Granth 09 Likhat 029: 2 Poh 2016 Bikarmi Kartar Singh de Ghar Pind Bhumbli Gurdaspur

੨ ਪੋਹ ੨੦੧੬ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਭੂੰਬਲੀ ਗੁਰਦਾਸਪੁਰ

ਸੋ ਪੁਰਖ ਨਿਰੰਜਨ ਸਰਬ ਗੁਣਵੰਤ, ਬੇਐਬ ਪਰਵਰਦਗਾਰਿਆ। ਹਰਿ ਪੁਰਖ ਨਿਰੰਜਨ ਆਦਿ ਅੰਤ, ਆਪ ਆਪਣੀ ਕਲ ਵਰਤਾ ਰਿਹਾ। ਏਕੰਕਾਰਾ ਖੇਲ ਭਗਵੰਤ, ਨਿਰਗੁਣ ਆਪਣਾ ਰੂਪ ਵਟਾ ਰਿਹਾ। ਆਦਿ ਨਿਰੰਜਨ ਦੀਪਕ ਜੋਤ ਇਕ ਜਗੰਤ, ਪ੍ਰਕਾਸ਼ ਪ੍ਰਕਾਸ਼ ਸਮਾ ਰਿਹਾ। ਸ੍ਰੀ ਭਗਵਾਨ ਬਣਾਏ ਬਣਤ, ਆਪ ਆਪਣੀ ਦਇਆ ਕਮਾ ਰਿਹਾ। ਅਬਿਨਾਸ਼ੀ ਕਰਤਾ ਆਪੇ ਕਰੇ ਆਪਣੀ ਮੰਨਤ, ਆਪਣਾ ਇਸ਼ਟ ਆਪੇ ਉਪਾ ਰਿਹਾ। ਪਾਰਬ੍ਰਹਮ ਜੁਗਾ ਜੁਗੰਤ, ਆਪਣੀ ਰੀਤੀ ਆਪ ਚਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਅਕੱਲਾ ਏਕੰਕਾਰਾ ਆਪ ਆਪਣਾ ਖੇਲ ਖਲਾ ਰਿਹਾ। ਖੇਲ ਖਲੰਦੜਾ ਹਰਿ ਭਗਵਾਨ, ਆਦਿ ਜੁਗਾਦਿ ਵੱਡੀ ਵਡਿਆਈਆ। ਨਿਰਗੁਣ ਰੂਪ ਖੇਲ ਮਹਾਨ, ਰੂਪ ਰੰਗ ਨਾ ਕੋਇ ਵਖਾਈਆ। ਕਮਲਾਪਾਤੀ ਨੌਜਵਾਨ, ਨਾ ਮਰੇ ਨਾ ਜਾਈਆ। ਵਸਣਹਾਰਾ ਸਚ ਮਕਾਨ, ਘਰ ਸੁਹੰਜਣਾ ਇਕ ਵਖਾਈਆ। ਨਾ ਕੋਈ ਬਣਾਏ ਲੋਹਾਰ ਤਰਖਾਨ, ਬਾਢੀ ਸੇਵ ਨਾ ਕੋਈ ਕਮਾਈਆ। ਕਰੇ ਖੇਲ ਹਰਿ ਗੁਣ ਨਿਧਾਨ, ਵਡ ਦਾਤਾ ਬੇਪ੍ਰਵਾਹੀਆ। ਆਪ ਆਪਣਾ ਕਰ ਪ੍ਰਧਾਨ, ਆਪੇ ਵੇਖ ਵਖਾਈਆ। ਆਪੇ ਜਾਣੇ ਆਪਣਾ ਸਚ ਨਿਸ਼ਾਨ, ਸਚਖੰਡ ਨਿਵਾਸੀ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਭੇਵ ਆਪ ਛੁਪਾਈਆ। ਭੇਵ ਅਭੇਦਾ ਹਰਿ ਨਿਰੰਕਾਰਾ, ਭੇਵ ਕੋਈ ਨਾ ਪਾਇੰਦਾ। ਸੁਤੇ ਪ੍ਰਕਾਸ਼ ਕਰ ਅਕਾਰਾ, ਨਿਰਗੁਣ ਧਾਰਾ ਨਿਰਗੁਣ ਵਿਚ ਸਮਾਇੰਦਾ। ਦੀਪਕ ਬਾਤੀ ਕਰ ਉਜਿਆਰਾ, ਨੂਰੋ ਨੂਰ ਡਗਮਗਾਇੰਦਾ। ਆਪ ਸੁਹਾਏ ਸਚ ਦਵਾਰਾ, ਸਚਖੰਡ ਸਾਚਾ ਧਾਮ ਵਖਾਇੰਦਾ। ਥਿਰ ਘਰ ਖੋਲ੍ਹ ਆਪ ਕਿਵਾੜਾ, ਘਰ ਘਰ ਵਿਚ ਡੇਰਾ ਲਾਇੰਦਾ। ਪੁਰਖ ਅਗੰਮੀ ਬੋਲ ਜੈਕਾਰਾ, ਆਪਣਾ ਨਾਅਰਾ ਆਪ ਸੁਣਾਇੰਦਾ। ਨਾ ਪੁਰਖ ਨਾ ਦਿਸੇ ਨਾਰਾ, ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਮੇਲ ਮਿਲਾਇੰਦਾ। ਏਕੰਕਾਰਾ ਕਰ ਪਸਾਰਾ, ਆਦਿ ਨਿਰੰਜਨ ਵੇਖ ਵਖਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰਾ, ਸ੍ਰੀ ਭਗਵਾਨ ਸੰਗ ਨਿਭਾਇੰਦਾ। ਪਾਰਬ੍ਰਹਮ ਪ੍ਰਭ ਕਰ ਪਸਾਰਾ, ਇਕ ਅਕੱਲਾ ਵੇਖ ਵਖਾਇੰਦਾ। ਸਚਖੰਡ ਨਿਵਾਸੀ ਨਿਰਗੁਣ ਧਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਸੋਭਾ ਪਾਇੰਦਾ। ਦਰ ਘਰ ਸਾਚਾ ਹਰਿ ਦਵਾਰ, ਪੁਰਖ ਅਬਿਨਾਸ਼ੀ ਆਪ ਉਪਜਾਇੰਦਾ। ਨਾ ਕੋਈ ਦਿਸੇ ਚਾਰ ਦੀਵਾਰ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਸ਼ਾਹੋ ਭੂਪ ਸੱਚਾ ਸਿਕਦਾਰ, ਨਿਰਾਕਾਰ ਆਪ ਅਖਵਾਇੰਦਾ। ਸਚ ਸੰਘਾਸਨ ਕਰ ਤਿਆਰ, ਪੁਰਖ ਅਬਿਨਾਸ਼ਨ ਆਸਨ ਲਾਇੰਦਾ। ਦੇਵਣਹਾਰਾ ਧੁਰ ਫ਼ਰਮਾਣ, ਆਪ ਆਪਣਾ ਹੁਕਮ ਚਲਾਇੰਦਾ। ਹੁਕਮੀ ਹੁਕਮ ਕਰੇ ਕਾਰ, ਕਰਨੀ ਕਰਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਆਪਣਾ ਨਾਉਂ ਉਪਜਾਇੰਦਾ। ਜੂਨੀ ਰਹਿਤ ਹਰਿ ਭਗਵਾਨਾ, ਭੇਵ ਕੋਇ ਨਾ ਪਾਇੰਦਾ। ਪੁਰਖ ਅਕਾਲ ਖੇਲ ਮਹਾਨਾ, ਦਿਸ ਕਿਸੇ ਨਾ ਆਇੰਦਾ। ਵਸਣਹਾਰਾ ਸਚ ਮਕਾਨਾ, ਸਚਖੰਡ ਨਿਵਾਸੀ ਨਾਉਂ ਧਰਾਇੰਦਾ। ਸ਼ਾਹੋ ਭੂਪ ਹਰਿ ਵਡ ਸੁਲਤਾਨਾ, ਸਚ ਸਿੰਘਾਸਨ ਸੋਭਾ ਪਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲਧਾਰੀ ਬਲ ਰਖਾਇੰਦਾ। ਸਾਚਾ ਖੰਡਾ ਤੇਜ਼ ਕਿਰਪਾਨਾ, ਨਾਮ ਨਾਮਾ ਹੱਥ ਉਠਾਇੰਦਾ। ਸਾਚਾ ਬੰਕ ਇਕ ਵਖਾਨਾ, ਬੰਕ ਦਵਾਰੀ ਆਪ ਖੁਲਾਇੰਦਾ। ਰਾਗ ਅਨਾਦੀ ਇਕ ਤਰਾਨਾ, ਧੁਨ ਅਗੰਮੜੀ ਆਪ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਏਕੰਕਾਰਾ ਖੇਲ ਨਿਆਰਾ, ਪਾਰਬ੍ਰਹਮ ਨਾ ਮਰੇ ਨਾ ਪਏ ਜੰਮ, ਆਪਣੀ ਖੇਲ ਆਪ ਖਲਾਇੰਦਾ। ਸੋ ਪੁਰਖ ਨਿਰੰਜਨ ਅਗੰਮ ਅਥਾਹ, ਭੇਵ ਕੋਇ ਨਾ ਪਾਇੰਦਾ। ਹਰਿ ਪੁਰਖ ਨਿਰੰਜਨ ਬੇਪਰਵਾਹ, ਆਪਣੀ ਰਚਨ ਰਚਾਇੰਦਾ। ਏਕੰਕਾਰਾ ਵਸੇ ਏਕਾ ਥਾਂ, ਮਹੱਲ ਅਟੱਲ ਅਚੱਲ ਇਕ ਵਖਾਇੰਦਾ। ਆਦਿ ਨਿਰੰਜਨ ਏਕਾ ਦੀਪਕ ਦਏ ਜਗਾ, ਆਦਿ ਜੁਗਾਦਿ ਨਾ ਕੋਇ ਬੁਝਾਇੰਦਾ। ਸ੍ਰੀ ਭਗਵਾਨ ਪਿਤਾ ਮਾਂ, ਮਾਤ ਪਿਤ ਆਪ ਹੋ ਜਾਇੰਦਾ। ਅਬਿਨਾਸ਼ੀ ਕਰਤਾ ਕਰੇ ਸਚ ਨਿਆਂ, ਸਾਚਾ ਸਾਲਸ ਵੇਸ ਵਟਾਇੰਦਾ। ਪਾਰਬ੍ਰਹਮ ਪ੍ਰਭ ਪਕੜੇ ਬਾਂਹ, ਆਪਣਾ ਪਲੂ ਆਪ ਉਠਾਇੰਦਾ। ਏਕਾ ਸਿਖਿਆ ਦਏ ਸਮਝਾ, ਲੇਖਾ ਲਿਖਤ ਵਿਚ ਨਾ ਆਇੰਦਾ। ਆਪਣੀ ਵੰਡਨ ਆਪ ਵੰਡਾ, ਆਪਣਾ ਹਿੱਸਾ ਆਪੇ ਪਾਇੰਦਾ। ਏਕਾ ਸੁਤ ਸ਼ਬਦ ਜਣਾ, ਜਨ ਜਨਨੀ ਲੇਖੇ ਲਾਇੰਦਾ। ਦਾਈ ਦਾਇਆ ਨਾ ਲਿਆ ਬਣਾ, ਨਾ ਕੋਈ ਗੋਦ ਵਖਾਇੰਦਾ। ਆਪਣੀ ਕਰਨੀ ਆਪ ਕਰਾ, ਕਰਤਾ ਪੁਰਖ ਵੇਖ ਵਖਾਇੰਦਾ। ਸੁਤ ਦੁਲਾਰਾ ਲਏ ਪ੍ਰਗਟਾ, ਘਰ ਸਾਚੇ ਸੋਭਾ ਪਾਇੰਦਾ। ਸਚ ਸੁਨੇਹੜਾ ਦਏ ਸੁਣਾ, ਏਕਾ ਰੰਗ ਰੰਗਾਇੰਦਾ। ਲੋਆਂ ਪੁਰੀਆਂ ਰਚਨ ਰਚਾ, ਬ੍ਰਹਿਮੰਡਾਂ ਖੰਡਾਂ ਬੰਕ ਸੁਹਾਇੰਦਾ। ਗਗਨ ਪਾਤਾਲਾਂ ਜੋਤ ਜਗਾ, ਰਵ ਸਸ ਲੇਖ ਲਿਖਾਇੰਦਾ। ਆਪਣਾ ਅੰਗ ਆਪ ਕਟਾ, ਨਿਰਗੁਣ ਸਰਗੁਣ ਰੂਪ ਵਟਾਇੰਦਾ। ਵਿਸ਼ਨੂੰ ਵੰਸ ਦਏ ਚਲਾ, ਬ੍ਰਹਮਾ ਕਵਲ ਫੁਲ ਖਲਾਇੰਦਾ। ਨਾਭੀ ਰੂਪ ਆਪ ਧਰਾ, ਅੰਮ੍ਰਿਤ ਜਲ ਸਿੰਚ ਹਰਾ ਕਰਾਇੰਦਾ। ਸ਼ੰਕਰ ਮੇਲਾ ਬੇਪਰਵਾਹ, ਅੰਧ ਅੰਧੇਰ ਉਪਾਇੰਦਾ। ਤਿੰਨਾਂ ਵੇਖੇ ਏਕਾ ਥਾਂ, ਏਕਾ ਤਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਨ ਦਿਆਲਾ ਹਰਿ ਗੋਪਾਲਾ, ਆਪਣੀ ਕੁਲ ਆਪ ਉਪਜਾਇੰਦਾ। ਪਾਰਬ੍ਰਹਮ ਪ੍ਰਭ ਖੇਲ ਅਪਾਰਾ, ਬ੍ਰਹਮ ਆਪਣੀ ਕੁਲ ਉਪਜਾਇੰਦਾ। ਵਿਸ਼ਨ ਸ਼ਿਵ ਕਰ ਪਸਾਰਾ, ਤ੍ਰੈ ਤ੍ਰੈ ਮੇਲ ਮਿਲਾਇੰਦਾ। ਨਿਰਗੁਣ ਸਰਗੁਣ ਖੇਲ ਸੰਸਾਰਾ, ਸਾਖਯਾਤ ਰੂਪ ਪ੍ਰਗਟਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਦਰ ਘਰ ਸਾਚੇ ਆਪ ਵਰਤਾਇੰਦਾ। ਰਜੋ ਤਮੋ ਸਤੋ ਦਏ ਹੁਲਾਰਾ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਪੰਜ ਤਤ ਜੋੜ ਜੁੜਾਇੰਦਾ। ਪੰਜ ਦਸ ਕਰ ਪ੍ਰਕਾਸ਼, ਦਸ ਪੰਜ ਲੇਖ ਲਿਖਾਇੰਦਾ। ਤ੍ਰੈ ਤ੍ਰੈ ਕਰ ਨਵਾਸ, ਤਤਵ ਤਤ ਇਕ ਜਣਾਇੰਦਾ। ਅੰਦਰ ਬਾਹਰ ਪਾਵੇ ਰਾਸ, ਗੁਪਤ ਜ਼ਾਹਰ ਦਿਸ ਨਾ ਆਇੰਦਾ। ਖੇਲੇ ਖੇਲ ਪ੍ਰਿਥਮੀ ਆਕਾਸ਼, ਜਲ ਬਿੰਬ ਰੂਪ ਵਟਾਇੰਦਾ। ਪਵਨ ਸਵਾਸੀ ਦਏ ਸਵਾਸ, ਸਾਸ ਗਰਾਸ ਲੇਖ ਲਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅਨਾਦੀ ਹਰਿ ਬ੍ਰਹਿਮਾਦੀ ਪਾਰਬ੍ਰਹਮ ਆਪਣਾ ਨਾਉਂ ਰਖਾਇੰਦਾ। ਪਾਰਬ੍ਰਹਮ ਸੇਵਾਦਾਰ, ਸਾਚੀ ਸੇਵਾ ਆਪ ਕਰਾਈਆ। ਲੱਖ ਚੁਰਾਸੀ ਕਰ ਪਿਆਰ, ਘਰ ਘਰ ਵਿਚ ਖੋਜ ਖੋਜਾਈਆ । ਅੰਦਰ ਵੜੇ ਡੂੰਘੀ ਗਾਰ, ਆਪ ਆਪਣਾ ਰਾਹ ਤਕਾਈਆ। ਜੋਤ ਨਿਰੰਜਨ ਕਰ ਉਜਿਆਰ, ਸਤਿ ਸਰੂਪੀ ਡਗਮਗਾਈਆ। ਅੰਮ੍ਰਿਤ ਆਤਮ ਭਰ ਭੰਡਾਰ, ਠਾਂਡਾ ਸੀਰ ਇਕ ਰਖਾਈਆ। ਆਪ ਆਪਣਾ ਖੋਲ੍ਹ ਕਿਵਾੜ, ਆਤਮ ਸੇਜਾ ਰਿਹਾ ਸੁਹਾਈਆ। ਨਿਰਗੁਣ ਸਰਗੁਣ ਕਰੇ ਪਿਆਰ, ਵਡ ਦਾਤਾ ਬੇਪ੍ਰਵਾਹੀਆ। ਮਨ ਮਤ ਬੁਧ ਨਾ ਪਾਵੇ ਸਾਰ, ਅਨਭਵ ਦ੍ਰਿਸ਼ਟੀ ਆਪਣੇ ਹੱਥ ਰਖਾਈਆ। ਨਾਤਾ ਤੋੜ ਗੜ੍ਹ ਹੰਕਾਰ, ਆਸਾ ਤ੍ਰਿਸ਼ਨਾ ਦਏ ਮਿਟਾਈਆ। ਲੇਖਾ ਚੁਕਾਏ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਚਮ ਸ਼ਬਦ ਕਰੇ ਕੁੜਮਾਈਆ। ਧੁਨ ਅਨਾਦਿ ਸੱਚੀ ਧੁਨਕਾਰ, ਅਨਹਦ ਸਾਚਾ ਰਾਗ ਸੁਣਾਈਆ। ਪੰਚਮ ਸਖੀਆਂ ਮੀਤ ਮੁਰਾਰ, ਸਾਚਾ ਸੋਹਲਾ ਏਕਾ ਢੋਲਾ ਗਾਈਆ। ਘਰ ਸੁਹੰਜਣਾ ਆਦਿ ਨਿਰੰਜਨਾ ਏਕਾ ਬੈਠਾ ਏਕੰਕਾਰ, ਦੂਜਾ ਸੰਗ ਨਾ ਕੋਇ ਵਖਾਈਆ। ਖ਼ਾਲਕ ਖ਼ਲਕ ਕਰ ਪਸਾਰ, ਖ਼ਲਕ ਖ਼ਾਲਕ ਦਏ ਵਡਿਆਈਆ। ਬੇਐਬ ਖ਼ੁਦਾਈ ਪਰਵਰਦਿਗਾਰ, ਨੂਰੋ ਨੂਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਮਹੱਲਾ ਇਕ ਅਕੱਲਾ ਆਪਣਾ ਆਪ ਵਸਾਈਆ। ਸਚ ਮਹੱਲਾ ਸਚਖੰਡ, ਹਰਿ ਸਾਚਾ ਆਪ ਉਪਜਾਇੰਦਾ। ਸਚ ਮਹੱਲਾ ਵਿਚ ਬ੍ਰਹਿਮੰਡ, ਹਰਿ ਆਪਣੀ ਰਚਨ ਰਚਾਇੰਦਾ। ਸਚ ਮਹੱਲਾ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਇੰਦਾ । ਸਚ ਮਹੱਲਾ ਇਕ ਅਕੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਸਾਚਾ ਆਪ ਉਪਾਇੰਦਾ। ਸਚ ਮਹੱਲਾ ਥਿਰ ਘਰ, ਦੂਸਰ ਦਰ ਨਾ ਕੋਈ ਵਖਾਈਆ। ਸਚ ਮਹੱਲਾ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਚ ਮਹੱਲਾ ਅੰਦਰ ਵੜ, ਪੁਰਖ ਅਬਿਨਾਸ਼ੀ ਡੇਰਾ ਲਾਈਆ। ਸਚ ਮਹੱਲਾ ਆਪੇ ਚੜ੍ਹ, ਸਚ ਸਿੰਘਾਸਨ ਆਸਨ ਸੋਭਾ ਪਾਈਆ। ਸਚ ਮਹੱਲਾ ਵੇਖੇ ਖੜ, ਏਕੰਕਾਰਾ ਵਡ ਵਡਿਆਈਆ। ਸਚ ਮਹੱਲਾ ਇਕ ਅਕੱਲਾ ਨਾ ਕੋਈ ਸਕੇ ਫੜ, ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਸਚ ਮਹੱਲਾ ਅਗੰਮ ਅਥਾਹ, ਸੋ ਪੁਰਖ ਨਿਰੰਜਨ ਆਪ ਉਪਜਾਇੰਦਾ । ਸਚ ਮਹੱਲਾ ਬੇਪਰਵਾਹ, ਹਰਿ ਪੁਰਖ ਨਿਰੰਜਨ ਵੇਖ ਵਖਾਇੰਦਾ। ਸਚ ਮਹੱਲਾ ਇਕ ਮਲਾਹ, ਏਕੰਕਾਰਾ ਆਪ ਅਖਵਾਇੰਦਾ। ਸਚ ਮਹੱਲਾ ਸਾਚਾ ਥਾਂ, ਸ੍ਰੀ ਭਗਵਾਨ ਆਪ ਸੁਹਾਇੰਦਾ। ਸਚ ਮਹੱਲਾ ਸਾਚਾ ਪਕੜੇ ਬਾਂਹ, ਅਬਿਨਾਸ਼ੀ ਕਰਤਾ ਸੇਵ ਕਮਾਇੰਦਾ। ਸਚ ਮਹੱਲਾ ਕਰੇ ਸਚ ਨਿਆਂ, ਪਾਰਬ੍ਰਹਮ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚਾ ਇਕ ਵਖਾਇੰਦਾ। ਸਚ ਮਹੱਲਾ ਸਚ ਸਿੰਘਾਸਨ, ਹਰਿ ਸਾਚਾ ਆਪ ਸੁਹਾਇੰਦਾ। ਸਚ ਮਹੱਲਾ ਪੁਰਖ ਅਬਿਨਾਸ਼ਨ, ਪਾਰਬ੍ਰਹਮ ਵਡ ਵਡਿਆਇੰਦਾ। ਸਚ ਮਹੱਲਾ ਪ੍ਰਿਥਮੀ ਆਕਾਸ਼ਨ, ਗਗਨ ਪਾਤਾਲ ਨਾ ਕੋਇ ਬਣਾਇੰਦਾ। ਸਚ ਮਹੱਲਾ ਸਾਚੀ ਰਾਸਨ, ਨਿਰਗੁਣ ਦਾਤਾ ਆਪ ਰਚਾਇੰਦਾ। ਸਚ ਮਹੱਲਾ ਇਕ ਅਕੱਲਾ ਕਰੇ ਵਾਸਨ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦੇਵੇ ਵਰ, ਥਿਰ ਥਿਰ ਅੰਦਰ ਵੜ, ਏਕਾ ਆਪਣੀ ਬੂਝ ਬੁਝਾਇੰਦਾ। ਸਚਖੰਡ ਦਵਾਰਾ ਪੁਰਖ ਅਕਾਲ, ਅਨਡਿਠ ਧਾਮ ਰਖਾਈਆ। ਥਿਰ ਘਰ ਖੇਲ ਸ੍ਰੀ ਭਗਵਾਨ, ਆਦਿ ਜੁਗਾਦੀ ਰਿਹਾ ਕਰਾਈਆ। ਲੋਕਮਾਤ ਖੇਲ ਮਹਾਨ, ਲੱਖ ਚੁਰਾਸੀ ਰਚਨ ਰਚਾਈਆ। ਘਰ ਵਿਚ ਘਰ ਸਚ ਮਕਾਨ, ਦਰ ਘਰ ਸਾਚਾ ਆਪ ਸੁਹਾਈਆ। ਦੇਵਣਹਾਰਾ ਧੁਰ ਫ਼ਰਮਾਣ, ਅੰਦਰ ਮੰਦਰ ਰਿਹਾ ਸੁਣਾਈਆ। ਸਾਚਾ ਮੰਦਰ ਕਰ ਪ੍ਰਵਾਨ, ਆਪ ਆਪਣਾ ਚਰਨ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਾਇਆ ਅੰਦਰ ਆਪੇ ਵੜ, ਆਪ ਆਪਣੀ ਖੋਜ ਖੋਜਾਈਆ। ਕਾਇਆ ਅੰਦਰ ਹਰਿ ਹਰਿ ਮੰਦਰ, ਹਰਿ ਸਾਚਾ ਆਪ ਉਪਾਇੰਦਾ। ਤ੍ਰੈ ਤ੍ਰੈ ਲਾਇਆ ਆਪੇ ਜੰਦਰ, ਨਾ ਕੋਈ ਤੋੜ ਤੁੜਾਇੰਦਾ। ਵਸਣਹਾਰਾ ਡੂੰਘੀ ਕੰਦਰ, ਆਪਣਾ ਮੁਖ ਛੁਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖ ਵਖਾਇੰਦਾ। ਹਰਿ ਮੰਦਰ ਹਰਿ ਸੋਭਾਵੰਤ, ਨਿਰਗੁਣ ਸਰਗੁਣ ਵਿਚ ਟਿਕਾਇਆ। ਹਰਿ ਮੰਦਰ ਮੇਲਾ ਸਾਚੇ ਕੰਤ, ਘਰ ਸਾਚੀ ਵੱਜੇ ਵਧਾਇਆ। ਹਰਿ ਮੰਦਰ ਫੁਲਵਾੜੀ ਫੁਲ ਖਿਲੇ ਬਸੰਤ, ਸਾਚੀ ਰੁਤੜੀ ਆਪ ਵਖਾਇਆ। ਹਰਿ ਮੰਦਰ ਮਿਲੇ ਏਕਾ ਨਾਮ ਮੰਤ, ਪੁਰਖ ਅਕਾਲ ਇਕ ਮਨਾਇਆ। ਹਰਿ ਮੰਦਰ ਬਣੇ ਸਾਚੀ ਬਣਤ, ਜਾਗਰਤ ਜੋਤ ਜੋਤ ਰੁਸ਼ਨਾਇਆ। ਹਰਿ ਮੰਦਰ ਮਹਿਮਾ ਗਣਤ ਅਗਣਤ, ਕੋਟਨ ਕੋਟ ਰਵ ਸਸ ਬੈਠੇ ਸੀਸ ਝੁਕਾਇਆ। ਹਰਿ ਮੰਦਰ ਮੇਲਾ ਸਾਚੇ ਸੰਤ, ਸਤਿਗੁਰ ਪੂਰਾ ਦਏ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਘਰ ਵਿਚ ਵੇਖ ਵਖਾਇਆ। ਹਰਿ ਮੰਦਰ ਕਾਇਆ ਗੜ੍ਹ, ਹਰਿ ਸਤਿਗੁਰ ਆਪ ਸੁਹਾਇੰਦਾ। ਹਰਿ ਮੰਦਰ ਹਰਿ ਜੀ ਵੇਖੇ ਵੜ, ਆਪਣਾ ਕੁੰਡਾ ਆਪੇ ਲਾਹਿੰਦਾ। ਹਰਿ ਮੰਦਰ ਏਕਾ ਅੱਖਰ ਜਾਏ ਪੜ੍ਹ, ਸੋ ਪੁਰਖ ਨਿਰੰਜਨ ਆਪ ਪੜ੍ਹਾਇੰਦਾ। ਹਰਿ ਮੰਦਰ ਅਗਨੀ ਹਵਨ ਨਾ ਜਾਏ ਸੜ, ਖ਼ਾਕੀ ਖ਼ਾਕ ਨਾ ਕੋਇ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਮੰਦਰ ਇਕ ਉਪਾਇੰਦਾ। ਹਰਿ ਮੰਦਰ ਸਚ ਟਿਕਾਣਾ, ਘਰ ਘਰ ਵਿਚ ਆਪ ਰਖਾਇਆ। ਹਰਿ ਮੰਦਰ ਸ਼ਬਦ ਬਬਾਣਾ, ਗੁਰ ਸਤਿਗੁਰ ਰਿਹਾ ਉਡਾਇਆ। ਹਰਿ ਮੰਦਰ ਅੰਮ੍ਰਿਤ ਆਤਮ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਗਵਾਇਆ। ਹਰਿ ਮੰਦਰ ਮਿਲੇ ਸਾਚਾ ਮਾਣਾ, ਨਿਮਾਣ ਨਿਮਾਣਿਆਂ ਗਲੇ ਲਗਾਇਆ। ਹਰਿ ਮੰਦਰ ਵੇਖੇ ਇਕ ਨਿਸ਼ਾਨਾ, ਧਰਮ ਨਿਸ਼ਾਨਾ ਇਕ ਝੁਲਾਇਆ। ਹਰਿ ਮੰਦਰ ਸੁਣੇ ਏਕਾ ਗਾਣਾ, ਛੱਤੀ ਰਾਗ ਨੈਣ ਸ਼ਰਮਾਇਆ। ਹਰਿ ਮੰਦਰ ਮਿਲੇ ਪਦ ਨਿਰਬਾਣਾ, ਅਮਰਾ ਪਦ ਇਕ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੱਖ ਚੁਰਾਸੀ ਕਾਇਆ ਮੰਦਰ ਹਰਿ ਮੰਦਰ ਨਾਉਂ ਉਪਜਾਇਆ। ਹਰਿ ਮੰਦਰ ਹਰਿ ਗੋਪਾਲ, ਹਰਿ ਗੋਬਿੰਦ ਵਡ ਵਡਿਆਈਆ। ਹਰਿ ਮੰਦਰ ਦੀਨ ਦਿਆਲ, ਦਇਆਨਿਧ ਆਸਣ ਲਾਈਆ। ਹਰਿ ਮੰਦਰ ਜਲਵਾ ਨੂਰ ਨੂਰ ਜਲਾਲ, ਨੂਰ ਨੂਰਾਨਾ ਡਗਮਗਾਈਆ। ਹਰਿ ਮੰਦਰ ਨਾ ਕੋਈ ਸ਼ਾਹ ਨਾ ਕੰਗਾਲ, ਏਕਾ ਰੰਗ ਸਰਬ ਰੰਗਾਈਆ। ਹਰਿ ਮੰਦਰ ਹਰਿ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵਡ ਵਡਿਆਈਆ। ਹਰਿ ਮੰਦਰ ਤੁੱਟੇ ਜਗਤ ਜੰਜਾਲ, ਲੱਖ ਚੁਰਾਸੀ ਰਹਿਣ ਨਾ ਪਾਈਆ। ਹਰਿ ਮੰਦਰ ਮਿਲੇ ਨਾਮ ਸੱਚਾ ਧਨ ਮਾਲ, ਸਚ ਖ਼ਜ਼ਾਨਾ ਇਕ ਵਖਾਈਆ। ਹਰਿ ਮੰਦਰ ਹਰਿਜਨ ਹਰਿ ਹਰਿ ਆਪੇ ਲਏ ਭਾਲ, ਆਪ ਆਪਣੀ ਬੂਝ ਬੁਝਾਈਆ। ਹਰਿ ਮੰਦਰ ਮਿਲੇ ਗੁਰ ਦਲਾਲ, ਸਾਚਾ ਵਣਜ ਇਕ ਵਖਾਈਆ। ਹਰਿ ਮੰਦਰ ਵੇਖੇ ਆਪ ਗੋਪਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਏਕੰਕਾਰਾ, ਨਿਰਗੁਣ ਸਰਗੁਣ ਮੇਲਾ ਕੰਤ ਭਤਾਰਾ, ਆਤਮ ਸੇਜਾ ਇਕ ਸੁਹਾਈਆ। ਹਰਿ ਮੰਦਰ ਹਰਿ ਸੁਹਾਇਆ, ਬੈਠਾ ਤ੍ਰੈਗੁਣ ਅਤੀਤ। ਏਕਾ ਮੰਦਰ ਨਾਮ ਦ੍ਰਿੜਾਇਆ, ਕਿਸੇ ਹੱਥ ਨਾ ਆਏ ਗੁਰਦਵਾਰ ਮੰਦਰ ਮਸਜਦ ਮਸੀਤ। ਗੁਰਮੁਖ ਸਾਚੇ ਲਏ ਜਗਾਇਆ, ਵਖਾਏ ਧਾਮ ਇਕ ਅਨਡੀਠ। ਫੜ ਫੜ ਮਾਰਗ ਆਪੇ ਪਾਇਆ, ਆਪ ਜਣਾਏ ਆਪਣੀ ਰੀਤ। ਨੇਤਰ ਨੈਣ ਇਕ ਖੁਲ੍ਹਾਇਆ, ਅੱਠੇ ਪਹਿਰ ਵਸੇ ਚੀਤ। ਰਾਗ ਅਨਾਦੀ ਇਕ ਅਲਾਇਆ, ਧੁਨ ਅਗੰਮੀ ਸਚ ਸੰਗੀਤ। ਬਜਰ ਕਪਾਟੀ ਤੋੜ ਤੁੜਾਇਆ, ਗੜ੍ਹ ਹੰਕਾਰਾ ਭੈ ਭੀਤ। ਆਤਮ ਸੇਜਾ ਦਏ ਸੁਹਾਇਆ, ਹਰਿਜਨ ਕਰੇ ਪਤਿਤ ਪੁਨੀਤ। ਸਰ ਸਰੋਵਰ ਇਕ ਨੁਹਾਇਆ, ਏਕਾ ਰੰਗ ਰੰਗਾਏ ਹਸਤ ਕੀਟ। ਨਿਰਗੁਣ ਦੀਪਕ ਇਕ ਜਗਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਹਰਿ ਮੰਦਰ ਆਪੇ ਪੇਖੇ ਆਪੇ ਗਾਏ ਆਪਣਾ ਗੀਤ। ਹਰਿ ਮੰਦਰ ਹਰਿ ਸਾਖਯਾਤ, ਜਨ ਭਗਤਾਂ ਬੂਝ ਬੁਝਾਇੰਦਾ। ਆਪੇ ਬਹਿ ਬਹਿ ਮਾਰੇ ਝਾਤ, ਸਚ ਝਰੋਕਾ ਆਪ ਖੁਲਾਇੰਦਾ। ਆਪੇ ਬੰਦ ਕਿਵਾੜੀ ਵੇਖੇ ਤਾਕ, ਆਪਣਾ ਪੜ੍ਹਦਾ ਆਪ ਰਖਾਇੰਦਾ। ਆਪੇ ਅਸਵ ਘੋੜੇ ਚੜ੍ਹੇ ਰਾਕ, ਸ਼ਬਦ ਅਗੰਮੀ ਆਪ ਦੋੜਾਇੰਦਾ। ਆਪੇ ਮਾਤ ਪਿਤ ਭਾਈ ਭੈਣ ਸੱਜਣ ਸਾਕ, ਪਿਤਾ ਪੂਤ ਆਪ ਅਖਵਾਇੰਦਾ। ਆਪੇ ਚਰਨ ਧੂੜੀ ਹੋਏ ਖ਼ਾਕੀ ਖ਼ਾਕ, ਆਪੇ ਸੀਸ ਤਾਜ ਟਿਕਾਇੰਦਾ। ਆਪੇ ਜਾਣੇ ਆਪਣੇ ਭਵਿਖਤ ਵਾਕ, ਲੇਖਾ ਆਪਣੇ ਹੱਥ ਰਖਾਇੰਦਾ। ਹਰਿ ਮੰਦਰ ਤੇਰੀ ਸਾਚੀ ਗਾਥ, ਗਹਿਰ ਗੰਭੀਰ ਆਪ ਸੁਣਾਇੰਦਾ। ਸਤਿਜੁਗ ਤ੍ਰੇਤਾ ਦੁਆਪਰ ਚਲਾਇਆ ਤੇਰਾ ਰਾਥ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਲੇਖ ਲਿਖਾਇੰਦਾ। ਹਰਿ ਮੰਦਰ ਲੇਖਾ ਹਰਿ ਨਿਰੰਕਾਰ, ਆਪ ਆਪਣਾ ਦਏ ਲਿਖਾਈਆ। ਆਪੇ ਗੁਰ ਆਪੇ ਅਵਤਾਰ, ਆਪੇ ਸਤਿਗੁਰ ਨਾਉਂ ਧਰਾਈਆ। ਆਪੇ ਰਾਜ ਜੋਗ ਸਿਕਦਾਰ, ਆਪੇ ਘਰ ਘਰ ਅਲੱਖ ਜਗਾਈਆ। ਆਪੇ ਨਾਮ ਭਗਤ ਭੰਡਾਰ, ਆਪਣੀ ਵਸਤ ਆਪ ਰਖਾਈਆ। ਆਪੇ ਬੋਲ ਸ਼ਬਦ ਜੈਕਾਰ, ਉਚੀ ਕੂਕ ਦਏ ਸੁਣਾਈਆ। ਆਪੇ ਸੰਤ ਸੁਹੇਲੇ ਲਏ ਤਾਰ, ਆਤਮ ਬ੍ਰਹਮ ਇਕ ਜਣਾਈਆ। ਆਪੇ ਗੁਰਮੁਖ ਕਰੇ ਸਚ ਪਿਆਰ, ਧਾਮ ਅਵਲੜਾ ਇਕ ਵਖਾਈਆ। ਆਪੇ ਗੁਰਸਿਖ ਲਏ ਉਭਾਰ, ਗੁਰ ਦੀਆ ਜੋਤ ਜਗਾਈਆ। ਆਪੇ ਸਾਚੇ ਮੰਦਰ ਹੋ ਉਜਿਆਰ, ਗੁਰ ਮੰਦਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪ੍ਰਕਾਸ਼ ਆਪ ਰਖਾਈਆ। ਅਨਭਵ ਪ੍ਰਕਾਸ਼ ਹਰਿ ਭਗਵੰਤਾ, ਭੇਵ ਕੋਇ ਨਾ ਪਾਇੰਦਾ। ਖੇਲ ਖਿਲਾਏ ਆਦਿਨ ਅੰਤਾ, ਨਾਦ ਅਨਾਦੀ ਨਾਦ ਵਜਾਇੰਦਾ। ਜੋਤ ਜਗਾਏ ਜੁਗਾ ਜੁਗੰਤਾ, ਲੋਕਮਾਤ ਵੇਸ ਵਟਾਇੰਦਾ। ਲੇਖਾ ਜਾਣੇ ਸਾਧਨ ਸੰਤਾ, ਭਗਤ ਭਗਤਾਂ ਮੂਲ ਚੁਕਾਇੰਦਾ। ਗੁਰਮੁਖ ਮੇਲਾ ਨਾਰੀ ਕੰਤਾ, ਨਰ ਨਰਾਇਣ ਖੇਲ ਖਿਲਾਇੰਦਾ। ਮਨਮੁਖਾਂ ਤੋੜੇ ਗੜ੍ਹ ਹੰਕਾਰੀ ਹੰਗਤਾ, ਮਾਇਆ ਮਮਤਾ ਮੋਹ ਚੁਕਾਇੰਦਾ। ਹਰਿ ਮੰਦਰ ਬਹਿ ਬਹਿ ਆਪੇ ਹੋਏ ਮੰਗਤਾ, ਆਪਣੀ ਮੰਗ ਆਪ ਮੰਗਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਆਇੰਦਾ। ਅਲੱਖ ਅਗੋਚਰ ਅਗੰਮ ਅਥਾਹ, ਹਰਿ ਡੂੰਘਾ ਸਾਗਰ ਗਹਿਰ ਗੰਭੀਰਿਆ। ਸੋ ਪੁਰਖ ਨਿਰੰਜਣ ਬੇਪ੍ਰਵਾਹ, ਲੇਖਾ ਜਾਣੇ ਨਾ ਕੋਏ ਪੀਰ ਫ਼ਕੀਰਿਆ। ਹਰਿ ਪੁਰਖ ਨਿਰੰਜਣ ਆਪ ਉਪਾਏ ਆਪਣਾ ਨਾਂ, ਵਰਨਾਂ ਬਰਨਾਂ ਤੋੜੇ ਜੰਜੀਰਿਆ। ਏਕੰਕਾਰਾ ਪਿਤਾ ਮਾਂ, ਲੱਖ ਚੁਰਾਸੀ ਦੇਵੇ ਠੰਡਾ ਸੀਰਿਆ। ਆਦਿ ਨਿਰੰਜਣ ਜੋਤ ਜਗਾ, ਜੋਤ ਨਿਰੰਜਣ ਬਖ਼ਸ਼ੇ ਸ਼ਾਹ ਹਕੀਰਿਆ। ਪੁਰਖ ਅਬਿਨਾਸ਼ੀ ਵੇਸ ਵਟਾ, ਨਿਰਗੁਣ ਚੜ੍ਹੇ ਚੋਟੀ ਇਕ ਅਖ਼ੀਰਿਆ। ਸ੍ਰੀ ਭਗਵਾਨ ਆਪਣਾ ਭਾਗ ਵੰਡਾ, ਕਰੇ ਖੇਲ ਗੁਣੀ ਗਹੀਰਿਆ। ਪਾਰਬ੍ਰਹਮ ਬ੍ਰਹਮ ਨਾਉਂ ਧਰਾ, ਆਪੇ ਕੱਟੇ ਆਪਣੀ ਭੀੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣਾ ਬਸਤਰ ਚੀਰਿਆ। ਹਰਿ ਬਸਤਰ ਚੀਰ ਸਾਚਾ ਰੰਗ, ਲਾਲ ਗੁਲਾਲਨ ਆਪ ਰੰਗਾਈਆ। ਕੰਚਨ ਗੜ੍ਹ ਸੁਹਾਏ ਪਲੰਘ, ਸਾਚਾ ਬੰਕ ਵਖਾਈਆ। ਸੂਹਾ ਵੇਸ ਕਰੇ ਅੰਗ, ਗਹਿਰ ਗੰਭੀਰ ਭੇਵ ਨਾ ਰਾਈਆ। ਚਿੱਟਾ ਆਸਨ ਮੰਗੇ ਮੰਗ, ਆਪਣੀ ਸੇਜਾ ਆਪ ਸੁਹਾਈਆ। ਪੀਲੀ ਰੰਗਨ ਆਪੇ ਰੰਗ, ਪੀਆ ਪ੍ਰੀਤਮ ਵੇਖ ਵਖਾਈਆ। ਨੀਲੀ ਧਾਰੋਂ ਪਾਰ ਲੰਘ, ਤ੍ਰੈਗੁਣ ਮੇਲਾ ਸਹਿਜ ਸੁਭਾਈਆ। ਕਾਲੀ ਧਾਰ ਲੱਖ ਚੁਰਾਸੀ ਸੰਗ, ਕਾਲਾ ਭੂਸ਼ਨ ਇਕ ਹੰਢਾਈਆ। ਸਤਿਗੁਰ ਪੂਰਾ ਹਰਿ ਸਰਬੰਗ, ਜੁਗ ਜੁਗ ਮਾਤਲੋਕ ਕਰੇ ਰੁਸ਼ਨਾਈਆ। ਨਾਮ ਵਜਾਏ ਸਤਿ ਮਰਦੰਗ, ਸੰਤ ਸਾਜਨ ਲਏ ਉਠਾਈਆ। ਹਰਿ ਭਗਤ ਲਗਾਏ ਆਪਣੇ ਅੰਗ, ਅੰਗੀਕਾਰ ਨਾਉਂ ਰਖਾਈਆ। ਗੁਰਮੁਖਾਂ ਅੰਦਰ ਆਪੇ ਲੰਘ, ਹਰਿ ਮੰਦਰ ਡੇਰਾ ਲਾਈਆ। ਗੁਰਮੁਖ ਆਤਮ ਸੇਜਾ ਸਚ ਪਲੰਘ, ਸਤਿਗੁਰ ਪੂਰਾ ਰਿਹਾ ਸੁਹਾਈਆ। ਮਾਨਸ ਜਨਮ ਨਾ ਹੋਏ ਭੰਗ, ਜਿਸ ਘਰ ਵਰ ਹਰਿ ਪਾਇਆ ਸਹਿਜ ਸੁਖਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਵੇਖੇ ਥਾਉਂ ਥਾਈਆ। ਹਰਿ ਮੰਦਰ ਗੁਰਮੁਖ ਤੇਰਾ ਦਰ, ਹਰਿ ਸਤਿਗੁਰ ਆਪ ਸੁਹਾਇੰਦਾ। ਚਰਨ ਕਵਲ ਕਵਲ ਚਰਨ ਦੇਵੇ ਧਰ, ਧਰਨੀ ਧਰਤ ਧਵਲ ਵਡਿਆਇੰਦਾ। ਸਰ ਸਰੋਵਰ ਏਕਾ ਭਰ, ਅੰਮ੍ਰਿਤ ਧਾਰ ਵਹਾਇੰਦਾ। ਕਿਲਾ ਤੋੜ ਹੰਕਾਰੀ ਗੜ੍ਹ, ਏਕਾ ਨਾਮ ਲੜ ਫੜਾਇੰਦਾ। ਪੰਚ ਵਿਕਾਰ ਨਾ ਜਾਏ ਅੜ, ਮਾਇਆ ਮਮਤਾ ਮੋਹ ਮਿਟਾਇੰਦਾ। ਸਤਿਗੁਰ ਦਵਾਰਾ ਉਚ ਮੁਨਾਰਾ ਏਕਾ ਹਰਿ ਮੰਦਰ ਬਹਿਣਾ ਵੜ, ਇਟਾਂ ਗਾਰਾ ਨਾ ਕੋਇ ਲਗਾਇੰਦਾ। ਨਿਰਗੁਣ ਦੀਵਾ ਬਾਤੀ ਆਪੇ ਧਰ, ਦਿਵਸ ਰੈਣ ਡਗਮਗਾਇੰਦਾ। ਕਮਲਾਪਾਤੀ ਅੱਗੇ ਖੜ੍ਹ, ਸਵਛ ਸਰੂਪੀ ਦਰਸ ਦਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਏਕ ਸਚ ਮਹੱਲਾ ਇਕ ਅਕੱਲਾ ਆਪ ਵਖਾਇੰਦਾ। ਇਕ ਅਕੱਲਾ ਹਰਿ ਬਨਵਾਰਾ, ਪਾਰਬ੍ਰਹਮ ਬੇਅੰਤ। ਕਰੇ ਖੇਲ ਏਕੰਕਾਰਾ, ਵਲ ਛਲ ਧਾਰੀ ਜੁਗਾ ਜੁਗੰਤ। ਜਨ ਭਗਤਾਂ ਪਾਵੇ ਆਪੇ ਸਾਰਾ, ਮੇਲ ਮਿਲਾਵਾ ਸਾਚੀ ਸੰਗਤ। ਸ਼ਬਦ ਅਗੰਮੀ ਇਕ ਹੁਲਾਰਾ, ਦੇਵਣਹਾਰਾ ਆਦਿਨ ਅੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਕਾਇਆ ਚੋਲੀ ਰੰਗਤ। ਕਾਇਆ ਰੰਗ ਚਲੂਲ, ਗੁਰ ਸਤਿਗੁਰ ਆਪ ਰੰਗਾਈਆ। ਦਰ ਘਰ ਸਾਚੇ ਕੋਈ ਨਾ ਲਾਏ ਮੂਲ, ਕੀਮਤ ਕਰਤਾ ਕੋਇ ਨਾ ਪਾਈਆ। ਜੋ ਜਨ ਚਰਨ ਪ੍ਰੀਤੀ ਰਹੇ ਘੋਲ, ਘੋਲੀ ਘੋਲ ਵੇਖ ਵਖਾਈਆ। ਆਤਮ ਅੰਤਰ ਆਪੇ ਮੌਲ, ਆਪਣੀ ਵਸਤ ਆਪਣੇ ਹੱਥ ਰਖਾਈਆ। ਸਾਚੇ ਕੰਡੇ ਦੇਵੇ ਤੋਲ, ਨਾਮ ਕੰਡਾ ਹੱਥ ਉਠਾਈਆ। ਨਵ ਸਤ ਰਹੀ ਅਨਭੋਲ, ਬ੍ਰਹਮਾ ਬ੍ਰਹਮ ਮਤ ਨਾ ਕੋਇ ਜਣਾਈਆ। ਚੌਦਾਂ ਹੱਟ ਕਲਜੁਗ ਖੋਲ੍ਹ, ਆਪਣਾ ਵਣਜ ਰਿਹਾ ਕਰਾਈਆ। ਜੂਠ ਝੂਠ ਤੋਲੇ ਤੋਲ, ਸਾਚੀ ਧਾਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਫੜ, ਹਰਿ ਮੰਦਰ ਮੇਲ ਮਿਲਾਈਆ। ਹਰਿ ਅੰਦਰ ਮੰਦਰ ਹਰਿ ਹਰਿ ਮੇਲਾ, ਗੁਰ ਗੁਰਮੁਖ ਆਪ ਕਰਾਇੰਦਾ। ਏਕਾ ਘਰ ਵਸੇ ਗੁਰੂ ਗੁਰ ਚੇਲਾ, ਗੁਰ ਸਾਜਣ ਖੇਲ ਖਿਲਾਇੰਦਾ। ਸਤਿਗੁਰ ਗੁਰ ਗੁਰੂ ਗੁਰਸਿਖ ਸੱਜਣ ਸੁਹੇਲਾ, ਸਗਲਾ ਸੰਗ ਨਿਭਾਇੰਦਾ। ਗੁਰਸਿਖ ਵੇਖੇ ਗੁਰ ਗੁਰ ਵੇਲਾ, ਵੇਲਾ ਵਕਤ ਨਾ ਕਿਸੇ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਜਣ ਵੇਖ ਵਖਾਇੰਦਾ। ਹਰਿ ਸੱਜਣ ਹਰਿ ਪੇਖਿਆ, ਪਾਰਬ੍ਰਹਮ ਗੁਰ ਕਰਤਾਰ। ਜਨ ਭਗਤਾਂ ਲਿਖਣਹਾਰਾ ਸਾਚਾ ਲੇਖਿਆ, ਪੁਰਖ ਅਬਿਨਾਸ਼ੀ ਅਗੰਮ ਅਪਾਰ। ਚਾਰੇ ਵੇਦ ਰਹੇ ਭੁਲੇਖਿਆ, ਹਰਿ ਕਾ ਭੇਵ ਨਾ ਪਾਵਣ ਸਾਰ। ਬ੍ਰਹਮਾ ਵਿਸ਼ਨ ਸ਼ਿਵ ਕਰਨ ਆਦੇਸਿਆ, ਦੋਏ ਜੋੜ ਚਰਨ ਨਿਮਸਕਾਰ। ਨਿਰਗੁਣ ਸਰਗੁਣ ਲਖ ਚੁਰਾਸੀ ਆਪ ਪਰਵੇਸਿਆ, ਆਤਮ ਬ੍ਰਹਮ ਦਏ ਆਧਾਰ। ਜੀਵ ਈਸ਼ ਈਸ਼ ਜੀਵ ਲਿਖਣਹਾਰਾ ਲੇਖਿਆ, ਲੇਖਾ ਲਿਖੇ ਆਪ ਕਰਤਾਰ। ਸਚ ਸੁਲਤਾਨਾ ਹਰਿ ਮਿਹਰਵਾਨਾ ਨਰ ਨਰੇਸ਼ਿਆ, ਦੋ ਜਹਾਨੀ ਪਾਵੇ ਸਾਰ। ਲਹਿਣਾ ਦੇਣਾ ਜਾਣੇ ਗਣਪਤ ਗਣੇਸ਼ਿਆ, ਆਦਿ ਸ਼ਕਤ ਹੋਏ ਉਜਿਆਰ। ਆਪੇ ਸਤਿਜੁਗ ਤਰੇਤਾ ਦਵਾਪਰ ਕਲਜੁਗ ਧਾਰੇ ਭੇਸਿਆ, ਬਾਵਨ ਰਾਮਾ ਕ੍ਰਿਸ਼ਨ ਮੁਰਾਰ। ਆਪੇ ਦਾਤਾ ਜੋਧਾ ਸੂਰਬੀਰ ਵਡ ਮਰਗੇਸਿਆ, ਆਪ ਆਪਣਾ ਬਲ ਰਿਹਾ ਧਾਰ। ਆਪੇ ਮੁਲਾਂ ਸ਼ੇਖ ਮਸਾਇਕ ਪੀਰ ਦਸਤਗੀਰ ਲਿਖੇ ਲੇਖਿਆ, ਆਪੇ ਈਸਾ ਮੂਸਾ ਸੰਗ ਮੁਹੰਮਦ ਚਾਰ ਯਾਰ । ਆਪੇ ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਕਰੇ ਖ਼ਾਲੀ ਖ਼ੀਸਿਆ, ਆਪੇ ਦਰ ਦਰ ਕਰੇ ਭਿਖਾਰ। ਆਪੇ ਗਰੀਬ ਨਿਮਾਣਿਆਂ ਤਾਜ ਧਰੇ ਸਾਚੇ ਸੀਸਿਆ, ਨਵ ਖੰਡ ਦਏ ਆਧਾਰ। ਪਾਰਬ੍ਰਹਮ ਅਬਿਨਾਸ਼ੀ ਕਰਤਾ ਤੇਰੀ ਕੋਈ ਨਾ ਕਰੇ ਰੀਸਿਆ, ਆਦਿ ਜੁਗਾਦੀ ਗੁਰ ਅਵਤਾਰ। ਕਲਜੁਗ ਲੇਖਾ ਜਾਣੇ ਬੀਸ ਇਕੀਸਿਆ ਨਾਨਕ ਨਿਰਗੁਣ ਸਾਚੀ ਕਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਮੰਦਰ ਸੁਹਾਏ ਬੰਕ ਦਵਾਰ। ਹਰਿ ਮੰਦਰ ਹਰਿ ਸੁਹੰਜਣਾ, ਨਿਰਮਲ ਜੋਤ ਕਰੇ ਰੁਸ਼ਨਾਈਆ। ਹਰਿਜਨ ਮੇਲਾ ਸਾਚੇ ਸੱਜਣਾ, ਘਰ ਬੈਠਾ ਬੇਪਰਵਾਹੀਆ। ਨੇਤਰ ਨੈਣਾਂ ਨਾਮ ਪਾਏ ਕਜਲਾ, ਅੰਧ ਅੰਧੇਰ ਮਿਟਾਈਆ। ਚਰਨ ਧੂੜ ਕਰਾਏ ਸਾਚਾ ਮਜਨਾ, ਅਠਸਠ ਪੰਧ ਮੁਕਾਈਆ। ਅਨਹਦ ਤਾਲ ਤਲਵਾੜਾ ਕਾਇਆ ਅੰਦਰ ਵੱਜਣਾ, ਗੁਰ ਸ਼ਬਦੀ ਦਏ ਸੁਣਾਈਆ। ਸੁਰਤ ਸਵਾਣੀ ਕੋਲ ਬਹਿ ਬਹਿ ਸਜਣਾ, ਹਰਿ ਹਾਣੀਆ ਹਾਣੀ ਦਏ ਮਿਲਾਈਆ। ਪੰਜ ਤਤ ਝੂਠਾ ਕਚ ਅੰਤਮ ਸਭ ਦਾ ਭੱਜਣਾ, ਥਿਰ ਕੋਇ ਰਹਿਣ ਨਾ ਪਾਈਆ। ਕਾਲ ਨਗਾਰਾ ਸਭ ਦੇ ਸਿਰ ਤੇ ਵੱਜਣਾ, ਕਾਲ ਦਿਆਲ ਆਪ ਰਘੁਰਾਈਆ। ਹਰਿਜਨ ਚਾੜ੍ਹੇ ਸਚ ਜਹਾਜ਼ਨਾ, ਆਪਣਾ ਬੇੜਾ ਆਪ ਚਲਾਈਆ। ਸੋ ਪੁਰਖ ਨਿਰੰਜਨ ਮਾਰੇ ਆਪਣੀ ਵਾਜਨਾ, ਹੰ ਬ੍ਰਹਮ ਲਏ ਉਠਾਈਆ। ਆਪੇ ਰਚਿਆ ਆਪਣਾ ਕਾਜਨਾ, ਆਪਣੀ ਕਰਨੀ ਕਿਰਤ ਕਮਾਈਆ। ਲੇਖਾ ਚੁੱਕੇ ਰਾਜਨ ਰਾਜਨਾ, ਸੀਸ ਤਾਜ ਨਾ ਕੋਇ ਟਿਕਾਈਆ। ਪ੍ਰਗਟ ਹੋਏ ਗਰੀਬ ਨਿਵਾਜ਼ਨਾ, ਗਊ ਗਰੀਬ ਹੋਏ ਸਹਾਈਆ। ਮਨਮੁਖਾਂ ਕੱਢੇ ਪਾਜਨਾ, ਜੋ ਜਨ ਬੈਠੇ ਹਰਿ ਭੁਲਾਈਆ। ਚਿੱਟੇ ਅਸਵ ਚੜ੍ਹੇ ਤਾਜਨਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਚਾਰ ਕੁੰਟ ਦਹਿ ਦਿਸ਼ਾ ਆਪੇ ਫੇਰਾ ਪਾਈਆ। ਗੁਰਸਿਖਾਂ ਰੱਖੇ ਲਾਜਨਾ, ਸਿਰ ਸਮਰਥ ਹੱਥ ਰਖਾਈਆ। ਪ੍ਰਗਟ ਹੋਏ ਦੇਸ ਮਾਝਨਾ, ਨਿਹਕਲੰਕਾ ਨਾਉਂ ਜਣਾਈਆ। ਸੰਬਲ ਨਗਰੀ ਸਾਜਣ ਸਾਜਣਾ, ਸਾਢੇ ਤਿੰਨ ਹੱਥ ਵੇਖ ਵਖਾਈਆ। ਹਰਿ ਮੰਦਰ ਸੋਹੇ ਸ਼ਾਹੋ ਸ਼ਾਬਾਸਨਾ, ਪੁਰਖ ਅਬਿਨਾਸ਼ਨ ਆਸਣ ਲਾਈਆ। ਸੀਸ ਜਗਦੀਸ਼ ਰੱਖੇ ਤਾਜਨਾ, ਲੋਕਮਾਤ ਤਖ਼ਤ ਤਾਜ ਦਏ ਉਲਟਾਈਆ। ਲੱਖ ਚੁਰਾਸੀ ਦਰ ਦਰ ਘਰ ਘਰ ਭਾਜਨਾ, ਬਿਨ ਹਰਿ ਦਿਸੇ ਨਾ ਕੋਈ ਸਹਾਈਆ। ਵਹਾਏ ਲਹਿਰ ਖ਼ਿਜ਼ਰ ਖ਼ਵਾਜਨਾ, ਇੰਦਰ ਮੇਘਲਾ ਮੇਘ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਸਾਚੇ ਲਏ ਫੜ, ਹਰਿ ਮੰਦਰ ਵੇਸ ਵਟਾਈਆ। ਹਰਿ ਮੰਦਰ ਸੋਹੇ ਸਾਚਾ ਬੰਕ, ਹਰਿ ਸਤਿਗੁਰ ਆਪ ਸੁਹਾਇੰਦਾ। ਏਕਾ ਰੰਗ ਵਖਾਏ ਰਾਓ ਰੰਕ, ਊਚ ਨੀਚ ਨਾ ਕੋਏ ਜਣਾਇੰਦਾ। ਗੁਰਸਿਖ ਤਰਾਏ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇੰਦਾ। ਸ਼ਬਦ ਅਨਾਦ ਵਜਾਏ ਡੰਕ ਚੋਟ ਨਗਾਰੇ ਇਕ ਲਗਾਇੰਦਾ। ਪਰਗਟ ਹੋਏ ਵਾਸੀ ਪੁਰੀ ਘਨਕ, ਅਕਲ ਕਲ ਧਾਰੀ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਮੰਦਰ ਆਪੇ ਸੋਭਾ ਪਾਇੰਦਾ। ਹਰਿ ਮੰਦਰ ਹਰਿ ਸੁਹਾਇਆ, ਘਰ ਸਾਚਾ ਇਕ ਵਖੰਨਿਆ। ਏਕਾ ਮੰਗਲ ਸਾਚਾ ਗਾਇਆ, ਰਾਗ ਤਰਾਨਾ ਇਕ ਉਪੰਨਿਆ। ਏਕਾ ਸੱਜਣ ਮੇਲ ਮਿਲਾਇਆ, ਘਰ ਚੜ੍ਹਿਆ ਸਾਚਾ ਚੰਨਿਆ। ਸਤਿਗੁਰ ਪੂਰਾ ਵੇਖਣ ਆਇਆ, ਪੁਰਖ ਅਬਿਨਾਸ਼ੀ ਆਪੇ ਮੰਨਿਆ। ਘਰ ਸਾਚੇ ਡੇਰਾ ਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਪੁਰਖ ਬਿਧਾਤਾ, ਉਤਮ ਜਾਤਾ ਇਕ ਵਖੰਨਿਆ। ਹਰਿ ਮੰਦਰ ਉਤਮ ਜ਼ਾਤ, ਵਰਨ ਬਰਨ ਨਾ ਕੋਇ ਰਖਾਇੰਦਾ। ਹਰਿ ਮੰਦਰ ਏਕਾ ਅੰਮ੍ਰਿਤ ਬੂੰਦ ਸਵਾਂਤ, ਦੂਈ ਦਵੈਤ ਨਾ ਕੋਇ ਜਣਾਇੰਦਾ। ਹਰਿ ਮੰਦਰ ਏਕਾ ਦਾਤ, ਹਰਿ ਆਪਣਾ ਨਾਉਂ ਵੰਡ ਵੰਡਾਇੰਦਾ। ਹਰਿ ਮੰਦਰ ਏਕਾ ਗਾਥ, ਚੌਦਾਂ ਲੋਕ ਸਰਬ ਸੁਣਾਇੰਦਾ। ਹਰਿ ਮੰਦਰ ਏਕਾ ਪੂਜਾ ਪਾਠ, ਏਕਾ ਇਸ਼ਟ ਮਨਾਇੰਦਾ। ਹਰਿ ਮੰਦਰ ਏਕਾ ਤੀਰਥ ਏਕਾ ਤਾਟ, ਅਠਸਠ ਨਾ ਕੋਏ ਜਣਾਇੰਦਾ। ਹਰਿ ਮੰਦਰ ਏਕਾ ਘਾਟ, ਗੁਰਸਿਖ ਔਖੀ ਘਾਟੀ ਆਪ ਚੜ੍ਹਾਇੰਦਾ। ਹਰਿ ਮੰਦਰ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਾਂਗ ਰਚਾਇੰਦਾ। ਹਰਿ ਮੰਦਰ ਲਹਿਣਾ ਦੇਣ ਚੁਕਾਏ ਆਨ ਬਾਟ, ਮਾਤ ਗਰਭ ਫੰਦ ਕਟਾਇੰਦਾ। ਹਰਿ ਮੰਦਰ ਹਰਿ ਨਾਮੇ ਕਰੇ ਦਾਤ, ਲਖ ਚੁਰਾਸੀ ਪੰਧ ਮੁਕਾਇੰਦਾ। ਹਰਿ ਮੰਦਰ ਪੂਰਾ ਕਰੇ ਘਾਟ, ਗੁਰਮੁਖਾਂ ਝੋਲੀ ਆਪ ਭਰਾਇੰਦਾ। ਹਰਿ ਮੰਦਰ ਵਖਾਏ ਸਾਚੀ ਖਾਟ, ਪਰੇਮ ਪਟੋਲਾ ਉਪਰ ਪਾਇੰਦਾ। ਹਰਿ ਮੰਦਰ ਅੰਮ੍ਰਿਤ ਰਸ ਲੈਣਾ ਚਾਟ, ਨਿਝਰ ਝਿਰਨਾ ਆਪ ਝਿਰਾਇੰਦਾ। ਹਰਿ ਮੰਦਰ ਜੋਤ ਜਗੇ ਲਲਾਟ, ਡੂੰਘੀ ਭਵਰੀ ਕਵਰੀ ਵੇਖ ਵਖਾਇੰਦਾ। ਹਰਿ ਮੰਦਰ ਰਾਹ ਤੱਕਣ ਚੌਦਾਂ ਹਾਟ, ਚੌਦਾਂ ਤਬਕਾਂ ਮੁਖ ਭਵਾਇੰਦਾ। ਹਰਿ ਮੰਦਰ ਆਪ ਸੁਹਾਏ ਪੁਰਖ ਸਮਰਾਥ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਰੱਖੇ ਦੇ ਕਰ ਹੱਥ, ਸਗਲਾ ਸੰਗ ਨਿਭਾਇੰਦਾ। ਹਰਿ ਮੰਦਰ ਸਾਚਾ ਸੰਗ, ਆਦਿ ਅੰਤ ਵਿਛੜ ਨਾ ਜਾਈਆ। ਹਰਿ ਮੰਦਰ ਵਜਾਏ ਨਾਮ ਮਰਦੰਗ, ਅਨਹਦ ਸਾਚੀ ਸੇਵ ਕਮਾਈਆ। ਹਰਿ ਮੰਦਰ ਕੋਟਨ ਕੋਟ ਵਹੇ ਧਾਰਾ ਗੰਗ, ਗੰਗ ਸੁਰਸਤੀ ਜਮਨਾ ਗੋਦਾਵਰੀ ਮੁਖ ਸ਼ਰਮਾਈਆ। ਹਰਿ ਮੰਦਰ ਗੁਰਮੁਖ ਵਿਰਲਾ ਮੰਗੇ ਮੰਗ, ਲੱਖ ਚੁਰਾਸੀ ਗੂੜੀ ਨੀਂਦ ਸਵਾਈਆ। ਹਰਿ ਮੰਦਰ ਹਰਿਜਨ ਵਿਰਲਾ ਜਾਏ ਲੰਘ, ਕੋਟਨ ਕੋਟ ਸਾਧ ਸੰਤ ਜੀਵ ਜੰਤ ਭੁੱਲੇ ਫਿਰਦੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਕੱਟੇ ਭੁੱਖ ਨੰਗ, ਆਪ ਲਗਾਏ ਆਪਣੇ ਅੰਗ, ਹਰਿ ਮੰਦਰ ਸਾਚੇ ਬੈਠ ਪਲੰਘ, ਨਾਰੀ ਰੂਪ ਚਾੜ੍ਹੇ ਰੰਗ, ਕੰਤ ਕੰਤੂਹਲਾ ਸੂਰਾ ਸਰਬੰਗ, ਗੁਰਮੁਖ ਦੂਜਾ ਦਰ ਨਾ ਮੰਗਣ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਜੁਗਾ ਜੁਗੰਤਾ ਸਾਧਨ ਸੰਤਾ, ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਲੋਕਮਾਤ ਉਤਰ ਕਦੇ ਨਾ ਜਾਈਆ ।