Granth 07 Likhat 057: 21 Sawan 2015 Bikarmi Surain Singh de Ghar Jandiala Guru Jila Amritsar

੨੧ ਸਾਵਣ ੨੦੧੫ ਬਿਕ੍ਰਮੀ ਸੁਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ ਜ਼ਿਲਾ ਅੰਮ੍ਰਿਤਸਰ

ਹਰਿ ਹਰਿ ਰੂਪ ਆਪ ਸਮਾ, ਹਰਿ ਹਰਿ ਨਾਉਂ ਧਰਾਇਆ। ਸਤਿਗੁਰ ਪੂਰਾ ਜੋਤ ਜਗਾ, ਜੋਤੀ ਨੂਰ ਕਰੇ ਰੁਸ਼ਨਾਇਆ। ਗੁਰ ਗੁਰ ਇਸ਼ਟ ਇਕ ਜਣਾ, ਏਕਾ ਰੂਪ ਦਰਸਾਇਆ। ਗੁਰਸਿਖ ਸਾਜਣ ਲਏ ਜਗਾ, ਜਾਗਰਤ ਦਿਸ਼ਾ ਵਖਾਇਆ। ਮੂਰਖ ਮੂੜ੍ਹੇ ਦਏ ਭੁੱਲਾ, ਮਨਮੁਖਤਾ ਨਾਲ ਰਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਰਚਾਇਆ। ਹਰਿ ਸੁਲਤਾਨ ਤਖ਼ਤ ਤਾਜਾ, ਧੁਰ ਦਰਗਾਹ ਸਮਾਏ। ਸਤਿਗੁਰ ਸਾਜਨ ਗ਼ਰੀਬ ਨਿਵਾਜਾ, ਆਪਣੀ ਦਇਆ ਕਮਾਏ। ਗੁਰ ਗੁਰ ਰੱਖਣਹਾਰਾ ਲਾਜਾ ਗੁਰ ਕਰਣਹਾਰ ਕਰਾਏ। ਗੁਰਮੁਖ ਸਾਚੇ ਮਾਰੇ ਵਾਜਾ, ਸੋਈ ਸੁਰਤ ਉਠਾਏ। ਮਨਮੁਖ ਦਰ ਤੋਂ ਜਾਏ ਭਾਜਾ, ਨੇਤਰ ਨੈਣ ਛੁਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਏ। ਹਰਿ ਰਾਜਨ ਸ਼ਾਹ ਭੂਪ, ਸਚ ਸੱਚਾ ਸਿਕਦਾਰਾ। ਸਤਿਗੁਰ ਪੂਰਾ ਸਤਿ ਸਰੂਪ, ਜੋਤੀ ਜੋਤ ਨੂਰ ਚਮਤਕਾਰਾ। ਗੁਰ ਗੁਰ ਵੇਖੇ ਚਾਰੇ ਕੂਟ, ਦਹਿ ਦਿਸ਼ਾ ਪਾਵੇ ਸਾਰਾ। ਗੁਰਮੁਖ ਨਾਤਾ ਤੋੜੇ ਜੂਠ ਝੂਠ, ਏਕਾ ਸ਼ਬਦ ਕਰੇ ਪਿਆਰਾ। ਮਨਮੁਖ ਜੀਵ ਗਏ ਰੁੱਠ, ਵਿਸਰਿਆ ਕਰਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਸੁਹਾਏ ਬੰਕ ਦਵਾਰਾ। ਹਰਿ ਸਾਜਨ ਹਰਿ ਭਾਲਿਆ ਹਰਿ ਹਰਿ ਵੇਖ ਵਖਾਏ। ਸਤਿਗੁਰ ਪੂਰਾ ਚਲੇ ਨਾਲ ਨਾਲਿਆ, ਵਿਛੜ ਕਦੇ ਨਾ ਜਾਏ। ਗੁਰ ਗੁਰ ਸ਼ਾਹ ਕੰਗਾਲਿਆ, ਸ਼ਾਹ ਕੰਗਾਲਾ ਨਾਉਂ ਧਰਾਏ। ਗੁਰਮੁਖਾਂ ਦੇਵੇ ਨਾਮ ਧਨ ਸੱਚਾ ਖਜਾਨਿਆ, ਸਚ ਖਜ਼ਾਨਾ ਇਕ ਖੁਲ੍ਹਾਏ। ਮਨਮੁਖ ਭੁੱਲੇ ਜੀਵ ਨਿਧਾਨਿਆ, ਮਾਇਆ ਭਰਮੀ ਭਰਮ ਭੁਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਖਿਲਾਏ। ਹਰਿ ਹਰਿ ਮੀਤ ਸਚ ਗੋਬਿੰਦ, ਰੂਪ ਅਨੂਪ ਦਰਸਾਇਆ। ਸਤਿਗੁਰ ਪੂਰਾ ਮੇਟੇ ਸਗਲੀ ਚਿੰਦ, ਹਰਖ ਸੋਗ ਰਹਿਣ ਨਾ ਪਾਇਆ। ਗੁਰ ਗੁਰ ਹੋਏ ਸਦਾ ਬਖ਼ਸ਼ਿੰਦ, ਆਪਣੀ ਬਖ਼ਸ਼ਿਸ਼ ਹੱਥ ਰਖਾਇਆ। ਗੁਰਮੁਖਾਂ ਮੇਲਾ ਗੁਣੀ ਗਹਿੰਦ, ਘਰ ਸਾਚਾ ਸਾਜਨ ਪਾਇਆ। ਮਨਮੁਖ ਲਗਾਏ ਆਪਣੀ ਨਿੰਦ, ਕੂੜੇ ਧੰਦੇ ਮੋਹ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਬੰਧਨ ਪਾਇਆ। ਹਰਿ ਬੰਧਨ ਹਰਿ ਬੰਧਿਆ, ਡੋਰੀ ਨਾਮ ਕਰਤਾਰ। ਸਤਿਗੁਰ ਪੂਰਾ ਵੇਖੇ ਸਾਚਾ ਚੰਦਿਆ, ਨੂਰੋ ਨੂਰ ਹੋਏ ਉਜਿਆਰ। ਗੁਰ ਗੁਰ ਏਕਾ ਸ਼ਬਦ ਗੁਰ ਸਾਚਾ ਮੰਨਿਆ, ਆਦਿ ਅੰਤ ਲਏ ਅਵਤਾਰ। ਗੁਰਮੁਖਾਂ ਕੱਢੇ ਤਨ ਜਨਿਆ, ਦੇਵੇ ਨਾਮ ਅਧਾਰ। ਮਨਮੁਖ ਜਾਏ ਦਰ ਤੋਂ ਭੰਨਿਆ, ਮਾਨਸ ਜਨਮ ਆਈ ਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਖੇਲੇ ਖੇਲ ਅਪਾਰ। ਹਰਿ ਸਾਜਨ ਹਰਿ ਖੇਲਿਆ, ਖੇਲੇ ਖੇਲ ਅਗੰਮ ਅਪਾਰ। ਸਤਿਗੁਰ ਪੂਰੇ ਮੇਲਨ ਮੇਲਿਆ, ਹੱਡ ਮਾਸ ਨਾੜੀ ਨਾ ਚੰਮ। ਗੁਰ ਗੁਰ ਪਾਇਆ ਸੱਜਣ ਸੁਹੇਲਿਆ, ਪਵਣ ਸਵਾਮੀ ਲਏ ਨਾ ਦਮ। ਗੁਰਮੁਖ ਮੇਲਾ ਇਕ ਇਕੇਲਿਆ, ਆਪ ਸਵਾਰੇ ਆਪਣਾ ਕੰਮ। ਮਨਮੁਖਾਂ ਦਿਸੇ ਵਕ਼ਤ ਦੁਹੇਲਿਆ, ਨੇਤਰ ਨੀਰ ਵਹਾਇਨ ਛੰਮ ਛੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਭਿੰਨ ਭਿੰਨ। ਖੇਲੇ ਖੇਲ ਹਰਿ ਭਗਵਾਨਾ, ਜੁਗ ਜੁਗ ਖੇਲ ਖਿਲਾਇੰਦਾ। ਜੋਤੀ ਜੋਤ ਜਗੇ ਮਹਾਨਾ, ਨਿਰਗੁਣ ਰੂਪ ਡਗਮਗਾਇੰਦਾ। ਆਪ ਆਪਣਾ ਕਰ ਪਛਾਨਾ, ਆਪ ਆਪਣਾ ਵੇਖ ਵਖਾਇੰਦਾ। ਆਪ ਆਪਣਾ ਕਰ ਪਰਧਾਨਾ, ਆਪ ਆਪਣਾ ਹੁਕਮ ਚਲਾਇੰਦਾ। ਆਪ ਆਪਣਾ ਬਣ ਨਿਸ਼ਾਨਾ, ਆਪ ਆਪਣਾ ਆਪ ਝੁਲਾਇੰਦਾ। ਆਪ ਆਪਣਾ ਦੇਵੇ ਧੁਰ ਫ਼ਰਮਾਣਾ, ਆਪ ਆਪਣਾ ਰਾਜ ਕਮਾਇੰਦਾ। ਆਪੇ ਆਪਣਾ ਵੇਖੇ ਤਖ਼ਤ ਸ਼ਾਹ ਸੁਲਤਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਭਗਵੰਤ, ਆਪਣਾ ਆਪ ਉਪਾਇਆ। ਭੇਵ ਨਾ ਜਾਣੇ ਕੋਈ ਸੰਤ, ਦਿਸ ਕਿਸੇ ਨਾ ਆਇਆ। ਕਲਜੁਗ ਮਾਇਆ ਪਾਏ ਬੇਅੰਤ, ਚਾਰੋਂ ਕੁੰਟ ਅੰਧੇਰਾ ਛਾਇਆ। ਮਾਇਆ ਭਰਮੇ ਜੀਵ ਜੰਤ, ਹਉਮੇ ਹੰਗਤਾ ਰੋਗ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਸ੍ਰਿਸ਼ਟ ਸਬਾਇਆ। ਨਿਰਗੁਣ ਖੇਲ ਖੇਲਣਹਾਰਾ, ਆਦਿ ਪੁਰਖ ਅਖਵਾਇਆ। ਆਦਿ ਨਿਰੰਜਣ ਪਾਵੇ ਸਾਰਾ, ਭੇਵ ਕੋਈ ਨਾ ਰਾਇਆ। ਅਗੰਮ ਅਗੰਮੜਾ ਕਰੇ ਕਾਰਾ, ਅਗੰਮੜਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਨੂਰ ਕਰੇ ਰੁਸ਼ਨਾਇਆ। ਜੋਤੀ ਨੂਰ ਹਰਿ ਦਾਤਾਰ, ਆਪਣਾ ਆਪ ਕਰਾਈਆ। ਆਪੇ ਬੈਠ ਸੱਚੇ ਦਰਬਾਰ, ਸਾਚਾ ਮਤਾ ਪਕਾਈਆ। ਕਲਜੁਗ ਵੇਖੇ ਅੰਤਮ ਵਾਰ, ਲੱਖ ਚੁਰਾਸੀ ਦਏ ਦੁਹਾਈਆ। ਸਾਧ ਸੰਤ ਨਾਰ ਹੋਈ ਵਿਭਚਾਰ, ਹਰਿ ਹਰਿ ਕੰਤ ਨਾ ਕੋਈ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਆਵੇ ਕਰ ਕਰ ਧਾਈਆ। ਲੋਕਮਾਤ ਹਰਿ ਉਠ ਉਠ ਧਾਇਆ, ਘਰ ਸਾਚੇ ਵੱਜੀ ਵਧਾਈਆ। ਅਗੰਮ ਅਗੰਮੜਾ ਅਲੱਖ ਅਲੱਖਣਾ ਆਪਣਾ ਲੇਖਾ ਵੇਖ ਵਖਾਇਆ, ਦੂਸਰ ਜਾਣੇ ਕੋਈ ਨਾ ਰਾਈਆ। ਸਚਖੰਡ ਦਵਾਰਾ ਫੋਲ ਫੋਲਾਇਆ, ਸਾਧ ਸੰਤ ਕੋਈ ਨਜ਼ਰ ਨਾ ਆਈਆ। ਆਪਣਾ ਰਾਹ ਆਪ ਤਕਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬ੍ਰਹਮ ਬਾਂਹੋਂ ਫੜ ਹਿਲਾਇਆ, ਅੱਠੇ ਨੇਤਰ ਦਏ ਖੁਲ੍ਹਾਈਆ। ਕਲਜੁਗ ਅੰਤਮ ਵੇਲਾ ਆਇਆ, ਹਰਿ ਵੇਖੇ ਕਾਲੀ ਸ਼ਾਹੀਆ। ਸ਼ਿਵ ਸ਼ੰਕਰ ਨੇਤਰ ਇਕ ਖੁਲ੍ਹਾਇਆ, ਲੋਆਂ ਪੁਰੀਆਂ ਫੇਰਾ ਪਾਈਆ। ਬਾਸ਼ਕ ਤਸ਼ਕਾ ਜਿਸ ਲਟਕਾਇਆ, ਦੇਵੇ ਗਲੋਂ ਲਾਹੀਆ। ਬਾਰ ਅੰਕਾ ਖੇਲ ਖਿਲਾਇਆ, ਜੁਗ ਜੁਗ ਵੱਡੀ ਵਡਿਆਈਆ। ਆਦਿ ਜੁਗਾਦੀ ਨਾਮ ਧਰਾਇਆ, ਆਦਿ ਨਿਰੰਜਣ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੂਪ ਦਰਸਾਈਆ। ਵਿਸ਼ਨੂੰ ਰੂਪ ਵਿਸ਼ਨ ਅਕਾਰਾ, ਆਪਣਾ ਆਪ ਕਰਾਇਆ। ਆਪਣਾ ਦਏ ਆਪ ਹੁਲਾਰਾ, ਆਪੇ ਰਿਹਾ ਜਗਾਇਆ। ਆਪਣੀ ਪਾਵੇ ਆਪੇ ਸਾਰਾ, ਆਪਣਾ ਦਰ ਸੁਹਾਇਆ। ਆਪਣੀ ਲਾਏ ਆਪੇ ਕਾਰਾ, ਕਰਨ ਕਰਾਵਣਹਾਰ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਥਾਉਂ ਥਾਂਇਆ। ਕਰੋੜ ਤੇਤੀਸਾ ਲਏ ਉਠਾ, ਸੁਰਪਤ ਇੰਦ ਸੰਗ ਰਲਾਇਆ। ਏਕਾ ਅੱਖਰ ਦਏ ਪੜ੍ਹਾ, ਭੁੱਲ ਰਹੇ ਨਾ ਰਾਇਆ। ਏਕਾ ਡੰਡਾ ਦੇਵੇ ਲਾ, ਧਰਤ ਧਵਲ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖਣ ਆਇਆ। ਆਪ ਆਪਣਾ ਵੇਖਣਹਾਰਾ, ਲੋਕਮਾਤ ਉਠ ਧਾਇਆ। ਕਲਜੁਗ ਵੇਖੇ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇਆ। ਨਾਉਂ ਧਰਾਏ ਨਰ ਨਿਰੰਕਾਰਾ, ਨਿਰਗੁਣ ਰੂਪ ਅਖਵਾਇਆ। ਸਰਗੁਣ ਮੇਲਾ ਅਪਰ ਅਪਾਰਾ, ਭੇਵ ਅਭੇਦਾ ਭੇਵ ਰਖਾਇਆ। ਖੇਲੇ ਖੇਲ ਵਿਚ ਸੰਸਾਰਾ, ਲੇਖਾ ਲੇਖ ਨਾ ਕੋਈ ਜਣਾਇਆ। ਚਾਰ ਵਰਨ ਹਾਹਾਕਾਰਾ, ਬਰਨੀ ਬਰਨ ਰਹੇ ਕੁਰਲਾਇਆ। ਗੁਰਮੁਖ ਵਿਰਲਾ ਦਿਸੇ ਸੰਤ ਦੁਲਾਰਾ, ਜਿਸ ਹਰਿ ਹਰਿ ਰਸਨਾ ਗਾਇਆ। ਮਨਮੁਖ ਜੀਵ ਰੁਲੇ ਜਗਤ ਪੰਚ ਵਿਕਾਰਾ, ਪੰਚਮ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਵੇਖੇ ਪਾਰ ਕਿਨਾਰਾ, ਵੇਖਣਹਾਰ ਅਕਾਲ ਪੁਰਖ ਅਕਾਲਾ। ਜੁਗ ਜੁਗ ਵੇਖੇ ਜਗਤ ਦਵਾਰਾ, ਦੀਪਕ ਜੋਤੀ ਇਕ ਜਵਾਲਾ। ਲੋਆਂ ਪੁਰੀਆਂ ਗਗਨ ਪਤਾਲਾਂ ਦਿਸੇ ਨਿਆਰਾ, ਖੇਲੇ ਖੇਲ ਹਰਿ ਗੋਪਾਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪੇ ਚਲੇ ਚਾਲ ਨਿਰਾਲਾ। ਚਾਲ ਅਵੱਲੜੀ ਹਰਿ ਨਿਰੰਕਾਰ, ਲੋਕਮਾਤ ਚਲਾਈਆ। ਵੇਦ ਪੁਰਾਨ ਨਾ ਪਾਇਣ ਸਾਰ, ਅੰਜੀਲ ਕੁਰਾਨ ਨਾ ਕੋਈ ਦ੍ਰਿੜਾਈਆ। ਸ਼ਾਸਤਰ ਸਿਮਰਤ ਹੋਏ ਖਵਾਰ, ਲੇਖਾ ਲੇਖ ਨਾ ਕੋਈ ਜਣਾਈਆ। ਖਾਣੀ ਬਾਣੀ ਵਸਿਆ ਬਾਹਰ, ਵਡ ਦਾਤਾ ਬੇਪਰਵਾਹੀਆ। ਆਵਣ ਜਾਣ ਖੇਲ ਮਹਾਨ, ਆਪ ਆਪਣੀ ਰਚਨ ਰਚਾਈਆ। ਸ਼ਬਦ ਨਿਧਾਨੀ ਕਰ ਤਿਆਰ, ਆਪਣੀ ਦਇਆ ਕਮਾਈਆ। ਧੁਰ ਫ਼ਰਮਾਨੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਈਆ। ਆਪਣੀ ਕਰ ਆਪ ਕੁਰਬਾਨੀ, ਹਰਿ ਆਪਣਾ ਭੇਟ ਚੜ੍ਹਾਈਆ। ਗੁਰਮੁਖਾਂ ਵਖਾਏ ਪਦ ਨਿਰਬਾਨੀ, ਮਨਮੁਖਾਂ ਦਿਸ ਨਾ ਆਈਆ। ਹਰ ਘਟ ਅੰਦਰ ਜਾਣ ਜਾਣੀ, ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਮੇਟੇ ਕੂੜੀ ਸ਼ਾਹੀਆ। ਕੂੜੀ ਸ਼ਾਹੀ ਕੂੜ ਪਸਾਰਾ, ਕੂੜੋ ਕੂੜ ਕਮਾਇੰਦਾ। ਕੂੜ ਰਾਜ ਕੂੜ ਸਿਕਦਾਰਾ, ਕੂੜਾ ਕਰਮ ਕਮਾਇੰਦਾ। ਕੂੜਾ ਘਰ ਕੂੜ ਦਰਬਾਰਾ, ਕੂੜਾ ਹੁਕਮ ਸੁਣਾਇੰਦਾ। ਕੂੜੋ ਕੂੜ ਕਰ ਪਸਾਰਾ, ਕੂੜੀ ਕਿਰਿਆ ਵਿਚ ਟਿਕਾਇੰਦਾ। ਪੁਰਖ ਅਬਿਨਾਸ਼ੀ ਪਾਵੇ ਸਾਰਾ, ਉਚ ਅਗੰਮਾ ਵੇਖ ਵਖਾਇੰਦਾ। ਲੋਕਮਾਤ ਲੈ ਅਵਤਾਰਾ, ਲੱਖ ਚੁਰਾਸੀ ਧਾਰ ਬੰਧਾਇੰਦਾ। ਨਿਹਕਲੰਕ ਨਰਾਇਣ ਨਰ ਜੋਤੀ ਨੂਰ ਕਰ ਉਜਿਆਰਾ, ਸ਼ਬਦੀ ਡੰਕ ਵਜਾਇੰਦਾ। ਆਪੇ ਜਾਣੇ ਆਰ ਪਾਰ ਕਿਨਾਰਾ, ਮੰਝਧਾਰ ਆਪ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰ ਚੇਲੇ ਵੇਖ ਵਖਾਇੰਦਾ। ਗੁਰ ਚੇਲਾ ਜਗ ਜਾਣਿਆ, ਹਰਿ ਸਾਚੇ ਮੂਲ ਪਛਾਨ। ਚਲੇ ਚਲਾਏ ਆਪਣੇ ਭਾਣਿਆ, ਦੇਵੇ ਨਾਮ ਨਿਧਾਨ। ਇਕ ਸੁਣਾਏ ਸਾਚਾ ਗਾਣਿਆ, ਧੁਨ ਅਨਾਦੀ ਧੁਰ ਫ਼ਰਮਾਣ। ਦਰ ਦਵਾਰੇ ਦੇਵੇ ਮਾਣਿਆ, ਨਿਮਾਣਿਆਂ ਦੇਵੇ ਮਾਣ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਨ ਹਰਿ ਕਰੇ ਪਰਵਾਨ। ਹਰਿਸੰਗਤ ਹਰਿ ਮੇਲਿਆ, ਹਰਿਜਨ ਰੂਪ ਕਰਤਾਰ। ਪੂਰ ਕਰਾਏ ਲੇਖਾ ਗੁਰ ਗੁਰ ਚੇਲਿਆ, ਚੇਲਾ ਗੁਰ ਇਕ ਦਵਾਰ। ਹਰਿ ਹੋਏ ਸੱਜਣ ਸੁਹੇਲਿਆ, ਦਰ ਠਾਂਡੇ ਦਰਬਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਮੇਲੇ ਵਿਚ ਸੰਸਾਰ। ਹਰਿਸੰਗਤ ਹਰਿ ਵੇਖਿਆ, ਨੇਤਰ ਲੋਚਨ ਖੋਲ੍ਹ। ਹਰਿਸੰਗਤ ਹਰਿ ਪੇਖਿਆ, ਆਪ ਆਪਣਾ ਵੇਖਿਆ ਕੌਲ। ਹਰਿਸੰਗਤ ਲਿਖੇ ਲੇਖਿਆ, ਆਦਿ ਅੰਤ ਨਾ ਜਾਏ ਡੋਲ। ਹਰਿਸੰਗਤ ਹਰਿ ਲਾਏ ਮੇਖਿਆ, ਜੜ੍ਹ ਲਗਾਏ ਉਪਰ ਧੌਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਜੋਤੀ ਜਾਏ ਮੌਲ। ਹਰਿਸੰਗਤ ਹਰਿ ਪਾਇਆ, ਸਾਗਰ ਗਹਿਰ ਗੰਭੀਰ। ਹਰਿਸੰਗਤ ਹਰਿ ਗਾਇਆ, ਠਾਂਡਾ ਤਨ ਸਰੀਰ। ਹਰਿਸੰਗਤ ਦਰ ਸੁਹਾਇਆ, ਕੱਢੇ ਹਉਮੇ ਪੀੜ। ਹਰਿਸੰਗਤ ਦਰ ਮਨਾਇਆ, ਸ਼ਾਹ ਸੁਲਤਾਨਾ ਪੀਰਨ ਪੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚੀ ਧੀਰ। ਹਰਿਸੰਗਤ ਧੀਰਜ ਜਤ, ਏਕਾ ਏਕ ਅਖਵਾਇਆ। ਹਰਿਸੰਗਤ ਦੇਵਣਹਾਰਾ ਮਤ, ਏਕਾ ਬੂਝ ਬੁਝਾਇਆ। ਹਰਿਸੰਗਤ ਵੇਖੇ ਏਕਾ ਤੱਤ, ਏਕਾ ਧਾਰ ਚਲਾਇਆ। ਹਰਿਸੰਗਤ ਲੇਖੇ ਲਾਏ ਰੱਤ, ਦਸ ਪੰਜ ਮੇਲ ਮਿਲਾਇਆ। ਪੰਜ ਦਸ ਬੀਜੇ ਵਤ, ਆਪ ਆਪਣਾ ਹਲ ਚਲਾਇਆ। ਵੇਖੇ ਫਲ ਫੁਲਵਾੜੀ ਪੱਤ, ਡਾਲ੍ਹੀ ਡਾਲ੍ਹੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਲਏ ਤਰਾਇਆ। ਹਰਿਸੰਗਤ ਹਰਿ ਤਾਰਨਾ, ਤਰਨ ਤਾਰਨ ਸਮਰਥ। ਏਕਾ ਬਖ਼ਸ਼ੇ ਚਰਨ ਪਿਆਰਨਾ, ਸਦਾ ਰੱਖੇ ਦੇ ਕਰ ਹੱਥ। ਮੂਰਖ ਮੁਗਧ ਪਾਰ ਉਤਾਰਨਾ, ਜਿਸ ਜਨ ਜਣਾਏ ਆਪਣੀ ਗਾਥ। ਘਰ ਸਾਚਾ ਇਕ ਸਵਾਰਨਾ, ਲਹਿਣਾ ਚੁੱਕੇ ਸਾਢੇ ਤਿੰਨ ਤਿੰਨ ਹੱਥ। ਕਰ ਕਿਰਪਾ ਪਾਰ ਉਤਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਾਚੀ ਵੱਥ। ਸਾਚੀ ਵੱਥ ਸਾਚੀ ਵੱਖਰ, ਨਾਮ ਗਿਆਨ ਦ੍ਰਿੜਾਈਆ। ਬਜਰ ਕਪਾਟੀ ਪਾੜੇ ਪੱਥਰ, ਏਕਾ ਚੋਟ ਲਗਾਈਆ। ਪੰਚ ਵਿਕਾਰਾ ਕਰੇ ਸੱਥਰ, ਪੰਚਾਂ ਮੋਹ ਵਧਾਈਆ। ਗੁਰਮੁਖ ਨੇਤਰ ਨੀਰ ਨਾ ਵਿਰੋਲੇ ਅੱਥਰ, ਰੋਗ ਸੋਗ ਨਾ ਕੋਈ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮਤ ਰਿਹਾ ਸਮਝਾਈਆ। ਨਾ ਕੋਈ ਹਰਖ ਨਾ ਕੋਈ ਸੋਗ, ਹਰਿਸੰਗਤ ਵਿਚ ਵਿਆਪਿਆ। ਏਕਾ ਮਾਂਗੇ ਦਰਸ ਅਮੋਘ, ਹਰਿ ਰਸਨਾ ਜਿਹਵਾ ਜਾਪਿਆ। ਸ਼ਬਦ ਚੁਗੇ ਸਾਚੀ ਚੋਗ, ਆਪ ਆਪਣਾ ਥਾਪਨ ਥਾਪਿਆ। ਨਾਤਾ ਤੋੜੇ ਤੀਨੋ ਲੋਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਕਰੇ ਵਡ ਪਰਤਾਪਿਆ। ਹਰਿਸੰਗਤ ਹਰਿ ਤੇਰਾ ਮੂਲ, ਕਲਜੁਗ ਅੰਤਮ ਚੁਕਾਵਣਾ। ਮਾਤਲੋਕ ਨਾ ਜਾਣਾ ਭੂਲ, ਲਿਖਿਆ ਲੇਖ ਨਾ ਕਿਸੇ ਮਿਟਾਵਣਾ। ਸੰਮਤ ਪੰਦਰਾਂ ਸਾਵਨ ਸੁਰਤੀ ਕਰੇ ਸੂਲੀਉਂ ਸੂਲ, ਏਕਾ ਇਕੀ ਪਾਵਣਾ। ਏਕਾ ਇਕੀ ਪਾਵਾ ਚੂਲ, ਸ਼ਬਦ ਸਿੰਘਾਸਣ ਆਪ ਟਿਕਾਵਣਾ। ਉਪਰ ਬੈਠ ਕੰਤ ਕੰਤੂਹਲ, ਸਾਚੀ ਸਖੀਆਂ ਮੇਲ ਮਿਲਾਵਣਾ। ਸਾਚੀ ਸਖੀਆਂ ਬਰਖਨ ਫੂਲ, ਨੇਤਰ ਨੀਰ ਮਾਣਕ ਮੋਤੀ ਆਪ ਵਖਾਵਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਤੇਰਾ ਮੂਲ, ਚੁਕਾਵਣਾ। ਹਰਿਸੰਗਤ ਤੇਰਾ ਸਚ ਪਿਆਰਾ, ਹਰਿ ਸਾਚਾ ਆਪ ਨਿਭਾਇੰਦਾ। ਏਕਾ ਇਕੀ ਕਰ ਤਿਆਰਾ, ਸਾਚੀ ਸਿਖੀ ਨਾਉਂ ਧਰਾਇੰਦਾ। ਧਾਰੋਂ ਤਿਖੀ ਵਿਚ ਸੰਸਾਰਾ, ਨਿੱਕੀ ਨਿੱਕੀ ਦਿਸ ਨਾ ਪਾਇੰਦਾ। ਲੇਖ ਲਿਖੀ ਧੁਰ ਦਰਬਾਰਾ, ਨਾ ਕੋਈ ਮੇਟ ਮਿਟਾਇੰਦਾ। ਨੇਤਰ ਪੇਖੀ ਹਰਿ ਗਿਰਧਾਰਾ, ਆਪ ਆਪਣਾ ਰੰਗ ਰੰਗਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰਾ, ਜਲ ਧਾਰਾ ਨਾ ਕੋਈ ਰੁੜ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵਣਹਾਰਾ ਵਰ, ਏਕਾ ਬੇੜੇ ਪਾਰ ਕਰਾਇੰਦਾ। ਏਕਾ ਬੇੜਾ ਕਰ ਤਿਆਰ, ਹਰਿਸੰਗਤ ਲਏ ਚੜ੍ਹਾਈਆ। ਜਗਤ ਖੇੜਾ ਕਰ ਖ਼ਵਾਰ, ਉਚੇ ਮੰਦਰ ਦੇਵੇ ਢਾਹੀਆ। ਕਰੇ ਨਿਬੇੜਾ ਸਿਰਜਣਹਾਰ, ਦੋ ਜਹਾਨਾਂ ਬਣ ਮਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਦੇਵੇ ਸਚ ਸਲਾਹੀਆ। ਸਚ ਸਲਾਹੀ ਦੇਵਣਹਾਰਾ, ਆਪਣਾ ਕਰਮ ਕਮਾਇੰਦਾ। ਵੇਖੇ ਵਿਗਸੇ ਕਰੇ ਵਿਚਾਰਾ, ਭੁੱਲ ਵਿਚ ਕਦੇ ਨਾ ਆਇੰਦਾ। ਭਾਣਾ ਵਰਤੇ ਅਪਰ ਅਪਾਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਸਤਿਜੁਗ ਬੇੜਾ ਕਰ ਤਿਆਰਾ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਆਪੇ ਲਾਏ ਪਾਰ ਕਿਨਾਰਾ, ਏਕਾ ਚੱਪੂ ਵਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਇੰਦਾ। ਹਰਿਸੰਗਤ ਵੇਖਣਹਾਰ ਦਿਆਲਾ, ਏਕਾ ਏਕ ਅਖਵਾਇਆ। ਆਦਿ ਜੁਗਾਦਿ ਸਦਾ ਰਖਵਾਲਾ, ਸਚ ਸਚ ਸੇਵ ਕਮਾਇਆ। ਨਾਮ ਪਾਏ ਗਲ ਸਾਚੀ ਮਾਲਾ, ਅਜੱਪਾ ਜਾਪ ਜਪਾਇਆ। ਧੁਨ ਅਨਾਦੀ ਵੱਜੇ ਤਾਲਾ, ਤਾਲ ਤਲਵਾੜਾ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖੇ ਸਾਚਾ ਦਰ, ਦਰ ਸਾਚਾ ਹਰਿ ਸੁਹਾਇਆ। ਪਾਰਬ੍ਰਹਮ ਗੁਰ ਅਵਤਾਰਾ, ਹਰਿ ਹਰਿ ਆਪ ਅਖਵਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਅਗੰਮ ਅਗੰਮੜੀ ਕਾਰ ਕਮਾਇੰਦਾ। ਅਲੱਖ ਨਿਰੰਜਣ ਜੋਤ ਉਜਿਆਰਾ, ਜੋਤੀ ਨੂਰ ਦਰਸਾਇੰਦਾ। ਜੋਤ ਨਿਰੰਜਣ ਕਰ ਪਸਾਰਾ, ਹਰ ਘਟ ਆਪ ਜਗਾਇੰਦਾ। ਏਕੰਕਾਰਾ ਬੰਨੇ ਧਾਰਾ, ਅਕਲ ਕਲਾ ਅਖਵਾਇੰਦਾ। ਆਦਿ ਪੁਰਖ ਹਰਿ ਕਰਤਾਰਾ, ਕਰਨੀ ਕਰਤਾ ਨਾਉਂ ਧਰਾਇੰਦਾ। ਆਦਿ ਜੁਗਾਦੀ ਖੇਲ ਨਿਆਰਾ, ਆਪੇ ਖੇਲ ਖਿਲਾਇੰਦਾ। ਲੋਆਂ ਪੁਰੀਆਂ ਪਾਵੇ ਸਾਰਾ, ਬ੍ਰਹਿਮੰਡ ਖੰਡ ਰਹਾਇੰਦਾ। ਉਤਭੁਜ ਸੇਤਜ ਜੇਰਜ ਅੰਡ ਕਰ ਅਧਾਰਾ, ਨਿਰਗੁਣ ਸਰਗੁਣ ਮੇਲ ਮਿਲਾਇੰਦਾ। ਆਪੇ ਵਸੇ ਸਭ ਤੋਂ ਬਾਹਰਾ, ਹਰ ਘਟ ਆਪ ਟਿਕਾਇੰਦਾ। ਪੰਜ ਤਤ ਕਰ ਪਿਆਰਾ, ਤ੍ਰੈਗੁਣ ਮੇਲ ਮਿਲਾਇੰਦਾ। ਮਨ ਮਤ ਬੁੱਧ ਬੰਨੇ ਧਾਰਾ, ਨੌਂ ਦਰ ਸੁਹਾਇੰਦਾ। ਅੰਗ ਸੰਗ ਹਰਿ ਕਰਤਾਰਾ, ਨਿਝ ਘਰ ਆਸਣ ਲਾਇੰਦਾ। ਮੰਦਰ ਅੰਦਰ ਉਚ ਮੁਨਾਰਾ, ਸਾਢੇ ਤਿੰਨ ਹੱਥ ਬਣਤ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਕਾਇਆ ਮੰਦਰ ਸਚ ਦਵਾਰ, ਹਰਿ ਸਾਚਾ ਆਪ ਸੁਹਾਇੰਦਾ। ਅੰਦਰ ਬੈਠ ਸੱਚੀ ਸਰਕਾਰ, ਸਾਚਾ ਤਖ਼ਤ ਸੁਹਾਇੰਦਾ। ਨਿਰਗੁਣ ਜੋਤੀ ਕਰ ਉਜਿਆਰ, ਨੂਰੋ ਨੂਰ ਉਪਾਇੰਦਾ। ਅੱਠੇ ਪਹਿਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇੰਦਾ। ਆਪੇ ਵੇਖੇ ਖੋਲ੍ਹ ਬੰਦ ਕਿਵਾੜ, ਆਪੇ ਮੁਖ ਭਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਦਰਸਾਇੰਦਾ। ਪੰਜ ਤਤ ਕਰ ਪਿਆਰਾ, ਜੋਤੀ ਜੋਤ ਧਰਾਇਆ। ਸ਼ਬਦ ਧੁਨ ਅਨਾਦ ਅਨਾਦੀ ਧਾਰਾ, ਆਪੇ ਰਿਹਾ ਸੁਣਾਇਆ। ਜੀਉ ਪਿੰਡ ਖੋਜ ਨਿਰੰਕਾਰਾ, ਆਪਣਾ ਵੇਖ ਵਖਾਇਆ। ਵਸੇ ਘਰ ਸਚ ਦਵਾਰਾ, ਦਰ ਦਰਵਾਜਾ ਦਿਸ ਨਾ ਆਇਆ। ਭਰੇ ਨਾਮ ਸੱਚਾ ਭੰਡਾਰਾ, ਸ਼ਬਦ ਭੰਡਾਰੀ ਆਪ ਹੋ ਆਇਆ। ਵਰਤੇ ਵਰਤਾਵੇ ਵਿਚ ਸੰਸਾਰਾ, ਅਤੋਟ ਅਤੁਟ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਦਏ ਸੁਹਾਇਆ। ਕਾਇਆ ਮੰਦਰ ਸਾਚਾ ਗੜ੍ਹ, ਹਰਿ ਜੋਤ ਕਰੇ ਰੁਸ਼ਨਾਈਆ। ਆਪੇ ਵੇਖੇ ਉਪਰ ਚੜ੍ਹ, ਵਡ ਦਾਤਾ ਬੇਪਰਵਾਹੀਆ। ਕਰੇ ਪਰਕਾਸ਼ ਬਹੱਤਰ ਨੜ, ਅੱਠੇ ਪਹਿਰ ਡਗਮਗਾਈਆ। ਨਾ ਕੋਈ ਸੀਸ ਨਾ ਕੋਈ ਧੜ, ਗੁਰ ਸ਼ਬਦ ਵੱਡੀ ਵਡਿਆਈਆ। ਪੰਜਾਂ ਚੋਰਾਂ ਨਾਲ ਰਿਹਾ ਲੜ, ਆਪ ਆਪਣੀ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਭਗਤਨ ਮੇਲ ਮਿਲਾਈਆ। ਹਰਿ ਭਗਤ ਹਰਿ ਭਗਵਾਨਨਾ, ਹਰਿ ਹਰਿ ਰੂਪ ਸਮਾਇਆ। ਸਤਿਗੁਰ ਕਰੇ ਪਛਾਨਨਾ, ਅਕਾਲ ਮੂਰਤ ਵੇਖ ਵਖਾਇਆ। ਆਦਿ ਸ਼ਕਤ ਦੇਵੇ ਚਾਨਨਾ, ਅੰਧ ਅੰਧੇਰ ਗਵਾਇਆ। ਗੁਰ ਕਾ ਸ਼ਬਦ ਹਰਿ ਹਰਿ ਗਿਆਨਨਾ, ਗੁਰਮੁਖ ਵਿਰਲੇ ਪਾਇਆ। ਜੋਤੀ ਨੂਰ ਤੇਜ਼ ਕੋਟਨ ਭਾਨਨਾ, ਰਵ ਸਸ ਰਹੇ ਸ਼ਰਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਹਰਿ ਸਾਚੇ ਲਏ ਉਠਾਇਆ। ਪਾਰਬ੍ਰਹਮ ਪੁਰਖ ਅਬਿਨਾਸ਼ਾ ਸ਼ਾਹ ਸੁਲਤਾਨ, ਘਟ ਘਟ ਅੰਦਰ ਰੱਖੇ ਵਾਸਾ। ਨਾ ਦੀਸੇ ਕੋਈ ਨਿਸ਼ਾਨ, ਸਾਚੇ ਮੰਡਲ ਪਾਵੇ ਰਾਸਾ। ਆਪੇ ਗੋਪੀ ਆਪੇ ਕਾਹਨ, ਸੀਤਾ ਸੁਰਤੀ ਨਾ ਹੋਏ ਉਦਾਸਾ। ਮੇਲ ਮਿਲੇ ਰਮਈਆ ਰਾਮ, ਨਿਝ ਘਰ ਆਤਮ ਰੱਖੇ ਵਾਸਾ। ਲੇਖੇ ਲਾਏ ਕਾਇਆ ਮਾਟੀ ਚਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਨਾਮ। ਸਾਚਾ ਨਾਮ ਧੁਰਦਰਗਾਹੀ ਰੰਗ, ਹਰਿ ਸਾਚਾ ਆਪ ਰੰਗਾਇੰਦਾ। ਜੋ ਜਨ ਆਤਮ ਮੰਗੇ ਮੰਗ, ਪੂਰਨ ਇਛਿਆ ਆਪ ਕਰਾਇੰਦਾ। ਮਾਨਸ ਜਨਮ ਨਾ ਹੋਏ ਭੰਗ, ਲੱਖ ਚੁਰਾਸੀ ਫੰਦ ਕਟਾਇੰਦਾ। ਰਸਨਾ ਗਾਏ ਬੱਤੀ ਦੰਦ, ਦੁਰਮਤ ਮੈਲ ਧਵਾਇੰਦਾ। ਆਤਮ ਉਪਜਾਏ ਪਰਮਾਨੰਦ, ਪਰਮ ਪੁਰਖ ਅਖਵਾਇੰਦਾ। ਜੋ ਜਨ ਤਜਾਏ ਮਦਿਰਾ ਮਾਸ ਗੰਦ, ਹਰਿ ਸਾਚਾ ਦਰਸ ਦਿਖਾਇੰਦਾ। ਸੋਹੰ ਸ਼ਬਦ ਸੁਹਾਗੀ ਛੰਦ, ਜਨ ਭਗਤਾਂ ਝੋਲੀ ਪਾਇੰਦਾ। ਬਜਰ ਕਪਾਟੀ ਤੋੜੇ ਜੰਦ, ਆਪ ਆਪਣੀ ਦਇਆ ਕਮਾਇੰਦਾ। ਦੂਈ ਦਵੈਤੀ ਢਾਹੇ ਕੰਧ, ਵਰਨ ਬਰਨ ਨਾ ਕੋਈ ਰਖਾਇੰਦਾ। ਦਾਤਾ ਦਾਨੀ ਸਦਾ ਬਖ਼ਸ਼ੰਦ, ਬਖ਼ਸ਼ਣਹਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਕਰਮ ਕਮਾਇੰਦਾ। ਹਰਿ ਨਾਮ ਹਰਿ ਰੰਗ ਰਾਤਾ, ਹਰਿ ਹਰਿ ਕਰੇ ਜਣਾਈਆ। ਹਰਿ ਕਾ ਸ਼ਬਦ ਪਿਤਾ ਮਾਤਾ, ਗੁਰ ਗੁਰ ਰੂਪ ਵਟਾਈਆ। ਗੁਰਮੁਖ ਹੋਏ ਉਤਮ ਜਾਤਾ, ਜਿਸ ਜਨ ਬੂਝ ਬੁਝਾਈਆ। ਚਰਨ ਕਵਲ ਬੰਧਾਏ ਸਾਚਾ ਨਾਤਾ, ਸਾਵਲ ਸੁੱਤਾ ਆਪ ਅਖਵਾਈਆ। ਦਰਸ ਦਿਖਾਏ ਇਕ ਅਕਾਂਤਾ, ਆਪ ਆਪਣਾ ਵੇਖ ਵਖਾਈਆ। ਅੰਦਰ ਬਹਿ ਬਹਿ ਮਾਰੇ ਝਾਤਾ, ਲੁਕਿਆ ਬੇਪਰਵਾਹੀਆ। ਆਤਮ ਸੇਜ ਸੁਹਾਈ ਸਾਚੀ ਖਾਟਾ, ਪਾਵਾ ਚੂਲ ਨਾ ਕੋਈ ਰਖਾਈਆ। ਨਾ ਕੋਈ ਤਾਣਾ ਨਾ ਕੋਈ ਪੇਟਾ, ਆਰ ਪਾਰ ਨਾ ਕੋਈ ਜਣਾਈਆ। ਸ਼ਬਦ ਰੰਗੀਲੇ ਪਟ ਲਪੇਟਾ, ਸਚ ਸਿੰਘਾਸਣ ਇਕ ਵਿਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਹਰਿ ਮੰਤਰ ਨਾਮ ਦ੍ਰਿੜਾਈਆ। ਨਾਮ ਮੰਤਰ ਸ਼ਬਦ ਗਿਆਨ, ਗੁਰਮੁਖ ਵਿਰਲੇ ਪਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਚਰਨ ਚਰਨੋਦਕ ਮੁਖ ਛੁਹਾਇਆ। ਅੰਧ ਅੰਧੇਰ ਸਰਬ ਮਿਟ ਜਾਣ, ਭਰਮੀ ਭਰਮ ਗੜ੍ਹ ਤੁੜਾਇਆ। ਧਰਮ ਰਖਾਏ ਇਕ ਨਿਸ਼ਾਨ, ਜਾਤ ਪਾਤ ਨਾ ਕੋਇ ਵਡਿਆਇਆ। ਚਾਰ ਵਰਨਾਂ ਇਕ ਭਗਵਾਨ, ਊਚਾਂ ਨੀਚਾਂ ਵਿਚ ਸਮਾਇਆ। ਜੀਆਂ ਦਾਤਾ ਦੇਵੇ ਦਾਨ, ਦਾਤਾ ਦਾਨੀ ਨਾਮ ਧਰਾਇਆ। ਸੋ ਪੁਰਖ ਨਿਰੰਜਣ ਰਾਗ ਸੁਣਾਏ ਕਾਨ, ਅਨਹਦ ਤਾਲ ਵਜਾਇਆ। ਕਾਇਆ ਮੰਦਰ ਬੈਠ ਮਕਾਨ, ਹਰਿ ਮੰਦਰ ਦਏ ਸੁਹਾਇਆ। ਦੀਪਕ ਜੋਤੀ ਜਗੇ ਮਹਾਨ, ਦਿਵਸ ਰੈਣ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਨਾਮ ਨਿਧਾਨਾ ਝੋਲੀ ਪਾਇਆ। ਨਾਮ ਨਿਧਾਨਾ ਹਰਿਜਨ ਅਤੁਟ, ਏਕਾ ਏਕ ਵਖਾਈਆ। ਜਗਤ ਜਗਿਆਸੂ ਖੋਲ੍ਹੇ ਦ੍ਰਿਸ਼ਟ, ਜੋਗ ਜੁਗਤ ਆਪਣੇ ਹੱਥ ਰਖਾਈਆ। ਭਰਮੇ ਭੁੱਲੀ ਸਰਬ ਸ੍ਰਿਸ਼ਟ, ਹਰਿ ਕਾ ਭੇਵ ਕੋਈ ਨਾ ਪਾਈਆ। ਆਪੇ ਰਾਮਾ ਆਪੇ ਗੁਰ ਵਸ਼ਿਸਟ, ਆਪੇ ਸਿਖਿਆ ਰਿਹਾ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਕਰੇ ਆਪਣੀ ਆਪ ਪੜ੍ਹਾਈਆ। ਹਰਿ ਕਾ ਸ਼ਬਦ ਸ਼ਾਹ ਸੁਲਤਾਨ, ਸ਼ਾਹੋ ਭੂਪ ਅਖਵਾਇਆ। ਖੇਲੇ ਖੇਲ ਦੋ ਜਹਾਨ, ਦਿਸ ਕਿਸੇ ਨਾ ਆਇਆ। ਸਤਿਗੁਰ ਪੂਰਾ ਹੋ ਮਿਹਰਵਾਨ, ਲੋਕਮਾਤ ਉਠ ਉਠ ਧਾਇਆ। ਨਿਰਗੁਣ ਨਿਰਗੁਣ ਕਰ ਪਛਾਣ, ਨਿਰਗੁਣ ਖੇਲ ਕਰੇ ਰਘੁਰਾਇਆ। ਸਰਗੁਣ ਮੇਲਾ ਵਿਚ ਜਹਾਨ, ਆਪ ਆਪਣਾ ਲਏ ਕਰਾਇਆ। ਕਾਇਆ ਮੰਦਰ ਅੰਦਰ ਬੈਠ ਮਕਾਨ, ਦਸਮ ਦਵਾਰੀ ਡੇਰਾ ਲਾਇਆ। ਧੁਨ ਅਨਾਦੀ ਦੇਵੇ ਧੁਰ ਫ਼ਰਮਾਣ, ਅਨਹਦ ਸੇਵਾ ਲਾਇਆ। ਜੋਤ ਨਿਰੰਜਣ ਜਗੇ ਮਹਾਨ, ਅੰਧ ਅੰਧੇਰਾ ਦਏ ਮਿਟਾਇਆ। ਨੇੜ ਨਾ ਆਇਣ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਏਕਾ ਨਾਮ ਦ੍ਰਿੜਾਇਆ। ਨਾਮ ਜਪਤ ਜਗਤ ਸੁਖ ਸਾਗਰ, ਗਹਿਰ ਗੰਭੀਰ ਅਖਵਾਇੰਦਾ। ਭਾਗ ਲਗਾਏ ਕਾਇਆ ਗਾਗਰ, ਨਿਰਮਲ ਨੀਰ ਵਹਾਇੰਦਾ। ਜੋ ਜਨ ਬਣੇ ਸਚ ਸੌਦਾਗਰ, ਹਰਿ ਮਾਣਕ ਝੋਲੀ ਪਾਇੰਦਾ। ਨਿਰਮਲ ਕਰਮ ਹੋਏ ਉਜਾਗਰ, ਲਹਿਣਾ ਦੇਣਾ ਮੂਲ ਚੁਕਾਇੰਦਾ। ਮਿਲੇ ਨਾਮ ਰੱਤੀ ਰਤਨਾਗਰ, ਕਾਇਆ ਚੋਲੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਇੰਦਾ। ਕਾਇਆ ਕੰਚਨ ਨਾਮ ਸੁਹਾਗਾ, ਗੁਰ ਪੂਰੇ ਆਪ ਲਗਾਇਆ। ਦੁਰਮਤ ਮੈਲ ਧੋਵੇ ਦਾਗ਼ਾ, ਹਉਮੇ ਰੋਗ ਜਲਾਇਆ। ਇਕ ਸੁਣਾਏ ਸਾਚਾ ਰਾਗਾ, ਤਾਰ ਸਤਾਰ ਆਪ ਹਿਲਾਇਆ। ਅਗੰਮ ਅਗੰਮੀ ਮਾਰੇ ਵਾਜਾ, ਸ਼ਬਦੀ ਸ਼ਬਦ ਉਠਾਇਆ। ਲੋਕਮਾਤ ਰੱਖੇ ਲਾਜਾ, ਜਿਸ ਜਨ ਆਪਣੇ ਅੰਗ ਲਗਾਇਆ। ਕਰੇ ਕਰਾਏ ਸਾਚਾ ਕਾਜਾ, ਕਰਤੇ ਕਾਰਜ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਨਾਮ ਜਗਤ ਅਨਮੋਲ, ਪੁਰਖ ਅਬਿਨਾਸ਼ੀ ਆਪਣੇ ਕੰਡੇ ਆਪੇ ਤੋਲ, ਮਾਸਾ ਤੋਲਾ ਰੱਤੀ ਨਾ ਕੋਈ ਰਖਾਇਆ। ਨਾ ਕੋਈ ਮਾਸਾ ਨਾ ਕੋਈ ਤੋਲਾ, ਨਾ ਰੱਤੀ ਰੱਤ ਵਖਾਈਆ। ਆਪੇ ਕੰਡੇ ਰਿਹਾ ਚੜ੍ਹਾਈਆ। ਜਨ ਭਗਤ ਦਵਾਰੇ ਹੋਇਆ ਗੋਲਾ, ਦਰ ਦਰਵੇਸ਼ਾ ਫੇਰੀ ਪਾਈਆ। ਸੋਹੰ ਸ਼ਬਦ ਸੁਣਾਏ ਸਾਚਾ ਢੋਲਾ, ਹੰ ਹੰਗਤਾ ਦਏ ਮਿਟਾਈਆ। ਸਾਚੇ ਮੰਦਰ ਸਾਚਾ ਬੋਲਾ, ਸਚ ਜੈਕਾਰਾ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਵਰ ਭਿਛਿਆ ਝੋਲੀ ਪਾਈਆ। ਭਿਛਿਆ ਪਾ ਹਰਿ ਹਰਿ ਨਾਮਾ, ਨਾਮਾ ਵਣਜ ਕਰਾਇਆ। ਕਰੇ ਕਰਾਏ ਪੂਰਨ ਕਾਮਾ, ਜਿਸ ਜਨ ਰਸਨਾ ਗਾਇਆ। ਕੋਈ ਨਾ ਲੱਗੇ ਹਰਿ ਘਰ ਦਾਮਾ, ਨਾ ਕੋਈ ਮੂਲ ਚੁਕਾਇਆ। ਘਟ ਘਟ ਅੰਤਰਜਾਮਾ, ਘਟ ਘਟ ਵੇਖ ਵਖਾਇਆ। ਕਲਜੁਗ ਬਸੰਤਰ ਪੰਜ ਸ਼ੈਤਾਨਾ, ਜੀਵਾਂ ਜੰਤਾਂ ਰਹੇ ਸਤਾਇਆ। ਗੁਰ ਪੂਰਾ ਮਾਰੇ ਤੀਰ ਨਿਸ਼ਾਨਾ, ਸ਼ਬਦ ਚਿੱਲਾ ਇਕ ਉਠਾਇਆ। ਗੁਰਮੁਖਾਂ ਬੰਨੇ ਹੱਥੀਂ ਗਾਨਾ, ਸਾਚਾ ਸਗਨ ਮਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਸਾਚਾ ਵਰ, ਨਾਮ ਮੰਤਰ ਧੁਰ ਫ਼ਰਮਾਣ, ਆਤਮ ਬ੍ਰਹਮ ਪਾਰਬ੍ਰਹਮ ਮਿਲਾਇਆ। ਟੇਕ ਏਕ ਰਘੁਨਾਥ, ਤ੍ਰਿਲੋਕੀ ਨਾਥਿਆ। ਕਰੇ ਬੁਧ ਬਿਬੇਕ, ਸਗਲਾ ਸਾਥਿਆ। ਕਾਇਆ ਤਨ ਨਾ ਲਾਗੇ ਸੇਕ, ਲੇਖਾ ਲਿਖੇ ਮਸਤਕ ਮਾਥਿਆ। ਆਪਣੇ ਲੋਚਨ ਨੈਣਾਂ ਵੇਖ, ਸੋਹੰ ਗੌਣੀ ਸਾਚੀ ਗਾਥਿਆ। ਨਾ ਕੋਈ ਮੁੱਛ ਦਾੜ੍ਹੀ ਨਾ ਕੇਸ, ਜੋਤੀ ਨੂਰ ਪੁਰਖ ਸਮਰਾਥਿਆ। ਮੂੰਡ ਮੁੰਡਾਏ ਨਾ ਕਦੇ ਹਮੇਸ਼, ਸ਼ਬਦ ਸਰੂਪੀ ਚੜ੍ਹਿਆ ਸਾਚੇ ਰਾਥਿਆ। ਜੁਗ ਜੁਗ ਕਰੇ ਆਪਣਾ ਵੇਸ, ਦੋ ਜਹਾਨਾਂ ਫਿਰੇ ਨਾਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵੇ ਪੂਜਾ ਪਾਠਿਆ। ਏਕਾ ਟੇਕ ਸਗਲਾ ਸੰਗ, ਹਰਿ ਚਰਨ ਵੱਡੀ ਵਡਿਆਈਆ। ਕਾਇਆ ਚੋਲੀ ਚੜ੍ਹੇ ਰੰਗ, ਉਤਰ ਕਦੇ ਨਾ ਜਾਈਆ। ਅੰਮ੍ਰਿਤ ਆਤਮ ਨਹੌਣਾ ਸਾਚੀ ਗੰਗ, ਸਾਚੀ ਸੁਰਸਤੀ ਵੇਖ ਵਖਾਈਆ। ਮੰਦਰ ਬੈਠ ਦਰ ਪਲੰਘ, ਸੀਤਲ ਸੇਜਾ ਇਕ ਵਿਛਾਈਆ। ਆਪਣਾ ਦਵਾਰਾ ਆਪੇ ਜਾਏ ਲੰਘ, ਅੱਗੇ ਮਿਲੇ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਮੇਟੇ ਕਾਲੀ ਸ਼ਾਹੀਆ। ਇਕ ਟੇਕ ਚਰਨ ਦਵਾਰ, ਹਰਿਜਨ ਆਪ ਰਖਾਈਆ। ਮੰਗੇ ਮੰਗ ਬਣ ਭਿਖਾਰ, ਅੱਗੇ ਝੋਲੀ ਆਪਣੀ ਡਾਹੀਆ। ਦੇਵੇ ਨਾਮ ਸ਼ਬਦ ਭੰਡਾਰ, ਕਿਰਪਾਨਿਧ ਦਇਆ ਕਮਾਈਆ। ਸੋਲਾਂ ਕਰਾਏ ਤਨ ਸ਼ੰਗਾਰ, ਸੋਲਾਂ ਇਛਿਆ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਿਛਲਾ ਲਿਖਿਆ ਅੱਗੇ ਵੇਖ ਵਖਾਈਆ। ਲੇਖਾ ਲਿਖਣਹਾਰ ਨਿਰੰਜਣ, ਆਦਿ ਪੁਰਖ ਅਖਵਾਇਆ। ਭਗਤ ਸੁਹੇਲਾ ਸਦਾ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਨੇਤਰ ਪਾਏ ਏਕਾ ਅੰਜਨ, ਨਾਮ ਨਾਮਾ ਆਪ ਰਖਾਇਆ। ਸਾਚਾ ਬਣੇ ਹਰਿ ਹਰਿ ਸੱਜਣ, ਸਚ ਸੁਨੇਹੜਾ ਰਿਹਾ ਘਲਾਇਆ। ਸ਼ਬਦ ਨਗਾਰੇ ਭਗਤ ਦਵਾਰੇ ਵੱਜਣ, ਸਾਚਾ ਤਾਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਨੁਹਾਏ ਆਪਣੇ ਮਜਨ, ਤੀਰਥ ਤਟ ਕਿਨਾਰਾ ਇਕ ਵਖਾਇਆ। ਚਰਨ ਟੇਕ ਸਾਚਾ ਟਿੱਕਾ, ਧੁਰ ਦੀਬਾਣ ਰਖਾਈਆ। ਰਸਨਾ ਰਸ ਤਜੌਣਾ ਫਿਕਾ, ਆਤਮ ਰਸ ਵਖਾਈਆ। ਨਾ ਕੋਈ ਵੱਡਾ ਵੱਡਾ ਨਿੱਕਾ, ਨਾਮ ਨਾਮਾ ਤੋਲ ਤੁਲਾਈਆ। ਤੋਲਾ ਬਣਿਆ ਜੀ ਜੀ ਕਾ, ਜੀਵਣ ਦਾਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੱਚਾ ਦੇਵੇ ਨਾਮ ਵਰ, ਸੱਚੀ ਸਿਖਿਆ ਇਕ ਸਿਖਾਈਆ।