੧੧ ਹਾੜ ੨੦੧੬ ਬਿਕ੍ਰਮੀ ਦਰਬਾਰ ਵਿਚ ਜੇਠੂਵਾਲ
ਆਦਿ ਜੁਗਾਦਿ ਜੁਗਾ ਜੁਗੰਤਰ, ਹਰਿ ਨਰ ਸਤਿਗੁਰ ਵੇਸ ਵਟਾਇਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪ ਬਣਾਏ ਆਪਣੀ ਬਣਤਰ, ਨਿਰਗੁਣ ਨੂਰ ਜੋਤ ਰੁਸ਼ਨਾਇਆ। ਖੇਲੇ ਖੇਲ ਗਗਨ ਗਗਨੰਤਰ, ਭੇਵ ਅਭੇਦਾ ਭੇਵ ਛੁਪਾਇਆ। ਇਕ ਅਕੱਲਾ ਏਕੰਕਾਰ ਨਿਰਾਕਾਰ ਘਟ ਘਟ ਅੰਤਰ, ਆਪ ਆਪਣਾ ਰੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਇਆ। ਜੂਨੀ ਰਹਿਤ ਪੁਰਖ ਅਕਾਲ, ਏਕਾ ਏਕੰਕਾਰਿਆ। ਆਦਿ ਜੁਗਾਦੀ ਦੀਨ ਦਿਆਲ, ਖੇਲੇ ਖੇਲ ਅਪਰ ਅਪਾਰਿਆ। ਅੱਗੇ ਵਸਿਆ ਸਚ ਸੱਚੀ ਧਰਮਸਾਲ, ਘਰ ਸਾਚੇ ਆਸਣ ਲਾ ਲਿਆ। ਆਪਣਾ ਦੀਪਕ ਆਪੇ ਬਾਲ, ਜੋਤੀ ਨੂਰ ਡਗਮਗਾ ਰਿਹਾ। ਕਰੇ ਕਰਾਏ ਸਰਬ ਪ੍ਰਿਤਪਾਲ, ਆਪਣੀ ਸੇਵਾ ਆਪ ਕਮਾ ਲਿਆ। ਆਪੇ ਚਲੇ ਆਪਣੀ ਚਾਲ, ਆਪਣਾ ਮਾਰਗ ਆਪੇ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਆਪਣੀ ਰਚਨਾ ਆਪੇ ਰਚ, ਹਰਿ ਆਪੇ ਵੇਖ ਵਖਾਇੰਦਾ। ਆਪੇ ਸਤਿਗੁਰ ਪੁਰਖ ਸਚ, ਸਤਿ ਸਰੂਪ ਹੋ ਜਾਇੰਦਾ। ਏਕਾ ਸ਼ਬਦ ਆਪੇ ਵਾਚ, ਏਕਾ ਆਪ ਅਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਆਪ ਉਪਜਾਇੰਦਾ। ਜੋਤੀ ਨੂਰ ਉਜਾਲਾ ਹਰਿ ਗੋਪਾਲਾ, ਏਕਾ ਰੰਗ ਸਮਾਇਆ। ਖੇਲੇ ਖੇਲ ਖੇਲ ਨਿਰਾਲਾ, ਖੇਲਣਹਾਰ ਦਿਸ ਨਾ ਆਇਆ। ਚਲੇ ਚਲਾਏ ਚਾਲ ਨਿਰਾਲਾ, ਜੁਗ ਜੁਗ ਆਪਣਾ ਵੇਸ ਵਟਾਇਆ। ਏਕਾ ਸ਼ਬਦ ਏਕਾ ਤਾਲਾ, ਏਕਾ ਰਾਗ ਅਲਾਇਆ। ਏਕਾ ਮੰਦਰ ਏਕਾ ਅੰਦਰ ਏਕਾ ਘਰ ਏਕਾ ਦਰ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰੋ ਨੂਰ ਰੁਸ਼ਨਾਇਆ। ਨਿਰਗੁਣ ਨੂਰ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਇਕ ਅਕੱਲਾ ਲਏ ਅਵਤਾਰ, ਆਪਣਾ ਵੇਸ ਵਟਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਆਪੇ ਵਸੇ ਸਚਖੰਡ ਦਵਾਰ, ਥਿਰ ਘਰ ਆਪੇ ਡੇਰਾ ਲਾਈਆ। ਆਪੇ ਸ਼ਾਹ ਭੂਪ ਸੁਲਤਾਨਾ ਸਚ ਸਿਕਦਾਰ, ਧੁਰ ਫ਼ਰਮਾਣਾ ਆਪਣਾ ਆਪ ਜਣਾਈਆ। ਆਪੇ ਚੋਬਦਾਰ ਹੋਏ ਪਹਿਰੇਦਾਰ, ਦਰ ਦਰਬਾਨਾ ਆਪ ਸੁਹਾਈਆ। ਆਪੇ ਹੋਏ ਨਿਗਹਬਾਨਾ, ਆਪੇ ਵੇਖ ਵਖਾਈਆ। ਆਦਿ ਜੁਗਾਦੀ ਨੌਜਵਾਨਾ, ਨਾ ਮਰੇ ਨਾ ਜਾਈਆ। ਬਿਰਧ ਬਾਲ ਨਾ ਕੋਈ ਵਖਾਨਾ, ਏਕਾ ਅੰਕ ਸਮਾਈਆ। ਵਸਣਹਾਰ ਸਚ ਮਕਾਨਾ, ਉਚ ਮਹੱਲਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਵੇਸ ਵਟਾਈਆ। ਸਰਗੁਣ ਵੇਸ ਹਰਿ ਅਵੱਲਾ, ਏਕਾ ਏਕ ਕਰਾਇਆ । ਸਚ ਦਵਾਰੇ ਬੈਠ ਅਕੱਲਾ, ਅਕਲ ਕਲਾ ਅਖਵਾਇਆ। ਆਪਣੀ ਜੋਤੀ ਆਪੇ ਬਲਾ, ਆਪਣੀ ਜੋਤ ਕਰੇ ਰੁਸ਼ਨਾਇਆ। ਆਪਣਾ ਸ਼ਬਦ ਸੁਨੇਹੜਾ ਆਪੇ ਘਲਾ, ਆਪੇ ਰਿਹਾ ਸੁਣਾਇਆ। ਆਪ ਫੜਾਏ ਆਪਣਾ ਪੱਲਾ, ਵਰ ਦਾਤਾ ਆਪ ਹੋ ਜਾਇਆ। ਆਪਣਾ ਆਸਣ ਆਪੇ ਮੱਲਾ, ਦੂਸਰ ਸੰਗ ਨਾ ਕੋਈ ਰਲਾਇਆ। ਵਸੇ ਨੇਹਚਲ ਧਾਮ ਅਟੱਲਾ, ਉਚ ਅਗੰਮ ਅਥਾਹ ਬੇਪਰਵਾਹ ਡੇਰਾ ਲਾਇਆ। ਨਾ ਕੋਈ ਪਿਤਾ ਨਾ ਕੋਈ ਮਾਂ, ਨਾ ਕੋਈ ਅੰਗ ਲਗਾਇਆ। ਨਾ ਕੋਈ ਨਗਰ ਨਾ ਗਰਾਂ, ਨਾ ਕੋਈ ਖੇੜਾ ਹੋਰ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਜੋਤ ਡਗਮਗਾਇਆ। ਜੋਤੀ ਨੂਰ ਹਰਿ ਗੋਪਾਲ, ਗੋਬਿੰਦ ਹਰਿ ਰਘੁਰਾਈਆ। ਆਪ ਆਪਣੀ ਕਰੇ ਪ੍ਰਿਤਪਾਲ, ਘਰ ਸਾਚਾ ਇਕ ਸੁਹਾਈਆ। ਆਪੇ ਚਲੇ ਨਾਲ ਨਾਲ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਵਡਿਆਈਆ। ਆਦਿ ਜੁਗਾਦੀ ਹਰਿ ਕਰਤਾਰ, ਆਪਣਾ ਖੇਲ ਖਿਲਾਇੰਦਾ। ਖੇਲੇ ਖੇਲ ਅਗੰਮ ਅਪਾਰ, ਭੇਵ ਕੋਈ ਨਾ ਪਾਇੰਦਾ। ਵਿਸ਼ਨੂੰ ਦੇਵੇ ਇਕ ਸਹਾਰ, ਬ੍ਰਹਮਾ ਝੋਲੀ ਪਾਇੰਦਾ। ਬ੍ਰਹਮ ਕਵਲ ਹੋਇਆ ਉਜਿਆਰ, ਅੰਮ੍ਰਿਤ ਮੁਖ ਚੁਵਾਇੰਦਾ। ਨਾਮ ਸਚ ਸਤਿ ਭੰਡਾਰ, ਸਾਚੇ ਦਰ ਸੁਹਾਇੰਦਾ। ਸ਼ਬਦ ਅਗੰਮੀ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਧਰਾਇੰਦਾ। ਆਪਣਾ ਨਾਮ ਆਪੇ ਰੱਖ, ਆਪਣਾ ਰੂਪ ਵਟਾਈਆ। ਬ੍ਰਹਮਾ ਵਿਸ਼ਨੂੰ ਕਰ ਪਰਤੱਖ, ਸਾਚਾ ਸੰਗ ਨਿਭਾਈਆ। ਸ਼ੰਕਰ ਲੇਖਾ ਅਲੱਖਣਾ ਅਲੱਖ, ਆਪੇ ਲਏ ਗਣਾਈਆ। ਆਪੇ ਸਭ ਤੋਂ ਹੋਏ ਵੱਖ, ਆਪਣੀ ਕਲ ਆਪ ਵਰਤਾਈਆ। ਆਪਣਾ ਮਾਰਗ ਆਪੇ ਦੱਸ, ਤ੍ਰੈਗੁਣ ਮੇਲ ਮਿਲਾਈਆ। ਪੰਜ ਤੱਤ ਦੇਵੇ ਵੱਥ, ਏਕਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰਚਨ ਆਪ ਰਚਾਈਆ। ਨਿਰਗੁਣ ਧਾਰ ਪੁਰਖ ਅਕਾਲ, ਰੂਪ ਰੰਗ ਨਾ ਕੋਇ। ਦੀਨਾਂ ਬੰਧਪ ਦੀਨ ਦਿਆਲ, ਕਰੇ ਖੇਲ ਜਾਣੇ ਨਾ ਕੋਇ। ਤ੍ਰੈ ਉਪਜਾਏ ਸਾਚੇ ਲਾਲ, ਦੇਵੇ ਨਾਮ ਸ਼ਬਦ ਸਚ ਢੋਏ। ਫਲ ਲਗਾਏ ਆਪਣੇ ਡਾਲ੍ਹ, ਲੱਖ ਚੁਰਾਸੀ ਆਪ ਪਰੋਏ। ਆਪੇ ਮਾਇਆ ਪਾਏ ਜੰਜਾਲ, ਤੋੜ ਨਾ ਸਕੇ ਕੋਏ। ਸੇਵਾ ਲਾਏ ਕਾਲ ਮਹਾਂਕਾਲ, ਨਿਰਗੁਣ ਵੇਖੇ ਦਰ ਖਲੋਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਆਪ ਬਲੋਏ। ਨਿਰਗੁਣ ਜੋਤ ਸਾਚਾ ਨੂਰ, ਨੂਰੋ ਨੂਰ ਉਪਜਾਇਆ। ਆਪਣੇ ਦਰ ਹਾਜ਼ਰ ਹਜ਼ੂਰ, ਆਪ ਆਪਣਾ ਪੜਦਾ ਲਾਹਿਆ। ਆਪੇ ਵਸੇ ਨੇੜੇ ਦੂਰ, ਦੂਰ ਨੇੜੇ ਨਾ ਕੋਈ ਜਣਾਇਆ। ਆਪੇ ਸ਼ਬਦ ਅਨਾਦੀ ਤੂਰ, ਧੁਨੀ ਨਾਦ ਆਪ ਵਜਾਇਆ। ਆਪਣੀ ਮਨਸਾ ਆਪੇ ਪੂਰ, ਲੱਖ ਚੁਰਾਸੀ ਵੰਡ ਵੰਡਾਇਆ। ਅੰਮ੍ਰਿਤ ਆਤਮ ਸਤਿ ਸਰੋਵਰ, ਘਟ ਘਟ ਤਾਲ ਭਰਾਇਆ। ਤ੍ਰੈਗੁਣ ਨਾਤਾ ਪੰਜ ਤੱਤ ਗਰੂਰ, ਮਾਇਆ ਬੰਧਨ ਬੰਧ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਕਰਾਇਆ। ਖੇਲਣਹਾਰ ਪੁਰਖ ਸਮਰਥ, ਅਕਲ ਕਲ ਅਖਵਾਇਆ। ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾਇਆ। ਆਪੇ ਪੂਜਾ ਆਪੇ ਪਾਠ, ਆਪੇ ਮੰਤਰ ਨਾਮ ਦ੍ਰਿੜਾਇਆ। ਆਪੇ ਸਰ ਸਰੋਵਰ ਮਾਰੇ ਠਾਠ, ਜਲ ਧਾਰਾ ਆਪ ਰੁੜ੍ਹਾਇਆ। ਆਪੇ ਅਗਨੀ ਹੋਏ ਕਾਠ, ਜਗਤ ਬਸੰਤਰ ਆਪ ਲਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਖੇਲ ਖਿਲਾਇਆ। ਬ੍ਰਹਮਾ ਦੇਵੇ ਸ਼ਬਦ ਅਧਾਰ, ਏਕਾ ਸ਼ਬਦ ਜਣਾਈਆ। ਚਾਰੇ ਵੇਦਾਂ ਬਣ ਲਿਖਾਰ, ਲੇਖਾ ਗਿਆ ਸਮਝਾਈਆ। ਧਰਤ ਧਵਲ ਮਹੱਲ ਉਸਾਰ, ਆਪਣੀ ਰਚਨ ਰਚਾਈਆ। ਲੱਖ ਚੁਰਾਸੀ ਅੰਦਰ ਵਾੜ, ਆਪਣੀ ਹੱਥੀਂ ਕੁੰਡਾ ਲਾਈਆ । ਆਪੇ ਕੱਢਣਹਾਰਾ ਬਾਹਰ, ਜੁਗ ਜੁਗ ਵੇਖ ਵਖਾਈਆ। ਸਰਗੁਣ ਨਿਰਗੁਣ ਲਏ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਸੰਤ ਸਾਜਣ ਲਏ ਉਭਾਰ, ਆਪ ਆਪਣੀ ਬੂਝ ਬੁਝਾਈਆ। ਭਗਤਾਂ ਦੇਵੇ ਨਾਮ ਅਪਾਰ, ਨਾਮ ਨਾਮਾ ਝੋਲੀ ਪਾਈਆ। ਖੋਲ੍ਹਣਹਾਰਾ ਬੰਦ ਕਿਵਾੜ, ਅੰਦਰ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਜੁਗ ਜੁਗ ਵੇਸ ਪੁਰਖ ਅਗੰਮ, ਆਪਣਾ ਆਪ ਕਰਾਇੰਦਾ। ਨਾ ਮਰੇ ਨਾ ਪਏ ਜੰਮ, ਮਾਤ ਗਰਭ ਨਾ ਫੇਰਾ ਪਾਇੰਦਾ। ਆਪੇ ਜਾਣੇ ਆਪਣਾ ਕੰਮ, ਕਰਨੀ ਕਰਤਾ ਆਪ ਕਮਾਇੰਦਾ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਚਿੰਤਾ ਸੋਗ ਨਾ ਕੋਈ ਰਖਾਇੰਦਾ। ਨਾ ਕੋਈ ਤ੍ਰਿਸਨਾ ਨਾ ਕੋਈ ਤਮ, ਆਲਸ ਨਿੰਦਰਾ ਵਿਚ ਨਾ ਆਇੰਦਾ। ਹਡ ਮਾਸ ਨਾੜੀ ਨਾ ਦਿਸੇ ਚੰਮ, ਪੰਜ ਤੱਤ ਨਾ ਕੋਈ ਵਖਾਇੰਦਾ। ਜੁਗ ਜੁਗ ਬੇੜਾ ਆਪੇ ਬੰਨ, ਆਪ ਆਪਣਾ ਭਾਰ ਉਠਾਇੰਦਾ। ਨਾ ਕੋਈ ਛੱਪਰ ਨਾ ਕੋਈ ਛੰਨ, ਥਿਰ ਘਰ ਸਾਚੇ ਡੇਰਾ ਲਾਇੰਦਾ। ਗੁਰਮੁਖ ਵੇਖੇ ਸਾਚੇ ਜਨ, ਜਨ ਜਨਨੀ ਲੇਖੇ ਲਾਇੰਦਾ। ਏਕ ਰਾਗ ਸੁਣਾਏ ਕੰਨ, ਏਕਾ ਧੁਨ ਉਪਜਾਇੰਦਾ। ਲੋਕਮਾਤ ਚੜ੍ਹਾਏ ਸਾਚੇ ਚੰਨ, ਅਗਿਆਨ ਅੰਧੇਰ ਮਿਟਾਇੰਦਾ। ਗੜ੍ਹ ਹੰਕਾਰੀ ਭਾਂਡਾ ਭੰਨ, ਆਤਮ ਗਿਆਨ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਆਪ ਅਖਵਾਇੰਦਾ। ਜਗ ਕਰਤਾ ਹਰਿ ਕਰਨੇਹਾਰਾ ਪਾਰਬ੍ਰਹਮ ਅਖਵਾਇਆ। ਆਦਿ ਜੁਗਾਦੀ ਲਏ ਅਵਤਾਰਾ, ਏਕਾ ਗੁਰ ਗੁਰ ਨਾਮ ਧਰਾਇਆ। ਲੱਖ ਚੁਰਾਸੀ ਪਾਵੇ ਸਾਰਾ, ਘਟ ਘਟ ਵੇਖ ਵਖਾਇਆ। ਜਨ ਭਗਤਾਂ ਦੇਵੇ ਨਾਮ ਧਾਰਾ, ਅੰਦਰ ਮੰਦਰ ਮੇਲ ਮਿਲਾਇਆ। ਡੂੰਘੀ ਕੰਦਰ ਹੋ ਉਜਿਆਰਾ, ਜੋਤ ਨਿਰੰਜਣ ਦੀਪ ਇਕ ਜਗਾਇਆ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਅਨਹਦ ਤਾਲ ਵਜਾਇਆ। ਸਰ ਸਰੋਵਰ ਠੰਡੀ ਠਾਰਾ, ਅੰਮ੍ਰਿਤ ਤਾਲ ਭਰਾਇਆ। ਮੇਲ ਮਿਲਾਏ ਦਸਮ ਦਵਾਰਾ, ਆਤਮ ਸੇਜਾ ਇਕ ਵਿਛਾਇਆ। ਨਿਰਗੁਣ ਜੋਤੀ ਨੂਰ ਇਕ ਉਜਿਆਰਾ, ਦਿਵਸ ਰੈਣ ਡਗਮਗਾਇਆ। ਮੁਖ ਸ਼ਰਮਾਇਣ ਰਵ ਸਸ ਸਿਤਾਰਾ, ਨਿਉਂ ਨਿਉਂ ਸੀਸ ਝੁਕਾਇਆ। ਗੁਰਮੁਖ ਤੇਰਾ ਸਚ ਦਵਾਰਾ, ਆਦਿ ਜੁਗਾਦੀ ਵੇਖ ਵਖਾਇਆ। ਇਕ ਅਕੱਲਾ ਏਕੰਕਾਰਾ, ਨਿਰਾਕਾਰਾ ਵੇਸ ਵਟਾਇਆ। ਸ੍ਰਿਸ਼ਟ ਸਬਾਈ ਕਰ ਪਸਾਰਾ, ਸਗਲਾ ਬੰਧਨ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਮ ਧਰਾਇਆ। ਜੁਗ ਜੁਗ ਮੰਤਰ ਨਮੋ ਦੇਵ, ਆਦਿ ਪੁਰਖ ਅਖਵਾਇੰਦਾ। ਪਾਰਬ੍ਰਹਮ ਅਲਖ ਅਭੇਵ, ਵੇਦ ਕਤੇਬ ਨਾ ਕੋਈ ਜਣਾਇੰਦਾ। ਨਿਰਗੁਣ ਜਾਣੇ ਸਰਗੁਣ ਸੇਵ, ਸੇਵਾ ਸਰਗੁਣ ਨਿਰਗੁਣ ਆਪ ਕਰਾਇੰਦਾ। ਆਪੇ ਰਸਨਾ ਆਪੇ ਜੇਹਵ, ਪਵਣ ਸਵਾਸੀ ਆਪ ਚਲਾਇੰਦਾ। ਆਪੇ ਦੇਵਣਹਾਰਾ ਮੇਵ, ਅੰਮ੍ਰਿਤ ਫਲ ਆਪ ਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਜੁਗ ਜੁਗ ਨਾਉਂ ਹਰਿ ਨਿਰੰਕਾਰ, ਆਪਣਾ ਨਾਉਂ ਰਖਾਇਆ। ਓਮ ਰੂਪ ਵਿਚ ਸੰਸਾਰ, ਸੋ ਪੁਰਖ ਨਿਰੰਜਣ ਵੇਸ ਵਟਾਇਆ। ਹੰ ਬ੍ਰਹਮ ਕਰ ਕਰ ਤਿਆਰ, ਪਰਮ ਪੁਰਖ ਵਡਿਆਇਆ। ਏਕਾ ਰੂਪ ਦਿਸੇ ਧਾਰ, ਨਾਰੀ ਪੁਰਖ ਮੇਲ ਮਿਲਾਇਆ। ਕੰਤ ਕੰਤੂਹਲਾ ਕਰ ਪਿਆਰ, ਸਾਚੀ ਸੇਜਾ ਆਪ ਹੰਢਾਇਆ। ਸੁਰਤ ਸੁਵਾਣੀ ਖ਼ਬਰਦਾਰ, ਦਿਵਸ ਰੈਣ ਰਹੀ ਜਗਾਇਆ। ਮੇਲ ਮਿਲਾਵਾ ਸਾਚੇ ਯਾਰ, ਮਾਨਸ ਮਾਨੁਖ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਬੰਧਨ ਆਪੇ ਪਾਇਆ। ਸਤਿਜੁਗ ਤ੍ਰੇਤਾ ਬੰਧਨ ਪਾ, ਦੁਆਪਰ ਵੇਖ ਵਖਾਈਆ। ਆਪ ਆਪਣਾ ਵੇਸ ਵਟਾ, ਆਪਣਾ ਨਾਉਂ ਧਰਾਈਆ। ਆਪ ਆਪਣਾ ਨਾਮ ਧਿਆ, ਆਦਿ ਸ਼ਕਤ ਆਪ ਹੋ ਜਾਈਆ। ਆਪੇ ਦੇਵੇ ਰਿਜ਼ਕ ਸਬਾ, ਉਤਪਤ ਆਪੇ ਰਿਹਾ ਕਰਾਈਆ। ਆਪੇ ਚਾਰੇ ਵੇਦਾਂ ਰਿਹਾ ਗਾ, ਚਾਰੇ ਮੁਖ ਅਲਾਈਆ। ਬਾਸ਼ਕ ਤਸ਼ਕਾ ਆਪੇ ਗਲ ਲਟਕਾ, ਹੱਥ ਤ੍ਰਿਸੂਲ ਉਠਾਈਆ। ਸਾਗੋਂ ਪਾਂਗ ਆਪ ਹੰਢਾ, ਆਪੇ ਨੈਣ ਮਟਕਾਈਆ। ਕਰੋੜ ਤੇਤੀਸਾ ਸੇਵਾ ਲਾ, ਏਕਾ ਰਸਨਾ ਗਾਈਆ। ਗਣ ਗੰਧਰਬ ਦਏ ਉਠਾ, ਕਿੰਨਰ ਯਛਪ ਆਪੇ ਤਾਲ ਵਜਾਈਆ। ਲੱਖ ਚੁਰਾਸੀ ਬਣਤ ਬਣਾ, ਆਪ ਆਪਣਾ ਨਾਮ ਜਪਾਈਆ। ਭਗਤ ਵਛਲ ਆਪ ਅਖਵਾ, ਹਰਿਜਨ ਲਏ ਉਠਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਰਾ, ਕਲਜੁਗ ਅੰਤਮ ਵੰਡ ਵੰਡਾਈਆ। ਮੁਹੰਮਦ ਲੇਖਾ ਦਏ ਲਿਖਾ, ਲੇਖਾ ਲਿਖ ਨਾ ਕੋਈ ਮਿਟਾਈਆ। ਈਸਾ ਮੂਸਾ ਸਾਚਾ ਸੂਸਾ ਤਨ ਛੁਹਾ, ਸਾਚੇ ਸੀਸ ਵਖਾਈਆ। ਨਾਨਕ ਨਿਰਗੁਣ ਗਾ, ਨਾਮ ਸਤਿ ਪੜ੍ਹਾਈਆ। ਅਰਜਨ ਲੇਖਾ ਦਏ ਲਿਖਾ, ਏਕਾ ਗੁਰ ਵਡਿਆਈਆ। ਗੋਬਿੰਦ ਸਪੂਤਾ ਆਪ ਬਣਾ, ਦੇਵੇ ਮਾਣ ਵਡਿਆਈਆ। ਅੰਮ੍ਰਿਤ ਖੰਡਾ ਜਾਮ ਪਿਆ, ਸੁਧਾਸਰ ਸੁਹਾਈਆ। ਸ਼ਸਤਰ ਬਸਤਰ ਤਨ ਸਜਾ, ਵੇਖੇ ਬੇਪਰਵਾਹੀਆ। ਏਕਾ ਨੂਰ ਡਗਮਗਾ, ਜੋਤੀ ਨੂਰ ਕਰੇ ਰੁਸ਼ਨਾਈਆ। ਦਸਮ ਘਰ ਦਰ ਸੁਹਾ, ਗੁਰ ਦਸਵਾਂ ਵੇਖ ਵਖਾਈਆ। ਘਰ ਘਰ ਮੰਗਲ ਆਪਣਾ ਗਾ, ਏਕਾ ਰਿਹਾ ਸੁਣਾਈਆ। ਚਾਰੋਂ ਕੁੰਟ ਫੇਰੀ ਪਾ, ਦਹਿ ਦਿਸ਼ਾ ਵੇਖ ਵਖਾਈਆ। ਜੀਵ ਜੰਤ ਰਹੇ ਕੁਰਲਾ, ਨਾ ਦਿਸੇ ਕੋਈ ਸਹਾਈਆ। ਧਰਤ ਮਾਤ ਮਾਰੇ ਧੱਕਾ, ਖੁਲ੍ਹੇ ਕੇਸ ਨੇਤਰ ਰੋ ਰੋ ਨੀਰ ਵਹਾਈਆ। ਕੋਈ ਨਾ ਦੇਵੇ ਠੰਡੀ ਛਾਂ, ਕਲਜੁਗ ਅਗਨੀ ਅੱਗ ਤਪਾਈਆ। ਪਾਰਬ੍ਰਹਮ ਪ੍ਰਭ ਵੇਖ ਵਖਾ, ਆਪਣੀ ਰਚਨਾ ਆਪ ਰਚਾਈਆ। ਆਪਣਾ ਸੁੱਤ ਆਪ ਉਠਾ, ਅਬਿਨਾਸ਼ੀ ਅਚੁੱਤ ਦਏ ਵਡਿਆਈਆ। ਸਾਚੀ ਰੁੱਤ ਰੁੱਤ ਸੁਹਾ, ਫੁਲ ਰੁੱਤੜੀ ਇਕ ਲਗਾਈਆ। ਚਾਰ ਵਰਨਾਂ ਬਣਾਏ ਭੈਣ ਭਰਾ, ਊਚਾਂ ਨੀਚਾਂ ਮੇਟ ਮਿਟਾਈਆ। ਏਕਾ ਸਿਖਿਆ ਸਿਖ ਸਮਝਾ, ਏਕਾ ਗੁਰ ਵਖਾਈਆ। ਪੁਰਖ ਅਕਾਲ ਗਿਆ ਮਨਾ, ਨਾ ਦੂਸਰ ਕੋਈ ਸਹਾਈਆ। ਬੰਸ ਸਰਬੰਸ ਭੇਟ ਚੜ੍ਹਾ, ਆਪ ਆਪਣੀ ਸੇਵ ਕਮਾਈਆ। ਜੀਵ ਜੰਤ ਗਿਆ ਸਮਝਾ, ਕਲਜੁਗ ਵੇਲਾ ਅੰਤਮ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਗੋਬਿੰਦ ਧਾਰ ਹਰਿ ਨਿਰੰਕਾਰ, ਨਿਰਗੁਣ ਆਪ ਚਲਾਈਆ। ਏਕਾ ਜੋਤੀ ਦਸ ਅਵਤਾਰ, ਰੂਪ ਅਨੂਪ ਦਰਸਾਈਆ। ਏਕਾ ਸ਼ਬਦ ਇਕ ਕਟਾਰ, ਏਕਾ ਖੰਡਾ ਲਿਆ ਚਮਕਾਈਆ। ਏਕਾ ਸੱਜਣ ਮੀਤ ਮੁਰਾਰ, ਏਕਾ ਮਾਰਗ ਲਾਈਆ। ਰਾਓ ਰੰਕਾਂ ਇਕ ਪਿਆਰ, ਏਕਾ ਧਾਮ ਬਹਾਈਆ। ਅੰਮ੍ਰਿਤ ਆਤਮ ਕਰ ਤਿਆਰ, ਗੁਰਮੁਖਾਂ ਆਪ ਪਿਆਈਆ। ਆਪ ਆਪਣਾ ਉਤੋਂ ਵਾਰ, ਨਿਉਂ ਨਿਉਂ ਆਪਣਾ ਸੀਸ ਝੁਕਾਈਆ। ਮੰਗੇ ਮੰਗ ਬਣ ਭਿਖਾਰ, ਏਕਾ ਝੋਲੀ ਰਿਹਾ ਡਾਹੀਆ। ਮਿਲਿਆ ਮੇਲ ਧੁਰ ਕਰਤਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਗੋਬਿੰਦ ਚੇਲਾ ਗੋਬਿੰਦ ਗੁਰ ਹਰਿ ਅਵਤਾਰ, ਹਰਿ ਹਰਿ ਵੇਖ ਵਖਾਈਆ। ਕਲਜੁਗ ਅੰਤਮ ਚਾਰ ਕੁੰਟ ਹੋਏ ਧੂੰਆਂਧਾਰ, ਰੈਣ ਅੰਧੇਰੀ ਏਕਾ ਛਾਈਆ। ਸਾਧ ਸੰਤ ਜੀਵ ਜੰਤ ਹੋਏ ਵਿਭਚਾਰ, ਸਾਚਾ ਕੰਤ ਨਾ ਕੋਈ ਹੰਢਾਈਆ। ਜੂਠ ਝੂਠ ਹੋਏ ਹਾਹਾਕਾਰ, ਨਾਮ ਸਤਿ ਬ੍ਰਹਮ ਮਤ ਨਾ ਕੋਇ ਕੁੜਮਾਈਆ। ਪੰਜ ਤੱਤ ਚਲੇ ਵਿਕਾਰ, ਕੁਵਾਰੀ ਕੰਨਿਆ ਕਰੇ ਸ਼ਿੰਗਾਰ, ਸਾਚਾ ਘਰ ਨਾ ਮਿਲੇ ਦਵਾਰ, ਨਰ ਨਰਾਇਣ ਨਾ ਕੋਈ ਹੰਢਾਈਆ। ਚਾਰ ਕੁੰਟ ਦਹਿ ਦਿਸ਼ਾ ਉਡਦੇ ਨਾ ਦਿਸੇ ਪੰਖੀ ਡਾਰ, ਪ੍ਰਿਥਮੀ ਅਕਾਸ਼ ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਹੋਏ ਦੁਹਾਈਆ। ਧਰਤ ਧਵਲ ਉਲਟਾ ਕਵਲ, ਨਾ ਕੋਈ ਸਹਾਈ ਸਾਵਲ ਸਵਲ, ਸ੍ਰੀ ਰਾਮ ਨਾਮ ਨਾ ਕੋਈ ਗਾਈਆ। ਅੱਲਾ ਹੂ ਨਾ ਕੋਈ ਅੱਲਾ ਐਨਲਹੱਕ ਨਾ ਸਕੇ ਕੋਈ ਅਲ੍ਹਾ, ਚਾਰੋਂ ਕੁੰਟ ਉਡਨੇ ਕੱਖ, ਸ੍ਰਿਸ਼ਟ ਸਬਾਈ ਹੋਏ ਹਲਕਾਈਆ। ਨੂਰ ਖ਼ੁਦਾਈ ਪਰਵਰਦਿਗਾਰ, ਨਾ ਕੋਈ ਸਾਂਝਾ ਯਾਰ, ਰਾਮ ਨਾਮ ਨਾ ਕੋਈ ਸਹਾਰ, ਰਾਧਾ ਕ੍ਰਿਸ਼ਨ ਨਾ ਕੋਈ ਵਿਚਾਰ, ਦੁਰਗਾ ਇਸ਼ਟ ਨਾ ਕੋਈ ਵਿਚਾਰ, ਵਾਹਿਗੁਰੂ ਫਤਿਹ ਨਾ ਕੋਈ ਗਜਾਈਆ। ਘਰ ਘਰ ਹੋਏ ਹਾਹਾਕਾਰ, ਭਈਆ ਭੈਣਾਂ ਮਾਰੇ ਮਾਰ, ਸਾਚਾ ਸਈਆ ਨਾ ਕੋਈ ਵਿਚਾਰ, ਕਲਜੁਗ ਨੱਯਾ ਰਿਹਾ ਚਲਾਈਆ। ਨਾਨਕ ਗੋਬਿੰਦ ਬਣ ਲਿਖਾਰ, ਗਰੁਸਿਖਾਂ ਕਰਿਆ ਸਚ ਪਿਆਰ, ਸ਼ਬਦ ਸਨੇਹੁੜਾ ਵਿਚ ਸੰਸਾਰ, ਆਪਣੀ ਰਸਨਾ ਗਏ ਸੁਣਾਈਆ। ਕਲਜੁਗ ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਲੋਆਂ ਪੁਰੀਆਂ ਮਾਰੇ ਮਾਰ, ਲੱਖ ਚੁਰਾਸੀ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਸੰਬਲ ਨਗਰੀ ਧਾਮ ਨਿਆਰ, ਸਰਗੁਣ ਮੀਤ ਨੂਰ ਹੋਏ ਉਜਿਆਰ, ਮਹੱਲ ਅਟੱਲ ਅਚੱਲ ਏਕਾ ਨਾਮ ਵਖਾਈਆ। ਜਲ ਥਲ ਡੂੰਘੇ ਸਾਗਰ ਪਾਵੇ ਸਾਰ, ਜੰਗਲ ਜੂਹ ਵੇਖੇ ਪਹਾੜ ਉਜਾੜ, ਕੰਦਰ ਅੰਦਰ ਮਸਜਿਦ ਗੁਰੂਦਵਾਰ ਫੋਲ ਫੋਲਾਈਆ। ਵੇਦ ਵਿਦਿਆ ਲਏ ਉਭਾਰ, ਸ਼ਾਸਤਰ ਸਿਮਰਤ ਕਰ ਵਿਚਾਰ, ਅੰਜੀਲ ਕੁਰਾਨਾ ਖੋਲ੍ਹ ਕਿਵਾੜ, ਖਾਣੀ ਬਾਣੀ ਵੇਖੇ ਘਾੜ, ਲੱਖ ਚੁਰਾਸੀ ਟੋਹੇ ਨਾੜ ਨਾੜ, ਅੜਿਆ ਕੋਈ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਇਕ ਅਖਾੜ, ਬ੍ਰਹਮਾ ਵਿਸ਼ਨ ਸ਼ਿਵ ਦੇਵੇ ਵਾੜ, ਸ਼ਬਦ ਅਗੰਮੀ ਰੱਖੇ ਧਾੜ, ਪੁਰਖ ਅਬਿਨਾਸ਼ੀ ਸਾਚਾ ਲਾੜ, ਸਾਚਾ ਘੋੜਾ ਜੋਤੀ ਸ਼ਬਦੀ ਜੁੜਿਆ ਜੋੜਾ ਸਾਹ ਅਸਵਾਰ, ਹਰਿ ਨਿਰੰਕਾਰ ਨਿਰਗੁਣ ਨੂਰ ਨੂਰ ਉਜਿਆਰ, ਲੋਕਮਾਤ ਕਰੇ ਚੜ੍ਹਾਈਆ। ਨਾ ਕੋਈ ਖੰਡਾ ਨਾ ਕਟਾਰ, ਪੰਜ ਤੱਤ ਨਾ ਕੋਈ ਪਿਆਰ, ਨਾ ਕੋਈ ਸੱਜਣ ਮੀਤ ਮੁਰਾਰ, ਸਾਕ ਸੈਣ ਨਾ ਕੋਈ ਰਖਾਈਆ। ਗੁਰਸਿਖਾਂ ਕਰੇ ਪਿਆਰ, ਜੁਗ ਜੁਗ ਗੁਰਮੁਖ ਜਾਏ ਤਾਰ, ਦੇਵੇ ਨਾਮ ਸ਼ਬਦ ਅਨਡੀਠੜਾ ਕਾਇਆ ਮੰਦਰ ਸਾਚੇ ਅੰਦਰ ਦਏ ਟਿਕਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਰੂਪ ਸੱਚੀ ਸਰਕਾਰ, ਨਜ਼ਰੀ ਆਏ ਵਿਚ ਸੰਸਾਰ, ਚਾਰੇ ਵਰਨਾਂ ਕਰੇ ਪਿਆਰ, ਜਗਤ ਰੁਸ਼ਨਾਈਆ। ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਕਰ ਪਿਆਰ, ਅਠਾਰਾਂ ਬਰਨ ਦਏ ਅਧਾਰ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਵੇਸ ਵਟਾਇਆ, ਪਾਰਬ੍ਰਹਮ ਕਰਤਾਰ। ਲੋਕਮਾਤ ਕਿਸੇ ਦਿਸ ਨਾ ਆਇਆ, ਪ੍ਰਭ ਵੇਖਣਹਾਰ ਸਰਬ ਸੰਸਾਰ। ਰੂਪ ਰੰਗ ਕਿਸੇ ਨਜ਼ਰ ਨਾ ਆਇਆ, ਅੰਦਰ ਵੜ ਵੜ ਬੈਠੇ ਗੁਰੂਦਵਾਰ। ਸ਼ਬਦ ਨਾਦ ਨਾ ਕਿਸੇ ਵਜਾਇਆ, ਰਾਗੀ ਗਾਣ ਗਾਇਣ ਅਪਰ ਅਪਾਰ। ਬੋਧ ਅਗਾਧੀ ਸ਼ਬਦ ਨਾ ਕਿਸੇ ਸੁਣਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਗਤ ਵਿਹਾਰ ਹਰਿ ਨਿਰੰਕਾਰ ਆਪਣੇ ਹੱਥ ਰਖਾਇਆ। ਆਪਣੇ ਹੱਥ ਰੱਖੀ ਡੋਰ, ਹਰਿ ਸਤਿਗੁਰ ਵਡ ਵਡਿਆਈਆ । ਪਰਗਟ ਹੋਏ ਅੰਧ ਘੋਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਆਪੇ ਜਾਣੇ ਆਪਣਾ ਜ਼ੋਰ, ਨਾ ਲੇਖਾ ਕੋਈ ਲਿਖਾਈਆ। ਲੋਆਂ ਪੁਰੀਆਂ ਬ੍ਰਹਿਮੰਡਾਂ ਖੰਡਾਂ ਵੇਖੇ ਦੌੜ, ਜੇਰਜ ਅੰਡਾਂ ਫੋਲ ਫੋਲਾਈਆ। ਸ਼ਬਦ ਅਗੰਮੀ ਚੜ੍ਹਿਆ ਘੋੜ, ਵਾਗਾਂ ਆਪਣੇ ਹੱਥ ਉਠਾਈਆ। ਲੱਖ ਚੁਰਾਸੀ ਵੇਖੇ ਪਰਖੇ ਮਿਠਾ ਕੌੜ, ਕੌੜਾ ਰੀਠਾ ਭੰਨ ਵਖਾਈਆ। ਲੋਕਮਾਤ ਆਇਆ ਵਾਗਾਂ ਮੋੜ, ਨਿਹਕਲੰਕ ਨਾਉਂ ਰਖਾਈਆ। ਗੁਰਮੁਖਾਂ ਆਤਮ ਅੰਤਰ ਲੱਗੀ ਔੜ, ਗੁਰ ਪਰਸਾਦੀ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਉਂ ਰਖਾਈਆ। ਚੌਥੇ ਜੁਗ ਚੌਥੇ ਘਰ ਚੌਥੀ ਧਾਰ, ਚੌਥਾ ਪਦ ਸਮਾਇਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਪੁਰਖ ਅਬਿਨਾਸ਼ੀ ਵੇਸ ਵਟਾਇਆ। ਮੂਰਤ ਅਕਾਲ ਹੋ ਉਜਿਆਰ, ਨਿਰਗੁਣ ਧਾਰ ਰਿਹਾ ਚਲਾਇਆ। ਸਰਗੁਣ ਸਾਜਣ ਕਰ ਪਿਆਰ, ਹਰਿਜਨ ਮੇਲ ਮਿਲਾਇਆ। ਘਰ ਮੰਦਰ ਸੋਹੇ ਬੰਕ ਦਵਾਰ, ਦਰ ਸਾਚੇ ਆਸਣ ਲਾਇਆ। ਸ਼ਾਹ ਸੁਲਤਾਨਾ ਵਡ ਸਿਕਦਾਰ, ਸ਼ਾਹੋ ਭੂਪ ਵੇਖ ਵਖਾਇਆ। ਗੋਪੀ ਕਾਹਨ ਕਰ ਪਿਆਰ, ਸੀਤਾ ਰਾਮ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਵਖਾਇਆ। ਕਲਜੁਗ ਅੰਤਮ ਵੇਖਣਹਾਰਾ, ਪਾਰਬ੍ਰਹਮ ਅਖਵਾਇੰਦਾ। ਆਪੇ ਬੰਨ੍ਹੇ ਆਪਣੀ ਧਾਰਾ, ਲੱਖ ਚੁਰਾਸੀ ਆਪ ਭੁਲਾਇੰਦਾ। ਸਗਲਾ ਸੰਗੀ ਮੀਤ ਮੁਰਾਰਾ, ਸਾਚਾ ਸੰਗ ਨਿਭਾਇੰਦਾ। ਵਸਣਹਾਰਾ ਸਭ ਤੋਂ ਬਾਹਰਾ, ਆਪ ਆਪਣਾ ਨੂਰ ਡਗਮਗਾਇੰਦਾ। ਚਾਰ ਕੁੰਟ ਇਕ ਨਗਾਰਾ, ਲੋਆਂ ਪੁਰੀਆਂ ਆਪ ਸੁਣਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਹੁਲਾਰਾ, ਏਕਾ ਸਿਖਿਆ ਆਪ ਸਿਖਾਇੰਦਾ। ਪੁਰਖ ਨਿਰੰਜਣ ਖੇਲ ਅਪਾਰਾ, ਹੰ ਬ੍ਰਹਮ ਮੇਲ ਮਿਲਾਇੰਦਾ। ਏਕਾ ਪੁਰਖ ਏਕਾ ਨਾਰਾ, ਏਕਾ ਸੇਜਾ ਸੁਹਾਇੰਦਾ। ਕਮਲਾਪਾਤੀ ਮੀਤ ਮੁਰਾਰਾ, ਸਾਚੀ ਰੁੱਤੀ ਰੁੱਤ ਵਖਾਇੰਦਾ। ਆਤਮ ਤਾਕੀ ਖੋਲ੍ਹ ਕਿਵਾੜਾ, ਆਪਣਾ ਮੁਖ ਵਖਾਇੰਦਾ। ਬੁਝਾਏ ਅਗਨੀ ਤੱਤੀ ਹਾੜਾ, ਪੰਜ ਤੱਤ ਆਪ ਜਲਾਇੰਦਾ। ਸਾਚੇ ਮੰਦਰ ਸਚ ਅਖਾੜਾ, ਸਾਚੀ ਸਖੀਆਂ ਆਪ ਵਖਾਇੰਦਾ। ਦੋ ਜਹਾਨਾ ਪਾਰ ਕਿਨਾਰਾ, ਆਪ ਆਪਣਾ ਬੰਕ ਸੁਹਾਇੰਦਾ। ਨਿਰਗੁਣ ਜੋਤ ਨੂਰ ਕਰ ਉਜਿਆਰਾ, ਲੋਕਮਾਤ ਵੇਖ ਵਖਾਇੰਦਾ। ਸੰਮਤ ਸੰਮਤੀ ਪਾਵੇ ਸਾਰਾ, ਵੀਹ ਸਦ ਬਿਕ੍ਰਮੀ ਨਾਲ ਰਲਾਇੰਦਾ। ਵੀਹ ਸਦ ਪੰਦਰਾਂ ਕਰ ਵਿਚਾਰਾ, ਚੌਦਾਂ ਮੁਖ ਸਲਾਹਿੰਦਾ। ਚੌਦਾਂ ਹੱਟਾਂ ਵਣਜ ਵਣਜਾਰਾ, ਚੌਦਾਂ ਤਬਕਾਂ ਮੇਲ ਮਿਲਾਇੰਦਾ। ਨੂਰ ਅਲਾਹੀ ਖੇਲ ਅਪਾਰਾ, ਪਰਵਰਦਿਗਾਰ ਆਪ ਅਖਵਾਇੰਦਾ। ਖ਼ਾਲਕ ਖ਼ਲਕ ਦਏ ਸਹਾਰਾ, ਆਪ ਆਪਣਾ ਵੇਸ ਵਟਾਇੰਦਾ। ਨਿਰਗੁਣ ਬ੍ਰਹਮ ਕਰ ਵਿਚਾਰਾ, ਪਾਰਬ੍ਰਹਮ ਨਾਉਂ ਧਰਾਇੰਦਾ। ਨਾਮ ਸਤਿ ਸਤਿ ਵਰਤਾਰਾ, ਸਤਿਗੁਰ ਪੂਰਾ ਆਪ ਵਰਤਾਇੰਦਾ। ਫਤਿਹ ਡੰਕ ਡੰਕਾ ਜੈ ਜੈਕਾਰਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪ ਗਜਾਇੰਦਾ। ਤ੍ਰੈਗੁਣ ਆਪੇ ਵਸਿਆ ਬਾਹਰਾ, ਦਿਸ ਕਿਸੇ ਨਾ ਆਇੰਦਾ। ਨਿਹਕਲੰਕਾ ਲਏ ਅਵਤਾਰਾ, ਆਪਣਾ ਨਾਉਂ ਧਰਾਇੰਦਾ। ਸੋਹੰ ਸ਼ਬਦ ਵਣਜ ਵਾਪਾਰਾ, ਲੱਖ ਚੁਰਾਸੀ ਆਪ ਕਰਾਇੰਦਾ। ਵੀਹ ਸੌ ਪੰਦਰਾਂ ਸਚ ਦਿਹਾੜਾ, ਹਾੜ ਗਿਆਰਾਂ ਲੇਖ ਲਿਖਾਇੰਦਾ। ਗੁਰ ਗੁਰ ਕਰ ਵਣਜਾਰਾ, ਸਾਚੇ ਦਰ ਬਹਾਇੰਦਾ। ਦਿਵਸ ਰੈਣ ਏਕਾ ਕਾਰਾ, ਪੰਜ ਪੰਜ ਵੇਖ ਵਖਾਇੰਦਾ। ਆਪੇ ਗੁਪਤ ਆਪੇ ਜ਼ਾਹਰਾ, ਅੰਦਰ ਬਾਹਰ ਆਪ ਅਖਵਾਇੰਦਾ। ਆਪੇ ਭਗਤੀ ਭਰੇ ਭੰਡਾਰਾ, ਨਾਮ ਨਾਮਾ ਝੋਲੀ ਪਾਇੰਦਾ। ਆਪੇ ਸ਼ਬਦ ਖੰਡਾ ਬਣ ਤੇਜ਼ ਕਟਾਰਾ, ਗੁਰਮੁਖਾਂ ਤਨ ਸੁਹਾਇੰਦਾ। ਆਪੇ ਅੰਮ੍ਰਿਤ ਬਣਿਆ ਠੰਡੀ ਠਾਰਾ, ਆਤਮ ਰਸ ਆਪ ਚਖਾਇੰਦਾ। ਆਪੇ ਰਣ ਭੂਮੀ ਸੁੱਤਾ ਪੈਰ ਪਸਾਰਾ, ਆਪੇ ਸੀਸ ਧੜ ਕੱਟ ਵਖਾਇੰਦਾ। ਆਪੇ ਕਰ ਸਚ ਪਿਆਰਾ, ਆਪ ਆਪਣੀ ਗੋਦ ਉਠਾਇੰਦਾ। ਆਪੇ ਮੀਤਾ ਪੰਚ ਪਿਆਰਾ, ਪੰਚਮ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਭੇਦ ਆਪਣੇ ਹੱਥ ਰਖਾਇੰਦਾ। ਹਰਿ ਕਾ ਭੇਦ ਕੋਈ ਨਾ ਜਾਣੇ, ਵੇਦ ਕਤੇਬ ਰਹੇ ਕੁਰਲਾਈਆ। ਸ਼ਾਸਤਰ ਸਿਮਰਤ ਜਗਤ ਗਾਏ ਗਾਣੇ, ਭਗਤ ਭਗਵੰਤ ਕਰੇ ਵਡਿਆਈਆ। ਗੁਰਮੁਖ ਵਿਰਲਾ ਸੰਤ ਰੰਗ ਏਕਾ ਮਾਣੇ, ਜਿਸ ਛੱਡੀ ਸਰਬ ਲੋਕਾਈਆ। ਏਕਾ ਦਰ ਹੋਏ ਪਰਵਾਨੇ, ਏਕਾ ਮਿਲੇ ਸਾਚਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਲਹਿਣਾ ਆਪੇ ਦਏ ਚੁਕਾਈਆ। ਪਾਰਬ੍ਰਹਮ ਪ੍ਰਭ ਦੇਵਣਹਾਰਾ, ਗੁਰ ਗੁਰ ਰੂਪ ਵਟਾਇੰਦਾ। ਗੁਰਮੁਖ ਸਾਚਾ ਲੇਵਣਹਾਰਾ, ਆਪਣਾ ਲੇਖਾ ਨਾ ਕਦੇ ਮੁਕਾਇੰਦਾ। ਆਪਣਾ ਤਨ ਮਨ ਧਨ ਪਾਏ ਗਹਿਣਾ, ਬਿਨ ਸਤਿਗੁਰ ਪੂਰੇ ਨਾ ਕੋਇ ਛੁਡਾਇੰਦਾ। ਕਲਜੁਗ ਅੰਤਮ ਵਖਾਏ ਨੈਣਾਂ, ਵੇਲਾ ਅੰਤਮ ਆਇੰਦਾ। ਚਾਰ ਵਰਨਾਂ ਬਣਾਏ ਭਾਈ ਭੈਣਾਂ, ਹਰਿ ਸੰਗਤ ਨਾਉਂ ਰਖਾਇੰਦਾ। ਲੱਖ ਚੁਰਾਸੀ ਜੂਠਾ ਝੂਠਾ ਵਹਿਣ ਵਹਿਣਾ, ਅੰਤਮ ਏਕਾ ਧੱਕਾ ਲਾਇੰਦਾ। ਸਚਖੰਡ ਦਵਾਰੇ ਕਿਸੇ ਨਾ ਬਹਿਣਾ, ਧਰਮ ਰਾਏ ਰਾਹ ਤਕਾਇੰਦਾ। ਗੁਰ ਗੋਬਿੰਦ ਗੁਰ ਸਾਚਾ ਕਹਿਣਾ, ਹਰਿ ਸਾਚਾ ਪੂਰ ਕਰਾਇੰਦਾ। ਜੀਵਾਂ ਜੰਤਾਂ ਸਾਧਾਂ ਸੰਤਾਂ ਲੱਖ ਚੁਰਾਸੀ ਇਕ ਦੂਜੇ ਦੇ ਨਾਲ ਖਹਿਣਾ, ਨਾ ਪੱਲੂ ਕੋਈ ਤੁੜਾਇੰਦਾ। ਰਾਹ ਤੱਕੇ ਲਾੜੀ ਮੌਤ ਡੈਣਾ, ਰਾਏ ਧਰਮ ਹੁਕਮ ਸੁਣਾਇੰਦਾ। ਲਹਿੰਦੀ ਦਿਸ਼ਾ ਪਾਏ ਵੈਣਾ, ਆਪਣਾ ਗੇੜਾ ਆਪ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਖੇਲ ਖਿਲਾਇੰਦਾ। ਵੇਖਣਹਾਰ ਪੁਰਖ ਸਮਰਥ, ਸਮਰਥ ਪੁਰਖ ਅਖਵਾਇਆ। ਲਹਿਣਾ ਦੇਣ ਚੁਕਾਏ ਹੱਥੋ ਹੱਥ, ਨਾ ਕੋਈ ਉਧਾਰ ਕਰਾਇਆ। ਲੱਖ ਚੁਰਾਸੀ ਪਾਏ ਨੱਥ, ਦਹਿ ਦਿਸ਼ਾ ਰਿਹਾ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਧਾਰ ਇਕ ਵਿਚਾਰ, ਏਕਾ ਰਿਹਾ ਵਖਾਇਆ। ਏਕਾ ਧਾਰ ਨਾਨਕ ਗੁਰ, ਕਲਜੁਗ ਮਾਤ ਚਲਾਈਆ। ਪੈਂਤੀ ਅੱਖਰੀ ਆਪੇ ਬੌਹੜ, ਆਪੇ ਵੇਖ ਵਖਾਈਆ। ਆਪੇ ਲਾਇਆ ਆਪਣਾ ਪੌੜ, ਗ਼ਰੀਬ ਨਿਮਾਣੇ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਵੰਜਾ ਅੱਖਰ ਕਰੇ ਵੱਖਰ, ਬਾਵਨ ਬਾਵਨ ਵੇਸ ਵਟਾਈਆ। ਈਸ਼ਵਰੀ ਅੱਖਰ ਬਾਵਨ, ਭੇਵ ਕਿਸੇ ਨਾ ਪਾਇਆ। ਪੈਂਤੀ ਅੱਖਰ ਸਾਰੇ ਗਾਵਣ, ਸੱਤ ਸਤਾਰਾਂ ਦਿਸ ਨਾ ਆਇਆ। ਏਕਾ ਬਾਣ ਮਾਰੇ ਰਾਵਣ, ਸੀਤਾ ਸੁਰਤੀ ਨਾ ਕੋਇ ਛੁਡਾਇਆ। ਕਾਹਨਾ ਕ੍ਰਿਸ਼ਨਾ ਨਾ ਹੋਏ ਜ਼ਾਮਨ, ਅਰਜਨ ਰਥ ਨਾ ਕੋਇ ਚਲਾਇਆ। ਚਾਰ ਯਾਰ ਨਾ ਪਕੜੇ ਦਾਮਨ, ਸੰਗ ਮੁਹੰਮਦ ਨਾ ਕੋਇ ਰਲਾਇਆ। ਕਲਜੁਗ ਮੇਲਾ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਇਆ। ਗੋਬਿੰਦ ਗੁਰ ਮਿਲਿਆ ਜ਼ਾਮਨ, ਸਾਚਾ ਮਾਰਗ ਇਕ ਵਖਾਇਆ। ਪੁਰਖ ਅਬਿਨਾਸ਼ੀ ਮੇਟੇ ਤ੍ਰਿਸਨਾ ਤਾਮਨ, ਪੁਰਖ ਅਕਾਲ ਇਕ ਮਨਾਇਆ। ਕਲਜੁਗ ਅੰਤਮ ਹੋਏ ਜ਼ਾਮਨ, ਨਿਹਕਲੰਕ ਨਾਉਂ ਰਖਾਇਆ। ਲੋਆਂ ਪੁਰੀਆਂ ਮੇਟੇ ਰੈਣ ਅੰਧੇਰੀ ਸ਼ਾਮਨ, ਸਾਚਾ ਚੰਦ ਇਕ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਪੰਦਰਾਂ ਕਰ ਵਿਚਾਰ, ਚੌਦਾਂ ਰੱਖੀ ਏਕਾ ਧਾਰ, ਅਠਸਠ ਖਿਚੇ ਚਰਨ ਦਵਾਰ, ਗੰਗਾ ਗੋਦਾਵਰੀ ਰਹੀ ਕੁਰਲਾਇਆ। ਅਠਸਠ ਤੀਰਥ ਗੁਰ ਕੇ ਚਰਨ, ਦੂਜਾ ਤਟ ਨਾ ਕੋਈ ਵਖਾਈਆ। ਖੋਲ੍ਹਣਹਾਰਾ ਹਰਨ ਫਰਨ, ਘਟ ਮੰਦਰ ਮੇਲ ਮਿਲਾਈਆ। ਦਾਤਾ ਦਾਨੀ ਕਰਨੀ ਕਰਨ, ਕਰਤਾ ਪੁਰਖ ਆਪ ਅਖਵਾਈਆ। ਗੇੜ ਚੁਕਾਏ ਮਰਨੀ ਮਰਨ, ਲੱਖ ਚੁਰਾਸੀ ਫੰਦ ਕਟਾਈਆ। ਲਹਿਣਾ ਚੁੱਕੇ ਵਰਨੀ ਵਰਨ, ਵਰਨ ਗੋਤ ਨਾ ਕੋਈ ਬਣਾਈਆ। ਗੁਰਮੁਖ ਵਿਰਲੇ ਸਰਨੀ ਪੜਨ, ਜਿਸ ਬਖ਼ਸ਼ੇ ਸਚ ਸਰਨਾਈਆ। ਨਿਰਗੁਣ ਰੂਪ ਤਰਨੀ ਤਰਨ, ਤਾਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਸ ਵਟਾਈਆ। ਕਲਜੁਗ ਤੇਰਾ ਕੂੜ ਪਸਾਰ, ਚਾਰ ਕੁੰਟ ਰੰਗ ਰਤਾ। ਸ੍ਰਿਸ਼ਟ ਸਬਾਈ ਧੂੰਆਂਧਾਰ, ਨਾ ਜਾਣੇ ਕੋਈ ਗੁਰ ਮਤਾ। ਲੱਖ ਚੁਰਾਸੀ ਨਾਰ ਵਿਭਚਾਰ, ਨਾ ਦੀਸੇ ਧੀਰਜ ਸਤਾ। ਚਾਰੋਂ ਕੁੰਟ ਹਾਹਾਕਾਰ, ਬਹੱਤਰ ਨਾੜੀ ਉਬਲੀ ਰਤਾ। ਕਿਸੇ ਨਾ ਮਿਲਿਆ ਹਰਿ ਸੱਜਣ ਮੀਤ ਮੁਰਾਰ, ਨਾ ਹੋਇਆ ਠੰਡਾ ਤੱਤਾ। ਗੁਰਮੁਖਾਂ ਕਰੇ ਆਪ ਪਿਆਰ, ਬੀਜ ਬੀਜੇ ਸਾਚੇ ਵਤਾ। ਸੰਮਤ ਸੋਲਾਂ ਸਚ ਵਿਹਾਰ, ਆਪੇ ਕਰੇ ਪੁਰਖ ਬਿਧਾਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਇਕ ਇਕਾਂਤਾ। ਅਕਲ ਕਲ ਧਾਰ ਅਕਲ ਕਲ ਧਾਰੀ, ਅਕਲ ਕਲ ਅਖਵਾਈਆ। ਨਿਰਗੁਣ ਜੋਤ ਜੋਤ ਨਿਰੰਕਾਰੀ, ਆਦਿ ਨਿਰੰਜਣ ਵਡ ਵਡਿਆਈਆ। ਪਾਰਬ੍ਰਹਮ ਪ੍ਰਭ ਖੇਲ ਅਪਾਰੀ, ਅਲਖ ਅਗੋਚਰ ਭੇਵ ਨਾ ਰਾਈਆ। ਸ਼ਬਦ ਸ਼ਬਦ ਕਰ ਜੈਕਾਰੀ, ਸ਼ਬਦੀ ਸ਼ਬਦ ਸ਼ਬਦ ਕਰਾਈਆ। ਚੌਥੇ ਜੁਗ ਪਾਵੇ ਸਾਰੀ, ਕਲਜੁਗ ਅੰਤਮ ਵੰਡ ਵੰਡਾਈਆ। ਬ੍ਰਹਮਾ ਮਨਵੰਤਰ ਹੋਏ ਖੁਵਾਰੀ, ਸ਼ਬਦ ਤੀਰ ਏਕਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੇ ਹੱਥ ਰੱਖੇ ਆਪਣੀ ਡੋਰ, ਆਪੇ ਰਿਹਾ ਖਿਚਾਈਆ। ਕਲਜੁਗ ਅੰਤਮ ਹਰਿ ਨਿਰੰਕਾਰਾ, ਹਰਿ ਹਰਿ ਖੇਲ ਖਿਲਾਇੰਦਾ। ਪੁਰਖ ਅਬਿਨਾਸ਼ੀ ਲਏ ਅਵਤਾਰਾ, ਲੋਕਮਾਤ ਵੇਖ ਵਖਾਇੰਦਾ। ਆਪੇ ਘੜੇ ਆਪੇ ਭੰਨਣਹਾਰਾ, ਸਮਰਥ ਪੁਰਖ ਆਪ ਅਖਵਾਇੰਦਾ। ਆਪੇ ਸੰਤ ਸਾਧ ਕਰੇ ਪਿਆਰਾ, ਭਗਤ ਭਗਵੰਤ ਮੇਲ ਮਿਲਾਇੰਦਾ। ਆਪੇ ਦੂਤਾਂ ਦੁਸ਼ਟਾਂ ਪਾਏ ਸਾਰਾ, ਲੰਕਾ ਗੜ੍ਹ ਆਪ ਤੁੜਾਇੰਦਾ। ਆਪੇ ਵੇਖਣਹਾਰਾ ਧੁੰਧੂਕਾਰਾ, ਪਰਕਾਸ਼ ਅਕਾਸ਼ ਆਪ ਸੁਹਾਇੰਦਾ। ਆਪੇ ਰਵ ਸਸ ਮੰਡਲ ਤਾਰਾ, ਧਰਤ ਧਵਲ ਆਪ ਹੋ ਜਾਇੰਦਾ। ਆਪੇ ਗਗਨ ਮੰਡਲ ਕਰ ਪਸਾਰਾ, ਲੋਆਂ ਪੁਰੀਆਂ ਆਸਣ ਲਾਇੰਦਾ। ਆਪ ਸੁਹਾਏ ਸਚਖੰਡ ਦਵਾਰਾ, ਥਿਰ ਘਰ ਆਪਣਾ ਆਸਣ ਲਾਇੰਦਾ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪੇ ਡਗਮਗਾਇੰਦਾ। ਆਪੇ ਸ਼ਾਹੋ ਭੂਪ ਸਿਕਦਾਰਾ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਆਪੇ ਸਤਿ ਪੁਰਖ ਨਿਰੰਜਣ ਖੇਲੇ ਖੇਲ ਅਪਾਰਾ, ਅਗੰਮੜੀ ਕਾਰ ਆਪ ਕਰਾਇੰਦਾ। ਜੁਗਾ ਜੁਗੰਤਰ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਭਗਤਾਂ ਆਤਮ ਖੇਲ ਨਿਆਰਾ, ਸੰਮਤ ਸੋਲਾਂ ਰਾਹ ਤਕਾਇੰਦਾ। ਯਾਰਾਂ ਹਾੜ ਦਿਵਸ ਵਿਚਾਰਾ, ਗੁਰਮੁਖਾਂ ਮੇਲ ਮਿਲਾਇੰਦਾ। ਗੁਰ ਗੋਬਿੰਦ ਕਰ ਪਿਆਰਾ, ਸਿੰਘ ਗੋਬਿੰਦ ਲੇਖ ਲਿਖਾਇੰਦਾ। ਵੱਜੇ ਕਿੰਗ ਨਾਮ ਸਿਤਾਰਾ ਨਾਮ ਸੁਰੰਗੀ ਹੱਥ ਉਠਾਇੰਦਾ। ਅਨਹਦ ਮਰਦੰਗਾ ਗਾਏ ਵਾਰੋ ਵਾਰਾ, ਬਹੱਤਰ ਤਾਲ ਤਲਵਾੜਾ ਆਪ ਵਜਾਇੰਦਾ। ਛੱਤੀ ਰਾਗ ਨਾ ਪਾਇਣ ਸਾਰਾ, ਨਾਰਦ ਮੁਨ ਸੁਰਸਤੀ ਮੁਖ ਸਲਾਹਿੰਦਾ। ਗਾ ਗਾ ਥੱਕਾ ਸਰਬ ਸੰਸਾਰਾ, ਹਰਿ ਕਾ ਸ਼ਬਦ ਦਿਸ ਨਾ ਆਇੰਦਾ। ਜਿਸ ਜਨ ਬਖ਼ਸ਼ੇ ਚਰਨ ਪਿਆਰਾ, ਦਰ ਸਾਚੇ ਸੋਭਾ ਪਾਇੰਦਾ । ਆਪੇ ਰਾਮ ਕ੍ਰਿਸ਼ਨ ਅਵਤਾਰਾ, ਨਾਨਕ ਗੋਬਿੰਦ ਆਪ ਅਖਵਾਇੰਦਾ। ਅੰਤਮ ਕਲਜੁਗ ਲਏ ਅਵਤਾਰਾ, ਨਿਹਕਲੰਕਾ ਨਾਉਂ ਰਖਾਇੰਦਾ। ਗੁਰਮੁਖਾਂ ਭਰਿਆ ਸ਼ਬਦ ਭੰਡਾਰਾ, ਆਪਣੀ ਹੱਥੀਂ ਆਪ ਵਰਤਾਇੰਦਾ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਹਰਿ ਝਿਰਾਇੰਦਾ। ਖੋਲ੍ਹਣਹਾਰਾ ਬੰਦ ਕਿਵਾੜਾ, ਨੌ ਦਵਾਰ ਪਾਰ ਕਰਾਇੰਦਾ। ਮੇਟ ਮਿਟਾਏ ਪੰਚਮ ਧਾੜਾ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਮੇਲ ਮਿਲਾਏ ਸਚ ਦਵਾਰਾ, ਘਰ ਮੰਦਰ ਕੁੰਡਾ ਲਾਇੰਦਾ। ਆਤਮ ਸੇਜਾ ਸੁੱਤਾ ਪੈਰ ਪਸਾਰਾ, ਆਪਣੀ ਕਰਵਟ ਆਪ ਬਦਲਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਆਪਣੀ ਗੋਦੀ ਆਪ ਉਠਾਇੰਦਾ। ਧਨ ਗੁਰਸਿਖ ਸਚ ਦੁਲਾਰਾ, ਗੁਰ ਗੋਬਿੰਦ ਰਸਨਾ ਗਾਇੰਦਾ। ਕਲਜੁਗ ਅੰਤਮ ਲਾਹੇ ਉਧਾਰਾ, ਪਿਛਲਾ ਲਹਿਣਾ ਨਾ ਕੋਈ ਰਖਾਇੰਦਾ। ਪਹਿਲਾਂ ਕਰੇ ਜਗਤ ਵਿਹਾਰਾ, ਸ੍ਰਿਸ਼ਟ ਸਬਾਈ ਫੇਰ ਉਠਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਮਾਰੇ ਮਾਰਾ, ਸੀਸ ਤਾਜ ਨਾ ਕੋਈ ਟਿਕਾਇੰਦਾ। ਸਾਧਾਂ ਸੰਤਾਂ ਕਰੇ ਭਿਖਾਰਾ, ਦਰ ਮੰਗਣ ਭਿਖ ਨਾ ਪਾਇੰਦਾ। ਕੂੜਾ ਮੇਟੇ ਕੂੜ ਹੰਕਾਰਾ, ਕੂੜੀ ਕਿਰਿਆ ਮੇਟ ਮਿਟਾਇੰਦਾ। ਸਾਚਾ ਸ਼ਬਦ ਸਚ ਜੈਕਾਰਾ, ਸੋ ਪੁਰਖ ਨਿਰੰਜਣ ਆਪ ਲਗਾਇੰਦਾ। ਸਾਚੇ ਦਿਵਸ ਸਚ ਵਿਹਾਰਾ, ਹਰਿ ਸੰਗਤ ਆਪ ਕਰਾਇੰਦਾ। ਆਪੇ ਲਾਲ ਆਪਣਾ ਆਪ ਵਾਰਾ, ਸੀਸ ਜਗਦੀਸ ਭੇਟ ਚੜ੍ਹਾਇੰਦਾ। ਰਾਗ ਛਤੀਸ ਨਾ ਕੋਇ ਉਚਾਰਾ, ਅੰਜੀਲ ਕੁਰਾਨ ਨਾ ਕੋਈ ਗਾਇੰਦਾ। ਵੇਦ ਪੁਰਾਨ ਨਾ ਲਾਏ ਨਾਅਰਾ, ਨਾ ਕੋਈ ਹਵਨ ਗਵਨ ਵਖਾਇੰਦਾ। ਇਸ਼ਟ ਦੇਵ ਹਰਿ ਇਕ ਅਵਤਾਰਾ, ਏਕਾ ਪੁਰਖ ਅਖਵਾਇੰਦਾ। ਨੂਰੀ ਜਲਵਾ ਨੂਰ ਅਪਾਰਾ, ਨੂਰੋ ਨੂਰ ਡਗਮਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੀਹ ਸਦ ਸੋਲਾਂ ਸੋਲਾਂ ਧਾਰ, ਗੁਰਮੁਖਾਂ ਕਰੇ ਆਪ ਸ਼ਿੰਗਾਰ, ਸੋਲਾਂ ਇਛਿਆ ਦੇਵੇ ਵਰ, ਪਾਏ ਭਿਛਿਆ ਹਰਿ ਕਰਤਾਰ, ਕਰੇ ਰਿਛਿਆ ਵਿਚ ਸੰਸਾਰ, ਦੂਸਰ ਦਰ ਨਾ ਕੋਈ ਵਖਾਈਆ। ਸਾਚਾ ਦਰ ਹਰਿ ਸੁਹੰਜਣਾ, ਹਰਿ ਸਾਚੇ ਆਪ ਸੁਹਾਇਆ। ਪੁਰਖ ਅਬਿਨਾਸ਼ੀ ਜੋਤ ਜਗਾਈ ਆਦਿ ਨਿਰੰਜਣਾ, ਨਿਰਗੁਣ ਦੀਪ ਡਗਮਗਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਣਾ, ਭਵ ਸਾਗਰ ਲਏ ਤਰਾਇਆ। ਨੇਤਰ ਨਾਮ ਪਾਏ ਅੰਜਣਾ, ਜੋ ਜਨ ਸਰਨਾਈ ਆਇਆ। ਚਰਨ ਧੂੜ ਕਰਾਏ ਮਜਨਾ, ਦੁਰਮਤ ਮੈਲ ਦਏ ਗਵਾਇਆ। ਧੁਨ ਅਨਾਦੀ ਤਾਲ ਏਕਾ ਵੱਜਣਾ, ਅਨਹਦ ਸਾਚਾ ਦਏ ਵਜਾਇਆ। ਸਤਿਗੁਰ ਪੂਰੇ ਪੜਦਾ ਕੱਜਣਾ, ਸ਼ਬਦ ਦੋਸ਼ਾਲਾ ਹੱਥ ਉਠਾਇਆ। ਕਾਲ ਨਗਾਰਾ ਕਲਜੁਗ ਵੱਜਣਾ, ਥਿਰ ਕੋਈ ਰਹਿਣ ਨਾ ਪਾਇਆ। ਜੋ ਘੜਿਆ ਸੋ ਭੱਜਣਾ, ਥਿਰ ਕੋਈ ਰਹਿਣ ਨਾ ਪਾਇਆ। ਸੰਗੀ ਸਾਥੀ ਕਿਸੇ ਨਾ ਪੜਦਾ ਕੱਜਣਾ, ਵੇਲੇ ਅੰਤਮ ਦੇਣ ਤਜਾਇਆ। ਹਰਿ ਚਰਨ ਦਵਾਰੇ ਅੰਮ੍ਰਿਤ ਪੀ ਪੀ ਰੱਜਣਾ, ਕਲਜੁਗ ਵੇਲਾ ਅੰਤਮ ਆਇਆ । ਗੁਰਮੁਖ ਮੀਤ ਪਿਆਰੇ ਸਾਚੇ ਸੱਜਣਾ, ਜੁਗ ਜੁਗ ਤੇਰਾ ਰਾਹ ਤਕਾਇਆ। ਲੱਖ ਚੁਰਾਸੀ ਲੌਣ ਨਾ ਦੇਵੇ ਅਜ ਪਜਣਾ, ਨਾ ਕੋਈ ਸਕੇ ਮੁਖ ਛੁਪਾਇਆ। ਬੀਸ ਸਦ ਬੀਸ ਬਿਕ੍ਰਮੀ ਨੌ ਖੰਡ ਪ੍ਰਿਥਮੀ ਸੱਤ ਦੀਪ ਮਦਿਰਾ ਮਾਸ ਸਭ ਨੇ ਤਜਣਾ, ਰਸਨਾ ਪਾਨ ਬੀੜੀ ਨਾ ਕੋਈ ਲਗਾਇਆ। ਗੁਰਸਿਖ ਸਾਚੇ ਧੁਰ ਦਰਗਾਹੀ ਰਾਜਨ ਰਾਜਨਾ, ਸ਼ਾਹ ਸੁਲਤਾਨ ਬਣਕੇ ਆਇਆ। ਪਰਗਟ ਹੋਇਆ ਦੇਸ ਮਾਝਨਾ, ਸ਼ਬਦ ਡੰਕਾ ਰਿਹਾ ਵਜਾਇਆ। ਚਿੱਟਾ ਅਸਵ ਏਕਾ ਤਾਜਨਾ, ਸ਼ਾਹ ਅਸਵਾਰ ਆਪ ਦੌੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਮਤ ਸੋਲਾਂ ਕਰ ਪਿਆਰ, ਗੁਰ ਸੰਗਤ ਵਖਾਏ ਹਰਿ ਦਵਾਰ, ਹਰਿ ਕਾ ਰੂਪ ਨਜ਼ਰੀ ਆਇਆ। ਹਰਿ ਦਵਾਰ ਹਰਿ ਕਾ ਰੂਪ, ਹਰਿਜਨ ਵਿਚ ਟਿਕਾਈਆ। ਗੁਰਸਿਖ ਤੇਰਾ ਸਤਿ ਸਰੂਪ, ਗੁਰ ਨਾਨਕ ਮੁਖ ਸਲਾਹੀਆ। ਕਬੀਰ ਦਵਾਰੇ ਦੇਵੇ ਧੂਪ, ਬ੍ਰਹਮ ਅਗਨੀ ਨਿਤ ਜਲਾਈਆ । ਆਤਮ ਰਾਮ ਏਕਾ ਸੁਖ, ਸੁਖ ਸਹਿਜ ਸੇਵ ਕਮਾਈਆ। ਜਗਤ ਤ੍ਰਿਸਨਾ ਮਿਟੇ ਭੁੱਖ, ਜਿਸ ਮਿਲਿਆ ਦਾਤਾ ਬੇਪਰਵਾਹੀਆ। ਮਾਤ ਗਰਭ ਸੁਫ਼ਲ ਹੋਈ ਕੁੱਖ, ਲੱਖ ਚੁਰਾਸੀ ਕੱਟੀ ਜਮ ਕੀ ਫਾਹੀਆ। ਉਜਲ ਹੋਇਆ ਲੋਕਮਾਤ ਮੁੱਖ, ਜੋ ਜਨ ਦਰ ਆਪਣੇ ਲਏ ਮਿਲਾਈਆ। ਹਰਿ ਸੰਗਤ ਨਿਉਂ ਨਿਉਂ ਸੀਸ ਝੁਕਾਈਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਬੂਟਾ ਜਾਣਾ ਸੁੱਕ, ਪ੍ਰਭ ਸਾਚਾ ਜੜ ਉਖੜਾਈਆ। ਮਨਮੁਖਾਂ ਮੁੱਖ ਪੈਣਾ ਥੁੱਕ, ਸੋਹੰ ਸ਼ਬਦ ਹੱਥ ਨਾ ਆਈਆ। ਗੁਰ ਨਾਨਕ ਗਾਇਆ ਲੁਕ ਲੁਕ, ਹਰਿ ਸਾਚਾ ਕਰੇ ਰੁਸ਼ਨਾਈਆ। ਸਿੰਘ ਸ਼ੇਰ ਸ਼ੇਰ ਰਿਹਾ ਬੁੱਕ, ਸਿੰਘ ਸ਼ੇਰ ਨਾਉਂ ਰਖਾਈਆ। ਗੁਰਸਿਖਾਂ ਭਾਰ ਆਪੇ ਚੁੱਕ, ਕਲਜੁਗ ਪੈਂਡਾ ਰਿਹਾ ਮੁਕਾਈਆ। ਉਲਟਾ ਗਰਭ ਨਾ ਹੋਏ ਰੁੱਖ, ਜੋ ਜਨ ਨੇਤਰ ਲੋਚਣ ਦਰਸ਼ਨ ਪਾਈਆ। ਕਰੋੜ ਤੇਤੀਸ ਦੇਵੀ ਦੇਵ ਸੁਰਪਤ ਇੰਦ ਬ੍ਰਹਮਾ ਵਿਸ਼ਨ ਸ਼ਿਵ ਸੁਖਨਾ ਰਹੇ ਸੁੱਖ, ਕਵਣ ਵੇਲਾ ਹਰਿ ਹਰਿ ਦਰਸ਼ਨ ਪਾਈਆ। ਨਾ ਹਰਿ ਮਾਨਸ ਨਾ ਮਾਨੁੱਖ, ਗੁਰਮੁਖਾਂ ਅੰਦਰ ਆਪਣਾ ਆਪ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਖ ਵਖਾਈਆ। ਆਪਣੀ ਬੀਜ ਫੁਲ ਫੁਲਵਾੜੀ, ਹਰਿ ਸਾਚੇ ਕਰਮ ਕਮਾਇਆ। ਕ੍ਰਿਸ਼ਨ ਅਰਜਨ ਮਿਲਿਆ ਵਾਰ ਗਿਆਰਾਂ ਹਾੜੀ, ਗੁੜਗਾਉਂ ਦਰੋਨਾ ਅਚਾਰਜ ਧਾਮ ਸੁਹਾਇਆ। ਕਲਜੁਗ ਅੰਤਮ ਹੋਏ ਪਿਛੇ ਅਗਾੜੀ, ਆਪ ਆਪਣੀ ਸੇਵ ਕਮਾਇਆ। ਹਰਿ ਕਾ ਰੂਪ ਨਾ ਕੋਈ ਮੁੱਛ ਨਾ ਕੋਈ ਦਾੜ੍ਹੀ, ਨਾ ਕੋਈ ਮੂੰਡ ਮੁੰਡਾਇਆ। ਗੁਰ ਗੋਬਿੰਦ ਬਣਾਇਆ ਲਾੜੀ, ਸਾਚਾ ਲਾੜਾ ਆਪ ਸਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਦੁਆਪਰ ਤੇਰਾ ਲਹਿਣਾ, ਗੋਬਿੰਦ ਗਹਿਣਾ ਕਲਜੁਗ ਅੰਤਮ ਵੇਖਣ ਆਇਆ। ਗੋਬਿੰਦ ਗਹਿਣਾ ਤਨ ਸ਼ਿੰਗਾਰ, ਆਪਣਾ ਕਰਮ ਕਮਾਇਆ। ਸਿੰਘ ਦਇਆ ਕਰ ਪਿਆਰ, ਸਿਰ ਆਪਣਾ ਹੱਥ ਟਿਕਾਇਆ। ਆਪਣਾ ਆਪ ਅੱਗੇ ਧਰ, ਆਪਣੀ ਝੋਲੀ ਰਿਹਾ ਵਿਛਾਇਆ। ਪੰਚਾਂ ਬੰਨੇ ਇਕ ਦਸਤਾਰ, ਏਕਾ ਬੰਧਨ ਪਾਇਆ। ਪੰਚਾਂ ਮੇਲਾ ਮੀਤ ਮੁਰਾਰ, ਪੰਚਮ ਦਏ ਮਿਲਾਇਆ। ਚਾਰ ਚਾਰੇ ਦਏ ਵਾਰ, ਚਾਰੇ ਕੁੰਟਾਂ ਵੇਖ ਵਖਾਇਆ। ਚਾਰ ਯਾਰੀ ਕਰੇ ਖ਼ਵਾਰ, ਭੇਵ ਕਿਸੇ ਨਾ ਪਾਇਆ। ਦੋ ਦੱਬੇ ਧਰਨੀ ਭਾਰ, ਦੋ ਮੈਂਹਦੀ ਲਾਲ ਰੰਗਣ ਆਪ ਰੰਗਾਇਆ। ਆਪੇ ਵਸਿਆ ਸਭ ਤੋਂ ਬਾਹਰ, ਆਪਣਾ ਰੂਪ ਨਾ ਕੋਈ ਰਖਾਇਆ। ਕਲਜੁਗ ਕਰਿਆ ਕਰਮ ਵਿਚਾਰ, ਜਗਤ ਮਾਰਗ ਇਕ ਰਖਾਇਆ। ਸ਼ਬਦ ਸੁਨੇਹੜਾ ਦੇਵੇ ਸਾਂਝੇ ਯਾਰ, ਮਿੱਤਰ ਪਿਆਰੇ ਹਾਲ ਸੁਣਾਇਆ। ਖੰਜਰ ਪਿਆਲਾ ਮਿਠੀ ਧਾਰ, ਸੂਲਾਂ ਸੇਜ ਰਿਹਾ ਹੰਢਾਇਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਸ਼ਬਦ ਸੁਨੇਹੜਾ ਇਕ ਘਲਾਇਆ। ਕਲਜੁਗ ਅੰਤਮ ਪਾਵੇ ਸਾਰ, ਨਿਹਕਲੰਕਾ ਨਾਉਂ ਰਖਾਇਆ। ਗੋਬਿੰਦ ਤੇਰਾ ਡੰਕਾ ਵੱਜੇ ਸਰਬ ਸੰਸਾਰ, ਨੌ ਖੰਡ ਪ੍ਰਿਥਮੀ ਦਏ ਸੁਣਾਇਆ। ਪੰਚਾਂ ਦੇਵੇ ਸੱਚੀ ਸਿਕਦਾਰ, ਸੀਸ ਦਸਤਾਰ ਆਪ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਆਪ ਅਖਵਾਇਆ। ਨਰ ਨਰਾਇਣ ਹਰਿ ਭਗਵਾਨ, ਭਗਵਾਨ ਵੇਸ ਵਟਾਇਆ। ਲੋਕਮਾਤ ਨਾ ਸਕੇ ਕੋਈ ਪਛਾਨ, ਵਲ ਛਲ ਧਾਰੀ ਖੇਲ ਖਿਲਾਇਆ। ਲੱਖ ਚੁਰਾਸੀ ਬਾਲ ਨਿਧਾਨ, ਬ੍ਰਹਮ ਗਿਆਨ ਨਾ ਕੋਈ ਜਣਾਇਆ। ਪੜ੍ਹ ਪੜ੍ਹ ਥੱਕੇ ਵੇਦ ਪੁਰਾਨ, ਸ਼ਾਸਤਰ ਭੇਵ ਕਿਸੇ ਨਾ ਆਇਆ। ਖਾਣੀ ਬਾਣੀ ਹੋਏ ਹੈਰਾਨ, ਹੱਥ ਕਿਸੇ ਨਾ ਆਇਆ। ਮੰਦਰ ਮਸਜਿਦ ਮੱਠ ਸ਼ਿਵਦਵਾਲਾ ਵੇਖ ਮਕਾਨ, ਕਾਇਆ ਮੰਦਰ ਨਾ ਕੋਇ ਸੁਹਾਇਆ। ਝੂਠ ਚਲਾਈ ਜਗਤ ਦੁਕਾਨ, ਚੌਦਾਂ ਹੱਟ ਨਾ ਹੱਟ ਵਿਕਾਇਆ। ਜਗਤ ਤ੍ਰਿਸਨਾ ਪੀਣ ਖਾਣ, ਆਤਮ ਰਸ ਹੱਥ ਕਿਸੇ ਨਾ ਆਇਆ। ਮਦਿਰਾ ਮਾਸ ਕਰਨ ਪਾਨ, ਮਾਇਆ ਮਮਤਾ ਮੋਹ ਨਾ ਕੋਈ ਤੁੜਾਇਆ। ਅੰਤਮ ਪੀੜੇ ਕੋਹਲੂ ਘਾਣ, ਗੁਰ ਪੀਰ ਨਾ ਕੋਇ ਛੁਡਾਇਆ। ਪਰਗਟ ਹੋਏ ਆਇਆ ਘਰ ਤ੍ਰਖਾਣ, ਏਕਾ ਰੰਦਾ ਹੱਥ ਉਠਾਇਆ। ਲੱਖ ਚੁਰਾਸੀ ਕਰੇ ਪੁਣ ਛਾਣ, ਸਦ ਬਖ਼ਸ਼ਿੰਦ ਵੇਸ ਵਟਾਇਆ। ਦੇਵਣਹਾਰਾ ਨਾਮ ਦਾਨ, ਨਾਮ ਭੰਡਾਰਾ ਇਕ ਸੁਹਾਇਆ। ਸੋਹੰ ਸ਼ਬਦ ਧੁਰ ਫ਼ਰਮਾਣ, ਸਤਿਜੁਗ ਸਾਚਾ ਰਾਹ ਵਖਾਇਆ। ਹਿੰਦੂ ਮੁਸਲਮ ਸਿਖ ਈਸਾਈ ਸਾਰੇ ਗਾਣ, ਭੇਵ ਰਹੇ ਨਾ ਰਾਇਆ। ਹਾੜ ਗਿਆਰਾਂ ਵਡ ਪਰਧਾਨ, ਹਰਿ ਸਾਚੇ ਮਾਣ ਰਖਾਇਆ। ਸੰਮਤ ਸੋਲਾਂ ਝੁੱਲੇ ਨਿਸ਼ਾਨ, ਸਤਿਗੁਰ ਪੂਰਾ ਰਿਹਾ ਝੁਲਾਇਆ। ਸਾਧਾਂ ਸੰਤਾਂ ਘਰ ਘਰ ਪਈ ਮਕਾਣ, ਹਰਿ ਸ਼ਬਦ ਨਾ ਮੇਲ ਮਿਲਾਇਆ। ਹੱਥ ਨਾ ਆਈ ਸਾਚੀ ਖਾਣ, ਬਿਨ ਗੁਰ ਪੂਰੇ ਕੁੰਜੀ ਨਾ ਕੋਈ ਫੜਾਇਆ। ਪੂਜਾ ਪਾਠ ਕਰ ਕਰ ਸੁਣਾਣ, ਮਨ ਮਨੂਆ ਨਾ ਕਿਸੇ ਬੰਧਾਇਆ। ਗੁਰ ਦਰ ਮੰਦਰ ਖਾਦਾ ਪੂਜਾ ਧਾਨ, ਅੰਤਮ ਲੇਖਾ ਦੇਣਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਵੀਹ ਸੌ ਗਿਆਰਾਂ ਵਡ ਵਡਿਆਈ ਦੇਵਣਹਾਰ ਹਰਿ ਰਘੁਰਾਈ, ਆਪ ਆਪਣਾ ਰੰਗ ਰੰਗਾਇਆ। ਰੰਗ ਰੰਗਾਇਆ ਹਰਿ ਚਲੂਲ, ਘਰ ਸੱਜਣ ਮੇਲ ਮਿਲੰਨਿਆ। ਜੁਗ ਵਿਛੜੇ ਨਾ ਜਾਏ ਭੂਲ, ਦੇਵਣਹਾਰ ਸ੍ਰੀ ਭਗਵਾਨਿਆ। ਗੁਰ ਸੰਗਤ ਗੁਰਮੁਖ ਲੋਕਮਾਤ ਉਪਜਾਏ ਸਾਚੇ ਫੂਲ, ਸਤਿਜੁਗ ਸਾਚਾ ਚੜ੍ਹੇ ਚੰਨਿਆ। ਹਰਿਜਨ ਸਚ ਪੰਘੂੜਾ ਰਿਹਾ ਝੂਲ, ਸਤਿਗੁਰ ਪੂਰੇ ਬੇੜਾ ਬੰਨਿਆ। ਮੇਲ ਮਿਲਾਵਾ ਕੰਤ ਕੰਤੂਹਲ, ਮੇਲ ਮਿਲਿਆ ਚਿਰੀਂ ਵਿਛੁੰਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸੱਜਣ ਆਪੇ ਚੁਣਿਆ। ਗੁਰਸਿਖ ਸੱਜਣ ਤੇਰਾ ਸਚ ਮੁਨਾਰਾ, ਹਰਿ ਸਾਚੀ ਜੋਤ ਜਗਾਈਆ। ਨਿਰਮਲ ਦੀਪਕ ਕਰ ਉਜਿਆਰਾ, ਏਕਾ ਮੰਦਰ ਰਿਹਾ ਸੁਹਾਈਆ। ਆਪੇ ਵੇਖੇ ਵੇਖਣਹਾਰਾ ਬੈਠ ਨਿਆਰਾ, ਨਿਰਗੁਣ ਨੂਰ ਬੇਪਰਵਾਹੀਆ। ਸਾਚੇ ਘਰ ਮੰਗਲਾਚਾਰਾ, ਆਪਣਾ ਮੰਗਲ ਆਪੇ ਗਾਈਆ। ਸਾਚੀ ਸਖੀਆਂ ਮੀਤ ਮੁਰਾਰਾ, ਸਾਖਿਆਤ ਨਜ਼ਰੀ ਆਈਆ। ਸ਼ਬਦ ਅਨਾਦ ਸੱਚੀ ਧੁਨਕਾਰਾ, ਅਨਹਦ ਤਾਲ ਵਜਾਈਆ। ਨੇਤਰ ਦਰਸ਼ਨ ਕਵਲ ਨੈਣ ਨਿਰੰਕਾਰਾ, ਨਿਝ ਨੇਤਰ ਵੇਖ ਵਖਾਈਆ। ਅੰਮ੍ਰਿਤ ਆਤਮ ਠੰਡੀ ਠਾਰਾ, ਨਿਝਰ ਝਿਰਨਾ ਰਿਹਾ ਝਿਰਾਈਆ। ਗੁਰਮੁਖਾਂ ਲੇਖਾ ਚੁੱਕੇ ਨੌ ਦਵਾਰਾ, ਨੌ ਦਰ ਨਾ ਕੋਈ ਹਲਕਾਈਆ। ਖੋਲ੍ਹਣ ਆਇਆ ਬੰਦ ਕਿਵਾੜਾ, ਸੰਮਤ ਸੋਲਾਂ ਰਾਹ ਤਕਾਈਆ। ਸੰਮਤ ਸਤਾਰਾਂ ਗਿਆਰਾਂ ਹਾੜਾ, ਏਕਾ ਅੱਗੇ ਏਕਾ ਪਿਛੇ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਸੁਨੇਹੜਾ ਇਕ ਸੁਣਾਈਆ । ਸ਼ਬਦ ਸੁਨੇਹੜਾ ਹਰਿ ਮਰਗਿੰਦ ਨਿਰਗੁਣ ਨੂਰ ਅਲਾਹੀਆ। ਗੁਰਮੁਖਾਂ ਮੇਟਣਹਾਰਾ ਚਿੰਦ, ਸਗਲੀ ਚਿੰਤ ਗਵਾਈਆ। ਬਖ਼ਸ਼ੇ ਧਾਰ ਸਾਗਰ ਸਿੰਧ, ਗਹਿਰ ਗੰਭੀਰ ਅਖਵਾਈਆ। ਹਰਿ ਸੰਗਤ ਬਣਾਏ ਸਾਚੀ ਬਿੰਦ, ਸੁੱਤ ਅਨਾਦੀ ਆਪ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੇਲ ਮਿਲਾਈਆ। ਹਾੜ ਗਿਆਰਾਂ ਨੌ ਦਸ ਧਾੜ, ਅਠ ਤੱਤ ਵੇਖ ਵਖਾਇਆ। ਸਤਿ ਪੁਰਖ ਨਿਰੰਜਣ ਸਾਚੀ ਕਾਰ, ਛੇ ਦਰ ਵੇਸ ਵਟਾਇਆ। ਪੰਚਮ ਮੀਤਾ ਹੋ ਤਿਆਰ, ਚੌਥੇ ਪਦ ਦਏ ਮਿਲਾਇਆ। ਤੀਜੇ ਨੇਤਰ ਖੋਲ੍ਹ ਕਿਵਾੜ, ਆਪ ਆਪਣਾ ਦਰਸ ਦਿਖਾਇਆ। ਦੂਈ ਦਵੈਤੀ ਦੇਣੀ ਮਾਰ, ਏਕਾ ਰੰਗ ਰੰਗਾਇਆ । ਇਕ ਅਕੱਲਾ ਏਕੰਕਾਰ, ਨਿਰਗੁਣ ਸਰਗੁਣ ਵੇਸ ਵਟਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਹਕਲੰਕਾ ਨਾਉਂ ਰਖਾਇਆ। ਹਰਿ ਸੰਗਤ ਕਰਿਆ ਸਚ ਪਿਆਰ, ਸਚ ਦਵਾਰਾ ਇਕ ਸੁਹਾਇਆ। ਡੁੱਬਦੇ ਪਾਥਰ ਜਾਏ ਤਾਰ, ਮੂਰਖ ਮੁਗਧ ਅੰਞਾਣ ਲਏ ਬਚਾਇਆ। ਜੋ ਜਨ ਬਣੇ ਦਰ ਭਿਖਾਰ, ਨਾਮ ਝੋਲੀ ਦਏ ਭਰਾਇਆ। ਮੇਲ ਮਿਲਾਏ ਗੁਰ ਕਰਤਾਰ, ਸ਼ਬਦ ਵਿਚੋਲਾ ਵਿਚ ਰਖਾਇਆ। ਸਾਚਾ ਢੋਲਾ ਗਾਏ ਹਰਿ ਸੰਸਾਰ, ਸੋਹੰ ਬੋਲਾ ਆਪ ਜਣਾਇਆ। ਬਣਿਆ ਤੋਲਾ ਗਿਰਵਰ ਗਿਰਧਾਰ, ਨਾਮ ਖੰਡਾ ਹੱਥ ਉਠਾਇਆ। ਬਦਲਿਆ ਚੋਲਾ ਨਾ ਕੋਈ ਪਾਏ ਸਾਰ, ਸੰਮਤ ਸੋਲਾਂ ਰਾਹ ਤਕਾਇਆ। ਗਿਆਰਾਂ ਹਾੜ ਆਪਣੀ ਸੰਗਤ ਆਪੇ ਮਵਲਾ, ਫੁਲ ਫੁਲਵਾੜੀ ਵੇਖ ਵਖਾਇਆ। ਉਲਟਾ ਕਰੇ ਨਾਭ ਕਵਲਾ, ਚਾਰ ਯੁਗ ਜੋ ਉਲਟਾ ਵਖਾਇਆ। ਮੰਗੇ ਮੰਗ ਧਰਨੀ ਧਵਲਾ, ਅੱਗੇ ਨਿਉਂ ਨਿਉਂ ਸੀਸ ਝੁਕਾਇਆ। ਲੇਖਾ ਜਾਣੇ ਸਾਵਲ ਸਵਲਾ, ਮੁਕੰਦ ਮਨੋਹਰ ਲੱਖਮੀ ਨਰਾਇਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਤਿਓਹਾਰ ਕਰ ਵਿਹਾਰ, ਪੰਚਮ ਮਾਰਨਹਾਰਾ ਮਾਰ, ਆਪਣੀ ਕਰਨੀ ਰਿਹਾ ਕਰਾਇਆ। ਸੰਮਤ ਸੋਲਾਂ ਵੀਹ ਸੌ ਗਿਆਰਾਂ ਹਰਿ ਸਾਚੇ ਕਰਮ ਕਮਾਇਆ। ਗੁਰਮੁਖ ਸਾਜਣ ਮੀਤ ਮੁਰਾਰਾ, ਦਰ ਸਾਚੇ ਸਦ ਬਹਾਇਆ। ਨਿਰਗੁਣ ਸਰਗੁਣ ਕਰੇ ਕਾਰਾ, ਕਰਨੀ ਕਰਤਾ ਕਰਦਾ ਆਇਆ। ਏਕਾ ਰੰਗ ਰੰਗਾਏ ਪੁਰਖ ਨਾਰਾ, ਨਾਰੀ ਨਰ ਨਾ ਕੋਈ ਜਣਾਇਆ। ਦੋ ਜਹਾਨਾਂ ਪਾਵੇ ਸਾਰਾ, ਏਥੇ ਓਥੇ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸੁੱਚ ਸੁਹਾਇਆ। ਸਚ ਵਿਹਾਰ ਕਰਨੇ ਯੋਗ, ਆਪਣੀ ਕਿਰਤ ਕਮਾਇੰਦਾ। ਪਹਿਲੋਂ ਕੱਟੇ ਹਉਮੇ ਰੋਗ, ਮਾਇਆ ਮਮਤਾ ਦਰ ਦੁਰਕਾਇੰਦਾ। ਗੁਰਮੁਖਾਂ ਮੇਟੇ ਚਿੰਤਾ ਸੋਗ, ਕਾਮ ਕਰੋਧ ਨੇੜ ਨਾ ਆਇੰਦਾ। ਪਾਰ ਕਰਾਏ ਚੌਦਾਂ ਲੋਕ, ਰਵ ਸਸ ਮੰਡਲ ਮੰਡਪ ਚਰਨਾ ਹੇਠ ਦਬਾਇੰਦਾ। ਸ਼ਬਦ ਸੁਣਾਏ ਇਕ ਸਲੋਕ, ਹੰ ਬ੍ਰਹਮ ਪਾਰਬ੍ਰਹਮ ਸਮਾਇੰਦਾ। ਦੇਵਣਹਾਰਾ ਸਾਚੀ ਮੋਖ, ਆਪ ਆਪਣੇ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮਾਰ ਪੰਚਮ ਖ਼ਵਾਰ, ਪੰਚ ਮੀਤ ਪੰਚ ਧੁੰਨਕਾਰ, ਪੰਚ ਜੈਕਾਰ ਆਪ ਲਗਾਇੰਦਾ। ਪੰਚਮ ਮਾਰੇ ਕਰ ਖ਼ਵਾਰ, ਪੰਚਮ ਵਡ ਵਡਿਆਈਆ। ਪੰਚਮ ਦੇਵੇ ਦਰ ਦੁਰਕਾਰ, ਪੰਚਮ ਸੋਭਾ ਦਰ ਘਰ ਪਾਈਆ। ਪੰਚਮ ਕਰਨ ਹਾਹਾਕਾਰ, ਪੰਚਮ ਮੰਗਲ ਹਰਿ ਹਰਿ ਗਾਈਆ। ਸ਼ਬਦ ਵਿਚੋਲਾ ਬਣ ਕਰਤਾਰ, ਕਲਜੁਗ ਅੰਤਮ ਜੋੜ ਜੁੜਾਈਆ। ਹਾੜ ਗਿਆਰਾਂ ਦਿਵਸ ਵਿਚਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੱਜਣ ਰਿਹਾ ਸਮਝਾਈਆ। ਹਾੜ ਗਿਆਰਾਂ ਸਚ ਤਾਰੀਖ, ਏਕਾ ਵੰਡ ਵੰਡਾਈਆ। ਕਾਹਨਾ ਕ੍ਰਿਸ਼ਨਾ ਰੱਖੇ ਉਡੀਕ, ਏਕਾ ਰਾਹ ਤਕਾਈਆ। ਗੁਰ ਗੋਬਿੰਦ ਕਾਲੇ ਉਤੇ ਖਿਚੀ ਲੀਕ, ਆਪਣਾ ਲੇਖ ਗਿਆ ਲਿਖਾਈਆ। ਪੁਰਖ ਅਕਾਲ ਮੰਗੀ ਭੀਖ, ਪ੍ਰਭ ਭਿਛਿਆ ਝੋਲੀ ਪਾਈਆ। ਕਲਜੁਗ ਤੇਰਾ ਲਹਿਣਾ ਚੁੱਕੇ ਲੱਖ ਚਾਰ ਹਜ਼ਾਰ ਬਤੀਸ, ਪੰਚਮ ਝੋਲੀ ਪਾਈਆ। ਛਤਰ ਝੁੱਲੇ ਪ੍ਰਭ ਸਾਚੇ ਸੀਸ, ਸ਼ਹਿਨਸ਼ਾਹ ਇਕ ਅਖਵਾਈਆ। ਨਾ ਕੋਈ ਕਰੇ ਤੇਰੀ ਰੀਸ, ਜੂਠੀ ਝੂਠੀ ਮੇਟੇ ਲਸ਼ਕਰ ਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਾਰ, ਆਪ ਆਪਣੀ ਕਲ ਵਰਤਾਈਆ। ਕੁਲਵੰਤਾ ਹਰਿ ਭਗਵੰਤਾ, ਅਕਲ ਕਲਾ ਅਖਵਾਇੰਦਾ। ਖੇਲੇ ਖੇਲ ਜੁਗਾ ਜੁਗੰਤਾ, ਆਦਿ ਅੰਤਾ ਵੇਸ ਵਟਾਇੰਦਾ। ਗੁਰਮੁਖਾਂ ਉਠਾਏ ਸਾਚੇ ਸੰਤਾਂ, ਭਗਤਾਂ ਮੇਲ ਮਿਲਾਇੰਦਾ। ਸਤਿਜੁਗ ਬਣਾਏ ਸਾਚੀ ਬਣਤਾ, ਸਾਚਾ ਸਗਨ ਮਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੇਹਰਾ ਸੀਸ ਦਸਤਾਰ, ਆਪਣੀ ਹੱਥੀਂ ਆਪ ਬਨਾਇੰਦਾ। ਸਚ ਦਸਤਾਰ ਸੀਸ ਤਾਜ, ਗੁਰ ਸਤਿਗੁਰ ਹੱਥ ਵਡਿਆਈਆ। ਦੋ ਜਹਾਨਾਂ ਸਾਚਾ ਰਾਜ, ਗੁਰ ਚਰਨ ਸੱਚੀ ਸਰਨਾਈਆ। ਆਪ ਉਠਾਏ ਮਾਰੇ ਵਾਜ, ਸੁਤਿਆਂ ਲਏ ਜਗਾਈਆ। ਦਿਵਸ ਰੈਣ ਰਿਹਾ ਭਾਜ, ਔਂਦਾ ਜਾਂਦਾ ਦਿਸ ਨਾ ਆਈਆ। ਸੰਮਤ ਸੋਲਾਂ ਰਚਿਆ ਕਾਜ, ਹਾੜ ਗਿਆਰਾਂ ਸਾਹ ਸੁਧਾਈਆ। ਹਰਿ ਸੰਗਤ ਚੜ੍ਹਾਏ ਸਚ ਜਹਾਜ, ਨਾਮ ਚੱਪੂ ਏਕਾ ਲਾਈਆ। ਵੇਲੇ ਅੰਤਮ ਰੱਖੇ ਲਾਜ, ਹਾੜ ਸਤਾਰਾਂ ਲੇਖਾ ਦਏ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਰਤ ਸ਼ਬਦ ਮੇਲ ਮਿਲਾਈਆ। ਸੁਰਤ ਸ਼ਬਦ ਮੇਲ ਮਿਲੌਣਾ, ਮਿਲਣੀ ਹਰਿ ਕਰਾਇੰਦਾ। ਕੁੜਮ ਕੁੜਮਾਈ ਸਾਚੀ ਔਣਾ, ਘਰ ਸਾਚਾ ਵੇਖ ਵਖਾਇੰਦਾ। ਧੀ ਜਵਾਈ ਇਕ ਬਣੌਣਾ, ਏਕਾ ਵੇਸ ਵਟਾਇੰਦਾ। ਏਕਾ ਸੇਜੇ ਆਪ ਸੁਹੌਣਾ, ਦੂਜਾ ਦਰ ਨਾ ਕੋਈ ਬਣਾਇੰਦਾ। ਏਕਾ ਬਸਤਰ ਕਾਇਆ ਚੋਲੀ ਰੰਗ ਰੰਗੌਣਾ, ਰੰਗ ਮਜੀਠੀ ਇਕ ਰੰਗਾਇੰਦਾ। ਹਰਿ ਸੰਗਤ ਤੇਰਾ ਪੰਧ ਮੁਕੌਣਾ, ਤੇਰੀ ਡੋਲੀ ਆਪਣੇ ਕੰਧ ਉਠਾਇੰਦਾ। ਜਗਤ ਕਹਾਰ ਆਪ ਅਖਵੌਣਾ, ਦੋ ਜਹਾਨਾਂ ਪੰਧ ਮੁਕਾਇੰਦਾ। ਦਰਗਹਿ ਸਾਚੀ ਸੱਚਾ ਧਾਮ ਸੁਹੌਣਾ, ਸੁਹਾਇੰਦਾ। ਦਰ ਦਰਵਾਜ਼ਾ ਆਪ ਖੁਲ੍ਹੌਣਾ, ਆਪਣਾ ਹੁਕਮ ਸੁਣਾਇੰਦਾ। ਗੁਰਮੁਖਾਂ ਸਾਚੇ ਧਾਮ ਬਹੌਣਾ, ਆਪ ਆਪਣੀ ਸੇਵ ਕਮਾਇੰਦਾ। ਜਗਤ ਸੁੱਤ ਫੇਰ ਬਹੌਣਾ, ਪੂਰਨ ਇਛਿਆ ਪੂਰਨ ਪੂਰੀ ਆਪ ਕਰਾਇੰਦਾ। ਪਿਛਲਾ ਵੇਲਾ ਆਪ ਸੁਹਾਵਣਾ, ਚੌਥੇ ਚੌਥੇ ਧਾਰ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚਾ ਵਰ, ਸੋਲਾਂ ਸੋਲਾਂ ਵੇਖ ਵਖਾਇੰਦਾ। ਸੰਮਤ ਸੋਲਾਂ ਚੜ੍ਹਿਆ ਚਾ, ਤ੍ਰੈਲੋਕ ਵਜੀ ਵਧਾਈਆ। ਪੁਰੀਆਂ ਲੋਆਂ ਰਹੇ ਗਾ, ਮੰਗਲਾਚਾਰ ਹਰ ਘਟ ਥਾਈਂਆ। ਸਾਧ ਸੰਤ ਨੇਤਰ ਰਹੇ ਉਠਾ, ਰਾਹ ਤੱਕਣ ਸਾਚੇ ਮਾਹੀਆ। ਮਨਮੁਖ ਜੀਵ ਰਹੇ ਕੁਰਲਾ, ਕਲਜੁਗ ਅਗਨੀ ਏਕਾ ਲਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਵੇਖਣਹਾਰਾ ਥਾਉਂ ਥਾਈਂਆ। ਅੰਤਮ ਪਰਗਟ ਹੋਇਆ ਜਗਤ ਮਲਾਹ, ਨਿਹਕਲੰਕਾ ਨਾਉਂ ਰਖਾਈਆ। ਕਰਨ ਆਇਆ ਸਚ ਨਿਆਂ, ਏਕਾ ਤੋਲਾ ਤੋਲ ਤੁਲਾਈਆ। ਲਹਿਣਾ ਚੁਕੇ ਪੁਤਰਾਂ ਮਾਂ, ਭੈਣ ਭਾਈ ਨਾ ਵੰਡ ਵੰਡਾਈਆ। ਅਡ ਅਡ ਕਰੇ ਹੰਸ ਕਾਂ, ਕਾਗ ਹੰਸ ਵੇਖ ਵਖਾਈਆ। ਜਿਸ ਜਨ ਜਪਾਏ ਆਪਣਾ ਨਾਂ, ਆਪ ਆਪਣੇ ਵਿਚ ਮਿਲਾਈਆ। ਨਿਥਾਵਿਆਂ ਦੇਵੇ ਸੱਚਾ ਥਾਂ, ਗ਼ਰੀਬ ਨਿਮਾਣੇ ਗਲੇ ਲਗਾਈਆ। ਆਪੇ ਪਿਤਾ ਆਪੇ ਮਾਂ, ਗੁਰਮੁਖ ਬਾਲ ਅੰਞਾਣੇ ਗੋਦ ਉਠਾਈਆ। ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਸਚ ਵਿਆਹ, ਘਰ ਸਾਚੇ ਹੋਏ ਕੁੜਮਾਈਆ। ਘਰ ਵਿਆਹ ਘਰ ਸੱਚਾ ਪਾਇਆ, ਘਰ ਮੰਦਰ ਸੋਭਾਵੰਤ। ਸਾਚਾ ਸਚ ਨਜ਼ਰੀ ਆਇਆ, ਧੰਨ ਸੋਭਾਗਣ ਸੋਭਾਵੰਤੀ ਮਿਲਿਆ ਹਰਿ ਹਰਿ ਕੰਤ। ਨਾ ਮਰੇ ਨਾ ਕਦੇ ਜਾਇਆ, ਆਦਿ ਜੁਗਾਦਿ ਮਹਿਮਾ ਅਗਣਤ। ਫੜ ਨਿਮਾਣੀ ਗਲੇ ਲਗਾਇਆ, ਇਕ ਸੁਣਾਇਆ ਸੁਹਾਗੀ ਛੰਤ। ਅੰਗੀਕਾਰ ਅੰਗ ਕਰਾਇਆ, ਬਣਾਈ ਸਾਚੀ ਬਣਤ। ਸਾਚਾ ਰੰਗਣ ਰੰਗ ਰੰਗਾਇਆ, ਉਤਰ ਨਾ ਜਾਏ ਆਦਿ ਅੰਤ। ਹਰਿ ਸੱਜਣ ਨਾਮ ਮਹਿਕਾਇਆ। ਪਿਰ ਪਾਇਆ ਧਨ ਹਰਿ ਭਗਵੰਤ। ਸਾਚੀ ਹਾੜੀ ਖ਼ੁਸ਼ੀ ਮਨਾਇਆ, ਲੇਖਾ ਚੁੱਕੇ ਜੀਵ ਜੰਤ। ਕਲਜੁਗ ਅੰਤਮ ਨੇੜੇ ਆਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਾਂ ਦੇਵੇ ਸੀਸ ਤਾਜ, ਆਪ ਆਪਣੀ ਦਏ ਵਡਿਆਇਆ। ਗੁਰਸਿਖ ਤੇਰੀ ਵਡ ਵਡਿਆਈ, ਗੁਰ ਸਤਿਗੁਰ ਤੇਰੀ ਸੇਵ ਕਮਾਈਆ। ਹਰਿਜਨ ਤੇਰੀ ਵਡ ਵਡਿਆਈ, ਹਰਿ ਹਰਿ ਦਰ ਤੇਰੇ ਵੇਸ ਵਟਾਈਆ। ਹਰਿ ਸੰਗਤ ਤੇਰੀ ਵਡ ਵਡਿਆਈ, ਤੇਰੀ ਭਗਤੀ ਹਰਿ ਕਮਾਈਆ। ਹਰਿ ਸੰਗਤ ਤੇਰੀ ਵਡਿਆਈ, ਹਰਿ ਤੱਕੀ ਤੇਰੀ ਸਰਨਾਈਆ। ਬਿਨ ਤੇਰੇ ਪਰਗਟ ਹੋਏ ਨਾ ਕਿਸੇ ਥਾਈਂ, ਸਾਧ ਸੰਤ ਰਹੇ ਧੂਣੀਆਂ ਤਾਈਆ। ਸੰਤ ਸੁਹੇਲੇ ਭੁਜਾਂ ਬਾਂਹੀ, ਗੁਰਸਿਖ ਆਪਣੇ ਬਲ ਰਖਾਈਆ। ਆਪਣੀ ਕਾਇਆ ਜਗਤ ਵਿਹਾਰ ਹਰਿ ਸੰਗਤ ਤੇਰੇ ਚਰਨਾਂ ਹੇਠ ਵਛਾਈ, ਤੇਰੀ ਧੂੜੀ ਰਹੇ ਸੀਸ ਜਗਦੀਸ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤੇਰਾ ਪਿਆਰ ਅੰਮ੍ਰਿਤ ਧਾਰ, ਨੇਤਰ ਨੀਰ ਛਹਿਬਰ ਲਾਈਆ। ਹਰਿ ਸੰਗਤ ਤੇਰਾ ਸਚ ਪਿਆਰ, ਸਤਿਗੁਰ ਪੂਰਾ ਇਕ ਵਖਾਨਿਆ। ਲੱਖ ਚੁਰਾਸੀ ਝੱਖ ਰਹੀ ਮਾਰ, ਰੂਪ ਅਨੂਪ ਸ਼ਾਹੋ ਭੂਪ ਦਰ ਦਰਵੇਸ਼ ਨਾ ਕਿਸੇ ਦਰਸਾਨਿਆ। ਮਾਨਸ ਮਾਨੁਖ ਗਏ ਹਾਰ, ਆਤਮ ਬ੍ਰਹਮ ਨਾ ਕੋਇ ਵਖਾਨਿਆ। ਤੀਰ ਨਿਰਾਲਾ ਮਾਰੇ ਬਾਣ, ਅਣਿਆਲਾ ਤੀਰ ਨਾ ਕੋਇ ਚਲਾਨਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਤੇਰਾ ਸਾਚਾ ਘਰ, ਕਲਜੁਗ ਅੰਤਮ ਕਰੇ ਪਰਵਾਨਿਆ। ਸੰਗਤ ਤੇਰਾ ਸਚ ਦਵਾਰ, ਹਰਿ ਸਾਚੇ ਆਪ ਪਰਨਾਇਆ। ਗੋਬਿੰਦ ਲੇਖਾ ਲਿਖ ਅਪਾਰ, ਸੰਬਲ ਨਾਉਂ ਧਰਾਇਆ। ਵੇਦ ਵਿਆਸਾ ਕਰ ਵਿਚਾਰ, ਪੂਤ ਸਪੂਤ ਬ੍ਰਹਿਮਣ ਗੌੜ ਰਾਹ ਤਕਾਇਆ। ਹਰਿ ਕਾ ਖੇਲ ਅਗੰਮ ਅਪਾਰ, ਜੁਗ ਜੁਗ ਆਪਣਾ ਕਰਦਾ ਆਇਆ। ਵੇਲੇ ਅੰਤਮ ਲਏ ਅਵਤਾਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸਾਢੇ ਤਿੰਨ ਹੱਥ ਮੰਦਰ ਵਿਚ ਅਪਾਰ, ਘਰ ਸਾਚੇ ਡੇਰਾ ਲਾਇਆ। ਆਪੇ ਖੇਲੇ ਖੇਲਣਹਾਰ, ਖੇਲ ਖਿਲੰਤਾ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸਗਨ ਆਪ ਮਨਾਇਆ। ਇਕ ਅਕੱਲਾ ਏਕੰਕਾਰ, ਹਰੀ ਹਰਿ ਆਪ ਅਖਵਾਇੰਦਾ। ਛੇ ਦਰ ਪਾਵਣਹਾਰਾ ਸਾਰ, ਦਰ ਦਰਵੇਸ਼ ਵੇਸ ਵਟਾਇੰਦਾ। ਬੀਸ ਬੀਸਾ ਖ਼ਬਰਦਾਰ, ਬਲਧਾਰੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸਿਖਿਆ ਇਕ ਸਮਝਾਇੰਦਾ। ਪੰਚ ਪਿਆਰ ਪੰਚ ਪਰਧਾਨ, ਪੰਚਮ ਵਡ ਵਡਿਆਈਆ। ਪੰਚਮ ਸ਼ਬਦ ਪੰਚ ਨਿਸ਼ਾਨ, ਪੰਚ ਰਿਹਾ ਝੁਲਾਈਆ। ਪੰਚਮ ਨਾਮ ਪੰਚਮ ਗਿਆਨ, ਪੰਚਮ ਰਿਹਾ ਦ੍ਰਿੜਾਈਆ। ਪੰਚਮ ਧੂੜ ਪੰਚਮ ਅਸ਼ਨਾਨ, ਪੰਚਮ ਪੰਚਮ ਰਹੇ ਕਰਾਈਆ । ਪੰਚਮ ਮਾਣ ਪੰਚਮ ਅਭਿਮਾਨ, ਪੰਚ ਪੰਚਾਂ ਵੇਖ ਵਖਾਈਆ। ਪੰਚ ਚਿੱਲਾ ਪੰਚ ਤੀਰ ਕਮਾਨ, ਪੰਚ ਖੰਡਾ ਨਾਮ ਵਖਾਈਆ। ਪੰਚ ਜੋਧਾ ਸੂਰ ਬਲੀ ਬਲਵਾਨ, ਬਲ ਧਾਰੀ ਆਪ ਹੋ ਜਾਈਆ। ਪੰਚ ਖੇਲੇ ਦੋ ਜਹਾਨ, ਪੰਚ ਲੋਕਮਾਤ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਮੇਲਾ ਸਹਿਜ ਸੁਭਾਈਆ। ਪੰਚਮ ਪਾਇਆ ਹਰਿ ਗੁਰ ਮੀਤਾ, ਘਰ ਸੱਜਣ ਵਡ ਵਡਿਆਈਆ। ਬੈਠਾ ਰਹੇ ਇਕ ਅਤੀਤਾ, ਆਪ ਆਪਣੀ ਕਲ ਵਰਤਾਈਆ। ਆਪ ਚਲਾਈ ਸਾਚੀ ਰੀਤਾ, ਜੁਗ ਜੁਗ ਵੇਸ ਵਟਾਈਆ। ਆਪੇ ਠੰਡਾ ਆਪੇ ਸੀਤਾ, ਸਾਂਤਕ ਸਤਿ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਰੇ ਆਪ ਪੜ੍ਹਾਈਆ। ਪੰਚਮ ਦੇਵੇ ਧੁਰ ਫ਼ਰਮਾਣਾ, ਧੁਨ ਆਤਮਕ ਆਪ ਸੁਣਾਈਆ। ਸ਼ਬਦ ਅਨਾਦੀ ਸਾਚਾ ਗਾਣਾ, ਆਪੇ ਆਪ ਅਲਾਈਆ। ਮੇਲ ਮਿਲਾਇਆ ਸ਼ਾਹ ਸੁਲਤਾਨਾ, ਤਖ਼ਤ ਤਾਜ ਇਕ ਵਖਾਈਆ। ਗੁਰਸਿਖ ਰਹਿਣਾ ਅੰਦਰ ਭਾਣਾ, ਹਰਿ ਭਾਣੇ ਵਡ ਵਡਿਆਈਆ। ਤਖ਼ਤੋ ਲਾਹੇ ਰਾਜਾ ਰਾਣਾ, ਸੀਸ ਤਾਜ ਨਾ ਕੋਈ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਰਿਹਾ ਸੁਣਾਈਆ। ਹਾੜ ਗਿਆਰਾਂ ਦਿਵਸ ਸੁਹਾਵਣਾ, ਪੰਚਮ ਦਏ ਵਡਿਆਈਆ। ਸਾਚਾ ਤਾਜ ਸੀਸ ਟਿਕਾਵਣਾ, ਸ਼ਾਹ ਸੁਲਤਾਨਾ ਖਾਕ ਮਿਲਾਈਆ। ਜਗਤ ਰਾਜਾਨਾ ਆਪ ਉਠਾਵਣਾ, ਘਰ ਘਰ ਅਗਨੀ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਚਰਜ ਰਚਨਾ ਆਪ ਰਚਾਈਆ। ਗੁਰਸਿਖਾਂ ਦੇਵੇ ਵਡ ਭੰਡਾਰ, ਮਨਮੁਖਾਂ ਕਰੇ ਹਲਕਾਇਆ। ਗੁਰਮੁਖਾਂ ਬੰਨੇ ਸੀਸ ਦਸਤਾਰਾ, ਆਪ ਆਪਣੀ ਸੇਵ ਕਮਾਇਆ। ਜਗਤ ਸ਼ਾਹੀ ਦਏ ਹੁਲਾਰ, ਚਾਰੋਂ ਕੁੰਟ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਿਵਸ ਰੈਣ ਏਕਾ ਨੈਣ, ਆਪਣਾ ਦਰਸ ਦਏ ਵਖਾਇਆ। ਪੰਚ ਪਿਆਰੇ ਰਹਿਣਾ ਤਿਆਰ, ਵੇਲਾ ਅੰਤਮ ਆਇੰਦਾ। ਘਰ ਫੜਨ ਆਏ ਸਰਕਾਰ, ਸਾਚਾ ਸਗਨ ਮਨਾਇੰਦਾ। ਹੱਥਕੜੀ ਲਵੌਣੀ ਕਰ ਪਿਆਰ, ਜਗਤ ਬੰਧਨ ਆਪ ਤੁੜਾਇੰਦਾ। ਅੱਗੇ ਚਲੇ ਸ਼ਾਹ ਅਸਵਾਰ, ਆਪ ਆਪਣਾ ਕਦਮ ਉਠਾਇੰਦਾ। ਸੋਹੰ ਜੈਕਾਰਾ ਨਾਅਰਾ ਲਾਏ ਵਿਚ ਸੰਸਾਰ, ਅਦਲੀ ਅਦਲ ਕਮਾਇੰਦਾ । ਬੰਦੀਖਾਨੇ ਕੋਈ ਨਾ ਸਕੇ ਵਾੜ, ਵਾੜ ਗੜ੍ਹ ਹੰਕਾਰ ਆਪ ਤੁੜਾਇੰਦਾ। ਪੰਚਮ ਮੀਤਾ ਪੰਚਮ ਪਹਿਲਾ ਕਰੇ ਤਿਆਰ, ਆਪ ਆਪਣੇ ਲੜ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਾਲੀ ਹਿੰਦ ਆਪ ਉਠਾਇੰਦਾ। ਵਾਲੀ ਹਿੰਦ ਉਠਿਆ ਜਾਗ, ਹਰਿ ਸਾਚੇ ਜੋਤ ਜਗਾਈਆ। ਸ੍ਰਿਸ਼ਟ ਸਬਾਈ ਲੋਕਮਾਤ ਨੌ ਖੰਡ ਬੁਝਣਾ ਚਿਰਾਗ, ਦੀਵਾ ਬੱਤੀ ਨਾ ਕੋਈ ਜਲਾਈਆ। ਉਚੇ ਮੰਦਰ ਉਡਨੇ ਕਾਗ, ਹਰਿ ਸਾਚਾ ਦਏ ਉਡਾਈਆ। ਬਿਨ ਸਿੰਘ ਪੂਰੇ ਕਿਸੇ ਨਾ ਪਕੜੇ ਵਾਗ, ਪਿਛਲਾ ਲੇਖਾ ਦਏ ਸਮਝਾਈਆ। ਅੱਸੂ ਤਿੰਨ ਰੱਖਣਾ ਯਾਦ, ਵੀਹ ਸੌ ਤੇਰਾਂ ਬਿਕ੍ਰਮੀ ਦਏ ਗਵਾਹੀਆ। ਰਾਜ ਮੰਤਰੀ ਨਾ ਸੁਣੇ ਕੋਈ ਫ਼ਰਯਾਦ, ਨਾ ਦਿਸੇ ਕੋਈ ਸਹਾਈਆ । ਪ੍ਰਭ ਕਾ ਖੇਲ ਆਦਿ ਜੁਗਾਦਿ, ਜੁਗ ਜੁਗ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਾੜ ਗਿਆਰਾਂ ਕਰ ਪਿਆਰ ਪੰਚ ਜਣਾਈਆ। ਨਾ ਕੋਈ ਮੰਦਰ ਨਾ ਮਸੀਤਾ, ਗੁਰ ਗੁਰਮੁਖ ਤੇਰੀ ਕਾਇਆ ਗੁਰਦਵਾਰ ਇਕ ਬਣਾਇਆ। ਗੁਰਸਿਖ ਤੇਰਾ ਕਾਇਆ ਹੱਟ, ਹਰਿ ਸਾਚੇ ਆਪ ਖੁਲ੍ਹਾਇਆ। ਜੋਤੀ ਜਗੇ ਲਟ ਲਟ, ਦਿਵਸ ਰੈਣ ਡਗਮਗਾਇਆ। ਦੁਰਮਤ ਮੈਲ ਦੇਵੇ ਕੱਟ, ਅੰਮ੍ਰਿਤ ਆਤਮ ਜਾਮ ਪਿਆਇਆ। ਇਕ ਵਖਾਏ ਤੀਰਥ ਤਟ, ਅਠਸਠ ਨਹਾਵਣ ਕੋਈ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਗੋਬਿੰਦ ਪਾਇਆ ਗਹਿਣਾ, ਕਲਜੁਗ ਅੰਤਮ ਭਾਣਾ ਸਹਿਣਾ, ਸਿੰਘ ਬਿਸ਼ਨ ਤੇਰੀ ਵਡਿਆਈਆ। ਭਾਣਾ ਸਹਿਣਾ ਹਰਿ ਆਪ ਸਹਾਈ, ਅੱਠੇ ਪਹਿਰ ਨਜ਼ਰੀ ਆਈਆ। ਇਕ ਛਿਨ ਵਿਛੜ ਨਾ ਜਾਈ, ਲੜ ਫੜਿਆ ਬੇਪਰਵਾਹੀਆ। ਘਰ ਮੰਗਲ ਗੌਣਾ ਚਾਈਂ ਚਾਈਂ, ਚੜ੍ਹਿਆ ਚੰਨ ਸ੍ਰਿਸ਼ਟ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਪ੍ਰੀਤ ਸਾਚੀ ਰੀਤ, ਬਿਪਰ ਸੁਦਾਮਾ ਨੇਹ ਨਿਹਕਾਮਾ, ਨਿਹਕਰਮੀ ਆਪ ਕਮਾਈਆ। ਬਿਪਰ ਸੁਦਾਮਾ ਜਗਤ ਪ੍ਰੀਤ, ਬਾਲ ਬਾਲਾ ਮੇਲ ਮਿਲਾਇਆ। ਆਪੇ ਪਤਿਤ ਆਪ ਪੁਨੀਤ, ਆਪੇ ਪਾਪੀ ਲਏ ਤਰਾਇਆ । ਆਪੇ ਹਸਤ ਆਪੇ ਕੀਟ, ਆਪ ਆਪਣੇ ਵਿਚ ਸਮਾਇਆ। ਆਪੇ ਵਸਣਹਾਰਾ ਚੀਤ, ਚਿਤ ਵਿਤ ਠਗੌਰੀ ਆਪੇ ਪਾਇਆ। ਆਪੇ ਗਾਏ ਸੁਹਾਗੀ ਗੀਤ, ਆਪੇ ਬੈਠਾ ਮੁਖ ਭਵਾਇਆ। ਆਪੇ ਪਰਖਣਹਾਰਾ ਨੀਤ, ਜੁਗ ਜੁਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਪ੍ਰੀਤਮ ਪ੍ਰੀਤੀ ਵੇਖ ਵਖਾ, ਸਿੰਘ ਪ੍ਰੀਤਮ ਤੇਰੀ ਪ੍ਰੀਤੀ ਪਾਲ, ਪਰਮ ਪੁਰਖ ਸੰਗ ਨਿਭਾਇਆ। ਸਤਿਗੁਰ ਪੂਰਾ ਦੀਨ ਦਿਆਲ, ਕਲਜੁਗ ਸਾਗਰ ਲਏ ਤਰਾਇਆ। ਫਲ ਲਗਾਏ ਸਾਚੇ ਡਾਲ੍ਹ, ਫਲ ਫੁਲਵਾੜੀ ਵੇਖ ਵਖਾਇਆ। ਉਤੇ ਦੇਵੇ ਨਾਮ ਰੁਮਾਲ, ਸੀਸ ਦਸਤਾਰ ਇਕ ਬੰਧਾਇਆ। ਚਰਨ ਭਿਖਾਰ ਕਰਾਏ ਕਾਲ ਮਹਾਂਕਾਲ, ਸਚਖੰਡ ਦਵਾਰਾ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਲੇਖਾ ਰਿਹਾ ਲਿਖਾਇਆ। ਲੇਖਾ ਲਿਖਣਹਾਰ ਨਿਰੰਜਣ, ਆਦਿ ਪੁਰਖ ਅਬਿਨਾਸਿਆ। ਆਪੇ ਗੰਗਾ ਗੋਦਾਵਰੀ ਕਰੇ ਮਜਨ, ਆਪੇ ਬਨਾਰਸ ਥੇਟਾ ਪਾਵੇ ਰਾਸਿਆ। ਆਪੇ ਹੋਇਆ ਪੜਦੇ ਕੱਜਣ, ਆਪੇ ਕਸੀਰਾ ਹੱਥ ਵਟਾਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਖੇਲੇ ਖੇਲ ਤਮਾਸਿਆ। ਤੇਰਾ ਕਸੀਰਾ ਕੌਡੀ ਮੁੱਲ, ਕਰਤਾ ਕੀਮਤ ਆਪੇ ਪਾਇੰਦਾ। ਢੋਰੂ ਢੇਰ ਗਿਆ ਤੁਲ, ਨਾੜੀ ਚਮੜਾ ਵੇਚ ਵਟਾਇੰਦਾ। ਸਚ ਭੰਡਾਰਾ ਗਿਆ ਖੁੱਲ੍ਹ, ਹਰਿ ਸਾਚਾ ਵੇਖ ਵਖਾਇੰਦਾ। ਗੰਗਾ ਧਾਰਾ ਅੰਮ੍ਰਿਤ ਧਾਰ ਉਪਜਿਆ ਕਵਲ ਫੁਲ, ਫਲ ਫੁਲਵਾੜੀ ਆਪ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਲਹਿਣਾ ਪੂਰ ਕਰਾਇੰਦਾ। ਰਵਦਾਸ ਰਵੀਦਾਸ, ਰਵ ਸਸ ਕਰੇ ਰੁਸ਼ਨਾਈਆ। ਸਤਿਗੁਰ ਪੂਰਾ ਕਦੇ ਨਾ ਕਰੇ ਨਿਰਾਸ, ਸਵਾਸ ਸਵਾਸ ਜੋ ਰਹੇ ਧਿਆਈਆ। ਸਾਚੇ ਮੰਡਲ ਪਾਵੇ ਰਾਸ, ਗੋਪੀ ਕਾਹਨ ਆਪ ਨਚਾਈਆ। ਆਪੇ ਜਾਣੇ ਲੇਖਾ ਦਸ ਦਸ ਮਾਸ, ਮਾਤ ਗਰਭ ਵੇਖ ਵਖਾਈਆ। ਕਲਜੁਗ ਅੰਤਮ ਪੂਰੀ ਕਰੇ ਆਸ, ਆਪ ਆਪਣੇ ਲੜ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੁਖ ਗੁਰ ਗੁਰ ਮੁਖ ਆਪ ਮਿਲਾਈਆ। ਮੁਖ ਗੁਰ ਗਾਏ ਗੁਰਮੁਖ, ਗੁਰਸਿਖ ਵਡ ਵਡਿਆਈਆ। ਕਲਜੁਗ ਧੂੰਆਂ ਰਿਹਾ ਧੁਖ, ਤੇਰੀ ਹੱਥੀਂ ਲੰਬੂ ਲਾਈਆ। ਜਗਤ ਕੰਗਨ ਨਾ ਸਕੇ ਕੋਈ ਚੁੱਕ, ਪੰਡਤ ਪਾਂਧੇ ਰਹੇ ਸ਼ਰਮਾਈਆ। ਜਿਸ ਦਰਸ਼ਨ ਪਾਇਆ ਨੇਤਰ ਝੁਕ, ਚਰਨ ਦਵਾਰਾ ਨਜ਼ਰੀ ਆਈਆ। ਪਰਗਟ ਹੋਏ ਜੋ ਬੈਠਾ ਲੁਕ, ਸਵੱਛ ਸਰੂਪੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਦਿਤਾ ਗੁਰਮੁਖ ਵਰ, ਗੁਰ ਗੁਰਮੁਖ ਵੱਜੀ ਵਧਾਈਆ। ਗੁਰਮੁਖ ਹਰਿ ਦਰ ਸੱਚਾ ਪਾਇਆ, ਘਰ ਸਾਚੇ ਸੱਚਾ ਢੋਆ। ਸਤਿਗੁਰ ਪੂਰਾ ਨਜ਼ਰੀ ਆਇਆ, ਭੌ ਚੁਕਿਆ ਏਕਾ ਦੂਆ। ਦਇਆ ਦ੍ਰਿਸ਼ਟੀ ਜਿਸ ਕਮਾਇਆ, ਸੋ ਜਨ ਜਾਗੇ ਸੋਇਆ। ਬਟਵਾਰਾ ਕਰ ਵਿਚਾਰਾ ਬਖ਼ਸ਼ੇ ਧਾਰਾ, ਆਦਿ ਜੁਗਾਦੀ ਨਵਾਂ ਨਰੋਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਜੇਹਾ ਆਪੇ ਹੋਇਆ। ਆਪੇ ਵੱਡਾ ਵਡ ਵਡਿਆਈ, ਭੇਵ ਕੋਇ ਨਾ ਪਾਇੰਦਾ। ਮੂਰਖ ਮੁਗਧ ਲਏ ਤਰਾਈ, ਜਿਸ ਜਨ ਦਇਆ ਕਮਾਇੰਦਾ। ਬਾਲਮੀਕ ਬਟਵਾਰਾ ਬਜਵਾੜਾ ਵੇਖੇ ਥਾਉਂ ਥਾਈਂ, ਤਨ ਖਾਤਾ ਫੋਲ ਫੁਲਾਇੰਦਾ। ਕਲਜੁਗ ਮੇਲਾ ਸਹਿਜ ਸਭਾਈ, ਪਿਛਲੀ ਰੀਤ ਨੀਤ ਨਾ ਆਪ ਭੁਲਾਇੰਦਾ। ਮਿਲਿਆ ਮੇਲ ਚਾਈਂ ਚਾਈਂ, ਗੀਤ ਸੁਹਾਗੀ ਏਕਾ ਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਗਿਆਨ ਇਕ ਧਿਆਨ ਹਰਿ ਭਗਵਾਨ ਦਰ ਆਪਣਾ ਆਪ ਸੁਹਾਇੰਦਾ। ਅੱਠੇ ਪਹਿਰ ਦਿਵਸ ਰਾਤ, ਇਕ ਪਰਭਾਤ ਏਕਾ ਰੰਗ ਰੰਗਾਇਆ। ਉਤਮ ਹੋਈ ਲੋਕਮਾਤ ਜ਼ਾਤ, ਜ਼ਾਤ ਅਜ਼ਾਤੀ ਮੇਟ ਮਿਟਾਇਆ। ਅੰਮ੍ਰਿਤ ਪੀਤਾ ਬੂੰਦ ਸਵਾਂਤ, ਨਿਝਰ ਝਿਰਨਾ ਇਕ ਝਿਰਾਇਆ। ਗਾਇਆ ਸ਼ਬਦ ਅਨਾਦੀ ਇਕ ਅਕਾਂਤ, ਇਕ ਅਕੱਲਾ ਰਿਹਾ ਸੁਣਾਇਆ। ਸਿੰਘ ਪਾਲ ਤੇਰੀ ਪੁੱਛੀ ਵਾਤ, ਪਿਛਲਾ ਪਲਾ ਪੂਰਾ ਰਿਹਾ ਕਰਾਇਆ। ਕਰੇ ਖੇਲ ਬਹੁ ਬਿਧ ਭਾਂਤ, ਬਿਧ ਬਿਧਨਾ ਜੋੜ ਜੁੜਾਇਆ। ਅੰਦਰ ਮੰਦਰ ਮਾਰੇ ਝਾਤ, ਡੂੰਘੀ ਕੰਦਰ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸੇਹਰਾ ਪਹਿਲੀ ਵੇਰਾ, ਆਪਣੀ ਹੱਥੀਂ ਗੁਰਮੁਖ ਸਾਚੇ ਸੀਸ ਬੰਧਾਇਆ। ਸਾਚਾ ਸੇਹਰਾ ਹਰਿ ਨਿਰੰਕਾਰ, ਸਿੰਘ ਇੰਦਰ ਸੀਸ ਬੰਧਾਈਆ। ਨਾਤਾ ਤੁੱਟਾ ਸਰਬ ਸੰਸਾਰ, ਹਰਿ ਚਰਨ ਸੇਵ ਕਮਾਈਆ। ਸਾਚਾ ਵਰ ਕੰਤ ਭਤਾਰ, ਘਰ ਵੱਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਾਰ ਜੁਗਾਂ ਸੱਚਾ ਸਾਥੀ, ਲੇਖਾ ਲਿਖੇ ਨਾ ਕਥਨਾ ਕਾਥੀ, ਜਗਤ ਰਸਨਾ ਰਹੀ ਸ਼ਰਮਾਈਆ। ਜਗਤ ਰਸਨਾ ਭੇਵ ਨਾ ਰਾਏ, ਕਲਮ ਮੁਖ ਭਵਾਇਆ। ਸਤਿਗੁਰ ਪੂਰਾ ਆਦਿ ਜੁਗਾਦਿ ਜੁਗ ਜੁਗ ਜਿਸ ਜਨ ਆਪਣੀ ਨਜ਼ਰੀ ਵੇਖੇ, ਸੋ ਜਨ ਜਨਮ ਮਰਨ ਵਿਚ ਨਾ ਆਇਆ। ਆਪਣਾ ਰੰਗ ਰੰਗਾਏ ਮੂੰਡ ਮੁੰਡਾਏ ਧਾਰੀ ਕੇਸੇ, ਦਸ ਦਸਮੇਸੇ ਵੇਸ ਵਟਾਇਆ। ਰਾਹ ਤੱਕਣ ਬ੍ਰਹਮਾ ਵਿਸ਼ਨ ਮਹੇਸ਼ੇ, ਗਣਪਤ ਗਣੇਸ਼ੇ ਨੈਣ ਉਠਾਇਆ। ਲਏ ਅੰਗੜਾਈ ਬਾਸ਼ਕ ਸੇਜੇ, ਵਿਸ਼ਨੂੰ ਆਪਣਾ ਚਰਨ ਉਠਾਇਆ। ਵਡ ਵਡਿਆਈ ਰਿਖੀ ਕੇਸ਼ੇ, ਗੁਰਸਿਖ ਗਵਰਧਨ ਆਪ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਪੰਚਮ ਦਿਤਾ ਨਾਮ ਵਰ, ਆਪੇ ਵਸਿਆ ਕਾਇਆ ਘਰ, ਘਰ ਸਾਚਾ ਇਕ ਸੁਹਾਇਆ। ਪੰਚਮ ਘੋੜੀ ਚਾੜ੍ਹ, ਹਰਿ ਸ਼ਬਦੀ ਘੋੜ ਚੜ੍ਹਾਇਆ। ਆਦਿ ਸ਼ਕਤੀ ਪਾਣੀ ਰਹੀ ਵਾਰ, ਸਾਚਾ ਮੰਗਲ ਏਕਾ ਗਾਇਆ। ਪੁਰਖ ਅਬਿਨਾਸ਼ੀ ਵੇਖੇ ਹੋ ਤਿਆਰ, ਆਪ ਆਪਣਾ ਦਰ ਸੁਹਾਇਆ। ਜੋਤ ਨਿਰੰਜਣ ਕਰ ਪਿਆਰ, ਵਾਗ ਰਹੀ ਹੱਥ ਉਠਾਇਆ। ਸ਼ਬਦ ਵਿਚੋਲਾ ਫੇਰੇ ਮਾਰੇ ਵਾਰੋ ਵਾਰ, ਦੋ ਜਹਾਨਾਂ ਪੰਧ ਮੁਕਾਇਆ। ਸਾਚੀ ਸਖੀਆਂ ਮੰਗਲਾਚਾਰ, ਵਾਹ ਵਾਹ ਮੰਗਲ ਸੋਹਣਾ ਗਾਇਆ। ਸੋਹੰ ਸ਼ਬਦ ਜੈ ਜੈ ਜੈਕਾਰ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇਆ। ਨਾਤਾ ਤੁੱਟਾ ਸਰਬ ਸੰਸਾਰ, ਘਰ ਕੰਤ ਸੁਹਾਗੀ ਏਕਾ ਪਾਇਆ। ਵੱਜੀ ਵਧਾਈ ਧੁਰ ਦਰਬਾਰ, ਪ੍ਰਭ ਸਾਚੇ ਮੰਗਲ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਚੇ ਸੱਜਣ ਹਰਿ ਸਾਚਾ ਰੰਗਣ ਰੰਗ ਰੰਗਾਇਆ। ਪੰਚ ਪਿਆਰੇ ਰੰਗੇ ਰੰਗ, ਹਰਿ ਹਰਿ ਰੰਗ ਅਮੋਲਾ। ਦਰ ਦਵਾਰੇ ਮੰਗੀ ਮੰਗ, ਰੰਗਿਆ ਕਾਇਆ ਚੋਲਾ । ਸ਼ਬਦ ਅਨਾਦਿ ਵੱਜੇ ਮਰਦੰਗ, ਅਨਹਦ ਸਾਚਾ ਢੋਲਾ। ਸਰ ਸਰੋਵਰ ਆਤਮ ਗੰਗ, ਉਲਟੇ ਨਾਭ ਕਵਲਾ। ਮਾਨਸ ਜਨਮ ਨਾ ਹੋਏ ਭੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਏ ਸਾਰ ਉਪਰ ਧਵਲਾ। ਪੰਚ ਪਿਆਰੇ ਮਿਲਿਆ ਮੇਲ, ਹਰਿ ਸੱਜਣ ਸਤਿਗੁਰ ਪਾਇਆ। ਜਗਤ ਲਿਖਾਰੀ ਭਗਤ ਭਿਖਾਰੀ ਚੜ੍ਹੇ ਤੇਲ, ਸਿੰਘ ਦਰਸ਼ਨ ਵੇਖ ਵਖਾਇਆ। ਪੰਚ ਵਿਕਾਰਾ ਪਾਏ ਨਕੇਲ, ਚਾਰੋਂ ਕੁੰਟ ਰਿਹਾ ਨਚਾਇਆ। ਆਪੇ ਗੁਰੂ ਆਪੇ ਚੇਲ, ਆਪੇ ਲੇਖਾ ਰਿਹਾ ਲਿਖਾਇਆ। ਆਪੇ ਸੱਜਣ ਆਪ ਸੁਹੇਲ, ਸਖਾ ਸਖਾਈ ਆਪ ਬਣ ਜਾਇਆ। ਆਪੇ ਵਸੇ ਰੰਗ ਨਵੇਲ, ਆਪੇ ਸਿੰਘ ਦਰਸ਼ਨ ਅੰਦਰ ਮੰਦਰ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚ ਪਿਆਰੇ ਕਰ ਲਿਖਾਰੀ, ਸਾਚਾ ਸਗਨ ਮਨਾਇਆ। ਪੰਚ ਪਿਆਰੇ ਸ਼ਬਦ ਲਿਖਾਰੀ, ਚਾਰ ਜੁਗ ਵਡਿਆਇੰਦਾ। ਸਤਿਜੁਗ ਤੇਰੀ ਸੱਚੀ ਸਿਕਦਾਰੀ, ਪੰਚਾਂ ਹੱਥ ਫੜਾਇੰਦਾ। ਆਪੇ ਹੋਏ ਪਹਿਰੇਦਾਰੀ, ਆਪਣੀ ਸੇਵ ਕਮਾਇੰਦਾ। ਤੇਰੀ ਕੀਮਤ ਨਾ ਕੋਈ ਪਾਏ ਲੱਖ ਹਜ਼ਾਰੀ, ਸਤਿਗੁਰ ਪੂਰਾ ਆਪੇ ਆਪ ਚੁਕਾਇੰਦਾ। ਗੁਰਸਿਖ ਆਪ ਉਠਾਏ ਵਾਰੋ ਵਾਰੀ, ਇਕੀ ਇਕੀ ਜੋੜ ਜੁੜਾਇੰਦਾ। ਹਾੜ ਸਤਾਰਾਂ ਨਿਉਂ ਨਿਉਂ ਕਰੇ ਨਿਮਸਕਾਰੀ, ਨਿਵਣ ਸੋ ਅੱਖਰ ਏਕਾ ਮਤ ਸਮਝਾਇੰਦਾ। ਤੋੜ ਨਿਭਾਏ ਲੱਗੀ ਯਾਰੀ, ਜੋ ਜਨ ਸੱਥਰ ਯਾਰ ਵਿਛਾਇੰਦਾ। ਗੁਰਸਿਖ ਤੇਰੀ ਸੁਰਤ ਸਵਾਣੀ ਨਾ ਰਹੇ ਕੁਵਾਰੀ, ਗੁਰ ਕਾ ਸ਼ਬਦ ਆਪ ਪਰਨਾਇੰਦਾ। ਮਿਲੇ ਮੇਲ ਸਾਚੀ ਹਾਣੀ, ਘਰ ਸਾਚੇ ਮੇਲ ਮਿਲਾਇੰਦਾ। ਸਾਚੇ ਮੰਦਰ ਸਾਚੀ ਬਾਣੀ, ਆਪਣਾ ਸ਼ਬਦ ਸੁਣਾਇੰਦਾ। ਭੇਵ ਖੁਲਾਏ ਚਾਰੇ ਖਾਣੀ, ਚਾਰੇ ਬਾਣੀ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਗਤ ਦੇਵੇ ਸਾਚੇ ਵਰ, ਜਗਤ ਚੁਕਾਏ ਝੂਠਾ ਡਰ, ਰਾਏ ਧਰਮ ਨੇੜ ਨਾ ਆਇੰਦਾ। ਰਾਏ ਧਰਮ ਤੁਟਾ ਨਾਤਾ, ਸਤਿਗੁਰ ਪੂਰੇ ਆਪ ਤੁੜਾਇਆ। ਦੇਵਣਹਾਰਾ ਸਾਚੀ ਦਾਤਾ, ਏਕਾ ਨਾਮ ਵਸਤ ਝੋਲੀ ਪਾਇਆ। ਹਰਿ ਸੰਗਤ ਤੇਰੀ ਸਚ ਬਰਾਤਾ, ਦਰਗਹਿ ਸਾਚੀ ਦਏ ਚੜ੍ਹਾਇਆ । ਕਲਜੁਗ ਕੂੜਾ ਮਾਰੇ ਠਾਠਾਂ, ਚਾਰੇ ਕੁੰਟ ਸ਼ੋਰ ਮਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਸਾਚਾ ਮੇਲਾ ਆਪ ਕਰਾਇਆ ।
