੨੧ ਚੇਤ ੨੦੧੬ ਬਿਕ੍ਰਮੀ ਜਾਗੀਰ ਸਿੰਘ ਦੇ ਘਰ ਗੱਗੋ ਬੂਆ ਜ਼ਿਲਾ ਅੰਮ੍ਰਿਤਸਰ
ਸ਼ੌਹ ਪਾਇਆ ਘਰ ਵਸਿਆ, ਆਈ ਬਸੰਤ ਬਹਾਰ। ਮਾਰਗ ਸਤਿਗੁਰ ਸਾਚਾ ਦੱਸਿਆ, ਨਾਮ ਸ਼ਬਦ ਹਿਰਦੇ ਉਰਧਾਰ। ਸਾਚੇ ਮੰਦਰ ਬਹਿ ਬਹਿ ਹੱਸਿਆ, ਘਰ ਸਾਚੇ ਕਰੇ ਪਿਆਰ। ਆਤਮ ਪਰਮਾਤਮ ਆਪੇ ਵਸਿਆ, ਨਿਰਗੁਣ ਸਰਗੁਣ ਕਰ ਪਿਆਰ। ਲੋਕਮਾਤ ਫਿਰੇ ਨੱਸਿਆ, ਲੋਆਂ ਪੁਰੀਆਂ ਪਾਰ ਕਿਨਾਰ। ਜਗਤ ਵਿਕਾਰਾ ਰਿਹਾ ਝੱਸਿਆ, ਜਗਤ ਤ੍ਰਿਸਨਾ ਦੇਵੇ ਮਾਰ। ਕਲਜੁਗ ਜੀਵ ਮਾਇਆ ਮਮਤਾ ਫਸਿਆ, ਗੁਰ ਸਤਿਗੁਰ ਕੱਢੇ ਬਾਹਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਮੇਲਾ ਕੰਤ ਭਤਾਰ। ਨਢੜੀ ਸ਼ਬਦ ਜਾਣਿਆ, ਪਾਰਬ੍ਰਹਮ ਬੇਅੰਤ। ਘਰ ਆਪਣੇ ਰੰਗ ਮਾਣਿਆ, ਮਿਲਿਆ ਮੇਲ ਹਰਿ ਕੰਤ। ਬਹਿ ਬਹਿ ਗਾਏ ਗਾਣਿਆ, ਅਨਹਦ ਸੁਹਾਗੀ ਛੰਤ। ਦਰ ਨਿਮਾਣੀ ਦੇਵੇ ਮਾਣਿਆ, ਵਡ ਦਾਤਾ ਪਤਿ ਪਤਿਵੰਤ। ਸਦ ਚਲਾਏ ਆਪਣੇ ਭਾਣਿਆ, ਬਖ਼ਸ਼ੇ ਨਾਮ ਸੋਹੰ ਮੰਤ। ਆਵਣ ਜਾਣ ਚੁਕਾਏ ਕਾਨਿਆ, ਮੇਲ ਮਿਲਾਏ ਆਦਿ ਅੰਤ। ਮਿਲਿਆ ਦਰ ਪੁਰਖ ਸੁਲਤਾਨਿਆ, ਮਹਿਮਾ ਗਣਤ ਅਗਣਤ। ਕਮਲੀ ਕੋਝੀ ਕਰੇ ਪਰਵਾਨਿਆ, ਹਰਿਜਨ ਉਧਾਰੇ ਸਾਚੇ ਸੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਲ ਮਿਲਾਇਆ ਸਾਚੇ ਘਰ, ਘਰ ਆਈ ਰੁੱਤ ਬਸੰਤ। ਖੁਲ੍ਹੀ ਮੇਂਹਡੀ ਯਾਰਨ ਆਇਆ, ਨਢੜਾ ਰੂਪ ਕਰਤਾਰ। ਹੱਥੀ ਮੈਂਹਦੀ ਨਾਮ ਰੰਗਾਇਆ, ਨੇਤਰ ਨਾਮ ਸ਼ਿੰਗਾਰ। ਹਰਿ ਦਰਸ਼ਨ ਕੱਜਲਾ ਪਾਇਆ, ਆਪਣੀ ਅੱਖ ਉਘਾੜ। ਸਚ ਕਲੀਰਾ ਹੱਥ ਬੰਧਾਇਆ, ਸਗਨ ਕੀਆ ਸੰਸਾਰ। ਏਕਾ ਵਟਨਾ ਤਨ ਮਲਾਇਆ, ਦੁਰਮਤ ਮੈਲ ਉਤਾਰ। ਸ਼ਬਦ ਵਿਚੋਲਾ ਘਰ ਘਰ ਆਇਆ, ਦਏ ਸੁਨੇਹੜਾ ਅੰਤਮ ਵਾਰ। ਸਾਚਾ ਲਾੜਾ ਧੁਰ ਦਰਗਾਹਿਆ, ਹੋਇਆ ਖ਼ਬਰਦਾਰ। ਜਨ ਘੋੜਾ ਇਕ ਸਜਾਇਆ, ਵਾਗ ਗੁੰਦੇ ਜੋਤ ਨਿਰੰਜਣ ਕਰ ਪਿਆਰ। ਆਪ ਆਪਣਾ ਆਸਣ ਲਾਇਆ, ਚਾਰੇ ਵਾਗਾਂ ਦਏ ਹੁਲਾਰ। ਚੌਥੇ ਯੁਗ ਵੇਸ ਵਟਾਇਆ, ਰੂਪ ਅਨੂਪ ਸੱਚੀ ਸਰਕਾਰ। ਸੀਸ ਦਸਤਾਰਾ ਇਕ ਬੰਧਾਇਆ, ਰੰਗ ਕੇਸਰੀ ਅਪਰ ਅਪਾਰ। ਜਗਤ ਥਾਨੇਸਰ ਵੇਖਣ ਆਇਆ, ਜੋਧਾ ਸੂਰ ਬਲੀ ਬਲਕਾਰ। ਸਾਚਾ ਲਾੜਾ ਸੋਭਾ ਪਾਇਆ, ਸ਼ਸਤਰ ਬਸਤਰ ਤੇਜ਼ ਕਟਾਰ। ਗੁਰਮੁਖ ਨਾਰੀ ਖ਼ੁਸ਼ੀ ਮਨਾਇਆ, ਘਰ ਹੋਇਆ ਮੰਗਲਾਚਾਰ। ਸਾਚੀ ਸਖੀਆਂ ਆਖ ਸੁਣਾਇਆ, ਪੇਈਏ ਛੁੱਟੇ ਮੇਲਾ ਹੋਏ ਕੰਤ ਭਤਾਰ। ਕੰਤ ਸੁਹਾਗੀ ਵਿਆਉਣ ਆਇਆ, ਇਛਿਆ ਆਪਣੀ ਕਰ ਵਿਚਾਰ। ਸ਼ਬਦ ਦਲਾਲਾ ਖ਼ੁਸ਼ੀ ਮਨਾਇਆ, ਆਪ ਸੁਹਾਏ ਥਿਤ ਵਾਰ। ਆਪ ਆਪਣਾ ਸਾਹ ਸੁਧਾਇਆ, ਲੇਖਾ ਲਿਖ ਆਪ ਕਰਤਾਰ। ਕਲਜੁਗ ਚੌਥੇ ਯੁਗ ਚੌਥਾ ਫੇਰਾ ਏਕਾ ਵਾਰ ਦਵਾਇਆ, ਪੁਰਖ ਅਬਿਨਾਸ਼ੀ ਖੇਲ ਨਿਆਰ। ਪਿਰ ਘਰ ਪਾਇਆ ਸਹਿਜ ਸਭਾਇਆ, ਕੰਤ ਸਭਾਗੀ ਹੋਈ ਨਾਰ। ਸਤਿਗੁਰ ਪੁਰਖ ਅਬਿਨਾਸ਼ੀ ਕਰਤਾ ਏਕਾ ਨਜ਼ਰੀ ਆਇਆ, ਵਿਛੜਿਆ ਸੰਸਾਰ। ਸਾਚਾ ਡੋਲਾ ਆਪ ਉਠਾਇਆ, ਨਾ ਲਾਏ ਚਾਰ ਕੁਹਾਰ। ਆਪਣੇ ਮੰਦਰ ਆਪ ਬਹਾਇਆ, ਆਪੇ ਪੜਦਾ ਦਏ ਉਤਾਰ। ਆਪਣਾ ਮੁਖ ਆਪ ਦਿਖਲਾਇਆ, ਨੈਣ ਨੇਤਰ ਨਾ ਹੋਏ ਸ਼ਰਮਸਾਰ। ਏਕਾ ਸੇਜਾ ਬੰਕ ਸੁਹਾਇਆ, ਸਚ ਸੁੱਚ ਕਰਿਆ ਸਚ ਪਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਆਪੇ ਕਰ, ਗ਼ਰੀਬ ਨਿਮਾਣੇ ਨਿਤਾਣੇ ਰਿਹਾ ਉਠਾਲ।
