੧੮ ਚੇਤ ੨੦੧੬ ਬਿਕ੍ਰਮੀ ਕਰਤਾਰ ਸਿੰਘ ਦੇ ਘਰ ਪਿੰਡ ਕੰਗ ਜ਼ਿਲਾ ਅੰਮ੍ਰਿਤਸਰ
ਹਰਿ ਜੋਤ ਨੂਰ ਅਕਾਲ, ਨਿਰਗੁਣ ਰੂਪ ਨਰ ਨਿਰੰਕਾਰਿਆ। ਦੀਨਾਂ ਬੰਧਪ ਦੀਨ ਦਿਆਲ, ਅਬਿਨਾਸ਼ੀ ਕਰਤਾ ਖੇਲ ਖਿਲਾ ਰਿਹਾ। ਜੁਗ ਜੁਗ ਚਲੇ ਅਵੱਲੜੀ ਚਾਲ, ਕਰਨੀ ਕਰਤਾ ਆਪ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਲਖ ਅਗੋਚਰ ਅਗੰਮ ਅਥਾਹ ਬੇਪਰਵਾਹ ਵੇਸ ਵਟਾ ਲਿਆ। ਜੋਤੀ ਜਾਮਾ ਹਰਿ ਭਗਵਾਨਾ, ਨਿਹਕਲੰਕ ਅਖਵਾਇੰਦਾ। ਜੋਤੀ ਨੂਰ ਨੂਰ ਮਹਾਨਾ, ਰੂਪ ਰੰਗ ਨਾ ਕੋਇ ਰਖਾਇੰਦਾ। ਚੱਕਰ ਚਿਹਨ ਨਾ ਕੋਈ ਰਖਾਨਾ, ਜੂਨੀ ਰਹਿਤ ਨਾਮ ਧਰਾਇੰਦਾ। ਥਿਰ ਘਰ ਵਸੇ ਸਚ ਟਿਕਾਨਾ, ਊਚ ਮਹੱਲ ਅਟੱਲ ਟਿਕਾਇੰਦਾ। ਸ਼ਾਹ ਭੂਪ ਸ਼ਾਹ ਸੁਲਤਾਨਾ, ਰਾਜ ਰਾਜਾਨ ਆਪ ਅਖਵਾਇੰਦਾ। ਲੱਖ ਚੁਰਾਸੀ ਦੇਵੇ ਮਾਣਾ, ਹਰ ਘਟ ਅੰਦਰ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਇਕ ਅਖਵਾਇੰਦਾ। ਆਦਿਨ ਅੰਤਾ ਹਰਿ ਭਗਵਾਨਾ, ਅਕਲ ਕਲਾ ਕਲ ਧਾਰੀਆ। ਜੁਗ ਜੁਗ ਮੇਲਾ ਸਾਚੇ ਸੰਤਾ, ਸੰਤ ਸਾਜਣ ਮੇਲ ਮਿਲਾ ਰਿਹਾ। ਪੁਰਖ ਪੁਰਖੋਤਮ ਨਾਰੀ ਕੰਤਾ, ਆਪ ਅਖਵਾ ਰਿਹਾ। ਦਰ ਦਰਵੇਸਾ ਹੋਏ ਮੰਗਤਾ, ਦੋ ਜਹਾਨਾਂ ਫੇਰੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਨਾਉਂ ਰਖਾ ਲਿਆ। ਆਦਿ ਨਿਰੰਜਣ ਏਕਉਂਕਾਰਾ, ਅਕਲ ਕਲਾ ਵਰਤਾਈਆ। ਆਦਿ ਜੁਗਾਦੀ ਇਕ ਅਵਤਾਰਾ, ਜੁਗ ਜੁਗ ਵੇਸ ਵਟਾਈਆ। ਲੋਆਂ ਪੁਰੀਆਂ ਦਏ ਸਹਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਬ੍ਰਹਮਾ ਵਿਸ਼ਨੂੰ ਦੇਵਤ ਸੁਰ ਕਰ ਉਜਿਆਰਾ, ਆਪ ਆਪਣੇ ਵਿਚ ਟਿਕਾਈਆ। ਰਵ ਸਸ ਕਰ ਉਜਿਆਰਾ, ਮੰਡਲ ਮੰਡਪ ਦਏ ਸੁਹਾਈਆ। ਆਪੇ ਵਸਿਆ ਸਭ ਤੋਂ ਬਾਹਰਾ, ਭੇਵ ਕੋਇ ਨਾ ਪਾਈਆ। ਜੁਗਾ ਜੁਗੰਤਰ ਸਾਚੀ ਕਾਰਾ, ਨਿਰਗੁਣ ਆਪਣੀ ਆਪ ਚਲਾਈਆ। ਭਗਤ ਭਗਵੰਤ ਦਏ ਅਧਾਰਾ, ਆਤਮ ਬ੍ਰਹਮ ਜਣਾਈਆ। ਧੁਨ ਅਨਾਦ ਅਨਾਦ ਅਪਾਰਾ, ਅਨਹਦ ਤਾਲ ਵਜਾਈਆ। ਸਰ ਸਰੋਵਰ ਠੰਡੀ ਠਾਰਾ, ਆਪਣਾ ਆਪ ਭਰਾਈਆ। ਆਪੇ ਖੋਲ੍ਹੇ ਬੰਦ ਕਿਵਾੜਾ, ਬਜਰ ਕਪਾਟੀ ਆਪ ਤੁੜਾਈਆ। ਚੌਦਾਂ ਹੱਟਾਂ ਵਣਜ ਵਾਪਾਰਾ, ਚੌਦਾਂ ਲੋਕਾਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਦ ਅਨਾਦੀ ਹਰਿ ਸ਼ਬਦ ਬ੍ਰਹਿਮਾਦੀ ਗੁਣਵੰਤਾ ਬੇਪਰਵਾਹੀਆ। ਗੁਣਵੰਤਾ ਹਰਿ ਮੀਤੜਾ, ਪਰਮ ਪੁਰਖ ਕਰਤਾਰ। ਆਦਿ ਜੁਗਾਦੀ ਸਾਚੀ ਰੀਤੜਾ, ਆਪ ਚਲਾਵੇ ਵਿਚ ਸੰਸਾਰ। ਵਸੇ ਧਾਮ ਅਨਡੀਠੜਾ, ਦਰ ਘਰ ਸੋਹੇ ਇਕ ਦਵਾਰ। ਗੁਰਮੁਖਾਂ ਕਾਇਆ ਚੋਲੀ ਰੰਗੇ ਚੀਥੜਾ, ਆਪ ਆਪਣਾ ਬਖ਼ਸ਼ ਪਿਆਰ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਪੀ ਲਾਏ ਪਾਰ। ਸਾਚਾ ਦੇਹੁਰਾ ਮੰਦਰ ਮਸੀਤੜਾ, ਕਾਇਆ ਵਖਾਏ ਗੁਰੂਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਹਰਿ ਨਿਰੰਕਾਰ। ਨਿਰਗੁਣ ਦਾਤਾ ਬੇਪਰਵਾਹ, ਅਲਖ ਨਿਰੰਜਣ ਆਪ ਅਖਵਾਇੰਦਾ। ਸ਼ਬਦੀ ਗੁਰ ਬਣ ਮਲਾਹ, ਆਪਣਾ ਨਾਉਂ ਧਰਾਇੰਦਾ। ਗੁਰਮੁਖ ਵੇਖੇ ਥਾਉਂ ਥਾਂ, ਜੁਗ ਜੁਗ ਆਪ ਉਠਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਹੱਥ ਸਮਰਥ ਟਿਕਾਇੰਦਾ। ਕਰੇ ਕਰਾਏ ਸਚ ਨਿਆ, ਜਗ ਝੇੜਾ ਆਪ ਚੁਕਾਇੰਦਾ। ਨਿਰਗੁਣ ਖੇੜਾ ਇਕ ਵਖਾਏ ਸਾਚਾ ਥਾਂ, ਥਾਨ ਥਨੰਤਰ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਡੰਕ ਵਜਾਇੰਦਾ। ਨਾਮ ਡੰਕ ਸ਼ਬਦ ਜੈਕਾਰਾ, ਹਰਿ ਸਾਚਾ ਸਚ ਸੁਣਾਈਆ। ਲੋਆਂ ਪੁਰੀਆਂ ਕਰੇ ਖ਼ਬਰਦਾਰਾ, ਬ੍ਰਹਮਾ ਵਿਸ਼ਨ ਸ਼ਿਵ ਉਠਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਸੱਤਾਂ ਦੀਪਾਂ ਦਏ ਹਲਾਈਆ। ਲੱਖ ਚੁਰਾਸੀ ਇਕ ਹੁਲਾਰਾ, ਏਕਉਂਕਾਰਾ ਦਏ ਲਗਾਈਆ। ਜਨ ਭਗਤਾਂ ਮੇਲਾ ਮੀਤ ਮੁਰਾਰਾ, ਪਾਰਬ੍ਰਹਮ ਸੱਚੀ ਸਰਨਾਈਆ। ਨਾਮ ਕਰਾਏ ਵਣਜ ਵਾਪਾਰਾ, ਸਚ ਵਣਜਾਰਾ ਸਹਿਜ ਸੁਭਾਈਆ। ਕਲਜੁਗ ਮੇਟੇ ਕੂੜ ਪਸਾਰਾ, ਕੂੜੀ ਕਿਰਿਆ ਰਹਿਣ ਨਾ ਪਾਈਆ। ਊਚਾਂ ਨੀਚਾਂ ਇਕ ਦਵਾਰਾ, ਰਾਓ ਰੰਕਾਂ ਇਕ ਸਮਝਾਈਆ। ਸ਼ਾਹ ਸੁਲਤਾਨਾ ਕਰੇ ਖ਼ਵਾਰਾ, ਤਖ਼ਤ ਤਾਜ ਨਾ ਕੋਇ ਉਠਾਈਆ। ਨਾਮ ਖੰਡਾ ਤੇਜ਼ ਕਟਾਰਾ, ਗੁਰ ਗੋਬਿੰਦ ਹੱਥ ਚਮਕਾਈਆ। ਤਿਖੀ ਰੱਖੇ ਹਰਿ ਹਰਿ ਧਾਰਾ, ਦੋ ਜਹਾਨਾਂ ਵੇਖ ਵਖਾਈਆ । ਆਪਣੇ ਅਸਵ ਹੋ ਅਸਵਾਰਾ, ਸ਼ਾਹ ਸਵਾਰਾ ਨਾਉਂ ਧਰਾਈਆ। ਕਲਗੀ ਤੋੜਾ ਨਾਮ ਦਸਤਾਰਾ, ਸੀਸ ਜਗਦੀਸ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਸ਼ਬਦ ਅਲਾਇੰਦਾ। ਜੋਧਾ ਸੂਰ ਬਲੀ ਬਲਵਾਨਾ, ਬਲ ਧਾਰੀ ਵੇਖ ਵਖਾਇੰਦਾ। ਏਕਾ ਚਿੱਲਾ ਤੀਰ ਕਮਾਨਾ, ਏਕਾ ਖੰਡਾ ਹੱਥ ਉਠਾਇੰਦਾ। ਆਪੇ ਆਏ ਵਿਚ ਮੈਦਾਨਾ, ਤ੍ਰੈਗੁਣ ਮੇਲ ਮਿਲਾਇੰਦਾ। ਚੌਦਾਂ ਚੌਦਾਂ ਖੋਲ੍ਹ ਦੁਕਾਨਾ, ਆਪੇ ਹੱਟ ਸੁਹਾਇੰਦਾ। ਆਦਿ ਜੁਗਾਦੀ ਏਕਾ ਰਾਮਾ, ਆਪ ਆਪਣਾ ਰੂਪ ਦਰਸਾਇੰਦਾ। ਏਕਾ ਬੰਸਰੀ ਏਕਾ ਕਾਹਨਾ, ਏਕਾ ਸਈਆ ਸਾਖਿਆਤ ਹੋ ਜਾਇੰਦਾ। ਇਕ ਮੁਹੰਮਦ ਬੰਨ੍ਹੇ ਗਾਨਾ, ਅੱਲਾ ਰਾਣੀ ਸਗਨ ਮਨਾਇੰਦਾ। ਏਕਾ ਕਲਮਾ ਇਕ ਤਰਾਨਾ, ਏਕਾ ਹੂ ਹੂ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨੂਰ ਅਲਾਹੀ ਆਪ ਅਖਵਾਇੰਦਾ। ਨੂਰ ਅਲਾਹੀ ਇਕਉਂਕਾਰ, ਆਪਣੀ ਕਲ ਵਰਤਾਇੰਦਾ। ਜਲਵਾ ਜਲਾਲ ਵੇਖ ਵਿਚਾਰ, ਹੱਕ ਹਕੀਕਤ ਫੋਲ ਫੋਲਾਇੰਦਾ। ਖ਼ਲਕ ਖ਼ੁਦਾਈ ਪਾਏ ਸਾਰ, ਖ਼ਾਲਕ ਆਪਣਾ ਰੂਪ ਵਟਾਇੰਦਾ। ਅਮਾਮ ਮੈਂਹਦੀ ਤੇਜ਼ ਕਟਾਰ, ਨੇਤਰ ਨੈਣਾ ਆਪ ਦਰਸਾਇੰਦਾ। ਆਪੇ ਜਾਣੇ ਆਪਣੀ ਧਾਰ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਬ੍ਰਹਮਾ ਵੇਤਾ ਗਿਆ ਹਾਰ, ਚਾਰੇ ਵੇਦ ਅਲਾਇੰਦਾ। ਪੁਰਾਨ ਅਠਾਰਾਂ ਰਹੇ ਪੁਕਾਰ, ਵੇਦ ਵਿਆਸਾ ਗਣਤ ਗਣਾਇੰਦਾ। ਸ਼ਾਸਤਰ ਸਿਮਰਤ ਹੋ ਉਜਿਆਰ, ਆਪ ਆਪਣਾ ਨਾਮ ਉਪਾਇੰਦਾ। ਗੀਤਾ ਗਿਆਨ ਕਰ ਧਿਆਨ, ਧਰਨੀ ਧਰਤ ਧਵਲ ਸੁਹਾਇੰਦਾ। ਈਸਾ ਮੂਸਾ ਕਰ ਪਰਨਾਮ, ਅੰਜੀਲ ਕੁਰਾਨਾ ਵੇਖ ਵਖਾਇੰਦਾ। ਦੰਦ ਬਤੀਸਾ ਕਰ ਪਿਆਰ, ਰਾਗ ਛਤੀਸਾ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਨੂਰ ਉਜਾਲਾ, ਹਰਿ ਸਾਚਾ ਸਚ ਕਰਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਪਾਰਬ੍ਰਹਮ ਵੇਸ ਵਟਾਇੰਦਾ। ਜੁਗ ਜੁਗ ਖੇਲੇ ਖੇਲ ਨਿਰਾਲਾ, ਭੇਵ ਕੋਇ ਨਾ ਪਾਇੰਦਾ। ਨਾਨਕ ਗੋਬਿੰਦ ਬਣ ਦਲਾਲਾ, ਏਕਾ ਸ਼ਬਦ ਚਲਾਇੰਦਾ। ਇਕ ਵਖਾਏ ਸੱਚੀ ਧਰਮਸਾਲਾ, ਦਰ ਮੰਦਰ ਆਪ ਸੁਹਾਇੰਦਾ। ਫਲ ਲਗਾਏ ਸਾਚੇ ਡਾਲ੍ਹਾ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਜਨ ਭਗਤਾਂ ਸੇਵ ਕਮਾਇੰਦਾ। ਸਤਿਗੁਰ ਪੂਰਾ ਹਰਿ ਸਮਰਥ, ਆਦਿ ਪੁਰਖ ਅਬਿਨਾਸ਼ਿਆ। ਹਰਿਜਨ ਰੱਖੇ ਦੇ ਕਰ ਹੱਥ, ਕਲਜੁਗ ਵੇਖੇ ਅੰਤਮ ਤਮਾਸਿਆ। ਕੂੜ ਕੁੜਿਆਰਾ ਖਿਚੇ ਨੱਥ, ਸੰਤ ਸੁਹੇਲਾ ਦਾਸੀ ਦਾਸਿਆ। ਜਗਤ ਵਿਕਾਰਾ ਦੇਵੇ ਮਥ, ਪਰਗਟ ਹੋ ਘਨਕਪੁਰ ਵਾਸਿਆ। ਆਪਣੀ ਚਲਾਏ ਸਾਚੀ ਗਥ, ਚਾਰ ਵਰਨਾਂ ਦਏ ਭਰਵਾਸਿਆ। ਏਕਾ ਪੂਜਾ ਏਕਾ ਪਾਠ, ਇਸ਼ਟ ਦੇਵ ਇਕ ਅਬਿਨਾਸ਼ਿਆ। ਇਕ ਸਰੋਵਰ ਏਕਾ ਘਾਟ, ਏਕਾ ਕਰੇ ਬੰਦ ਖਲਾਸੀਆ। ਏਕਾ ਸਰੋਵਰ ਮਾਰੇ ਠਾਠ, ਤ੍ਰਿਸਨਾ ਭੁੱਖ ਮਿਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਿਰਗੁਣ ਜੋਤ ਕਰੇ ਪਰਕਾਸਿਆ। ਨਿਰਗੁਣ ਜੋਤ ਹਰਿ ਗੋਬਿੰਦ, ਹਰਿ ਹਰਿ ਆਪ ਉਪਾਇੰਦਾ। ਮੇਟ ਮਿਟਾਵੇ ਸਗਲੀ ਚਿੰਦ, ਚਿੰਤਾ ਚਿਖਾ ਆਪ ਗਵਾਇੰਦਾ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਸਮਾਇੰਦਾ। ਸਰਬ ਜੀਆਂ ਆਪੇ ਬਖ਼ਸ਼ਿੰਦ, ਬਖ਼ਸ਼ਣਹਾਰ ਆਪ ਅਖਵਾਇੰਦਾ। ਆਪ ਆਪਣੀ ਕਰੇ ਕਰਾਏ ਨਿੰਦ, ਨਿੰਦਕ ਨਿੰਦਿਆ ਮੁਖ ਸਲਾਹਿੰਦਾ। ਗੁਰਮੁਖ ਉਪਜਾਏ ਸਾਚੀ ਬਿੰਦ, ਦਰ ਘਰ ਸਾਚੇ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਇਕ ਅਕੱਲਾ ਸਚ ਮਹੱਲਾ ਬ੍ਰਹਿਮੰਡ ਖੰਡ ਆਪ ਵਸਾਇੰਦਾ। ਸਚ ਮਹੱਲਾ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਥਿਰ ਘਰ ਜੋਤ ਜਗੇ ਨਿਰੰਕਾਰੀ, ਦੀਪਕ ਦੀਪ ਇਕ ਸੁਹਾਇੰਦਾ। ਏਕਾ ਤਖ਼ਤ ਇਕ ਸਿਕਦਾਰੀ, ਸ਼ਾਹ ਸੁਲਤਾਨ ਇਕ ਅਖਵਾਇੰਦਾ। ਏਕਾ ਖੜਗ ਖੰਡਾ ਤੇਜ਼ ਕਟਾਰੀ, ਏਕਾ ਏਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰੀ ਧਾਰ ਬੰਨਾਇੰਦਾ। ਤੇਰੀ ਧਾਰ ਹਰਿ ਨਿਰੰਕਾਰ, ਕਲਜੁਗ ਆਪ ਚਲਾਈਆ। ਆਪੇ ਪਾਵਣਹਾਰਾ ਸਾਰ, ਆਪਣੇ ਹੱਥ ਰੱਖੇ ਵਡਿਆਈਆ। ਨਾਨਕ ਨਿਰਗੁਣ ਲੇਖ ਅਪਾਰ, ਲੇਖਾ ਲਿਖਤ ਜਣਾਈਆ। ਗੋਬਿੰਦ ਖਿਚੀ ਇਕ ਕਟਾਰ, ਚਾਰੋਂ ਕੁੰਟ ਵਾਹੀਆ। ਦਹਿ ਦਿਸ਼ਾਂ ਕਰੇ ਖਵਾਰ, ਖ਼ਾਕੀ ਖ਼ਾਕ ਸਮਾਈਆ। ਚਾਰ ਯਾਰੀ ਹਾਹਾਕਾਰ, ਅੱਲਾ ਰਾਣੀ ਰਹੀ ਕੁਰਲਾਈਆ। ਪਰਗਟ ਹੋਏ ਆਪ ਨਿਰੰਕਾਰ, ਨਿਰਗੁਣ ਦਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਹਰਿ ਨਰ ਨਿਰਗੁਣ ਰੂਪ ਨਿਰਗੁਣ ਜੋਤ ਨਿਰਗੁਣ ਸ਼ਬਦ ਸਾਚਾ ਧਰ ਧਰ ਧਰਨੀ ਦਏ ਸੁਹਾਈਆ।
ਪੰਜ ਤੱਤ ਕਾਇਆ ਦੁੱਖ, ਦਿਵਸ ਰੈਣ ਰਿਹਾ ਸਤਾਈਆ। ਦਰ ਦਰ ਸੁਖਨਾ ਰਹੇ ਸੁਖ, ਜਗਤ ਰੋਗ ਨਾ ਕੋਇ ਮਿਟਾਇਆ। ਕਰਮ ਧਰਮ ਜਰਮ ਬੈਠਾ ਉਠ, ਲੇਖਾ ਆਪਣਾ ਰਿਹਾ ਵਖਾਇਆ। ਜਿਸ ਜਨ ਉਪਰ ਸਤਿਗੁਰ ਪੂਰਾ ਜਾਏ ਤੁੱਠ, ਆਪ ਆਪਣੀ ਦਇਆ ਕਮਾਇਆ। ਅੰਮ੍ਰਿਤ ਆਤਮ ਦੇਵੇ ਏਕਾ ਘੁੱਟ, ਜਗਤ ਦੁਖੜਾ ਰਹਿਣ ਨਾ ਪਾਇਆ। ਅੰਤਮ ਵੇਲੇ ਆਵਣ ਜਾਵਣ ਜਾਏ ਛੁੱਟ, ਲੱਖ ਚੁਰਾਸੀ ਗੇੜ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਾਲ ਬਾਲੀ ਲਏ ਤਰਾਇਆ। ਬਾਲ ਬਾਲੀ ਬਾਲੀ ਬੁਧ, ਹਰਿ ਹਰਿ ਵੱਡੀ ਵਡਿਆਈਆ। ਕਾਇਆ ਕਾਜ ਕਰੇ ਸੁਧ, ਚਿੰਤਾ ਸੋਗ ਮਿਟਾਈਆ। ਚਰਨ ਕਵਲ ਕਵਲ ਚਰਨ ਜੋ ਜਨ ਰਿਹਾ ਲੁਝ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਜਨਨੀ ਦੇਵੇ ਏਕਾ ਵਰ, ਦੁੱਖ ਸੁਖ ਸੁਖ ਦੁਖ ਏਕਾ ਰੰਗ ਸਮਾਈਆ। ਹੱਕ ਹਕੀਕਤ ਰਿਹਾ ਫੋਲ, ਭੁੱਲ ਰਹੇ ਨਾ ਰਾਈਆ। ਗੁਰ ਸ਼ਬਦੀ ਅੰਦਰ ਮੰਦਰ ਆਪਣੇ ਕੰਡੇ ਰਿਹਾ ਤੋਲ, ਨਾਮ ਖੰਡਾ ਹੱਥ ਉਠਾਈਆ। ਗੁਰਸਿਖ ਸਾਚਾ ਕਦੇ ਨਾ ਜਾਏ ਡੋਲ, ਗੋਬਿੰਦ ਭਾਣੇ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਹਰਿ ਹਰਿ ਭਗਤੀ ਆਪਣੀ ਸ਼ਕਤੀ ਦੇਵੇ ਆਪ ਵਡਿਆਈਆ। ਭਗਤ ਭਗਤੀ ਆਪੇ ਜਾਣ, ਆਪੇ ਵੇਖ ਵਖਾਇੰਦਾ। ਕੋਟਨ ਕੋਟ ਕੋਟੀ ਕੋਟ ਕਰ ਪਰਧਾਨ, ਹਰਿ ਧਿਆਨ ਵਿਚ ਨਾ ਆਇੰਦਾ। ਜਿਸ ਜਨ ਉਪਰ ਹੋਏ ਆਪ ਮਿਹਰਵਾਨ, ਕਰ ਕਿਰਪਾ ਪਾਰ ਕਰਾਇੰਦਾ। ਜੀਆਂ ਦੇਵੇ ਜੀਆ ਦਾਨ, ਧਰਤ ਧਵਲ ਸੁਹਾਇੰਦਾ। ਜੋ ਜਨ ਮੰਗੇ ਚਰਨ ਧੂੜ ਅਸਨਾਨ, ਦੁਰਮਤ ਮੈਲ ਗਵਾਇੰਦਾ। ਜੋ ਜਨ ਮੰਗੇ ਦਰਸ ਗੋਪੀ ਕਾਹਨ, ਕਾਹਨਾ ਰੂਪ ਆਪ ਵਟਾਇੰਦਾ। ਜੋ ਜਨ ਮੰਗੇ ਨਿਗਹਬਾਨ, ਨਾਨਕ ਨਿਰਗੁਣ ਨਜ਼ਰੀ ਆਇੰਦਾ। ਜੋ ਜਨ ਗੁਰ ਕਾ ਸ਼ਬਦ ਕਰੇ ਪਰਵਾਨ, ਗੁਰ ਗੋਬਿੰਦ ਦਰਸ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਭਿਛਿਆ ਆਪੇ ਪਾਇੰਦਾ। ਬਾਰਾਂ ਬਰਸ ਬਾਰਾਂ ਰਾਸ, ਬਾਰਾਂ ਬਾਰਾਂ ਆਪ ਧਰਾਈਆ। ਇਕ ਗਿਆਰਾ ਖੇਲ ਤਮਾਸ਼, ਦਸ ਇਕ ਵੇਖ ਵਖਾਈਆ। ਦਸਵਾਂ ਮੇਲਾ ਸ਼ਾਹੋ ਸਬਾਸ, ਨਿਜ ਘਰ ਬੈਠਾ ਤਾੜੀ ਲਾਈਆ। ਨੌ ਦਵਾਰੇ ਪੂਰੀ ਕਰੇ ਆਸ, ਜੋ ਜਨ ਮਨ ਚਿਤ ਰਿਹਾ ਗਾਈਆ। ਅੱਠਾਂ ਤੱਤਾਂ ਕਰੇ ਬੰਦ ਖਲਾਸ, ਮਨ ਮਤ ਬੁਧ ਨਾ ਕੋਇ ਚਤੁਰਾਈਆ। ਸਤਿ ਪੁਰਖ ਨਿਰੰਜਣ ਸਾਚਾ ਦਾਸ, ਗੁਰਮੁਖਾਂ ਸੇਵਾ ਆਪ ਕਮਾਈਆ। ਛੇਵਾਂ ਛੱਪਰ ਛੰਨ ਨਾ ਰੱਖੇ ਕਿਸੇ ਨਿਵਾਸ, ਨਿਰਗੁਣ ਜੋਤੀ ਡਗਮਗਾਈਆ। ਪੰਚਮ ਮੀਤਾ ਪੂਰੀ ਕਰੇ ਆਸ, ਜੋ ਜਨ ਪੰਚਮ ਸ਼ਬਦ ਧੁਨ ਰਹੇ ਗਾਈਆ। ਚੌਥੇ ਪਦ ਇਕ ਨਿਵਾਸ, ਚੌਥਾ ਪਦ ਆਪ ਸਮਝਾਈਆ। ਤੀਜੇ ਨੇਤਰ ਪੂਰੀ ਕਰੇ ਆਸ, ਤ੍ਰੈਗੁਣ ਮਾਇਆ ਰਹਿਣ ਨਾ ਪਾਈਆ। ਦੂਜਾ ਮੇਲਾ ਸ਼ਾਹੋ ਸਬਾਸ, ਨਿਰਗੁਣ ਸਰਗੁਣ ਵੇਖ ਵਖਾਈਆ। ਇਕ ਅਕੱਲਾ ਏਕਉਂਕਾਰਾ ਕਰ ਪਰਕਾਸ਼, ਘਰ ਘਰ ਬੈਠਾ ਡੇਰਾ ਲਾਈਆ। ਸਚ ਦਵਾਰੇ ਕੋਇ ਨਾ ਜਾਏ ਨਿਰਾਸ, ਮਨ ਭਿਛਿਆ ਫਲ ਸਾਚਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਲਹਿਣਾ ਅੱਗੇ ਦੇਵੇ ਧਰ ਪਿਛਲਾ ਕਰਜ਼ਾ ਮੂਲ ਚੁਕਾਈਆ।
