੨੬ ਕੱਤਕ ੨੦੧੬ ਬਿਕ੍ਰਮੀ ਜਸਵੰਤ ਸਿੰਘ ਦੇ ਘਰ ਕਰਤਾਰ ਪੁਰ ਜ਼ਿਲਾ ਜਲੰਧਰ
ਏਕੰਕਾਰਾ ਨਿਰਾਕਾਰ, ਅਕਲ ਕਲਾ ਅਖਵਾਈਆ। ਸੋ ਪੁਰਖ ਨਿਰੰਜਣ ਅਗੰਮ ਅਪਾਰ, ਅਲਖ ਅਗੋਚਰ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਕਰ ਪਸਾਰ, ਆਪ ਆਪਣਾ ਭੇਵ ਖੁਲ੍ਹਾਈਆ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਡਗਮਗਾਈਆ। ਪੁਰਖ ਅਬਿਨਾਸ਼ੀ ਖੇਲ ਅਪਾਰ, ਸਚਖੰਡ ਦਵਾਰਾ ਆਪ ਸੁਹਾਈਆ। ਸ੍ਰੀ ਭਗਵਾਨ ਏਕਾ ਧਾਰ, ਥਿਰ ਘਰ ਨਿਵਾਸੀ ਆਪਣੀ ਆਪ ਚਲਾਈਆ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣੀ ਵੰਡ ਆਪ ਵੰਡਾਈਆ। ਆਪੇ ਅੰਦਰ ਆਪੇ ਬਾਹਰ, ਆਪਣਾ ਮੇਲ ਆਪ ਮਿਲਾਈਆ। ਆਪੇ ਕੰਤ ਆਪ ਭਤਾਰ, ਨਾਰੀ ਨਰ ਆਪ ਅਖਵਾਈਆ। ਆਪੇ ਸੁੱਤਾ ਸੇਜਾ ਪੈਰ ਪਸਾਰ, ਨਿਰਗੁਣ ਵੱਡਾ ਵਡ ਵਡਿਆਈਆ। ਆਪੇ ਮਾਤ ਪਿਤਾ ਹੋ ਉਜਿਆਰ, ਸੁੱਤ ਦੁਲਾਰ ਆਪ ਉਪਜਾਈਆ। ਸ਼ਬਦ ਅਨਡੀਠਾ ਕਰ ਤਿਆਰ, ਘਰ ਸਾਚੇ ਆਪ ਸੁਹਾਈਆ। ਆਪਣੀ ਰੀਤਾ ਕਰ ਤਿਆਰ, ਪਤਿਤ ਪੁਨੀਤਾ ਵੇਖ ਵਖਾਈਆ। ਸੁਹਾਗੀ ਗੀਤਾ ਏਕੰਕਾਰ, ਆਪਣਾ ਆਪੇ ਗਾਈਆ। ਸੋ ਪੁਰਖ ਨਿਰੰਜਣ ਸੁਨਣੇਹਾਰ, ਹਰਿ ਪੁਰਖ ਨਿਰੰਜਣ ਭੇਵ ਖੁਲ੍ਹਾਈਆ। ਸ੍ਰੀ ਭਗਵਾਨ ਪਾਵੇ ਸਾਰ, ਪੁਰਖ ਅਬਿਨਾਸ਼ੀ ਵੱਡੀ ਵਡਿਆਈਆ। ਪਾਰਬ੍ਰਹਮ ਬੋਲ ਜੈਕਾਰ, ਸ਼ਬਦੀ ਨਾਅਰਾ ਏਕਾ ਲਾਈਆ। ਆਪ ਸੁਹਾਏ ਸਚ ਦਵਾਰ, ਸਚਖੰਡ ਬੈਠਾ ਬੇਪਰਵਾਹੀਆ। ਤਖ਼ਤ ਤਾਜ ਰਾਜ ਰਾਜਾਨ ਸ਼ਾਹ ਸੁਲਤਾਨ ਕਰ ਅਕਾਰ, ਰੂਪ ਅਨੂਪ ਆਪ ਵਟਾਈਆ। ਦੇਵਣਹਾਰਾ ਧੁਰ ਫ਼ਰਮਾਣ, ਹੁਕਮੇ ਆਪਣਾ ਹੁਕਮ ਚਲਾਈਆ। ਪਾਰਬ੍ਰਹਮ ਕਰ ਪਰਵਾਨ, ਆਪਣੀ ਝੋਲੀ ਲਏ ਭਰਾਈਆ। ਸ਼ਬਦ ਉਠਾਇਆ ਸੁੱਤ ਜਵਾਨ, ਦੇ ਮਤ ਆਪ ਸਮਝਾਈਆ। ਏਕਾ ਇਛਿਆ ਹਰਿ ਭਗਵਾਨ, ਬ੍ਰਹਿਮੰਡ ਖੰਡ ਰਚਨ ਰਚਾਈਆ। ਲੋਆਂ ਪੁਰੀਆਂ ਗੁਣ ਨਿਧਾਨ, ਆਪਣਾ ਮਕਾਨਾ ਰਿਹਾ ਸੁਹਾਈਆ। ਵੰਡੀ ਵੰਡ ਹੋ ਮਿਹਰਵਾਨ, ਰਵ ਸਸ ਕਰੇ ਰੁਸ਼ਨਾਈਆ। ਮੰਡਲ ਮੰਡਪ ਖੋਲ੍ਹ ਦੁਕਾਨ, ਤਾਰ ਸਤਾਰ ਆਪ ਲਟਕਾਈਆ। ਆਪਣਾ ਦੇਵੇ ਸਾਚਾ ਦਾਨ, ਇਛਿਆ ਭਿਛਿਆ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਵੇਸ ਵਟਾਈਆ। ਵੇਸ ਵਟਾਏ ਹਰਿ ਨਿਰੰਕਾਰ, ਭੇਵ ਕੋਇ ਨਾ ਪਾਇੰਦਾ। ਆਦਿ ਜੁਗਾਦੀ ਖੇਲ ਅਪਾਰ, ਹਰਿ ਕਰਤਾ ਆਪ ਕਰਾਇੰਦਾ। ਜੂਨੀ ਰਹਿਤ ਵਡ ਸਿਕਦਾਰ, ਸਾਚੇ ਤਖ਼ਤ ਆਪ ਸੁਹਾਇੰਦਾ। ਵਸਣਹਾਰਾ ਉਚ ਮਹੱਲ ਅਟੱਲ ਮੁਨਾਰ, ਸਚ ਸਿੰਘਾਸਣ ਆਸਣ ਲਾਇੰਦਾ। ਸਚਖੰਡ ਦਵਾਰਾ ਖੋਲ੍ਹ ਕਿਵਾੜ, ਥਿਰ ਘਰ ਆਪਣੀ ਬਣਤ ਬਣਾਇੰਦਾ। ਰਾਓ ਰੰਕ ਬਣ ਸਿਕਦਾਰ, ਆਪ ਆਪਣਾ ਹੁਕਮ ਸੁਣਾਇੰਦਾ। ਨਿਰਗੁਣ ਨਿਰਗੁਣ ਖੇਲ ਅਪਾਰ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਧਾ ਸੂਰ ਬਲੀ ਬਲਕਾਰ, ਮਰਦ ਮਰਦਾਨਾ ਭੇਵ ਕੋਇ ਨਾ ਆਇੰਦਾ। ਨਾ ਕੋਈ ਖੰਡਾ ਤੇਜ਼ ਕਟਾਰ, ਤੀਰ ਕਮਾਨ ਨਾ ਹੱਥ ਉਠਾਇੰਦਾ। ਨਾ ਕੋਈ ਦੂਸਰ ਦਿਸੇ ਸੱਚਾ ਯਾਰ, ਲਾਸ਼ਰੀਕ ਨਾਉਂ ਧਰਾਇੰਦਾ। ਨੂਰੋ ਨੂਰ ਜਲਵਾ ਅਪਾਰ, ਆਪ ਆਪਣਾ ਦਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਭੈ ਆਪਣਾ ਨਾਉਂ ਧਰਾਇੰਦਾ। ਨਿਰਭੈ ਰੂਪ ਪੁਰਖ ਅਕਾਲ, ਏਕੰਕਾਰਾ ਵਡ ਵਡਿਆਈਆ। ਸੋ ਪੁਰਖ ਨਿਰੰਜਣ ਦੀਨ ਦਿਆਲ, ਹਰਿ ਪੁਰਖ ਨਿਰੰਜਣ ਹੋਏ ਸਹਾਈਆ। ਆਦਿ ਨਿਰੰਜਣ ਦੀਪਕ ਬਾਲ, ਆਦਿ ਜੁਗਾਦਿ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਵਸਣਹਾਰਾ ਸੱਚੀ ਧਰਮਸਾਲ, ਸਚਖੰਡ ਬੈਠਾ ਆਸਣ ਲਾਈਆ। ਸ੍ਰੀ ਭਗਵਾਨ ਬਣ ਦਲਾਲ, ਸਾਚਾ ਵਣਜ ਇਕ ਕਰਾਈਆ। ਪਾਰਬ੍ਰਹਮ ਖੇਲ ਨਿਰਾਲ, ਭੇਵ ਅਭੇਦਾ ਭੇਵ ਖੁਲ੍ਹਾਈਆ। ਸੁੱਤ ਦੁਲਾਰਾ ਸਾਚਾ ਬਾਲ, ਸ਼ਬਦੀ ਨਾਉਂ ਧਰਾਈਆ। ਆਪਣੇ ਫਲ ਲਾਏ ਡਾਲ੍ਹ, ਫੁਲ ਫੁਲਵਾੜੀ ਆਪ ਮਹਿਕਾਈਆ। ਚਲੇ ਚਲਾਏ ਅਵੱਲੜੀ ਚਾਲ, ਦਿਸ ਕਿਸੇ ਨਾ ਆਈਆ। ਆਪਣੀ ਘਾਲੇ ਆਪੇ ਘਾਲ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਪੁਰਖ ਨਾਉਂ ਧਰਾਈਆ। ਕਰਤਾ ਪੁਰਖ ਪੁਰਖ ਸਮਰਥ, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਹੋ ਪਰਤੱਖ, ਹਰਿ ਪੁਰਖ ਨਿਰੰਜਣ ਰਥ ਚਲਾਇਆ। ਆਦਿ ਨਿਰੰਜਣ ਦੇਵੇ ਸਾਚੀ ਵੱਥ, ਪੁਰਖ ਅਬਿਨਾਸ਼ੀ ਸੇਵ ਕਮਾਇਆ। ਸ੍ਰੀ ਭਗਵਾਨ ਮਹਿਮਾ ਕਥਨਾ ਅਕੱਥ, ਕਥ ਨਾ ਸਕੇ ਕੋਈ ਰਾਇਆ। ਪਾਰਬ੍ਰਹਮ ਦੇਵੇ ਸਾਚੀ ਵੱਥ, ਸੁੱਤ ਦੁਲਾਰਾ ਸੇਵਾ ਲਾਇਆ। ਸ਼ਬਦ ਦੁਲਾਰਾ ਰਿਹਾ ਤੁਠ, ਆਪ ਆਪਣੀ ਸੇਵ ਕਮਾਇਆ। ਅਬਿਨਾਸ਼ੀ ਕਰਤਾ ਆਪ ਆਪਣਾ ਕਰੇ ਵੱਖ, ਨਿਰਾਕਾਰ ਸਾਕਾਰ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਸ ਸੁਹਾਇਆ। ਵਿਸ਼ਨੂੰ ਬੰਸ ਹਰਿ ਨਿਰੰਕਾਰ, ਆਪਣਾ ਆਪ ਉਪਾਈਆ। ਅੰਮ੍ਰਿਤ ਭਰ ਸਚ ਭੰਡਾਰ, ਕਵਲ ਨਾਭੀ ਫੁਲ ਖਿਲਾਈਆ। ਪਾਰਬ੍ਰਹਮ ਬ੍ਰਹਮ ਕਰ ਤਿਆਰ, ਆਪ ਆਪਣਾ ਰੂਪ ਵਟਾਈਆ। ਸ਼ੰਕਰ ਮੇਲਾ ਧੂੰਆਂਧਾਰ, ਸੁੰਨ ਅਗੰਮ ਵੇਖ ਵਖਾਈਆ। ਆਪਣੀ ਬਿੰਦ ਆਪੇ ਪਏ ਜੰਮ, ਮਾਤ ਪਿਤ ਨਾ ਕੋਇ ਵਖਾਈਆ। ਆਪ ਜਣਾਏ ਆਪਣਾ ਕੰਮ, ਆਪਣੀ ਰਚਨਾ ਆਪ ਰਚਾਈਆ। ਗਗਨ ਪਾਤਾਲ ਰਹਾਏ ਬਿਨ ਬਿਨ ਥੰਮ, ਜਲ ਬਿੰਬ ਹੋਏ ਸਹਾਈਆ। ਪੁਰਖ ਅਬਿਨਾਸ਼ੀ ਬੇੜਾ ਬੰਨ੍ਹ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾ ਰਿਹਾ ਚਲਾਈਆ। ਤ੍ਰੈਗੁਣ ਮਾਇਆ ਸਾਚਾ ਧੰਨ, ਤ੍ਰੈ ਤ੍ਰੈ ਝੋਲੀ ਪਾਈਆ। ਏਕਾ ਰਾਗ ਸੁਣਾਇਆ ਕੰਨ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹੰ ਬ੍ਰਹਮ ਗਿਆ ਮੰਨ, ਨਿਉਂ ਨਿਉਂ ਸੀਸ ਝੁਕਾਈਆ। ਪੰਜ ਤੱਤ ਬਣਾਏ ਸਾਚਾ ਤਨ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਈਆ। ਲੱਖ ਚੁਰਾਸੀ ਚੜ੍ਹਿਆ ਚੰਨ, ਨਿਰਗੁਣ ਦੀਵਾ ਬਾਤੀ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਆਪਣੀ ਖੇਲ ਰਿਹਾ ਖਿਲਾਈਆ। ਏਕੰਕਾਰਾ ਖੇਲ ਅਪਾਰਾ, ਸੋ ਪੁਰਖ ਨਿਰੰਜਣ ਆਪ ਕਰਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਆਦਿ ਨਿਰੰਜਣ ਸੰਗ ਨਿਭਾਇੰਦਾ। ਪੁਰਖ ਅਬਿਨਾਸ਼ੀ ਸਾਂਝਾ ਯਾਰਾ, ਸ੍ਰੀ ਭਗਵਾਨ ਮੇਲ ਮਿਲਾਇੰਦਾ। ਪਾਰਬ੍ਰਹਮ ਬ੍ਰਹਮ ਕਰ ਪਸਾਰਾ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਇੰਦਾ। ਤ੍ਰੈਗੁਣ ਮਾਇਆ ਭਰ ਭੰਡਾਰਾ, ਪੰਜ ਤੱਤ ਝੋਲੀ ਪਾਇੰਦਾ। ਮਨ ਮਤ ਬੁਧ ਦਏ ਸਹਾਰਾ, ਨਿਰਗੁਣ ਆਪਣਾ ਅੰਗ ਕਟਾਇੰਦਾ। ਘਰ ਵਿਚ ਘਰ ਕਰ ਤਿਆਰਾ, ਘਰ ਸਾਚੇ ਸੋਭਾ ਪਾਇੰਦਾ। ਜੋਤ ਨਿਰੰਜਣ ਕਰ ਉਜਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਸ਼ਬਦ ਅਨਾਦਿ ਸੱਚੀ ਧੁਨਕਾਰਾ, ਅਨਹਦ ਤਾਲ ਵਜਾਇੰਦਾ। ਸਰ ਸਰੋਵਰ ਠੰਡੀ ਠਾਰਾ, ਅੰਮ੍ਰਿਤ ਆਤਮ ਜਾਮ ਪਿਆਇੰਦਾ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਪੜਦਾ ਲਾਹਿੰਦਾ। ਦੇਵੇ ਦਰਸ਼ ਅਗੰਮ ਅਪਾਰਾ, ਨੇਤਰ ਲੋਚਣ ਨੈਣ ਇਕ ਵਖਾਇੰਦਾ। ਆਤਮ ਸੇਜਾ ਹੋ ਉਜਿਆਰਾ, ਨਿਰਗੁਣ ਨੂਰੋ ਨੂਰ ਡਗਮਗਾਇੰਦਾ । ਸ਼ਬਦ ਅਗੰਮੀ ਕੰਤ ਭਤਾਰਾ, ਘਰ ਸਾਚੇ ਸੋਭਾ ਪਾਇੰਦਾ। ਦਸਮ ਦਵਾਰੀ ਸਚ ਦਵਾਰਾ, ਦਰ ਘਰ ਸਾਚਾ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਸੋ ਪੁਰਖ ਨਿਰੰਜਣ ਵਜਾਏ ਨਾਦ, ਹੰ ਬ੍ਰਹਮ ਆਪ ਉਠਾਇੰਦਾ। ਏਕੰਕਾਰਾ ਖੇਲ ਅਵੱਲਾ, ਲੇਖਾ ਲੇਖ ਨਾ ਕੋਇ ਜਣਾਈਆ। ਸੋ ਪੁਰਖ ਨਿਰੰਜਣ ਇਕ ਅਕੱਲਾ, ਆਦਿ ਜੁਗਾਦਿ ਵੇਖ ਵਖਾਈਆ। ਹਰਿ ਪੁਰਖ ਨਿਰੰਜਣ ਵਸਣਹਾਰਾ ਨੇਹਚਲ ਧਾਮ ਅਟੱਲਾ, ਘਰ ਸਾਚੇ ਬੈਠਾ ਆਸਣ ਲਾਈਆ। ਆਦਿ ਨਿਰੰਜਣ ਆਪਣੇ ਦੀਪਕ ਆਪੇ ਬੱਲਾ, ਤੇਲ ਬਾਤੀ ਨਾ ਕੋਇ ਰਖਾਈਆ। ਪੁਰਖ ਅਬਿਨਾਸ਼ੀ ਹੋਏ ਅਛਲ ਅਛੱਲਾ, ਅਛਲ ਛਲ ਧਾਰੀ ਭੇਵ ਨਾ ਰਾਈਆ। ਸ੍ਰੀ ਭਗਵਾਨ ਆਪਣੀ ਜੋਤ ਆਪੇ ਰੱਲਾ, ਦੂਸਰ ਸੰਗ ਨਾ ਕੋਇ ਵਖਾਈਆ। ਪਾਰਬ੍ਰਹਮ ਸਚ ਸਿੰਘਾਸਣ ਆਪਣਾ ਮੱਲਾ, ਦਰ ਆਪਣੇ ਸੋਭਾ ਪਾਈਆ। ਸੁੱਤ ਦੁਲਾਰਾ ਸ਼ਬਦ ਸ਼ਬਦੀ ਸਚ ਸੁਨੇਹੜਾ ਏਕਾ ਘੱਲਾ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਤ੍ਰੈਗੁਣ ਫੜਾਇਆ ਆਪਣਾ ਪੱਲਾ, ਪੰਜ ਤੱਤ ਲੜ ਬੰਧਾਈਆ । ਪੰਚ ਵਿਕਾਰਾ ਮਾਰੇ ਹੱਲਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾਲ ਰਲਾਈਆ। ਦੂਈ ਦਵੈਤੀ ਦੇਵੇ ਸੱਲਾ, ਆਸਾ ਤ੍ਰਿਸਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲਖ ਨਿਰੰਜਣ ਵਡ ਵਡਿਆਈਆ। ਏਕੰਕਾਰਾ ਕਰ ਪਸਾਰਾ, ਸੋ ਪੁਰਖ ਨਿਰੰਜਣ ਵੇਖ ਵਖਾਇੰਦਾ। ਹਰਿ ਪੁਰਖ ਨਿਰੰਜਣ ਨਿਰਗੁਣ ਧਾਰਾ, ਆਦਿ ਨਿਰੰਜਣ ਰੰਗ ਰੰਗਾਇੰਦਾ। ਪੁਰਖ ਅਬਿਨਾਸ਼ੀ ਵੇਖਣਹਾਰਾ, ਸ੍ਰੀ ਭਗਵਾਨ ਰਾਹ ਤਕਾਇੰਦਾ। ਪਾਰਬ੍ਰਹਮ ਪ੍ਰਭ ਬਣ ਵਣਜਾਰਾ, ਬ੍ਰਹਮ ਏਕਾ ਵਣਜ ਕਰਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਸਾਚਾ ਮਾਰਗ ਇਕ ਜਣਾਇੰਦਾ। ਰਾਜ਼ਕ ਰਿਜ਼ਕ ਰਹੀਮ ਕਰ ਪਿਆਰਾ, ਹੁਕਮੀ ਹੁਕਮ ਫਿਰਾਇੰਦਾ । ਉਤਪਤ ਕਰੇ ਆਪ ਸੰਸਾਰਾ, ਬ੍ਰਹਮਾ ਵੇਤਾ ਮੁਖ ਸਲਾਹਿੰਦਾ। ਸ਼ੰਕਰ ਅੰਤਮ ਕਰ ਸੰਘਾਰਾ, ਸਗਲਾ ਪੰਧ ਮੁਕਾਇੰਦਾ। ਨਿਰਗੁਣ ਖੇਲ ਅਪਰ ਅਪਾਰਾ, ਭੇਵ ਕੋਇ ਨਾ ਪਾਇੰਦਾ। ਵੰਡੇ ਵੰਡ ਵਿਚ ਸੰਸਾਰਾ, ਆਪਣਾ ਲੇਖਾ ਲੇਖ ਲਿਖਾਇੰਦਾ। ਚਾਰੇ ਵੇਦਾਂ ਏਕਾ ਧਾਰਾ, ਏਕਾ ਬੂਝ ਬੁਝਾਇੰਦਾ। ਚਾਰੇ ਯੁਗ ਖੇਲ ਅਪਾਰਾ, ਆਪਣਾ ਹਿੱਸਾ ਆਪ ਕਰਾਇੰਦਾ। ਸਤਿਜੁਗ ਸਾਚਾ ਕਰ ਪਿਆਰਾ, ਲੋਕਮਾਤ ਧਰਾਇੰਦਾ। ਲੱਖ ਚੁਰਾਸੀ ਦਏ ਹੁਲਾਰਾ, ਏਕਾ ਰੂਪ ਵਖਾਇੰਦਾ। ਵਰਨ ਬਰਨ ਨਾ ਕੋਈ ਕਿਨਾਰਾ, ਨਾ ਕੋਈ ਭੇਖ ਵਟਾਇੰਦਾ। ਭਗਤ ਭਗਵੰਤ ਖੇਲ ਨਿਆਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਨਿਰਗੁਣ ਰੂਪ ਪੰਜ ਤੱਤ ਅਵਤਾਰਾ, ਗੁਰ ਗੁਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪਣੀ ਕਲ ਵਰਤਾਇੰਦਾ। ਆਪਣੀ ਕਲ ਵਰਤੰਤਾ ਹਰਿ ਭਗਵੰਤਾ, ਏਕੰਕਾਰਾ ਰਚਨ ਰਚਾਇੰਦਾ। ਸੋ ਪੁਰਖ ਨਿਰੰਜਣ ਖੇਲ ਖਿਲੰਤਾ ਜੁਗਾਂ ਜੁਗੰਤਾ, ਹਰਿ ਪੁਰਖ ਨਿਰੰਜਣ ਵੇਖ ਵਖਾਇੰਦਾ। ਆਦਿ ਨਿਰੰਜਣ ਦੀਪ ਜਗੰਤਾ ਥਾਨ ਸੁਹੰਤਾ, ਪੁਰਖ ਅਬਿਨਾਸ਼ੀ ਸਚਖੰਡ ਦਵਾਰਾ ਸੋਭਾ ਪਾਇੰਦਾ। ਸ੍ਰੀ ਭਗਵਾਨ ਵੇਸ ਵਟੰਤਾ ਭੇਵ ਖੁਲ੍ਹੰਤਾ, ਪਾਰਬ੍ਰਹਮ ਸਾਚਾ ਡੰਕ ਵਜਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਸੇਵ ਕਮੰਤਾ, ਏਕਾ ਇਸ਼ਟ ਕਰੇ ਮੰਤਾ, ਪਾਰਬ੍ਰਹਮ ਸਰਬ ਸਮਝਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਹਰਿ ਰੰਗ ਰਗੰਤਾ ਰੂਪ ਚੜ੍ਹੰਤਾ, ਸਾਚੀ ਭੱਠੀ ਇਕ ਤਪਾਇੰਦਾ। ਹਰਿਜਨ ਮੇਲੇ ਸਾਚੇ ਸੰਤਾ, ਆਦਿਨ ਅੰਤਾ ਸ੍ਰੀ ਭਗਵੰਤਾ ਦਇਆ ਕਮਾਇੰਦਾ। ਸਤਿਜੁਗ ਬਣਾਈ ਆਪਣੀ ਬਣਤਾ, ਗੁਰਮੁਖ ਸਾਚੇ ਪਾਰ ਕਰਾਇੰਦਾ। ਤੋੜਨਹਾਰਾ ਗੜ੍ਹ ਹਉਮੇ ਹੰਗਤਾ, ਜੁਗ ਤ੍ਰੇਤਾ ਵੇਖ ਵਖਾਇੰਦਾ। ਆਪੇ ਹੋਏ ਭੁੱਖਾ ਨੰਗਤਾ ਦਰ ਦਰ ਮੰਗਤਾ, ਜਨ ਭਗਤ ਭੰਡਾਰ ਭਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਕਰ ਪਸਾਰਾ, ਨਿਰਗੁਣ ਧਾਰਾ ਹੋ ਉਜਿਆਰਾ, ਆਪਣਾ ਖੇਲ ਖਿਲਾਇੰਦਾ। ਖੇਲ ਖਲਾਵਣਹਾਰ ਹਰਿ ਹਰਿ, ਹਰਿ ਵੱਡਾ ਵਡ ਵਡਿਆਈਆ। ਜੁਗਾ ਜੁਗੰਤਰ ਜੋਤ ਧਰ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਸੰਤ ਸੁਹੇਲੇ ਵੇਖੇ ਘਰ ਘਰ, ਦਰ ਦਰਵੇਸ਼ਾ ਫੇਰੀ ਪਾਈਆ। ਭਗਤ ਭਗਵੰਤ ਆਪੇ ਫੜ ਫੜ, ਆਪੇ ਆਪਣੀ ਬੂਝ ਬੁਝਾਈਆ। ਗੁਰਮੁਖ ਲਗਾਏ ਆਪਣੇ ਲੜ ਲੜ, ਏਕਾ ਪੱਲੂ ਨਾਮ ਗੰਢ ਬੰਧਾਈਆ। ਗੁਰਸਿਖਾਂ ਅੰਦਰ ਆਪੇ ਚੜ੍ਹ ਚੜ੍ਹ, ਆਪਣਾ ਕੁੰਡਾ ਦੇਵੇ ਲਾਹੀਆ। ਅੰਮ੍ਰਿਤ ਜਾਮ ਪਿਆਲਾ ਪਿਆਏ ਭਰ ਭਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਕਿਰਪਾ ਆਪਣੀ ਆਪੇ ਕਰ ਕਰ, ਹਰਿਜਨ ਸਾਚੇ ਲਏ ਮਿਲਾਈਆ। ਆਦਿ ਨਿਰੰਜਣ ਜੋਤ ਨਿਰੰਜਣ ਅੰਦਰ ਧਰ ਧਰ, ਅਗਿਆਨ ਅੰਧੇਰ ਮਿਟਾਈਆ। ਪੁਰਖ ਅਬਿਨਾਸ਼ੀ ਆਪੇ ਦਰ ਦਰ, ਆਪ ਆਪਣਾ ਸਗਨ ਮਨਾਈਆ। ਸ੍ਰੀ ਭਗਵਾਨ ਬਣ ਨਰ ਨਰ, ਨਰ ਨਰਾਇਣ ਰੂਪ ਵਟਾਈਆ। ਪਾਰਬ੍ਰਹਮ ਨਾ ਜਨਮੇ ਨਾ ਜਾਏ ਮਰ, ਜੁਗ ਜੁਗ ਆਪਣਾ ਖੇਲ ਖਿਲਾਈਆ। ਬ੍ਰਹਮਾ ਵਿਸ਼ਨ ਸ਼ਿਵ ਏਕਾ ਅੱਖਰ ਰਹੇ ਪੜ੍ਹ, ਪ੍ਰਭ ਸਾਚਾ ਕਰੇ ਪੜ੍ਹਾਈਆ। ਤ੍ਰੈਗੁਣ ਮਾਇਆ ਰਹੀ ਸੜ, ਪੰਜ ਤੱਤ ਕਰੇ ਲੜਾਈਆ। ਦੁਆਪਰ ਅੰਤਮ ਗਿਆ ਹਰ, ਥਿਰ ਕੋਇ ਰਹਿਣ ਨਾ ਪਾਈਆ। ਕਲਜੁਗ ਕੂੜਾ ਘਾੜਨ ਘੜ, ਹਰਿ ਸਾਚਾ ਖੇਲ ਖਿਲਾਈਆ। ਧਰਤ ਮਾਤ ਦੀ ਗੋਦੀ ਬੈਠਾ ਵੜ, ਆਪ ਆਪਣਾ ਰੂਪ ਵਟਾਈਆ। ਚਾਰੋਂ ਕੁੰਟ ਵੇਖੇ ਖੜ, ਆਪ ਆਪਣਾ ਬਲ ਧਰਾਈਆ। ਜੀਵ ਜੰਤ ਅੱਗ ਲਗਾਈ ਬਹੱਤਰ ਨੜ, ਨਾ ਸਕੇ ਕੋਇ ਬੁਝਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਰਹੇ ਸੜ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਇਕ ਅਖਵਾਈਆ। ਸ਼ਾਹੋ ਭੂਪ ਸਚ ਸੁਲਤਾਨਾ, ਏਕੰਕਾਰਾ ਇਕ ਅਖਵਾਇੰਦਾ। ਸੋ ਪੁਰਖ ਨਿਰੰਜਣ ਮਰਦ ਮਰਦਾਨਾ, ਹਰਿ ਪੁਰਖ ਨਿਰੰਜਣ ਬਲ ਧਰਾਇੰਦਾ। ਆਦਿ ਨਿਰੰਜਣ ਖੇਲ ਮਹਾਨਾ, ਪੁਰਖ ਅਬਿਨਾਸ਼ੀ ਖੇਲ ਖਿਲਾਇੰਦਾ। ਸ੍ਰੀ ਭਗਵਾਨ ਬੰਨ੍ਹੇ ਗਾਨਾ, ਪਾਰਬ੍ਰਹਮ ਸਗਨ ਮਨਾਇੰਦਾ। ਸ਼ਬਦ ਅਨਾਦੀ ਧੁਨ ਤਰਾਨਾ, ਬ੍ਰਹਮ ਬ੍ਰਹਿਮਾਦੀ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸੁਣਨ ਲਾ ਲਾ ਕਾਨਾ, ਆਲਸ ਨਿੰਦਰਾ ਵਿਚ ਨਾ ਕੋਇ ਆਇੰਦਾ। ਤ੍ਰੈਗੁਣ ਮਾਇਆ ਪੰਜ ਤੱਤ ਹੋ ਪਰਧਾਨਾ, ਕਾਇਆ ਮੰਦਰ ਅੰਦਰ ਆਪ ਅਲਾਇੰਦਾ। ਗੁਰਮੁਖ ਵਿਰਲਾ ਚਤੁਰ ਸੁਜਾਨਾ, ਜਿਸ ਜਨ ਆਪਦੀ ਬੂਝ ਬੁਝਾਇੰਦਾ। ਦੇਵਣਹਾਰਾ ਧੁਰ ਫ਼ਰਮਾਣਾ, ਬੋਧ ਅਗਾਧੀ ਸ਼ਬਦ ਸੁਣਾਇੰਦਾ। ਸੰਤ ਭਗਵੰਤ ਕਰ ਪਰਵਾਨਾ, ਆਪ ਆਪਣਾ ਮੇਲ ਮਿਲਾਇੰਦਾ। ਲੱਖ ਚੁਰਾਸੀ ਦਿਸੇ ਫਨਾਹ ਮਕਾਨਾ, ਵੇਲੇ ਅੰਤ ਨਾ ਕੋਇ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਰੂਪ ਅਪਾਰਾ, ਵਰਤੇ ਵਰਤਾਵੇ ਵਿਚ ਸੰਸਾਰਾ, ਚਾਰੋਂ ਕੁੰਟ ਧੂੰਆਂਧਾਰਾ, ਸਾਚਾ ਚੰਨ ਨਾ ਕੋਇ ਚੜ੍ਹਾਇੰਦਾ। ਚਾਰੋਂ ਕੁੰਟ ਕਲਜੁਗ ਧਾਰ, ਆਪਣੀ ਆਪ ਵਹਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਮੱਦਦ ਬੇਪਰਵਾਹੀਆ। ਈਸਾ ਮੂਸਾ ਕਰ ਤਿਆਰ, ਕਲਮਾ ਨਬੀ ਗਵਾਹ ਬਣਾਈਆ। ਸੰਗ ਮੁਹੰਮਦ ਕਰਿਆ ਖ਼ਬਰਦਾਰ, ਚਾਰ ਯਾਰ ਕਰੀ ਕੁੜਮਾਈਆ। ਅੱਲਾ ਰਾਣੀ ਬੋਲ ਜੈਕਾਰ, ਆਪਣਾ ਨਾਅਰਾ ਰਹੀ ਸੁਣਾਈਆ। ਸ੍ਰਿਸ਼ਟ ਸਬਾਈ ਵੇਖ ਵਿਚਾਰ, ਇਕ ਸ਼ਰੀਅਤ ਬੰਧਨ ਪਾਈਆ। ਕਾਇਨਾਤ ਕਰ ਵਿਚਾਰ, ਆਪਣੀ ਝਾਤ ਇਕ ਵਖਾਈਆ। ਦੇਵੇ ਨਿਜ਼ਾਤ ਪਰਵਰਦਿਗਾਰ, ਸਗਲਾ ਸਾਥ ਨਿਭਾਈਆ। ਰਾਮ ਕ੍ਰਿਸ਼ਨ ਨਾ ਲਾਏ ਪਾਰ, ਉਚੀ ਕੂਕੇ ਦਏ ਦੁਹਾਈਆ। ਜੀਵ ਜੰਤ ਨੇਤਰ ਨੀਰ ਵਹਾਇਣ ਵਾਰੋ ਵਾਰ, ਸਾਧ ਸੰਤ ਰਹੇ ਕੁਰਲਾਈਆ। ਧਰਨੀ ਦੱਬੀ ਪਾਪਾਂ ਭਾਰ, ਹੌਲਾ ਭਾਰ ਨਾ ਕੋਇ ਕਰਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਦਇਆ ਕਮਾਈਆ। ਨਿਰਗੁਣ ਜੋਤੀ ਕਰ ਉਜਿਆਰ, ਨਾਨਕ ਪੰਜ ਤੱਤ ਡੇਰਾ ਲਾਈਆ। ਸ਼ਬਦ ਖੰਡਾ ਤੇਜ਼ ਕਟਾਰ, ਨਾਮ ਸਤਿ ਆਪ ਚਲਾਈਆ। ਦੂਈ ਦਵੈਤੀ ਕਰ ਖੁਆਰ, ਏਕਾ ਰੰਗਨ ਸਚ ਰੰਗਾਈਆ। ਚਾਰ ਵਰਨਾਂ ਇਕ ਪਿਆਰ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਨਾ ਵੰਡ ਵੰਡਾਈਆ। ਹਿੰਦੂ ਮੁਸਲਿਮ ਦਏ ਆਧਾਰ, ਸਾਚੀ ਸਿਖਿਆ ਸਿਖ ਸਮਝਾਈਆ। ਏਕਾ ਸ਼ਬਦ ਬੋਲ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਜੋਤੀ ਦਸ ਅਵਤਾਰ, ਅਧਵਿਚਕਾਰ ਆਪਣੀ ਵੰਡ ਵੰਡਾਈਆ। ਸ਼ਬਦ ਗੁਰ ਗੁਰ ਕਰ ਤਿਆਰ, ਗੁਰੂ ਗ੍ਰੰਥ ਸਮਝਾਈਆ। ਖੇਲੇ ਖੇਲ ਅਗੰਮ ਅਪਾਰ, ਪੁਰਖ ਅਕਾਲ ਭੇਵ ਨਾ ਪਾਈਆ। ਸੁੱਤ ਦੁਲਾਰਾ ਕਰ ਤਿਆਰ, ਗੁਰ ਗੋਬਿੰਦ ਜੋਤ ਜਗਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਆਪ ਲਟਕਾਈਆ। ਕਲਗ਼ੀ ਤੋੜਾ ਸੀਸ ਦਸਤਾਰ, ਸ਼ਬਦੀ ਜੋੜਾ ਜੋਤੀ ਮੇਲ ਮਿਲਾਈਆ। ਸਾਚਾ ਘੋੜਾ ਸਿਰਜਣਹਾਰ, ਬਾਂਕੀ ਚਾਲ ਰਖਾਈਆ। ਸੋਲਾਂ ਕਲੀਆਂ ਕਰ ਤਿਆਰ, ਆਸਣ ਸਿੰਘਾਸਣ ਇਕ ਵਛਾਈਆ। ਭਰਮ ਭੁਲਾਇਆ ਸਰਬ ਸੰਸਾਰ, ਆਪਣੀ ਮਾਇਆ ਪੜਦਾ ਪਾਈਆ। ਏਕਾ ਜੋਤੀ ਦਸ ਅਵਤਾਰ, ਘਰ ਦਸਵਾਂ ਵੱਜੀ ਵਧਾਈਆ। ਸਾਚਾ ਖੇਲ ਕਰ ਸੰਸਾਰ, ਦੇ ਮਤ ਗਿਆ ਸਮਝਾਈਆ। ਏਕਾ ਗੁਰ ਇਕ ਅਵਤਾਰ, ਏਕਾ ਬੂਝ ਬੁਝਾਈਆ। ਗੁਰਸਿਖ ਮੇਰਾ ਰੂਪ ਅਪਾਰ, ਬਿਨ ਗੁਰਸਿਖ ਦੂਸਰ ਘਰ ਨਾ ਗੋਬਿੰਦ ਦਰਸ ਵਖਾਈਆ। ਮੇਰਾ ਨਾਉਂ ਹੋਵੇ ਜੈਕਾਰ, ਗੁਰਮੁਖ ਫਤਿਹ ਡੰਕ ਵਜਾਈਆ। ਤੇਰਾ ਸ਼ਬਦ ਸਚ ਜੈਕਾਰ, ਗੁਰੂ ਗੁਰ ਨਾਉਂ ਧਰਾਈਆ। ਨਿਰਗੁਣ ਜੋਤ ਹੋਏ ਉਜਿਆਰ, ਘਰ ਘਰ ਦੀਵਾ ਬਾਤੀ ਆਪ ਜਗਾਈਆ। ਸਤਿਗੁਰ ਪੂਰਾ ਬਣ ਸਿਕਦਾਰ, ਸਾਚੇ ਤਖ਼ਤ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਵੰਡ ਵੰਡਾਈਆ। ਵੰਡਣਹਾਰਾ ਪੁਰਖ ਸਮਰਥ, ਦੂਸਰ ਕੋਇ ਨਾ ਸੰਗ ਰਖਾਇੰਦਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਵੇਸ ਵਟਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਗਗਨ ਪਾਤਾਲਾਂ ਜ਼ਿਮੀ ਅਸਮਾਨਾਂ ਦੋ ਜਹਾਨਾਂ ਪਾਏ ਨੱਥ, ਨਾਮ ਡੋਰੀ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਇੰਦਾ। ਗੋਬਿੰਦ ਗੁਰ ਸਚ ਲਿਖਾਰਾ, ਹਰਿ ਲੇਖਾ ਆਪ ਲਿਖਾਈਆ। ਏਕਾ ਜੋਤੀ ਜੋਤ ਉਜਿਆਰਾ, ਦੀਪਕ ਦੀਪਕ ਵੇਖ ਵਖਾਈਆ। ਏਕਾ ਮੰਦਰ ਏਕਾ ਘਰ ਬਾਰਾ, ਸਚਖੰਡ ਦਵਾਰਾ ਨਾਉਂ ਧਰਾਈਆ। ਏਕਾ ਸੋਹੇ ਸਿਰਜਣਹਾਰਾ, ਸਿਰ ਸਿਰ ਰਿਜ਼ਕ ਸਬਾਈਆ। ਗਾਵਤ ਗਾਏ ਸਰਬ ਸੰਸਾਰਾ, ਆਦਿ ਜੁਗਾਦੀ ਸੇਵਾ ਲਾਈਆ। ਪੁਰਖ ਅਗੰਮੀ ਧਾਮ ਨਿਆਰਾ, ਪੁਰਖ ਅਗੰਮੜਾ ਆਪ ਉਪਾਈਆ। ਆਪੇ ਜਾਣੇ ਆਪਣਾ ਵਣਜ ਵਾਪਾਰਾ, ਲੇਖਾ ਆਪਣੇ ਹੱਥ ਰਖਾਈਆ। ਗੋਬਿੰਦ ਮੀਤਾ ਸੁੱਤ ਦੁਲਾਰਾ, ਨਿਉਂ ਨਿਉਂ ਰਿਹਾ ਸੀਸ ਝੁਕਾਈਆ। ਪਾਰਬ੍ਰਹਮ ਪ੍ਰਭ ਦਏ ਸਹਾਰਾ, ਅੱਖਰ ਵੱਖਰ ਕਰੇ ਪੜ੍ਹਾਈਆ। ਚਾਰੇ ਅੱਖਰ ਏਕਾ ਧਾਰਾ, ਨਾਨਕ ਗੋਬਿੰਦ ਕਰੇ ਰੁਸ਼ਨਾਈਆ। ਚੌਥੇ ਯੁਗ ਪਾਰ ਕਿਨਾਰਾ, ਲੱਖ ਚੁਰਾਸੀ ਆਪ ਕਰਾਈਆ। ਤੇਰਾ ਰੂਪ ਹਰਿ ਕਰਤਾਰਾ, ਮੇਰਾ ਤੇਰਾ ਰੰਗ ਰੰਗਾਈਆ। ਤੂੰ ਸੁੱਤ ਹਉਂ ਪਿਤਾ ਤੁਮਾਰਾ, ਬਾਲਕ ਆਪਣੀ ਗੋਦ ਉਠਾਈਆ। ਤੇਰਾ ਨਾਮ ਮੇਰਾ ਜੈਕਾਰਾ, ਚਾਰ ਕੁੰਟ ਕਰੇ ਰੁਸ਼ਨਾਈਆ। ਤੇਰਾ ਖੰਡਾ ਤੇਜ਼ ਕਟਾਰਾ, ਹਰਿ ਸ਼ਬਦੀ ਨਾਉਂ ਉਪਜਾਈਆ। ਸੋ ਪੁਰਖ ਨਿਰੰਜਣ ਖੇਲ ਅਪਾਰਾ, ਹੰ ਬ੍ਰਹਮ ਵੇਖ ਵਖਾਈਆ। ਕਲਜੁਗ ਅੰਤਮ ਦਏ ਸਹਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਪਰਗਟ ਹੋਵੇ ਨਿਹਕਲੰਕ ਨਰਾਇਣ ਨਰ ਅਵਤਾਰਾ, ਪੁਰਖ ਅਕਾਲ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੀਸ ਸਦ ਕਰੇ ਰੁਸ਼ਨਾਈਆ। ਬੀਸ ਸਦ ਖੇਲ ਅਪਾਰਾ, ਹਰਿ ਸਾਚੇ ਸਚ ਵਰਤਾਇਆ। ਬੀਸ ਇਕ ਏਕੰਕਾਰਾ, ਏਕਾ ਰੂਪ ਆਪ ਵਟਾਇਆ। ਦੂਜੀ ਕੁਦਰਤ ਕਰ ਪਿਆਰਾ, ਤੀਜਾ ਨੈਣ ਇਕ ਦਰਸਾਇਆ। ਚੌਥੇ ਪਦ ਹੋ ਉਜਿਆਰਾ, ਜਨ ਭਗਤਾਂ ਵੇਖ ਵਖਾਇਆ। ਪੰਚਮ ਮੀਤਾ ਪੰਚ ਆਧਾਰਾ, ਪੰਚਮ ਰਾਗ ਧੁਨ ਅਲ੍ਹਾਇਆ। ਛੇਵਾਂ ਛੱਪਰ ਛੰਨ ਵਸਿਆ ਬਾਹਰਾ, ਚਾਰ ਦੀਵਾਰ ਨਾ ਕੋਇ ਉਪਾਇਆ। ਸੱਤਵਾਂ ਸਤਿ ਪੁਰਖ ਨਿਰੰਜਣ ਨਿਰਾਕਾਰਾ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਅੱਠਵਾਂ ਅੱਠਾਂ ਤੱਤਾਂ ਪਾਰ ਕਿਨਾਰਾ, ਰਕਤ ਬੂੰਦ ਨਾ ਮੇਲ ਮਿਲਾਇਆ। ਨਾਵਾਂ ਨੌ ਦਰ ਛੁੱਟਾ ਸੰਸਾਰਾ, ਨਵ ਖੰਡ ਵੇਖ ਵਖਾਇਆ। ਦਸਵਾਂ ਨਿਰਗੁਣ ਜੋਤ ਕਰ ਉਜਿਆਰਾ, ਗੁਰਮੁਖ ਸਾਚੇ ਲਏ ਜਗਾਇਆ। ਛੋਟਾ ਬਾਲਾ ਬੰਨ੍ਹੇ ਧਾਰਾ, ਸ੍ਰਿਸ਼ਟ ਸਬਾਈ ਰਿਹਾ ਸਮਝਾਇਆ। ਅੱਗੇ ਲਾਇਆ ਹਰਿ ਹਰਿ ਲਾੜਾ, ਆਪ ਆਪਣਾ ਸਗਨ ਮਨਾਇਆ। ਦਸ ਇਕ ਗਿਆਰਾ, ਜਗਤ ਅਖਾੜਾ, ਸਾਢੇ ਤਿੰਨ ਹੱਥ ਰਚਨ ਰਚਾਇਆ। ਜਗਤ ਜਗਦੀਸਾ ਖੇਲ ਅਪਾਰਾ, ਨਵ ਨਵ ਆਪਣਾ ਰੂਪ ਵਟਾਇਆ। ਦਸ ਦੋ ਬਾਰਾਂ ਹੋ ਉਜਿਆਰਾ, ਹਰਿ ਸੰਗਤ ਮੇਲ ਮਿਲਾਇਆ। ਦਸ ਤਿੰਨ ਤੇਰਾ ਨੇਰਨ ਨੇਰਾ, ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦਏ ਭੁਲਾਇਆ। ਸੰਮਤ ਚੌਦਾਂ ਚੌਦਾਂ ਲੋਕ ਹੱਟ ਪਸਾਰਾ, ਏਕੰਕਾਰਾ ਚੌਦਾਂ ਤਬਕਾਂ ਵੇਖ ਵਖਾਇਆ। ਇਕੀ ਸਿਖਾਂ ਖੋਲ੍ਹ ਕਿਵਾੜਾ, ਏਕਾ ਘਰ ਬਹਾਇਆ। ਦਸ ਪੰਜ ਪੰਦਰਾਂ ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜਾ, ਡੂੰਘੀ ਕੰਦਰਾਂ ਮੰਦਰ ਮਸਜਿਦ ਮੱਠ ਸ਼ਿਵਦਵਾਲਾ ਤੀਰਥ ਅਠਸਠ ਗੰਗਾ ਗੋਦਾਵਰੀ ਸੁਰਸਤੀ ਜਮਨਾ ਆਪਣੇ ਚਰਨਾਂ ਵਿਚ ਬਹਾਇਆ। ਸੰਮਤ ਸੋਲਾਂ ਹੋ ਪਰਗਟ, ਵਸਣਹਾਰਾ ਘਟ ਘਟ, ਜੋਤ ਜਗਾਏ ਲਟ ਲਟ, ਨਾਮ ਡੰਕਾ ਇਕ ਵਜਾਇਆ। ਗੁਰਮੁਖਾਂ ਪੂਰਾ ਕਰੇ ਘਾਟ, ਲਹਿਣਾ ਦੇਣ ਚੁਕਾਏ ਹੱਥੋ ਹਾਥ, ਸਰਬ ਕਲਾ ਆਪੇ ਸਮਰਾਥ, ਦੂਸਰ ਓਟ ਨਾ ਕੋਇ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਇਆ। ਜੋਤੀ ਜਾਮਾ ਹਰਿ ਭਗਵਾਨਾ, ਆਪਣਾ ਰੂਪ ਵਟਾਇੰਦਾ। ਪੁਰਖ ਅਬਿਨਾਸ਼ੀ ਖੇਲ ਮਹਾਨਾ, ਦਿਸ ਕਿਸੇ ਨਾ ਆਇੰਦਾ। ਸ਼ਬਦ ਅਨਾਦੀ ਧੁਨ ਤਰਾਨਾ, ਗੁਰਮੁਖਾਂ ਆਪ ਸੁਣਾਇੰਦਾ। ਸਤਿ ਸੰਤੋਖੀ ਬੰਨ੍ਹੇ ਗਾਨਾ, ਏਕਾ ਨਾਮ ਤੰਦਨ ਤੰਦ ਬੰਧਾਇੰਦਾ। ਆਤਮ ਮਾਰੇ ਤੀਰ ਨਿਸ਼ਾਨਾ, ਤੀਰ ਅਣਿਆਲਾ ਇਕ ਚਲਾਇੰਦਾ। ਹੋਏ ਸਹਾਈ ਦੋ ਜਹਾਨਾਂ, ਏਥੇ ਓਥੇ ਸਗਲਾ ਸੰਗ ਨਿਭਾਇੰਦਾ। ਸੰਮਤ ਸੋਲਾਂ ਗੁਣ ਨਿਧਾਨਾ, ਗੁਣਵੰਤਾ ਆਪਣਾ ਨਾਉਂ ਉਪਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪਣਾ ਹਿੱਸਾ ਆਪ ਰਖਾਇੰਦਾ। ਕਲਜੁਗ ਅੰਤਮ ਪਾਇਆ ਹਿੱਸਾ, ਵੀਹ ਸਦ ਸੋਲਾਂ ਵਡ ਵਡਿਆਈਆ। ਬਿਨ ਗੁਰਮੁਖ ਕਿਸੇ ਨਾ ਦਿਸ਼ਾ, ਜਗਤ ਗਿਆਨੀ ਰਹੇ ਰਾਹ ਤਕਾਈਆ। ਮੰਦਰ ਮਸਜਿਦ ਰਸਨਾ ਜੇਹਵਾ ਪੜ੍ਹਦੇ ਕਿੱਸਾ, ਹਰਿ ਕਾ ਰੂਪ ਦਿਸ ਨਾ ਆਈਆ। ਗੁਰਸਿਖ ਚੋਬਦਾਰ ਤੇਰਾ ਗੁਰ ਗੋਬਿੰਦ ਫੜ ਫੜ ਉਠਾਏ ਸਾਚੇ ਸਿਖਾਂ, ਸੋਇਆ ਕੋਇ ਰਹਿਣ ਨਾ ਪਾਈਆ। ਸਾਚਾ ਲੇਖਾ ਜਿਸ ਜਨ ਘਰ ਸਾਚੇ ਲਿਖਾ, ਨੇਤਰ ਲੋਚਣ ਦਏ ਵਖਾਈਆ। ਪਾਰਬ੍ਰਹਮ ਪ੍ਰਭ ਧਰਿਆ ਭੇਖਾ, ਬਲ ਬਾਵਨ ਰੂਪ ਵਟਾਈਆ। ਪਾਵੇ ਸਾਰ ਧਾਰੀ ਕੇਸਾ, ਮੂੰਡ ਮੂੰਡਾਏ ਗਲੇ ਲਗਾਈਆ। ਨਿਰਗੁਣ ਰੂਪ ਦਸ ਦਸਮੇਸਾ, ਦਹਿ ਦਿਸ਼ਾ ਆਪੇ ਵੇਖ ਵਖਾਈਆ। ਰਾਹ ਤੱਕਣ ਬ੍ਰਹਮਾ ਵਿਸ਼ਨ ਮਹੇਸ਼ਾ, ਨੇਤਰ ਨੈਣ ਰਹੇ ਉਠਾਈਆ। ਸਤਿ ਪੁਰਖ ਨਿਰੰਜਣ ਸਦ ਆਦੇਸ਼ਾ, ਸਾਰ ਸ਼ਬਦ ਕਰੇ ਕੁੜਮਾਈਆ। ਗੋਵਰਧਨ ਧਾਰੀ ਰਿਖੀ ਕੇਸ਼ਾ, ਕਲਜੁਗ ਖੇਲੇ ਖੇਲ ਬੇਪਰਵਾਹੀਆ। ਵਿਸ਼ਨੂੰ ਉਠਾਇਆ ਬਾਸ਼ਕ ਸੇਜਾ, ਸਾਂਗੋ ਪਾਂਗ ਆਪ ਹਿਲਾਈਆ। ਬ੍ਰਹਮੇ ਦੇਵੇ ਸਚ ਸੰਦੇਸਾ, ਕਲਜੁਗ ਅੰਤਮ ਕੂਕੇ ਦਏ ਦੁਹਾਈਆ। ਸ਼ੰਕਰ ਚਲੇ ਨਾ ਕੋਈ ਪੇਸ਼ਾ, ਹੱਥ ਤ੍ਰਿਸੂਲ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਆਪਣੀ ਰੁੱਤ ਆਪ ਸੁਹਾਈਆ। ਬਰਖ਼ ਮਾਸ ਦਿਵਸ ਰੁੱਤ, ਹਰਿ ਸਾਚਾ ਆਪ ਸੁਹਾਇੰਦਾ। ਪਾਰਬ੍ਰਹਮ ਅਬਿਨਾਸ਼ੀ ਅਚੁੱਤ, ਭੇਵ ਕੋਇ ਨਾ ਪਾਇੰਦਾ। ਜੁਗ ਜੁਗ ਹਰਿਜਨ ਉਠਾਏ ਆਪਣੇ ਸੁੱਤ, ਆਪ ਆਪਣੀ ਬੂਝ ਬੁਝਾਇੰਦਾ। ਪੰਚ ਵਿਕਾਰਾ ਕੱਢੇ ਕੁੱਟ, ਏਕਾ ਮੰਤਰ ਨਾਮ ਦ੍ਰਿੜਾਇੰਦਾ। ਅੰਮ੍ਰਿਤ ਸੋਮਾਂ ਜਾਏ ਫੁੱਟ, ਨਿਝਰ ਧਾਰਾ ਆਪ ਵਹਾਇੰਦਾ। ਲੱਭਦੇ ਫਿਰਦੇ ਕੋਟਨ ਕੋਟ, ਬਿਨ ਹਰਿ ਕਿਰਪਾ ਦਰਸ ਕੋਇ ਨਾ ਪਾਇੰਦਾ। ਜਨ ਭਗਤਾਂ ਬਖ਼ਸ਼ੇ ਏਕਾ ਓਟ, ਦੂਜਾ ਇਸ਼ਟ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਸੰਮਤ ਸੋਲਾਂ ਸਾਚਾ ਬਰਖ਼, ਹਰਿ ਸਾਚੀ ਰੁਤ ਸੁਹਾਈਆ। ਮਹੀਨਾ ਚੇਤਰ ਨਾ ਕੋਈ ਸੋਗ ਨਾ ਕੋਈ ਹਰਖ਼, ਗੁਰਮੁਖਾਂ ਦਏ ਵਡਿਆਈਆ। ਜਗਤ ਵਿਸਾਖ ਸ੍ਰਿਸ਼ਟ ਸਬਾਈ ਲਏ ਪਰਖ, ਨਾਮ ਕਸਵਟੀ ਹੱਥ ਉਠਾਈਆ। ਮਹੀਨਾ ਜੇਠ ਗੁਰਸਿਖਾਂ ਦੇਵੇ ਦਰਸ, ਨਿਰਗੁਣ ਆਪਣਾ ਰੂਪ ਵਟਾਈਆ। ਹਾੜ ਮਹੀਨਾ ਕਰ ਕਰ ਤਰਸ, ਜੁਗ ਜੁਗ ਦੀ ਲੱਗੀ ਪਿਆਸ ਬੁਝਾਈਆ। ਸਾਵਨ ਵੇਖੇ ਅਰਸ਼ ਫਰਸ਼, ਅੰਮ੍ਰਿਤ ਰਸ ਮੁਖ ਚੁਆਈਆ। ਭਾਦਰੋਂ ਮੇਟੇ ਜਗਤ ਹਿਰਸ, ਆਪਣਾ ਭਾਉ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਹੱਥ ਰੱਖੇ ਵਡਿਆਈਆ। ਅੱਸੂ ਆਸ ਪੂਰੀ ਕਰ, ਗੁਰਸਿਖ ਆਪ ਤਰਾਇੰਦਾ। ਪਿਛਲਾ ਲਹਿਣਾ ਅੱਗੇ ਧਰ, ਪੂਰਬ ਮੂਲ ਚੁਕਾਇੰਦਾ। ਧਰਮ ਰਾਏ ਦਾ ਚੁੱਕੇ ਡਰ, ਦੇ ਮਤ ਆਪ ਸਮਝਾਇੰਦਾ । ਰਾਜ ਰਾਜਾਨਾਂ ਲਏ ਫੜ ਸ਼ਬਦ ਖੰਡਾ ਹੱਥ ਉਠਾਇੰਦਾ। ਕਿਲਾ ਕੋਟ ਵੇਖੇ ਚੜ੍ਹ, ਉਚੇ ਟਿੱਲੇ ਪਰਬਤ ਆਸਣ ਲਾਇੰਦਾ। ਸਾਗਰ ਵਰੋਲੇ ਅੰਦਰ ਵੜ, ਨਾਮ ਮਧਾਣਾ ਏਕਾ ਪਾਇੰਦਾ। ਚੌਦਾਂ ਲੋਕ ਉਖੇੜੇ ਜੜ, ਚੌਦਾਂ ਤਬਕ ਆਪ ਹਿਲਾਇੰਦਾ। ਕਰੋੜ ਤੇਤੀਸਾ ਸੁਰਪਤ ਰਾਜਾ ਇੰਦ ਆਪਣਾ ਘਾੜਨ ਆਪੇ ਲਿਆ ਘੜ, ਆਪੇ ਭੰਨ ਵਖਾਇੰਦਾ। ਗੁਰਸਿਖ ਲਗਾਏ ਆਪਣੇ ਲੜ, ਆਪ ਆਪਣੀ ਦਇਆ ਕਮਾਇੰਦਾ। ਦਰਸ ਦਿਖਾਏ ਘਰ ਘਰ, ਘਰ ਘਰ ਵਿਚ ਜੋਤ ਜਗਾਇੰਦਾ। ਨਾ ਹਰਿ ਪੁਰਖ ਨਾਰੀ ਨਰ, ਨਰ ਨਰਾਇਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਸੋਲਾਂ ਦੇਵੇ ਵਰ, ਪਹਿਲੀ ਕੱਤਕ ਰੁੱਤ ਸੁਹਾਇੰਦਾ। ਪਹਿਲੀ ਕੱਤਕ ਰੁੱਤ ਸੁਹਾਣੀ, ਹਰਿ ਸਤਿ ਪੁਰਖ ਨਿਰੰਜਣ ਏਕੰਕਾਰਿਆ। ਹਰਿ ਸ਼ਬਦ ਹੋਈ ਕੁੜਮਾਈ, ਨਾਤਾ ਤੁੱਟਾ ਸਰਬ ਸੰਸਾਰਿਆ। ਦਿਵਸ ਰੈਣ ਵੱਜਦੀ ਰਹੇ ਵਧਾਈ, ਮੰਗਲਾਚਾਰ ਇਕ ਵਖਾ ਰਿਹਾ। ਨਿਰਗੁਣ ਜੋਤ ਕਰੇ ਰੁਸ਼ਨਾਈ, ਪੁਰਖ ਅਬਿਨਾਸ਼ੀ ਦੀਪਕ ਏਕਾ ਬਾਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮਾਰਗ ਇਕ ਵਖਾ ਲਿਆ। ਸਾਚਾ ਮਾਰਗ ਸਤਿ ਸਤਿਵਾਦ, ਹਰਿ ਸਤਿ ਪੁਰਖ ਨਿਰੰਜਣ ਆਪ ਜਣਾਈਆ। ਏਕਾ ਵਸਤ ਹਰਿ ਨਾਮ ਲੈਣੀ ਲਾਧ, ਦੂਜਾ ਵਣਜ ਨਾ ਕੋਈ ਕਰਾਈਆ। ਗੁਰਮੁਖ ਸੱਚਾ ਸੰਤ ਸਾਧ, ਜਿਸ ਜਨ ਆਪਣੇ ਚਰਨ ਲਗਾਈਆ। ਮੇਟ ਮਿਟਾਏ ਵਾਦ ਵਿਵਾਦ, ਦੁਰਮਤ ਮੈਲ ਆਪ ਧੁਵਾਈਆ। ਸ਼ਬਦ ਵਜਾਏ ਸਾਚਾ ਨਾਦ, ਅਨਹਦ ਆਪਣਾ ਰਾਗ ਸੁਣਾਈਆ। ਭੇਵ ਖੁਲ੍ਹਾਏ ਹਰਿ ਹਰਿ ਬ੍ਰਹਿਮਾਦ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਏਕੰਕਾਰਾ ਆਦਿ ਜੁਗਾਦਿ, ਜੁਗ ਜੁਗ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਗਤ ਦੇਵੇ ਸਾਚਾ ਵਰ, ਪੰਦਰਾਂ ਕੱਤਕ ਰੁੱਤ ਸੁਹਾਈਆ। ਪੰਦਰਾਂ ਕੱਤਕ ਦਿਵਸ ਸੁਭਾਗਾ, ਹਰਿ ਸੰਗਤ ਮੇਲ ਮਿਲਾਇਆ। ਨੌ ਸੌ ਚੁਰਾਨਵੇ ਚੌਕੜੀ ਬਾਅਦ ਨਿਰਗੁਣ ਜਾਗਾ, ਰੂਪ ਰੰਗ ਨਾ ਕੋਇ ਵਖਾਇਆ। ਜੁਗਾਂ ਜੁਗਾਂ ਦਾ ਲਾਹਿਆ ਦਾਗ਼ਾ, ਨਿਰਮਲ ਨਿਰਮਲ ਆਪ ਕਰਾਇਆ। ਦਰ ਪਾਇਆ ਪੁਰਖ ਅਬਿਨਾਸ਼ਾ ਕੰਤ ਸੁਹਾਗਾ, ਵਿਛੜ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਧਾਮ ਇਕ ਵਖਾਇਆ। ਮਸਤੂਆਣਾ ਸਾਚਾ ਮੰਦਰ, ਪੰਜ ਤੱਤ ਆਪ ਸੁਹਾਇੰਦਾ। ਪੁਰਖ ਅਬਿਨਾਸ਼ੀ ਵਸੇ ਅੰਦਰ, ਦਿਵਸ ਰੈਣ ਜੋਤ ਜਗਾਇੰਦਾ। ਹੋਏ ਦਿਆਲ ਕਿਰਪਾਲ ਡੂੰਘੀ ਕੰਦਰ, ਕਾਲ ਮਹਾਂਕਾਲ ਨੇੜ ਨਾ ਆਇੰਦਾ। ਨੇਤਰ ਤਰਸ਼ਨ ਸੂਰਯ ਚੰਦਰ, ਕੋਟਨ ਕੋਟ ਭਾਨ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਿਲਾਇੰਦਾ। ਸਾਚਾ ਧਾਮ ਹਰਿ ਨਿਰੰਕਾਰਾ, ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਦੀਵਾ ਕਰ ਉਜਿਆਰਾ, ਨਿਰਗੁਣ ਵੇਖ ਵਖਾਇੰਦਾ। ਹਰਿ ਸੰਗਤ ਵਖਾਏ ਚਰਨ ਦਵਾਰਾ, ਸਚ ਘਰ ਬਾਰਾ ਇਕ ਸੁਹਾਇੰਦਾ। ਆਵਣ ਜਾਵਣ ਪਾਰ ਕਿਨਾਰਾ, ਲੱਖ ਚੁਰਾਸੀ ਪੰਧ ਮੁਕਾਇੰਦਾ। ਨਾ ਕੋਈ ਮੰਦਰ ਬਣਾਇਆ ਇੱਟਾਂ ਗਾਰਾ, ਛੱਪਰ ਛੰਨ ਨਾ ਕੋਇ ਛੁਹਾਇੰਦਾ। ਗੁਰਮੁਖਾਂ ਦਰਸ ਦਿਖਾਏ ਅਗੰਮ ਅਪਾਰਾ, ਬ੍ਰਹਿਮੰਡ ਖੰਡ ਆਪਣੀ ਰਚਨ ਰਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਹਿਲਾ ਦਿਵਸ ਆਪ ਰੰਗਾਇੰਦਾ। ਪਹਿਲਾ ਦਿਵਸ ਹਰਿ ਸੰਗਤ ਧਾਰ, ਸਤਿਜੁਗ ਸਾਚੀ ਨੀਂਹ ਰਖਾਈਆ। ਵੀਹ ਸੌ ਬੀਸ ਖੇਲ ਅਪਾਰ, ਇਕ ਇਕੀਸਾ ਦਏ ਕਰਾਈਆ। ਜਗਤ ਜਗਦੀਸਾ ਸਾਂਝਾ ਯਾਰ, ਸਾਲਸ ਆਪਣਾ ਨਾਉਂ ਧਰਾਈਆ। ਖ਼ਾਲਸ ਖ਼ਾਲਸਾ ਕਰ ਤਿਆਰ, ਚਾਰ ਵਰਨ ਕਰੇ ਕੁੜਮਾਈਆ। ਏਕਾ ਰੰਗ ਰੰਗੇ ਸਰਬ ਸੰਸਾਰ, ਸਾਚੀ ਸਿਖਿਆ ਇਕ ਸਮਝਾਈਆ। ਏਕਾ ਬਸਤਰ ਕਰ ਤਿਆਰ, ਸ੍ਰਿਸ਼ਟ ਸਬਾਈ ਦਏ ਪਹਿਨਾਈਆ। ਏਕਾ ਵਰਤੇ ਸਰਬ ਭੰਡਾਰ, ਸ਼ਾਹ ਸੁਲਤਾਨ ਨਾ ਕੋਇ ਅਖਵਾਈਆ। ਚਾਰ ਵਰਨ ਏਕਾ ਇਕ ਕਰੇ ਪਿਆਰ, ਦੂਸਰ ਰਾਹ ਨਾ ਕੋਇ ਵਖਾਈਆ। ਦੇਵਣਹਾਰਾ ਸਿਰਜਣਹਾਰ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਸੋਲਾਂ ਕੱਤਕ ਖੇਲ ਅਪਾਰਾ, ਗੁਰਮੁਖਾਂ ਦਇਆ ਕਮਾਇੰਦਾ। ਦੂਜੇ ਦਿਵਸ ਕਰ ਵਿਹਾਰਾ, ਤੀਜੇ ਦਰ ਸੁਹਾਇੰਦਾ। ਚੌਥਾ ਮੇਲਾ ਧੁਰ ਦਰਬਾਰਾ, ਪੰਚਮ ਵੇਖ ਵਖਾਇੰਦਾ । ਛੇਵਾਂ ਰੰਗੇ ਰੰਗ ਅਪਾਰਾ, ਸੱਤਵਾਂ ਆਪਣੀ ਸੇਵ ਕਮਾਇੰਦਾ। ਅੱਠਵਾਂ ਅੱਠਾਂ ਤੱਤਾਂ ਪਾਰ ਕਿਨਾਰਾ, ਨੌ ਦਰ ਲੇਖਾ ਆਪ ਚੁਕਾਇੰਦਾ। ਦਸਵਾਂ ਦਿਨ ਹੋ ਉਜਿਆਰਾ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਏਕਾ ਜੋਤ ਦਸ ਅਵਤਾਰਾ, ਗੋਬਿੰਦ ਸ਼ਬਦ ਨਾਉਂ ਉਪਜਾਇੰਦਾ। ਸ਼ਬਦ ਗੁਰ ਦਸ ਇਕ ਗਿਆਰਾਂ ਗੁਰਸਿਖਾਂ ਅੰਦਰ ਕਰ ਪਸਾਰਾ, ਆਪ ਆਪਣਾ ਆਸਣ ਲਾਇੰਦਾ। ਕਰੇ ਖੇਲ ਗੁਪਤ ਜ਼ਾਹਰਾ, ਭੇਵ ਅਭੇਦ ਅਭੇਵ ਰਖਾਇੰਦਾ। ਛੱਬੀ ਕੱਤਕ ਦਏ ਸਹਾਰਾ, ਸੰਮਤ ਸੋਲਾਂ ਰੁੱਤ ਸੁਹਾਇੰਦਾ। ਨੌ ਖੰਡ ਸੱਤ ਦੀਪ ਛੱਡ ਦਵਾਰਾ, ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਇੰਦਾ। ਸਚ ਸਿੰਘਾਸਣ ਆਸਣ ਲਾਏ ਆਪ ਕਰਤਾਰਾ, ਸਚਖੰਡ ਵਾਸੀ ਸੋਭਾ ਪਾਇੰਦਾ। ਨਿਰਗੁਣ ਜੋਤ ਨੂਰ ਕਰ ਉਜਿਆਰਾ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਮੀਤ ਮੁਰਾਰਾ, ਮਿਲ ਮਿਲ ਗਲੇ ਲਗਾਇੰਦਾ। ਪਾਰਬ੍ਰਹਮ ਖੇਲ ਨਿਰਾਧਾਰਾ, ਨਿਰਵੈਰ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਬੋਲ ਜੈਕਾਰਾ, ਸ੍ਰੀ ਭਗਵਾਨ ਆਪ ਸੁਣਾਇੰਦਾ। ਪਾਰਬ੍ਰਹਮ ਤੇਰਾ ਵਡ ਦਵਾਰਾ, ਹਰਿ ਨਿਰੰਕਾਰਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗਿਆਰਾਂ ਦਿਵਸ ਗੁਰਮੁਖ ਧਾਰ, ਅੰਮ੍ਰਿਤ ਨਾਮ ਭਰ ਭੰਡਾਰ, ਭਵਜਲ ਸਾਗਰ ਕਰ ਕਰ ਪਾਰ, ਆਪ ਵਸੇ ਸਚਖੰਡ ਦਵਾਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਸਣ ਸਿੰਘਾਸਣ ਆਪਣਾ ਆਪ ਸੁਹਾਇੰਦਾ।
