Granth 08 Likhat 080: 24 Chet 2016 Bikarmi Surain Singh de Ghar Jandiala Guru

੨੪ ਚੇਤ ੨੦੧੬ ਬਿਕ੍ਰਮੀ ਸੁਰੈਣ ਸਿੰਘ ਦੇ ਘਰ ਜੰਡਿਆਲਾ ਗੁਰੂ

ਹਰਿ ਹਰਿ ਵਡਿਆਈ ਧੰਨ, ਸਤਿਗੁਰ ਨਾਉਂ ਧਰਾਇਆ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਸ਼ਬਦ ਅਲਾਇਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਲਏ ਜਗਾਇਆ। ਗੁਰਮੁਖ ਵਡਿਆਈ ਧੰਨ, ਗੁਰਸਿਖ ਲਏ ਮਿਲਾਇਆ। ਗੁਰਸਿਖ ਵਡਿਆਈ ਧੰਨ, ਜੋ ਹਰਿ ਭਾਣੇ ਵਿਚ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਨੂਰ ਸਮਾਇਆ। ਹਰਿ ਵਡਿਆਈ ਧੰਨ, ਸਤਿ ਪੁਰਖ ਅਖਵਾਇੰਦਾ। ਸਤਿ ਪੁਰਖ ਵਡਿਆਈ ਧੰਨ, ਗੁਰ ਗੁਰ ਡੇਰਾ ਲਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਮੰਤਰ ਨਾਮ ਦ੍ਰਿੜਾਇੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਸੰਗ ਨਿਭਾਇੰਦਾ। ਗੁਰਸਿਖ ਵਡਿਆਈ ਧੰਨ, ਭਾਂਡਾ ਭਰਮ ਭੰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤੀ ਨੂਰ ਨੂਰ ਰਖਾਇੰਦਾ। ਹਰਿ ਵਡਿਆਈ ਧੰਨ, ਸਤਿਗੁਰ ਇਸ਼ਟ ਦੇਵ ਅਖਵਾਈਆ। ਸਤਿਗੁਰ ਵਡਿਆਈ ਧੰਨ, ਗੁਰ ਏਕਾ ਏਕ ਬੁਝਾਈਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਜੋਤ ਨਿਰੰਜਣ ਆਪ ਜਗਾਈਆ। ਗੁਰਮੁਖ ਵਡਿਆਈ ਧੰਨ, ਗੁਰਸਿਖ ਸੱਜਣ ਸਾਚਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ। ਹਰਿ ਵਡਿਆਈ ਧੰਨ, ਸਤਿਗੁਰ ਪੂਰਾ ਅਖਵਾਇੰਦਾ। ਸਤਿਗੁਰ ਵਡਿਆਈ ਧੰਨ, ਹਾਜ਼ਰ ਹਜ਼ੂਰਾ ਗੁਰ ਉਪਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖਾਂ ਰਾਗ ਸੁਣਾਇੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਘਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਹਰਿ ਵਡਿਆਈ ਧੰਨ, ਸਤਿਗੁਰ ਚੰਨ ਚੜ੍ਹਾਇਆ। ਸਤਿਗੁਰ ਵਡਿਆਈ ਧੰਨ, ਗੁਰ ਜੋਤ ਨੂਰ ਰੁਸ਼ਨਾਇਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਸ਼ਬਦ ਉਪਾਇਆ। ਗੁਰਮੁਖ ਵਡਿਆਈ ਧੰਨ, ਗੁਰਸਿਖਾਂ ਆਪ ਦਰਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰੰਗਣ ਰੰਗ ਰੰਗਾਇਆ। ਸਤਿਗੁਰ ਧੰਨ ਵਡਿਆਈ, ਹਰਿ ਸੱਜਣ ਸਚ ਅਖਵਾਇੰਦਾ। ਗੁਰ ਗੁਰ ਵੇਖ ਵਖਾਈ, ਗੁਰ ਰੂਪ ਵੇਸ ਵਟਾਇੰਦਾ। ਗੁਰਮੁਖਾਂ ਮੇਲ ਮਿਲਾਈ, ਮੇਲ ਮਿਲਾਵਾ ਆਪ ਜਣਾਇੰਦਾ। ਗੁਰਸਿਖਾਂ ਵੱਜੇ ਵਧਾਈ, ਘਰ ਸਾਚਾ ਮੰਗਲ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਗ ਅਲਾਇੰਦਾ। ਗੁਰਸਿਖ ਵਡਿਆਈ ਧੰਨ, ਸੁਣਿਆ ਰਾਗ ਅਨਾਦਿਆ। ਗੁਰਮੁਖ ਵਡਿਆਈ ਧੰਨ, ਮਿਲਿਆ ਮੇਲ ਬ੍ਰਹਮ ਬ੍ਰਹਮਾਦਿਆ। ਗੁਰ ਵਡਿਆਈ ਧੰਨ, ਸੇਵਾ ਕਰੇ ਆਦਿ ਜੁਗਾਦਿਆ। ਸਤਿਗੁਰ ਵਡਿਆਈ ਧੰਨ, ਏਕਾ ਏਕ ਬੋਧ ਅਗਾਧਿਆ। ਹਰਿ ਹਰਿ ਵਡਿਆਈ ਧੰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਵਾਦਿਆ। ਹਰਿ ਵਡਿਆਈ ਧੰਨ, ਘਰ ਸਾਚੇ ਸਤਿਗੁਰ ਮੇਲਿਆ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਹੋਏ ਗੁਰੂ ਗੁਰ ਚੇਲਿਆ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਵੇਖੇ ਰੰਗ ਨਵੇਲਿਆ। ਗੁਰਮੁਖ ਵਡਿਆਈ ਧੰਨ, ਗੁਰਸਿਖਾਂ ਸੰਗ ਖੇਲ ਸਾਚਾ ਖੇਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਸੱਜਣ ਸੁਹੇਲਿਆ। ਗੁਰਸਿਖ ਵਡਿਆਈ ਧੰਨ, ਪਾਇਆ ਸੱਜਣ ਮੀਤ। ਗੁਰਮੁਖ ਵਡਿਆਈ ਧੰਨ, ਹੋਇਆ ਠੰਡਾ ਸੀਤ। ਗੁਰ ਗੁਰ ਵਡਿਆਈ ਧੰਨ, ਬੈਠਾ ਰਹੇ ਅਤੀਤ। ਸਤਿਗੁਰ ਵਡਿਆਈ ਧੰਨ, ਆਦਿ ਜੁਗਾਦੀ ਪਤਿਤ ਪੁਨੀਤ। ਹਰਿ ਹਰਿ ਵਡਿਆਈ ਧੰਨ, ਆਪੇ ਹਸਤ ਆਪੇ ਕੀਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਰੀਤ। ਹਰਿ ਵਡਿਆਈ ਧੰਨ, ਸਤਿਗੁਰ ਗੁਰ ਸਲਾਹਿੰਦਾ। ਗੁਰਮੁਖ ਗੁਰਸਿਖ ਏਕਾ ਕਰ, ਏਕਾ ਦਰ ਬਹਾਇੰਦਾ। ਗੁਰਸਿਖ ਗੁਰਮੁਖ ਫੜਿਆ ਲੜ, ਸਾਚੀ ਗੰਢ ਬੰਧਾਇੰਦਾ। ਗੁਰ ਸਤਿਗੁਰ ਪੌੜੇ ਜਾਏ ਚੜ੍ਹ, ਏਕਾ ਡੰਡਾ ਹੱਥ ਫੜਾਇੰਦਾ। ਹਰਿ ਹਰਿ ਅੱਗੇ ਵੇਖੇ ਖੜ, ਜੋਤੀ ਨੂਰ ਡਗਮਗਾਇੰਦਾ। ਹਰਿ ਕਾ ਰੂਪ ਅਪਰ ਅਪਰ, ਰੰਗ ਰੇਖ ਨਾ ਕੋਇ ਰਖਾਇੰਦਾ। ਸਤਿਗੁਰ ਗੁਰ ਅੰਦਰ ਵੜ, ਆਪ ਆਪਣਾ ਸ਼ਬਦ ਚਲਾਇੰਦਾ। ਗੁਰਮੁਖ ਗੁਰਸਿਖ ਆਪੇ ਫੜ, ਆਪ ਆਪਣਾ ਮੇਲ ਮਿਲਾਇੰਦਾ। ਗੁਰਸਿਖ ਗੁਰਮੁਖ ਏਕਾ ਅੱਖਰ ਜਾਇਣ ਪੜ੍ਹ, ਸਾਚੀ ਵਿਦਿਆ ਆਪ ਪੜ੍ਹਾਇੰਦਾ। ਗੁਰ ਸਤਿਗੁਰ ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਤੱਤ ਵਖਾਇੰਦਾ। ਹਰੀ ਹਰਿ ਆਪੇ ਲਾਏ ਆਪਣੀ ਜੜ, ਆਪੇ ਪੁੱਟ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਚਾਲ ਚਲਾਇੰਦਾ। ਧੰਨ ਵਡਿਆਈ ਭਗਤ ਜਨ, ਏਕਾ ਓਟ ਰਖਾਈਆ। ਧੰਨ ਵਡਿਆਈ ਸੰਤ ਜਨ, ਮੁਖ ਏਕਾ ਚੋਗ ਪਾਈਆ। ਧੰਨ ਵਡਿਆਈ ਭਗਤ ਜਨ, ਧੁਰ ਸੰਜੋਗੀ ਮੇਲ ਮਿਲਾਈਆ। ਧੰਨ ਵਡਿਆਈ ਸੰਤ ਜਨ, ਹਉਮੇ ਦੂਈ ਰੋਗ ਗਵਾਈਆ। ਦੋਹਾਂ ਵਿਚੋਲਾ ਆਪੇ ਬਣ, ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਵਜਾਏ ਸੱਚੀ ਵਧਾਈਆ। ਧੰਨ ਵਡਿਆਈ ਭਗਤ ਜਨ, ਹਰਿ ਹਰਿ ਸੱਜਣ ਪਾਇਆ। ਧੰਨ ਵਡਿਆਈ ਸੰਤ ਜਨ, ਘਰ ਮਜਨ ਏਕਾ ਨੁਹਾਇਆ। ਧੰਨ ਧੰਨ ਵਡਿਆਈ ਭਗਤ ਜਨ, ਨੇਤਰ ਕਜਲ ਏਕਾ ਪਾਇਆ। ਧੰਨ ਧੰਨ ਵਡਿਆਈ ਸੰਤ ਜਨ, ਨਾਮ ਨਗਾਰਾ ਸਾਚਾ ਵੰਝਲ ਇਕ ਵਜਾਇਆ। ਦੋਹਾਂ ਵਿਚੋਲਾ ਆਪ ਬਣ, ਹਰਿ ਸ਼ਬਦੀ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਸਗਨ ਮਨਾਇਆ। ਧੰਨ ਵਡਿਆਈ ਭਗਤ ਜਨ, ਆਤਮ ਅੰਤਰ ਇਕ ਪਰਕਾਸ਼। ਧੰਨ ਵਡਿਆਈ ਸੰਤ ਜਨ, ਮਿਲਿਆ ਮੇਲ ਪੁਰਖ ਅਬਿਨਾਸ਼। ਧੰਨ ਵਡਿਆਈ ਭਗਤ ਜਨ, ਪਾਰ ਕਿਨਾਰਾ ਪ੍ਰਿਥਮੀ ਆਕਾਸ਼। ਧੰਨ ਵਡਿਆਈ ਸੰਤ ਜਨ, ਘਰ ਸਾਚੇ ਪਾਇਣ ਰਾਸ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦੀ ਵਸੇ ਪਾਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਖੇਲੇ ਖੇਲ ਤਮਾਸ। ਧੰਨ ਵਡਿਆਈ ਭਗਤ ਜਨ, ਹਰਿ ਮੇਲਾ ਕਮਲਾਪਾਤੀਆ। ਧੰਨ ਵਡਿਆਈ ਸੰਤ ਜਨ, ਮਿਟੀ ਰੈਣ ਅੰਧੇਰੀ ਰਾਤੀਆ। ਧੰਨ ਵਡਿਆਈ ਭਗਤ ਜਨ, ਏਕਾ ਪਾਇਆ ਪੁਰਖ ਬਿਧਾਤੀਆ। ਧੰਨ ਵਡਿਆਈ ਸੰਤ ਜਨ, ਅੰਮ੍ਰਿਤ ਪੀਆ ਬੂੰਦ ਸਵਾਂਤੀਆ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦ ਪੜ੍ਹਾਏ ਇਕ ਜਮਾਤੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਬੌਹ ਬਿਧ ਭਾਂਤੀਆ। ਧੰਨ ਵਡਿਆਈ ਭਗਤ ਜਨ, ਹਰਿ ਹਰਿ ਨਾਮਾ ਗਾਇਆ। ਧੰਨ ਵਡਿਆਈ ਸੰਤ ਜਨ, ਪੂਰਨ ਕਾਮਾਂ ਆਪ ਕਰਾਇਆ। ਧੰਨ ਵਡਿਆਈ ਭਗਤ ਜਨ, ਨਾਮ ਦਮਾਮਾ ਇਕ ਵਜਾਇਆ। ਧੰਨ ਵਡਿਆਈ ਸੰਤ ਜਨ, ਅੰਧੇਰੀ ਸ਼ਾਮਾ ਮੇਟ ਮਿਟਾਇਆ। ਦੋਹਾਂ ਵਿਚੋਲਾ ਆਪ ਬਣ, ਏਕਾ ਕਪੜ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਪੜਦਾ ਪਾਇਆ। ਧੰਨ ਵਡਿਆਈ ਭਗਤ ਜਨ, ਚੁੱਕਿਆ ਮਾਇਆ ਮੋਹ ਪਿਆਰ। ਧੰਨ ਵਡਿਆਈ ਸੰਤ ਜਨ, ਨਾਤਾ ਤੁੱਟਾ ਕਾਮ ਕਰੋਧ ਲੋਭ ਮੋਹ ਹੰਕਾਰ। ਧੰਨ ਵਡਿਆਈ ਭਗਤ ਜਨ, ਆਸਾ ਤ੍ਰਿਸਨਾ ਦਿਤੀ ਮਾਰ। ਧੰਨ ਵਡਿਆਈ ਸੰਤ ਜਨ, ਹਉਮੇ ਤੋੜਿਆ ਗੜ੍ਹ ਹੰਕਾਰ। ਦੋਹਾਂ ਵਿਚੋਲਾ ਆਪ ਬਣ, ਸ਼ਬਦ ਫੜਾਏ ਹੱਥ ਕਟਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਕਰੇ ਵਿਚਾਰ। ਧੰਨ ਵਡਿਆਈ ਭਗਤ ਜਨ, ਜਗਤ ਵਿਕਾਰਾ ਕੱਟਿਆ। ਧੰਨ ਵਡਿਆਈ ਸੰਤ ਜਨ, ਜਗਤ ਜਹਾਨੋਂ ਬੈਠਾ ਰੁੱਠਿਆ। ਧੰਨ ਵਡਿਆਈ ਭਗਤ ਜਨ, ਘਰ ਆਪਣਾ ਆਪੇ ਲੁੱਟਿਆ। ਧੰਨ ਵਡਿਆਈ ਸੰਤ ਜਨ, ਕੂੜਾ ਕੀਤਾ ਮੂਧਾ ਠੂਠਿਆ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦੀ ਆਪੇ ਤੁਠਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪ ਮਨਾਵੇ ਜੁਗਾਂ ਜੁਗੰਤਰ ਰੁੱਠਿਆ। ਧੰਨ ਵਡਿਆਈ ਸੰਤ ਜਨ, ਹੋਇਆ ਖ਼ਾਕੀ ਖ਼ਾਕ। ਧੰਨ ਵਡਿਆਈ ਭਗਤ ਜਨ, ਹੋਇਆ ਪਾਕੀ ਪਾਕ। ਧੰਨ ਵਡਿਆਈ ਸੰਤ ਜਨ, ਹਰਿ ਬਣਿਆ ਸਾਚਾ ਸਾਕ। ਧੰਨ ਵਡਿਆਈ ਭਗਤ ਜਨ, ਘਰ ਵੇਖੇ ਖੁਲ੍ਹਿਆ ਤਾਕ। ਦੋਹਾਂ ਵਿਚੋਲਾ ਆਪ ਬਣ, ਗੁਰ ਸ਼ਬਦ ਸੁਣਾਏ ਆਪਣਾ ਵਾਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹਰਿਜਨ ਵੇਖੇ ਮਾਰ ਝਾਕ। ਧੰਨ ਵਡਿਆਈ ਭਗਤ ਜਨ, ਮਿਲਿਆ ਪੁਰਖ ਅਗੰਮ। ਧੰਨ ਵਡਿਆਈ ਸੰਤ ਜਨ, ਘਰ ਸਾਚੇ ਪਏ ਜੰਮ। ਧੰਨ ਵਡਿਆਈ ਭਗਤ ਜਨ, ਅੰਮ੍ਰਿਤ ਰਸ ਚੁੰਘਿਆ ਸਾਚਾ ਮੰਮ। ਧੰਨ ਵਡਿਆਈ ਸੰਤ ਜਨ, ਮਿਟੀ ਤ੍ਰਿਸਨਾ ਤਮ। ਦੋਹਾਂ ਵਿਚੋਲਾ ਆਪੇ ਬਣ, ਗੁਰ ਸ਼ਬਦੀ ਕਰੇ ਕੰਮ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਸ੍ਰੀ ਭਗਵਾਨ। ਧੰਨ ਵਡਿਆਈ ਭਗਤ ਜਨ, ਮਿਲਿਆ ਸ਼ਾਹ ਸੁਲਤਾਨ। ਧੰਨ ਵਡਿਆਈ ਸੰਤ ਜਨ, ਜੋਤ ਜਗੀ ਮਹਾਨ। ਧੰਨ ਵਡਿਆਈ ਭਗਤ ਜਨ, ਘਰ ਬੈਠੇ ਮੰਦਰ ਇਕ ਮਕਾਨ। ਧੰਨ ਵਡਿਆਈ ਸੰਤ ਜਨ, ਝੁੱਲੇ ਇਕ ਨਿਸ਼ਾਨ। ਦੋਹਾਂ ਵਿਚੋਲਾ ਆਪ ਬਣ, ਪਾਵੇ ਰਾਸ ਸਾਚਾ ਕਾਹਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਹੋਏ ਨਿਗਹਬਾਨ। ਭਗਤ ਵਡਿਆਈ ਧੰਨ ਧੰਨ, ਹਰਿ ਹਰਿ ਨਾਮਾ ਪਾਇਆ। ਸੰਤ ਵਡਿਆਈ ਧੰਨ, ਅੰਤਰਜਾਮਾ ਮੇਲ ਮਿਲਾਇਆ। ਗੁਰਸਿਖ ਵਡਿਆਈ ਧੰਨ, ਗੁਰ ਮੰਤਰ ਨਾਮ ਦ੍ਰਿੜਾਇਆ। ਗੁਰਮੁਖ ਵਡਿਆਈ ਧੰਨ, ਏਕਾ ਇਸ਼ਟ ਵਖਾਇਆ। ਗੁਰ ਗੁਰ ਵਡਿਆਈ ਧੰਨ, ਦ੍ਰਿਸ਼ਟੀ ਦ੍ਰਿਸ਼ਟ ਦਏ ਖੁਲ੍ਹਾਇਆ। ਸਤਿਗੁਰ ਵਡਿਆਈ ਧੰਨ, ਸ੍ਰਿਸ਼ਟ ਸਬਾਈ ਵੇਖ ਵਖਾਇਆ। ਹਰਿ ਹਰਿ ਵਡਿਆਈ ਧੰਨ, ਆਦਿ ਜੁਗਾਦੀ ਖੇਲ ਖਿਲਾਇਆ। ਆਪਣਾ ਬੇੜਾ ਆਪੇ ਬੰਨ, ਜੁਗ ਜੁਗ ਆਪ ਚਲਾਇਆ। ਹਰਿ ਵਡਿਆਈ ਧੰਨ, ਸਤਿਗੁਰ ਪੁਰਖ ਉਠਾਇੰਦਾ। ਸਤਿਗੁਰ ਵਡਿਆਈ ਧੰਨ, ਗੁਰ ਗੁਰ ਨਾਲ ਰਲਾਇੰਦਾ। ਗੁਰ ਗੁਰ ਵਡਿਆਈ ਧੰਨ, ਗੁਰਮੁਖ ਮੁਖ ਸਲਾਹਿੰਦਾ। ਗੁਰਮੁਖ ਵਡਿਆਈ ਧੰਨ, ਗੁਰਸਿਖ ਤਰਾਇੰਦਾ। ਭਗਤ ਜਨ ਵਡਿਆਈ ਧੰਨ, ਭਗਤੀ ਮਾਰਗ ਇਕ ਵਖਾਇੰਦਾ। ਸੰਤ ਜਨ ਵਡਿਆਈ ਧੰਨ, ਸਤਿ ਸਰੂਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਉਠਿਆ ਹਰਿ ਸੱਚਾ ਮਿਹਰਵਾਨ, ਕਲਜੁਗ ਅੰਤਮ ਜੋਤ ਜਗਾਈਆ। ਸਤਿਗੁਰ ਪੂਰਾ ਨਿਗਹਬਾਨ, ਆਪ ਆਪਣਾ ਨੈਣ ਖੁਲ੍ਹਾਈਆ। ਗੁਰ ਗੁਰ ਦੇਵੇ ਸਾਚਾ ਦਾਨ, ਏਕਾ ਸ਼ਬਦ ਪੜ੍ਹਾਈਆ। ਗੁਰਮੁਖ ਸੋਹੰ ਸ਼ਬਦ ਮੰਤਰ ਮਨ ਮਾਨ, ਮਨ ਮਨਸਾ ਮੇਟ ਮਿਟਾਈਆ। ਗੁਰਸਿਖ ਸਾਚਾ ਚਤੁਰ ਸੁਜਾਨ, ਘਰ ਸਾਚੇ ਸੋਭਾ ਪਾਈਆ। ਭਗਤਨ ਮੇਲਾ ਵਿਚ ਜਹਾਨ, ਆਪਣਾ ਆਪ ਰਿਹਾ ਕਰਾਈਆ। ਸੰਤਾਂ ਦੇਵੇ ਧੁਰ ਫ਼ਰਮਾਨ, ਸ਼ਬਦ ਸੁਨੇਹੜਾ ਇਕ ਘਲਾਈਆ। ਦਾਤਾ ਦਾਨੀ ਹੋ ਪਰਧਾਨ, ਲੋਕਮਾਤ ਫੇਰਾ ਪਾਈਆ। ਸਤਿਜੁਗ ਤੇਰਾ ਸਾਚਾ ਬਣਾਏ ਆਪ ਵਿਧਾਨ, ਗੁਰਮੁਖ ਮੁਖੀਏ ਆਪ ਚੁਣਾਈਆ। ਹਰਿ ਸੰਗਤ ਸਾਚੀ ਕਰ ਪਰਵਾਨ, ਸ਼ਬਦ ਡੋਰੀ ਤੰਦ ਬੰਧਾਈਆ। ਭਗਤ ਸੰਤ ਸਿਖ ਗੁਰਮੁਖ ਗੁਰ ਸਤਿਗੁਰ ਹਰਿ ਹਰੀ ਨਰ ਨਰਾਇਣ, ਏਕਉਂਕਾਰ ਨਿਰਾਕਾਰ ਏਕਾ ਰੰਗ ਰੰਗਾਈਆ। ਹਰਿ ਸੰਗਤ ਤੇਰਾ ਉਚ ਮਹੱਲਾ, ਹਰਿ ਸਾਚੇ ਆਪ ਵਸਾਇਆ। ਸਤਿਗੁਰ ਬੈਠਾ ਇਕ ਅਕੱਲਾ, ਗੁਰ ਗੁਰ ਸ਼ਬਦ ਸੁਣਾਇਆ। ਗੁਰਮੁਖਾਂ ਗੁਰਸਿਖਾਂ ਆਪ ਫੜਾਇਆ ਆਪਣਾ ਪੱਲਾ, ਆਪਣੇ ਲੜ ਬੰਧਾਇਆ। ਭਗਤਾਂ ਭਗਤੀ ਆਪੇ ਰੱਲਾ, ਆਪ ਆਪਣਾ ਖੇਲ ਖਿਲਾਇਆ। ਸੰਤ ਦੁਲਾਰ ਕਰ ਪਿਆਰ ਸਚ ਸਨੇਹੜਾ ਆਪੇ ਘੱਲਾ, ਪਿਛਲਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤ ਭਗਤ ਭਗਵੰਤ ਗੁਰਮੁਖ ਗੁਰਸਿਖ ਆਦਿ ਅੰਤ, ਗੁਰ ਸਤਿਗੁਰ ਸੋਭਾਵੰਤ, ਹਰਿ ਸੱਜਣ ਦਰ ਸੁਹਾਇਆ। ਕਲਜੁਗ ਤੇਰੀ ਵਾਰ ਅੰਤ, ਪਾਰਬ੍ਰਹਮ ਪ੍ਰਭ ਹਰਿ ਬੇਅੰਤ, ਹਰਿ ਸੰਗਤ ਮੇਲਾ ਏਕਾ ਕੰਤ, ਨਾਰ ਭਤਾਰ ਸ਼ਾਹ ਨਿਰੰਕਾਰ ਸਚਖੰਡ ਦਵਾਰ, ਧੁਰ ਦੀ ਕਾਰ ਨਿਰਵੈਰ ਨਿਰਾਧਾਰ ਆਪਣੀ ਆਪ ਕਰਾਇਆ। ਆਦਿ ਜੁਗਾਦੀ ਜੁਗ ਜੁਗ ਕਰ ਪਸਾਰ, ਆਪੇ ਮੇਟ ਮਿਟਾਇਆ। ਸੰਤ ਭਗਤ ਗੁਰਮੁਖ ਗੁਰਸਿਖ ਹੋਏ ਸੇਵਾਦਾਰ, ਗੁਰ ਸਤਿਗੁਰ ਸੇਵ ਕਮਾਇਆ। ਸ਼ਬਦ ਗੁਰ ਪਹਿਰੇਦਾਰ, ਅੱਠੇ ਪਹਿਰ ਆਲਸ ਨਿੰਦਰਾ ਵਿਚ ਨਾ ਆਇਆ। ਨਿਤ ਨਵਿਤ ਭਗਤਨ ਹਿਤ ਲੋਕਮਾਤ ਕਰੇ ਸੈਰ, ਦਰਗਹਿ ਸਾਚੀ ਵੜਣ ਨਾ ਦੇਵੇ ਐਰ ਗ਼ੈਰ, ਲੱਖ ਚੁਰਾਸੀ ਹੇਰ ਫੇਰ, ਮਨਮੁਖਾਂ ਮਨਮੁਖਤਾ ਲਏ ਘੇਰ, ਸੰਝ ਸਵੇਰ ਨਾ ਕੋਇ ਰਖਾਇਆ। ਪਰਗਟ ਜੋਧਾ ਸੂਰਬੀਰ ਸਿੰਘ ਸ਼ੇਰ ਸ਼ੇਰ ਦਲੇਰ ਹੰ ਬ੍ਰਹਮ ਸੋਇਮ ਰੂਪ ਵਿਸ਼ਨੂ ਵੰਸੀ ਭਗਵਨ ਧਾਰ ਜੋਤ ਨਿਰੰਕਾਰ, ਪੁਰਖ ਅਕਾਲ ਦੀਨ ਦਿਆਲ ਬ੍ਰਹਿਮੰਡ ਬਣਾਏ ਇਕ ਧਰਮਸਾਲ, ਕੋਟਨ ਕੋਟੀ ਬ੍ਰਹਮਾ ਵਿਸ਼ਨ ਸ਼ਿਵ ਆਦਿ ਜੁਗਾਦਿ ਉਪਾਏ ਅੰਤ ਕਰੇ ਜਵਾਲ, ਥਿਰ ਘਰ ਵਾਸੀ ਪੁਰਖ ਅਬਿਨਾਸ਼ੀ ਏਕਾ ਏਕ ਏਕਾ ਟੇਕ ਏਕਾ ਲੇਖ ਏਕਾ ਰਿਹਾ ਵੇਖ, ਦੂਸਰ ਕੋਇ ਰਹਿਣ ਨਾ ਪਾਇਆ। ਸੰਤ ਸੁਹੇਲੇ ਗੁਰੂ ਗੁਰ ਚੇਲੇ ਗੁਰਮੁਖ ਮੇਲੇ, ਗੁਰਸਿਖਾਂ ਚਾੜ੍ਹੇ ਤੇਲੇ, ਗੁਰ ਸਤਿਗੁਰ ਸੱਜਣ ਸੱਜਣ ਸੁਹੇਲੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਰੂਪ ਕਰਤਾਰ ਬ੍ਰਹਮਾ ਵੇਦ ਨਾ ਪਾਏ ਸਾਰ, ਅੰਤਮ ਸਭ ਨੂੰ ਆਏ ਹਾਰ, ਬਿਨ ਹਰਿ ਬੇੜਾ ਕੋਈ ਨਾ ਕਰੇ ਪਾਰ, ਲੱਖ ਚੁਰਾਸੀ ਖੜੀ ਕੰਢੇ ਮੰਝਧਾਰ, ਮਨ ਮਤ ਏਕਾ ਧੱਕਾ ਦੇਵੇ ਮਾਰ, ਮੂੰਹ ਦੇ ਭਾਰ ਰੁੜ੍ਹਾਈਆ। ਗੁਰਸਿਖ ਨਾਰੀ ਘਰ ਪਾਇਆ, ਹਰਿ ਕੰਤ ਭਤਾਰ। ਭੁਜਾ ਭੁਜੰਗਮ ਮੀਤ ਮੁਰਾਰ। ਚਾਲ ਬੇਹੰਗਮ ਵਿਚ ਸੰਸਾਰ। ਜੋਗੀ ਜੰਗਮ ਨਾ ਪਾਇਣ ਸਾਰ। ਜਾਗਰਤ ਜੋਤ ਨਾ ਕੋਈ ਵਰਨ ਨਾ ਕੋਈ ਗੋਤ, ਆਪਣੇ ਨੇਤਰ ਫੋਰ ਬ੍ਰਹਿਮੰਡ ਰੱਖੇ ਕੋਟੀ ਕੋਟ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਬਣਿਆ ਆਦਿ ਜੁਗਾਦੀ ਜੁਗ ਜੁਗ ਚੋਰ, ਗੁਰਮੁਖਾਂ ਦੇਵੇ ਨਾਮ ਧਨ ਅੰਧੇਰ ਅੰਧ ਘੋਰ। ਆਉਂਦਾ ਜਾਂਦਾ ਥੱਕਾ ਮਾਂਦਾ। ਪਾਂਧੀ ਪੰਧ ਮਕਾਉਂਦਾ ਜਾਂਦਾ। ਗੁਰਸਿਖਾਂ ਗੀਤ ਗਾਉਂਦਾ ਜਾਂਦਾ। ਰੁਠੜੇ ਮਾਤ ਮਨਾਉਂਦਾ ਜਾਂਦਾ। ਫੜ ਫੜ ਬਾਂਹੋਂ ਗਲੇ ਲਗਾਂਦਾ ਜਾਂਦਾ। ਪਿਛਲਾ ਲਿਖਿਆ ਲੇਖ ਮਿਟਾਉਂਦਾ ਜਾਂਦਾ। ਅੰਮ੍ਰਿਤ ਜਾਮ ਪਿਆਂਦਾ ਜਾਂਦਾ। ਗੁਰ ਗੋਬਿੰਦ ਮਿਲਾਉਂਦਾ ਜਾਂਦਾ। ਨਾਨਕ ਨਿਰਗੁਣ ਕੋਲੋਂ ਬਖ਼ਸ਼ਾਂਦਾ ਜਾਂਦਾ। ਸੰਗ ਮੁਹੰਮਦ ਕੋਲੋਂ ਰਾਹ ਵਿਚ ਰਵਾਉਂਦਾ ਜਾਂਦਾ। ਕਰੋੜ ਤੇਤੀਸਾ ਨੇਤਰ ਧਾਰ ਵਹਾਉਂਦਾ ਜਾਂਦਾ। ਸ਼ੰਕਰ ਬਾਸ਼ਕ ਹਾਰ ਗਲੋਂ ਸਟਾਂਦਾ ਜਾਂਦਾ। ਬ੍ਰਹਮਾ ਮੁਖ ਚਾਰ ਉਘਾੜ, ਵਾਹ ਵਾਹ ਤੇਰੇ ਗੀਤ ਸੁਣਾਉਦਾ ਜਾਂਦਾ। ਵਿਸ਼ਨੂੰ ਵੰਸੀ ਕਰ ਪਿਆਰ, ਤੇਰੀ ਡੋਲੀ ਆਪਣੇ ਕੰਧ ਉਠਾਉਂਦਾ ਜਾਂਦਾ। ਲੈ ਕੇ ਜਾਏ ਧੁਰ ਦਰਬਾਰ, ਪੁਰਖ ਅਕਾਲ ਅੱਗੇ ਬੈਠਾ ਰਾਹ ਤਕਉਂਦਾ ਜਾਂਦਾ। ਵਸੇ ਸੱਚੀ ਧਰਮਸਾਲ, ਹਰਿ ਸੰਗਤ ਸੱਚੀ ਮੇਲ ਮਿਲਾਉਂਦਾ ਜਾਂਦਾ। ਨਾਤਾ ਤੋੜ ਕਾਲ ਮਹਾਂਕਾਲ, ਆਪ ਆਪਣੇ ਰੰਗ ਰੰਗਾਉਂਦਾ ਜਾਂਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਭੰਡਾਰੇ ਸਾਚੇ ਭਰ, ਗੁਰਸਿਖਾਂ ਵਖਾਏ ਆਪਣਾ ਦਰ, ਆਪਣੀ ਹੱਥੀਂ ਆਪੇ ਵਿਦਾ ਕਰਾਉਂਦਾ ਜਾਂਦਾ।