੧੨ ਹਾੜ ੨੦੧੬ ਬਿਕ੍ਰਮੀ ਲਛਮਣ ਸਿੰਘ ਦੇ ਘਰ ਵੈਰੋਵਾਲ ਅਮਰਜੀਤ ਸਿੰਘ ਦੀ ਸ਼ਾਦੀ ਸਮੇਂ
ਸਤਿਗੁਰ ਸੱਚਾ ਸਾਖਿਆਤ, ਪਾਰਬ੍ਰਹਮ ਗੁਰ ਅਵਤਾਰਿਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਨ ਚੜ੍ਹਾ ਰਿਹਾ। ਸ਼ਬਦ ਅਗੰਮੀ ਲਏ ਬਰਾਤ, ਲੋਕਮਾਤ ਵੇਖ ਵਖਾ ਰਿਹਾ। ਜਨ ਭਗਤਾਂ ਦੇਵੇ ਸਾਚੀ ਦਾਤ, ਨਾਮ ਖ਼ਜ਼ਾਨਾ ਇਕ ਭਰਾ ਰਿਹਾ। ਗੁਰਮੁਖਾਂ ਕਰੇ ਉਤਮ ਜ਼ਾਤ, ਆਪ ਆਪਣਾ ਮੇਲ ਮਿਲਾ ਰਿਹਾ। ਆਦਿ ਜੁਗਾਦੀ ਇਕ ਅਕਾਂਤ, ਏਕੰਕਾਰਾ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੀ ਧਾਰ ਬੰਧਾ ਰਿਹਾ। ਸਤਿਜੁਗ ਸਾਚੀ ਬੰਨੇ ਧਾਰ, ਚਾਰ ਵਰਨ ਜਣਾਈਆ। ਸ਼ਤਰੀ ਸ਼ੂਦਰ ਬ੍ਰਹਿਮਣ ਵੈਸ਼ ਨਾ ਕੋਈ ਵਿਚਾਰ, ਹਿੰਦੂ ਮੁਸਲਮ ਸਿਖ ਈਸਾਈ ਨਾ ਕੋਈ ਜਣਾਈਆ। ਏਕਾ ਸ਼ਬਦ ਇਕ ਪਿਆਰ, ਏਕਾ ਵਣਜ ਕਰਾਈਆ। ਏਕਾ ਦਰ ਸੱਚਾ ਦਰਬਾਰ, ਦਰ ਮੰਦਰ ਇਕ ਖੁਲਾਈਆ। ਗ਼ਰੀਬ ਨਿਵਾਜ਼ਾ ਹੋ ਤਿਆਰ, ਲੋਕਮਾਤ ਕਰੇ ਕੁੜਮਾਈਆ। ਰਾਜਨ ਰਾਜਾ ਸ਼ਾਹ ਸਿਕਦਾਰ, ਆਪ ਆਪਣਾ ਹੁਕਮ ਚਲਾਈਆ। ਵਰਤੇ ਵਰਤਾਵੇ ਵਰਤਨਹਾਰ, ਆਪ ਆਪਣੀ ਕਲ ਵਰਤਾਈਆ। ਧਰਨੀ ਧਰਤ ਧਵਲ ਹੋ ਉਜਿਆਰ, ਨਿਰਭੈ ਰੂਪ ਆਪ ਅਖਵਾਈਆ। ਜੂਨੀ ਰਹਿਤ ਸਿਰਜਣਹਾਰ, ਅਕਲ ਕਲ ਵਡਿਆਈਆ। ਨਾਦ ਤੂਰਤ ਸ਼ਬਦ ਅਪਾਰ, ਆਪਣਾ ਆਪ ਵਜਾਈਆ। ਪੁਰਖ ਅਕਾਲ ਮੀਤ ਮੁਰਾਰ, ਸਾਚਾ ਸੰਗ ਨਿਭਾਈਆ। ਆਦਿ ਜੁਗਾਦੀ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ਼ੌਹ ਦਰਯਾਏ ਆਪ ਰੁੜ੍ਹਾਈਆ। ਕਲਜੁਗ ਅੰਤਮ ਰੁੜਿਆ ਬੇੜਾ, ਹਰਿ ਸਾਚਾ ਆਪ ਰੁੜਾਇੰਦਾ। ਆਪੇ ਦੇਵਣਹਾਰਾ ਗੇੜਾ, ਉਲਟੀ ਲੱਠ ਗਿੜਾਇੰਦਾ। ਪੰਜ ਤੱਤ ਵਿਕਾਰਾ ਜੀਆਂ ਜੰਤਾਂ ਸਾਧਾਂ ਸੰਤਾਂ ਲੱਗਾ ਝੇੜਾ, ਆਤਮ ਬ੍ਰਹਮ ਨਾ ਕੋਈ ਜਣਾਇੰਦਾ। ਪਾਰਬ੍ਰਹਮ ਦਰ ਖੁਲ੍ਹਾ ਵੇਹੜਾ, ਭੇਵ ਕੋਈ ਨਾ ਪਾਇੰਦਾ। ਕਰੇ ਕਰਾਏ ਹੱਕ ਨਿਬੇੜਾ, ਜੁਗ ਜੁਗ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਇੰਦਾ। ਕਲਜੁਗ ਲਹਿਣਾ ਗਿਆ ਚੁੱਕ, ਹਰਿ ਸਤਿਗੁਰ ਆਪ ਚੁਕਾਇਆ। ਮਨਮੁਖਾਂ ਪੈਂਡਾ ਗਿਆ ਮੁੱਕ, ਗੁਰਮੁਖਾਂ ਰਾਹ ਵਖਾਇਆ। ਜੂਠਿਆਂ ਝੂਠਿਆਂ ਮੁਖ ਪੈਣਾ ਥੁੱਕ ਵੇਲਾ ਅੰਤਮ ਆਇਆ। ਹਰਿਆ ਬੂਟਾ ਰਿਹਾ ਸੁੱਕ, ਅੰਮ੍ਰਿਤ ਸਿੰਚ ਹਰਾ ਨਾ ਕੋਈ ਕਰਾਇਆ। ਆਪਣਾ ਭਾਰ ਨਾ ਲਏ ਕੋਈ ਚੁੱਕ, ਜਗਤ ਗ੍ਰੰਥੀ ਹੋਏ ਹਲਕਾਇਆ। ਪ੍ਰਭ ਅਬਿਨਾਸ਼ੀ ਬੈਠਾ ਲੁਕ, ਦਿਸ ਕਿਸੇ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰ ਆਪ ਚਲਾਇਆ। ਚਾਰ ਵਰਨਾਂ ਕਰ ਪਿਆਰ, ਊਚਾਂ ਨੀਚਾਂ ਮੇਲ ਮਿਲਾਈਆ। ਚਾਰ ਵਰਨਾਂ ਸ਼ਬਦ ਗਿਆਨ, ਹਰਿ ਸ਼ਬਦੀ ਸ਼ਬਦ ਜਣਾਈਆ। ਸਤਿਗੁਰ ਪੂਰਾ ਮਿਹਰਵਾਨ, ਆਪ ਆਪਣੀ ਦਇਆ ਕਮਾਈਆ। ਦੇਵਣਹਾਰਾ ਧੁਰ ਫ਼ਰਮਾਣ, ਏਕਾ ਸ਼ਬਦ ਜਣਾਈਆ। ਵਰਨਾਂ ਬਰਨਾਂ ਏਕਾ ਆਣ, ਅਠਾਰਾਂ ਬਰਨਾਂ ਬੰਧਨ ਪਾਈਆ। ਰਾਓ ਰੰਕ ਰਾਜ ਰਾਜਨਾਂ ਸ਼ਾਹ ਸੁਲਤਾਨਾ, ਊਚਾਂ ਨੀਚਾਂ ਰਿਹਾ ਸੁਣਾਈਆ। ਪਰਗਟ ਹੋਇਆ ਸ੍ਰੀ ਭਗਵਾਨਾ, ਨਿਹਕਲੰਕਾ ਨਾਉਂ ਰਖਾਈਆ। ਕਲਜੁਗ ਮਿਟੇ ਕੂੜ ਨਿਸ਼ਾਨਾ, ਸਤਿਜੁਗ ਸਾਚਾ ਮਾਰਗ ਲਾਈਆ। ਨਾ ਕੋਈ ਵੇਦ ਨਾ ਪਾਠ ਪੁਰਾਨਾ, ਗੀਤਾ ਗਿਆਨ ਨਾ ਕੋਈ ਵਖਾਈਆ। ਸ਼ਾਸਤਰ ਸਿਮਰਤ ਨਾ ਕਰੇ ਧਿਆਨਾ, ਨਾ ਕੋਈ ਫੋਲ ਫੁਲਾਈਆ। ਨਾ ਕੋਈ ਵੇਖੇ ਅੰਜੀਲ ਕੁਰਾਨਾ, ਨਾ ਬਾਈਬਲ ਹੋਏ ਸਹਾਈਆ। ਖਾਣੀ ਬਾਣੀ ਨਾ ਹੋਏ ਪਰਧਾਨਾ, ਆਪ ਆਪਣੀ ਰਚਨ ਰਚਾਈਆ। ਜੋਧਾ ਸੂਰਬੀਰ ਬਲੀ ਬਲਵਾਨਾ, ਏਕਾ ਖੰਡਾ ਸ਼ਬਦ ਉਠਾਈਆ। ਵੇਖਣਹਾਰਾ ਦੋ ਜਹਾਨਾ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਵਖਾਈਆ। ਸਤਿਜੁਗ ਸਾਚਾ ਰਾਹ ਸੁਹੰਜਣਾ, ਹਰਿ ਸਾਚੇ ਆਪ ਸੁਹਾਇਆ। ਪਾਰਬ੍ਰਹਮ ਪ੍ਰਭ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਪਾਰ ਕਰਾਇਆ। ਗੁਰਸਿਖਾਂ ਨੇਤਰ ਪਾਏ ਨਾਮ ਅੰਜਣਾ, ਅਗਿਆਨ ਅੰਧੇਰ ਮਿਟਾਇਆ। ਧੁਰਦਰਗਾਹੀ ਸਾਚਾ ਸੱਜਣਾ, ਲੋਕਮਾਤ ਵੇਸ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਰਿਹਾ ਚੁਕਾਇਆ। ਕਲਜੁਗ ਲਹਿਣਾ ਆਪ ਚੁਕਾਵਣਾ, ਗੁਰ ਸਤਿਗੁਰ ਵਡ ਵਡਿਆਈਆ। ਜੂਠਾ ਝੂਠਾ ਹਰਿ ਸੰਗਤ ਵਿਚ ਕੋਈ ਨਾ ਆਵਣਾ, ਗੁਰਮੁਖਾਂ ਦੇਵੇ ਵਡ ਵਡਿਆਈਆ। ਮਦਿਰਾ ਮਾਸੀ ਨਾ ਕੋਈ ਦਰ ਬਹਾਵਣਾ, ਦੇਵੇ ਦਰ ਦੁਰਕਾਈਆ। ਸਚਖੰਡ ਦਵਾਰਾ ਲੋਕਮਾਤ ਬਣਾਵਣਾ, ਨਿਰਗੁਣ ਜੋਤ ਕਰ ਰੁਸ਼ਨਾਈਆ । ਸਰਗੁਣ ਸਾਚਾ ਮੇਲ ਮਿਲਾਵਣਾ, ਸੁਰਤ ਸ਼ਬਦ ਕਰੇ ਕੁੜਮਾਈਆ। ਪੰਚਮ ਸਖੀਆਂ ਧੁਨ ਅਨਾਦੀ ਮੰਗਲ ਗਾਵਣਾ, ਤਾਲ ਤਲਵਾੜਾ ਹਰਿ ਇਕ ਵਜਾਈਆ। ਅੰਮ੍ਰਿਤ ਧਾਰ ਠੰਡੀ ਠਾਰ ਆਤਮ ਰਸ ਇਕ ਵਖਾਵਣਾ, ਨਿਝਰ ਝਿਰਨਾ ਦਏ ਝਿਰਾਈਆ। ਸਾਚਾ ਮੰਦਰ ਆਪ ਸੁਹਾਵਣਾ, ਕਾਇਆ ਖੇੜਾ ਦਏ ਵਸਾਈਆ। ਜੁਗ ਜੁਗ ਵਿਛੜੇ ਮੇਲ ਮਿਲਾਵਣਾ, ਨਾਮ ਬੰਧਨ ਡੋਰੀ ਪਾਈਆ। ਤਿਲਕ ਚੰਦਨ ਮਸਤਕ ਇਕ ਲਗਾਵਣਾ, ਜੋਤ ਲਿਲਾਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਬਣਤ ਬਣਾਈਆ। ਸਤਿਜੁਗ ਸਾਚੇ ਹੋ ਪਰਧਾਨਾ, ਆਇਆ ਹਰਿ ਦਵਾਰ। ਪੁਰਖ ਅਬਿਨਾਸ਼ੀ ਨਿਗਹਬਾਨਾ, ਦੇਵੇ ਇਕ ਗਿਆਨ। ਚਾਰ ਵਰਨਾਂ ਏਕਾ ਮਾਣਾ, ਊਚ ਨੀਚ ਨਾ ਕੋਈ ਰੰਕ ਰਾਜਾਨ। ਏਕਾ ਸ਼ਬਦ ਸਾਰੇ ਗਾਣਾ, ਏਕਾ ਨੂਰ ਸ੍ਰੀ ਭਗਵਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਹੋਏ ਜਾਣੀ ਜਾਣ। ਸਤਿਜੁਗ ਸਾਚਾ ਮਾਰਗ ਲਾਉਣਾ, ਹਰਿ ਸੱਜਣ ਸਚ ਕੁੜਮਾਈਆ। ਗੁਰਮੁਖ ਸਾਚੇ ਮੇਲ ਮਿਲੌਣਾ, ਗੁਰ ਸਤਿਗੁਰ ਦਇਆ ਕਮਾਈਆ। ਅਨੰਦ ਕਾਰਜ ਆਪ ਕਰੌਣਾ, ਪਰਮਾਨੰਦ ਸਮਾਈਆ। ਨਿਜਾ ਨੰਦ ਰਸ ਚਵੌਣਾ, ਦੂਸਰ ਹੱਥ ਕਿਸੇ ਨਾ ਆਈਆ। ਝੂਠਾ ਧੰਦਾ ਮਾਤ ਮਿਟੌਣਾ, ਏਕਾ ਰੰਗਣ ਰੰਗ ਰੰਗਾਈਆ। ਏਕਾ ਸਾਚੀ ਜੋੜੀ ਜੋੜ ਜੁੜੌਣਾ, ਵਿਛੜ ਕਦੇ ਨਾ ਜਾਈਆ। ਨਾਮ ਘੋੜੀ ਆਪ ਚੜ੍ਹੌਣਾ, ਆਪਣੇ ਹੱਥ ਵਾਗ ਉਠਾਈਆ। ਅੰਤਮ ਸਖੀਆਂ ਮੰਗਲ ਗੌਣਾ, ਗੀਤ ਸੁਹਾਗੀ ਇਕ ਸੁਣਾਈਆ। ਮਨਮੁਖ ਜੀਵ ਕੋਈ ਨਜ਼ਰ ਨਾ ਔਣਾ, ਗੁਰਮੁਖ ਤੇਰੀ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਿੰਦੂ ਮੁਸਲਮ ਸਿਖ ਈਸਾਈ ਏਕਾ ਰਾਹ ਚਲਾਈਆ। ਚਾਰ ਵਰਨਾਂ ਏਕਾ ਰੰਗ, ਹਰਿ ਸੱਜਣ ਆਪ ਚੜ੍ਹਾਇੰਦਾ। ਸ਼ਬਦ ਰੰਗੀਲਾ ਵੇਖ ਪਲੰਘ, ਗੁਰਮੁਖ ਨਾਰੀ ਆਪ ਬਹਾਇੰਦਾ। ਆਪੇ ਲਾਏ ਆਪਣੇ ਅੰਗ, ਅੰਗੀਕਾਰ ਆਪ ਕਰਾਇੰਦਾ। ਆਪਣੇ ਮੰਦਰ ਆਪੇ ਲੰਘ, ਲੋਕ ਲੱਜਿਆ ਨਾ ਕੋਈ ਰਖਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸਮਰਥ ਪੁਰਖ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਤੇਰਾ ਬਣੇ ਮਲਾਹ, ਪਾਰਬ੍ਰਹਮ ਪ੍ਰਭ ਬੇਪਰਵਾਹ, ਇਕ ਅਕੱਲਾ ਏਕੰਕਾਰ ਆਪ ਅਖਵਾਇੰਦਾ। ਏਕੰਕਾਰਾ ਨਿਰਗੁਣ ਜੋਤ, ਹਰਿ ਹਰਿ ਰੂਪ ਸਮਾਇਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬਰਨ ਧਰਾਇਆ। ਸ਼ਬਦ ਨਗਾਰਾ ਏਕਾ ਚੋਟ, ਜੁਗਾ ਜੁਗੰਤਰ ਰਿਹਾ ਲਗਾਇਆ। ਕਲਜੁਗ ਅੰਤਮ ਗੁਰਮੁਖਾਂ ਕੱਢੇ ਵਾਸਨਾ ਖੋਟ, ਦੁਰਮਤ ਮੈਲ ਦਏ ਧੁਵਾਇਆ। ਲੱਭਦੇ ਫਿਰਦੇ ਕੋਟੀ ਕੋਟ, ਹਰਿ ਕਾ ਰੂਪ ਦਿਸ ਨਾ ਆਇਆ। ਸਾਧਾਂ ਸੰਤਾਂ ਮਾਇਆ ਭਰੀ ਨਾ ਅਜੇ ਪੋਟ, ਦਿਵਸ ਰੈਣ ਹੋਏ ਹਲਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਤੇਰਾ ਵੇਖਣ ਆਇਆ। ਕਲਜੁਗ ਕੂੜ ਪਸਾਰ, ਅੰਤ ਘਰ ਘਰ ਝੂਠ ਪਰਧਾਨਿਆ। ਜੀਵਾਂ ਜੰਤਾਂ ਲੱਗੀ ਬਸੰਤਰ, ਲੱਗੀ ਅੱਗ ਪੰਜ ਸ਼ੈਤਾਨਿਆ। ਗੁਰ ਕਾ ਸ਼ਬਦ ਨਾ ਜਾਣੇ ਮੰਤਰ, ਗੁਰ ਨਾਨਕ ਦੇਵੇ ਬ੍ਰਹਮ ਗਿਆਨਿਆ। ਗੁਰ ਅਰਜਨ ਬਣਾਈ ਸਾਚੀ ਬਣਤਰ, ਗੁਰੂ ਗ੍ਰੰਥ ਇਕ ਵਖਾਨਿਆ। ਆਪੇ ਜਾਣੇ ਜੁਗਾ ਜੁਗੰਤਰ, ਜੁਗ ਜੁਗ ਖੇਲ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਜਾਣੇ ਆਪਣੀ ਬਾਣੀਆ। ਆਪਣੀ ਬਾਣੀ ਆਪੇ ਬੋਲ, ਆਪੇ ਲੇਖ ਲਿਖਾਈਆ। ਆਪੇ ਵਸਣਹਾਰਾ ਕੋਲ, ਆਪੇ ਵੇਖ ਵਖਾਈਆ। ਆਪੇ ਧਰਨੀ ਅਕਾਸ਼ ਗਿਆ ਮਵਲ, ਮੌਲਾ ਰੂਪ ਆਪ ਹੋ ਜਾਈਆ। ਆਪੇ ਅੰਮ੍ਰਿਤ ਆਤਮ ਭਰਿਆ ਕਵਲ, ਸਰ ਸਰੋਵਰ ਆਪ ਅਖਵਾਈਆ। ਆਪੇ ਆਦਿ ਅੰਤ ਰਹੇ ਅਡੋਲ, ਨਾ ਮਰੇ ਨਾ ਜਾਈਆ। ਜਨ ਭਗਤਾਂ ਕਰੇ ਸਦਾ ਚੋਲ੍ਹ, ਜੁਗ ਜੁਗ ਵੱਡੀ ਵਡਿਆਈਆ। ਨਾਮ ਕੰਡੇ ਦੇਵੇ ਤੋਲ, ਏਕਾ ਤੋਲਾ ਆਪ ਅਖਵਾਈਆ। ਲੱਖ ਚੁਰਾਸੀ ਛਾਛ ਵਰੋਲ, ਗੁਰਸਿਖ ਮੱਖਣ ਲਏ ਕਢਾਈਆ। ਮਨਮੁਖਾਂ ਕਲਜੁਗ ਅੰਤਮ ਕੱਢੇ ਪੋਲ, ਨਿਹਕਲੰਕਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਸਿਖਿਆ ਇਕ ਸਮਝਾਈਆ। ਸਾਚੀ ਸਿਖਿਆ ਲੈਣੀ ਸਿਖ, ਚਾਰ ਵਰਨ ਜਣਾਇਆ। ਪੁਰਖ ਅਬਿਨਾਸ਼ੀ ਪਾਵੇ ਭਿਖ, ਨਾਮ ਭੰਡਾਰਾ ਇਕ ਵਰਤਾਇਆ। ਜਗਤ ਤ੍ਰਿਸਨਾ ਮਿਟੇ ਤ੍ਰਿਖ, ਤ੍ਰਿਪਤ ਤ੍ਰਿਪਤ ਕਰਾਇਆ। ਆਪਣੀ ਹੱਥੀਂ ਲੇਖਾ ਲਿਖ, ਲਿਖਣਹਾਰ ਆਪ ਹੋ ਜਾਇਆ। ਆਪੇ ਮੰਗਣਹਾਰਾ ਭਿਖ, ਆਪੇ ਝੋਲੀ ਅੱਗੇ ਡਾਹਿਆ। ਆਪੇ ਆਪਣੇ ਨੇਤਰ ਰਿਹਾ ਪੇਖ, ਜਗਤ ਨੇਤਰ ਬੰਦ ਕਰਾਇਆ। ਆਪੇ ਮੁੱਛ ਦਾੜ੍ਹੀ ਰੱਖੇ ਕੇਸ, ਆਪੇ ਮੂੰਡ ਮੁੰਡਾਇਆ। ਆਪੇ ਦਾਤਾ ਦਾਨੀ ਦਸ ਦਸਮੇਸ, ਗੁਰ ਗੋਬਿੰਦ ਨਾਮ ਧਰਾਇਆ। ਆਪੇ ਖੇਲੇ ਖੇਲ ਰਿਖੀ ਕੇਸ, ਕਲਜੁਗ ਗਵਰਧਨ ਹੱਥ ਉਠਾਇਆ। ਆਪੇ ਰਾਮ ਰਾਮਾ ਹੋ ਪਰਵੇਸ਼, ਸੀਤਾ ਸੁਰਤੀ ਲਏ ਉਪਾਇਆ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਆਪੇ ਗਣਪਤ ਨਾਮ ਰਖਾਇਆ। ਆਪੇ ਕਰੋੜ ਤੇਤੀਸਾ ਕਰੇ ਅਦੇਸ਼, ਆਪੇ ਸੁਰਪਤ ਵੇਸ ਵਟਾਇਆ। ਆਪੇ ਸੁੱਤਾ ਬਾਸ਼ਕ ਸੇਜ, ਸਾਂਗੋ ਪਾਂਗ ਹੰਢਾਇਆ। ਆਪੇ ਸਚਖੰਡ ਦਵਾਰੇ ਨਰ ਨਰੇਸ਼, ਨਿਰਗੁਣ ਨੂਰ ਡਗਮਗਾਇਆ। ਆਪੇ ਅਲਖ ਅਗੰਮ ਹਰ ਘਟ ਅੰਦਰ ਰਿਹਾ ਵੇਖ, ਆਪ ਆਪਣਾ ਆਸਣ ਲਾਇਆ। ਕਲਜੁਗ ਤੇਰੀ ਅੰਤਮ ਵਰ ਧਰਿਆ ਭੇਖ, ਨਿਹਕਲੰਕਾ ਨਾਉਂ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਕਰ ਪਿਆਰ, ਆਪੇ ਬਣੇ ਆਪਣੀ ਧਾਰ, ਦੂਸਰ ਕੋਈ ਨਾ ਵਿਚ ਰਖਾਇਆ। ਸ਼ਬਦ ਵਿਚੋਲਾ ਕਰ ਤਿਆਰ, ਕਲਜੁਗ ਅੰਤਮ ਵੇਸ ਵਟਾਈਆ। ਸਾਚਾ ਢੋਲਾ ਕਰੇ ਖ਼ਬਰਦਾਰ, ਸੋਹੰ ਅਜੱਪਾ ਜਾਪ ਜਪਾਈਆ। ਪਿਆ ਰੌਲਾ ਸਰਬ ਸੰਸਾਰ, ਭੇਵ ਅਭੇਦ ਭੇਵ ਛੁਪਾਈਆ। ਅਛਲ ਅਛੱਲਾ ਹਰਿ ਨਿਰੰਕਾਰ, ਵਲ ਛਲ ਧਾਰੀ ਖੇਲ ਖਿਲਾਈਆ। ਚਾਰੇ ਵੇਦ ਨਾ ਪਾਇਣ ਸਾਰ, ਬਰਨ ਅਠਾਰਾਂ ਰਹੇ ਗਾਈਆ। ਅੰਜੀਲ ਕੁਰਾਨਾ ਹਾਹਾਕਾਰ, ਹਰਿ ਸੱਜਣ ਦਿਸ ਨਾ ਆਈਆ। ਗੁਰਮੁਖ ਵਿਰਲਾ ਕਰੇ ਵਿਚਾਰ, ਜਿਸ ਜਨ ਆਪਣੀ ਬੂਝ ਬੁਝਾਈਆ। ਏਕਾ ਬਖ਼ਸ਼ੇ ਚਰਨ ਪਿਆਰ, ਚਰਨ ਧੂੜੀ ਮਸਤਕ ਲਾਈਆ। ਦੁਰਮਤ ਮੈਲ ਦਏ ਉਤਾਰ, ਸਿਰ ਆਪਣਾ ਹੱਥ ਟਿਕਾਈਆ। ਆਪ ਸੁਹਾਏ ਬੰਕ ਦਵਾਰ, ਘਰ ਘਰ ਵਿਚ ਮੰਦਰ ਵੇਖ ਵਖਾਈਆ। ਉਚ ਮਹੱਲ ਅਟੱਲ ਮਿਨਾਰ, ਨਿਰਗੁਣ ਆਪਣਾ ਆਪ ਸੁਹਾਈਆ। ਦੀਵਾ ਬਾਤੀ ਇਕ ਉਜਿਆਰ, ਤੇਲ ਬਾਤੀ ਨਾ ਕੋਈ ਪਾਈਆ। ਕਮਲਾਪਾਤੀ ਮੀਤ ਮੁਰਾਰ, ਏਕਾ ਸਾਚਾ ਮਾਹੀਆ। ਗੀਤ ਸੁਹਾਗੀ ਗਾਏ ਵਾਰੋ ਵਾਰ, ਆਪ ਆਪਣਾ ਰਾਗ ਅਲਾਈਆ। ਗੁਰਮੁਖਾਂ ਕਰੇ ਸਚ ਪਿਆਰ, ਸਾਚੇ ਸ਼ਬਦ ਕਰੀ ਕੁੜਮਾਈਆ। ਸੁਰਤ ਸੁਵਾਣੀ ਕਰ ਤਿਆਰ, ਸ਼ਬਦ ਹਾਣੀ ਮੇਲ ਮਿਲਾਈਆ। ਅੰਮ੍ਰਿਤ ਪਾਣੀ ਦੇਵੇ ਵਾਰ, ਖੰਡਾ ਧਾਰ ਮੁਖ ਚੁਆਈਆ। ਬਜਰ ਕਪਾਟੀ ਦੇਵੇ ਪਾੜ, ਦੂਈ ਦਵੈਤੀ ਮੇਟ ਮਿਟਾਈਆ। ਪੰਚਮ ਧਾੜੀ ਕਰ ਖ਼ਵਾਰ, ਸਾਚਾ ਰਾਹ ਤਕਾਈਆ। ਆਤਮ ਸੇਜਾ ਹੋ ਤਿਆਰ, ਆਪਣੀਆਂ ਭੁਜਾ ਰਿਹਾ ਉਠਾਈਆ। ਸਾਚਾ ਮੇਲਾ ਕੰਤ ਭਤਾਰ, ਨਾਰੀ ਨਿਰਗੁਣ ਮੇਲ ਮਿਲਾਈਆ। ਏਕਾ ਸੇਜਾ ਸੁੱਤੇ ਪੈਰ ਪਸਾਰ, ਦੂਸਰ ਦਰ ਨਾ ਕੋਈ ਵਖਾਈਆ। ਅਬਿਨਾਸ਼ੀ ਅਚੁਤ ਖੇਲ ਅਪਾਰ, ਪਾਰਬ੍ਰਹਮ ਵਡੀ ਵਡਿਆਈਆ। ਸੁਹਾਏ ਰੁੱਤ ਵਿਚ ਸੰਸਾਰ, ਲੋਕਮਾਤ ਵੱਜੀ ਵਧਾਈਆ। ਹਾੜ ਬਾਰਾਂ ਦਿਵਸ ਵਿਚਾਰ, ਵੀਹ ਸੌ ਸੋਲਾਂ ਬਿਕ੍ਰਮੀ ਨਾਲ ਰਲਾਈਆ। ਗੁਰਸਿਖਾਂ ਕਰੇ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਸਾਚੀ ਸ਼ਬਦ ਕਰੀ ਕੁੜਮਾਈਆ। ਸਤਿਜੁਗ ਸਾਚੇ ਵਰ ਘਰ ਪੌਣਾ, ਹਰਿ ਸਾਚਾ ਕੰਤ ਕੰਤੂਹਲਿਆ। ਪੁਰਖ ਅਬਿਨਾਸ਼ੀ ਇਕ ਮਨੌਣਾ, ਦੂਸਰ ਦਰ ਨਾ ਜਾਣਾ ਭੂਲਿਆ। ਨਾਨਕ ਮਾਰਗ ਇਕ ਰਖੌਣਾ, ਗੁਰ ਗੋਬਿੰਦ ਫਲਿਆ ਫੂਲਿਆ। ਬੇਮੁਖਾਂ ਵਹਿੰਦੀ ਧਾਰ ਵਹੌਣਾ, ਜੂਠ ਝੂਠ ਮੁਕਾਏ ਮੂਲਿਆ। ਸਚ ਸੁੱਚ ਮੰਤਰ ਨਾਮ ਦ੍ਰਿੜੌਣਾ, ਪੂਰਾ ਕਰੇ ਕੀਤਾ ਕੌਲਿਆ। ਚਾਰ ਵਰਨਾਂ ਏਕਾ ਸਰਨ ਲਗੌਣਾ, ਆਪੇ ਹੋਇਆ ਰਾਮ ਕ੍ਰਿਸ਼ਨ ਨਾਨਕ ਗੋਬਿੰਦ ਸਾਚਾ ਮੌਲਿਆ। ਈਸਾ ਮੂਸਾ ਵੇਖ ਵਖਾਵਣਾ, ਸੰਗ ਮੁਹੰਮਦ ਚਾਰ ਯਾਰ ਆਪੇ ਚੜ੍ਹੇ ਉਪਰ ਧੌਲਿਆ। ਬੇਐਬ ਖ਼ੁਦਾਈ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਆਦਿ ਜੁਗਾਦੀ ਇਕ ਅਡੋਲਿਆ। ਆਦਿ ਜੁਗਾਦੀ ਜੁਗ ਜੁਗ ਕਾਰ, ਕਰਨੀ ਕਰਤਾ ਆਪ ਕਰਾਇੰਦਾ। ਸਤਿਜੁਗ ਤੇਰਾ ਸਚ ਵਿਹਾਰ, ਸਤਿਗੁਰ ਪੂਰਾ ਆਪ ਵਖਾਇੰਦਾ। ਗੁਰਮੁਖਾਂ ਕਰੇ ਜਗਤ ਪਿਆਰ, ਭਗਤ ਭਗਤੀ ਵੇਖ ਵਖਾਇੰਦਾ। ਅੰਦਰ ਮੰਦਰ ਇਕ ਦਵਾਰ, ਮੰਦਰ ਮਸਜਿਦ ਗੁਰੂਦਵਾਰ ਚਾਰ ਦਿਵਾਰ ਨਾ ਰਚਨ ਰਚਾਇੰਦਾ। ਸਾਚੀ ਬਾਣੀ ਅੰਮ੍ਰਿਤ ਧਾਰ, ਨਿਝਰ ਝਿਰਨਾ ਆਪ ਝਿਰਾਇੰਦਾ। ਅਨਹਦ ਹਿਲਾਏ ਇਕ ਸਤਾਰ, ਤਾਲ ਤਲਵਾੜਾ ਇਕ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦੇਵੇ ਵਰ, ਏਕਾ ਨਾਮ ਤਰਾਇੰਦਾ। ਏਕਾ ਨਾਉਂ ਹਰਿ ਨਿਰੰਕਾਰ, ਆਪਣਾ ਆਪ ਉਪਾਈਆ। ਚਾਰ ਵਰਨਾਂ ਕਰੇ ਪਿਆਰ, ਸਤਿਜੁਗ ਸਾਚੀ ਵਡ ਵਡਿਆਈਆ। ਅਨੰਦ ਕਾਰਜ ਜਗਤ ਵਿਹਾਰ, ਗੁਰ ਮੰਤਰ ਦਏ ਸੁਣਾਈਆ। ਸੋਹੰ ਸ਼ਬਦ ਜੈ ਜੈਕਾਰ, ਪਾਰਬ੍ਰਹਮ ਵਿਚ ਸਮਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜ਼ਾਹਰ, ਆਪ ਹੋ ਜਾਈਆ । ਆਪੇ ਨਾਰੀ ਕੰਤ ਭਤਾਰ, ਆਪੇ ਸੇਜ ਹੰਢਾਈਆ। ਆਪ ਜੋੜੀ ਜੋੜੇ ਅਪਰ ਅਪਾਰ, ਜੋੜਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਦੇਵੇ ਵਰ, ਹਾੜ ਬਾਰਾਂ ਕਰ ਵਿਹਾਰਾ ਸਾਚਾ ਮਾਰਗ ਏਕਾ ਲਾਈਆ। ਹਾੜ ਗਿਆਰਾਂ ਸੰਗਤ ਵਿਹਾਰ, ਹਰਿ ਸਾਚੇ ਸਚ ਕਰਾਇਆ। ਸਾਚੀ ਜੰਞ ਕਰ ਤਿਆਰ, ਘਰ ਸਾਚੇ ਸੋਹਲਾ ਗਾਇਆ। ਏਕਾ ਮੀਤਾ ਪੁਰਖ ਅਕਾਲ, ਦੂਸਰ ਓਟ ਨਾ ਕੋਈ ਧਰਾਇਆ। ਦੀਨਾਂ ਬੰਧਪ ਦੀਨ ਦਿਆਲ, ਦਇਆ ਨਿਧ ਵੇਖ ਵਖਾਇਆ। ਹਰਿ ਸੰਗਤ ਤੇਰੇ ਤੋੜੇ ਜਗਤ ਜੰਜਾਲ, ਕਲਜੁਗ ਬੰਧਨ ਰਹੇ ਨਾ ਰਾਇਆ। ਦੇਵੇ ਨਾਮ ਸੱਚਾ ਧਨ ਮਾਲ, ਚੋਰ ਯਾਰ ਲੁੱਟ ਕੋਇ ਨਾ ਜਾਇਆ। ਇਕ ਵਖਾਏ ਸਚ ਸੱਚੀ ਧਰਮਸਾਲ, ਗੁਰਦਵਾਰਾ ਇਕ ਬਣਾਇਆ। ਨਾ ਕੋਈ ਸ਼ਾਹ ਨਾ ਕੰਗਾਲ, ਸਤਿਗੁਰ ਬੈਠਾ ਆਸਣ ਲਾਇਆ। ਦਿਵਸ ਰੈਣ ਕਰੇ ਪ੍ਰਿਤਪਾਲ, ਪ੍ਰਿਤਪਾਲਕ ਆਪ ਅਖਵਾਇਆ। ਜਿਸ ਘਰ ਦੀਵਾ ਬੱਤੀ ਦੇਵੇ ਬਾਲ, ਅਗਿਆਨ ਅੰਧੇਰ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੇ ਦੇਵੇ ਵਰ, ਦਿਵਸ ਰਾਤੀ ਏਕਾ ਰੰਗ ਰੰਗਾਇਆ। ਗੁਰਮੁਖ ਤੇਰੀ ਸਚ ਪਰਭਾਤ, ਅੱਠੇ ਪਹਿਰ ਜਣਾਈਆ। ਮਿਲਿਆ ਮੇਲ ਕਮਲਾਪਾਤ, ਘਰ ਸਾਚੇ ਵੱਜੀ ਵਧਾਈਆ। ਸੋਹੰ ਸ਼ਬਦ ਸਾਚੀ ਦਾਤ, ਸਤਿਗੁਰ ਪੂਰਾ ਝੋਲੀ ਪਾਈਆ। ਚਰਨ ਕਵਲ ਬੰਧਾਏ ਨਾਤ, ਨਾਤਾ ਬਿਧਾਤਾ ਨਾ ਕੋਈ ਤੁੜਾਈਆ। ਮਿਟੇ ਰੈਣ ਅੰਧੇਰੀ ਰਾਤ, ਸਚ ਸੁੱਚ ਕਰੇ ਰੁਸ਼ਨਾਈਆ। ਕੋਈ ਨਾ ਪੁੱਛੇ ਜ਼ਾਤ ਪਾਤ, ਜੋ ਜਨ ਰਸਨਾ ਹਰਿ ਹਰਿ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਸ਼ਬਦ ਕਰੇ ਕੁੜਮਾਈਆ। ਸ਼ਬਦ ਗੁਰ ਗੁਰਸਿਖ ਧਾਰ, ਗੁਰਮੁਖ ਵਿਚ ਟਿਕਾਇਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਰੰਗ ਰੰਗਾਇਆ। ਵੇਖੇ ਵਿਗਸੇ ਕਰੇ ਵਿਚਾਰ, ਅਲਖ ਅਲਖਣਾ ਭੇਵ ਨਾ ਰਾਇਆ। ਅਗੰਮ ਅਗੋਚਰ ਬੇਐਬ ਪਰਵਰਦਿਗਾਰ, ਸਾਂਝਾ ਯਾਰ ਆਪ ਅਖਵਾਇਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਇਕ ਖ਼ੁਦਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਕਲਮਾ ਰਿਹਾ ਪੜ੍ਹਾਇਆ। ਏਕਾ ਕਲਮਾ ਕਾਇਨਾਤ, ਹਰਿ ਸਾਚਾ ਆਪ ਪੜ੍ਹਾਇੰਦਾ। ਨੂਰ ਅਲਾਹੀ ਵੇਖੇ ਮਾਰ ਝਾਤ, ਆਪ ਆਪਣਾ ਵੇਸ ਵਟਾਇੰਦਾ। ਮੁਕਾਮੇ ਹੱਕ ਸਾਚੀ ਦਾਤ, ਹੱਕ ਹਕੀਕਤ ਝੋਲੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਿਕਾਹ ਬੇਪਰਵਾਹ ਆਪੇ ਵੇਖ ਵਖਾਇੰਦਾ। ਜਗਤ ਨਿਕਾਹ ਆਪੇ ਕਰ, ਆਪਣਾ ਰੰਗ ਰੰਗਾਇਆ। ਇਕ ਵਖਾਏ ਸਾਚਾ ਘਰ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਨਾ ਕੋਈ ਪੁਰਖ ਨਾਰੀ ਨਾਰ, ਨਰ ਨਰਾਇਣ ਆਪ ਹੋ ਜਾਇਆ। ਗੁਰਮੁਖਾਂ ਫੜਾਏ ਆਪਣਾ ਲੜ, ਨਬੀ ਰਸੂਲਾਂ ਜੋੜ ਜੁੜਾਇਆ। ਮੁੱਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਏਕਾ ਪੌੜੇ ਜਾਇਣ ਚੜ੍ਹ, ਹਰਿ ਸਾਚੇ ਆਪ ਚੜ੍ਹਾਇਆ। ਚਾਰ ਕੁੰਟ ਤੋੜੇ ਕਿਲਾ ਹੰਕਾਰੀ ਗੜ੍ਹ, ਕਲਜੁਗ ਵੇਲਾ ਅੰਤਮ ਆਇਆ। ਸੰਤ ਸੁਹੇਲੇ ਗੁਰੂ ਗੁਰੂ ਚੇਲੇ ਗੁਰ ਸਤਿਗੁਰ ਆਪੇ ਲਏ ਫੜ, ਸੰਤ ਵਿਚੋਲਾ ਇਕ ਰਖਾਇਆ। ਨਾ ਕੋਈ ਸੀਸ ਨਾ ਕੋਈ ਧੜ, ਜਨਨੀ ਜਨ ਨਾ ਗੋਦ ਉਠਾਇਆ। ਨਾ ਕੋਈ ਵਿਦਿਆ ਅੱਖਰ ਗਿਆ ਪੜ੍ਹ, ਨਾ ਕੋਈ ਇਸ਼ਟ ਮਨਾਇਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਮਾਤ ਧਰਾਇਆ। ਆਪੇ ਰਾਮ ਰਾਮਾ ਅਵਤਾਰਾ, ਰਾਮ ਰਾਮਾ ਵਡ ਵਡਿਆਈਆ। ਆਪੇ ਸੀਤਾ ਸੁਰਤੀ ਕਰੇ ਪਿਆਰਾ, ਸਾਚੀ ਸਿਖਿਆ ਇਕ ਸਮਝਾਈਆ। ਆਪੇ ਵੇਦ ਵੇਦਾਂਤਾ ਬਣ ਲਿਖਾਰਾ, ਏਕਾ ਵਿਦਿਆ ਬ੍ਰਹਮ ਪੜ੍ਹਾਈਆ। ਏਕਾ ਵੇਦੀ ਕਰ ਤਿਆਰਾ, ਵੇਦ ਸ਼ਾਸਤਰ ਦਏ ਗਵਾਹੀਆ। ਸਾਖਿਯਾਤ ਗੁਰ ਕਰਤਾਰਾ, ਆਪ ਆਪਣਾ ਕਰਮ ਕਮਾਈਆ। ਜੁਗਾ ਜੁਗੰਤਰ ਖੇਲੇ ਖੇਲ ਨਿਆਰਾ, ਜੁਗ ਜੁਗ ਆਪ ਕਰਾਈਆ। ਭਰਮੇ ਭੁੱਲਾ ਸਰਬ ਸੰਸਾਰਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਨਾਨਕ ਬੱਧੀ ਸਾਚੀ ਧਾਰਾ, ਗੁਰ ਅਰਜਨ ਲੇਖ ਲਿਖਾਈਆ। ਪਹਿਲੀ ਲਾਂਵ ਪ੍ਰਕਿਰਤੀ ਤੇਰਾ ਪਾਰ ਕਿਨਾਰਾ, ਗੁਰਮੁਖ ਸਾਚੇ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਰਾਹ ਚਲਾਈਆ। ਇਸ਼ਟ ਦੇਵ ਸ੍ਰੀ ਭਗਵਾਨ, ਸਤਿ ਪੁਰਖ ਮਨਾਇਆ। ਦੂਜੇ ਸ਼ਬਦ ਸ਼ਬਦ ਗਿਆਨ, ਗੁਰ ਮੰਤਰ ਇਕ ਦ੍ਰਿੜਾਇਆ। ਤੀਜੇ ਨੇਤਰ ਇਕ ਧਿਆਨ, ਏਕਾ ਰਾਹ ਤਕਾਇਆ। ਚੌਥੇ ਘਰ ਹੋ ਪਰਵਾਨ, ਘਰ ਸੱਜਣ ਵੇਖ ਵਖਾਇਆ। ਪੰਚਮ ਮੀਤਾ ਨੌਜਵਾਨ, ਗੁਰ ਪੂਰਾ ਆਪ ਅਖਵਾਇਆ। ਕਿਸੇ ਨਾ ਵਸਿਆ ਮੰਦਰ ਜਗਤ ਮਕਾਨ, ਛੱਪਰ ਛੰਨ ਨਾ ਕੋਇ ਛੁਹਾਇਆ। ਕਿਸੇ ਨਾ ਵਿਕੇ ਹੱਟ ਦੁਕਾਨ, ਚੌਦਾਂ ਲੋਕ ਨਾ ਕੋਈ ਵਿਕਾਇਆ। ਚੌਦਾਂ ਤਬਕਾਂ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੇਰਾ ਪਾਇਆ। ਜੁਗ ਜੁਗ ਖੇਲੇ ਖੇਲ ਮਹਾਨ, ਬ੍ਰਹਮਾ ਵਿਸ਼ਨ ਸ਼ਿਵ ਸੇਵਾ ਲਾਇਆ। ਗੁਰਮੁਖਾਂ ਕਰੇ ਦਰ ਪਰਵਾਨ, ਜਨ ਭਗਤਾਂ ਮੇਲ ਮਿਲਾਇਆ। ਕਲਜੁਗ ਜੀਵ ਸੁੱਤੇ ਬਾਲ ਅੰਞਾਣ, ਮਾਇਆ ਪੜਦਾ ਉਪਰ ਪਾਇਆ। ਰਾਖੀ ਕਰਨ ਪੰਜ ਸ਼ੈਤਾਨ, ਚਾਰੋਂ ਕੁੰਟ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਸਾਚਾ ਵਰ, ਸਾਚੀ ਸਿਖਿਆ ਇਕ ਸਮਝਾਇਆ। ਸਾਚੀ ਸਿਖਿਆ ਪੁਰਖ ਨਾਰ, ਹਰਿ ਸਾਚਾ ਸਚ ਸਮਝਾਇੰਦਾ। ਸੀਤਾ ਸੁਰਤੀ ਰਾਮ ਪਿਆਰ, ਸਤਿਗੁਰ ਮੇਲ ਮਿਲਾਇੰਦਾ। ਕਾਹਨਾ ਕ੍ਰਿਸ਼ਨਾ ਵੇਖ ਵਿਚਾਰ, ਨਾਮ ਬੰਸਰੀ ਇਕ ਵਜਾਇੰਦਾ। ਏਕਾ ਹੱਕ ਸਰਬ ਸੰਸਾਰ, ਏਕਾ ਕਲਮਾ ਆਪ ਪੜ੍ਹਾਇੰਦਾ। ਨਾਨਕ ਬੀਜ ਬੀਜੇ ਸਾਚੇ ਵਤ, ਨਾਮ ਨਾਮਾ ਝੋਲੀ ਪਾਇੰਦਾ। ਗੁਰ ਅਰਜਨ ਰੱਖੇ ਆਪੇ ਪਤ, ਗੁਰੂ ਗ੍ਰੰਥ ਲੇਖ ਲਿਖਾਇੰਦਾ। ਗੁਰ ਗੋਬਿੰਦ ਲੇਖੇ ਲਾਈ ਰੱਤ, ਰੱਤੀ ਰੱਤ ਲਗਾਇੰਦਾ। ਗੁਰਸਿਖਾਂ ਦੇ ਸਮਝਾਵੇ ਮਤ, ਗੁਰੂ ਗ੍ਰੰਥ ਇਕ ਵਖਾਇੰਦਾ। ਸਗਲ ਵਿਸੂਰੇ ਜਾਣ ਲੱਥ, ਜੋ ਜਨ ਸਰਨਾਈ ਆਇੰਦਾ। ਦੂਈ ਦਵੈਤੀ ਹੋਏ ਭੱਠ, ਭੱਠ ਖੇੜਾ ਆਪ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਦੇਵੇ ਵਰ, ਸਾਚੀ ਸਿਖਿਆ ਸਿਖ ਵਿਚਾਰ, ਆਤਮ ਅੰਤਰ ਇਕ ਵਿਚਾਰ, ਦੂਸਰ ਨਾ ਕੋਈ ਬੰਨੇ ਧਾਰ, ਨੇਤਰ ਨੈਣ ਇਕ ਉਜਿਆਰ, ਚੌਥੇ ਘਰ ਮੇਲ ਭਤਾਰ, ਸਾਚੀ ਨਾਰੀ ਕੰਤ ਮਿਲਾਇੰਦਾ । ਨਾਰੀ ਕੰਤ ਹਰਿ ਹਰਿ ਮੇਲਾ, ਗੁਰ ਸਤਿਗੁਰ ਆਪ ਕਰਾਇਆ। ਆਪੇ ਗੋਲਾ ਗੁਰੂ ਗੁਰ ਚੇਲਾ, ਚੇਲਾ ਗੁਰ ਆਪ ਅਖਵਾਇਆ। ਆਪੇ ਸੱਜਣ ਸੱਜਣ ਸੁਹੇਲਾ, ਸਖਾ ਸਖਾਈ ਆਪ ਹੋ ਜਾਇਆ। ਆਪੇ ਵਸੇ ਆਪਣੇ ਰੰਗ ਨਵੇਲਾ, ਰੰਗ ਰੱਤੜਾ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਲਹਿਣਾ ਤੇਰਾ ਬਸਤਰ, ਤੇਰਾ ਗਹਿਣਾ ਤੇਰਾ ਕੱਜਲ ਤੇਰੇ ਨੈਣਾ ਜਗਤ ਸ਼ਿੰਗਾਰ ਕਰਾਇਆ। ਕਲਜੁਗ ਨੈਣ ਕੱਜਲ ਧਾਰ, ਕੂੜੋ ਕੂੜ ਵਹਾਈਆ। ਮਨਮੁਖ ਨਾਰੀ ਹੋਈ ਵਿਭਚਾਰ, ਝੂਠ ਸ਼ਿੰਗਾਰ ਰਹੀ ਹੰਢਾਈਆ। ਘਰ ਘਰ ਵੇਸਵਾ ਹੋਏ ਖ਼ਵਾਰ, ਨਾ ਪੱਲੂ ਕੋਈ ਫੜਾਈਆ। ਪੁਰਖ ਅਬਿਨਾਸ਼ੀ ਦੇਵੇ ਦਰ ਦੁਰਕਾਰ, ਦਰਗਹਿ ਸਾਚੀ ਕੋਈ ਨਾ ਥਾਈਂਆ। ਰਾਏ ਧਰਮ ਮਾਰੇ ਮਾਰ, ਦੇਵਣਹਾਰਾ ਅੰਤ ਸਜਾਈਆ। ਜਿਸ ਜਨ ਮਿਲਿਆ ਨਰ ਨਿਰੰਕਾਰ, ਨਾਨਕ ਮੇਲਾ ਸਹਿਜ ਸੁਭਾਈਆ । ਨੰਨਾ ਮੁਕਤਾ ਨਾਨਕ ਹੋ ਤਿਆਰ, ਥਿਰ ਘਰ ਬੈਠਾ ਜੋਤ ਜਗਾਈਆ। ਨੰਨਾ ਸਿਆਰੀ ਖ਼ਬਰਦਾਰ, ਦੋ ਜਹਾਨਾਂ ਫੇਰਾ ਪਾਈਆ। ਕੱਕੇ ਔਂਕੜ ਕਰੇ ਵਿਚਾਰ, ਲੋਕਮਾਤ ਵੱਜੇ ਵਧਾਈਆ। ਤ੍ਰੈਗੁਣ ਤੇਰਾ ਭੇਵ ਅਪਾਰ, ਰਜੋ ਤਮੋ ਸਤੋ ਵੇਖ ਵਖਾਈਆ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਕਰ ਤਿਆਰ, ਪੰਚਮ ਨਾਤਾ ਜੋੜ ਜੁੜਾਈਆ। ਮਨ ਮਤ ਬੁਧ ਦਏ ਅਧਾਰ, ਨਿਰਗੁਣ ਆਪਣੀ ਵਸਤ ਟਿਕਾਈਆ। ਸਰਗੁਣ ਸਾਚਾ ਕਰ ਤਿਆਰ, ਨੌ ਦਰ ਖੋਲ੍ਹ ਖੁਲ੍ਹਾਈਆ। ਗਗਨ ਮੰਡਲ ਵੇਖ ਵਿਚਾਰ, ਰਵ ਸਸ ਆਪ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਘਰ ਸੁਹੰਜਣਾ ਜਗੇ ਜੋਤ ਆਦਿ ਨਿਰੰਜਣਾ, ਦੁੱਖ ਦਰਦ ਰਹੇ ਨਾ ਰਾਈਆ। ਆਦਿ ਨਿਰੰਜਣ ਕਰ ਪਰਕਾਸ਼, ਪਾਰਬ੍ਰਹਮ ਵੇਖ ਵਖਾਇਆ। ਆਦਿ ਜੁਗਾਦਿ ਨਾ ਜਾਏ ਵਿਨਾਸ, ਜੁਗ ਜੁਗ ਆਪਣਾ ਨਾਉਂ ਧਰਾਇਆ। ਭਗਤ ਸੁਹੇਲਾ ਵਸੇ ਪਾਸ, ਘਰ ਘਰ ਡੇਰਾ ਲਾਇਆ। ਆਪੇ ਵੇਖੇ ਪ੍ਰਿਥਮੀ ਆਕਾਸ਼, ਗਗਨ ਮੰਡਲ ਫੇਰਾ ਪਾਇਆ। ਸਾਚੇ ਘਰ ਸਾਚੀ ਰਾਸ, ਗੋਪੀ ਕਾਹਨ ਆਪ ਨਚਾਇਆ। ਹਰ ਘਟ ਅੰਦਰ ਰੱਖੇ ਵਾਸ, ਗੁਰਮੁਖਾਂ ਪੜਦਾ ਲਾਹਿਆ। ਮਨਮੁਖ ਸੁੱਤੇ ਵਿਚ ਪਰਭਾਸ, ਹਰਿ ਹਰਿ ਰੂਪ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੇ ਦੇਵੇ ਵਰ, ਧਰ ਧਰਨੀ ਧਰਤ ਸੁਹਾਇਆ। ਧਰਨੀ ਧਰਤ ਧਵਲ ਕਰ ਪੁਕਾਰ, ਨੇਤਰ ਨੀਰ ਰਹੀ ਵਹਾਈਆ। ਲੱਖ ਚੁਰਾਸੀ ਹੋਈ ਖੁਵਾਰ, ਚਾਰੋਂ ਕੁੰਟ ਰਹੇ ਕੁਰਲਾਈਆ। ਸਾਧਾਂ ਸੰਤਾਂ ਆਈ ਹਾਰ, ਹਰਿ ਸੱਜਣ ਨਾ ਕੋਈ ਮੇਲ ਮਿਲਾਈਆ। ਮਦਿਰਾ ਮਾਸ ਕਰਨ ਅਹਾਰ, ਧ੍ਰਿਗ ਧ੍ਰਿਗ ਜੀਵਣ ਧ੍ਰਿਗ ਜੀਵਾਸ, ਦਰਗਹਿ ਸਾਚੀ ਕੋਈ ਨਾ ਹੋਏ ਸਹਾਈਆ। ਨਾਨਕ ਗੋਬਿੰਦ ਨਾ ਵਸਿਆ ਪਾਸ, ਵੇਲੇ ਅੰਤ ਨਾ ਦਏ ਗਵਾਹੀਆ। ਰਸਨਾ ਗਾਇਆ ਨਾ ਸਵਾਸ ਸਵਾਸ, ਮਨ ਤਨ ਧਨ ਗੁਰ ਅੱਗੇ ਨਾ ਭੇਟ ਚੜ੍ਹਾਈਆ। ਗੁਰਸਿਖ ਸਾਚੇ ਬਲ ਬਲ ਜਾਸ, ਧੰਨ ਧੰਨ ਧੰਨ ਤੇਰੀ ਵਡਿਆਈਆ। ਤੇਰੀ ਆਸਾ ਨਾ ਹੋਏ ਨਿਰਾਸ, ਪੂਰਨ ਆਸਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚੀ ਨੀਂਹ ਰਖਾਈਆ। ਸਤਿਜੁਗ ਸਾਚੀ ਨੀਂਹ ਧਰ, ਗੁਰ ਮੰਤਰ ਨਾਮ ਦ੍ਰਿੜਾਇੰਦਾ। ਨਾਰੀ ਮਿਲਿਆ ਸਾਚਾ ਵਰ, ਸ਼ਬਦ ਵਿਚੋਲਾ ਵਿਚ ਰਖਾਇੰਦਾ। ਆਪਣੀ ਕਰਨੀ ਆਪੇ ਕਰ, ਕਰ ਕਿਰਪਾ ਮੇਲ ਮਿਲਾਇੰਦਾ। ਨਾਮ ਫੜਾਇਆ ਸਾਚਾ ਲੜ, ਨਾ ਛੋੜੇ ਨਾ ਛੋੜ ਛੁੜਾਇੰਦਾ। ਦੋਹਾਂ ਅੰਦਰ ਆਪੇ ਵੜ, ਹਰਿ ਨਾਰੀ ਵੇਖ ਵਖਾਇੰਦਾ। ਮਸਤਕ ਲੇਖਾ ਆਪੇ ਪੜ੍ਹ, ਪਿਛਲਾ ਮੇਟ ਮਿਟਾਇੰਦਾ। ਦੋਹਾਂ ਜੋਤੀ ਏਕਾ ਕਰ, ਏਕਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿਜੁਗ ਸਾਚਾ ਸਚ ਵਰਤਾਇੰਦਾ। ਸਤਿਜੁਗ ਸਾਚਾ ਸਚ ਵਰਤਾਵਣਾ, ਸਤਿ ਸਤਿ ਸਤਿ ਆਪ ਕਰਾਈਆ। ਪਾਰਬ੍ਰਹਮ ਬ੍ਰਹਮ ਮਤ ਇਕ ਉਪਜਾਵਣਾ, ਬ੍ਰਹਮ ਬ੍ਰਹਮ ਦਏ ਸਮਝਾਈਆ। ਹੰ ਬ੍ਰਹਮ ਆਪ ਅਖਵਾਵਣਾ, ਹੰ ਰੂਪ ਆਪ ਹੋ ਜਾਈਆ। ਏਕੰਕਾਰਾ ਵੇਸ ਵਟਾਵਣਾ, ਓਅੰਕਾਰਾ ਖੇਲ ਖਿਲਾਈਆ। ਨਿਰਗੁਣ ਧਾਰ ਧਾਰ ਚਲਾਵਣਾ, ਸਰਗੁਣ ਡੇਰਾ ਲਾਈਆ। ਸਰਗੁਣ ਸਾਚਾ ਵੇਖ ਵਖਾਵਣਾ, ਨਿਰਗੁਣ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਦੇਵੇ ਵਰ, ਚਾਰ ਵਰਨ ਕਰੇ ਕੁੜਮਾਈਆ। ਚਾਰ ਵਰਨ ਜਗਤ ਕੁੜਮਾਈ, ਹਰਿ ਸਾਚਾ ਸਚ ਜਣਾਇੰਦਾ। ਏਕਾ ਘਰ ਵੱਜੇ ਵਧਾਈ, ਏਕਾ ਮੰਗਲ ਸਾਚਾ ਗਾਇੰਦਾ। ਏਕਾ ਮੰਦਰ ਦਏ ਸੁਹਾਈ, ਏਕਾ ਜੋਤ ਜਗਾਇੰਦਾ। ਏਕਾ ਸ਼ਬਦ ਸੱਚੀ ਸ਼ਨਵਾਈ, ਏਕਾ ਰਾਗ ਅਲਾਇੰਦਾ। ਏਕਾ ਮੇਲਾ ਸਹਿਜ ਸਭਾਈ, ਏਕਾ ਗੁਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਸਾਚੀ ਧਾਰ ਹਰਿ ਨਿਰੰਕਾਰ, ਆਪਣੀ ਕਿਰਪਾ ਆਪ ਕਰਾਇੰਦਾ। ਚਾਰ ਵਰਨਾਂ ਸੱਚਾ ਰੰਗ, ਹਰਿ ਸਤਿਗੁਰ ਪੁਰਖ ਚੜ੍ਹਾਇਆ। ਸਤਿਜੁਗ ਸਾਚੀ ਮੰਗੀ ਮੰਗ, ਅੱਗੇ ਆਪਣੀ ਝੋਲੀ ਡਾਹਿਆ। ਕੱਟਣਹਾਰਾ ਭੁੱਖ ਨੰਗ, ਦੇਵੇ ਦਾਨ ਰਿਜ਼ਕ ਸਬਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖਾਂ ਦੇਵੇ ਸਾਚਾ ਵਰ, ਏਕਾ ਸ਼ਬਦ ਸ਼ਬਦ ਸੁਣਾਇਆ। ਸੋ ਪੁਰਖ ਨਿਰੰਜਣ ਇਕ ਅਕਾਲ, ਏਕਾ ਏਕੰਕਾਰਿਆ। ਆਦਿ ਜੁਗਾਦੀ ਦੀਨ ਦਿਆਲ, ਦਇਆਨਿਧ ਆਪ ਅਖਵਾ ਰਿਹਾ। ਕਰੇ ਕਰਾਏ ਸਦਾ ਪ੍ਰਿਤਪਾਲ, ਪ੍ਰਿਤਪਾਲਕ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੋ ਪੁਰਖ ਨਿਰੰਜਣ ਆਪ ਆਪਣਾ ਮੇਲ ਮਿਲਾ ਰਿਹਾ। ਸੋ ਪੁਰਖ ਨਿਰੰਜਣ ਹਰਿ ਨਿਰੰਕਾਰਾ, ਅਕਲ ਕਲਾ ਅਖਵਾਈਆ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਪੁਰਖ ਅਬਿਨਾਸ਼ੀ ਵੱਡੀ ਵਡਿਆਈਆ। ਹੰ ਬ੍ਰਹਮ ਕਰ ਤਿਆਰਾ, ਆਤਮ ਜੀਵ ਵੰਡ ਵੰਡਾਈਆ। ਖੇਲੇ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਭੇਵ ਨਾ ਰਾਈਆ। ਨਾਰੀ ਕੰਤ ਵੇਖ ਭਤਾਰਾ, ਸਾਚੀ ਜੋੜੀ ਜੋੜ ਜੁੜਾਈਆ। ਲਿਖਿਆ ਲੇਖ ਅਪਰ ਅਪਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਹੋਏ ਉਜਿਆਰਾ, ਹਰਿ ਸਾਚਾ ਆਪ ਕਰਾਈਆ। ਲੱਖਣ ਦੀਪ ਖੇਲ ਅਪਾਰਾ, ਪੁਸ਼ਕਰ ਵੇਖ ਵਖਾਈਆ। ਕਰੌਚ ਲਾਏ ਏਕਾ ਨਾਅਰਾ, ਜੰਬੂ ਕਰੇ ਕੁੜਮਾਈਆ। ਸਲਮਲ ਤੇਰਾ ਸਤਿ ਸਹਾਰਾ, ਸਾਨ ਵੱਡੀ ਵਡਿਆਈਆ। ਕੁਸ਼ਾ ਕਰੇ ਇਕ ਪਿਆਰਾ, ਆਤਮ ਬ੍ਰਹਮ ਪੜ੍ਹਾਈਆ। ਪਰਗਟ ਹੋ ਵਿਚ ਸੰਸਾਰਾ, ਸਾਚੀ ਲਾਂਵ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਮਰਯਾਦਾ ਬੰਧਨ ਪਾਈਆ। ਜਗਤ ਬੰਧਨ ਆਪੇ ਪਾ, ਆਪੇ ਤੰਦ ਬੰਧਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਲੇਖਾ ਆਪਣੇ ਹੱਥ ਰਖਾਇੰਦਾ। ਜੁਗ ਜੁਗ ਬਣੇ ਜਗਤ ਮਲਾਹ, ਸ਼ਬਦ ਵਿਚੋਲਾ ਨਾਲ ਰਖਾਇੰਦਾ। ਜਨ ਭਗਤਾਂ ਪਹਿਲੋਂ ਪਕੜੇ ਬਾਂਹ, ਲੱਖ ਚੁਰਾਸੀ ਵੇਖ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਕਾਗੋਂ ਹੰਸ ਉਡਾਇੰਦਾ। ਆਪੇ ਪਿਤਾ ਆਪੇ ਮਾਂ, ਬਾਲ ਅੰਞਾਣੇ ਆਪਣੇ ਆਪੇ ਗੋਦ ਉਠਾਇੰਦਾ। ਦੇਵਣਹਾਰਾ ਠੰਡੀ ਛਾਂ, ਸਿਰ ਸਮਰਥ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਸਾਚਾ ਮੇਲਾ ਮੇਲ ਮਿਲਾਇੰਦਾ। ਨਾਰੀ ਕੰਤ ਜੁੜਿਆ ਜੋੜ, ਹਰਿ ਸਾਚਾ ਸਗਨ ਮਨਾਇੰਦਾ। ਆਦਿ ਜੁਗਾਦੀ ਜਾਏ ਬੌਹੜ, ਜੁਗ ਜੁਗ ਵੇਸ ਵਟਾਇੰਦਾ। ਮਿੱਠਾ ਕਰੇ ਰੀਠਾ ਕੌੜ, ਅੰਮ੍ਰਿਤ ਫਲ ਇਕ ਖੁਵਾਇੰਦਾ। ਦਰਗਹਿ ਸਾਚੀ ਲਾਇਆ ਪੌੜ, ਚੌਥੇ ਪੌੜੇ ਆਪ ਚੜ੍ਹਾਇੰਦਾ। ਪ੍ਰਭ ਅਬਿਨਾਸ਼ੀ ਗਿਆ ਬੌਹੜ, ਦੂਜੀ ਓਟ ਨਾ ਕੋਈ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਨੰਦ ਕਾਰਜ ਅਰੰਭ ਆਪ ਕਰਾਇੰਦਾ। ਅਨੰਦ ਕਾਰਜ ਚਾਰ ਵਰਨ, ਏਕਾ ਪੁਰਖ ਅਕਾਲ ਮਨਾਈਆ। ਦੂਜਾ ਚੁਕੇ ਜਗਤ ਡਰਨ, ਮਿਲੇ ਮੇਲ ਸਾਚੇ ਮਾਹੀਆ। ਤੀਜਾ ਖੁਲ੍ਹੇ ਹਰਨ ਫਰਨ, ਘਰ ਸਾਚੇ ਵੱਜੇ ਵਧਾਈਆ। ਚੌਥੇ ਘਰ ਆਪੇ ਚੜ੍ਹਨ, ਦੋਏ ਮੂਰਤੀ ਜੋਤ ਇਕ ਹੋ ਜਾਈਆ। ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪੰਚਮ ਪੰਚਮ ਪੰਚਮ ਵਾਰ ਜੈ ਜੈ ਜੈ ਪੜ੍ਹਨ, ਸਤਿਜੁਗ ਰੀਤੀ ਆਪ ਚਲਾਈਆ। ਗੁਰਦਰ ਮੰਦਰ ਮਸਜਿਦ ਗੁਰਸਿਖ ਕਦੇ ਨਾ ਵੜਨ, ਕਾਇਆ ਮੰਦਰ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿਜੁਗ ਸਾਚੇ ਦਿਤਾ ਵਰ, ਨਾਰੀ ਪਿਰ ਵਸੇ ਏਕਾ ਘਰ, ਘਰ ਸਾਚੇ ਸਗਨ ਮਨਾਈਆ।
