੨੪ ਚੇਤ ੨੦੧੬ ਬਿਕ੍ਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ
ਗੁਰਮੁਖ ਚਾਤਰਕ ਰਿਹਾ ਬਿਲਲਾਏ, ਦਿਵਸ ਰੈਣ ਪਰਭਾਤ। ਸਤਿਗੁਰ ਪੂਰਾ ਅੰਮ੍ਰਿਤ ਮੇਘ ਆਪ ਬਰਸਾਏ, ਦੇਵਣਹਾਰਾ ਦੇਵੇ ਬੂੰਦ ਸਵਾਂਤ। ਆਸਾ ਤ੍ਰਿਸਨਾ ਜਗਤ ਬੁਝਾਏ ਦਰਸ ਦਿਖਾਏ ਇਕ ਇਕਾਂਤ। ਹਉਮੇ ਸੰਸਾ ਰੋਗ ਮਿਟਾਏ, ਚਰਨ ਕਵਲ ਬੰਧਾਏ ਨਾਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਏਕਾ ਨਾਮ ਦਾਤ। ਗੁਰਸਿਖ ਚਾਤਰਕ ਤ੍ਰਿਪਤਾਸਿਆ, ਗੁਰ ਪਾਇਆ ਠੰਡਾ ਸੀਤ। ਦੋ ਜਹਾਨਾਂ ਬੁਝੀ ਪਿਆਸਿਆ, ਤਨ ਹੋਇਆ ਪਤਿਤ ਪੁਨੀਤ। ਘਰ ਸੱਜਣ ਕਰਿਆ ਵਾਸਿਆ, ਇਕ ਸੁਣਾਏ ਸੁਹਾਗੀ ਗੀਤ। ਲੋਕਮਾਤ ਬੰਦ ਖ਼ਲਾਸੀਆ, ਪਰਖਣਹਾਰਾ ਪਰਖੇ ਸਾਚੀ ਨੀਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਣਹਾਰਾ ਚੀਤ। ਚਿਤ ਵਸਿਆ ਹਰਿ ਪਾਰਬ੍ਰਹਮ, ਘਰ ਸਾਚੇ ਮੰਗਲ ਗਾਇਆ। ਲਹਿਣਾ ਦੇਣਾ ਚੁਕਿਆ ਜਨਮ ਕਰਮ, ਕਰਮ ਕੁਕਰਮਾਂ ਮੇਟ ਮਿਟਾਇਆ। ਪੁਰਖ ਅਬਿਨਾਸ਼ੀ ਬਖ਼ਸ਼ੀ ਸਾਚੀ ਸਰਨ, ਸਰਨਗਤ ਆਪ ਅਖਵਾਇਆ। ਮੂਲ ਚੁਕਾਏ ਮਰਨ ਡਰਨ, ਆਵਣ ਜਾਵਣ ਗੇੜ ਮਿਟਾਇਆ। ਏਕਾ ਨੇਤਰ ਵਸੇ ਹਰਨ ਫਰਨ, ਲੋਚਣ ਆਪਣਾ ਆਪ ਖੁਲ੍ਹਾਇਆ। ਸਤਿਗੁਰ ਪੂਰਾ ਤਰਨੀ ਤਰਨ, ਤਾਰਨਹਾਰ ਸ੍ਰਿਸ਼ਟ ਸਬਾਇਆ। ਕਰਤਾ ਕਰਨੀ ਆਪਣੀ ਆਪੇ ਕਰੇ ਕਾਰਨ ਕਰਨ, ਭੇਵ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਉਠਾਇਆ। ਚਾਤਰਕ ਗੁਰਸਿਖ ਕਰ ਪੁਕਾਰ, ਦਿਵਸ ਰੈਣ ਬਿਲਲਾਇਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਗੁਰ ਸਤਿਗੁਰ ਮੇਲ ਮਿਲਾਇਆ। ਸਤਿਗੁਰ ਠਾਂਡਾ ਇਕ ਦਰਬਾਰ, ਦਰ ਦਰਵਾਜ਼ਾ ਇਕ ਖੁਲ੍ਹਾਇਆ। ਆਦਿ ਜੁਗਾਦੀ ਭਗਤ ਉਧਾਰ, ਸ਼ਬਦ ਅਨਾਦੀ ਤਾਲ ਵਜਾਇਆ। ਮੋਹਣ ਮਾਧਵ ਮਾਧੀ ਖੇਲ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਮ ਭੰਡਾਰ ਇਕ ਵਰਤਾਇਆ। ਨਾਮ ਭੰਡਾਰਾ ਅੰਮ੍ਰਿਤ ਰਸ, ਹਰਿ ਸਤਿਗੁਰ ਆਪ ਵਰਤਾਈਆ। ਗੁਰ ਮੰਤਰ ਏਕਾ ਸਚ ਦੱਸ, ਇਸ਼ਟ ਇਕ ਵਖਾਈਆ। ਪੁਰਖ ਅਕਾਲਾ ਹੋਏ ਵਸ, ਦੀਨ ਦਿਆਲਾ ਸੇਵ ਕਮਾਈਆ। ਦਰਸ ਦਿਖਾਏ ਨੱਸ ਨੱਸ, ਜਿਸ ਜਨ ਬਖ਼ਸ਼ੇ ਸਚ ਸਰਨਾਈਆ। ਕੋਟਨ ਕੋਟ ਰਵ ਸਸ ਚਰਨਾਂ ਹੇਠ ਝੱਸ, ਆਪ ਆਪਣਾ ਪੰਧ ਮੁਕਾਈਆ। ਹਰਿਜਨ ਮਾਰੇ ਤੀਰ ਨਿਰਾਲਾ ਕਸ, ਸ਼ਬਦ ਅਗੰਮੀ ਚਿੱਲਾ ਆਪ ਚੜ੍ਹਾਈਆ। ਆਰ ਪਾਰ ਜਾਏ ਧਸ, ਬਜਰ ਕਪਾਟੀ ਸਿਲਾ ਤੋੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਬੇਪਰਵਾਹੀਆ। ਗੁਰਮੁਖ ਦਰਸ ਹਰਿ ਹਰਿ ਤਾਂਘ, ਆਦਿ ਜੁਗਾਦਿ ਰਖਾਇੰਦਾ। ਪਾਰਬ੍ਰਹਮ ਪ੍ਰਭ ਵਰਤੇ ਸਾਂਗ, ਸਵਾਂਗੀ ਆਪਣਾ ਸਵਾਂਗ ਰਚਾਇੰਦਾ। ਅੰਮ੍ਰਿਤ ਧਾਰ ਵਹਾਏ ਸਾਚੀ ਕਾਂਗ, ਜਗਤ ਵਿਕਾਰਾ ਆਪ ਰੁੜ੍ਹਾਇੰਦਾ। ਕਰਾਏ ਮਜਨ ਸਾਚਾ ਮਾਘ, ਦੁਰਮਤ ਮੈਲ ਮਿਟਾਇੰਦਾ। ਪੰਜ ਤ੍ਰੈ ਤੇਰੀ ਬੁਝੇ ਆਗ, ਨੌ ਦਰ ਖੋਜ ਖੋਜਾਇੰਦਾ। ਫੜ ਫੜ ਹੰਸ ਬਣਾਏ ਕਾਗ, ਨਾਮ ਪਿਆਲਾ ਜਾਮ ਪਿਆਇੰਦਾ। ਪ੍ਰਭ ਧੋਵਣਹਾਰਾ ਕੂੜਾ ਦਾਗ਼, ਕੂੜੀ ਕਿਰਿਆ ਮੇਟ ਮਿਟਾਇੰਦਾ। ਹਰਿ ਸੱਜਣ ਵਡ ਵਡ ਹੋਏ ਭਾਗ, ਗੁਰ ਸਾਖੀ ਮੇਲ ਮਿਲਾਇੰਦਾ। ਨਿਰਮਲ ਜੋਤੀ ਜਗੇ ਚਿਰਾਗ਼, ਅੰਧ ਅੰਧੇਰ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਚਾਤਰਕ ਵੇਖ ਵਖਾਇੰਦਾ। ਚਾਤਰਕ ਮੁਖ ਇਕ ਉਘਾੜ, ਨੇਤਰ ਨੈਣ ਉਠਾਈਆ। ਪੁਰਖ ਅਬਿਨਾਸ਼ੀ ਬਖ਼ਸ਼ੇ ਮੇਘਲਾ ਧਾਰ, ਚਰਨ ਚਰਨੋਦਕ ਮੁਖ ਚਵਾਈਆ। ਏਕਾ ਏਕ ਨਜ਼ਰੀ ਆਏ ਵਿਚ ਸੰਸਾਰ, ਦੂਜੀ ਟੇਕ ਨਾ ਕੋਇ ਜਣਾਈਆ। ਬੁਧ ਬਿਬੇਕ ਕਰੇ ਕਰ ਪਿਆਰ, ਤੱਤਵ ਤੱਤ ਨਾ ਕੋਇ ਸਤਾਈਆ। ਲਿਖੇ ਲੇਖ ਧੁਰ ਦਰਬਾਰ, ਹਰਿ ਕਾ ਲੇਖ ਨਾ ਕੋਇ ਮਿਟਾਈਆ। ਨੇਤਰ ਲੋਚਣ ਨੈਣ ਇਕ ਪਿਆਰ, ਏਕਾ ਰੰਗ ਸਮਾਈਆ। ਭਗਤ ਵਛਲ ਆਪ ਗਿਰਧਾਰ, ਭਗਤ ਭਗਵਨ ਹੋਏ ਸਹਾਈਆ। ਸ਼ਾਹੋ ਭੂਪ ਸੱਚੀ ਸਰਕਾਰ, ਰੂਪ ਅਨੂਪ ਆਪ ਦਰਸਾਈਆ। ਅਸਵ ਘੋੜੇ ਹੋ ਅਸਵਾਰ, ਆਪ ਆਪਣਾ ਫੇਰਾ ਪਾਈਆ। ਕਲਜੁਗ ਕਰਿਆ ਖ਼ਬਰਦਾਰ, ਖੜਗ ਖੰਡਾ ਨਾਮ ਚਮਕਾਈਆ। ਤੀਰ ਕਮਾਨਾ ਤੇਜ਼ ਕਟਾਰ, ਦੋ ਜਹਾਨਾਂ ਰਿਹਾ ਵਖਾਈਆ। ਜੋਧਾ ਸੂਰਬੀਰ ਬਲੀ ਬਲਵਾਨ, ਬਲ ਬਾਵਨ ਭੇਖ ਵਟਾਈਆ। ਲੰਕਾ ਗੜ੍ਹ ਤੋੜੇ ਮਾਰੇ ਰਾਵਣ ਹੰਕਾਰ, ਰਾਮ ਰਾਮਾ ਵੇਸ ਕਰਾਈਆ। ਕਲਜੁਗ ਕੰਸਾ ਕਰ ਖ਼ਵਾਰ, ਸਾਵਲ ਸੁੰਦਰ ਰੂਪ ਵਟਾਈਆ। ਜੂਠ ਝੂਠ ਕਰੇ ਬਾਹਰ, ਨਾਮ ਸਤਿ ਨਾਨਕ ਚੱਕਰ ਇਕ ਚਲਾਈਆ। ਨਾਤਾ ਤੋੜੇ ਮੁਹੰਮਦੀ ਯਾਰ, ਗੋਬਿੰਦ ਤਿਖੀ ਧਾਰ ਰਿਹਾ ਵਖਾਈਆ। ਸਰਬ ਜੀਆਂ ਦਾ ਸਾਂਝਾ ਯਾਰ, ਕਲਜੁਗ ਅੰਤਮ ਪਰਗਟ ਹੋਇਆ ਭੇਵ ਅਭੇਦ ਕੋਇ ਨਾ ਪਾਈਆ। ਗੁਰਮੁਖ ਉਠਾਏ ਸੁੱਤ ਦੁਲਾਰ, ਸਾਚੇ ਸੁੱਤ ਲਏ ਗਲ ਲਾਈਆ। ਅਬਿਨਾਸ਼ੀ ਅਚੁੱਤ ਭਰਮ ਨਿਵਾਰ, ਭਾਂਡਾ ਭਰਮ ਭੰਨਾਈਆ। ਅੰਦਰ ਮੰਦਰ ਇਕ ਪਿਆਰ, ਡੂੰਘੀ ਕੰਦਰ ਵੇਖ ਵਖਾਈਆ। ਚਾਤਰਕ ਬਖ਼ਸ਼ੇ ਅੰਮ੍ਰਿਤ ਧਾਰ, ਚਿਤ ਵਿਤ ਠਗੌਰੀ ਨਾ ਕੋਇ ਪਾਈਆ। ਸਾਚਾ ਨਾਇਕ ਮੀਤ ਮੁਰਾਰ, ਨੱਥ ਹੱਥ ਖ਼ਸਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਵਖਾਈਆ। ਹਰਿਜਨ ਸਾਚੀ ਸਚ ਪਿਆਸ, ਗੁਰ ਸਤਿਗੁਰ ਵੇਖ ਵਖਾਇੰਦਾ। ਸਦਾ ਸੁਹੇਲਾ ਵਸੇ ਪਾਸ, ਘਰ ਆਪਣਾ ਆਪ ਉਪਾਇੰਦਾ। ਆਪਣਾ ਦੀਪਕ ਕਰ ਪਰਕਾਸ, ਆਪਣੀ ਜੋਤ ਟਿਕਾਇੰਦਾ। ਆਪਣੇ ਮੰਦਰ ਕਰ ਨਿਵਾਸ, ਆਪਣਾ ਆਸਣ ਆਪੇ ਲਾਇੰਦਾ। ਆਪੇ ਪਾਵੇ ਸਾਚੀ ਰਾਸ, ਸਾਚਾ ਮੰਡਲ ਆਪ ਸੁਹਾਇੰਦਾ। ਆਪੇ ਹੋਏ ਦਾਸੀ ਦਾਸ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਖੇਲੇ ਖੇਲ ਪ੍ਰਿਥਮੀ ਆਕਾਸ਼, ਆਪੇ ਮੁਖ ਛੁਪਾਇੰਦਾ। ਗੁਰਮੁਖ ਸੱਜਣ ਮੀਤ ਮੁਰਾਰ, ਲੋਕਮਾਤ ਨਾ ਰਹੇ ਨਿਰਾਸ, ਕਲਜੁਗ ਅੰਤਮ ਮੇਲ ਮਿਲਾਇੰਦਾ । ਕੱਟਣਹਾਰਾ ਜਮ ਕੀ ਫਾਸ, ਕਲ ਫਾਸੀ ਫੰਦ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਮ੍ਰਿਤ ਜਾਮ ਸਚ ਪਿਆਲਾ ਦੀਨ ਦਿਆਲਾ ਜਨ ਭਗਤਾਂ ਆਪ ਪਿਆਇੰਦਾ। ਨਾਮ ਪਿਆਲਾ ਆਪੇ ਭਰ, ਗੁਰਸਿਖ ਸੱਜਣ ਆਪ ਪਿਆਈਆ। ਦੀਨ ਦਿਆਲਾ ਕਿਰਪਾ ਕਰ, ਆਪਣਿਆਂ ਰਿਹਾ ਤਰਾਈਆ। ਸਦ ਰਖਵਾਲਾ ਵਸੇ ਘਰ, ਦਿਵਸ ਰੈਣ ਸੇਵ ਕਮਾਈਆ। ਜੋਤ ਅਕਾਲਾ ਅੱਗੇ ਖੜ, ਆਪ ਆਪਣਾ ਦਰਸ ਵਖਾਈਆ। ਸਤਿਗੁਰ ਬੰਨਾਏ ਆਪਣੇ ਲੜ, ਸ਼ਬਦ ਗੰਢ ਰਖਾਈਆ। ਆਪਣੇ ਮੰਦਰ ਆਪੇ ਜਾਏ ਚੜ੍ਹ, ਦਿਸ ਕਿਸੇ ਨਾ ਆਈਆ। ਗੁਰਮੁਖ ਮੀਤ ਮੁਰਾਰਾ ਏਕਉਂਕਾਰਾ ਨਿਰਗੁਣ ਸਰਗੁਣ ਲਏ ਫੜ, ਸਰਗੁਣ ਨਿਰਗੁਣ ਬੰਧ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਚਾਤਰਕ ਤੇਰੀ ਤ੍ਰਿਖਾ ਤੇਰੇ ਦਰ ਬੁਝਾਈਆ। ਜਗਤ ਤ੍ਰਿਸਨਾ ਲੱਗੀ ਭੁੱਖ, ਕੂੜਾ ਕੂੜ ਹੋਇਆ ਪਰਧਾਨਿਆ। ਸਤਿ ਧਰਮ ਬੂਟਾ ਗਿਆ ਸੁੱਕ, ਫਲਿਆ ਫੁੱਲਿਆ ਪੰਜ ਸ਼ੈਤਾਨਿਆ। ਲੇਖੇ ਲੱਗਾ ਨਾ ਉਲਟਾ ਰੁਖ, ਭੁੱਲਿਆ ਹਰਿ ਹਰਿ ਨਾਮ ਨਿਧਾਨਿਆ। ਮਨਮੁਖ ਸਫ਼ਲ ਨਾ ਹੋਈ ਮਾਤ ਕੁੱਖ, ਲੱਖ ਚੁਰਾਸੀ ਫੇਰ ਫਿਰਾਨਿਆ। ਗੁਰਸਿਖਾਂ ਕਰੇ ਉਜਲ ਮੁੱਖ, ਵਡ ਦਾਤਾ ਦੋ ਜਹਾਨਿਆ। ਆਪਣੀ ਗੋਦੀ ਆਪੇ ਲਏ ਚੁਕ, ਚਤੁਰਭੁਜ ਆਪ ਅਖਵਾਨਿਆ। ਕਲਜੁਗ ਅੰਤਮ ਨਾ ਮਾਨਸ ਨਾ ਦਿਸੇ ਮਨੁਖ, ਪੰਜ ਤੱਤ ਡੇਰਾ ਲਾਏ ਸ੍ਰੀ ਭਗਵਾਨਿਆ। ਬ੍ਰਹਮ ਪਾਇਆ ਪਾਰਬ੍ਰਹਮ ਆਪਣੀ ਕੁੱਖ, ਆਪ ਆਪਣਾ ਦਰ ਸੁਹਾਨਿਆ। ਗੁਰ ਗੋਬਿੰਦ ਮੇਲ ਮਿਲਾਇਆ ਲੁਕ ਲੁਕ, ਭੇਵ ਨਾ ਪਾਇਆ ਵੇਦ ਪੁਰਾਨਿਆ। ਆਪੇ ਨਿਉਂ ਨਿਉਂ ਅੰਦਰ ਵੜਿਆ ਝੁਕ, ਆਪੇ ਸਾਚੇ ਤਖ਼ਤ ਬੈਠਾ ਸੁਲਤਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਸਦਾ ਸਨਮੁਖ, ਆਪੇ ਆਪਣਾ ਮੁਖ ਭਵਾਨਿਆ। ਹਰਿਜਨ ਤੇਰਾ ਡੂੰਘਾ ਸਾਗਰ, ਹਰਿ ਸੱਜਣ ਵੇਖ ਵਖਾਇੰਦਾ। ਪੰਜ ਤੱਤ ਸੁਹਾਇਆ ਡੇਰਾ ਲਾਇਆ ਕਾਇਆ ਗਾਗਰ, ਆਪ ਆਪਣਾ ਰੂਪ ਵਟਾਇੰਦਾ। ਏਕਾ ਨਾਮ ਰਤਨ ਰਤਨਾਗਰ, ਰੱਤੀ ਰੱਤ ਕੀਮਤ ਕੋਇ ਨਾ ਪਾਇੰਦਾ। ਪੁਰਖ ਅਕਾਲ ਬਣਿਆ ਆਪ ਸੌਦਾਗਰ, ਲੋਕਮਾਤ ਵੇਖਣ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਲਾਲ ਇਕ ਉਪਜਾਇੰਦਾ। ਸ਼ਬਦ ਦਲਾਲਾ ਬਣ ਵਿਚੋਲਾ, ਘਰ ਸਾਚੇ ਲਏ ਅੰਗੜਾਈਆ। ਮਾਰੇ ਫੇਰੇ ਗਾਵੇ ਢੋਲਾ, ਦੋ ਜਹਾਨਾਂ ਪੰਧ ਮੁਕਾਈਆ। ਬਣ ਸਤਿਗੁਰ ਬਣਿਆ ਤੋਲਾ, ਨਾਮ ਕੰਡਾ ਹੱਥ ਉਠਾਈਆ। ਗੁਰਸਿਖ ਅਨਮੁਲਾ ਆਪ ਵਰੋਲਾ, ਚੌਦਾਂ ਰਤਨ ਰਹੇ ਸ਼ਰਮਾਈਆ। ਆਪਣਾ ਦਰ ਦਰਵਾਜ਼ਾ ਆਪੇ ਖੋਲ੍ਹਾ, ਆਪਣੇ ਅੰਦਰ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਅੰਮ੍ਰਿਤ ਅੰਮ੍ਰਿਤ ਧਾਰ ਨਿਝਰ ਬਰਖੇ ਠੰਡੀ ਠਾਰ ਰਸ ਰਸ ਰਸਿਕ ਰਸਿਕ ਰਸ ਆਪਣਾ ਚੁਆਈਆ। ਆਪਣਾ ਰਸ ਆਪ ਨਿਚੋੜ, ਆਪਣਾ ਵਟ ਚੜ੍ਹਾਇੰਦਾ। ਆਪਣਾ ਤੱਤ ਆਪ ਮਰੋੜ, ਗੁਰਮੁਖ ਤੱਤ ਉਪਾਇੰਦਾ। ਆਪਣਾ ਵਰ ਆਪੇ ਲੋੜ, ਗੁਰਸਿਖ ਰਚਨ ਰਚਾਇੰਦਾ। ਆਪਣਾ ਜੋੜ ਆਪੇ ਜੋੜ, ਆਪੇ ਮੇਲ ਮਿਲਾਇੰਦਾ। ਆਪ ਚੜ੍ਹਾਏ ਆਪਣੇ ਘੋੜ, ਆਦਿ ਜੁਗਾਦੀ ਆਪ ਦੌੜਾਇੰਦਾ। ਕਲਜੁਗ ਅੰਤਮ ਜਾਏ ਬੌਹੜ, ਬੌਹੜੀ ਬੌਹੜੀ ਸਰਬ ਕੁਰਲਾਇੰਦਾ। ਨਾਮ ਨਿਧਾਨਾ ਹਰਿ ਭਗਵਾਨਾ ਧੁਰ ਕੀ ਬਾਣੀ ਇਕ ਲਗਾਏ ਸਾਚਾ ਪੌੜ, ਸੋ ਪੁਰਖ ਨਿਰੰਜਣ ਨਾਮ ਡੰਡਾ ਹੱਥ ਫੜਾਇੰਦਾ। ਗੁਰਸਿਖ ਲੱਗੀ ਏਕਾ ਔੜ, ਅੰਮ੍ਰਿਤ ਦਰਸ ਮੇਘ ਬਰਸ ਹਰਸੀ ਹਰਸ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕਪੜ ਕਾਇਆ ਕੂੜ, ਆਪਣੀ ਬਖ਼ਸ਼ ਸਾਚੀ ਧੂੜ, ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਨਾਮ ਅਮੋਲਕ ਕਾਇਆ ਗੋਲਕ ਸ਼ਬਦ ਅਨਾਦੀ ਅਨਹਦ ਢੋਲਕ, ਹਰਿਜਨ ਸਾਚੇ ਸਤਿਗੁਰ ਸਾਚਾ, ਜੀਉ ਪਿੰਡ ਤਨ ਸਾਚੇ ਰਾਚਾ, ਜਗਤ ਬੁਝਾਏ ਲੱਗੀ ਆਂਚਾ, ਸ਼ਬਦ ਜਣਾਏ ਸਾਚੋ ਸਾਚਾ, ਸਚ ਸੁੱਚ ਸੁੱਚ ਸਚ ਵੱਡੀ ਵਡਿਆਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੋਹੰ ਰੂਪ ਆਪ ਅਖਵਾਈਆ।
