ਮਹਾਰਾਜ ਸ਼ੇਰ ਸਿੰਘ ਠਾਂਡਾ ਦਰਬਾਰ । ਕਲੂ ਕਾਲ ਵਿਚ ਖੇਲ ਰਖਾਇਆ । ਈਸਾ ਮੂਸਾ ਮੁਹੰਮਦ ਉਪਜਾਇਆ । ਉਹਨਾਂ ਤਾਈਂ ਮਾਣ ਦਵਾਇਆ । ਸਿਰ ਉਨ੍ਹਾਂ ਦੇ ਛਤਰ ਝੁਲਾਇਆ । ਨਾਮ ਨਿਰੰਜਣ ਅੱਲਾ ਰਖਾਇਆ । ਅੰਤਕਾਲ ਪ੍ਰਭ ਆਪ ਖਪਾਇਆ । ਨਾਨਕ ਨਿਰੰਕਾਰੀ ਪ੍ਰਗਟਾਇਆ । ਚਾਰ ਕੁੰਟ ਨਾਮ ਸਤਿ ਦ੍ਰਿੜਾਇਆ । ਹੰਕਾਰੀਆਂ ਨਿੰਦਕਾਂ ਭੇਤ ਨਾ ਪਾਇਆ । ਐਸਾ ਪਰਦਾ ਉਨ੍ਹਾਂ ਤੇ ਪਾਇਆ । ਆਪਣਾ ਭੇਤ ਪ੍ਰਭ ਆਪ ਛੁਪਾਇਆ । ਮਹਾਰਾਜ ਸ਼ੇਰ ਸਿੰਘ ਦੁੱਖ ਭੰਜਨ ਰਾਇਆ । ਉਹ ਸੀ ਈਸ਼ਰ ਦਾ ਚਮਤਕਾਰ । ਜੋਤ ਜਗਾਈ ਅਪਰ ਅਪਾਰ । ਨਾਨਕ ਤੋਂ ਅੰਗਦ ਕਲ ਧਾਰ । ਪੈਂਤੀਸ ਅੱਖਰ ਲਿਖਾਏ ਕਰਤਾਰ । ਜਾਮੇ ਦਸ ਇਹ ਜੋਤ ਪ੍ਰਗਟਾਵੇ । ਦੀਪਕ ਸੰਗ ਦੀਪਕ ਬਲਾਵੇ । ਆਦਿ ਅੰਤ ਨਾ ਫਿਰ ਬਤਾਵੇ । ਤੂੰ ਹੀ ਤੂੰ ਸਭ ਜਗਤ ਹੈ ਗਾਵੇ । ਊਚ ਅਗੰਮ ਥਿਰ ਨਾ ਰਹਾਵੇ । ਕੋਈ ਓਸ ਦਾ ਭੇਤ ਨਾ ਪਾਵੇ । ਜੋਤ ਸਰੂਪ ਜੋਤ ਹੋ ਜਾਵੇ । ਮਹਾਰਾਜ ਸ਼ੇਰ ਸਿੰਘ ਸਤਿਗੁਰ ਕਹਾਵੇ । ਅੰਤ ਕਾਲ ਕਲਜੁਗ ਦਾ ਆਇਆ । ਈਸ਼ਰ ਨੇ ਖੇਲ ਰਚਾਇਆ । ਸਚਖੰਡ ਜੋ ਰਹੇ ਸਮਾਇਆ । ਮਾਤਲੋਕ ਵਿਚ ਸ਼ੇਰ ਸਿੰਘ ਨਾਮ ਰਖਾਇਆ । ਜੋਤ ਜਿਸ ਦੀ ਡਗਮਗਾਇਆ । ਬਿਨ ਤੇਲ ਬੱਤੀ ਦੀਪਕ ਜਲਾਇਆ । ਸਦ ਅਬਿਨਾਸ਼ੀ ਨਿਰੰਜਣ ਰਾਇਆ । ਧਾਰ ਖੇਲ ਚਤੁਰਭੁਜ ਕਹਾਇਆ । ਸਾਵਲ ਸੁੰਦਰ ਰੂਪ ਬਣਾਇਆ । ਅਛਲ ਛਲਨ ਛਲ ਆਪ ਕਰਾਇਆ । ਜੋਤ ਸਰੂਪ ਸਭ ਜਗਤ ਉਪਾਇਆ । ਬੇਮੁਖਾਂ ਨੂੰ ਪਰੇ ਹਟਾਇਆ । ਗੁਰਸਿਖਾਂ ਨੂੰ ਸ਼ਰਨੀ ਲਾਇਆ । ਭੈ ਭਿਆਨਕ ਵਿਚ ਹੋਏ ਸਹਾਇਆ । ਕਲਜੁਗ ਵਿਚ ਆਣ ਦਰਸਾਇਆ । ਊਚ ਨੀਚ ਕਰ ਇਕ ਦਿਖਾਇਆ । ਧਰਨੀ ਧਰ ਈਸ਼ਰ ਨਰ ਨਰਾਇਣ ਆਇਆ । ਗੁਰ ਧਾਮ ਗੁਰ ਦਰਸ ਦਿਖਾਇਆ । ਜੂਠਿਆਂ ਝੂਠਿਆਂ ਭੇਦ ਨਾ ਪਾਇਆ । ਗੁਰ ਪੂਰੇ ਤੋਂ ਮੁਖ ਛੁਪਾਇਆ । ਪ੍ਰਗਟ ਹੋਇਆ ਆਪ ਰਘੁਰਾਇਆ । ਮਹਾਰਾਜ ਸ਼ੇਰ ਸਿੰਘ ਨਜ਼ਰੀ ਆਇਆ । ਗੁਰ ਪੂਰਾ ਇਹ ਸਾਚੀ ਖਾਣ । ਗੁਰਸਿਖਾਂ ਨੂੰ ਦੇਵੇ ਦਰਸ ਪ੍ਰਭ ਦਾਨ । ਸੋਹੰ ਸ਼ਬਦ ਉਤਮ ਗਿਆਨ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ । ਤ੍ਰੈਲੋਕੀ ਨਾਥ ਪ੍ਰਭ ਜਾਣੀ ਜਾਣ । ਘਟ ਵਾਸੀ ਬ੍ਰਹਮ ਅਸਥਾਨ । ਰਾਓ ਰੰਕ ਜਿਸ ਇਕ ਸਮਾਨ । ਦੁਸ਼ਟਾਂ ਦੇ ਗੁਰ ਲਾਹੇ ਘਾਣ । ਅੰਤਕਾਲ ਕਲਧਾਰ ਪ੍ਰਭ ਆਇਆ । ਅੰਤ ਕਲੂ ਦਾ ਆਪ ਕਰਾਇਆ । ਉਲਟੇ ਧੰਦੇ ਜਗਤ ਲਗਾਇਆ । ਐਸਾ ਪ੍ਰਭੂ ਖੇਲ ਰਚਾਇਆ । ਗਊ ਗ਼ਰੀਬ ਨੇ ਹਾਹਾਕਾਰ ਮਚਾਇਆ । ਬੰਦੀ ਤੋੜ ਪ੍ਰਭ ਹੋਏ ਸਹਾਇਆ । ਮਦਿ ਮਾਸ ਦਾ ਨਾਸ ਕਰਾਇਆ । ਸੋਹੰ ਸ਼ਬਦ ਗੁਰ ਡੰਕ ਵਜਾਇਆ । ਸਾਧ ਸੰਗਤ ਨੂੰ ਮਾਣ ਦਵਾਇਆ । ਮਹਾਰਾਜ ਸ਼ੇਰ ਸਿੰਘ ਗੁਰ ਜਗਤ ਸਦਾਇਆ । ਐਸੀ ਕਲਾ ਹੁਣ ਆਪ ਵਰਤਾਵੇ । ਘਰ ਘਰ ਵਿਚ ਹਾਹਾਕਾਰ ਪੈ ਜਾਵੇ । ਕਲੂ ਦਾ ਪ੍ਰਭ ਕਾਲ ਕਰਾਵੇ । ਸਤਿਜੁਗ ਦੀ ਜੈਕਾਰ ਕਰਾਵੇ । ਸੋਹੰ ਸ਼ਬਦ ਪ੍ਰਤੱਖ ਹੋ ਜਾਵੇ । ਓਅੰਕਾਰ ਪ੍ਰਭ ਸਰਬ ਸਮਾਵੇ । ਇਹ ਬਚਨ ਨਾ ਹੋਏ ਅਧੂਰਾ । ਮਹਾਰਾਜ ਸ਼ੇਰ ਸਿੰਘ ਸਤਿਗੁਰ ਪੂਰਾ । ਸਚ ਲਿਖਤ ਪ੍ਰਭ ਆਪ ਕਰਾਏ ।
G01L20 ੮ ਫੱਗਣ ੨੦੦੬ ਬਿਕ੍ਰਮੀ ਮੇਰਠ ਛਾਉਣੀ
- Post category:Written Harbani Granth 01
