Granth 08 Likhat 057: 19 Chet 2016 Bikarmi Pal Singh de Ghar Dayea Hoi

੧੯ ਚੇਤ ੨੦੧੬ ਬਿਕ੍ਰਮੀ ਪਾਲ ਸਿੰਘ ਦੇ ਘਰ ਦਇਆ ਹੋਈ

ਨਾਮ ਨਿਧਾਨ ਸਰਬ ਜਗ ਮੀਤਾ, ਸਤਿਗੁਰ ਹੱਟ ਵਿਕਾਇਆ। ਏਕਾ ਰੰਗ ਰੰਗਾਏ ਹਸਤ ਕੀਟਾ, ਜੋ ਜਨ ਝੋਲੀ ਪਾਇਆ। ਅੰਮ੍ਰਿਤ ਰਸ ਰਸ ਦੇਵੇ ਮੀਠਾ, ਜਿਸ ਜਨ ਰਸਨਾ ਗਾਇਆ। ਦਿਵਸ ਰੈਣ ਰੱਖੇ ਠੰਡਾ ਸੀਤਾ, ਹਉਮੇ ਅਗਨੀ ਦਏ ਬੁਝਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਨਾਮ ਧਰਾਇਆ। ਦਰਸ ਵਖਾਏ ਇਕ ਅਤੀਤਾ, ਤ੍ਰੈਗੁਣ ਪੜਦਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਨਿਧਾਨ ਇਕ ਵਰਤਾਇਆ। ਨਾਮ ਨਿਧਾਨ ਸਚ ਭੰਡਾਰਾ, ਗੁਰ ਸਤਿਗੁਰ ਆਪ ਵਰਤਾਇੰਦਾ। ਗੁਰਸਿਖ ਸਾਜਨ ਕਰ ਪਿਆਰਾ, ਸਾਚੀ ਵਸਤ ਫੜਾਇੰਦਾ। ਸਾਚੇ ਮੰਦਰ ਏਕਾ ਨਾਅਰਾ, ਆਪ ਆਪਣਾ ਆਪ ਸੁਣਾਇੰਦਾ। ਖੋਲ੍ਹਣਹਾਰਾ ਜਗਤ ਕਿਵਾੜਾ, ਬੰਦ ਕਿਵਾੜੀ ਮੁਖ ਵਖਾਇੰਦਾ। ਸਤਿ ਪੁਰਖ ਨਿਰੰਜਣ ਏਕਾ ਲਾੜਾ, ਸੰਤ ਸੁਹੇਲਾ ਮੇਲ ਮਿਲਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਪੰਚਮ ਮੋਹ ਚੁਕਾਇੰਦਾ। ਹੋਏ ਸਹਾਈ ਜੰਗਲ ਜੂਹ ਉਜਾੜ ਪਹਾੜਾ, ਖੜਗ ਖੰਡਾ ਨਾਮ ਚਮਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਇਕ ਉਪਾਇੰਦਾ। ਨਾਮ ਨਿਧਾਨ ਸਰਬ ਘਟ ਅੰਤਰ, ਘਟ ਘਟ ਆਪ ਸਮਾਇਆ। ਆਪ ਬੁਝਾਏ ਲੱਗੀ ਬਸੰਤਰ, ਅਗਨੀ ਤੱਤ ਗਵਾਇਆ। ਜੁਗ ਜੁਗ ਜਪਾਏ ਆਪਣਾ ਮੰਤਰ, ਸੋ ਪੁਰਖ ਨਿਰੰਜਣ ਵਡ ਵਡਿਆਇਆ। ਮਾਤ ਸੁਹਾਏ ਥਾਨ ਥਨੰਤਰ, ਜਿਸ ਦਰ ਚਰਨ ਛੁਹਾਇਆ। ਆਪ ਬਣਾਏ ਆਪਣੀ ਬਣਤਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨਾ ਮੇਲ ਮਿਲਾਇਆ। ਨਾਮ ਨਿਧਾਨ ਸਰਬ ਗੁਣਵੰਤਾ, ਸਹਿਜ ਸਹਿਜ ਸੁਖਦਾਇਆ। ਨਾਦ ਅਨਾਦੀ ਜੁਗਾ ਜੁਗੰਤਾ, ਜੁਗ ਜੁਗ ਸੇਵ ਕਮਾਇਆ। ਤ੍ਰੈ ਕਾਲ ਨਾ ਕੋਇ ਮਿਟੰਤਾ, ਸਮ ਵਾਸੀ ਰੰਗ ਸਮਾਇਆ। ਭੀਂਗ ਰੂਪ ਆਪ ਰਖੰਤਾ, ਹੋਏ ਭੇਖ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਨਿਧਾਨ ਇਕ ਪਰਗਟਾਇਆ। ਨਾਮ ਨਿਧਾਨ ਪਰਗਟਿਓ ਗੁਰ ਸੂਰਾ, ਮਹਾਂਕਾਲ ਸੀਸ ਨਿਵਾਇੰਦਾ। ਸਤਿ ਪੁਰਖ ਨਿਰੰਜਣ ਹਾਜ਼ਰ ਹਜ਼ੂਰਾ, ਕਾਲ ਜੰਜਾਲ ਵੇਖ ਵਖਾਇੰਦਾ। ਅਵਣ ਗਵਣ ਬਖ਼ਸ਼ੇ ਧੂੜਾ, ਤ੍ਰੈਭਵਣ ਫਿਰਾਇੰਦਾ। ਲੋਕ ਪਰਲੋਕ ਏਕਾ ਨੂਰਾ, ਬ੍ਰਹਿਮੰਡ ਖੰਡ ਵੇਸ ਵਟਾਇੰਦਾ। ਚੌਦਾਂ ਤਬਕਾਂ ਹੂੰਝੇ ਕੂੜਾ, ਚੌਦਾਂ ਲੋਕਾਂ ਖ਼ਾਕ ਰਮਾਇੰਦਾ। ਰਵ ਸਸ ਵੇਖਣ ਨੇਰਨ ਦੂਰਾ, ਮੰਡਲ ਮੰਡਪ ਧਰਤ ਸੁਹਾਇੰਦਾ। ਜਨ ਭਗਤਾਂ ਆਸਾ ਮਨਸਾ ਕਰੇ ਪੂਰਾ, ਪੂਰੀ ਇਛਿਆ ਆਪ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਾਮ ਨਿਧਾਨ ਹਰਿ ਮਿਹਰਵਾਨ, ਭਗਤ ਵਛਲ ਸ੍ਰੀ ਭਗਵਾਨ, ਸਾਜਣ ਰਾਜਨ ਰਾਜਨ ਸਾਜਣ ਆਪ ਅਖਵਾਇੰਦਾ।