ, ਗੁਰ ਸਤਿਗੁਰ ਹੱਥ ਵਡਿਆਈਆ। ਏਕਾ ਅੱਖਰ ਨਾਮ ਦੇਵੇ ਵੰਡ, ਆਪਣੀ ਭਿਛਿਆ ਆਪੇ ਪਾਈਆ। ਕਾਇਆ ਸੀਤਲ ਪਾਏ ਠੰਡ, ਸਾਂਤਕ ਸਤਿ ਸਰੂਪ ਵਖਾਈਆ। ਜਗਤ ਵਿਕਾਰਾ ਤੋੜ ਘਮੰਡ, ਏਕਾ ਰੰਗਣ ਰੰਗ ਰੰਗਾਈਆ। ਲੇਖਾ ਜਾਣੇ ਬੱਤੀ ਦੰਦ, ਰਸਨਾ ਜਿਹਵਾ ਜੋ ਜਨ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਬੇਪਰਵਾਹੀਆ। ਟੁੱਟੀ ਗੰਢੇ ਹਰਿ ਗੋਬਿੰਦ, ਜੁਗ ਜੁਗ ਵੱਡੀ ਵਡਿਆਈਆ। ਗੁਰਮੁਖਾਂ ਮੇਟੇ ਸਗਲੀ ਚਿੰਦ, ਸਾਚੀ ਸਿਖਿਆ ਸਿਖ ਸਮਝਾਈਆ। ਹਰਿਜਨ ਉਪਜਾਏ ਆਪਣੀ ਬਿੰਦ, ਸੁੱਤ ਨਾਦੀ ਨਾਉਂ ਧਰਾਈਆ। ਦਾਤਾ ਦਾਨੀ ਗੁਣੀ ਗਹਿੰਦ, ਸਾਚੀ ਵਸਤੂ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਸ਼ਬਦ ਕਰੇ ਕੁੜਮਾਈਆ। ਸਤਿਗੁਰ ਪੂਰਾ ਹਰਿ ਮਿਹਰਵਾਨ, ਹਰਿਜਨ ਸਾਚੇ ਵੇਖ ਵਖਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਮੇਲ ਮਿਲਾਇੰਦਾ। ਆਤਮ ਦਰਸੀ ਦਰਸ ਮਹਾਨ, ਦਰ ਦੁਵਾਰਾ ਇਕ ਵਖਾਇੰਦਾ। ਨਾਤਾ ਤੁੱਟੇ ਜਗਤ ਜਹਾਨ, ਘਰ ਸਾਚਾ ਇਕ ਸੁਹਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਸੁਲਤਾਨ, ਸਤਿਗੁਰ ਪੂਰਾ ਇਕ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲੇਖੇ ਲਾਇੰਦਾ। ਆਇਆ ਦਰ ਹਰਿ ਨਿਰੰਕਾਰ, ਨਿਰਗੁਣ ਜੋਤੀ ਨੂਰ ਜਗਾਈਆ। ਬਿਰਧ ਬਾਲਾਂ ਜਾਏ ਤਾਰ, ਜੋ ਜਨ ਆਏ ਸਰਨਾਈਆ। ਅੰਤਮ ਵਾਰ ਨਾ ਹੋਏ ਖ਼ੁਆਰ, ਮੇਲ ਮਿਲਾਏ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਦਇਆ ਕਮਾਈਆ। ਜਗਤ ਬੁਢੇਪਾ ਤੁਟਾ ਨਾਤਾ, ਹਰਿ ਸਤਿਗੁਰ ਆਪ ਤੁੜਾਇੰਦਾ। ਰਸਣਾ ਗੌਣਾ ਸਾਚਾ ਜਾਪਾ, ਸੋਹੰ ਨਾਮ ਜਪਾਇੰਦਾ। ਮੇਟ ਮਿਟਾਏ ਤੀਨੋਂ ਤਾਪਾ, ਅਗਨੀ ਤੱਤ ਨਾ ਕੋਇ ਤਪਾਇੰਦਾ। ਮੇਲ ਮਿਲਾਏ ਸਾਚੇ ਬਾਪਾ, ਪਿਤਾ ਪੂਤ ਏਕਾ ਗੋਦ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਦਰ, ਸਾਚਾ ਦਰਸੀ ਦਰਸ ਵਖਾਇੰਦਾ। ਜਗਤ ਬੁੜੇਪਾ ਨਿਭਿਆ ਤੋੜ, ਹਰਿ ਸਾਚਾ ਵੇਖ ਵਖਾਨਿਆ। ਅੰਤਮ ਚਾੜ੍ਹੇ ਆਪਣੇ ਘੋੜ, ਪਾਰ ਕਰਾਏ ਦੋ ਜਹਾਨਿਆਂ। ਸਤਿਗੁਰ ਪੂਰਾ ਬੰਦੀ ਛੋੜ, ਤੋੜੇ ਬੰਦ ਖੇਲ ਮਹਾਨਿਆ। ਅੰਤਮ ਵੇਲੇ ਜਾਏ ਬੌਹੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰੀ ਭਗਵਾਨਿਆ। ਪੰਜ ਤੱਤ ਤੱਤ ਪਿਆਰ, ਤੱਤਵ ਤੱਤ ਰਿਹਾ ਤਜਾਈਆ। ਬਲ ਛੁਟਕਿਆ ਸਰਬ ਸੰਸਾਰ, ਨੇਤਰਹੀਣ ਜੋਤ ਖਿਚਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਖੇਲੇ ਖੇਲ ਬੇਪਰਵਾਹੀਆ। ਜੋ ਜਨ ਚਰਨ ਸਰਨ ਸੀਸ ਧਰੇ ਦਸਤਾਰ, ਸੀਸ ਜਗਦੀਸ਼ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਅਗੰਮ ਅਪਾਰ, ਆਦਿ ਜੁਗਾਦਿ ਵੱਡੀ ਵਡਿਆਈਆ। ਆਦਿ ਜੁਗਾਦਿ ਜਗਤ ਗੁਰਦੇਵ, ਏਕਾ ਏਕਉਂਕਾਰਿਆ। ਜਨ ਭਗਤਾਂ ਲਾਵੇ ਆਪਣੀ ਸੇਵ, ਆਪ ਆਪਣਾ ਖੇਲ ਖਿਲਾ ਰਿਹਾ। ਏਕਾ ਅੰਮ੍ਰਿਤ ਆਤਮ ਨਾਮ ਦੇਵੇ ਮੇਵ, ਸਾਚਾ ਫਲ ਖੁਵਾ ਰਿਹਾ। ਗੁਰਮੁਖ ਗੁਰਸਿਖ ਗਾਏ ਰਸਨਾ ਜਿਹਵ, ਏਕਾ ਸਿਖਿਆ ਸਿਖ ਸਮਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਲੜ ਹਰਿਜਨ ਫੜ, ਆਪੇ ਬੰਧ ਬੰਧਾ ਲਿਆ।
