੨੮ ਮੱਘਰ ੨੦੧੬ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਕੰਗ
ਆਦਿ ਪੁਰਖ ਅਬਿਨਾਸ਼ ਹਰਿ ਭਗਵਾਨ, ਇਕ ਅਕਾਲ ਏਕੰਕਾਰਿਆ। ਸਚਖੰਡ ਨਿਵਾਸੀ ਖੇਲ ਮਹਾਨ, ਜੋਤੀ ਜੋਤ ਨੂਰ ਉਜਿਆਰਿਆ। ਸਤਿ ਸਰੂਪੀ ਸ਼ਬਦ ਨਿਸ਼ਾਨ, ਥਿਰ ਘਰ ਸਾਚੇ ਆਪ ਸੁਹਾ ਰਿਹਾ। ਖੇਲੇ ਖੇਲ ਵਾਲੀ ਦੋ ਜਹਾਨ, ਭੇਵ ਅਭੇਦ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨਭਵ ਪ੍ਰਕਾਸ਼ ਕਰਾ ਰਿਹਾ। ਅਨਭਵ ਪ੍ਰਕਾਸ਼ ਹਰਿ ਭਗਵੰਤਾ, ਏਕਾ ਦਰ ਕਰਾਇੰਦਾ। ਆਪੇ ਜਾਣੇ ਆਦਿਨ ਅੰਤਾ, ਦਿਸ ਕਿਸੇ ਨਾ ਆਇੰਦਾ। ਚਾਲ ਨਿਰਾਲੀ ਜੁਗਾ ਜੁਗੰਤਾ, ਜੁਗ ਕਰਤਾ ਆਪ ਕਰਾਇੰਦਾ। ਆਪ ਬਣਾਏ ਆਪਣੀ ਬਣਤਾ, ਆਪ ਆਪਣਾ ਰੰਗ ਰੰਗਾਇੰਦਾ। ਆਪਣੇ ਦਰ ਦਰਵੇਸ਼ ਬਣੇ ਮੰਗਤਾ, ਆਪਣੀ ਝੋਲੀ ਆਪ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਅਜੂਨੀ ਰਹਿਤ ਅਕਾਲਾ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਪ੍ਰਭ ਦੀਨ ਦਿਆਲਾ, ਦਯਾਨਿਧ ਨਾਉਂ ਧਰਾਈਆ। ਵਸਣਹਾਰਾ ਸਚ ਸਚੀ ਧਰਮਸਾਲਾ, ਸਚਖੰਡ ਬੈਠਾ ਆਸਣ ਲਾਈਆ। ਆਪੇ ਸ਼ਾਹ ਆਪੇ ਕੰਗਾਲਾ, ਰਾਜ ਰਾਜਾਨਾਂ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਨਿਰਗੁਣ ਦਾਤਾ ਆਦਿ ਨਿਰੰਜਨ, ਹਰਿ ਵੱਡਾ ਵਡ ਵਡਿਆਈਆ। ਆਪ ਆਪਣਾ ਬਣੇ ਸੱਜਣ, ਦੂਸਰ ਨਾ ਸੰਗ ਕੋਈ ਰਖਾਈਆ। ਆਪ ਆਪਣਾ ਕਰੇ ਮਜਨ, ਸਰ ਸਰੋਵਰ ਇਕ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗ ਰੰਗਾਈਆ। ਏਕਾ ਰੰਗ ਹਰਿ ਕਰਤਾਰਾ, ਦਿਸ ਕਿਸੇ ਨਾ ਆਇੰਦਾ। ਵਸਣਹਾਰ ਨੇਹਚਲ ਧਾਮ ਉਚ ਮਹੱਲ ਮੁਨਾਰਾ, ਆਪ ਆਪਣਾ ਘਰ ਸੁਹਾਇੰਦਾ। ਨਿਰਗੁਣ ਦੀਵਾ ਬਾਤੀ ਕਰ ਉਜਿਆਰਾ, ਸੂਰਜ ਚੰਨ ਨਾ ਕੋਈ ਚੜ੍ਹਾਇੰਦਾ। ਸਚ ਸਿੰਘਾਸਣ ਖੇਲ ਨਿਆਰਾ, ਪੁਰਖ ਅਬਿਨਾਸ਼ੀ ਆਸਣ ਲਾਇੰਦਾ। ਘਰ ਮੰਦਰ ਸੋਹੇ ਇਕ ਦਵਾਰਾ, ਦਰ ਦਰਵਾਜ਼ਾ ਆਪ ਸੁਹਾਇੰਦਾ। ਥਿਰ ਘਰ ਵਾਸੀ ਏਕੰਕਾਰਾ, ਆਪ ਆਪਣੀ ਕਲ ਵਰਤਾਇੰਦਾ। ਆਪ ਆਪਣਾ ਕਰ ਪਸਾਰਾ, ਆਪੇ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਮੀਤ ਮੁਰਾਰਾ, ਸਗਲਾ ਸੰਗ ਆਪ ਰਖਾਇੰਦਾ। ਨਿਰਗੁਣ ਨੂਰ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਆਇੰਦਾ। ਨਿਰਭੈ ਖੇਲ ਕਰੇ ਕਰਤਾਰਾ, ਭੌ ਸੀਸ ਨਾ ਕੋਈ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰਾ ਹਰਿ ਸਮਰਥ, ਪਾਰਬ੍ਰਹਮ ਏਕੰਕਾਰਿਆ। ਆਪ ਚਲਾਏ ਆਪਣਾ ਰਥ, ਵਡ ਵੱਡਾ ਵਡ ਸਿਕਦਾਰਿਆ। ਆਪਣੀ ਮਹਿਮਾ ਜਾਣੇ ਅਕਥ, ਲੇਖਾ ਲੇਖ ਨਾ ਕੋਈ ਜਣਾ ਰਿਹਾ। ਨਾ ਉਪਜੇ ਨਾ ਜਾਏ ਢੱਠ, ਜਨਮ ਮਰਨ ਨਾ ਕੋਈ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਵਖਾਏ ਸਚ ਮਹੱਲਾ, ਬੈਠਾ ਰਹੇ ਇਕ ਅਕੱਲਾ, ਆਪ ਆਪਣਾ ਘਰ ਸੁਹਾ ਲਿਆ। ਘਰ ਸੁਹੰਜਣਾ ਪੁਰਖ ਅਬਿਨਾਸ਼ੀ, ਥਿਰ ਘਰ ਆਪ ਸੁਹਾਇਆ। ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਦੀਵਾ ਬਾਤੀ ਨਾ ਕੋਈ ਰਖਾਇਆ। ਆਪਣੀ ਪੂਰੀ ਕਰੇ ਆਸੀ, ਆਪਣੀ ਇਛਿਆ ਭਿਛਿਆ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਨਾਉਂ ਧਰਾਇਆ। ਨਿਰਗੁਣ ਦਾਤਾ ਬੇਪ੍ਰਵਾਹ, ਏਕਾ ਰੰਗ ਸਮਾਇਆ। ਵਸਣਹਾਰਾ ਸਾਚੇ ਥਾਂ, ਸਚਖੰਡ ਬੈਠਾ ਆਸਣ ਲਾਇਆ। ਕਰੇ ਕਰਾਏ ਸਚ ਨਿਆਂ, ਦਰਗਾਹ ਸਾਚੀ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਭੈਣ ਭਾਈ ਨਾ ਕੋਈ ਰਖਾਇਆ। ਨਾ ਕੋਈ ਨਗਰ ਨਾ ਗਰਾਂ, ਜਗਤ ਖੇੜਾ ਨਾ ਕੋਈ ਵਸਾਇਆ। ਨਾ ਕੋਈ ਪਕੜਨਹਾਰਾ ਬਾਂਹ, ਨਾ ਮਾਰਗ ਦਏ ਵਖਾਇਆ। ਨਾ ਕੋਈ ਰੱਖੇ ਠੰਡੀ ਛਾਂ, ਸਿਰ ਹੱਥ ਨਾ ਕਿਸੇ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਰਖਾਇਆ। ਆਪਣਾ ਰੱਖ ਨਾਉਂ ਨਿਰੰਕਾਰ, ਨਿਰਗੁਣ ਆਪਣਾ ਵੇਸ ਵਟਾਇਆ। ਆਪੇ ਪੁਰਖ ਆਪੇ ਨਾਰ, ਆਪ ਆਪਣੀ ਸੇਜ ਸੁਹਾਇਆ। ਆਪੇ ਨਾਰੀ ਕੰਤ ਭਤਾਰ, ਆਪੇ ਅੰਗੀਕਾਰ ਕਰਾਇਆ। ਆਪੇ ਮੰਗੇ ਮੰਗ ਦਵਾਰ, ਆਪੇ ਭਿਛਿਆ ਝੋਲੀ ਪਾਇਆ। ਆਪੇ ਕਰੇ ਸਚ ਪਿਆਰ, ਸਚ ਵਸਤੂ ਸਚ ਉਪਾਇਆ। ਸੁਤ ਦੁਲਾਰਾ ਕਰ ਉਜਿਆਰ, ਹਰਿ ਸ਼ਬਦੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸਾਚੇ ਮੰਗਲ ਗਾਇਆ। ਦਰ ਘਰ ਸਾਚੇ ਸਾਚਾ ਗੀਤ, ਪੁਰਖ ਅਬਿਨਾਸ਼ੀ ਆਪੇ ਗਾਈਆ। ਪਾਰਬ੍ਰਹਮ ਚਲਾਈ ਆਪਣੀ ਰੀਤ, ਆਦਿ ਜੁਗਾਦਿ ਵੇਸ ਵਟਾਈਆ। ਵਸਣਹਾਰਾ ਧਾਮ ਅਨਡੀਠ, ਘਰ ਬੈਠਾ ਆਸਣ ਲਾਈਆ। ਜੁਗਾ ਜੁਗੰਤਰ ਪਤਿਤ ਪੁਨਿਤ, ਪਤਿਤ ਪਾਵਣ ਨਾਉਂ ਧਰਾਈਆ। ਸਖਾ ਸਹੇਲਾ ਠੰਡਾ ਸੀਤ, ਅਗਨੀ ਤਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਦਰ ਦਰਵਾਜ਼ਾ ਹਰਿ ਖੋਲ੍ਹ, ਸਚਖੰਡ ਦਵਾਰਾ ਆਪ ਸੁਹਾਇੰਦਾ। ਪੁਰਖ ਅਗੰਮੜਾ ਆਪ ਆਪਣਾ ਬੋਲੇ ਬੋਲ, ਸ਼ਬਦੀ ਨਾਉਂ ਧਰਾਇੰਦਾ। ਨਿਰਗੁਣ ਤੋਲੇ ਸਾਚਾ ਤੋਲ, ਅਲੱਖ ਨਿਰੰਜਨ ਖੇਲ ਖਿਲਾਇੰਦਾ। ਏਕਾ ਵਸਤ ਰੱਖੀ ਕੋਲ, ਲੋਆਂ ਪੁਰੀਆਂ ਬ੍ਰਹਿਮੰਡਾ ਖੰਡਾਂ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪ੍ਰਭ ਆਪਣਾ ਅੰਗ ਕਟਾਇੰਦਾ। ਆਪਣਾ ਅੰਗ ਆਪੇ ਕੱਟ, ਆਪਣਾ ਖੇਲ ਖਿਲਾਈਆ। ਆਪਣਾ ਨੂਰ ਕਰ ਪ੍ਰਗਟ, ਨਿਰਾਕਾਰ ਸਾਕਾਰ ਰੂਪ ਆਪ ਹੋ ਜਾਈਆ। ਵਿਸ਼ਨੂੰ ਲੇਖੇ ਲਿਖੇ ਝੱਟ, ਬ੍ਰਹਮ ਦਏ ਸਮਝਾਈਆ। ਬ੍ਰਹਮਾ ਉਪਜਾਏ ਆਪਣੀ ਰਤ, ਰਕਤ ਬੂੰਦ ਨਾ ਕੋਈ ਵਖਾਈਆ। ਸ਼ੰਕਰ ਦੇਵੇ ਸਾਚੀ ਵੱਥ, ਭੋਲਾ ਨਾਥ ਅੰਗ ਲਗਾਈਆ। ਤ੍ਰੈਗੁਣ ਮਾਇਆ ਦੇਵੇ ਵੱਥ, ਰਜੋ ਤਮੋ ਸਤੋ ਵੇਸ ਵਟਾਈਆ। ਪੰਚਮ ਜੋੜੇ ਸਾਚਾ ਤਤ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੇਖ ਵਖਾਈਆ। ਨਾਲ ਰਲਾਏ ਬੁਧ ਮਨ ਮਤ, ਘਰ ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਨਾਉਂ ਧਰਾਈਆ। ਨਿਰਗੁਣ ਸਰਗੁਣ ਨਾਉਂ ਰੱਖ, ਤ੍ਰੈਗੁਣ ਵੱਜੇ ਵਧਾਈਆ। ਪੰਜ ਤਤ ਪਿਆਰ ਕਰ ਪਰਤੱਖ, ਲੱਖ ਚੁਰਾਸੀ ਰਚਨ ਉਪਾਈਆ। ਆਪਣੀ ਧਾਰਾ ਅੰਦਰ ਰੱਖ, ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਆਪਣੀ ਕਲ ਵਰਤਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਆਪ ਆਪਣੀ ਬੂਝ ਬੁਝਾਇੰਦਾ। ਸ਼ਬਦ ਅਨਾਦ ਸਚੀ ਧੁਨਕਾਰ, ਧੁਨ ਆਤਮਕ ਆਪ ਉਪਜਾਇੰਦਾ। ਆਤਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਪ੍ਰਭ ਵੇਸ ਵਟਾਇੰਦਾ। ਏਕੰਕਾਰਾ ਖੇਲ ਅਪਾਰਾ, ਓਅੰਕਾਰਾ ਕਰਮ ਕਮਾਇੰਦਾ। ਆਪੇ ਸਭ ਤੋਂ ਵਸਿਆ ਬਾਹਰਾ, ਘਟ ਘਟ ਆਪੇ ਆਸਣ ਲਾਇੰਦਾ। ਆਪੇ ਪਾਵੇ ਆਪਣੀ ਸਾਰਾ, ਆਪਣਾ ਭੇਵ ਆਪ ਖੁਲਾਇੰਦਾ। ਆਪੇ ਦੇਵੇ ਨਾਮ ਹੁਲਾਰਾ, ਘਰ ਸਾਚੇ ਆਪ ਝੁਲਾਇੰਦਾ। ਆਪੇ ਆਪਣਾ ਬਣ ਲਿਖਾਰਾ, ਚਾਰੇ ਮੁਖ ਸਲਾਹਿੰਦਾ। ਆਪੇ ਵੰਡਣ ਵੰਡ ਵੰਡੇ ਸੰਸਾਰਾ, ਨੌ ਸਤ ਆਪੇ ਫੇਰਾ ਪਾਇੰਦਾ। ਆਪੇ ਵੇਖੇ ਜੰਗਲ ਜੂਹ ਉਜਾੜ ਪਹਾੜਾ, ਸਮੁੰਦ ਸਾਗਰ ਆਸਣ ਲਾਇੰਦਾ। ਆਪੇ ਜੁਗ ਜੁਗ ਵੇਖੇ ਪਾਰ ਕਿਨਾਰਾ, ਸਤਿਜੁਗ ਸਾਚਾ ਰਾਹ ਚਲਾਇੰਦਾ। ਨਿਰਭੈ ਬੋਲ ਇਕ ਜੈਕਾਰਾ, ਏਕਾ ਨਾਮ ਪ੍ਰਗਟਾਇੰਦਾ। ਦੁਆਪਰ ਕਰਿਆ ਖੇਲ ਅਪਾਰਾ, ਮੋਰ ਮੁਕਟ ਸੀਸ ਟਿਕਾਇੰਦਾ। ਕਲਜੁਗ ਰੂਪ ਅਪਰ ਅਪਾਰਾ, ਈਸਾ ਮੂਸਾ ਨਾਲ ਰਲਾਇੰਦਾ। ਵੇਖਣਹਾਰਾ ਸੰਗ ਮੁਹੰਮਦ ਚਾਰ ਯਾਰਾ, ਘਰ ਸਾਚਾ ਇਕ ਸੁਹਾਇੰਦਾ। ਆਦਿ ਜੁਗਾਦੀ ਇਕ ਅਵਤਾਰਾ, ਏਕਾ ਗੁਰ ਅਖਵਾਇੰਦਾ। ਨਿਰਗੁਣ ਸਰਗੁਣ ਖੇਲ ਅਪਾਰਾ, ਨਿਰੰਕਾਰਾ ਆਪ ਕਰਾਇੰਦਾ। ਪੰਜ ਤਤ ਮੇਲਾ ਕੰਤ ਭਤਾਰਾ, ਸਾਚੀ ਨਾਰੀ ਨਾਉਂ ਧਰਾਇੰਦਾ। ਨਾਨਕ ਨਰ ਹਰਿ ਹੋ ਉਜਿਆਰਾ, ਦੀਵਾ ਬਾਤੀ ਡਗਮਗਾਇੰਦਾ। ਸਚਖੰਡ ਲੋਕਮਾਤ ਇਕ ਦਵਾਰਾ, ਚਾਰ ਵਰਨਾਂ ਇਕ ਸਮਝਾਇੰਦਾ। ਨਾਮ ਸਤਿ ਭਰ ਭੰਡਾਰਾ, ਸਾਚੀ ਸਿਖਿਆ ਸਿਖ ਸਮਝਾਇੰਦਾ। ਵਰਨਾਂ ਬਰਨਾਂ ਵਸਿਆ ਬਾਹਰਾ, ਨੇਹਕਰਮੀ ਕਰਮ ਕਮਾਇੰਦਾ। ਪ੍ਰਗਟ ਹੋ ਵਿਚ ਸੰਸਾਰਾ, ਸਾਚਾ ਮਾਰਗ ਆਪੇ ਲਾਇੰਦਾ। ਇਕ ਸ਼ਬਦ ਬੋਲ ਜੈਕਾਰਾ, ਗੁਰੂ ਸ਼ਬਦ ਇਕ ਵਖਾਇੰਦਾ। ਏਕਾ ਦੂਜਾ ਪਾਰ ਕਿਨਾਰਾ, ਤੀਜਾ ਨੈਣ ਖੁਲਾਇੰਦਾ। ਚੌਥੇ ਪਦ ਪਦ ਨਿਰਬਾਨਾ, ਸਾਚਾ ਰਾਣਾ ਵੇਖ ਵਖਾਇੰਦਾ। ਪੰਚਮ ਮੇਲਾ ਸ੍ਰੀ ਭਗਵਾਨਾ, ਗੁਰੂ ਇਸ਼ਟ ਇਕ ਜਣਾਇੰਦਾ। ਗੁਰ ਅਰਜਨ ਲੇਖਾ ਲੇਖ ਮਹਾਨਾ, ਨਾ ਕੋਇ ਮੇਟੇ ਮੇਟ ਮਿਟਾਇੰਦਾ। ਨੌ ਖੰਡ ਪ੍ਰਿਥਮੀ ਸਤਿਗੁਰ ਸੱਚਾ ਇਕ ਹੋਏ ਪ੍ਰਧਾਨਾ, ਪੰਜ ਤਤ ਨਾ ਕੋਈ ਉਠਾਇੰਦਾ। ਸ਼ਬਦ ਗੁਰੂ ਨੌਜਵਾਨਾ, ਬਿਰਧ ਬਾਲ ਨਾ ਰੂਪ ਵਟਾਇੰਦਾ। ਮਰੇ ਨਾ ਜੰਮੇ ਵਿਚ ਜਹਾਨਾ, ਮੜੀ ਗੋਰ ਨਾ ਕੋਈ ਦਬਾਇੰਦਾ। ਆਦਿ ਜੁਗਾਦਿ ਸੁਣਾਏ ਸਚ ਤਰਾਨਾ, ਹਰਿ ਕਾ ਨਾਮ ਅਲਾਇੰਦਾ। ਜਨ ਭਗਤਾਂ ਵਖਾਏ ਸਚ ਮਕਾਨਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਛੇ ਸੱਤ ਖੇਲ ਨਿਵਾਰਨਾ, ਨੂਰੋ ਨੂਰ ਡਗਮਗਾਇੰਦਾ। ਅੱਠ ਨੌ ਭੇਵ ਚੁਕਾਵਨਾ, ਦਰ ਦਸਵਾਂ ਇਕ ਸੁਹਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਗੁਰ ਸਤਿਗੁਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੰਗ ਰੰਗਾਇੰਦਾ। ਕਲਜੁਗ ਤੇਰਾ ਵੇਸ ਅਵੱਲਾ, ਹਰਿ ਪੁਰਖ ਨਿਰੰਜਨ ਵੇਖ ਵਖਾਇੰਦਾ। ਸੋ ਪੁਰਖ ਨਿਰੰਜਨ ਇਕ ਅਕੱਲਾ, ਏਕ ਏਕੰਕਾਰਾ ਨਾਉਂ ਧਰਾਇੰਦਾ। ਸਚਖੰਡ ਨਿਵਾਸੀ ਵਸਿਆ ਸਚ ਮਹੱਲਾ, ਸ੍ਰੀ ਭਗਵਾਨ ਭੇਵ ਨਾ ਆਇੰਦਾ। ਪਾਰਬ੍ਰਹਮ ਪ੍ਰਭ ਵਸਣਹਾਰਾ ਜਲਾ ਥਲਾ, ਘਟ ਘਟ ਸਾਚੀ ਜੋਤ ਜਗਾਇੰਦਾ। ਸ਼ਬਦ ਸੁਨੇਹੜਾ ਜੁਗ ਜੁਗ ਘੱਲਾ, ਗੁਰ ਪੀਰ ਸਾਧ ਸੰਤ ਆਪ ਉਪਜਾਇੰਦਾ। ਜਨ ਭਗਤਾਂ ਅੰਦਰ ਆਸਣ ਮੱਲਾ, ਆਤਮ ਸੇਜ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰੱਲਾ, ਨਿਰਗੁਣ ਸਰਗੁਣ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸਤਿਗੁਰ ਮਾਤ ਉਪਜਾਇੰਦਾ। ਸਤਿਗੁਰ ਪੂਰਾ ਆਪ ਨਿਰੰਕਾਰ, ਗੁਰ ਗੁਰ ਸ਼ਬਦ ਜਣਾਈਆ। ਗੁਰ ਗੁਰ ਨਾਮ ਸਚ ਭੰਡਾਰ, ਗੁਰਮੁਖਾਂ ਦਏ ਵਰਤਾਈਆ। ਗੁਰਮੁਖ ਸਾਜਨ ਮੀਤ ਮੁਰਾਰ, ਘਰ ਸਾਚੇ ਮੇਲ ਮਿਲਾਈਆ। ਗੁਰਸਿਖ ਸੁਹਾਏ ਬੰਕ ਦਵਾਰ, ਦਰ ਦਵਾਰਾ ਇਕ ਵਖਾਈਆ। ਨਾਤਾ ਤੋੜ ਸਰਬ ਸੰਸਾਰ, ਚਰਨ ਪ੍ਰੀਤੀ ਇਕ ਜਣਾਈਆ। ਦਰਸ ਦਿਖਾਏ ਅਗੰਮ ਅਪਾਰ, ਸਵੱਛ ਸਰੂਪੀ ਰੂਪ ਵਟਾਈਆ। ਸ਼ਬਦ ਨਾਦ ਸਚੀ ਧੁਨਕਾਰ, ਅਨਹਦ ਰਾਗ ਅਲਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਝਿਰਨਾ ਦਏ ਝਿਰਾਈਆ। ਗੁਰਮੁਖ ਵਿਰਲਾ ਪੀਵੇ ਪੀਵਣਹਾਰ, ਲੱਖ ਚੁਰਾਸੀ ਮਰੇ ਤਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ੍ਰੀ ਭਗਵੰਤ ਗੁਰਮੁਖ ਵੇਖੇ ਸਾਚੇ ਸੰਤ, ਹਰਿਜਨ ਲੇਖਾ ਜਾਣੇ ਆਦਿ ਅੰਤ, ਭੁੱਲ ਰਹੇ ਨਾ ਰਾਈਆ। ਆਦਿਨ ਅੰਤਾ ਖੇਲ ਮਹਾਨਾ, ਗੁਰ ਸਤਿਗੁਰ ਵਡ ਵਡਿਆਈਆ। ਜਨ ਭਗਤਾਂ ਦੇਵੇ ਨਾਮ ਨਿਧਾਨਾ, ਨਿਰਗੁਣ ਆਪਣੇ ਹੱਥ ਰਖਾਈਆ। ਸਚਖੰਡ ਨਿਵਾਸੀ ਸਚ ਨਿਸ਼ਾਨਾ, ਜੁਗ ਜੁਗ ਆਪਣਾ ਆਪ ਚੜ੍ਹਾਈਆ। ਲੋਆਂ ਪੁਰੀਆਂ ਇਕ ਤਰਾਨਾ, ਏਕਾ ਏਕ ਸੁਣਾਈਆ। ਅਨਹਦ ਨਾਦੀ ਏਕਾ ਗਾਣਾ, ਗੁਰਮੁਖ ਕਾਇਆ ਘਰ ਵਜਾਈਆ। ਮੰਦਰ ਅੰਦਰ ਖੇਲ ਮਹਾਨਾ, ਸਤਿਗੁਰ ਬੈਠਾ ਆਸਣ ਲਾਈਆ। ਆਪਣਾ ਆਪ ਜਿਨ ਪਛਾਨਾ, ਹਰਿ ਮਿਲਿਆ ਬੇਪ੍ਰਵਾਹੀਆ। ਕੋਟਨ ਕੋਟ ਪ੍ਰਕਾਸ਼ ਕਰੇ ਭਾਨਾ, ਅੰਧ ਅੰਧੇਰ ਮਿਟਾਈਆ। ਹਰਿ ਕਾ ਭੇਵ ਨਾ ਜਾਣੇ ਕੋਈ ਵਿਦਵਾਨਾ, ਗਿਆਨ ਧਿਆਨ ਰਹੇ ਰਾਹ ਤਕਾਈਆ। ਬਿਨ ਹਰਿ ਸੰਤ ਨਾ ਮਿਲੇ ਕਿਸੇ ਨਿਸ਼ਾਨਾ, ਕੋਟਨ ਕੋਟੀ ਭੁੱਲੇ ਜੀਵ ਪਾਂਧੀ ਰਾਹੀਆ। ਜਿਸ ਜਨ ਆਪਣਾ ਆਪ ਦੇਵੇ ਧੁਰ ਫ਼ਰਮਾਣਾ, ਆਪਣੀ ਬੂਝ ਆਪ ਬੁਝਾਈਆ। ਆਪ ਵਖਾਏ ਪਦ ਨਿਰਬਾਨਾ, ਤ੍ਰੈਗੁਣ ਆਪ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗਾ ਜੁਗੰਤ ਜਨ ਭਗਤਾਂ ਹੋਏ ਸਹਾਈਆ। ਭਗਤ ਸਹੇਲਾ ਹਰਿ ਨਿਰੰਕਾਰ, ਨਿਰਭੈ ਰੂਪ ਸਮਾਇਆ। ਇਕ ਅਕੱਲਾ ਹੋ ਤਿਆਰ, ਲੋਕਮਾਤ ਵੇਸ ਵਟਾਇਆ। ਸੱਜਣ ਸਹੇਲਾ ਖਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਆਪੇ ਜਾਣੇ ਆਪਣਾ ਵਕਤ ਵੇਲਾ, ਥਿਤ ਵਾਰ ਨਾ ਕਿਸੇ ਲਿਖਾਇਆ। ਆਪੇ ਗੁਰੂ ਗੁਰ ਚੇਲਾ, ਆਪੇ ਨਿਉਂ ਨਿਉਂ ਸੀਸ ਝੁਕਾਇਆ। ਆਪਣਾ ਖੇਲ ਪਾਰਬ੍ਰਹਮ ਪ੍ਰਭ ਆਪੇ ਖੇਲਾ, ਵੇਦ ਕਤੇਬ ਭੇਵ ਨਾ ਰਾਇਆ। ਕਲਜੁਗ ਅੰਤਮ ਗੁਰਮੁਖਾਂ ਮੇਲ ਆਪੇ ਮੇਲਾ, ਮਿਲਿਆ ਮੇਲ ਵਿਛੜ ਨਾ ਜਾਇਆ। ਰਾਏ ਧਰਮ ਦੀ ਕੱਟੇ ਜੇਲਾ, ਲਖ ਚੁਰਾਸੀ ਫੰਦ ਕਟਾਇਆ। ਆਪੇ ਵਸੇ ਧਾਮ ਨਵੇਲਾ, ਗੁਰਸਿੱਖ ਅਵਲੜੇ ਧਾਮ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਨਾਦ, ਬ੍ਰਹਿਮੰਡਾਂ ਖੰਡਾਂ ਆਪਣਾ ਨਾਦ ਵਜਾਇਆ। ਵੱਜੇ ਨਾਦ ਹਰਿ ਸੁਲਤਾਨ, ਸਤਿਗੁਰ ਪੂਰਾ ਆਪ ਵਜਾਇੰਦਾ। ਸ਼ਬਦ ਅਗੰਮੀ ਇਕ ਧੁਨਕਾਨ, ਦਿਸ ਕਿਸੇ ਨਾ ਆਇੰਦਾ। ਕਿਸੇ ਨਾ ਦਿਸੇ ਵਿਚ ਮਕਾਨ, ਛੱਪਰ ਛੰਨ ਨਾ ਕੋਈ ਛੁਹਾਇੰਦਾ। ਜਨ ਭਗਤਾਂ ਕਰ ਕਿਰਪਾ ਦੇਵੇ ਆਪਣਾ ਦਾਨ, ਦਾਤਾ ਦਾਨੀ ਨਾਉਂ ਧਰਾਇੰਦਾ। ਆਤਮ ਉਪਜਾਏ ਬ੍ਰਹਮ ਗਿਆਨ, ਬ੍ਰਹਮ ਪਾਰਬ੍ਰਹਮ ਵਖਾਇੰਦਾ। ਏਕਾ ਰਾਗ ਸੁਣਾਏ ਕਾਨ, ਆਪ ਆਪਣਾ ਹੁਕਮ ਜਣਾਇੰਦਾ। ਚਰਨ ਧੂੜ ਸੱਚਾ ਅਸ਼ਨਾਨ, ਦੁਰਮਤ ਮੈਲ ਗਵਾਇੰਦਾ। ਅੱਠ ਸੱਠ ਤੀਰਥ ਮੁਖ ਸ਼ਰਮਾਨ, ਜਿਸ ਦਰ ਸਤਿਗੁਰ ਪੂਰਾ ਚਰਨ ਟਿਕਾਇੰਦਾ। ਏਥੇ ਉਥੇ ਦੋ ਜਹਾਨ ਰੱਖੇ ਮਾਣ, ਮਾਤ ਗਰਭ ਫੰਦ ਕਟਾਇੰਦਾ। ਅੰਮ੍ਰਿਤ ਆਤਮ ਬਖਸ਼ੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤ ਇਕ ਜਗਾਇੰਦਾ। ਜਾਗਰਤ ਜੋਤ ਗੁਰਸਿੱਖ ਮੰਦਰ, ਕਾਇਆ ਗੜ੍ਹ ਸੁਹਾਇੰਦਾ। ਹਰਿਜਨ ਮੇਲਾ ਅੰਦਰੇ ਅੰਦਰ, ਜਗਤ ਨੇਤਰ ਬੰਦ ਵਖਾਇੰਦਾ। ਬਜਰ ਕਪਾਟੀ ਤੋੜੇ ਜੰਦਰ, ਨਾਮ ਖੰਡਾ ਇਕ ਚਲਾਇੰਦਾ। ਭਾਗ ਲਗਾਏ ਅੰਧੇਰੀ ਕੰਦਰ, ਜੋਤ ਨਿਰੰਜਨ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਖੋਜ ਖੁਜਾਇੰਦਾ। ਹਰਿਜਨ ਸਾਚੇ ਜਾਣਿਆ, ਹਰਿ ਸਤਿਗੁਰ ਜਾਨਣਹਾਰ। ਘਰ ਆਪਣਾ ਆਪ ਪਛਾਣਿਆ, ਆਪ ਆਪਣੀ ਕਿਰਪਾ ਧਾਰ। ਨਾਮ ਵਖਾਇਆ ਵੰਝ ਮੁਹਾਣਿਆ, ਡੂੰਘਾ ਸਾਗਰ ਕਰਿਆ ਪਾਰ। ਮਿਲੇ ਮੇਲ ਸ੍ਰੀ ਭਗਵਾਨਿਆ, ਨਿਰਮਲ ਜੋਤ ਅਗੰਮ ਅਪਾਰ। ਆਵਣ ਜਾਵਣ ਚੁੱਕੇ ਕਾਣਿਆ, ਨਾਤਾ ਤੁੱਟੇ ਜਗਤ ਸੰਸਾਰ। ਕਿਸੇ ਹੱਥ ਨਾ ਆਏ ਰਾਜੇ ਰਾਣਿਆ, ਗਰੀਬ ਨਿਮਾਣੇ ਜਾਏ ਤਾਰ। ਵੰਡੇ ਵੰਡ ਨਾ ਸੁਘੜ ਸਿਆਣਿਆ, ਭਿਖਕ ਭਿਛਿਆ ਪਾਏ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਖੇਲਣਹਾਰ। ਖੇਲਣਹਾਰਾ ਦੀਨ ਦਿਆਲਾ, ਦਯਾਨਿਧ ਅਖਵਾਇਆ। ਨਿਰਗੁਣ ਚਲੀ ਅਵਲੜੀ ਚਾਲਾ, ਦਿਸ ਕਿਸੇ ਨਾ ਆਇਆ। ਚਰਨ ਭਿਖਾਰੀ ਮਹਾਂਕਾਲਾ, ਆਪ ਆਪਣਾ ਰੰਗ ਰੰਗਾਇਆ। ਵੇਖਣਹਾਰਾ ਜੋਤ ਜਵਾਲਾ, ਆਦਿ ਸ਼ਕਤੀ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨਾਉਂ ਪ੍ਰਗਟਾਇਆ। ਨਾਉਂ ਰੱਖ ਹਰਿ ਨਿਹਕਲੰਕ, ਸ਼ਬਦੀ ਡੰਕ ਵਜਾਇੰਦਾ। ਇਕ ਸੁਹਾਏ ਸਾਚਾ ਬੰਕ, ਸੰਬਲ ਨਗਰੀ ਨਾਉਂ ਉਪਜਾਇੰਦਾ। ਲੇਖਾ ਜਾਣੇ ਰਾਓ ਰੰਕ, ਊਚ ਨੀਚ ਭੇਵ ਮਿਟਾਇੰਦਾ। ਗੁਰਮੁਖ ਉਧਾਰੇ ਜਿਉਂ ਜਨਕ, ਘਰ ਸਾਚੇ ਮੇਲ ਮਿਲਾਇੰਦਾ। ਵਾਸ ਨਿਵਾਸੀ ਪੁਰੀ ਘਨਕ, ਘਨਕ ਪੁਰ ਵਾਸੀ ਖੇਲ ਖਿਲਾਇੰਦਾ। ਆਵੇ ਜਾਵੇ ਵਾਰ ਅਨਕ, ਜਨ ਭਗਤਾਂ ਹਿਤ ਆਪ ਵਖਾਇੰਦਾ। ਫੇਰਨਹਾਰਾ ਮਨ ਕਾ ਮਨਕ, ਮਨ ਮਨੂਆ ਆਪ ਭਵਾਇੰਦਾ। ਸ਼ਬਦ ਲਗਾਏ ਸਾਚੀ ਤਨਕ, ਨਾਮ ਡੋਰੀ ਹੱਥ ਉਠਾਇੰਦਾ। ਗੁਰਮੁਖਾਂ ਮੇਟੇ ਸਾਚੀ ਸ਼ੰਕ, ਮਨਮੁਖ ਮਾਇਆ ਭਰਮ ਭੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਸੱਚਾ ਪਾਤਸ਼ਾਹ, ਬੇਪਰਵਾਹ ਆਪ ਅਖਵਾਇੰਦਾ। ਬੇਪਰਵਾਹ ਪਰਵਰਦਿਗਾਰਾ, ਨੂਰੋ ਨੂਰ ਅਲਾਹੀਆ। ਹੱਕ ਹਕੀਕਤ ਪਾਵੇ ਸਾਰਾ, ਲਾਸ਼ਰੀਕ ਇਕ ਖ਼ੁਦਾਈਆ। ਮੁਕਾਮੇ ਹੱਕ ਬੋਲ ਜੈਕਾਰਾ, ਏਕਾ ਨਾਅਰਾ ਦਏ ਲਗਾਈਆ। ਨੂਰ ਅਲਾਹੀ ਮੀਤ ਮੁਰਾਰਾ, ਸ਼ਾਹ ਸਵਾਰਾ ਲਏ ਮਿਲਾਈਆ। ਮੁਲਾਂ ਸ਼ੇਖ ਮੁਸਾਇਕ ਕੁਤਬ ਗੌਂਸ ਨਾ ਪਾਵੇ ਕੋਈ ਸਾਰਾ, ਪੀਰ ਦਸਤਗੀਰ ਰਹੇ ਰਾਹ ਤਕਾਈਆ। ਸੰਗ ਮੁਹੰਮਦ ਚਾਰ ਯਾਰ ਬੈਠੇ ਅਧਵਿਚਕਾਰਾ, ਚੌਦਾਂ ਤਬਕਾਂ ਕੁੰਡਾ ਲਾਹੀਆ। ਅੱਲਾ ਰਾਣੀ ਨਿਉਂ ਨਿਉਂ ਕਰੇ ਨਿਮਸਕਾਰਾ, ਨੇਤਰ ਨੀਰ ਰਹੀ ਵਹਾਈਆ। ਕਲਜੁਗ ਅੰਤਮ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਈਆ। ਚਾਰ ਵਰਨ ਨਾ ਕੋਈ ਸਹਾਰਾ, ਅਠਾਰਾਂ ਬਰਨ ਰਹੇ ਕੁਰਲਾਈਆ। ਪ੍ਰਗਟ ਹੋਵੇ ਗੁਰ ਗੋਬਿੰਦ ਸਿੰਘ ਬੋਲ ਜੈਕਾਰਾ, ਸੰਮਤ ਸਤਾਰਾਂ ਰਾਹ ਤਕਾਈਆ। ਨੌਂ ਸਤ ਪਾਏ ਆਪੇ ਸਾਰਾ, ਨਾਮ ਖੰਡਾ ਹੱਥ ਚਮਕਾਈਆ। ਤੋੜਨਹਾਰਾ ਗੜ੍ਹ ਹੰਕਾਰਾ, ਕਿਲੇ ਕੋਟ ਰਿਹਾ ਢਾਈਆ। ਗੁਰਮੁਖਾਂ ਬਣੇ ਆਪ ਵਣਜਾਰਾ, ਘਰ ਘਰ ਸਾਚਾ ਵਣਜ ਕਰਾਈਆ। ਨਾਮ ਵਖਾਏ ਸਚ ਭੰਡਾਰਾ, ਅੰਮ੍ਰਿਤ ਆਤਮ ਜਾਮ ਪਿਆਈਆ। ਏਕਾ ਰੰਗੇ ਰੰਗ ਕਰਤਾਰਾ, ਰੰਗਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਹਰਿ ਭਗਤ ਹਰਿਸੰਤ ਹਰਿਜਨ ਗੁਰਮੁਖ ਗੁਰਸਿੱਖ ਆਪਣੀ ਗੋਦ ਉਠਾਈਆ।
