੨੧ ਚੇਤ ੨੦੧੬ ਬਿਕ੍ਰਮੀ ਪੂਰਨ ਸਿੰਘ ਦੇ ਘਰ ਪਿੰਡ ਸੋਹਲ ਅੰਮ੍ਰਿਤਸਰ
ਆਦਿ ਪੁਰਖ ਨਿਰੰਜਣ ਹਰਿ ਭਗਵਾਨ, ਇਕ ਅਕੱਲਾ ਇਕਉਂਕਾਰਿਆ। ਖੇਲੇ ਖੇਲ ਦੋ ਜਹਾਨ, ਪਾਰਬ੍ਰਹਮ ਪ੍ਰਭ ਭੇਵ ਅਪਾਰਿਆ। ਪੁਰਖ ਅਬਿਨਾਸ਼ੀ ਖੇਲ ਮਹਾਨ, ਲੇਖਾ ਲੇਖ ਨਾ ਕੋਇ ਲਿਖਾ ਰਿਹਾ। ਥਿਰ ਘਰ ਵਸੇ ਸਚ ਮਕਾਨ, ਸਚਖੰਡ ਦਵਾਰਾ ਇਕ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾ ਰਿਹਾ। ਪਾਰਬ੍ਰਹਮ ਪ੍ਰਭ ਹਰਿ ਬੇਅੰਤ, ਏਕਾ ਰੰਗ ਸਮਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਵੇਸ ਵਟਾਈਆ। ਮੇਲ ਮਿਲਾਵਾ ਸਾਚੇ ਸੰਤ, ਹਰਿਜਨ ਸਾਚੇ ਲਏ ਉਠਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਆਤਮ ਬ੍ਰਹਮ ਨਾ ਕੋਇ ਜਣਾਈਆ। ਜੁਗ ਜੁਗ ਮਹਿਮਾ ਗਣਤ ਅਗਣਤ, ਆਪਣੇ ਹੱਥ ਰੱਖੇ ਵਡਿਆਈਆ। ਸ੍ਰਿਸ਼ਟ ਸਬਾਈ ਨਾਰੀ ਕੰਤ, ਸਤਿ ਪੁਰਖ ਨਿਰੰਜਣ ਆਪ ਅਖਵਾਈਆ। ਘਟ ਘਟ ਪਸਾਰਾ ਜੀਵ ਜੰਤ, ਬੇਅੰਤ ਭੇਵ ਨਾ ਆਈਆ। ਹਰਿਜਨ ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਖੇਲ ਖਿਲਾਈਆ। ਅਬਿਨਾਸ਼ੀ ਕਰਤਾ ਪੁਰਖ ਅਥਾਹ, ਏਕਾ ਏਕ ਅਖਵਾਇੰਦਾ। ਜਨ ਭਗਤਾਂ ਲੋਕਮਾਤ ਬਣ ਮਲਾਹ, ਆਪ ਆਪਣਾ ਨਾਉਂ ਧਰਾਇੰਦਾ। ਇਕ ਜਪਾਏ ਸਾਚਾ ਨਾਂ, ਸ਼ਬਦ ਅਗੰਮੀ ਆਪ ਅਲਾਇੰਦਾ। ਜੁਗਾ ਜੁਗੰਤਰ ਕਰੇ ਸਚ ਨਿਆਂ, ਥਿਰ ਘਰ ਬੈਠਾ ਵੇਖ ਵਖਾਇੰਦਾ। ਸ੍ਰਿਸ਼ਟ ਸਬਾਈ ਪਿਤਾ ਮਾਂ, ਆਪ ਆਪਣਾ ਦਰ ਸੁਹਾਇੰਦਾ। ਹਰਿਜਨ ਹਰਿ ਸੰਤ ਹਰਿ ਭਗਤ ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਚੋਗ ਚੁਗਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਦਰਗਹਿ ਸਾਚੀ ਥਾਨ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਆਪ ਅਖਵਾਇੰਦਾ। ਏਕਉਂਕਾਰਾ ਕਰ ਪਸਾਰ, ਲੱਖ ਚੁਰਾਸੀ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਾਦਾਰ, ਸੇਵਕ ਸੇਵਾ ਰਿਹਾ ਕਮਾਈਆ। ਤ੍ਰੈਗੁਣ ਤੇਰਾ ਤੱਤ ਵਿਚਾਰ, ਪੰਚਮ ਜੋੜ ਜੁੜਾਈਆ। ਪਾਰਬ੍ਰਹਮ ਬ੍ਰਹਮ ਹੋ ਤਿਆਰ, ਆਪ ਆਪਣਾ ਅੰਗ ਕਟਾਈਆ। ਸਵੱਛ ਸਰੂਪੀ ਸਾਚੀ ਧਾਰ, ਸਤਿ ਸਤਿਵਾਦੀ ਆਪ ਚਲਾਈਆ। ਖੇਲੇ ਖੇਲ ਵਿਚ ਸੰਸਾਰ, ਨੌ ਖੰਡ ਫੇਰਾ ਪਾਈਆ। ਦੀਪਾਂ ਲੋਆਂ ਹੋ ਉਜਿਆਰ, ਗਗਨ ਮੰਡਲ ਆਪ ਸੁਹਾਈਆ। ਨਿਰਗੁਣ ਬਾਣੀ ਇਕ ਅਪਾਰ, ਘਰ ਘਰ ਦੀਪਕ ਰਿਹਾ ਜਗਾਈਆ। ਕਮਲਾਪਾਤੀ ਮੀਤ ਮੁਰਾਰ, ਹਰਿ ਸਾਜਣ ਵੇਖ ਵਖਾਈਆ। ਅੰਮ੍ਰਿਤ ਦੇਵੇ ਬੂੰਦ ਸਵਾਂਤੀ ਠੰਡੀ ਠਾਰ, ਨਿਝਰ ਧਾਰਾ ਆਪ ਚੁਆਈਆ। ਚਰਨ ਪ੍ਰੀਤੀ ਬਖ਼ਸ਼ੇ ਸਚ ਪਿਆਰ, ਸਚ ਸਰੋਵਰ ਇਕ ਨੁਹਾਈਆ। ਅਨਹਦ ਨਾਦ ਧੁਨੀ ਧੁਨਕਾਰ, ਕਾਇਆ ਮੰਦਰ ਆਪ ਅਲਾਈਆ। ਬੰਦ ਕਿਵਾੜੀ ਖੋਲ੍ਹ ਕਿਵਾੜ, ਪੰਚਮ ਧਾੜੀ ਮੇਟ ਮਿਟਾਈਆ। ਹਰਿਜਨ ਸਾਚੇ ਕਰ ਪਿਆਰ, ਆਤਮ ਸੇਜਾ ਰਿਹਾ ਸੁਹਾਈਆ। ਸਤਿਗੁਰ ਸਾਜਣ ਮੀਤ ਮੁਰਾਰ, ਇਕ ਅਕੱਲਾ ਹੋਏ ਸਹਾਈਆ। ਦੂਈ ਦਵੈਤੀ ਦਏ ਨਵਾਰ, ਤੀਜਾ ਲੋਚਣ ਇਕ ਖੁਲ੍ਹਾਈਆ। ਚੌਥੇ ਪਦ ਖ਼ਬਰਦਾਰ, ਆਪ ਆਪਣਾ ਮੁਖ ਵਖਾਈਆ। ਪੰਚਮ ਮੀਤਾ ਪਾਵੇ ਸਾਰ, ਪੰਚਮ ਸਖ਼ੀਆ ਮੰਗਲ ਗਾਈਆ। ਸੋਹੇ ਘਰ ਸੱਚਾ ਦਵਾਰ, ਜਿਸ ਘਰ ਬੈਠਾ ਬੇਪਰਵਾਹੀਆ। ਗੁਰਸਿਖ ਸੁਲੱਖਣੀ ਹੋਏ ਨਾਰ, ਵਰ ਪਾਇਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦ, ਏਕ ਧਾਰ ਬੰਧਾਈਆ। ਸ਼ਬਦ ਧਾਰ ਹਰਿ ਨਿਰੰਕਾਰ, ਆਪਣੀ ਆਪ ਚਲਾਇੰਦਾ। ਨਿਰਗੁਣ ਨੂਰ ਹੋ ਉਜਿਆਰ, ਸਰਗੁਣ ਮੇਲ ਮਿਲਾਇੰਦਾ। ਸਰਗੁਣ ਢੋਲਾ ਸਚ ਜੈਕਾਰ, ਆਪਣਾ ਬੋਲਾ ਆਪ ਅਲਾਇੰਦਾ। ਤੋਲਾ ਬਣ ਸਿਰਜਣਹਾਰ, ਲੱਖ ਚੁਰਾਸੀ ਤੋਲ ਤੁਲਾਇੰਦਾ । ਜੁਗ ਜੁਗ ਖੇਲੇ ਖੇਲ ਅਗੰਮ ਅਪਾਰ, ਅਲੱਖ ਅਲੱਖਣਾ ਲੇਖ ਲਿਖਾਇੰਦਾ। ਕਲਜੁਗ ਤੇਰੀ ਅੰਤਮ ਵਾਰ, ਭੇਵ ਅਭੇਦਾ ਭੇਵ ਛੁਪਾਇੰਦਾ। ਚਾਰ ਕੁੰਟ ਦਹਿ ਦਿਸ਼ਾਂ ਧੂੰਆਂਧਾਰ, ਸਚ ਪਰਕਾਸ਼ ਨਾ ਕੋਇ ਵਖਾਇੰਦਾ। ਲੱਖ ਚੁਰਾਸੀ ਹੋਏ ਖ਼ਵਾਰ, ਪੰਜ ਤੱਤ ਹਲਕਾਇੰਦਾ। ਬੁਧ ਮਤ ਗਈ ਹਾਰ, ਮਨ ਮਨੂਆ ਡੌਰੂ ਵਾਇੰਦਾ। ਕੂੜੀ ਕਿਰਿਆ ਕਰ ਵਿਚਾਰ, ਕੂੜਾ ਰੰਗ ਰੰਗਾਇੰਦਾ। ਸਚ ਸੁੱਚ ਨਾ ਦਿਸੇ ਕੋਇ ਦਵਾਰ, ਨਾਮ ਭੰਡਾਰ ਨਾ ਕੋਇ ਵਰਤਾਇੰਦਾ। ਨੌ ਦਰ ਝੱਖ ਰਹੇ ਮਾਰ, ਤ੍ਰਿਸਨਾ ਭੁੱਖ ਨਾ ਕੋਇ ਗਵਾਇੰਦਾ। ਨਾਲ ਰਲਾਇਆ ਕਾਮ ਕਰੋਧ ਲੋਭ ਮੋਹ ਹੰਕਾਰ, ਹਉਮੇ ਰੋਗ ਸਤਾਇੰਦਾ। ਹਰਿ ਸ਼ਬਦ ਨਾ ਕਰੇ ਕੋਈ ਪਿਆਰ, ਹਿਰਦੇ ਹਰਿ ਨਾ ਕੋਇ ਵਸਾਇੰਦਾ। ਭਰਮੇ ਭੁੱਲਾ ਭਰਮ ਸੰਸਾਰ, ਭਾਂਡਾ ਭਰਮ ਨਾ ਕੋਇ ਭੰਨਾਇੰਦਾ। ਕਾਇਆ ਗੜ੍ਹ ਹੋਇਆ ਹੰਕਾਰ, ਉਪਰ ਚੜ੍ਹ ਨਾ ਕੋਇ ਢਾਇੰਦਾ। ਸੁਖਮਨ ਵੇਖੀ ਟੇਢੀ ਗਾਰ, ਪਾਰ ਕਿਨਾਰ ਨਾ ਕੋਇ ਵਸਾਇੰਦਾ। ਬਿਨ ਸਤਿਗੁਰ ਪੂਰੇ ਕੋਇ ਨਾ ਉਤਰੇ ਪਾਰ, ਮੰਝਧਾਰ, ਸਰਬ ਰੁੜ੍ਹਾਇੰਦਾ। ਆਦਿ ਜੁਗਾਦੀ ਇਕਉਂਕਾਰ, ਅਕਲ ਕਲਾ ਆਪ ਅਖਵਾਇੰਦਾ । ਨਿਰਗੁਣ ਸਰਗੁਣ ਕਰ ਪਿਆਰ, ਜੋਤੀ ਜਾਮਾ ਭੇਖ ਵਟਾਇੰਦਾ। ਸ਼ਬਦ ਖੰਡਾ ਤੇਜ਼ ਕਟਾਰ, ਨਾਮ ਨਿਧਾਨਾ ਹੱਥ ਉਠਾਇੰਦਾ। ਮਨ ਮਤ ਕਲਜੁਗ ਕਰੇ ਖਵਾਰ, ਗੁਰਮਤ ਇਹ ਸਮਝਾਇੰਦਾ। ਚਾਰ ਵਰਨਾਂ ਇਕ ਆਧਾਰ, ਏਕਾ ਦਰ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਗੁਰ ਇਕ ਅਖਵਾਇੰਦਾ। ਸ਼ਬਦ ਗੁਰ ਸ਼ਾਹ ਸੁਲਤਾਨ, ਹਰਿ ਸਾਚਾ ਆਪ ਉਪਾਇੰਦਾ। ਆਦਿ ਜੁਗਾਦੀ ਇਕ ਨਿਸ਼ਾਨ, ਦਰਗਹਿ ਸਾਚੀ ਆਪ ਝੁਲਾਇੰਦਾ। ਲੱਖ ਚੁਰਾਸੀ ਵੇਖ ਮਕਾਨ, ਆਪ ਆਪਣਾ ਆਸਣ ਲਾਇੰਦਾ। ਮੁਖ ਛੁਪਾਏ ਗੁਣ ਨਿਧਾਨ, ਦਿਸ ਕਿਸੇ ਨਾ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਸੋ ਜਨ ਬੂਝ ਬੁਝਾਇੰਦਾ। ਆਤਮ ਅੰਤਰ ਇਕ ਗਿਆਨ, ਏਕਾ ਬ੍ਰਹਮ ਵਖਾਇੰਦਾ। ਹਉਮੇ ਰੋਗ ਸਰਬ ਮਿਟ ਜਾਣ, ਸਹਿੰਸਾ ਸਾਗਰ ਨਾ ਕੋਇ ਡੁਬਾਇੰਦਾ। ਮੇਲ ਮਿਲਾਵਾ ਸ੍ਰੀ ਭਗਵਾਨ, ਦੂਸਰ ਦਰ ਨਾ ਕੋਇ ਵਖਾਇੰਦਾ। ਨਿਰਗੁਣ ਦੀਪ ਜਗੇ ਮਹਾਨ, ਜੋਤ ਜਵਾਲਾ ਡਗਮਗਾਇੰਦਾ। ਆਦਿ ਸ਼ਕਤ ਏਕਾ ਆਣ, ਏਕਾ ਰੂਪ ਦਰਸਾਇੰਦਾ। ਆਦਿ ਨਿਰੰਜਣ ਖੇਲ ਮਹਾਨ, ਜੁਗਾ ਜੁਗੰਤਰ ਖੇਲ ਖਿਲਾਇੰਦਾ। ਕਲਜੁਗ ਮੇਟੇ ਝੂਠ ਦੁਕਾਨ, ਕੂੜੀ ਕਿਰਿਆ ਵੇਖ ਵਖਾਇੰਦਾ। ਚੌਦਾਂ ਤਬਕਾਂ ਕਰੇ ਪਛਾਣ, ਚੌਦਾਂ ਹੱਟ ਖੁਲ੍ਹਾਇੰਦਾ। ਲੋਆਂ ਪੁਰੀਆਂ ਇਕ ਗਿਆਨ, ਮੰਤਰ ਨਾਮ ਇਕ ਦ੍ਰਿੜਾਇੰਦਾ। ਇਸ਼ਟ ਦੇਵ ਗੁਰ ਇਕ ਵਖਾਣ, ਏਕਾ ਬੂਝ ਬੁਝਾਇੰਦਾ। ਏਕਾ ਅੰਮ੍ਰਿਤ ਪੀਣ ਖਾਣ, ਤ੍ਰਿਸਨਾ ਭੁੱਖ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਆਪ ਅਖਵਾਇੰਦਾ। ਸਤਿ ਸਰੂਪ ਹਰਿ ਮਿਹਰਵਾਨਾ, ਅਕਲ ਕਲਾ ਕਲ ਧਾਰੀਆ। ਹਰਿਜਨ ਦੇਵੇ ਜੀਆਂ ਦਾਨਾ, ਦਾਤਾ ਦਾਨੀ ਆਪ ਅਖਵਾ ਰਿਹਾ। ਸ਼ਬਦ ਚੜ੍ਹਾਏ ਸਚ ਬਬਾਣਾ, ਸਾਚਾ ਅਸਵ ਆਪ ਦੌੜਾ ਰਿਹਾ। ਇਕ ਵਖਾਏ ਪਦ ਨਿਰਬਾਣਾ, ਪਰਮ ਪੁਰਖ ਮਿਲਾ ਰਿਹਾ। ਸਤਿ ਸੰਤੋਖੀ ਬੰਨ੍ਹੇ ਗਾਨਾ, ਨਾਮ ਤੰਦਨ ਹੱਥ ਉਠਾ ਰਿਹਾ। ਏਕਾ ਰਾਗ ਸੁਣਾਏ ਕਾਨਾ, ਅਨਹਦ ਰਾਗ ਅਲ੍ਹਾ ਰਿਹਾ। ਦੇਵਣਹਾਰਾ ਧੁਰ ਫ਼ਰਮਾਨਾ, ਜੁਗ ਜੁਗ ਨਾਮ ਨਿਧਾਨਾ ਝੋਲੀ ਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰੂਪ ਆਪ ਦਰਸਾ ਰਿਹਾ। ਏਕਾ ਰੂਪ ਹਰਿ ਭਗਵੰਤ, ਘਟ ਘਟ ਨਜ਼ਰੀ ਆਈਆ। ਗੁਰਮੁਖ ਵਿਰਲਾ ਜਾਣੇ ਸੰਤ, ਸੁੱਤੀ ਸਰਬ ਲੋਕਾਈਆ। ਕਲਜੁਗ ਮਾਇਆ ਪਾਏ ਬੇਅੰਤ, ਬੇਅੰਤ ਹੱਥ ਵਡਿਆਈਆ। ਆਪ ਭੁਲਾਏ ਜੀਵ ਜੰਤ, ਆਪਣਾ ਮਾਰਗ ਆਪ ਸਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਵੇਖ ਵਖਾਈਆ। ਗੁਰਮੁਖ ਸੱਜਣ ਮੀਤੜਾ, ਗੁਰ ਸਤਿਗੁਰ ਵੇਖ ਵਖਾਏ। ਦੇਵੇ ਨਾਮ ਸ਼ਬਦ ਅਨਡੀਠੜਾ, ਨਿਜ ਘਰ ਸਾਚੇ ਆਪ ਵਸਾਏ। ਕਾਇਆ ਚੋਲੀ ਰੰਗੇ ਚੀਥੜਾ, ਦੁਰਮਤ ਮੈਲ ਧਵਾਏ। ਕਰੇ ਕਰਾਏ ਪਤਿਤ ਪੁਨੀਤੜਾ, ਪਤਿਤ ਪਾਵਨ ਦਇਆ ਕਮਾਏ। ਮਿਠਾ ਕਰੇ ਕੌੜਾ ਰੀਠੜਾ, ਜਿਸ ਜਨ ਅੰਮ੍ਰਿਤ ਜਾਮ ਪਿਆਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸਾਜਣ ਲਏ ਤਰਾਏ। ਹਰਿ ਸੱਜਣ ਹਰਿ ਪੇਖਿਆ, ਪਰਮ ਪੁਰਖ ਕਰਤਾਰ। ਸਤਿਗੁਰ ਪੂਰਾ ਨੇਤਰ ਵੇਖਿਆ, ਲੋਚਣ ਨੈਣ ਇਕ ਉਘਾੜ। ਸੇਵ ਕਮਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਦਰ ਦਰਵੇਸਾ ਅਲੱਖ ਜੈਕਾਰ । ਨਿਰਗੁਣ ਨੂਰ ਸਰਬ ਪਰਵੇਸਿਆ, ਦਿਸ ਨਾ ਆਏ ਵਿਚ ਸੰਸਾਰ। ਆਦਿ ਜੁਗਾਦੀ ਕਰੇ ਵੇਸਿਆ, ਅਛਲ ਅਛਲ ਅਪਰ ਅਪਾਰ। ਆਪੇ ਹੋਏ ਧਾਰੀ ਕੇਸਿਆ, ਮੂੰਡ ਮੁੰਡਾਏ ਆਪ ਕਰਤਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵਰਨਾਂ ਬਰਨਾਂ ਵਸੇ ਬਾਹਰ। ਗੁਰਮੁਖ ਸੱਜਣ ਪਾਇਆ, ਸਤਿਗੁਰ ਸਾਜਣ ਮੀਤ। ਹਉਮੇ ਹੰਗਤਾ ਰੋਗ ਗਵਾਇਆ, ਹੋਇਆ ਪਤਿਤ ਪੁਨੀਤ। ਨੇਤਰ ਲੋਚਣ ਇਕ ਖੁਲ੍ਹਾਇਆ, ਦਰਸ਼ਨ ਪੇਖ ਨੇਤਨ ਨੀਤ। ਸਾਚਾ ਮੰਦਰ ਇਕ ਸੁਹਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿਜਨ ਕਾਇਆ ਕਰੇ ਠਾਂਡੀ ਸੀਤ। ਕਾਇਆ ਮੰਦਰ ਸਾਚਾ ਗੜ੍ਹ, ਪੰਜ ਤੱਤ ਆਪ ਸੁਹਾਈਆ। ਹਰਿਜਨ ਵੇਖੇ ਅੰਦਰ ਵੜ, ਆਪ ਆਪਣਾ ਮੁਖ ਦਿਖਲਾਈਆ। ਸਤਿਗੁਰ ਪੂਰਾ ਨਾ ਕੋਈ ਸੀਸ ਨਾ ਕੋਈ ਧੜ, ਸ਼ਬਦੀ ਸ਼ਬਦ ਸਮਾਈਆ। ਸਤਿ ਸਰੂਪੀ ਦਰਸ ਦਿਖਾਏ ਅੱਗੇ ਖੜ, ਨਿਜ ਨੇਤਰ ਆਪ ਖੁਲ੍ਹਾਈਆ। ਏਕਾ ਅੱਖਰ ਜਾਏ ਪੜ੍ਹ, ਵਿਦਿਆ ਰਿਹਾ ਸਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਨਿਰਗੁਣ ਨੂਰ ਨੂਰ ਉਜਾਲਾ, ਹਰੀ ਹਰਿ ਆਪ ਕਰਾਇੰਦਾ। ਪਰਮ ਪੁਰਖ ਪ੍ਰਭ ਦੀਨ ਦਿਆਲਾ, ਦਇਆ ਨਿਧ ਨਾਮ ਧਰਾਇੰਦਾ। ਕਲਜੁਗ ਚਲੇ ਅਵੱਲੜੀ ਚਾਲਾ, ਭੇਵ ਕੋਇ ਨਾ ਪਾਇੰਦਾ। ਸ਼ਬਦ ਗੁਰ ਬਣ ਦਲਾਲਾ, ਲੋਕਮਾਤ ਫੇਰਾ ਪਾਇੰਦਾ। ਵੇਖਣਹਾਰਾ ਹੱਕ ਹਲਾਲਾ, ਲਾਸ਼ਰੀਕ ਨਾਉਂ ਧਰਾਇੰਦਾ। ਜਲਵਾ ਨੂਰ ਨੂਰ ਜਲਾਲਾ, ਬੇਐਬ ਪਰਵਰਦਿਗਾਰ ਫੇਰਾ ਪਾਇੰਦਾ। ਗਗਨ ਮੰਡਲ ਵੇਖੇ ਸਾਚਾ ਥਾਲਾ, ਦੀਪਕ ਜੋਤੀ ਕਵਣ ਦਰ ਡਗਮਗਾਇੰਦਾ। ਹਰਿਜਨ ਤੇਰਾ ਕਾਇਆ ਮੰਦਰ ਸੱਚੀ ਧਰਮਸਾਲਾ, ਹਰਿ ਸਾਜਣ ਵੇਖ ਵਖਾਇੰਦਾ। ਬਜਰ ਕਪਾਟੀ ਤੋੜੇ ਤਾਲਾ, ਆਪਣੀ ਹੱਥੀਂ ਕੁੰਡਾ ਲਾਹਿੰਦਾ। ਕੂੜੀ ਕਿਰਿਆ ਮੇਟ ਜੰਜਾਲਾ, ਸਚ ਸੁੱਚ ਵਰਤਾਇੰਦਾ। ਏਕਾ ਦੱਸੇ ਰਾਹ ਸੁਖਾਲਾ, ਬੇਹੰਗਮ ਚਾਲ ਚਲਾਇੰਦਾ। ਗੋਬਿੰਦ ਮੇਲਾ ਸਾਚੇ ਲਾਲਾ, ਲਾਲ ਦੁਲਾਰਾ ਵੇਖ ਵਖਾਇੰਦਾ। ਫਲ ਲਗਾਏ ਸਾਚੇ ਡਾਲ੍ਹਾ, ਅੰਮ੍ਰਿਤ ਮੇਵਾ ਇਕ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਸਾਚੇ ਦਰ ਵਖਾਇੰਦਾ। ਗੁਰਸਿਖ ਸਾਜਣ ਹਰਿ ਘਰ ਪਾਇਆ, ਘਰ ਘਰ ਹੋਈ ਰੁਸ਼ਨਾਈਆ। ਸਾਚੀ ਸਖੀਆਂ ਮੰਗਲ ਏਕਾ ਗਾਇਆ, ਏਕਾ ਰਾਗ ਅਲਾਈਆ। ਏਕਾ ਮੀਤ ਨਜ਼ਰੀ ਆਇਆ, ਠਾਂਡਾ ਸੀਤ ਸਹਿਜ ਸੁਭਾਈਆ। ਵਸਿਆ ਚੀਤ ਵਿਸਰ ਨਾ ਜਾਇਆ, ਆਤਮ ਸੇਜਾ ਸੇਜ ਸੁਹਾਈਆ। ਹਸਤ ਕੀਟ ਏਕਾ ਰੰਗ ਰੰਗਾਇਆ, ਜੋ ਚਲ ਆਇਆ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਾਚੇ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ।
