ਕਰਮ ਸਿੰਘ ਦੇ ਘਰ ਸੇਖ ਸਰ
ਪੂਰਨ ਗੁਰ ਸਰਬ ਗੁਣਤਾਸ, ਗੁਰਸਿਖ ਪੂਰਨ ਬ੍ਰਹਮ ਜਣਾਈਆ। ਲੇਖੇ ਲਾਏ ਸਵਾਸ ਸਵਾਸ, ਰਸਨਾ ਜੇਹਵਾ ਜੋ ਜਨ ਗਾਈਆ। ਲਹਿਣਾ ਦੇਣਾ ਚੁਕਾਏ ਦਸ ਦਸ ਮਾਸ, ਗਰਭ ਨਿਵਾਸ ਫੰਦ ਕਟਾਈਆ। ਹੋਏ ਸਹਾਈ ਪ੍ਰਿਥਮੀ ਅਕਾਸ਼, ਆਪ ਆਪਣਾ ਸੰਗ ਨਿਭਾਈਆ। ਸਾਚੇ ਮੰਡਲ ਪਾਵੇ ਸਾਚੀ ਰਾਸ, ਹਰਿ ਸਾਚੀ ਵਡ ਵਡਿਆਈਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਭਗਤਾਂ ਪੈਜ ਰਖਾਈਆ। ਸੰਤ ਸੁਹੇਲਾ ਦਾਸੀ ਦਾਸ, ਸੇਵਕ ਸੇਵਾ ਆਪ ਕਮਾਈਆ। ਸਾਚੇ ਮੰਡਲ ਪਾਵੇ ਰਾਸ, ਗੁਰਸਿਖ ਸੱਜਣ ਵੇਖ ਵਖਾਈਆ। ਕਰੇ ਕਰਾਏ ਪੂਰੀ ਆਸ, ਪੂਰਬ ਇਛਿਆ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣਵੰਤਾ ਗੁਣ ਨਿਧਾਨ, ਪੁਰਖ ਅਬਿਨਾਸ਼ੀ ਖੇਲ ਮਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਾਗਰਤ ਜੋਤ ਨੂਰ ਉਜਾਲ, ਨੂਰੋ ਨੂਰ ਸਮਾਇਆ। ਹਰਿਜਨ ਵੇਖੇ ਸਾਚੇ ਲਾਲ, ਲਾਲ ਗੁਲਾਲਾ ਰੰਗ ਚੜ੍ਹਾਇਆ। ਸ਼ਬਦ ਸਰੂਪੀ ਬਣ ਦਲਾਲ, ਲੋਕਮਾਤ ਵੇਖਣ ਆਇਆ। ਜੋ ਜਨ ਘਾਲਨਾ ਰਹੇ ਘਾਲ, ਘਾਲੀ ਘਾਲ ਲੇਖੇ ਲਏ ਲਗਾਇਆ। ਸਚ ਵਖਾਏ ਲੋਕਮਾਤ ਧਰਮਸਾਲ, ਧਰਮ ਦਵਾਰਾ ਇਕ ਬਣਾਇਆ। ਜੁਗਾ ਜੁਗੰਤਰ ਚਲੇ ਅਵੱਲੜੀ ਚਾਲ, ਚਾਲ ਨਿਰਾਲੀ ਚਲਦਾ ਆਇਆ। ਗੁਰਮੁਖ ਸੱਜਣ ਲਏ ਭਾਲ, ਲੱਖ ਚੁਰਾਸੀ ਫੋਲ ਫੋਲਾਇਆ। ਵੇਖੇ ਫਲ ਸਾਚੇ ਡਾਲ੍ਹ, ਫੁਲ ਫੁਲਵਾੜੀ ਆਪ ਲਗਾਇਆ। ਤੋੜਨਹਾਰਾ ਜਗਤ ਜੰਜਾਲ, ਨਾਮ ਜੰਜਾਲ ਆਪਣਾ ਪਾਇਆ। ਦੇਵੇ ਨਾਮ ਸੱਚਾ ਧਨ ਮਾਲ, ਸਚ ਖ਼ਜੀਨਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਪੂਰਨ ਭਿਛਿਆ ਪੂਰ ਹਰਿ, ਸਤਿਗੁਰ ਪੂਰੇ ਹੱਥ ਵਡਿਆਈਆ। ਜਗਤ ਸਹਿੰਸਾ ਹਉਮੇ ਰੋਗ ਦੂਰ ਕਰ, ਦਰਦ ਦੁੱਖ ਭੈ ਭੰਜਣ ਨੇਤਰ ਅੰਜਣ ਏਕਾ ਪਾਈਆ। ਨਾਮ ਖੁਮਾਰੀ ਸਤਿ ਸਰੂਰ ਦਰ, ਸਾਕੀ ਜਾਮ ਇਕ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਨ ਆਸਾ ਸ਼ਬਦ ਭਰਵਾਸਾ ਸ਼ਬਦੀ ਸ਼ਬਦ ਚਲਾਈਆ। ਸਤਿਗੁਰ ਸ਼ਬਦ ਗੁਰਦੇਵ, ਸ਼ਬਦ ਸ਼ਬਦ ਇਸ਼ਟ ਰਖਾਇੰਦਾ। ਸ਼ਬਦ ਬ੍ਰਹਮਾ ਵਿਸ਼ਨ ਮਹੇਸ਼ ਲਗਾਏ ਸੇਵ, ਸ਼ਬਦ ਸ਼ਬਦੀ ਹੁਕਮ ਚਲਾਇੰਦਾ। ਸ਼ਬਦ ਦਾਤਾ ਗੁਣੀ ਗਹਿੰਦ ਵਡ ਮਰਗਿੰਦ ਅਲੱਖ ਅਭੇਵ, ਜੋਧਾ ਸੂਰਬੀਰ ਆਪ ਅਖਵਾਇੰਦਾ। ਸ਼ਬਦ ਮੇਟੇ ਸਗਲੀ ਚਿੰਦ, ਸ਼ਬਦ ਸਗਲਾ ਸੁਖ ਉਪਜਾਇੰਦਾ। ਸ਼ਬਦ ਉਪਜਾਏ ਨਾਦੀ ਬਿੰਦ, ਗੁਰਮੁਖ ਸਾਚੇ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਰਬ ਗੁਣਤਾਸ ਪੁਰਖ ਅਬਿਨਾਸ਼, ਨਿਜ ਘਰ ਵਾਸੀ ਆਪਣਾ ਆਪ ਵਖਾਇੰਦਾ। ਨਿਜ ਘਰ ਵਾਸਾ ਸ਼ਾਹੋ ਸ਼ਬਾਸ਼ਾ, ਘਰ ਬੈਠਾ ਤਾੜੀ ਲਾਈਆ। ਜਿਸ ਜਨ ਦੇਵੇ ਚਰਨ ਭਰਵਾਸਾ, ਬੰਦ ਕਿਵਾੜੀ ਆਪ ਖੁਲ੍ਹਾਈਆ। ਚਿੰਤਾ ਸੋਗ ਨਾ ਰਹੇ ਉਦਾਸਾ, ਰੋਗ ਸੋਗ ਨਾ ਕੋਇ ਵਹਾਈਆ। ਰੱਤੀ ਤੋਲਾ ਨਾ ਤੁਲੇ ਮਾਸਾ, ਸੇਰ ਧੜੀ ਨਾ ਕੋਇ ਵਿਕਾਈਆ। ਜਨ ਭਗਤਾਂ ਪੂਰੀ ਕਰੇ ਆਸਾ, ਨਾਮ ਰੰਗਣ ਇਕ ਰੰਗਾਈਆ। ਅੰਮ੍ਰਿਤ ਜਾਮ ਪਿਆਏ ਕਾਇਆ ਕਾਸਾ, ਸਚ ਕਟੋਰਾ ਹੱਥ ਉਠਾਈਆ। ਪੰਜ ਤੱਤ ਪੰਚਮ ਸ਼ਬਦ ਦੇਵਣਹਾਰਾ ਹਰਿ ਦਲਾਸਾ, ਆਪਣੀ ਬੂਝ ਆਪ ਬੁਝਾਈਆ। ਕਦੇ ਨਾ ਆਵੇ ਹਾਰ ਪਾਸਾ, ਜਿਸ ਮਿਲਿਆ ਦਾਤਾ ਦਾਨੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰਮ ਧਰਮ ਵੇਖ ਵਖਾਈਆ। ਕਰਮ ਕਰਮਾਂ ਆਪੇ ਵੇਖ, ਕਰਮੀ ਕਰਮਾਂ ਬਣਤ ਬਣਾਇੰਦਾ। ਸਤਿ ਪੁਰਖ ਨਿਰੰਜਣ ਆਦਿ ਜੁਗਾਦੀ ਲਿਖਣਹਾਰਾ ਲੇਖ, ਲਿਖਿਆ ਲੇਖ ਨਾ ਕੋਇ ਮਿਟਾਇੰਦਾ। ਸੰਤ ਸੁਹੇਲੇ ਗੁਰੂ ਗੁਰ ਚੇਲੇ ਆਪਣੇ ਨੇਤਰ ਆਪੇ ਲਏ ਪੇਖ, ਜਗਤ ਨੇਤਰ ਨਾ ਕੋਇ ਵਖਾਇੰਦਾ। ਸਤਿ ਸਤਿਵਾਦੀ ਲਾਏ ਸਾਚੀ ਮੇਖ, ਗੁਰਸਿਖ ਤੇਰੀ ਜੜ ਨਾ ਕੋਇ ਉਖੜਾਇੰਦਾ। ਕੁੱਲੀ ਕੱਖਾਂ ਧਾਰੇ ਭੇਖ, ਜਿਉਂ ਬਿਦਰ ਅਲੂਣਾ ਸਾਗ ਭੋਗ ਲਗਾਇੰਦਾ। ਆਪਣੇ ਲੋਚਣ ਆਪਣੇ ਨੈਣ ਆਪਣਾ ਹਰਿ ਜੀ ਲੈਣਾ ਪੇਖ, ਕਾਹਨਾ ਕ੍ਰਿਸ਼ਨਾ ਮੁਕੰਦ ਮਨੋਹਰ ਲੱਖਮੀ ਨਰਾਇਣ ਵੇਸ ਵਟਾਇੰਦਾ। ਆਦਿਨ ਅੰਤਾ ਹਰਿ ਭਗਵੰਤਾ ਆਪੇ ਹੋਏ ਚੇਤਨ ਚੇਤ, ਚਿਤਵਤ ਠਗੌਰੀ ਕੋਇ ਨਾ ਪਾਇੰਦਾ। ਬੀਜ ਬੀਜੇ ਸਾਚਾ ਕਾਇਆ ਖੇਤ, ਆਪਣੀ ਹੱਥੀਂ ਹਲ ਚਲਾਇੰਦਾ। ਰੁੱਤ ਬਸੰਤੀ ਰਹੇ ਮਹੀਨਾ ਚੇਤ, ਫੁਲ ਫੁਲਵਾੜੀ ਆਪ ਮਹਿਕਾਇੰਦਾ। ਆਪੇ ਵਸੇ ਨੇਤਨ ਨੇਤ, ਨਿਤ ਨਵਿਤ ਆਪਣੀ ਕਾਰ ਕਮਾਇੰਦਾ। ਜਨ ਭਗਤਾਂ ਕਰੇ ਸਾਚਾ ਹਿਤ, ਲੋਕਮਾਤ ਫੇਰਾ ਪਾਇੰਦਾ। ਸ਼ਬਦ ਸਰੂਪੀ ਖੇਵਟ ਖੇਟ, ਭਰਿਆ ਬੇੜਾ ਆਪ ਉਠਾਇੰਦਾ। ਆਪਣੇ ਨਾਮ ਦੁਸ਼ਾਲੇ ਲਏ ਲਪੇਟ, ਕਲਜੁਗ ਪੜਦਾ ਉਤੋਂ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਪੀ ਕਾਹਨ ਆਪ ਅਖਵਾਇੰਦਾ।
