੧੬ ਫੱਗਣ ੨੦੧੪ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਦਿਲੀ ਸ਼ਹਿਰ
ਪਾਰਬ੍ਰਹਮ ਹਰਿ ਬੇਅੰਤ, ਬੇਪਰਵਾਹ ਅਖਵਾਇਆ। ਜੁਗ ਜੁਗ ਉਧਾਰੇ ਸਾਚੇ ਸੰਤ, ਸ਼ਬਦ ਮਲਾਹ ਬਣਾਇਆ। ਮੇਲ ਮਿਲਾਏ ਨਾਰੀ ਕੰਤ, ਆਤਮ ਸੇਜਾ ਡੇਰਾ ਲਾਇਆ। ਇਕ ਸੁਹਾਏ ਰੁੱਤ ਬਸੰਤ, ਫਲ ਫੁਲਵਾੜੀ ਵੇਖ ਵਖਾਇਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਇਆ। ਸਤਿ ਪੁਰਖ ਨਿਰੰਜਣ ਆਦਿ ਅੰਤ, ਆਪ ਆਪਣੀ ਕਲ ਵਰਤਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਪਾਰਬ੍ਰਹਮ ਪੁਰਖ ਅਬਿਨਾਸ਼, ਸ਼ਾਹ ਭੂਪ ਸੁਲਤਾਨਾ। ਖੇਲੇ ਖੇਲ ਪ੍ਰਿਥਮੀ ਅਕਾਸ਼, ਵੇਖ ਵਖਾਏ ਦੋ ਜਹਾਨਾ। ਸਾਚੇ ਮੰਡਲ ਸਾਚੀ ਰਾਸ, ਮੇਲ ਮਿਲਾਏ ਸ੍ਰੀ ਭਗਵਾਨਾ। ਹਰ ਘਟ ਰੱਖੇ ਆਪੇ ਵਾਸ, ਭੇਵ ਅਭੇਦਾ ਮੁਖ ਛੁਪਾਨਾ। ਜਨ ਭਗਤਾਂ ਜੁਗ ਜੁਗ ਹੋਏ ਦਾਸ, ਜੋਗ ਜੁਗਤ ਵੇਖ ਵਖਾਨਾ। ਆਦਿ ਅੰਤ ਨਾ ਹੋਏ ਵਿਨਾਸ, ਸਚ ਘਰ ਵਸੇ ਭਗਵਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਗੁਣ ਨਿਧਾਨਾ। ਪਾਰਬ੍ਰਹਮ ਪੁਰਖ ਅਗੰਮਾ, ਏਕਾ ਏਕ ਅਖਵਾਇਆ। ਨਾ ਮਰੇ ਨਾ ਕਦੇ ਜੰਮਾ, ਆਵਣ ਜਾਵਣ ਖੇਲ ਰਚਾਇਆ। ਪਵਣ ਸਵਾਸੀ ਨਾ ਕੋਈ ਦਮਾ, ਨੇਤਰ ਨੈਣ ਨਾ ਵੇਖ ਵਖਾਇਆ। ਹੱਡ ਮਾਸ ਨਾੜੀ ਨਾ ਕੋਈ ਚੰਮਾ, ਪੰਜ ਤਤ ਨਾ ਮੇਲ ਮਿਲਾਇਆ। ਆਦਿ ਸ਼ਕਤ ਜੋਤ ਨਿਰੰਜਣ ਆਪੇ ਜਾਣੇ ਆਪਣਾ ਕੰਮਾ, ਭੇਖਾਧਾਰੀ ਭੇਖ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਰਮੀ ਕਰਮ ਕਮਾਇਆ। ਪਾਰਬ੍ਰਹਮ ਹਰਿ ਸੁਲਤਾਨ, ਸਾਚਾ ਧਾਮ ਸੁਹਾਇੰਦਾ। ਪਰਮ ਪੁਰਖ ਹਰਿ ਮਿਹਰਵਾਨ, ਏਕਾ ਨਾਮ ਜਣਾਇੰਦਾ। ਸ਼ਬਦ ਸ਼ਬਦੀ ਧੁਰ ਨਿਸ਼ਾਨ, ਏਕਾ ਏਕ ਝੁਲਾਇੰਦਾ। ਖੇਲੇ ਖੇਲ ਜੁਗ ਮਹਾਨ, ਜਗਤ ਵੇਸ ਵਟਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਰਸਨਾ ਗਾਨ, ਸੇਵਕ ਸੇਵਾ ਲਾਇੰਦਾ। ਸੁਰ ਨਰ ਮੁਨ ਰਿਖ ਸਰਬ ਧਿਆਇਣ, ਮਾਰਗ ਇਕ ਵਖਾਇੰਦਾ। ਸਾਧ ਸੰਤ ਜੀਵ ਜੰਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਅੰਕ ਜਣਾਇੰਦਾ। ਪਾਰਬ੍ਰਹਮ ਪ੍ਰਭ ਸ਼ਾਹ ਸੁਲਤਾਨ, ਆਪਣਾ ਆਪ ਜਣਾਇਆ। ਸ਼ਬਦ ਵਜਾਏ ਸਾਚਾ ਡੰਕ, ਵਰਨ ਬਰਨਾਂ ਰਿਹਾ ਸੁਣਾਇਆ। ਗੁਰਮੁਖ ਉਧਾਰੇ ਜਿਉਂ ਜਨ ਜਨਕ, ਜਨ ਜਨਨੀ ਲੇਖੇ ਲਾਇਆ। ਪਰਗਟ ਹੋ ਵਾਸੀ ਪੁਰੀ ਘਨਕ, ਅਗੰਮ ਅਗੰਮੜਾ ਧਾਮ ਸੁਹਾਇਆ। ਖੇਲੇ ਖੇਲ ਬਾਰ ਅਨਕ, ਅਨਕ ਕਲ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਇਆ। ਪਾਰਬ੍ਰਹਮ ਹਰਿ ਜੋਤ ਉਜਾਲਾ, ਜੋਤੀ ਜੋਤ ਸਮਾਇੰਦਾ। ਸ਼ਬਦ ਗੁਰ ਗੁਰ ਗੋਪਾਲਾ, ਵਰਨ ਗੋਤ ਨਾ ਕੋਈ ਰਖਾਇੰਦਾ। ਜੁਗ ਜੁਗ ਚਲੇ ਅਵੱਲੜੀ ਚਾਲਾ, ਲੇਖਾ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਪਾਰਬ੍ਰਹਮ ਹਰਿ ਨਾਂ ਨਿਰੰਕਾਰ, ਨਿਰਗੁਣ ਰੂਪ ਸਮਾਇਆ। ਖੇਲੇ ਖੇਲ ਅਪਰ ਅਪਾਰ, ਸਰਗੁਣ ਭੇਵ ਨਾ ਰਾਇਆ। ਸਤਿਜੁਗ ਤ੍ਰੇਤਾ ਬੰਨੇ ਧਾਰ, ਦੁਆਪਰ ਫੇਰਾ ਪਾਇਆ। ਸਾਧਾਂ ਸੰਤਾਂ ਲਏ ਉਭਾਰ, ਜੀਆਂ ਜੰਤਾਂ ਵੇਖ ਵਖਾਇਆ। ਏਕਾ ਬਖ਼ਸ਼ੇ ਚਰਨ ਪਿਆਰ, ਨਾਤਾ ਬਿਧਾਤਾ ਆਪ ਅਖਵਾਇਆ। ਹਰਿਜਨ ਮੇਲਾ ਕੰਤ ਭਤਾਰ, ਸੁਰਤ ਸਵਾਣੀ ਵੇਖ ਵਖਾਇਆ। ਤੋੜਨਹਾਰਾ ਗੜ੍ਹ ਹੰਕਾਰ, ਘੜਨ ਭੰਨਣਹਾਰ ਆਪ ਅਖਵਾਇਆ। ਇਕ ਸੁਹਾਏ ਬੰਕ ਦਵਾਰ, ਦਰ ਦਰਵਾਜ਼ਾ ਆਪ ਖੁਲ੍ਹਾਇਆ। ਕਾਇਆ ਮੰਦਰ ਅੰਦਰ ਮਹੱਲ ਅਟੱਲ ਉਚ ਮਿਨਾਰ, ਦਸਮ ਦਵਾਰੀ ਰਿਹਾ ਸੁਹਾਇਆ। ਆਪੇ ਖੋਲ੍ਹੇ ਬੰਦ ਕਿਵਾੜ, ਪੰਚਮ ਧਾੜ ਦਏ ਮਿਟਾਇਆ। ਜੋਤ ਜਗਾਏ ਬਹੱਤਰ ਨਾੜ, ਅਕਾਸ਼ ਅਕਾਸ਼ ਸਮਾਇਆ। ਆਪੇ ਹੋਇਆ ਪਿਛੇ ਅਗਾੜ, ਹਰਿਜਨ ਸਾਚੇ ਲਏ ਤਰਾਇਆ। ਗੁਰਮੁਖ ਸਾਜਨ ਸਾਚੇ ਲਾੜ, ਸਾਚੇ ਘੋੜੇ ਦਏ ਚੜ੍ਹਾਇਆ। ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ੍ਹ, ਕਲਜੁਗ ਵੇਲਾ ਅੰਤਮ ਆਇਆ। ਨੌਂ ਖੰਡ ਪ੍ਰਿਥਮੀ ਇਕ ਅਖਾੜ, ਸੱਤਾਂ ਦੀਪਾਂ ਰਿਹਾ ਹਿਲਾਇਆ। ਮਨਮੁਖ ਜੀਵ ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ, ਉਚੇ ਟਿੱਲੇ ਪਰਬਤ ਫੋਲ ਫੋਲਾਇਆ। ਤ੍ਰੈਗੁਣ ਮਾਇਆ ਰਹੀ ਸਾੜ, ਪੰਜ ਤਤ ਹੋਇਆ ਹਲਕਾਇਆ। ਮਨਮਤ ਵੇਖੇ ਇਕ ਅਖਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇਆ। ਪਾਰਬ੍ਰਹਮ ਪ੍ਰਭ ਸਾਜਨ ਮੀਤਾ, ਹਰਿ ਹਰਿ ਆਪ ਅਖਵਾਇੰਦਾ। ਆਪੇ ਰਾਮਾ ਆਪੇ ਸੀਤਾ, ਆਪੇ ਰਾਵਣ ਗੜ੍ਹ ਤੁੜਾਇੰਦਾ। ਆਪੇ ਅਰਜਨ ਆਪੇ ਗੀਤਾ, ਆਪੇ ਕ੍ਰਿਸ਼ਨਾ ਰੂਪ ਵਟਾਇੰਦਾ। ਆਪੇ ਦੇਹੁਰਾ ਮੰਦਰ ਮਸੀਤਾ, ਗੁਰੂਦਵਾਰਾ ਆਪ ਅਖਵਾਇੰਦਾ। ਆਪੇ ਬੈਠਾ ਰਹੇ ਅਤੀਤਾ, ਨਿਰਗੁਣ ਵੇਸ ਵਟਾਇੰਦਾ। ਆਪੇ ਠਾਂਡਾ ਆਪੇ ਸੀਤਾ, ਆਪੇ ਸਾਂਤਕ ਸਤਿ ਵਰਤਾਇੰਦਾ। ਆਪੇ ਪੱਤਤ ਆਪ ਪੁਨੀਤਾ, ਪੱਤਤ ਪੁਨੀਤ ਆਪ ਕਰਾਇੰਦਾ। ਆਪੇ ਹਸਤ ਆਪੇ ਕੀਟਾ, ਊਚ ਨੀਚ ਆਪ ਅਖਵਾਇੰਦਾ। ਆਪੇ ਹੋਇਆ ਕੌੜਾ ਰੀਠਾ, ਰਸ ਮਿਠਾ ਆਪ ਹੋ ਜਾਇੰਦਾ। ਆਪੇ ਚਾੜ੍ਹੇ ਰੰਗ ਮਜੀਠਾ, ਰੰਗਣਹਾਰ ਆਪ ਰੰਗਾਇੰਦਾ। ਕਲਜੁਗ ਜੂਠਾ ਝੂਠਾ ਪੀਸਣ ਪੀਸਾ, ਮਾਇਆ ਮਮਤਾ ਚੱਕੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕਾ ਨਾਉਂ ਰਖਾਇੰਦਾ। ਪਾਰਬ੍ਰਹਮ ਸਹਿਜ ਸੁਖ ਦੇਵਾ, ਏਕਾ ਏਕ ਅਖਵਾਇੰਦਾ। ਪੁਰਖ ਅਬਿਨਾਸ਼ੀ ਅਲਖ ਅਭੇਵਾ, ਭੇਵ ਕੋਈ ਨਾ ਪਾਇੰਦਾ। ਗੁਰਮੁਖ ਸਾਜਨ ਲਾਏ ਸੇਵਾ, ਸੇਵਕ ਸੇਵਾ ਇਕ ਵਖਾਇੰਦਾ। ਰਸਨਾ ਜਾਪ ਜਪਾਏ ਜਿਹਵਾ, ਏਕਾ ਨਾਮ ਵਖਾਇੰਦਾ। ਕੌਸਤਕ ਮਣੀਆ ਲਾਏ ਥੇਵਾ, ਤਿਲਕ ਲਿਲਾਟੀ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਔਖੀ ਘਾਟੀ ਪਾਰ ਕਰਾਇੰਦਾ। ਪਾਰਬ੍ਰਹਮ ਹਰ ਘਟ ਵਾਸਾ, ਆਪਣਾ ਆਪ ਰਖਾਇਆ। ਜੁਗ ਜੁਗ ਖੇਲੇ ਜਗਤ ਤਮਾਸ਼ਾ, ਖੇਲਣਹਾਰ ਦਿਸ ਨਾ ਆਇਆ। ਹਰਿਜਨ ਜਪਾਏ ਰਸਨ ਸਵਾਸਾ, ਨਾਮ ਨਾਮਾ ਝੋਲੀ ਪਾਇਆ। ਮਨਮੁਖ ਮੁਖ ਰਖਾਏ ਮਦਿਰਾ ਮਾਸਾ, ਸਾਜਨ ਮੀਤ ਨਾ ਕੋਈ ਦਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਅਨੂਪ, ਹਰਿ ਹਰਿ ਵੇਖ ਵਖਾਇੰਦਾ। ਹਰਿ ਵੇਖ ਵਖਾਏ ਚਾਰੋਂ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਤੀਰ ਨਿਰਾਲਾ ਰਿਹਾ ਛੂਟ, ਏਕਾ ਵੰਡ ਵੰਡਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇੰਦਾ। ਪਾਰਬ੍ਰਹਮ ਪ੍ਰਭ ਏਕ ਹੈ, ਏਕਾ ਰੰਗ ਸਮਾਇਆ। ਆਪੇ ਜਾਣੇ ਆਪਣੀ ਟੇਕ ਹੈ, ਨਾ ਕੋਈ ਦੂਸਰ ਸੰਗ ਰਖਾਇਆ। ਸ੍ਰਿਸ਼ਟ ਸਬਾਈ ਰਿਹਾ ਵੇਖ ਹੈ, ਦਿਸ ਕਿਸੇ ਨਾ ਆਇਆ। ਜੁਗ ਜੁਗ ਲਿਖਣਹਾਰਾ ਲੇਖ ਹੈ, ਲੇਖਾ ਆਪਣੇ ਹੱਥ ਰਖਾਇਆ। ਆਪੇ ਜਾਣੇ ਧਾਰੀ ਕੇਸ ਹੈ, ਮੂੰਡ ਮੁੰਡਾਏ ਸੰਗ ਰਖਾਇਆ। ਜਿਸ ਜਨ ਕਰੇ ਬੁਧ ਬਿਬੇਕ ਹੈ, ਨਾਮ ਰਤਨ ਝੋਲੀ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਿਲਾਇਆ। ਕਲਜੁਗ ਤੇਰੀ ਅੰਤਮ ਰੈਣ, ਚਾਰੋਂ ਕੁੰਟ ਅੰਧੇਰਾ ਛਾਇਆ। ਨਾ ਕੋਈ ਦਿਸੇ ਸਾਕ ਸੱਜਣ ਸੈਣ, ਮਾਤ ਪਿਤ ਭਾਈ ਭੈਣ, ਨਾ ਕੋਈ ਦਿਸਾਇਆ। ਜੂਠ ਝੂਠ ਚੁਕਾਏ ਲਹਿਣ ਦੇਣ, ਪੰਚ ਵਿਕਾਰਾ ਝੋਲੀ ਪਾਇਆ। ਮਨਮਤ ਰਸਨਾ ਰੋ ਰੋ ਕਹਿਣ, ਮੰਝ ਧਾਰ ਦਏ ਰੁੜ੍ਹਾਇਆ। ਲਾੜੀ ਮੌਤ ਖਾਏ ਡੈਣ, ਲੱਖ ਚੁਰਾਸੀ ਰਹੀ ਕੁਰਲਾਇਆ। ਗੁਰਮੁਖ ਵਿਰਲਾ ਪਾਰਬ੍ਰਹਮ ਪ੍ਰਭ ਰਸਨਾ ਪੇਖੇ ਨੇਤਰ ਲੋਚਣ ਨੈਣ, ਆਤਮ ਤ੍ਰਿਸਨਾ ਭੁੱਖ ਮਿਟਾਇਆ। ਸ਼ਬਦ ਬਸਤਰ ਤਨ ਸਾਚਾ ਗਹਿਣ, ਤਨ ਸ਼ੰਗਾਰ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਵੇਸ ਵਟਾਇਆ। ਕਲਜੁਗ ਵੇਸ ਹਰਿ ਨਿਰੰਕਾਰ, ਆਪਣਾ ਆਪ ਕਰਾਇੰਦਾ। ਜੋਤੀ ਜਾਮਾ ਭੇਖ ਅਪਾਰ, ਭੇਵ ਕੋਈ ਨਾ ਪਾਇੰਦਾ। ਇਕ ਅਕੱਲਾ ਏਕੰਕਾਰ, ਅਕਲ ਕਲਾ ਸਮਾਇੰਦਾ। ਲੋਆਂ ਪੁਰੀਆਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਨਿਹਕਲੰਕਾ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਇੰਦਾ। ਵੇਦ ਵਿਆਸਾ ਬਣ ਲਿਖਾਰ, ਸੇਵਕ ਸੇਵਾ ਆਪ ਕਮਾਇੰਦਾ। ਗੁਰ ਗੋਬਿੰਦਾ ਕਰ ਵਿਚਾਰ, ਗੁਣੀ ਗਹਿੰਦਾ ਮੇਲ ਮਿਲਾਇੰਦਾ। ਸਾਗਰ ਸਿੰਧਾ ਪਾਵੇ ਸਾਰ, ਵਡ ਬਖ਼ਸ਼ਿੰਦਾ ਆਪ ਅਖਵਾਇੰਦਾ। ਮਨਮੁਖ ਜੀਵ ਲਗਾਏ ਨਿੰਦਾ ਦੁਸ਼ਟ ਦੁਰਾਚਾਰ, ਦਰ ਦਵਾਰ ਨਾ ਕੋਈ ਸੁਹਾਇੰਦਾ। ਹਰਿਜਨ ਫੜ ਫੜ ਬਾਂਹੋਂ ਲਾਏ ਪਾਰ, ਸਾਚੇ ਪੌੜੇ ਆਪ ਚੜ੍ਹਾਇੰਦਾ। ਏਕਾ ਦੇਵੇ ਨਾਮ ਅਧਾਰ, ਗੁਣ ਨਿਧਾਨਾ ਝੋਲੀ ਪਾਇੰਦਾ। ਚਾਰ ਵਰਨਾਂ ਚਾਰ ਕੁੰਟ ਦਹਿ ਦਿਸ਼ਾ ਜੈ ਜੈ ਜੈਕਾਰ, ਆਪ ਕਰਾਇੰਦਾ । ਬਰਨ ਅਠਾਰਾਂ ਇਕ ਦਵਾਰ, ਊਚਾਂ ਨੀਚਾਂ ਮੇਲ ਮਿਲਾਇੰਦਾ। ਅੰਮ੍ਰਿਤ ਬਖ਼ਸ਼ੇ ਸਾਚੀ ਧਾਰ, ਨਿਝਰ ਰਸ ਚੁਆਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਇੰਦਾ। ਆਪੇ ਜਾਣੇ ਆਪਣੀ ਕਾਰ, ਕਰਨਹਾਰ ਆਪ ਅਖਵਾਇੰਦਾ। ਕਲਜੁਗ ਮਿਟੇ ਕੂੜ ਕੁੜਿਆਰ, ਕੂੜ ਪਸਾਰਾ ਦਿਸ ਨਾ ਆਇੰਦਾ। ਸਤਿਜੁਗ ਬੰਨੇ ਸਾਚੀ ਧਾਰ, ਸਚ ਸੁੱਚ ਵਰਤਾਇੰਦਾ। ਚਾਰ ਵਰਨਾਂ ਸੁਹਾਏ ਇਕ ਦਵਾਰ, ਏਕਾ ਮਾਰਗ ਲਾਇੰਦਾ। ਰਾਜ ਰਾਜਾਨ ਸ਼ਾਹ ਸੁਲਤਾਨ ਕਰੇ ਖ਼ਬਰਦਾਰ, ਸੀਸ ਤਾਜ ਨਾ ਕੋਈ ਰਖਾਇੰਦਾ। ਜਨ ਭਗਤਾਂ ਬਖ਼ਸ਼ੇ ਚਰਨ ਪਿਆਰ, ਚਰਨ ਕਵਲ ਇਕ ਦਰਸਾਇੰਦਾ। ਧਰਤ ਧਵਲ ਪਾਵੇ ਸਾਰ, ਕਵਲ ਕਵਲਾ ਮੁਖ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਿਝ ਘਰ ਆਤਮ ਵੇਖ ਵਖਾਇੰਦਾ। ਨਿਝ ਘਰ ਆਤਮ ਹਰਿ ਹਰਿ ਵਾਸਾ, ਹਰ ਘਟ ਆਪ ਸਮਾਇੰਦਾ। ਨਿਰਮਲ ਜੋਤੀ ਕਰ ਪਰਕਾਸ਼ਾ, ਅੰਧ ਅੰਧੇਰ ਮਿਟਾਇੰਦਾ। ਕਾਇਆ ਮੰਦਰ ਡੂੰਘੀ ਕੰਦਰ ਰੱਖੇ ਵਾਸਾ, ਨੂਰ ਨੂਰਾਨਾ ਡਗਮਗਾਇੰਦਾ। ਰਸਨਾ ਜਿਹਵਾ ਜਾਪ ਜਪਾਏ ਸਵਾਸ ਸਵਾਸਾ, ਮਨ ਮਨੂਆ ਬੰਧ ਬੰਧਾਇੰਦਾ। ਅੰਮ੍ਰਿਤ ਆਤਮ ਇਕ ਵਸਾਏ ਕਾਇਆ ਕਾਸਾ, ਸਰ ਸਰੋਵਰ ਇਕ ਸੁਹਾਇੰਦਾ। ਗਗਨ ਮੰਡਲ ਸਾਚੀ ਰਾਸਾ, ਪਤਾਲ ਅਕਾਸ਼ ਸੁਹਾਇੰਦਾ। ਮਿਲੇ ਮੇਲ ਸਰਬ ਗੁਣ ਤਾਸਾ, ਗੁਣਵੰਤਾ ਮੇਲ ਮਿਲਾਇੰਦਾ। ਗੁਰਮੁਖ ਸਾਜਨ ਬਲ ਬਲ ਜਾਸਾ, ਬਲਹਾਰੀ ਗੁਰ ਲਿਖਿਆ ਧੁਰ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਕਾਲ ਮਹਾਂਕਾਲ ਦਰ ਬੰਧਾਇੰਦਾ। ਪਾਰਬ੍ਰਹਮ ਪ੍ਰਭ ਸਾਚਾ ਸੱਜਣ, ਸਦਾ ਸਦਾ ਅਖਵਾਇੰਦਾ। ਜਨ ਭਗਤਾਂ ਆਇਆ ਪੜਦੇ ਕੱਜਣ, ਭੇਖਾਧਾਰੀ ਭੇਖ ਵਟਾਇੰਦਾ। ਚਰਨ ਧੂੜ ਕਰਾਏ ਸਾਚਾ ਮਜਨ, ਸਰ ਸਰੋਵਰ ਇਕ ਵਖਾਇੰਦਾ। ਮਦਿਰਾ ਮਾਸ ਜੋ ਜਨ ਤਜਨ, ਬੰਕ ਦਵਾਰਾ ਇਕ ਸੁਹਾਇੰਦਾ। ਜਗਤ ਤਾਲ ਝੂਠੇ ਵੱਜਣ, ਅਨਹਦ ਤਾਲ ਨਾ ਕੋਈ ਵਜਾਇੰਦਾ। ਜੋ ਘੜੇ ਸੋ ਅੰਤਮ ਭੱਜਣ, ਥਿਰ ਕੋਈ ਰਹਿਣ ਨਾ ਪਾਇੰਦਾ। ਗੁਰਮੁਖ ਵਿਰਲਾ ਚੜ੍ਹੇ ਨਾਮ ਜਹਾਜਨ, ਸਤਿਗੁਰ ਪੂਰਾ ਆਪ ਚੜ੍ਹਾਇੰਦਾ। ਕਰੇ ਖੇਲ ਗ਼ਰੀਬ ਨਿਵਾਜਨ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਪਰਗਟ ਹੋਇਆ ਦੇਸ ਮਾਝਨ, ਕਲਜੁਗ ਅੰਤਮ ਵੇਖ ਵਖਾਇੰਦਾ। ਲੱਖ ਚੁਰਾਸੀ ਰਚਿਆ ਕਾਜਨ, ਕਲਜੁਗ ਅੰਤਮ ਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਧਰ, ਚਿੱਟਾ ਅਸਵ ਇਕ ਦੌੜਾਇੰਦਾ। ਚਿੱਟਾ ਅਸਵ ਸਾਚਾ ਘੋੜਾ, ਹਰਿ ਹਰਿ ਆਪ ਦੌੜਾਇਆ। ਜੋਤੀ ਸ਼ਬਦੀ ਜੁੜਿਆ ਜੋੜਾ, ਸਚ ਸਿੰਘਾਸਣ ਆਸਣ ਲਾਇਆ। ਅਗੰਮ ਅਗੰਮੜਾ ਆਪੇ ਬੌਹੜਾ, ਅਗੰਮ ਅਗੰਮੜੀ ਧਾਰ ਚਲਾਇਆ। ਵੇਖ ਵਖਾਏ ਜੀਵ ਜੰਤ ਸਾਧ ਸੰਤ ਲੱਖ ਚੁਰਾਸੀ ਕਾਇਆ ਮਾਟੀ ਚਮੜਾ, ਮਨਮਤ ਬੁਧ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਕਰੇ ਰੁਸ਼ਨਾਇਆ।
