੨੪ ਚੇਤ ੨੦੧੬ ਬਿਕ੍ਰਮੀ ਸਵਰਨ ਸਿੰਘ ਦੇ ਘਰ ਜੰਡਿਆਲਾ ਗੁਰੂ
ਹਰਿ ਸ਼ਬਦ ਬਲਵਾਨ, ਕੂੜਾ ਬਲਵਾ ਦਏ ਮਿਟਾਇਆ। ਹਰਿ ਸ਼ਬਦ ਮਿਹਰਵਾਨ, ਏਕਾ ਕਲਮਾ ਦਏ ਪੜ੍ਹਾਇਆ। ਗੁਰ ਸ਼ਬਦ ਪਰਧਾਨ, ਆਲਮ ਉਲਮਾਤ ਭੇਵ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਦਏ ਵਡਿਆਇਆ। ਸ਼ਬਦ ਗੁਰ ਸ਼ਬਦ ਗੁਰ ਦੀਨਾ, ਗੁਰ ਸ਼ਬਦ ਵੱਡੀ ਵਡਿਆਈਆ। ਸ਼ਬਦ ਸ਼ਬਦ ਗੁਰ ਦਾਨਾ ਬੀਨਾ, ਗੁਰ ਸ਼ਬਦ ਵੱਜੀ ਵਧਾਈਆ। ਗੁਰ ਸ਼ਬਦ ਲੇਖ ਚੁਕਾਏ ਲੋਕਾਂ ਤੀਨਾਂ, ਗੁਰ ਸ਼ਬਦ ਦਰ ਘਰ ਸਾਚੇ ਮੇਲ ਮਿਲਾਈਆ। ਗੁਰ ਸ਼ਬਦ ਲੋਕਮਾਤ ਗੁਰਮੁਖ ਵਿਰਲੇ ਚੀਨਾ, ਆਤਮ ਅੰਤਰ ਜਿਸ ਜਣਾਈਆ। ਗੁਰ ਸ਼ਬਦ ਤਨ ਮਨ ਕਰੇ ਭੀਨਾ, ਭਿੰਨੜੀ ਰੈਣ ਸਬਾਈਆ। ਗੁਰ ਸ਼ਬਦ ਗੁਰਮੁਖ ਮਿਲਾਏ ਜਿਉਂ ਜਲ ਮੀਨਾ, ਘਰ ਸਾਗਰ ਇਕ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸ਼ਬਦ ਦਏ ਵਡਿਆਈਆ। ਗੁਰ ਸ਼ਬਦ ਹਰਿ ਤਰਾਨਾ, ਸਤਿਗੁਰ ਪੁਰਖ ਅਲਾਇੰਦਾ। ਗੁਰ ਸ਼ਬਦ ਅਨਹਦ ਗਾਣਾ, ਪਾਰਬ੍ਰਹਮ ਸੁਣਾਇੰਦਾ। ਗੁਰ ਸ਼ਬਦ ਸਾਚਾ ਰਾਣਾ, ਦੋ ਜਹਾਨਾਂ ਵੇਖ ਵਖਾਇੰਦਾ। ਗੁਰ ਸ਼ਬਦ ਦੇਵੇ ਮਾਣਾ, ਨਿਮਾਣ ਨਿਮਾਣਿਆਂ ਗਲੇ ਲਗਾਇੰਦਾ। ਗੁਰ ਸ਼ਬਦ ਚੁਕਾਏ ਆਵਣ ਜਾਣਾ, ਜੋ ਜਨ ਰਸਨਾ ਹਰਿ ਗੁਣ ਗਾਇੰਦਾ। ਗੁਰ ਸ਼ਬਦ ਦੇਵੇ ਪਦ ਨਿਰਬਾਣਾ, ਪਰਮ ਪੁਰਖ ਆਪ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦ ਨਿਸ਼ਾਨ ਝੁਲਾਇੰਦਾ। ਗੁਰ ਸ਼ਬਦ ਸਚ ਨਿਸ਼ਾਨ, ਹਰਿ ਸਾਚਾ ਆਪ ਝੁਲਾਈਆ। ਖੇਲੇ ਖੇਲ ਸ੍ਰੀ ਭਗਵਾਨ, ਜੁਗ ਕਰਤਾ ਵਡ ਵਡਿਆਈਆ। ਲੋਆਂ ਪੁਰੀਆਂ ਵੇਖੇ ਮਾਰ ਧਿਆਨ, ਲੋਕਮਾਤ ਵੰਡ ਵੰਡਾਈਆ। ਵਰਭੰਡੀ ਹਰਿ ਹਰਿ ਪਰਧਾਨ, ਸ਼ਬਦੀ ਸ਼ਬਦ ਧਰਾਈਆ। ਸ਼ਬਦ ਅਨਾਦੀ ਇਕ ਗਿਆਨ, ਲੱਖ ਚੁਰਾਸੀ ਕਰੇ ਪੜ੍ਹਾਈਆ। ਗੁਰਮੁਖ ਵਿਰਲੇ ਦੇਵੇ ਮਾਣ, ਜਿਸ ਜਨ ਬੂਝ ਬੁਝਾਈਆ। ਅੰਤਰ ਆਤਮ ਆਪ ਪਛਾਨ, ਅਨਭਵ ਪਰਕਾਸ਼ ਵਖਾਈਆ। ਗੁਰ ਸ਼ਬਦ ਵਖਾਏ ਤੀਰ ਕਮਾਨ, ਰਸਨਾ ਚਿੱਲੇ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਨਾਉਂ ਉਪਾਈਆ। ਸ਼ਬਦ ਨਿਰਾਲਾ ਤੀਰ, ਗੁਰ ਗੁਰਸਿਖ ਆਪ ਲਗਾਇੰਦਾ। ਹਉਮੇ ਹੰਗਤਾ ਕੱਢੇ ਪੀੜ, ਦੂਈ ਦਵੈਤੀ ਮੇਟ ਮਿਟਾਇੰਦਾ। ਅੰਮ੍ਰਿਤ ਆਤਮ ਰਸ ਦੇਵੇ ਠੰਡਾ ਸੀਰ, ਨਿਝਰਧਾਰਾ ਆਪ ਚੁਆਇੰਦਾ। ਬਜਰ ਕਪਾਟੀ ਪੜਦਾ ਚੀਰ, ਚੋਟੀ ਅਖ਼ੀਰ ਆਪ ਬਹਾਇੰਦਾ। ਆਤਮ ਸੇਜਾ ਪੀਰਨ ਪੀਰ, ਦਸਤਗੀਰ ਮੇਲ ਮਿਲਾਇੰਦਾ। ਜਗਤ ਜੰਜਾਲਾ ਤੋੜ ਜ਼ੰਜੀਰ, ਘਰ ਸਚ ਵਹੀਰ ਵਖਾਇੰਦਾ। ਆਪਣੇ ਮੰਦਰ ਚਾਰ ਦੀਵਾਰੀ ਆਪੇ ਖਿਚੀ ਲਕੀਰ, ਬਿਨ ਗੁਰ ਪੂਰੇ ਪਾਰ ਨਾ ਕੋਇ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅੰਮ੍ਰਿਤ ਪਿਆਲਾ ਸੀਰ, ਹਰਿਜਨ ਸਾਚੇ ਆਪ ਪਿਆਇੰਦਾ। ਅੰਮ੍ਰਿਤ ਰਸ ਸਾਚਾ ਸੀਰ, ਗੁਰਮੁਖਾਂ ਹਰਿ ਪਿਆਈਆ। ਦੇਵਣਹਾਰਾ ਸਾਚੀ ਧੀਰ, ਧੁਰ ਭਰਵਾਸਾ ਇਕ ਜਣਾਈਆ। ਮਾਨਸ ਜਨਮ ਬੰਨ੍ਹੇ ਬੀੜ, ਬੇੜਾ ਆਪਣਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸ਼ਬਦ ਵਸੇ ਸਾਚੇ ਘਰ, ਕਾਇਆ ਖੇੜਾ ਆਪ ਵਸਾਈਆ। ਕਾਇਆ ਖੇੜਾ ਵਸੇ ਘਰ, ਘਰ ਮੇਲਾ ਸੱਜਣ ਸੁਹੇਲਿਆ। ਜਗਤ ਤਰਨੀ ਜਾਏ ਤਰ, ਪਾਰ ਕਿਨਾਰਾ ਡੂੰਘਾ ਸਾਗਰ ਵਕ਼ਤ ਚੁਕਾਏ ਦੁਹੇਲਿਆ। ਨਿਜ ਘਰ ਨਿਜ ਆਤਮ ਨਿਜ ਨੇਤਰ ਦਰਸ ਕਰ, ਆਪ ਆਪਣੇ ਰੰਗ ਰੰਗੇ ਚੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਅੰਦਰ ਵੜ, ਸ਼ਬਦ ਅਗੰਮੀ ਆਪੇ ਬੋਲਿਆ। ਸ਼ਬਦ ਅਗੰਮਾ ਬੋਲ ਜੈਕਾਰਾ, ਅਨਹਦ ਤਾਲ ਵਜਾਇੰਦਾ। ਸਤਿ ਸਰੂਪੀ ਖੇਲ ਨਿਆਰਾ, ਜੋਤ ਉਜਿਆਰਾ ਆਪ ਕਰਾਇੰਦਾ। ਅੰਮ੍ਰਿਤ ਬਖ਼ਸ਼ੇ ਠੰਡੀ ਠਾਰਾ, ਸਾਂਤਕ ਸਤਿ ਵਰਤਾਇੰਦਾ। ਮੇਟ ਮਿਟਾਏ ਅੰਧ ਅੰਧਿਆਰਾ, ਜਿਸ ਸਿਰ ਸਮਰਥ ਹੱਥ ਟਿਕਾਇੰਦਾ। ਏਕਾ ਦੇਵੇ ਨਾਮ ਸਹਾਰਾ, ਪਾਰ ਕਿਨਾਰਾ ਆਪ ਕਰਾਇੰਦਾ। ਘੜਨ ਭੰਨਣਹਾਰਾ ਵਿਚ ਸੰਸਾਰਾ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪਣੇ ਰੰਗ ਰਵੇ ਕਰਤਾਰਾ, ਕਰਨੀ ਕਰਤਾ ਕਿਰਤ ਕਮਾਇੰਦਾ। ਸ਼ਬਦੀ ਸ਼ਬਦ ਕਰ ਪਿਆਰਾ, ਨਾਮ ਸ਼ਬਦ ਹੱਟ ਵਿਕਾਇੰਦਾ । ਗੁਰਸਿਖ ਵਿਰਲਾ ਬਣੇ ਵਣਜਾਰਾ, ਸ੍ਰਿਸ਼ਟ ਸਬਾਈ ਆਪ ਸਦਾਇੰਦਾ। ਖੇਲੇ ਖੇਲ ਨਰ ਨਰਾਇਣ ਨਰ ਅਵਤਾਰਾ, ਨੂਰ ਜਹੂਰ ਇਕ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਅਨਾਦੀ ਸਾਚੀ ਤੂਰ, ਤੁਰੀਆ ਦੇਸ ਸੁਣਾਇੰਦਾ। ਤੁਰੀਆ ਦੇਸ ਹਰਿ ਵਸੇਰਾ, ਰੂਪ ਰੰਗ ਨਾ ਕੋਇ ਜਣਾਈਆ। ਪਾਰਬ੍ਰਹਮ ਪ੍ਰਭ ਚਾਓ ਘਨੇਰਾ, ਵੱਜਦੀ ਰਹੇ ਵਧਾਈਆ। ਆਦਿ ਨਿਰੰਜਣ ਲਾਇਆ ਡੇਰਾ, ਏਕਾ ਨੂਰ ਕਰੇ ਰੁਸ਼ਨਾਈਆ। ਪੁਰਖ ਅਬਿਨਾਸ਼ੀ ਪਾਇਆ ਘੇਰਾ, ਆਪ ਆਪਣਾ ਬੰਦ ਕਰਾਈਆ। ਅਗੰਮ ਅਗੰਮੜਾ ਅਲੱਖ ਅਲੱਖਣਾ ਆਪੇ ਵਸੇ ਨੇਰਨ ਨੇਰਾ, ਦੂਜਾ ਸੰਗ ਨਾ ਕੋਇ ਜਣਾਈਆ। ਆਪੇ ਗੁਰੂ ਆਪੇ ਗੁਰ ਚੇਰਾ, ਸਤਿਗੁਰ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੂਰਤ ਆਪ ਉਪਾਈਆ। ਆਪਣੀ ਸੂਰਤ ਅਕਾਲ ਮੂਰਤ, ਆਪੇ ਰਚਨ ਰਚਾਇੰਦਾ। ਨਾ ਕੋਈ ਨੇੜ ਨਾ ਕੋਈ ਦੂਰਤ, ਨਾ ਕੋਈ ਪੰਧ ਮੁਕਾਇੰਦਾ। ਨਾ ਕੋਈ ਸਚ ਨਾ ਕੋਈ ਕੂੜਤ, ਨਾ ਕੋਈ ਕਿਰਿਆ ਵੇਖ ਵਖਾਇੰਦਾ। ਨਾ ਕੋਈ ਚਰਨ ਨਾ ਕੋਈ ਧੂੜਤ, ਨਾ ਕੋਈ ਮਸਤਕ ਸੀਸ ਝੁਕਾਇੰਦਾ। ਨਾ ਕੋਈ ਮੂੜ੍ਹ ਨਾ ਕੋਈ ਮੂੜ੍ਹਤ, ਨਾ ਕੋਈ ਗਿਆਨ ਧਿਆਨ ਦ੍ਰਿੜਾਇੰਦਾ। ਨਾ ਕੋਈ ਰੰਗਣ ਰੰਗ ਰੰਗੇ ਗੂੜ੍ਹਤ, ਨਾ ਕੋਈ ਵੇਸ ਅਨੇਕ ਵਟਾਇੰਦਾ। ਦਰ ਘਰ ਸਾਚੇ ਆਪ ਆਪਣੀ ਆਸਾ ਪੂਰਤ, ਆਪ ਆਪਣਾ ਦਰ ਸੁਹਾਇੰਦਾ। ਤੁਰੀਆ ਨਾਦ ਏਕਾ ਤੂਰਤ, ਆਪਣੀ ਇਛਿਆ ਆਪ ਸੁਣਾਇੰਦਾ। ਤੁਰੀਆ ਦੇਸ ਨਰ ਨਰੇਸ਼, ਤੂਰਤ ਨਾਦ ਵਜਾਈਆ। ਆਪਣੇ ਅੰਦਰ ਆਪਣਾ ਕਰ ਪਰਵੇਸ਼, ਆਪੇ ਰਾਗ ਸੁਣਾਈਆ। ਨਾ ਕੋਈ ਬ੍ਰਹਮਾ ਵਿਸ਼ਨ ਮਹੇਸ਼, ਕਰੋੜ ਤੇਤੀਸਾ ਨਾ ਕੋਇ ਜਣਾਈਆ। ਨਾ ਕੋਈ ਸੁੱਤਾ ਬਾਸ਼ਕ ਸ਼ੇਸ਼, ਨਾ ਕੋਈ ਲੱਛਮੀ ਚਰਨ ਝਸਾਈਆ। ਨਾ ਕੋਈ ਲਿਖਣਹਾਰਾ ਲੇਖ, ਵੇਦ ਕਤੇਬ ਨਾ ਕੋਇ ਉਠਾਈਆ। ਨਾ ਕੋਈ ਪੰਜ ਤੱਤ ਨਾਰੀ ਨਰ ਕਰੇ ਵੇਸ, ਰੂਪ ਰੰਗ ਨਾ ਕੋਇ ਵਖਾਈਆ। ਨਾ ਕੋਈ ਲਿਖਣਹਾਰਾ ਲੇਖ, ਕਾਗ਼ਜ਼ ਕਲਮ ਨਾ ਕੋਇ ਵਡਿਆਈਆ। ਨਾ ਕੋਈ ਮੁੱਛ ਦਾੜ੍ਹੀ ਦਿਸੇ ਕੇਸ, ਨਾ ਕੋਈ ਮੂੰਡ ਮੁੰਡਾਈਆ। ਅਬਿਨਾਸ਼ੀ ਕਰਤਾ ਆਪੇ ਵਸਿਆ ਆਪਣੇ ਦੇਸ, ਨਾਦ ਤੂਰਤ ਤੁਰੀਆ ਆਪ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਈਆ। ਤੁਰੀਆ ਦੇਸ ਸਚ ਮਹੱਲਾ, ਜੋਤ ਜਗੇ ਅਕਾਲੀਆ। ਪੁਰਖ ਅਬਿਨਾਸ਼ੀ ਖੇਲੇ ਖੇਲ ਇਕ ਅਕੱਲਾ, ਆਪੇ ਬੂਟਾ ਆਪੇ ਬਣਿਆ ਮਾਲੀਆ। ਆਪੇ ਅੰਮ੍ਰਿਤ ਦੇਵੇ ਠੰਡਾ ਜਲਾ, ਆਪ ਪਿਆਏ ਭਰ ਪਿਆਲੀਆ। ਆਪੇ ਦੀਪਕ ਜੋਤੀ ਆਪਣੀ ਬਲਾ, ਦੀਵਾ ਬਾਤੀ ਆਪ ਵਖਾਲੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਅਨਾਦ ਅਨਾਦੀ ਤੂਰਤ, ਹਰਿ ਸਾਚਾ ਆਪ ਸੁਣਾਲੀਆ। ਸ਼ਬਦ ਅਨਾਦੀ ਨਾਦ ਹਰਿ, ਨਿਰਗੁਣ ਆਪ ਵਜਾਇੰਦਾ। ਗੁਰ ਪੀਰ ਅਵਤਾਰ ਸੰਤ ਸਾਧ ਲੋਕਮਾਤ ਧਰ, ਸਾਚੀ ਵਸਤੂ ਝੋਲੀ ਪਾਇੰਦਾ। ਪਰਸਾਦੀ ਪਰਸਾਦ ਦੇਵੇ ਦਰ, ਨਿਰਗੁਣ ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਤ੍ਰੈਗੁਣ ਤੇਰਾ ਪੰਜ ਤੱਤ ਘਾੜਨ ਘੜ, ਸਰਗੁਣ ਜੋੜ ਜੁੜਾਇੰਦਾ। ਆਪੇ ਬਾਹਰ ਗੁਪਤ ਆਪੇ ਜ਼ਾਹਰ, ਆਪੇ ਅੰਦਰ ਜਾਏ ਵੜ, ਆਉਂਦਾ ਜਾਂਦਾ ਦਿਸ ਨਾ ਆਇੰਦਾ। ਸ਼ਬਦ ਅਨਾਦੀ ਆਪਣਾ ਘਾੜਨ ਘੜ, ਆਪਣਾ ਤਾਲ ਵਜਾਇੰਦਾ। ਹੱਥੋ ਹੱਥੀ ਨਾ ਸਕੇ ਕੋਈ ਫੜ, ਬਿਨ ਗੁਰ ਪੂਰੇ ਦਿਸ ਕਿਸੇ ਨਾ ਆਇੰਦਾ। ਜਨ ਭਗਤਾਂ ਫੜਾਏ ਆਪਣਾ ਲੜ, ਸਗਲਾ ਸੰਗ ਰਖਾਇੰਦਾ। ਆਦਿ ਜੁਗਾਦਿ ਜੁਗ ਜੁਗ ਆਪ ਉਖੇੜੇ ਲੱਗੀ ਜੜ, ਆਪੇ ਬਾਗ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਮਿਲਾਵਾ ਸਾਚੇ ਘਰ ਸੁਰਤ ਸਵਾਣੀ ਨਾਲ ਹਾਣੀ ਮਹੱਲ ਅਟੱਲ ਉਚ ਮਨਾਰ, ਗੁਰ ਕਰਤਾਰ ਦਰ ਦਰਬਾਰ ਮੇਲ ਮਿਲਾਇੰਦਾ।
